ਜੇਐੱਨ.1: ਕੋਰੋਨਾਵਾਇਰਸ ਦਾ ਨਵਾਂ ਵੈਰੀਅੰਟ ਕਿੰਨਾ ਖ਼ਤਰਨਾਕ, ਇਹ 5 ਅਹਿਮ ਗੱਲਾਂ ਪਤਾ ਹੋਣੀ ਜ਼ਰੂਰੀ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦਾ ਨਵਾਂ ਵੈਰੀਅੰਟ ਇੱਕ ਵਾਰ ਫ਼ਿਰ ਫ਼ਿਕਰਾਂ ਨੂੰ ਵਧਾ ਰਿਹਾ ਹੈ। ਕੇਰਲ ਵਿੱਚ ਕੋਰੋਨਾਵਾਇਰਸ ਦੇ ਇਸ ਨਵੇਂ ਵੈਰੀਅੰਟ ਜੇਐੱਨ. ਵਨ ਦੇ ਕਈ ਕੇਸ ਆਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਰੋਨਾਵਾਇਰਸ ਦੇ ਨਵੇਂ ਵੈਰੀਅੰਟ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰਨਾਵਾਇਰਸ ਦੇ ਇਸ ਵੈਰੀਅੰਟ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਸੰਗਠਨ ਮੁਤਾਬਕ ਇਹ ਵੈਰੀਅੰਟ ਕਾਫ਼ੀ ਤੇਜ਼ੀ ਨਾਲ ਫੈਲਦਾ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਜੇਐੱਨ.1 ਓਮੀਕਰੋਨ ਸਟਰੇਨ ਦਾ ਸਬ ਵੈਰੀਅੰਟ ਹੈ ਤੇ ਹੁਣ ਤੱਕ ਇਹ ਭਾਰਤ, ਚੀਨ, ਯੂਕੇ ਅਤੇ ਅਮਰੀਕਾ ਵਿੱਚ ਫੈਲ ਚੁੱਕਿਆ ਹੈ।
ਸੰਗਠਨ ਮੁਤਾਬਕ ਲੋਕਾਂ ਨੂੰ ਅਜੇ ਖਤਰਾ ਘੱਟ ਹੈ ਤੇ ਮੌਜੂਦਾ ਵੈਕਸੀਨ ਲੋਕਾਂ ਨੂੰ ਇਸ ਤੋਂ ਬਚਾ ਸਕਦੀਆਂ ਹਨ ਪਰ ਨਾਲ ਹੀ ਵਿਸ਼ਵ ਸਿਹਤ ਸੰਗਠਨ ਚੇਤਾਵਨੀ ਦਿੰਦਾ ਹੈ ਕਿ ਇਸ ਦੇ ਮਾਮਲੇ ਸਰਦੀਆਂ ਵਿੱਚ ਵਧ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਓਮੀਕਰੋਨ ਨਾਲ ਜੁੜੇ ਕਈ ਵੈਰੀਅੰਟ ਬਾਰੇ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਜੇਐੱਨ.1 ਵੈਰੀਅੰਟ ਬਾਰੇ ਜ਼ਿਆਦਾ ਫਿਕਰ ਕਰਨ ਦੀ ਲੋੜ ਇਸ ਕਾਰਨ ਹੈ ਕਿਉਂਕਿ ਇਹ ਤੇਜ਼ੀ ਨਾਲ ਫੈਲ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਹਾਲੇ ਇਸ ਬਾਰੇ ਕੋਈ ਸਬੂਤ ਨਹੀਂ ਹਨ ਕਿ ਕੀ ਇਹ ਵੈਰੀਅੰਟ ਪੁਰਾਣੇ ਵਾਲੇ ਵੈਰੀਅੰਟ ਤੋਂ ਜ਼ਿਆਦਾ ਮਾਰੂ ਹੈ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦੇ ਅਸਰ ਨੂੰ ਸਮਝਣ ਲਈ ਅਜੇ ਹੋਰ ਰਿਸਰਚ ਦੀ ਲੋੜ ਹੈ।

ਤਸਵੀਰ ਸਰੋਤ, Getty Images
ਚੰਡੀਗੜ੍ਹ ਪ੍ਰਸ਼ਾਸਨ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਹਨ, ਉਹ ਇਸ ਤਰ੍ਹਾਂ ਹਨ-
- ਭੀੜਭਾੜ ਵਾਲੀਆਂ ਥਾਵਾਂ ’ਤੇ ਮਾਸਕ ਪਾਇਆ ਜਾਵੇ।
- ਡਾਕਟਰ, ਪੈਰਾਮੈਡਿਕਸ ਅਤੇ ਹੋਰ ਮੈਡੀਕਲ ਵਰਕਰਾਂ ਸਣੇ ਮਰੀਜ਼ ਤੇ ਉਨ੍ਹਾਂ ਨਾਲ ਆਉਣ ਵਾਲ ਲੋਕ ਹੈਲਥ ਕੇਅਰ ਸੈਂਟਰਾਂ ਵਿੱਚ ਮਾਸਕ ਪਾਉਣ।
- ਖੰਘਣ ਅਤੇ ਛਿੱਕਣ ਲੱਗਿਆਂ ਆਪਣੇ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਟੀਸ਼ੂ ਨਾਲ ਢਕੋ।
- ਵਰਤਣ ਤੋਂ ਬਾਅਦ ਟੀਸ਼ੂ ਨੂੰ ਬੰਦ ਢਕਣ ਵਾਲੇ ਕੂੜੇਦਾਨ ਵਿੱਚ ਤੁਰੰਤ ਸੁੱਟੋ।
- ਵਾਰ-ਵਾਰ ਸਾਬਣ, ਪਾਣੀ ਜਾਂ ਐਲਕੋਹਲ ਵਾਲੇ ਹੱਥ ਸਾਫ਼ ਕਰੋ। ਸਾਫ਼ ਨਜ਼ਰ ਆਉਣ 'ਤੇ ਵੀ ਹੱਥ ਧੋਵੋ।
- ਸਾਹ ਦੀ ਬਿਮਾਰੀ ਨਾਲ ਸਬੰਧ ਨਾਲ ਲੋਕਾਂ ਨਾਲ ਸੀਮਤ ਰਾਬਤਾ ਰੱਖੋ।
- ਜੇ ਤੁਸੀਂ, ਬੁਖ਼ਾਰ, ਜ਼ੁਕਾਮ, ਅਤੇ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਕਰ ਰਹੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ।
- ਸ਼ੁਰੂਆਤੀ ਲੱਛਣ ਨਜ਼ਰ ਆਉਣ 'ਤੇ ਟੈਸਟ ਕਰਵਾਉ।
- ਜੇਕਰ ਕੋਈ ਪੌਜ਼ੀਟਿਵ ਆਉਂਦਾ ਹੈ ਤਾਂ ਉਹ ਆਪਣੇ ਆਪ ਨੂੰ 7 ਦਿਨਾਂ ਲਈ ਆਈਸੋਲੇਟ ਕਰੇ। ਵਾਧੂ ਪਰੇਸ਼ਾਨੀ ਆਉਣ 'ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰੋ।
ਇਸ ਤੋਂ ਹਦਾਇਤਾਂ ਵਿੱਚ ਕੁਝ ਗੱਲਾਂ ਨੂੰ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਆਪਣੇ-ਆਪ ਆਪਣਾ ਇਲਾਜ ਨਾਲ ਕਰੋ। ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਹੱਥ ਲਗਾਉਣ ਤੋਂ ਬਚੋ।

1. ਪਹਿਲਾਂ ਟੈਸਟਿੰਗ ਜ਼ਰੂਰੀ ਹੈ
ਸਾਲ 2019 ਵਾਂਗ ਕੇਰਲ ਸੂਬਾ ਇਕ ਵਾਰ ਫਿਰ ਭਾਰਤ ਦੀ ਟੈਸਟਿੰਗ ਲੈਬ ਬਣ ਗਿਆ ਹੈ। ਇਸ ਵਾਰ ਕੇਰਲ ਕੋਰੋਨਾ ਦੇ ਨਵੇਂ ਵੈਰੀਅੰਟ ਨਾਲ ਲੜ ਰਿਹਾ ਹੈ ਜਿਸ ਦਾ ਨਾਂ ਜੇਐੱਨ-1 ਰੱਖਿਆ ਗਿਆ ਹੈ।
ਇਮਰਾਨ ਕੁਰੈਸ਼ੀ ਦੀ ਰਿਪੋਰਟ ਮੁਤਾਬਕ ਕੇਰਲ ਦੇ ਲੋਕਾਂ ਦੇ ਰਵੱਈਏ ਦਾ ਅੰਦਾਜ਼ਾ ਕੋਵਿਡ ਮਾਹਿਰ ਕਮੇਟੀ ਦੇ ਮੈਂਬਰ ਡਾ. ਅਨੀਸ਼ ਟੀਐੱਸ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “100 ਪੌਜ਼ੀਟਿਵ ਮਾਮਲਿਆਂ ਵਿੱਚੋਂ, 50 ਫੀਸਦ ਲੋਕਾਂ ਕੋਈ ਲੱਛਣ ਨਹੀਂ ਨਜ਼ਰ ਆਉਂਦੇ ਹਨ। ਕੁਝ ਕੁ ਮੌਕਿਆਂ 'ਤੇ, ਅਜਿਹੇ ਲੋਕ ਵੀ ਟੈਸਟ ਕਰਵਾ ਰਹੇ ਹਨ, ਜਿਨ੍ਹਾਂ ਦੇ ਅਜਿਹੇ ਰਿਸ਼ਤੇਦਾਰ ਪੌਜ਼ੀਟਿਵ ਮਿਲੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੂਰੋਂ ਮੁਲਾਕਾਤ ਕੀਤੀ ਸੀ।"
"ਲੋਕ ਜਾਗਰੂਕ ਹਨ। ਉਹ ਡਰੇ ਹੋਏ ਹਨ। ਲੋਕ ਨਿੱਜੀ ਜਾਂ ਫਿਰ ਸਰਕਾਰ ਸਿਹਤ ਕੇਂਦਰਾਂ ਵਿੱਚ ਪਹੁੰਚ ਰਹੇ ਹਨ।"
ਡਾ. ਅਨੀਸ਼ ਤਿਰੂਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ ਵਿੱਚ ਕਮਿਊਨਿਟੀ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ ਹਨ।
ਜੇਕਰ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਉੱਥੇ ਵੀ ਟੈਸਟਿੰਗ ਨੂੰ ਲੈ ਕੇ ਕਾਫੀ ਸਾਵਧਾਨੀ ਵਰਤੀ ਜਾਂਦੀ ਹੈ।
ਅਜਿਹੇ ਸਾਰੇ ਕੇਸਾਂ ਨੂੰ ਸ਼ਾਮਲ ਕਰਦੇ ਹੋਏ ਜਿਨ੍ਹਾਂ ਵਿੱਚ ਸਰਜਰੀ ਤੋਂ ਪਹਿਲਾਂ ਟੈਸਟਿੰਗ ਜ਼ਰੂਰੀ ਹੈ ਜਾਂ ਟੈਸਟ ਜੋ ਬੇਤਰਤੀਬੇ ਤੌਰ 'ਤੇ ਕੀਤੇ ਜਾਂਦੇ ਹਨ, 82 ਫੀਸਦ ਟੈਸਟ ਪ੍ਰਾਈਵੇਟ ਸੈਕਟਰ ਵਿੱਚ ਕੀਤੇ ਜਾ ਰਹੇ ਹਨ।
ਇਹ ਦੇਖਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਲਗਭਗ 50 ਫੀਸਦ ਮਾਮਲਿਆਂ ਵਿੱਚ ਨਵੇਂ ਵੈਰੀਅੰਟ ਦੇ ਲੱਛਣ ਦੇਖੇ ਗਏ ਹਨ। ਇਸ ਵੇਰੀਐਂਟ ਨੂੰ 'ਬਹੁਤ ਜ਼ਿਆਦਾ ਛੂਤ ਵਾਲਾ' ਦੱਸਿਆ ਗਿਆ ਹੈ।

ਤਸਵੀਰ ਸਰੋਤ, Getty Images
2. ਨਵਾਂ ਵੈਰੀਅੰਟ ਕਿੰਨਾ ਕੁ ਛੂਤਕਾਰੀ ?
ਮਸ਼ਹੂਰ ਵਾਇਰਲੋਜਿਸਟ ਡਾਕਟਰ ਟੀ ਜੈਕਬ ਜੌਨ ਨੇ ਬੀਬੀਸੀ ਨੂੰ ਦੱਸਿਆ, “ਇਹ ਬਹੁਤ ਘਾਤਕ ਨਹੀਂ ਹੈ ਪਰ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ 40 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ।"
"ਅਸੀਂ ਓਮੀਕ੍ਰੋਨ ਬਾਰੇ ਜਾਣਦੇ ਹਾਂ ਅਤੇ ਇਸ ਲਈ ਇਸ ਬਾਰੇ ਕੋਈ ਬਹੁਤੀ ਹੈਰਾਨੀ ਦੀ ਗੱਲ ਨਹੀਂ ਹੈ। ਇਹ ਛਿੱਕਾਂ ਤੋਂ ਨਿਕਲਣ ਵਾਲੇ ਕਣਾਂ ਰਾਹੀਂ ਹਵਾ ਵਿੱਚ ਫੈਲਦਾ ਹੈ।"
"ਓਮੀਕਰੋਨ ਦੇ ਹੋਰ ਸਬ-ਵੈਰੀਅੰਟਾਂ ਦੇ ਮੁਕਾਬਲੇ ਨੱਕ ਅਤੇ ਗਲ਼ੇ ਵਿੱਚੋਂ ਨਿਕਲਣ ਵਾਲੇ ਤਰਲ ਵਿੱਚ ਵਾਇਰਲ ਲੋਡ ਵੱਧ ਹੁੰਦਾ ਹੈ।"
ਵੇਲੋਰ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੇਲੋਰ ਵਿੱਚ ਮਾਈਕਰੋਬਾਇਓਲੋਜੀ ਦੇ ਪ੍ਰੋਫੈਸਰ ਡਾਕਟਰ ਗਗਨਦੀਪ ਕੰਗ ਨੇ ਬੀਬੀਸੀ ਨੂੰ ਦੱਸਿਆ, “ਇਹ ਇਨਫਲੂਐਂਜ਼ਾ ਤੋਂ ਵੀ ਵੱਧ ਖ਼ਤਰਨਾਕ ਹੈ। ਬਜ਼ੁਰਗਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ।"
"ਜੇਕਰ ਤੁਹਾਨੂੰ ਸਾਹ ਨਾਲ ਜੁੜਿਆ ਇਨਫੈਕਸ਼ਨ ਛੇਤੀ ਫੜ੍ਹ ਲੈਂਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੁਸੀਂ ਇੱਕ ਮਾਸਕ ਪਹਿਨੋ। ਭੀੜ ਵਾਲੇ ਇਲਾਕਿਆਂ ਵਿੱਚ ਨਾ ਜਾਓ ਅਤੇ ਇਸ ਬਾਰੇ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੇ ਹੋ।"
ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ, ਤਿੰਨ 65 ਸਾਲ ਤੋਂ ਵੱਧ ਸਨ।
ਡਾ. ਕੰਗ ਨੇ ਜੋ ਕਿਹਾ, ਡਾ. ਅਨੀਸ਼ ਨੇ ਉਸ ਦਾ ਸਮਰਥਨ ਕੀਤਾ ਹੈ, "ਮੰਗਲਵਾਰ ਤੱਕ, ਐਕਟਿਵ ਕੇਸਾਂ ਦੀ ਗਿਣਤੀ 1749 ਸੀ, ਪਰ ਜੇ ਤੁਸੀਂ ਦੇਖੋਗੇ, ਤਾਂ ਤੁਸੀਂ ਦੇਖੋਗੇ ਕਿ ਸਿਰਫ਼ 30 ਜਾਂ 35 ਕੇਸਾਂ ਵਿੱਚ, ਲੋਕ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਇਨ੍ਹਾਂ ਵਿੱਚੋਂ, ਸਿਰਫ਼ 2.5 ਫ਼ੀਸਦੀ ਮਰੀਜ਼ਾਂ ਨੂੰ ਹੀ ਹਸਪਤਾਲ ਵਿੱਚ ਆਕਸੀਜਨ ਦੀ ਲੋੜ ਪਈ ਸੀ।"
ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਦੀ ਉਮਰ 65 ਸਾਲ ਤੋਂ ਘੱਟ ਹੈ। ਬਾਕੀ ਬਹੁਤ ਵੱਡੀ ਉਮਰ ਦੇ ਸਨ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ ਸੀ।
ਉਨ੍ਹਾਂ ਨੇ ਕਿਹਾ, “ਇੱਕ ਨੇ ਕੈਂਸਰ ਦਾ ਇਲਾਜ ਕਰਵਾਇਆ ਸੀ। ਇੱਕ ਗੁਰਦੇ ਦਾ ਮਰੀਜ਼ ਸੀ ਜੋ ਡਾਇਲਸਿਸ 'ਤੇ ਸੀ। ਇੱਕ ਨੂੰ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਸੀ।”

ਤਸਵੀਰ ਸਰੋਤ, Getty Images
3. ਬਿਮਾਰਾਂ ਵਿੱਚ 30 ਫੀਸਦ ਟੀਕਾ ਨਾ ਲਗਵਾਉਣ ਵਾਲੇ
ਡਾ. ਅਨੀਸ਼ ਨੇ ਕਿਹਾ, “ਕੇਰਲ ਦੀ 70 ਫੀਸਦ ਆਬਾਦੀ ਦਾ ਘੱਟੋ-ਘੱਟ ਇੱਕ ਵਾਰ ਟੀਕਾ ਲੱਗਿਆ ਹੋਇਆ ਹੈ। ਜਿਨ੍ਹਾਂ ਨੇ ਵੈਕਸੀਨ ਨਹੀਂ ਲਈ ਹੈ, ਉਹ ਕੁੱਲ ਆਬਾਦੀ ਦਾ ਸਿਰਫ਼ ਤਿੰਨ ਫੀਸਦ ਹਨ।"
"ਪਰ ਵਰਤਮਾਨ ਵਿੱਚ, ਜੋ ਲੋਕ ਲਾਗ਼ ਦੇ ਸ਼ਿਕਾਰ ਹਨ, ਉਨ੍ਹਾਂ ਵਿੱਚੋਂ 30 ਫੀਸਦ ਉਨ੍ਹਾਂ ਤਿੰਨਾਂ ਫੀਸਦ ਲੋਕਾਂ ਵਿੱਚੋਂ ਹੈ।"
ਉਨ੍ਹਾਂ ਨੇ ਕਿਹਾ, “ਇਹ ਸਪੱਸ਼ਟ ਹੈ ਕਿ ਲੋਕਾਂ ਨੇ ਪਹਿਲਾਂ ਜੋ ਟੀਕਾ ਲਿਆ ਸੀ ਉਹ ਅਜੇ ਵੀ ਕੰਮ ਕਰ ਰਿਹਾ ਹੈ। ਆਈਸੀਐੱਮਆਰ ਅਧਿਐਨ ਮੁਤਾਬਕ, ਟੀਕਾ ਮੌਤ ਨੂੰ ਰੋਕਣ ਵਿੱਚ ਕਾਰਗਰ ਹੈ ਅਤੇ ਜੇਕਰ ਦੋ ਜ਼ਿਆਦਾ ਟੀਕੇ ਲਏ ਹਨ ਤਾਂ ਜੀਵਨ ਰੱਖਿਆ ਹੋ ਸਕਦੀ ਹੈ ਪਰ ਸਾਡੇ ਕੋਲ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਹੋਰ ਖੁਰਾਕਾਂ ਬਚਾਅ ਕਰਨਗੀਆਂ ਜਾਂ ਨਹੀਂ।"
ਵਾਇਰਸ ਨਾਲ ਸੰਕਰਮਿਤ ਲੋਕਾਂ ਵਿਚ ਜੋ ਐਂਟੀਬਾਡੀਜ਼ ਬਣੀਆਂ, ਉਹ ਬਰਕਰਾਰ ਰਹਿਣਗੀਆਂ, ਇਸ ਸਵਾਲ ਬਾਰੇ ਉਨ੍ਹਾਂ ਨੇ ਕਿਹਾ, “ਇਹ ਉਸੇ ਤਰ੍ਹਾਂ ਹੈ ਜਿਵੇਂ ਤੁਹਾਡੇ ਕੋਲ ਮੁੱਖ ਦਰਵਾਜ਼ੇ ਦੀ ਚਾਬੀ ਹੈ ਪਰ ਘਰ ਦੇ ਦੂਜੇ ਦਰਵਾਜ਼ਿਆਂ ਦੀ ਚਾਬੀ ਨਹੀਂ ਹੈ।"
"ਜ਼ਿਆਦਾਤਰ ਬਿਮਾਰੀਆਂ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਕੋਵਿਡ ਇੱਕ ਮਹਾਂਮਾਰੀ ਹੈ, ਭਾਵੇਂ ਤੁਸੀਂ ਵੈਕਸੀਨ ਲੈ ਲਈ ਹੈ, ਤਾਂ ਵੀ ਵੈਰੀਅੰਟ ਬਚ ਨਿਕਲਣ ਦੀ ਤਕਕੀਬ ਵਿਕਸਿਤ ਕਰ ਲੈਂਦਾ ਹੈ। ਜੇਐੱਨ-1 ਨਾਲ ਵੀ ਅਜਿਹਾ ਹੋ ਸਕਦਾ ਹੈ।"
"ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਕੋਵਿਡ ਵਾਇਰਸ ਦਾ ਉਮਰ ਅਤੇ ਬਿਮਾਰੀ ਨੂੰ ਲੈ ਕੇ ਵੱਖ ਵਤੀਰਾ ਨਜ਼ਰ ਆਉਂਦਾ ਹੈ।"

ਤਸਵੀਰ ਸਰੋਤ, Getty Images
4. ਬੂਸਟਰ ਡੋਜ਼ ਲੈਣਾ ਕਿੰਨਾ ਜ਼ਰੂਰੀ ਹੈ?
ਕੀ ਬੂਸਟਰ ਡੋਜ਼ ਲੈਣਾ ਜ਼ਰੂਰੀ ਹੈ, ਇਸ ਸਵਾਲ 'ਤੇ ਡਾ. ਜੌਨ ਕਹਿੰਦੇ ਹਨ, "ਇਹ ਜ਼ਰੂਰੀ ਨਹੀਂ ਹੈ।"
ਉਹ ਕਹਿੰਦੇ ਹਨ, “ਹਾਲਾਂਕਿ, ਪਹਿਲੇ ਹੋਏ ਇਨਫੈਕਸ਼ਨ ਜਾਂ ਟੀਕੇ ਕਾਰਨ ਜਿੰਨੀ ਜ਼ਿਆਦਾ ਪ੍ਰਤੀਰੋਧਕ ਸ਼ਕਤੀ ਵਿਕਸਿਤ ਹੋਈ ਹੈ, ਸੁਰੱਖਿਆ ਦੀ ਸੰਭਾਵਨਾ ਵੀ ਓਨੀ ਹੀ ਜ਼ਿਆਦਾ ਹੋਵੇਗੀ। ਸਭ ਤੋਂ ਵਧੀਆ ਜੋ ਹੈ, ਉਹ ਪੂਰੀ ਤਰ੍ਹਾਂ ਸੁਰੱਖਿਅਤ ਕਿਸੇ ਵੈਕਸੀਨ ਦੀ ਬੂਸਟਰ ਡੋਜ਼।"
ਬਾਕੀ ਦੁਨੀਆਂ ਵਾਂਗ ਇੱਥੇ ਵੀ ਜੇਐੱਨ-1 ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੀ ਵੈਕਸੀਨ ਅਜੇ ਤੱਕ ਵਿਕਸਤ ਨਹੀਂ ਕੀਤੀ ਗਈ ਹੈ।
ਡਾ. ਕੰਗ ਅਮਰੀਕਾ ਵਿੱਚ ਬਜ਼ੁਰਗਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਬਣਾਈ ਗਈ ਮੋਨੋਵੈਲੇਂਟ ਵੈਕਸੀਨ ਦਾ ਜ਼ਿਕਰ ਕਰਦੀ ਹੈ।
ਉਹ ਕਹਿੰਦੀ ਹੈ, “ਉਹ ਪੁਰਾਣੇ ਅਤੇ ਨਵੇਂ ਸਟ੍ਰੇਨ ਨਾਲ ਲੜਨ ਲਈ ਬਾਈਵੈਲੇਂਟ ਵੈਕਸੀਨ ਬਣਾਉਂਦੇ ਸਨ। ਹੁਣ ਅਮਰੀਕਾ ਪੁਰਾਣੇ ਸਟ੍ਰੇਨ ਨੂੰ ਲੈ ਕੇ ਚਿੰਤਤ ਨਹੀਂ ਹੈ ਕਿਉਂਕਿ ਪੁਰਾਣਾ ਸਟ੍ਰੇਨ ਮੌਜੂਦ ਨਹੀਂ ਹੈ।"
ਉਹ ਕਹਿੰਦੀ ਹੈ, “ਨੋਵੋਵੈਕਸ ਵੈਕਸੀਨ ਜੋ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬਣਾਉਂਦਾ ਹੈ, ਇਹ ਮੋਨੋਵੈਲੈਂਟ ਸਟ੍ਰੇਨ ਲਈ ਇੱਕ ਅੱਪਡੇਟਡ ਵੈਕਸੀਨ ਹੈ। ਸੰਭਾਵਨਾ ਹੈ ਕਿ ਇਸ ਰਾਹੀਂ ਕੁਝ ਹੱਦ ਤੱਕ ਰੱਖਿਆ ਮਿਲੇ।"
ਡਾ. ਗਗਨਦੀਪ ਕੰਗ ਕਹਿੰਦੀ ਹੈ, “ਆਮ ਤੌਰ 'ਤੇ, ਜੇਕਰ ਤੁਸੀਂ ਸਿਹਤਮੰਦ ਹੋ ਅਤੇ ਟੀਕਾ ਲੈ ਲਿਆ ਹੈ, ਇਸ ਤੋਂ ਬਾਅਦ ਵੀ ਤੁਹਾਨੂੰ ਲਾਗ ਲੱਗ ਜਾਂਦੀ ਹੈ, ਤਾਂ ਦੂਜਾ ਟੀਕਾ ਲਾਹੇਵੰਦ ਨਹੀਂ ਹੋਵੇਗਾ।"
"ਵੈਕਸੀਨ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਜ਼ਿਆਦਾ ਖ਼ਤਰੇ ਦੀ ਜਦ ਵਿੱਚ ਹੈ। ਅਜਿਹੇ ਲੋਕਾਂ ਵਿੱਚ ਬਜ਼ੁਰਗ ਵੀ ਸ਼ਾਮਲ ਹਨ। ਬੂਸਟਰ ਖੁਰਾਕਾਂ ਸਿਰਫ਼ ਕੁਝ ਮਹੀਨਿਆਂ ਲਈ ਹੀ ਬਚਾਅ ਕਰ ਸਕਦੀਆਂ ਹਨ।"

ਤਸਵੀਰ ਸਰੋਤ, Getty Images
5. ਸਹੀ ਨੀਤੀ ਜ਼ਰੂਰੀ ਹੈ
ਡਾਕਟਰ ਜੌਨ ਦੀ ਇਸ ਮੁੱਦੇ ਬਾਰੇ ਦੀ ਵੱਖਰੀ ਰਾਏ ਹੈ।
ਉਹ ਕਹਿੰਦੇ ਹਨ, “ਕਿਸੇ ਨਵੇਂ ਟੀਕੇ ਦੀ ਕੋਈ ਲੋੜ ਨਹੀਂ ਹੈ ਪਰ ਬੂਸਟਰ ਖ਼ੁਰਾਕ ਦੇਣਾ ਇੱਕ ਚੰਗਾ ਵਿਚਾਰ ਹੈ। ਪਰ ਲਾਭ ਅਤੇ ਜੋਖ਼ਮਾਂ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।"
"ਕੋਈ ਵੀ ਅਜਿਹੀ ਵੈਕਸੀਨ ਜਿਸ ਦੇ ਗੰਭੀਰ ਮਾੜੇ ਪ੍ਰਭਾਵ ਨਹੀਂ ਹੁੰਦੇ ਹੋਣ, ਉਨ੍ਹਾਂ ਨੇ ਅਜਿਹੇ ਲੋਕਾਂ ਲਈ ਰਾਖਵੇਂ ਰੱਖੇ ਜਾਣੇ ਚਾਹੀਦੇ ਹਨ ਜੋ ਗੰਭੀਰ ਕੋਵਿਡ ਨੂੰ ਲੈ ਕੇ ਖ਼ਤਰੇ ਵਿੱਚ ਹਨ। ਵੈਕਸੀਨ ਦੇਣ ਦੇ ਜੋਖ਼ਮ ਨਾਲੋਂ ਬਿਮਾਰੀ ਦਾ ਖ਼ਤਰਾ ਜ਼ਿਆਦਾ ਵੱਡਾ ਹੈ।"
ਡਾ. ਜੌਨ ਕਹਿੰਦੇ ਹਨ, “ਉਦਾਹਰਣ ਲਈ, ਐਡੀਨੋ ਵੈਕਟਰ ਵੈਕਸੀਨ ਜਾਂ ਐੱਮਆਰਐੱਨਏ ਵੈਕਸੀਨ। ਭਾਰਤ ਦਾ ਕੋਵੈਕਸੀਨ 100% ਸੁਰੱਖਿਅਤ ਹੈ ਪਰ ਇਸ ਦਾ ਮਿਲਣਾ ਮੁਸ਼ਕਲ ਹੈ।"
"ਇਸ ਦੇ ਲਈ ਅਜਿਹੀ ਵਿਵਸਥਾ ਜ਼ਰੂਰੀ ਹੈ ਜਿੱਥੇ ਚੰਗੀਆਂ ਨੀਤੀਆਂ ਬਣਾਈਆਂ ਜਾ ਸਕਣ।"
ਇਸ ਦੌਰਾਨ ਕੇਰਲ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਆਪਣੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਇਕ ਅਹਿਮ ਗੱਲ ਕਹੀ।
ਉਨ੍ਹਾਂ ਨੇ ਕਿਹਾ, “ਇਸ ਦੌਰਾਨ, ਸਿੰਗਾਪੁਰ ਨੇ 15 ਲੋਕਾਂ ਵਿੱਚ ਜੇਐੱਨ-1 ਮਿਲਿਆ ਹੈ। ਇਹ ਲੋਕ ਪਿਛਲੇ ਮਹੀਨੇ ਭਾਰਤ ਤੋਂ ਸਿੰਗਾਪੁਰ ਗਏ ਸਨ।"
"ਇਸ ਦਾ ਮਤਲਬ ਹੈ ਕਿ ਕੋਵਿਡ ਦਾ ਇਹ ਰੂਪ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਮੌਜੂਦ ਹੈ। ਖ਼ਾਸ ਗੱਲ ਇਹ ਹੈ ਕਿ ਇਹ ਕੇਰਲ 'ਚ ਟੈਸਟਿੰਗ ਦੌਰਾਨ ਮਿਲਿਆ ਹੈ।"












