ਬ੍ਰਿਜ ਭੂਸ਼ਣ ਸ਼ਰਨ 'ਤੇ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਲੱਗੀਆਂ ਧਾਰਾਵਾਂ ਦੇ ਕੀ ਮਾਅਨੇ ਹਨ, ਅੱਗੇ ਕੀ ਹੋਵੇਗਾ

ਸਾਕਸ਼ੀ ਮਲਿਕ ਅਤੇ ਹੋਰ ਪਹਿਲਵਾਨ

ਤਸਵੀਰ ਸਰੋਤ, GETTYIMAGES/HINDUSTANTIMES

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਇਲਜ਼ਾਮ ਤੈਅ ਕਰ ਦਿੱਤੇ ਹਨ।

ਭਾਰਤ ਦੀਆਂ ਕੁਝ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ।

ਇਸ ਮਾਮਲੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਕੱਤਰ ਵਿਨੋਦ ਤੋਮਰ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਅਦਾਲਤ ਵਿੱਚ ਇਲਜ਼ਾਮ ਤੈਅ ਹੋਣ ਤੋਂ ਬਾਅਦ ਓਲੰਪਿਕ ਤਮਗਾ ਜੇਤੂ ਅਤੇ ਛੇ ਸ਼ਿਕਾਇਤਕਾਰਾਂ ਵਿੱਚੋਂ ਇੱਕ ਸਾਕਸ਼ੀ ਮਲਿਕ ਨੇ ਬੀਬੀਸੀ ਹਿੰਦੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ ਅਤੇ ਉਹ ਜਿੱਤ ਵੱਲ ਵਧ ਰਹੇ ਹਨ।

ਸਾਕਸ਼ੀ ਮਲਿਕ ਨੇ ਓਲੰਪਿਕ-2016 ਵਿੱਚ 58 ਕਿਲੋ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਉਨ੍ਹਾਂ ਨੇ ਫੋਨ 'ਤੇ ਕਿਹਾ, "ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਇਲਜ਼ਾਮ ਝੂਠੇ ਹਨ, ਪਰ ਹੁਣ ਅਦਾਲਤ ਨੇ ਇਲਜ਼ਾਮ ਤੈਅ ਕਰ ਦਿੱਤੇ ਹਨ। ਇਹ ਲੜਾਈ ਸਿਰਫ਼ ਮੇਰੇ, ਵਿਨੇਸ਼ ਅਤੇ ਬਜਰੰਗ ਲਈ ਹੀ ਨਹੀਂ, ਸਗੋਂ ਭਵਿੱਖ ਦੀਆਂ ਉਨ੍ਹਾਂ ਮੁਟਿਆਰ ਪਹਿਲਵਾਨਾਂ ਲਈ ਵੀ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਅਜਿਹੀ ਸਥਿਤੀ ਵਿੱਚੋਂ ਨਾ ਲੰਘਣਾ ਪਵੇ।"

ਬ੍ਰਿਜ ਭੂਸ਼ਣ ਸਿੰਘ

ਤਸਵੀਰ ਸਰੋਤ, GETTYIMAGES/HINDUSTANTIMES

ਤਸਵੀਰ ਕੈਪਸ਼ਨ, ਅਦਾਲਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354ਏ ਅਤੇ ਧਾਰਾ 506 ਦੇ ਹਿੱਸਾ-1 ਦੇ ਆਧਾਰ ’ਤੇ ਇਲਜ਼ਾਮ ਤੈਅ ਕੀਤੇ ਹਨ।

ਇਲਜ਼ਾਮ ਤੈਅ ਹੋਣ ਤੋਂ ਬਾਅਦ ਨਿਊਜ਼ ਏਜੰਸੀ ਪੀਟੀਆਈ ਅਤੇ ਏਐੱਨਆਈ ਨਾਲ ਗੱਲ ਕਰਦਿਆਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਨਿਆਂਪਾਲਿਕਾ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਹੁਣ ਉਨ੍ਹਾਂ ਲਈ ਰਸਤੇ ਖੁੱਲ੍ਹ ਗਏ ਹਨ।

ਉਨ੍ਹਾਂ ਨੇ ਕਿਹਾ, ''ਮੇਰੇ ਉੱਤੇ ਜੋ ਚਾਰਜਸ਼ੀਟ ਲੱਗੀ ਸੀ ਉਸਦਾ ਮੈਂ ਵਿਰੋਧ ਕੀਤਾ ਸੀ ਪਰ ਅਦਾਲਤ ਨੇ ਉਸ ਨੂੰ ਨਹੀਂ ਮੰਨਿਆ। ਅਦਾਲਤ ਨੇ ਇੱਕ ਕੇਸ ਨੂੰ ਛੱਡ ਕੇ ਬਾਕੀ ਮਾਮਲਿਆਂ ਵਿੱਚ ਇਲਜ਼ਾਮ ਤੈਅ ਕਰ ਦਿੱਤੇ ਹਨ।"

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, ''ਜਦੋਂ ਇਲਜ਼ਾਮ ਤੈਅ ਹੋ ਜਾਂਦੇ ਹਨ, ਉਸ ਤੋਂ ਬਾਅਦ ਤੁਸੀਂ ਕੋਈ ਸਬੂਤ, ਕੋਈ ਗਵਾਹੀ ਅਤੇ ਕੋਈ ਗਵਾਹ ਵੱਖਰਾ ਨਹੀਂ ਰੱਖ ਸਕਦੇ। ਪੁਲਿਸ ਨੇ ਚਾਰਜਸ਼ੀਟ ਵਿਚ ਜੋ ਲਿਖਿਆ ਹੈ, ਉਸੇ ਦੇ ਆਲੇ ਦੁਆਲੇ ਰਹਿਣਾ ਪੈਂਦਾ ਹੈ।ਮੇਰੇ ਕੋਲ ਵਿਕਲਪ ਖੁੱਲੇ ਹਨ ਅਤੇ ਮੈਂ ਇਸਦਾ ਸਾਹਮਣਾ ਕਰਾਂਗਾ।

ਕਿਹੜੀਆਂ ਧਾਰਾਵਾਂ ਲੱਗੀਆਂ ਹਨ?

ਰਾਊਜ਼ ਐਵੇਨਿਊ ਅਦਾਲਤ ਵਿੱਚ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਪ੍ਰਿਅੰਕਾ ਰਾਜਪੂਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 354, 354ਏ ਅਤੇ ਧਾਰਾ 506 ਦੇ ਹਿੱਸਾ-1 ਦੇ ਆਧਾਰ ’ਤੇ ਇਲਜ਼ਾਮ ਤੈਅ ਕੀਤੇ ਹਨ।

ਕਾਨੂੰਨੀ ਮਾਮਲਿਆਂ ਬਾਰੇ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਲਾਈਵ ਲਾਅ ਮੁਤਾਬਕ ਮੈਜਿਸਟਰੇਟ ਪ੍ਰਿਅੰਕਾ ਰਾਜਪੂਤ ਨੇ ਕਿਹਾ, ''ਇਸ ਅਦਾਲਤ ਕੋਲ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਧਾਰਾ 354, 354ਏ ਦੇ ਤਹਿਤ ਇਲਜ਼ਾਮ ਤੈਅ ਕਰਨ ਲਈ ਰਿਕਾਰਡ ਉੱਤੇ ਪੁਖਤਾ ਸਬੂਤ ਹਨ, ਜੋ ਪੀੜਤ ਇੱਕ, ਦੋ, ਤਿੰਨ, ਚਾਰ ਨਾਲ ਸੰਬੰਧਿਤ ਹਨ। ਧਾਰਾ 506 ਪੀੜਤ ਇੱਕ ਅਤੇ ਪੰਜ ਨਾਲ ਜੁੜੀ ਹੋਈ ਹੈ।"

ਹਾਲਾਂਕਿ, ਅਦਾਲਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪੀੜਤ ਛੇ ਦੇ ਇਲਜ਼ਾਮਾਂ ਨੂੰ ਹਟਾ ਦਿੱਤਾ।

ਅਦਾਲਤ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਸਕੱਤਰ ਰਹੇ ਵਿਨੋਦ ਤੋਮਰ ਵਿਰੁੱਧ ਵੀ ਧਾਰਾ 506 (1) ਲਗਾਈ ਹੈ।

ਗਰਾਫਿਕਸ

ਧਾਰਾਵਾਂ ਅਤੇ ਸਜ਼ਾ

ਧਾਰਾ 354:

  • ਔਰਤ ਦੀ ਮਰਿਆਦਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕਿਸੇ ਔਰਤ 'ਤੇ ਹਮਲਾ ਜਾਂ ਅਪਰਾਧਿਕ ਸ਼ਕਤੀ ਦੀ ਵਰਤੋਂ।

ਇਸ ਦੇ ਤਹਿਤ ਇੱਕ ਤੋਂ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।

ਸਾਕਸ਼ੀ ਮਲਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਕਸ਼ੀ ਮਲਿਕ ਦਾ ਕਹਿਣਾ ਹੈ, "ਅਸੀਂ ਡੇਢ ਸਾਲ ਤੋਂ ਲੜ ਰਹੇ ਸੀ, ਹੁਣ ਅਦਾਲਤ ਵਿੱਚ ਲੰਮੀ ਲੜਾਈ ਲੜਨੀ ਹੈ।"

ਧਾਰਾ 354A : ਜਿਨਸੀ ਪਰੇਸ਼ਾਨੀ-

  • ਸਰੀਰਕ ਸੰਪਰਕ ਜਾਂ ਅਣਚਾਹੇ ਅਤੇ ਸਪੱਸ਼ਟ ਜਿਣਸੀ ਤਜਵੀਜ਼
  • ਸਰੀਰਕ ਸੰਬੰਧ ਬਣਾਉਣ ਦੀ ਮੰਗ ਕਰਨਾ
  • ਕਿਸੇ ਔਰਤ ਨੂੰ ਉਸਦੀ ਇੱਛਾ ਦੇ ਵਿਰੁੱਧ ਕਾਮਉਤੇਜਿਕ ਸਮੱਗਰੀ ਦਿਖਾਉਣਾ
  • ਕਾਮੁਕ ਟਿੱਪਣੀਆਂ ਕਰਨਾ

ਇਨ੍ਹਾਂ ਮਾਮਲਿਆਂ ਵਿੱਚੋਂ, ਕੁਝ ਵਿੱਚ ਤਿੰਨ ਸਾਲ ਅਤੇ ਹੋਰਾਂ ਵਿੱਚ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ। ਜੁਰਮਾਨਾ ਵੀ ਹੋ ਸਕਦਾ ਹੈ।

ਹੁਣ ਅੱਗੇ ਕੀ ਹੋਵੇਗਾ?

ਸਾਕਸ਼ੀ ਮਲਿਕ ਦਾ ਕਹਿਣਾ ਹੈ, "ਅਸੀਂ ਡੇਢ ਸਾਲ ਤੋਂ ਲੜ ਰਹੇ ਸੀ, ਹੁਣ ਅਦਾਲਤ ਵਿੱਚ ਲੰਮੀ ਲੜਾਈ ਲੜਨੀ ਹੈ।"

ਬ੍ਰਿਜ ਭੂਸ਼ਣ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਪਹਿਲੀ ਵਾਰ ਜਨਵਰੀ 2023 ਵਿੱਚ ਸਾਹਮਣੇ ਆਏ ਸਨ ਜਦੋਂ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਿੱਲੀ ਦੇ ਜੰਤਰ-ਮੰਤਰ 'ਤੇ ਇਕੱਠੇ ਹੋ ਕੇ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖੀ ਸੀ।

ਇਨ੍ਹਾਂ ਖਿਡਾਰੀਆਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਰੁਕ ਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।

ਇਸ ਮਾਮਲੇ ਵਿੱਚ ਜਦੋਂ ਐੱਫਆਈਆਰ ਦਰਜ ਨਹੀਂ ਹੋਈ ਤਾਂ ਖਿਡਾਰੀਆਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਦਿੱਲੀ ਪੁਲੀਸ ਨੂੰ ਨੋਟਿਸ ਭੇਜਿਆ ਗਿਆ ਅਤੇ ਫਿਰ ਐੱਫਆਈਆਰ ਦਰਜ ਕੀਤੀ ਗਈ।

ਦਿੱਲੀ ਪੁਲਿਸ ਨੇ ਜੂਨ 2023 ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਸੇ ਮਾਮਲੇ ਵਿੱਚ ਇੱਕ ਪਹਿਲਵਾਨ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ।

ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਵਕੀਲ ਡਾ. ਏਪੀ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਇੱਕ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਵਾਪਸ ਲੈਣ ਤੋਂ ਬਾਅਦ, ਦਿੱਲੀ ਪੁਲਿਸ ਨੇ ਕੇਸ ਨੂੰ ਰੱਦ ਕਰਨ ਲਈ ਪੋਕਸੋ ਐਕਟ ਦੇ ਤਹਿਤ ਰਿਪੋਰਟ ਦਾਖਲ ਕੀਤੀ ਸੀ। ਇਹ ਮਾਮਲਾ ਪਟਿਆਲਾ ਦੀ ਸੈਸ਼ਨ ਕੋਰਟ ਵਿੱਚ ਸੁਣਵਾਈ ਅਧੀਨ ਹੈ।''

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਏਪੀ ਸਿੰਘ ਦਾ ਕਹਿਣਾ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਮਾਮਲੇ ਵਿੱਚ ਅਗਲੇ ਪੜਾਅ ਦਾ ਫੈਸਲਾ ਕੁਝ ਮਹੀਨਿਆਂ ਵਿੱਚ ਹੋ ਜਾਵੇਗਾ।

ਪਹਿਲਵਾਨ ਕੁੜੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਡੂੰਘਾਈ ਨਾਲ ਸਮਝਣ ਵਾਲੀ ਪੱਤਰਕਾਰ ਸੁਨੀਤਾ ਐਰੋਨ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਔਰਤਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।

'ਔਰਤਾਂ ਦੇ ਮੁੱਦੇ ਗੰਭੀਰਤਾ ਨਾਲ ਨਹੀਂ ਲਏ ਜਾਂਦੇ'

ਬ੍ਰਿਜ ਭੂਸ਼ਣ ਸ਼ਰਨ ਸਿੰਘ ਕੈਸਰਗੰਜ ਤੋਂ ਸੰਸਦ ਮੈਂਬਰ ਹਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਆਸਪਾਸ ਦੇ ਚਾਰ ਜ਼ਿਲ੍ਹਿਆਂ ਗੋਂਡਾ, ਬਹਿਰਾਇਚ, ਬਲਰਾਮਪੁਰ ਅਤੇ ਸ਼ਰਾਵਸਤੀ ਵਿੱਚ ਕਾਫੀ ਦਬਦਬਾ ਹੈ।

ਇਸ ਵਾਰ ਭਾਜਪਾ ਨੇ ਉਨ੍ਹਾਂ ਦੀ ਟਿਕਟ ਰੱਦ ਕਰਕੇ ਉਨ੍ਹਾਂ ਦੇ ਪੁੱਤਰ ਕਰਨ ਭੂਸ਼ਣ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ।

ਸਾਕਸ਼ੀ ਮਲਿਕ ਨੇ ਇਸ ਬਾਰੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, ''ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਨੂੰ ਕੈਸਰਗੰਜ ਤੋਂ ਟਿਕਟ ਨਹੀਂ ਮਿਲਣੀ ਚਾਹੀਦੀ ਸੀ, ਅਜਿਹੇ ਵਿੱਚ ਬ੍ਰਿਜ ਭੂਸ਼ਣ ਹੀ ਮਹਾਸੰਘ ਨੂੰ ਚਲਾਉਣਗੇ ਪਰ ਉਨ੍ਹਾਂ 'ਤੇ ਇਲਜ਼ਾਮ ਤੈਅ ਹੋਣ ਤੋਂ ਬਾਅਦ ਹੁਣ ਫੈਡਰੇਸ਼ਨ ਵਿੱਚ ਕੋਈ ਸ਼ੋਸ਼ਣ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ ਕਿ ਅਜਿਹਾ ਉਸ ਨਾਲ ਵੀ ਹੋ ਸਕਦਾ ਹੈ।''

ਸਾਕਸ਼ੀ ਮਲਿਕ ਨੇ ਦੁਹਰਾਇਆ - "ਬ੍ਰਿਜ ਭੂਸ਼ਣ ਸ਼ਰਨ ਨੂੰ ਸ਼ੁਰੂ ਤੋਂ ਹੀ ਬਚਾਇਆ ਗਿਆ ਹੈ, ਨਹੀਂ ਤਾਂ ਖਿਡਾਰੀਆਂ ਨੂੰ 40 ਦਿਨ ਸੜਕਾਂ 'ਤੇ ਨਾ ਬੈਠਣਾ ਪੈਂਦਾ। ਅਜਿਹੀ ਸਥਿਤੀ ਵਿੱਚ ਬੇਟੀ ਪੜ੍ਹਾਓ, ਬੇਟੀ ਬਚਾਓ ਦੇ ਨਾਅਰੇ ਨੂੰ ਉਹ ਤਾਂ ਹੀ ਸਫਲ ਕਹਿੰਦੇ ਜੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਂਦੀ।"

ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਡੂੰਘਾਈ ਨਾਲ ਸਮਝਣ ਵਾਲੀ ਪੱਤਰਕਾਰ ਸੁਨੀਤਾ ਐਰੋਨ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਔਰਤਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।

ਸੁਨੀਤਾ ਆਰੋਨ ਦਾ ਕਹਿਣਾ ਹੈ, ''ਬ੍ਰਿਜ ਭੂਸ਼ਣ ਦੀ ਆਪਣੇ ਖੇਤਰ 'ਚ ਪਕੜ ਹੈ ਪਰ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਨਰਿੰਦਰ ਮੋਦੀ ਉਨ੍ਹਾਂ ਤੋਂ ਵੱਡੇ ਨੇਤਾ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਜਿੱਤਣ ਲਈ ਬ੍ਰਿਜ ਭੂਸ਼ਣ ਦੀ ਲੋੜ ਨਹੀਂ ਕਿਉਂਕਿ ਮੋਦੀ ਬਹੁਤ ਪਾਪੂਲਰ ਹਨ ਅਤੇ ਮੁੱਖ ਮੰਤਰੀ ਖੁਦ ਠਾਕੁਰ ਹਨ। ਲੇਕਿਨ ਦੇਖਿਆ ਗਿਆ ਹੈ ਕਿ ਜਦੋਂ ਔਰਤਾਂ ਦੇ ਮਸਲੇ ਆਉਂਦੇ ਹਨ ਤਾਂ ਸਿਆਸਤਦਾਨ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।"

ਸੁਨੀਤਾ ਐਰੋਨ ਦਾ ਕਹਿਣਾ ਹੈ ਕਿ ਨਾਅਰਿਆਂ ਨਾਲ ਹਾਂਮੁਖੀ ਸੰਦੇਸ਼ ਜਾਂਦਾ ਹੈ ਪਰ ਔਰਤਾਂ ਦੇ ਮੁੱਦੇ ਜਿਵੇਂ ਕਿ ਹਾਥਰਸ, ਉਨਾਓ ਆਦਿ ਕਈ ਅਜਿਹੇ ਮਾਮਲੇ ਹਨ ਜੋ ਕਦੇ ਵੀ ਸਿਆਸੀ ਮੁੱਦੇ ਨਹੀਂ ਬਣਦੇ।

ਉਨ੍ਹਾਂ ਮੁਤਾਬਕ ਔਰਤਾਂ ਵੀ ਇਨ੍ਹਾਂ ਮੁੱਦਿਆਂ 'ਤੇ ਵੋਟ ਨਹੀਂ ਪਾਉਂਦੀਆਂ।

ਬ੍ਰਿਜ ਭੂਸ਼ਣ ਸਿੰਘ (ਖੱਬੇ) ਅਤੇ ਬੇਟੇ ਕਰਣ ਭੂਸ਼ਣ ਸਿੰਘ (ਸੱਜੇ)
ਤਸਵੀਰ ਕੈਪਸ਼ਨ, ਕੈਸਰਗੰਜ ਤੋਂ ਭਾਜਪਾ ਨੇ ਇਸ ਵਾਰ ਬ੍ਰਿਜ ਭੂਸ਼ਣ ਸਿੰਘ ਦੇ ਬੇਟੇ ਕਰਣ ਭੂਸ਼ਣ ਸਿੰਘ (ਸੱਜੇ) ਨੂੰ ਟਿਕਟ ਦਿੱਤੀ ਹੈ

ਸੁਨੀਤਾ ਅੱਗੇ ਕਹਿੰਦੇ ਹੈ ਕਿ ਜੇਕਰ ਅਪਰਾਧ ਨੂੰ ਰੋਕਣਾ ਹੈ ਤਾਂ ਸਿਆਸਤਦਾਨਾਂ ਨੂੰ ਕਦੇ ਵੀ ਇਸ ਆਧਾਰ 'ਤੇ ਉਮੀਦਵਾਰ ਨਹੀਂ ਬਣਾਉਣਾ ਚਾਹੀਦਾ ਕਿ ਉਹ ਕੁਝ ਸੀਟਾਂ ਜਿੱਤ ਸਕਦਾ ਹੈ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਤਿੰਨ ਵਾਰ ਕੈਸਰਗੰਜ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਸਾਲ 2009 ਵਿੱਚ ਉਹ ਸਮਾਜਵਾਦੀ ਪਾਰਟੀ ਤੋਂ ਜਿੱਤੇ, ਉਸ ਤੋਂ ਬਾਅਦ 2014 ਅਤੇ 2019 ਵਿੱਚ ਭਾਜਪਾ ਉਮੀਦਵਾਰ ਵਜੋਂ ਜਿੱਤੇ। ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਸੀਨੀਅਰ ਖੇਡ ਪੱਤਰਕਾਰ ਸ਼ਾਰਦਾ ਉਗਰਾ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਇੱਕ ਸੁਨੇਹਾ ਜਾਂਦਾ ਹੈ ਕਿ ਸਿਆਸਤ ਵਿੱਚ ਕੋਈ ਵੀ ਵਿਅਕਤੀ ਕਿਉਂ ਨਾ ਹੋਵੇ, ਉਸ ਉੱਤੇ ਕਿਹੋ-ਜਿਹੇ ਵੀ ਮਾਮਲੇ ਲੱਗਣ, ਜੇ ਪਾਰਟੀ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰੇ ਤਾਂ ਕੋਈ ਫਰਕ ਨਹੀਂ ਪੈਂਦਾ।

ਉਹ ਕਹਿੰਦੇ ਹਨ ਕਿ ਇਹ ਪਹਿਲਵਾਨ ਕਰੀਬ ਡੇਢ ਸਾਲ ਲੜਦੇ ਰਹੇ ਪਰ ਇਸ ਨਾਲ ਹੋਰ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ ਕਿ ਕਿਵੇਂ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣੀ ਹੈ।

ਉਨ੍ਹਾਂ ਮੁਤਾਬਕ, "ਇਹ ਦੁਖਦਾਈ ਹੈ ਪਰ ਖਿਡਾਰੀਆਂ ਨੇ ਮੁਕਾਬਲਾ ਕੀਤਾ ਅਤੇ ਬਹਾਦਰੀ ਨਾਲ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਉਹ ਕਿਸ ਦੇ ਵਿਰੁੱਧ ਕਦਮ ਚੁੱਕ ਰਹੇ ਹਨ।"

ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਿਜ ਭੂਸ਼ਣ ਦੇ ਪੁੱਤਰ ਨੂੰ ਟਿਕਟ ਮਿਲਣਾ ਇਹ ਵੀ ਦਰਸਾਉਂਦਾ ਹੈ ਕਿ ਪਾਰਟੀ ਵਿੱਚ ਭਾਈ-ਭਤੀਜਾਵਾਦ ਹੈ ਅਤੇ ਹੁਣ ਜੋ ਵੀ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਬਣੇਗਾ ਉਹ ਕਰਨ ਭੂਸ਼ਣ ਸਿੰਘ ਨੂੰ ਸਲਾਮ ਕਰੇਗਾ।

ਸਾਕਸ਼ੀ ਮਲਿਕ (ਖੱਬੇ) ਕੁਸ਼ਤੀ ਸੰਘ ਦੇ ਮੌਜੂਦਾ ਪ੍ਰਧਾਨ ਸੰਜੇ ਸਿੰਘ (ਸੱਜੇ)

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪਹਿਲਵਾਨ ਸਾਕਸ਼ੀ ਮਲਿਕ (ਖੱਬੇ) ਕੁਸ਼ਤੀ ਸੰਘ ਦੇ ਮੌਜੂਦਾ ਪ੍ਰਧਾਨ ਸੰਜੇ ਸਿੰਘ (ਸੱਜੇ)

ਸੰਜੇ ਸਿੰਘ ਨੇ ਸਾਲ 2023 ਵਿੱਚ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਜਿੱਤੀਆਂ ਸਨ, ਹਾਲਾਂਕਿ ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ ਅਤੇ ਵਿਰੋਧ ਕਰ ਰਹੀਆਂ ਪਹਿਲਵਾਨਾਂ ਨੇ ਇਸ ਉੱਤੇ ਇਤਰਾਜ਼ ਵੀ ਕੀਤਾ ਸੀ।

ਸਰਕਾਰ ਨੇ ਇਸ ਮਾਮਲੇ ਵਿੱਚ ਕਿਹਾ ਸੀ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ ਅਤੇ ਭਾਰਤੀ ਕੁਸ਼ਤੀ ਸੰਘ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਸੰਘ (ਆਓਏ) ਨੂੰ ਐਡਹਾਕ ਕਮੇਟੀ ਬਣਾ ਕੇ ਐਸੋਸੀਏਸ਼ਨ ਦੇ ਮਾਮਲੇ ਦੇਖਣ ਲਈ ਕਿਹਾ ਹੈ।

ਲੇਕਿਨ ਇਸ ਤੋਂ ਬਾਅਦ ਵਿਸ਼ਵ ਕੁਸ਼ਤੀ ਦੀ ਸਰਵਉੱਚ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਚੋਣ ਨੂੰ ਮਾਨਤਾ ਦਿੱਤੀ ਅਤੇ ਮੁਅੱਤਲੀ ਹਟਾ ਦਿੱਤੀ।

ਯੂਨਾਈਟਿਡ ਵਰਲਡ ਰੈਸਲਿੰਗ ਨੇ ਸਮੇਂ ਸਿਰ ਚੋਣਾਂ ਨਾ ਹੋਣ ਕਾਰਨ ਭਾਰਤੀ ਕੁਸ਼ਤੀ ਸੰਘ ਨੂੰ ਮੁਅੱਤਲ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਆਓਏ ਨੇ ਐਡਹਾਕ ਕਮੇਟੀ ਨੂੰ ਖਤਮ ਕਰ ਦਿੱਤਾ।

ਹਾਲਾਂਕਿ ਸਰਕਾਰ ਅਤੇ ਖੇਡ ਮੰਤਰਾਲੇ ਵੱਲੋਂ ਅਜੇ ਤੱਕ ਮੁਅੱਤਲੀ ਨਹੀਂ ਹਟਾਈ ਗਈ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਇਕਜੁੱਟ ਹੋ ਕੇ ਆਪਣੇ ਮੁੱਦੇ ਚੁੱਕਣੇ ਚਾਹੀਦੇ ਹਨ ਅਤੇ ਇਸ ਮਾਮਲੇ ਨੇ ਨਿਸ਼ਚਿਤ ਹੀ ਉਮੀਦ ਦੀ ਇੱਕ ਨਵੀਂ ਕਿਰਨ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)