ਪਰਵੇਜ਼ ਖ਼ਾਨ: ਹਰਿਆਣਾ ਦੇ ਛੋਟੇ ਜਿਹੇ ਪਿੰਡ ਦੇ ਜੰਮਪਲ ਭਾਰਤੀ ਦੌੜਾਕ ਦੀ ਕਾਮਯਾਬੀ ਦੇ ਅਮਰੀਕਾ ਤੱਕ ਕਿਵੇਂ ਹੋਣ ਲੱਗੇ ਚਰਚੇ

ਪਰਵੇਜ਼

ਤਸਵੀਰ ਸਰੋਤ, Saurabh Duggal/BBC

ਤਸਵੀਰ ਕੈਪਸ਼ਨ, ਪਰਵੇਜ਼ ਅਮਰੀਕਾ ਵਿੱਚ ਫਲੋਰੀਡਾ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਐੱਸਈਸੀ ਦੌਰਾਨ ਅਥਲੈਟਿਕਸ ਟਰੈਕ 'ਤੇ ਕਾਬਜ ਰਹੇ।
    • ਲੇਖਕ, ਸੌਰਭ ਦੁੱਗਲ
    • ਰੋਲ, ਖੇਡ ਪੱਤਰਕਾਰ

ਗਾਂਧੀਗ੍ਰਾਮ ਘਸੇਰਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਮਨਾਉਣ ਲਈ ਖੇਡ ਮੁਕਾਬਲਾ ਕਰਵਾਇਆ ਗਿਆ ਅਤੇ ਇਹ ਹੀ ਉਹ ਮੌਕਾ ਸੀ ਜਦੋਂ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਚਹਿਲਕਾ ਪਿੰਡ ਦੇ ਰਹਿਣ ਵਾਲੇ ਪਰਵੇਜ਼ ਖ਼ਾਨ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਦੌੜ ਜਿੱਤੀ ਸੀ।

ਇਹ ਉਹੀ ਮੈਦਾਨ ਸੀ ਜਿੱਥੇ ਵੰਡ ਤੋਂ ਕੁਝ ਮਹੀਨੇ ਬਾਅਦ ਮਹਾਤਮਾ ਗਾਂਧੀ ਨੇ ਮੇਵਾਤ ਦੇ ਮੁਸਲਮਾਨਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਨੂੰ ਪਾਕਿਸਤਾਨ ਨਾ ਜਾਣ ਦੀ ਅਪੀਲ ਕੀਤੀ ਸੀ।

ਉਦੋਂ ਤੋਂ ਇਸ ਪਿੰਡ ਦੇ ਨਾਂ ਅੱਗੇ 'ਗਾਂਧੀਗ੍ਰਾਮ' ਲੱਗ ਗਿਆ ਸੀ।

ਜਿਸ ਗਰਾਊਂਡ ਵਿੱਚ ਗਾਂਧੀ ਨੇ ਭਾਸ਼ਣ ਦਿੱਤੀ ਸੀ, ਉੱਥੇ ਹੁਣ ਇੱਕ ਸਰਕਾਰੀ ਸਕੂਲ ਹੈ।

ਲੋਕਾਂ ਵੱਲੋਂ ਆਪਣੇ ਪਿਆਰੇ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਸਕੂਲ ਵਿੱਚ ਹਰ ਸਾਲ 2 ਅਕਤੂਬਰ ਨੂੰ ਇੱਕ ਪੇਂਡੂ ਖੇਡ ਮੇਲਾ ਕਰਵਾਇਆ ਜਾਂਦਾ ਹੈ।

ਪਰਵੇਜ਼ ਨੇ 2017 ਵਿੱਚ ਪੇਂਡੂ ਸਪੋਰਟਸ ਮੀਟ ਰਾਹੀਂ ਐਥਲੈਟਿਕਸ ਦੀ ਦੁਨੀਆਂ ਵਿੱਚ ਕਦਮ ਰੱਖਿਆ ਅਤੇ 800 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਿਆ।

ਪਰਵੇਜ਼

ਤਸਵੀਰ ਸਰੋਤ, Saurabh Duggal/BBC

ਤਸਵੀਰ ਕੈਪਸ਼ਨ, ਪਰਵੇਜ਼ ਨੇ ਆਪਣਾ ਖੇਡ ਸਫ਼ਰ ਗਾਂਧੀਗ੍ਰਾਮ ਘਸੇਰਾ ਪਿੰਡ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਕੀਤਾ

ਭਾਰਤੀ ਦੌੜਾਕ ਦਾ ਅਮਰੀਕਾ ਵਿੱਚ ਕਾਰਨਾਮਾ

ਹੁਣ ਪਰਵੇਜ਼ ਦੀ ਟਰੈਕ ਉੱਤੇ ਰਫ਼ਤਾਰ ਦੀ ਚਰਚਾ ਅਮਰੀਕਾ ਤੱਕ ਪਹੁੰਚ ਚੁੱਕੀ ਹੈ।

ਪਰਵੇਜ਼ ਨੇ ਅਮਰੀਕਾ ਵਿੱਚ ਫਲੋਰੀਡਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਅਤੇ ਦੱਖਣ-ਪੂਰਬੀ ਕਾਨਫਰੰਸ ਅਥਲੈਟਿਕਸ ਚੈਂਪੀਅਨਸ਼ਿਪ (ਐੱਸਈਸੀ) ਦੌਰਾਨ ਅਥਲੈਟਿਕਸ ਟਰੈਕ 'ਤੇ ਕਾਬਜ ਰਹੇ।

ਉਨ੍ਹਾਂ ਨੇ 11 ਮਈ ਨੂੰ 3 ਮਿੰਟ 42.73 ਸਕਿੰਟ (3:42.73) ਦੇ ਸਮੇਂ ਨਾਲ 1500 ਮੀਟਰ ਦੌੜ ਜਿੱਤੀ।

ਇੱਕ ਘੰਟੇ ਬਾਅਦ ਉਨ੍ਹਾਂ ਨੇ 1 ਮਿੰਟ ਅਤੇ 46.80 ਸਕਿੰਟਾਂ (1:46.80) ਦੇ ਸਮੇਂ ਨਾਲ 800 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਂ ਕਰ ਲਿਆ।

19 ਸਾਲਾ ਭਾਰਤੀ ਦੌੜਾਕ ਦੀ ਬਦੌਲਤ ਫਲੋਰੀਡਾ ਯੂਨੀਵਰਸਿਟੀ ਨੇ 41 ਸਾਲਾਂ ਦੇ ਵਕਫ਼ੇ ਤੋਂ ਬਾਅਦ ਐੱਸਈਸੀ ਚੈਂਪੀਅਨਸ਼ਿਪ ਵਿੱਚ ਮਰਦਾਂ ਦੀ 1500 ਮੀਟਰ ਦੌੜ ਵਿੱਚ ਖ਼ਿਤਾਬ ਹਾਸਿਲ ਕੀਤਾ ਸੀ।

ਅਮਰੀਕਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਭਾਰਤ ਵਿੱਚ ਵੀ ਸਰਾਹਿਆ ਜਾ ਰਿਹਾ ਹੈ।

ਉਹ ਕਹਿੰਦੇ ਹਨ, “ਮੈਂ ਦੱਖਣ-ਪੂਰਬੀ ਕਾਨਫਰੰਸ ਵਿੱਚ ਆਪਣੀ ਯੂਨੀਵਰਸਿਟੀ ਲਈ ਸੋਨ ਤਮਗਾ ਜਿੱਤ ਕੇ ਬਹੁਤ ਖੁਸ਼ ਹਾਂ। ਕਿਉਂਕਿ ਮੈਂ ਇੱਕ ਘੰਟੇ ਬਾਅਦ 800 ਮੀਟਰ ਦੌੜ ਵਿੱਚ ਹਿੱਸਾ ਲੈਣਾ ਸੀ ਇਸ ਲਈ ਮੈਂ 1500 ਮੀਟਰ ਵਿੱਚ ਆਪਣਾ 100 ਫ਼ੀਸਦ ਨਹੀਂ ਦਿੱਤਾ।”

“ਮੈਂ ਇੱਕ ਆਰਾਮਦਾਇਕ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਸਿਰਫ਼ ਫਾਈਨਲ 200 ਮੀਟਰ ਵਿੱਚ ਆਪਣੀ ਜਾਨ ਲਾਈ।”

ਪਰਵੇਜ਼ ਦਾ ਕਹਿਣਾ ਹੈ,“ਜੇਕਰ ਮੈਂ ਸਿਰਫ 1500 ਮੀਟਰ ਦੌੜ ਵਿੱਚ ਹਿੱਸਾ ਲੈ ਰਿਹਾ ਹੁੰਦਾ ਤਾਂ ਮੈਂ ਆਪਣੇ ਸਮੇਂ ਵਿੱਚ ਸੁਧਾਰ ਕਰ ਸਕਦਾ ਸੀ,।”

ਪਰਵੇਜ਼

ਤਸਵੀਰ ਸਰੋਤ, Saurabh Duggal/BBC

ਤਸਵੀਰ ਕੈਪਸ਼ਨ, ਪਰਵੇਜ਼ ਆਪਣੇ ਓਲੰਪਿਕ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ

ਓਲੰਪਿਕ ਦਾ ਸੁਫ਼ਨਾ

ਐੱਸਈਸੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚੰਗੇ ਪ੍ਰਦਰਸ਼ਨ ਦੇ ਚਲਦਿਆਂ ਉਨ੍ਹਾਂ ਨੂੰ 22 ਤੋਂ 25 ਮਈ ਨੂੰ ਹੋਣ ਵਾਲੀ ਈਸਟਰਨ ਕਾਨਫਰੰਸ ਚੈਂਪੀਅਨਸ਼ਿਪ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਜਿਸ ਵਿੱਚ ਉਹ 800 ਮੀਟਰ ਅਤੇ 1500 ਮੀਟਰ ਦੋਵਾਂ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਜੇ ਉਹ ਈਸਟਰਨ ਕਾਨਫਰੰਸ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕਰਵਾਉਂਦੇ ਹਨ ਤਾਂ ਉਹ ਜੂਨ ਵਿੱਚ ਹੋਣ ਵਾਲੀ ਨੈਸ਼ਨਲ ਕਾਲਜੀਏਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹੀ ਹਿੱਸਾ ਲੈ ਸਕਣਗੇ।

ਇਸ ਨੂੰ ਅਮਰੀਕਾ ਵਿੱਚ ਕਾਲਜੀਏਟ ਐਥਲੀਟਾਂ ਲਈ ਸਭ ਤੋਂ ਉੱਚੀ ਚੈਂਪੀਅਨਸ਼ਿਪ ਮੰਨਿਆ ਜਾਂਦਾ ਹੈ।

ਪਰਵੇਜ਼ ਦਾ ਕਹਿਣਾ ਹੈ ਕਿ, “ਮੈਂ 800 ਮੀਟਰ ਅਤੇ 1500 ਹੈ ਦੌੜ ਦੋਨਾਂ ਵਿੱਚ ਕੁਆਲੀਫ਼ਾਈ ਕੀਤਾ ਹੈ, ਪਰ ਕਿਉਂਕਿ ਦੋਵੇਂ ਦੌਵੇਂ ਦੌੜਾਂ ਈਸਟਰਨ ਕਾਨਫਰੰਸ ਵਿੱਚ ਇੱਕੋ ਦਿਨ ਹੋਣਗੀਆਂ, ਇਸ ਲਈ ਮੈਂ ਸਿਰਫ ਇੱਕ ਦੌੜ ਵਿੱਚ ਹਿੱਸਾ ਲੈਣਾ ਬਿਹਤਰ ਸਮਝਦਾ ਹਾਂ ਅਤੇ ਮੈਂ 1500 ਮੀਟਰ ਈਵੈਂਟ 'ਤੇ ਧਿਆਨ ਕੇਂਦਰਿਤ ਕਰਾਂਗਾ।”

“ਜਿਸ ਤਰ੍ਹਾਂ ਦਾ ਟਰੇਨਿੰਗ ਰੁਟੀਨ ਚੱਲ ਰਹੀ ਹੈ, ਮੈਨੂੰ ਅਮਰੀਕਾ ਵਿੱਚ ਕਾਲਜੀਏਟ ਐਥਲੈਟਿਕਸ ਵਿੱਚ ਚੰਗੇ ਪ੍ਰਦਰਸ਼ਨ ਦਾ ਯਕੀਨ ਹੈ।”

“ਹਾਲ ਹੀ ਵਿੱਚ, ਮੈਂ ਅਮਰੀਕਾ ਵਿੱਚ ਦੋ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਮੈਨੂੰ ਭਰੋਸਾ ਹੈ ਕਿ ਜਦੋਂ ਬੁੱਧਵਾਰ ਨੂੰ ਮਰਦਾਂ ਦੀ 1500 ਮੀਟਰ ਵਿੱਚ ਵਿਸ਼ਵ ਰੈਂਕਿੰਗ ਨੂੰ ਅਪਡੇਟ ਕੀਤਾ ਜਾਵੇਗਾ ਤਾਂ ਮੈਂ ਚੋਟੀ ਦੇ 75 ਖਿਡਾਰੀਆਂ ਵਿੱਚ ਹੋਵਾਂਗਾ।”

ਪਰਵੇਜ਼ ਕਹਿੰਦੇ ਹਨ,“ਜੇਕਰ ਮੈਂ ਐੱਨਸੀਸੀਏ ਤੱਕ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਾ ਹਾਂ ਤਾਂ ਮੈਂ ਆਪਣੀ ਵਿਸ਼ਵ ਰੈਂਕਿੰਗ ਵਿੱਚ ਹੋਰ ਸੁਧਾਰ ਕਰ ਸਕਦਾ ਹਾਂ ਅਤੇ ਸਿਖਰਲੇ 48 ਵਿੱਚ ਆਉਣ ਨਾਲ 2024 ਪੈਰਿਸ ਓਲੰਪਿਕ ਲਈ ਯੋਗਤਾ ਯਕੀਨੀ ਬਣ ਜਾਵੇਗੀ।”

ਫਲੋਰੀਡਾ ਯੂਨੀਵਰਸਿਟੀ ਵੱਲੋਂ ਪਰਵੇਜ਼ ਨੂੰ ਚਾਰ ਸਾਲਾਂ ਦੀ ਖੇਡ ਸਕਾਲਰਸ਼ਿਪ ਦਿੱਤੀ ਗਈ ਹੈ।

ਪਰਵੇਜ਼

ਤਸਵੀਰ ਸਰੋਤ, Saurabh Duggal/BBC

ਤਸਵੀਰ ਕੈਪਸ਼ਨ, ਸ਼ੁਰੂਆਤ ਵਿੱਚ ਪਰਵੇਜ਼ ਨੇ ਸਹੂਲਤਾਂ ਦੀ ਘਾਟ ਅਤੇ ਆਰਥਿਕ ਤੰਗੀ ਦਾ ਸਾਹਮਣਾ ਕੀਤਾ

ਔਕੜਾਂ ਨੂੰ ਮਾਤ ਦੇਣਾ

ਪਰਵੇਜ਼ ਇੱਕ ਆਰਥਿਕ ਪੱਖੋਂ ਮੱਧ-ਵਰਗੀ ਪਰਿਵਾਰ ਨਾਲ ਸਬੰਧਿਤ ਹਨ। ਉਨ੍ਹਾਂ ਨੇ ਬਚਪਣ ਵਿੱਚ ਆਰਥਿਕ ਤੰਗੀਆਂ ਜ਼ਰੀਆ ਅਤੇ ਜ਼ਿਲ੍ਹੇ ਵਿੱਚ ਐਥਲੈਟਿਕਸ ਟਰੈਕਾਂ ਦੀ ਅਣਹੋਂਦ ਦੇ ਬਾਵਜੂਦ ਆਪਣੀ ਖੇਡ ਜਾਰੀ ਰੱਖੀ।

ਉਨ੍ਹਾਂ ਦੇ ਪਿਤਾ ਇੱਕ ਛੋਟੇ ਕਿਸਾਨ ਹਨ ਅਤੇ ਦੋ ਭਰਾ ਵੀ ਖੇਤੀ ਵਿੱਚ ਪਿਤਾ ਦੀ ਮਦਦ ਕਰਦੇ ਹਨ। ਪਰਵੇਜ਼ ਦਾ ਇੱਕ ਹੋਰ ਹੋਰ ਭਰਾ ਗੁੜਗਾਓਂ ਵਿੱਚ ਕੈਬ ਚਲਾਉਂਦਾ ਹੈ।

ਪਰ ਇਹ ਪਰਵੇਜ਼ ਦੀ ਦ੍ਰਿੜਤਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਗਰੀਬੀ ਤੋਂ ਬਾਹਰ ਨਿਕਲਣ ਅਤੇ ਖੇਡਾਂ ਵਿੱਚ ਆਪਣਾ ਕਰੀਅਰ ਬਣਾਉਣ ਵਿੱਚ ਸਹਾਇਤਾ ਕੀਤੀ।

ਬਿਨ੍ਹਾਂ ਸਹੂਲਤਾਂ ਦੇ ਖੇਡ ਨੂੰ ਬਰਕਰਾਰ ਰੱਖਦਿਆਂ ਹੀ ਉਨ੍ਹਾਂ ਨੇ ਹਰਿਆਣਾ ਦੀਆਂ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਦਰਜ ਕਰਵਾਈ ਸੀ।

ਸੂਬਾ ਪੱਧਰੀ ਅੰਡਰ-16 ਸੂਬਾ ਪੱਧਰੀ ਮੁਕਾਬਲੇ ਲਈ ਜਦੋਂ ਪਰਵੇਜ਼ ਤਿਆਰੀ ਕਰ ਰਹੇ ਸਨ ਉਸ ਸਮੇਂ ਉਨ੍ਹਾਂ ਨੂੰ ਕਈ ਸਾਥੀ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਨਵੇਂ ਗ਼ੁਰ ਵੀ ਸਿੱਖਣ ਨੂੰ ਮਿਲੇ।

ਕੁਝ ਸਮੇਂ ਬਾਅਦ ਪਰਵੇਜ਼ ਨੂੰ ਅਹਿਸਾਸ ਹੋਇਆ ਕਿ ਮੇਵਾਤ ਦੀ ਚੁਣੌਤੀਪੂਰਨ ਸਿਖਲਾਈ ਉਨ੍ਹਾਂ ਨੂੰ ਅਗਾਂਹ ਮੁਕਾਬਲਿਆਂ ਦੇ ਯੋਗ ਹੋਣ ਦੇ ਸਮਰੱਥ ਬਣਾਉਣ ਲਈ ਕਾਫ਼ੀ ਨਹੀਂ ਹੈ ਤੇ ਉਹ ਨਵੀਂ ਦਿੱਲੀ ਆ ਗਏ।

ਦਿੱਲੀ ਵਿੱਚ ਆਪਣੇ ਚਾਚੇ ਕੋਲ ਰਹਿੰਦਿਆਂ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸਿਖਲਾਈ ਲੈਣ ਸ਼ੁਰੂ ਕਰ ਦਿੱਤੀ।

ਦਿੱਲੀ ਵਿੱਚ ਰਹਿੰਦਿਆਂ ਉਨ੍ਹਾਂ ਨੇ 2020 ਵਿੱਚ ਖੇਲੋ ਇੰਡੀਆ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਫ਼ਿਰ ਪਰਵੇਜ਼ ਬਿਹਤਰ ਸੰਭਾਵਨਾਵਾਂ ਲਈ ਭੋਪਾਲ ਚਲੇ ਗਏ।

ਭੋਪਾਲ ਵਿੱਚ ਹੀ ਉਹ ਅਥਲੈਟਿਕਸ ਕੋਚ ਅਨੁਪਮਾ ਸ਼੍ਰੀਵਾਸਤਵ ਦੇ ਸੰਪਰਕ ਵਿੱਚ ਆਏ ਜੋ ਉਨ੍ਹਾਂ ਦੇ ਕਰੀਅਰ ਵਿੱਚ ਇੱਕ ਮੋੜ ਸਾਬਤ ਹੋਇਆ।

ਪਰਵੇਜ਼ ਦੱਸਦੇ ਹਨ ਕਿ,“ਸ਼ੁਰੂਆਤ ਵਿੱਚ ਜਦੋਂ ਤੱਕ ਮੱਧ ਪ੍ਰਦੇਸ਼ ਦੀ ਸੂਬਾ ਅਕੈਡਮੀ ਵਿੱਚ ਦਾਖਲਾ ਨਹੀਂ ਸੀ ਮਿਲਿਆ ਉਸ ਸਮੇਂ ਤੱਕ ਮੈਨੂੰ ਆਪਣੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਖੁਦ ਕਰਨਾ ਪਿਆ।”

“ਮੇਰੀਆਂ ਆਪਣੀਆਂ ਵਿੱਤੀ ਦਿੱਕਤਾਂ ਸਨ ਤੇ ਮੇਰੇ ਲਈ ਭੋਪਾਲ ਵਿੱਚ ਆਪਣੇ ਠਹਿਰਨ ਅਤੇ ਸਿਖਲਾਈ ਲਈ ਫੰਡ ਦੇਣਾ ਬਹੁਤ ਔਖਾ ਸੀ ਉਸ ਮੁਸ਼ਕਿਲ ਦੌਰ ਵਿੱਚ ਮੇਰੀ ਕੋਚ ਅਨੁਪਮਾ ਨੇ ਮੇਰੀ ਬਹੁਤ ਮਦਦ ਕੀਤੀ।”

ਪਰਵੇਜ਼ ਨੂੰ 1500 ਮੀਟਰ ਦੌੜ 'ਤੇ ਵਧੇਰੇ ਧਿਆਨ ਦੇਣ ਲਈ ਵੀ ਅਨੁਪਮਾ ਨੇ ਹੀ ਉਤਸ਼ਾਹਿਤ ਕੀਤਾ ਸੀ।

ਪਰਵੇਜ਼ ਲਈ ਵੱਡਾ ਮੌਕਾ 2021 ਵਿੱਚ ਆਇਆ ਜਦੋਂ ਉਨ੍ਹਾਂ ਨੇ ਸੀਨੀਅਰ ਸਰਕਟ ਵਿੱਚ ਕੌਮੀ ਪੱਧਰ ਉੱਤੇ ਸੋਨ ਤਮਗਾ ਜਿੱਤਿਆ। ਇਹ ਵਾਰੰਗਲ ਵਿੱਚ ਹੋਈ ਓਪਨ ਨੈਸ਼ਨਲ ਚੈਂਪੀਅਨਸ਼ਿਪ ਸੀ ਜਿਸ ਵਿੱਚ ਉਨ੍ਹਾਂ ਨੇ 1500 ਮੀਟਰ ਦਾ ਤਗਮਾ ਆਪਣੇ ਨਾਮ ਕੀਤਾ ਸੀ।

ਪ੍ਰਦਰਸ਼ਨ ਨੇ ਉਨ੍ਹਾਂ ਨੂੰ ਭਾਰਤੀ ਜਲ ਸੈਨਾ ਵਿੱਚ ਨੌਕਰੀ ਦਿੱਤੀ।

ਇਹ ਵੀ ਪੜ੍ਹੋ-
ਪਰਵੇਜ਼

ਤਸਵੀਰ ਸਰੋਤ, Saurabh Duggal/BBC

ਤਸਵੀਰ ਕੈਪਸ਼ਨ, ਜਿੱਤ ਦਰਜ ਕਰਵਾਉਣ ਤੋਂ ਬਾਅਦ ਦਾ ਪਰਵੇਜ਼ ਦਾ ਇੱਕ ਅੰਦਾਜ

ਨੌਕਰੀ ਲਈ ਖੇਡ ਦੀ ਚੋਣ

ਪਰਵੇਜ਼ ਦੱਸਦੇ ਹਨ, “ਮੇਵਾਤ ਵਿੱਚ ਲੋਕਾਂ ਕੋਲ ਬਹੁਤ ਘੱਟ ਜ਼ਮੀਨ ਜਾਇਦਾਦ ਹੈ ਅਤੇ ਇੱਥੇ ਨੌਕਰੀਆਂ ਦੇ ਮੌਕੇ ਵੀ ਬਹੁਤ ਘੱਟ ਹਨ, ਇਸ ਲਈ ਸਾਡੇ ਇਲਾਕੇ ਦੇ ਨੌਜਵਾਨਾਂ ਲਈ ਸੁਰੱਖਿਆ ਬਲਾਂ ਵਿੱਚ ਨੌਕਰੀ ਹੀ ਇੱਕ ਵਧੀਆ ਜੀਵਨ ਦਾ ਵਿਕਲਪ ਹੈ।”

“ਜਦੋਂ ਮੈਂ ਦੌੜਨਾ ਸ਼ੁਰੂ ਕੀਤਾ ਤਾਂ ਮੇਰਾ ਧਿਆਨ ਸਿਰਫ਼ ਨੌਕਰੀ 'ਤੇ ਸੀ, ਪਰ ਬਾਅਦ ਵਿੱਚ ਜਦੋਂ ਮੈਂ ਅਥਲੀਟਾਂ ਨਾਲ ਮੁਲਾਕਾਤ ਕੀਤੀ ਅਤੇ ਮੇਰਾ ਟੀਚਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਵਿੱਚ ਬਦਲ ਗਿਆ।"

ਪਰਵੇਜ਼ ਸਿਰ 1500 ਮੀਟਰ ਦੀ ਦੌੜ ਦਾ ਰਾਸ਼ਟਰੀ ਰਿਕਾਰਡ ਵੀ ਦਰਜ ਹੈ।

ਉਨ੍ਹਾਂ ਦੀ ਕੋਚ ਅਨੁਪਮਾ ਦਾ ਕਹਿਣਾ ਹੈ ਕਿ ਉਹ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ।

“ਪਰਵੇਜ਼ ਇੱਕ ਬਹੁਤ ਹੀ ਦ੍ਰਿੜ ਇਰਾਦੇ ਵਾਲੇ ਅਤੇ ਅਨੁਸ਼ਾਸਿਤ ਐਥਲੀਟ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ।”

ਅਨੁਪਮਾ ਦੱਸਦੇ ਹਨ,“ਮੈਨੂੰ ਅਜੇ ਵੀ ਯਾਦ ਹੈ ਕਿ ਉਹ 2022 ਵਿੱਚ ਬੰਗਲੌਰ ਵਿੱਚ ਸੀਨੀਅਰ ਨੈਸ਼ਨਲ ਦੇ ਮੁਕਬਾਲਿਆਂ ਤੋਂ ਠੀਕ ਪਹਿਲਾਂ ਪਰਵੇਜ਼ ਦਾ ਢਿੱਡ ਦਰਦ ਹੋਣ ਲੱਗਿਆ ਸੀ ਪਰ ਉਸ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ ਅਤੇ ਸੋਨਾ ਜਿੱਤਿਆ।”

ਪਰਵੇਜ਼

ਤਸਵੀਰ ਸਰੋਤ, Saurabh Duggal/BBC

ਤਸਵੀਰ ਕੈਪਸ਼ਨ, ਪਰਵੇਜ਼ ਨੇ ਫਲੋਰੀਡਾ ਯੂਨੀਵਰਸਿਟੀ ਵਿੱਚ ਇੱਕ ਖੇਡ ਫੈਲੋਸ਼ਿਪ ਦੇ ਤਹਿਤ ਦਾਖਲਾ ਹਾਸਲ ਕੀਤਾ ਹੈ।

ਅਮਰੀਕਾ ਦਾ ਸੁਫ਼ਨਾ

ਕੌਮੀ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਰਵੇਜ਼ ਨੂੰ 2023 ਏਸ਼ੀਅਨ ਖੇਡਾਂ ਲਈ ਰਾਸ਼ਟਰੀ ਕੈਂਪ ਵਿੱਚ ਜਗ੍ਹਾ ਮਿਲੀ।

ਇੱਕ ਕੈਂਪ ਦੌਰਾਨ ਲੱਗੀ ਸੱਟ ਨੇ ਮਹਾਂਦੀਪੀ ਖੇਡਾਂ ਵਿੱਚ ਹਿੱਸਾ ਲੈਣ ਦੀਆਂ ਪਰਵੇਜ਼ ਦੀਆਂ ਆਸਾਂ ਨੂੰ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਲਈ ਇੱਕ ਅਮਰੀਕੀ ਯੂਨੀਵਰਸਿਟੀ ਵਿੱਚ ਕੰਮ ਕਰਨ ਦਾ ਮੌਕਾ ਖੋਲ੍ਹਿਆ।

ਉਹ ਦੱਸਦੇ ਹਨ ਕਿ, “ਭਾਰਤ ਵਿੱਚ ਇੱਕ ਰਾਸ਼ਟਰੀ ਕੈਂਪ ਤੋਂ ਬਾਅਦ ਅਸੀਂ ਕੋਲੋਰਾਡੋ ਵਿੱਚ ਅਮਰੀਕਾ ਦੇ ਓਲੰਪਿਕ ਸਿਖਲਾਈ ਕੇਂਦਰ ਵਿੱਚ ਇੱਕ ਕੈਂਪ ਲਗਾਇਆ, ਜਿੱਥੇ ਸਿਖਲਾਈ ਦੌਰਾਨ, ਮੇਰੇ ਖੱਬੇ ਪੈਰ ਵਿੱਚ ਦੀ ਹੱਡੀ ਟੁੱਟ ਗਈ।”

“ਸੱਟ ਕਾਰਨ ਮੈਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਗੁਆ ਦਿੱਤਾ। ਇਸ ਤੋਂ ਬਾਅਦ ਮੈਂ ਅਮਰੀਕਾ ਵਿੱਚ ਇੱਕ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਲਈ ਅਰਜ਼ੀ ਦਿੱਤੀ।”

ਇੱਕ ਕੋਚ ਵੱਲੋਂ ਮਦਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਫਲੋਰੀਡਾ ਯੂਨੀਵਰਸਿਟੀ ਵਿੱਚ ਇੱਕ ਖੇਡ ਫੈਲੋਸ਼ਿਪ ਦੇ ਤਹਿਤ ਦਾਖਲਾ ਹਾਸਲ ਕਰ ਲਿਆ।

ਪਰਵੇਜ਼ ਲਈ ਅਮਰੀਕਨ ਯੂਨੀਵਰਸਿਟੀ ਵਿੱਚ ਸਹਿਜ ਹੋਣਾ ਸੌਖਾ ਨਹੀਂ ਸੀ।

ਅਮਰੀਕਾ ਵਿੱਚ ਜ਼ਿੰਦਗੀ ਸ਼ੁਰੂ ਕਰਨ ਵਿੱਚ ਕੁਝ ਚੁਣੌਤੀਆਂ ਵੀ ਸਨ।

ਪਰਵੇਜ਼ ਕਹਿੰਦੇ ਹਨ, “ਮੈਂ ਜਿਸ ਇਲਾਕੇ ਤੋਂ ਆਇਆ ਹਾਂ, ਅੰਗਰੇਜ਼ੀ ਭਾਸ਼ਾ ਮੇਰੇ ਲਈ ਇੱਕ ਵੱਡਾ ਮਸਲਾ ਰਹੀ ਹੈ। ਸ਼ੁਰੂਆਤ ਵਿੱਚ ਭਾਸ਼ਾ ਵਿੱਚ ਮੇਰੀਆਂ ਸੀਮਾਵਾਂ ਕਾਰਨ, ਮੇਰੇ ਲਈ ਦੂਜੇ ਵਿਦਿਆਰਥੀਆਂ ਨਾਲ ਤਾਲਮੇਲ ਬਣਾਉਣਾ ਔਖਾ ਹੋ ਗਿਆ ਸੀ।”

“ਪਰ ਮੈਂ ਅੰਗਰੇਜ਼ੀ ਭਾਸ਼ਾ ਅਤੇ ਇਥੋਂ ਦੇ ਵਾਤਾਵਰਣ ਵਿੱਚ ਰਹਿਣਾ ਸਿੱਖਿਆ।”

ਉਹ ਦੱਸਦੇ ਹਨ, "ਇੱਥੇ ਯੂਨੀਵਰਸਿਟੀ ਪੱਧਰ 'ਤੇ ਖੇਡ ਸਹੂਲਤਾਂ ਸ਼ਾਨਦਾਰ ਹਨ ਅਤੇ ਮੈਨੂੰ ਉਮੀਦ ਹੈ ਕਿ ਮੇਰਾ ਇੱਥੇ ਸਮਾਂ ਕੌਮਾਂਤਰੀ ਪੱਧਰ 'ਤੇ ਭਾਰਤ ਨੂੰ ਮਾਣ ਦਿਵਾਉਣ ਵਿੱਚ ਯੋਗਦਾਨ ਪਾਵੇਗਾ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)