ਇਸ ਫੌਜੀ ਜਰਨੈਲ ਨੇ ਆਖਰੀ ਜੰਗ ਤੋਂ ਪਹਿਲਾਂ ਆਪਣੀਆਂ 63 ਪਤਨੀਆਂ ਦਾ ਕਤਲ ਕਿਉਂ ਕੀਤਾ

ਅਫਜ਼ਲ ਖਾਨ

ਤਸਵੀਰ ਸਰੋਤ, RAO SAHEB G.K

    • ਲੇਖਕ, ਵਕਾਰ ਮੁਸਤਫਾ
    • ਰੋਲ, ਖੋਜਕਰਤਾ

ਕਰਨਾਟਕ ਦੇ ਬੀਜਾਪੁਰ ਵਿੱਚ ਇੱਕ ਥੜ੍ਹੇ ਉੱਤੇ ਕਬਰਾਂ ਦੀਆਂ ਸੱਤ ਕਤਾਰਾਂ ਹਨ।

ਪਹਿਲੀਆਂ ਚਾਰ ਪੰਕਤੀਆਂ ਵਿੱਚ ਗਿਆਰਾਂ, ਪੰਜਵੀਂ ਪੰਗਤੀ ਵਿੱਚ ਪੰਜ ਅਤੇ ਛੇਵੀਂ ਤੇ ਸੱਤਵੀਂ ਪੰਗਤੀ ਵਿੱਚ ਸੱਤ।

ਇੱਥੇ ਕੁੱਲ 63 ਕਬਰਾਂ ਹਨ।

ਉਨ੍ਹਾਂ ਦੀ ਇੱਕ ਬਰਾਬਰ ਵਿੱਥ, ਅਕਾਰ ਅਤੇ ਡਿਜ਼ਾਈਨ ਤੋਂ ਲਗਦਾ ਹੈ ਕਿ ਇਨ੍ਹਾਂ ਕਬਰਾਂ ਵਿੱਚ ਦਫ਼ਨ ਲੋਕਾਂ ਦੀ ਮੌਤ ਲਗਭਗ ਇੱਕੋ ਸਮੇਂ ਹੋਈ ਸੀ।

ਕਬਰਾਂ ਦੇ ਉੱਪਰਲੇ ਚਪਟੇ ਹਿੱਸੇ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਔਰਤਾਂ ਦੀਆਂ ਕਬਰਾਂ ਹਨ।

ਕਰਨਾਟਕ ਦੇ ਬੀਜਾਪੁਰ ਦਾ ਨਾਮ ਸਾਲ 2014 ਵਿੱਚ ਬਦਲ ਕੇ ਵਿਜੇਪੁਰ ਕਰ ਦਿੱਤਾ ਗਿਆ ਸੀ।

ਸ਼ਹਿਰ ਦੇ ਇੱਕ ਕੋਨੇ ਵਿੱਚ ਛੁਪਿਆ ਇਹ ‘ਟੂਰਿਸਟ ਸਪਾਟ’ ‘ਸਿਕਸਟੀ ਗ੍ਰੇਵਜ਼’ ਵਜੋਂ ਜਾਣਿਆ ਜਾਂਦਾ ਹੈ।

ਇਹ ਸ਼ਹਿਰ 1668 ਤੱਕ ਆਦਿਲ ਸ਼ਾਹੀ ਸ਼ਾਸਕਾਂ ਦੀ ਰਾਜਧਾਨੀ ਰਿਹਾ।

ਬੀਜਾਪੁਰ ਸਲਤਨਤ ਦੇ ਕਮਾਂਡਰ ਅਫਜ਼ਲ ਖਾਨ ਨੇ ਬੀਜਾਪੁਰ ਸਾਮਰਾਜ ਦੇ ਦੱਖਣ ਦਿਸ਼ਾ ਵੱਲ ਵਾਧੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਉਹੀ ਅਫਜ਼ਲ ਖਾਨ ਸਨ ਜਿਨ੍ਹਾ ਨੂੰ ਮਰਾਠਾ ਸੈਨਾਪਤੀ ਸ਼ਿਵਾਜੀ ਨੇ ਆਪਣੇ ਬਾਘ ਨਖ ਨਾਲ ਮਾਰਿਆ ਸੀ।

ਸੰਨ 1659 ਵਿੱਚ ਬੀਜਾਪੁਰ ਦੇ ਤਤਕਾਲੀ ਸੁਲਤਾਨ ਅਲੀ ਆਦਿਲ ਸ਼ਾਹ ਦੂਜੇ ਨੇ ਅਫ਼ਜ਼ਲ ਖਾਨ ਨੂੰ ਸ਼ਿਵਾਜੀ ਨਾਲ ਲੜਨ ਲਈ ਭੇਜਿਆ ਸੀ।

ਭਾਰਤੀ ਪੁਰਾਤੱਤਵ ਸਰਵੇਖਣ ਦੇ ਹੈਨਰੀ ਕਜ਼ਿਨਸ ਦੇ ਅਨੁਸਾਰ, ਇਸ ਮੁਹਿੰਮ 'ਤੇ ਜਾਣ ਤੋਂ ਪਹਿਲਾਂ, ਜੋਤਸ਼ੀਆਂ ਨੇ ਅਫਜ਼ਲ ਖਾਨ ਨੂੰ ਕਿਹਾ ਸੀ ਕਿ ਉਹ ਜੰਗ ਤੋਂ ਜ਼ਿੰਦਾ ਨਹੀਂ ਪਰਤਣਗੇ।

ਬੀਜਾਪੁਰ ਬਾਰੇ ਕਿਤਾਬ

ਤਸਵੀਰ ਸਰੋਤ, BIJAPUR/ BOOK TITLE

ਕਜ਼ਿਨਸ ਨੇ ਆਪਣੀ ਪੁਸਤਕ 'ਬੀਜਾਪੁਰ: ਆਦਿਲ ਸ਼ਾਹੀ ਬਾਦਸ਼ਾਹਾਂ ਦੀ ਪੁਰਾਣੀ ਰਾਜਧਾਨੀ' ਵਿੱਚ ਲਿਖਿਆ ਹੈ ਕਿ ਅਫ਼ਜ਼ਲ ਖ਼ਾਨ ਨੂੰ ਭਵਿੱਖਬਾਣੀਆਂ ਵਿੱਚ ਇੰਨਾ ਵਿਸ਼ਵਾਸ ਸੀ ਕਿ ਉਹ ਹਰ ਕਦਮ ਉਨ੍ਹਾਂ ਵੱਲ ਧਿਆਨ ਦੇ ਕੇ ਚੁੱਕਦੇ ਸਨ।

ਹੈਨਰੀ ਕਜ਼ਿਨਸ 1891 ਤੋਂ 1910 ਤੱਕ ਭਾਰਤੀ ਪੁਰਾਤੱਤਵ ਸਰਵੇਖਣ ਦੇ ਪੱਛਮੀ ਡਿਵੀਜ਼ਨ ਦੇ ਸੁਪਰਡੈਂਟ ਸਨ।

ਸਾਲ 1905 ਵਿੱਚ ਛਪੀ ਇਸ ਪੁਸਤਕ ਵਿੱਚ ਲਿਖਿਆ ਹੈ ਕਿ ਪਰੰਪਰਾ ਅਨੁਸਾਰ ਉਹ ਯਾਨੀ ਅਫਜ਼ਲ ਖਾਨ ਆਪਣੇ ਮਹਿਲ ਦੇ ਨੇੜੇ ਆਪਣਾ ਮਕਬਰਾ ਅਤੇ ਇੱਕ ਮਸਜਿਦ ਬਣਵਾ ਰਿਹਾ ਸੀ।

ਇਹ ਦੋ ਮੰਜ਼ਿਲਾ ਮਸਜਿਦ 1653 ਵਿੱਚ ਮੁਕੰਮਲ ਹੋਈ ਸੀ। ਮੰਨਿਆ ਜਾਂਦਾ ਹੈ ਕਿ ਉਪਰਲੀ ਮੰਜ਼ਿਲ ਔਰਤਾਂ ਲਈ ਰੱਖੀ ਗਈ ਹੋਵੇਗੀ।

ਇਹ ਤਾਰੀਖ ਮਸਜਿਦ ਦੀ ਮਹਿਰਾਬ ਉੱਤੇ ਅਫ਼ਜ਼ਲ ਖ਼ਾਨ ਦੇ ਨਾਮ ਦੇ ਨਾਲ ਦਰਜ ਹੈ।

ਜਦੋਂ ਅਫਜ਼ਲ ਖਾਨ ਨੇ ਸ਼ਿਵਾਜੀ ਵਿਰੁੱਧ ਮੁਹਿੰਮ ਛੇੜਨ ਦਾ ਹੁਕਮ ਦਿੱਤਾ ਉਸ ਸਮੇਂ ਇਹ ਮਕਬਰਾ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

ਸਿਕਸਟੀ ਗ੍ਰੇਵਜ਼

ਤਸਵੀਰ ਸਰੋਤ, SOCIAL MEDIA

ਤਸਵੀਰ ਕੈਪਸ਼ਨ, ਕਰਨਾਟਕ ਦੇ ਵਿਜੇਪੁਰ ਵਿੱਚ ਸਥਿਤ 'ਸਿਕਸਟੀ ਗ੍ਰੇਵਜ਼' ਨਾਮ ਦਾ ਇੱਕ ਸੈਲਾਨੀ ਸਥਾਨ, ਕਿਹਾ ਜਾਂਦਾ ਹੈ ਕਿ ਜਨਰਲ ਅਫਜ਼ਲ ਖਾਨ ਨੇ ਆਪਣੀਆਂ 63 ਪਤਨੀਆਂ ਨੂੰ ਮਾਰਿਆ ਸੀ

'ਪਤਨੀਆਂ ਨੂੰ ਡੋਬ ਕੇ ਮਾਰਨ ਦਾ ਫੈਸਲਾ'

ਅਫਜ਼ਲ ਖਾਨ ਉੱਤੇ ਜੋਤਸ਼ੀਆਂ ਦੀ ਭਵਿੱਖਬਾਣੀ ਦਾ ਇੰਨਾ ਅਸਰ ਹੋਇਆ ਕਿ ਉਨ੍ਹਾਂ ਨੇ ਆਪਣੇ ਮਕਬਰੇ ਦੇ ਪੱਥਰ 'ਤੇ ਆਪਣੀ ਮੌਤ ਦੀ ਮਿਤੀ ਵਜੋਂ ਆਪਣੀ ਵਿਦਾਇਗੀ ਦਾ ਸਾਲ ਲਿਖਿਆ।

ਇਹੀ ਕਾਰਨ ਸੀ ਕਿ ਬੀਜਾਪੁਰ ਛੱਡਣ ਸਮੇਂ ਅਫਜ਼ਲ ਖਾਨ ਅਤੇ ਉਨ੍ਹਾਂ ਦੇ ਸਾਥੀ ਇਹ ਸੋਚ ਕੇ ਘਰੋਂ ਨਿਕਲੇ ਕਿ ਉਹ ਮੁੜ ਕੇ ਨਹੀਂ ਪਰਤਣਗੇ।

ਕਿਤਾਬ ਵਿੱਚ ਲਿਖਿਆ ਹੈ, "ਇਹੀ ਕਾਰਨ ਸੀ ਕਿ ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਡੋਬ ਕੇ ਮਾਰਨ ਦਾ ਫੈਸਲਾ ਕੀਤਾ।"

ਇਤਿਹਾਸਕਾਰ ਲਕਸ਼ਮੀ ਸ਼ਰਤ ਨੇ 'ਦਿ ਹਿੰਦੂ' ਲਈ ਲਿਖਿਆ ਹੈ ਕਿ ਅਫਜ਼ਲ ਖਾਨ ਨੇ ਆਪਣੀਆਂ ਸਾਰੀਆਂ ਪਤਨੀਆਂ ਨੂੰ ਇੱਕ-ਇੱਕ ਕਰਕੇ ਖੂਹ ਵਿਚ ਧੱਕ ਦਿੱਤਾ ਤਾਂ ਜੋ ਯੁੱਧ ਵਿਚ ਮਰਨ ਤੋਂ ਬਾਅਦ ਉਹ ਕਿਸੇ ਹੋਰ ਦੇ ਹੱਥ ਨਾ ਲੱਗ ਜਾਣ।

ਲਕਸ਼ਮੀ ਲਿਖਦੇ ਹਨ, "ਉਨ੍ਹਾਂ ਦੀ ਇੱਕ ਪਤਨੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਾਅਦ ਵਿੱਚ ਫੜੀ ਗਈ ਅਤੇ ਉਸ ਨੂੰ ਵੀ ਮਾਰ ਦਿੱਤਾ ਗਿਆ।"

ਟਵੀਟ

ਤਸਵੀਰ ਸਰੋਤ, twitter

ਹੈਨਰੀ ਕਜ਼ਿਨਸ ਮੁਤਾਬਕ ਇੱਸ ਕੰਪਲੈਕਸ ਵਿੱਚ 63 ਔਰਤਾਂ ਦੀਆਂ ਕਬਰਾਂ ਤੋਂ ਇਲਾਵਾ ਇੱਕ ਹੋਰ ਕਬਰ ਵੀ ਹੈ ਜੋ ਖਾਲੀ ਪਈ ਹੈ।

ਉਹ ਲਿਖਦੇ ਹਨ, "ਸ਼ਾਇਦ ਇੱਕ ਜਾਂ ਦੋ ਔਰਤਾਂ ਬਚ ਗਈਆਂ ਸਨ ਅਤੇ ਖਾਲੀ ਕਬਰ ਇਸੇ ਵੱਲ ਇਸ਼ਾਰਾ ਕਰਦੀ ਹੈ।"

ਇਤਿਹਾਸਕਾਰ ਜਾਦੂਨਾਥ ਸਰਕਾਰ ਦੇ ਅਨੁਸਾਰ, "ਅਫ਼ਜ਼ਲ ਖ਼ਾਨ ਦੀ ਇਸ ਮੁਹਿੰਮ ਬਾਰੇ ਕਈ ਕਹਾਣੀਆਂ ਬਾਅਦ ਦੇ ਸਾਲਾਂ ਵਿੱਚ ਮਸ਼ਹੂਰ ਹੋ ਗਈਆਂ।"

ਅਫ਼ਜ਼ਲ ਖ਼ਾਨ ਕਦੇ ਵਾਪਸ ਨਹੀਂ ਆ ਸਕੇ

ਵਿਕਟੋਰੀਆ ਐਂਡ ਐਲਬਰਟ ਅਜਾਇਬ ਘਰ ਵਿੱਚ ਪਿਆ ਸ਼ਿਵਾ ਜੀ ਦਾ ਬਾਘ ਨਖ

ਤਸਵੀਰ ਸਰੋਤ, VICTORIA AND ALBERT MUSEUM

ਤਸਵੀਰ ਕੈਪਸ਼ਨ, ਵਿਕਟੋਰੀਆ ਐਂਡ ਐਲਬਰਟ ਅਜਾਇਬ ਘਰ ਵਿੱਚ ਪਿਆ ਸ਼ਿਵਾ ਜੀ ਦਾ ਬਾਘ ਨਖ

ਜਾਦੂਨਾਥ ਸਰਕਾਰ ਲਿਖਦੇ ਹਨ, "ਉਨ੍ਹਾਂ ਵਿੱਚੋ ਹੀ ਇੱਕ ਕਹਾਣੀ ਇਹ ਵੀ ਹੈ ਕਿ ਅਫਜ਼ਲ ਖਾਨ ਨੂੰ ਸ਼ਿਵਾਜੀ ਦੇ ਵਿਰੁੱਧ ਆਪਣੀ ਮੁਹਿੰਮ 'ਤੇ ਜਾਣ ਤੋਂ ਪਹਿਲਾਂ, ਇੱਕ ਜੋਤਸ਼ੀ ਨੇ ਉਨ੍ਹਾਂ ਦੇ ਜੰਗ ਤੋਂ ਜਿਉਂਦੇ ਜੀਅ ਨਾ ਮੁੜਨ ਦੀ ਭਵਿੱਖਬਾਣੀ ਕੀਤੀ ਸੀ। ਇਸ ਲਈ ਉਨ੍ਹਾਂ ਨੇ ਆਪਣੀਆਂ 63 ਪਤਨੀਆਂ ਨੂੰ ਬੀਜਾਪੁਰ ਦੇ ਨੇੜੇ ਅਫਜ਼ਲਪੁਰਾ ਵਿੱਚ ਮਾਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕੋਈ ਹੋਰ ਆਦਮੀ ਨਾ ਮਿਲਣ।"

ਖੋਜਕਰਤਾ ਮੁਹੰਮਦ ਅਨੀਸੁਰ ਰਹਿਮਾਨ ਖਾਨ ਦੇ ਅਨੁਸਾਰ, ਕਰਨਾਟਕ ਦੇ ਬੀਜਾਪੁਰ ਵਿੱਚ ਅਲਾਮੀਨ ਮੈਡੀਕਲ ਕਾਲਜ ਦੇ ਨੇੜੇ ਇੱਕ ਪੁਰਾਣੀ ਇਮਾਰਤ ਦੇ ਵਿੱਚ ਇੱਕ ਚਬੂਤਰੇ ਉੱਤੇ ਸੱਤ ਕਤਾਰਾਂ ਵਿੱਚ ਕਈ ਇੱਕੋ ਜਿਹੀਆਂ ਕਬਰਾਂ ਹਨ। ਸਥਾਨਕ ਲੋਕ ਇਸ ਨੂੰ ‘ਸੱਠ ਕਬਰਾਂ’ ਵਜੋਂ ਜਾਣਦੇ ਹਨ।

ਅਨੀਸੁਰ ਰਹਿਮਾਨ ਖ਼ਾਨ ਦੀ ਖੋਜ ਅਨੁਸਾਰ, "ਇਹ ਸਾਰੀਆਂ ਕਬਰਾਂ ਅਫ਼ਜ਼ਲ ਖ਼ਾਨ ਦੀਆਂ ਪਤਨੀਆਂ ਦੀਆਂ ਹਨ, ਜਿਨ੍ਹਾਂ ਦਾ ਉਨ੍ਹਾਂ ਨੇ ਸ਼ਿਵਾਜੀ ਨਾਲ ਯੁੱਧ ਤੋਂ ਪਹਿਲਾਂ ਕਤਲ ਕੀਤਾ ਸੀ ਤਾਂ ਜੋ ਅਫ਼ਜ਼ਲ ਖ਼ਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਕੋਈ ਹੋਰ ਵਿਆਹ ਨਾ ਕਰਨ।"

ਅਫ਼ਜ਼ਲ ਖ਼ਾਨ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਦੇ ਕੋਲ ਦਫ਼ਨਾਇਆ ਜਾਵੇ ਪਰ ਉਹ ਯੁੱਧ ਤੋਂ ਕਦੇ ਵਾਪਸ ਨਹੀਂ ਆਏ।

ਅਨੀਸੁਰ ਰਹਿਮਾਨ ਖਾਨ ਮੁਹੰਮਦ ਸ਼ੇਖ ਇਕਬਾਲ ਚਿਸ਼ਤੀ ਦੇ ਹਵਾਲੇ ਨਾਲ ਲਿਖਦੇ ਹਨ ਕਿ "ਲੋਕਾਂ ਵਿੱਚ ਇਹ ਮਸ਼ਹੂਰ ਹੈ ਕਿ ਇੱਥੇ 60 ਕਬਰਾਂ ਹਨ ਪਰ ਇਹ ਸੱਚ ਨਹੀਂ ਹੈ ਕਿਉਂਕਿ ਇੱਥੇ 64 ਕਬਰਾਂ ਹਨ। ਉਨ੍ਹਾਂ ਵਿੱਚੋਂ ਇੱਕ ਖਾਲੀ ਹੈ।"

ਅਨੀਸੁਰ ਰਹਿਮਾਨ ਖਾਨ ਲਿਖਦੇ ਹਨ, "ਇਹ ਕਬਰਸਤਾਨ ਸ਼ਾਇਦ ਸ਼ਾਹੀ ਪਰਿਵਾਰ ਦੀਆਂ ਔਰਤਾਂ ਲਈ ਰਾਖਵਾਂ ਸੀ। ਉਸ ਸਮੇਂ ਵਿੱਚ ਜੰਗ ਆਮ ਗੱਲ ਸੀ। ਇਸ ਦੇ ਬਾਵਜੂਦ ਕੋਈ ਕਮਾਂਡਰ ਅਗਿਆਨਤਾ ਨਾਲ ਭਰਿਆ ਅਜਿਹਾ ਕਾਇਰਤਾ ਭਰਿਆ ਕਦਮ ਕਿਵੇਂ ਚੁੱਕ ਸਕਦਾ ਹੈ?"

ਅਫ਼ਜ਼ਲ ਖਾਨ ਨੂੰ ਕਿੱਥੇ ਦਫ਼ਨਾਇਆ ਗਿਆ

ਸ਼ਿਵਾਜੀ ਅਤੇ ਅਫ਼ਜ਼ਲ ਖਾਨ

ਤਸਵੀਰ ਸਰੋਤ, SWARAJMAG.COM

ਤਸਵੀਰ ਕੈਪਸ਼ਨ, ਸ਼ਿਵਾਜੀ ਅਤੇ ਅਫ਼ਜ਼ਲ ਖਾਨ

ਲਕਸ਼ਮੀ ਸ਼ਰਤ ਇਨ੍ਹਾਂ ਕਬਰਾਂ ਦੇ ਪਿੱਛੇ ਦੀ ਇਸ ਕਹਾਣੀ ਉੱਪਰ ਯਕੀਨ ਕਰਦੇ ਹਨ।

ਕਬਰਸਤਾਨ ਨੂੰ ਦੇਖਣ ਤੋਂ ਬਾਅਦ ਲਕਸ਼ਮੀ ਸ਼ਰਤ ਨੇ ਲਿਖਿਆ ਕਿ "ਕਾਲੇ ਪੱਥਰ ਦੀਆਂ ਬਣੀਆਂ ਇਹ ਕਬਰਾਂ ਸੁਰੱਖਿਅਤ ਹਨ। ਇਨ੍ਹਾਂ ਵਿੱਚੋਂ ਕੁਝ ਦੇ ਪੱਥਰ ਟੁੱਟੇ ਹੋਏ ਹਨ। ਉੱਥੇ ਇੱਕ ਅਜੀਬ ਜਿਹੀ ਚੁੱਪ ਹੈ, ਜੋ ਉਨ੍ਹਾਂ ਔਰਤਾਂ ਦੀਆਂ ਆਖਰੀ ਚੀਕਾਂ ਨਾਲ ਗੂੰਜ ਰਹੀ ਹੈ, ਜਿਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ ਸੀ ਮੈਨੂੰ ਉੱਥੇ ਇੱਕ ਕੰਬਣੀ ਮਹਿਸੂਸ ਹੋ ਰਹੀ ਸੀ।"

ਉਹ ਅੱਗੇ ਲਿਖਦੇ ਹਨ, "ਜ਼ਾਹਰ ਤੌਰ 'ਤੇ ਅਫਜ਼ਲ ਖਾਨ ਚਾਹੁੰਦਾ ਸੀ ਕਿ ਉਸ ਨੂੰ ਆਪਣੀਆਂ ਪਤਨੀਆਂ ਦੇ ਕੋਲ ਦਫ਼ਨਾਇਆ ਜਾਵੇ ਪਰ ਉਹ ਕਦੇ ਯੁੱਧ ਦੇ ਮੈਦਾਨ ਤੋਂ ਵਾਪਸ ਨਹੀਂ ਆ ਸਕਿਆ।"

ਕਨਜ਼ਿਨਸ ਦੇ ਅਨੁਸਾਰ, "ਅਫ਼ਜ਼ਲ ਖਾਨ ਦੇ ਮਹਿਲ ਦੇ ਖੰਡਰ ਦੇ ਉੱਤਰ ਵੱਲ ਸਥਿਤ ਉਸਦੀ ਕਬਰ ਖਾਲੀ ਰਹਿ ਗਈ ਸੀ।"

ਕਨਜ਼ਿਨਸ ਲਿਖਦੇ ਹਨ, "ਅਫ਼ਜ਼ਲ ਖਾਨ ਤਾਂ ਉਸੇ ਥਾਂ ਦੇ ਨੇੜੇ ਪ੍ਰਤਾਪਗੜ੍ਹ ਵਿੱਚ ਦਫ਼ਨ ਹਨ ਜਿੱਥੇ ਸ਼ਿਵਾਜੀ ਨੇ ਉਸਨੂੰ ਮਾਰਿਆ ਸੀ। ਉਸਦੀ ਲਾਸ਼ ਨੂੰ ਬੀਜਾਪੁਰ ਦੇ ਮਕਬਰੇ ਵਿੱਚ ਨਹੀਂ ਲਿਜਾਇਆ ਗਿਆ ਸੀ।"

ਸ਼ਿਵਾਜੀ ਦੇ ਹੱਥੋਂ ਅਫਜ਼ਲ ਖਾਨ ਦੀ ਮੌਤ ਭਾਰਤੀ ਇਤਿਹਾਸ ਦਾ ਇੱਕ ਦਿਲਚਸਪ ਅਧਿਆਏ ਹੈ। ਸ਼ਿਵਾਜੀ ਨੇ ਅਫਜ਼ਲ ਖਾਨ ਨੂੰ ਬਾਘ ਨਖ ਨਾਲ ਮਾਰਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)