ਭਲਵਾਨਾਂ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ 'ਚੁੱਪੀ' 'ਤੇ ਸਾਕਸ਼ੀ ਮਲਿਕ ਕੀ ਸੋਚਦੇ ਹਨ

ਸਾਕਸ਼ੀ ਮਲਿਕ

ਤਸਵੀਰ ਸਰੋਤ, EPA-EFE/REX/Shutterstock

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ, ਰੋਹਤਕ ਤੋਂ ਆ ਕੇ

"ਦੁੱਖ ਤਾਂ ਦਿੰਦਾ ਹੀ ਹੈ, ਜਿਨ੍ਹਾਂ ਨੇ ਮੈਡਲ ਮਿਲਣ ਕਰਨ 'ਤੇ ਇੰਨਾ ਸਨਮਾਨ ਦਿੱਤਾ ਸੀ, ਘਰ ਬੁਲਾਇਆ ਸੀ ਅਤੇ ਉਹ ਇਸ ਬਾਰੇ ਗੱਲ ਵੀ ਨਹੀਂ ਕਰ ਰਹੇ ਹਨ।"

ਜਦੋਂ ਮੈਂ ਆਪਣੇ ਸਵਾਲਾਂ ਨਾਲ ਰੋਹਤਕ ਵਿੱਚ ਮਹਿਲਾ ਭਲਵਾਨ ਸਾਕਸ਼ੀ ਮਲਿਕ ਦੇ ਅਖਾੜੇ ਵਿੱਚ ਪਹੁੰਚੀ ਤਾਂ ਉਹ ਸਿੱਧੇ ਆਪਣੇ ਮੁੱਦੇ 'ਤੇ ਗੱਲ ਕਰਨ ਨੂੰ ਤਿਆਰ ਨਜ਼ਰ ਆਏ।

ਮੈਂ ਪੁੱਛਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਪੰਜ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਬਾਰੇ ਕੀ ਕਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ, "ਉਨ੍ਹਾਂ ਨੇ ਇਸ ਵਿਸ਼ੇ 'ਤੇ ਅਜੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ, ਜੋ ਕਿ ਬਹੁਤ ਸੰਵੇਦਨਸ਼ੀਲ ਮੁੱਦਾ ਹੈ, ਅਤੇ ਸਾਡੀ ਨਿੱਜੀ ਤੌਰ 'ਤੇ ਵੀ ਉਨ੍ਹਾਂ ਨਾਲ ਮੁਲਾਕਾਤ ਹੋਈ ਹੈ।"

"ਉਨ੍ਹਾਂ ਦੇ ਨਾਲ ਦੁਪਹਿਰ ਦਾ ਖਾਣਾ ਖਾਧਾ ਹੈ, ਬੇਟੀ ਬੁਲਾਉਂਦੇ ਹਨ ਉਹ ਸਾਨੂੰ, ਇਸ ਲਈ ਮੈਂ ਇਹੀ ਕਹਿਣਾ ਚਾਹਾਂਗੀ ਕਿ ਉਹ ਸਾਡੇ ਮੁੱਦੇ ਨੂੰ ਆਪਣੇ ਧਿਆਨ ਵਿੱਚ ਲੈਣ।"

"ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜ਼ਰੂਰ ਪੈ ਕੇ ਬੋਲਣਾ ਚਾਹੀਦਾ ਹੈ ਕਿ ਇਹ ਜੋ ਪੁਲਿਸ ਕਾਰਵਾਈ ਹੈ ਬਿਲਕੁਲ ਨਿਰਪੱਖ ਹੋਣੀ ਚਾਹੀਦੀ ਹੈ, ਜਾਂਚ ਵਿੱਚ ਕੋਈ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ, ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਜਾਂਚ ਨਿਰਪੱਖ ਹੋਵੇ।"

ਬ੍ਰਿਜ ਭੂਸ਼ਣ ਸ਼ਰਣ ਸਿੰਘ ਕੁਸ਼ਤੀ ਖਿਡਾਰੀਆਂ ਨਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬ੍ਰਿਜ ਭੂਸ਼ਣ ਸ਼ਰਣ ਸਿੰਘ ਕੁਸ਼ਤੀ ਖਿਡਾਰੀਆਂ ਨਾਲ

ਇਹ ਪੁੱਛੇ ਜਾਣ 'ਤੇ ਕਿ ਸਰਕਾਰ ਦੇ ਹੋਰ ਕਦਮਾਂ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਕੀ ਸੱਟ ਦਿੰਦੀ ਹੈ ਜਾਂ ਇਹ ਇੰਨੀ ਮਹੱਤਵਪੂਰਨ ਨਹੀਂ ਹੈ।

ਸਾਕਸ਼ੀ ਦੇ ਚਿਹਰੇ ਦਾ ਤਣਾਅ ਥੋੜ੍ਹਾ ਜਿਹਾ ਪਿਘਲ ਗਿਆ ਅਤੇ ਉਨ੍ਹਾਂ ਕਿਹਾ, "ਸੱਟ ਤਾਂ ਦਿੰਦੀ ਹੀ ਹੈ, ਅਸੀਂ ਲਗਭਗ 40 ਦਿਨਾਂ ਤੱਕ ਸੜਕ 'ਤੇ ਸੀ, ਉਦੋਂ ਤੱਕ ਵੀ ਕੁਝ ਨਹੀਂ ਸੀ।"

"ਜਦੋਂ ਅਸੀਂ ਵਿਰੋਧ ਕੀਤਾ ਤਾਂ ਵੀ ਕੁਝ ਨਹੀਂ ਸੀ, ਜਦਕਿ ਉਨ੍ਹਾਂ ਨੂੰ ਸਭ ਪਤਾ ਹੈ ਕਿ ਅਸੀਂ ਕਿਸ ਗੱਲ ਦਾ ਵਿਰੋਧ ਕਰ ਰਹੇ ਹਾਂ।"

ਸਾਕਸ਼ੀ ਮਲਿਕ ਨੇ ਭਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਮਿਲ ਕੇ ਕਰੀਬ ਪੰਜ ਮਹੀਨੇ ਪਹਿਲਾਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਰਹੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ ਆਵਾਜ਼ ਚੁੱਕੀ ਸੀ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਈ ਵਾਰ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਕਰਨਗੇ।

ਵੀਡੀਓ ਕੈਪਸ਼ਨ, ਸਾਕਸ਼ੀ ਮਲਿਕ - ‘ਮੋਦੀ ਜੀ ਬੇਟੀ ਸੱਦਦੇ ਹਨ ਪਰ ਉਨ੍ਹਾਂ ਦੀ ਚੁੱਪੀ ਦੁੱਖ਼ ਦਿੰਦੀ ਹੈ’

ਸਰਕਾਰ ਨੇ ਹੁਣ ਤੱਕ ਕੀ ਕੀਤਾ?

ਜਨਵਰੀ ਵਿੱਚ ਉਨ੍ਹਾਂ ਦੇ ਦਿੱਲੀ ਵਿਚਲੇ ਧਰਨੇ ਤੋਂ ਬਾਅਦ, ਖੇਡ ਮੰਤਰਾਲੇ ਨੇ ਇਲਜ਼ਾਮਾਂ ਦੀ ਜਾਂਚ ਲਈ ਇੱਕ 'ਓਵਰਸਾਈਟ ਕਮੇਟੀ (ਨਿਗਰਾਨੀ ਕਮੇਟੀ)' ਬਣਾਈ, ਜਿਸ ਨੂੰ ਐਸੋਸੀਏਸ਼ਨ ਦੇ ਰੋਜ਼ਾਨਾ ਦੇ ਕੰਮ ਕਰਨ ਦਾ ਜ਼ਿੰਮਾ ਵੀ ਦਿੱਤਾ ਗਿਆ ਹੈ।

‘ਨਿਗਰਾਨ ਕਮੇਟੀ’ ਦੀ ਜਾਂਚ ਖ਼ਤਮ ਹੋਣ ਤੋਂ ਬਾਅਦ ਸਿਫਾਰਿਸ਼ਾਂ ਨੂੰ ਜਨਤਕ ਨਹੀਂ ਕੀਤਾ ਗਿਆ, ਪਰ ਕੁਸ਼ਤੀ ਫੈਡਰੇਸ਼ਨ ਦਾ ਕਾਰਜਭਾਰ ਦੋ ਮੈਂਬਰੀ ‘ਐਡਹਾਕ ਕਮੇਟੀ’ ਨੂੰ ਸੌਂਪ ਦਿੱਤਾ ਗਿਆ।

ਸਾਕਸ਼ੀ ਸਣੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀਆਂ ਸਾਰੀਆਂ ਮਹਿਲਾ ਭਲਵਾਨਾਂ ਨੇ ਨਿਗਰਾਨ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਸ਼ੰਕੇ ਖੜ੍ਹੇ ਕੀਤੇ ਹਨ।

ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਫਿਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਗ੍ਰਹਿ ਮੰਤਰੀ ਅਤੇ ਖੇਡ ਮੰਤਰੀ ਨੇ ਭਲਵਾਨਾਂ ਨਾਲ ਮੁਲਾਕਾਤ ਕੀਤੀ।

ਅਨੁਰਾਗ ਠਾਕੁਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੀਟਿੰਗ ਤੋਂ ਬਾਅਦ ਭਲਵਾਨਾਂ ਨੇ ਲਿਆ ਧਰਨਾ ਵਾਪਸ

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਲਵਾਨਾਂ ਨਾਲ ਬੈਠਕ ਤੋਂ ਬਾਅਦ ਮੀਡੀਆ ਨੂੰ ਦੱਸਿਆ, “ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਪੂਰੀ ਕਰ ਕੇ 15 ਜੂਨ ਤੱਕ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। 30 ਜੂਨ ਤੱਕ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੋ ਜਾਣ, ਉਨ੍ਹਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪਰਿਵਾਰ ਦੇ ਮੈਂਬਰ ਨਾ ਸ਼ਾਮਿਲ ਹੋਣ ਅਤੇ ਕੁਸ਼ਤੀ ਮਹਾਸੰਘ ਵਿੱਚ ਜਿਨਸੀ ਸ਼ੋਸ਼ਣ ਰੋਕਥਾਮ ਲਈ ਅੰਦਰੂਨੀ (ਇਨਟਰਨਲ) ਕਮੇਟੀ ਬਣਾਉਣ ਦੀ ਗੱਲ ਹੋਈ ਹੈ।"

ਇਸ ਮੀਟਿੰਗ ਤੋਂ ਬਾਅਦ ਭਲਵਾਨਾਂ ਨੇ 15 ਜੂਨ ਤੱਕ ਆਪਣੇ ਪ੍ਰਦਰਸ਼ਨਾਂ 'ਤੇ ਰੋਕ ਲਗਾ ਦਿੱਤੀ ਹੈ।

ਸਾਕਸ਼ੀ ਮਲਿਕ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅੰਦੋਲਨ ਖ਼ਤਮ ਹੋ ਗਿਆ ਹੈ।

ਹਾਲਾਂਕਿ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੀ ਮੰਗ 'ਤੇ ਸਰਕਾਰ ਵੱਲੋਂ ਕੋਈ ਭਰੋਸਾ ਨਹੀਂ ਮਿਲਿਆ ਹੈ, "ਸਾਨੂੰ ਖੇਡ ਮੰਤਰੀ ਨੇ ਕਿਹਾ ਹੈ ਕਿ ਚਾਰਜਸ਼ੀਟ 15 ਤਰੀਕ ਤੱਕ ਹੋ ਜਾਵੇਗੀ ਅਤੇ ਇਹ ਜਿੰਨੀ ਮਜ਼ਬੂਤ ਹੋਵੇਗੀ, ਬਾਕੀ ਦੀ ਕਾਰਵਾਈ ਉਸੇ ਮੁਤਾਬਕ ਹੋਵੇਗੀ।"

ਵੀਡੀਓ ਕੈਪਸ਼ਨ, ਬ੍ਰਿਜ ਭੂਸ਼ਣ ਦਾ ਪਿਛੋਕੜ ਕੀ ਹੈ, ਜਿਨ੍ਹਾਂ ਦੇ ਖ਼ਿਲਾਫ਼ ਭਲਵਾਨ ਧਰਨੇ 'ਤੇ ਹਨ
ਬੀਬੀਸੀ

ਹੁਣ ਤੱਕ ਕੀ-ਕੀ ਹੋਇਆ

  • ਇਸ ਸਾਲ 18 ਜਨਵਰੀ ਨੂੰ ਪਹਿਲੀ ਵਾਰ ਮਹਿਲਾ ਭਲਵਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ।
  • ਦੇਸ਼ ਦੇ ਪ੍ਰਮੁੱਖ ਭਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਦਿੱਲੀ ਦੇ ਜੰਤਰ-ਮੰਤਰ ਪਹੁੰਚ ਕੇ ਆਪਣੀ ਆਵਾਜ਼ ਚੁੱਕੀ।
  • ਉਨ੍ਹਾਂ ਨੇ ਰੈਸਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਗੰਭੀਰ ਇਲਜ਼ਾਮ ਲਗਾਏ।
  • ਵਿਨੇਸ਼ ਫੋਗਾਟ ਨੇ ਰੋਂਦਿਆਂ ਹੋਇਆਂ ਕਿਹਾ ਕਿ ਬ੍ਰਿਜ ਭੂਸ਼ਣ ਸਿੰਘ ਅਤੇ ਕੋਚ ਰਾਸ਼ਟਰੀ ਕੈਂਪ 'ਚ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।
  • ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਸੀ ਕਿ 'ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ ਅਤੇ ਜੇਕਰ ਇਹ ਸੱਚ ਸਾਬਿਤ ਹੁੰਦਾ ਹੈ ਤਾਂ ਉਹ ਫਾਂਸੀ 'ਤੇ ਲਟਕਣ ਲਈ ਤਿਆਰ ਹਨ'।
  • ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਦੋਂ ਭਲਵਾਨਾਂ ਨਾਲ ਮੁਲਾਕਾਤ ਕੀਤੀ ਅਤੇ 23 ਜਨਵਰੀ ਨੂੰ ਇਲਜ਼ਾਮਾਂ ਦੀ ਜਾਂਚ ਲਈ ਪੰਜ ਮੈਂਬਰੀ ਨਿਰੀਖਣ ਕਮੇਟੀ ਦਾ ਗਠਨ ਕੀਤਾ।
  • 21 ਅਪ੍ਰੈਲ-ਮਹਿਲਾ ਭਲਵਾਨਾਂ ਨੇ ਦਿੱਲੀ ਦੇ ਕਨਾਟ ਪਲੇਸ ਥਾਣੇ 'ਚ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ, ਪਰ ਪੁਲਿਸ ਨੇ ਐੱਫਆਈਆਰ ਦਰਜ ਨਹੀਂ ਕੀਤੀ।
  • 23 ਅਪ੍ਰੈਲ- ਦੂਜੀ ਵਾਰ ਜੰਤਰ-ਮੰਤਰ ਵਿਖੇ ਧਰਨਾ ਸ਼ੁਰੂ ਹੋਇਆ।
  • 24 ਅਪ੍ਰੈਲ- ਪਾਲਮ 360 ਖਾਪ ਦੇ ਮੁਖੀ ਚੌਧਰੀ ਸੁਰਿੰਦਰ ਸੋਲੰਕੀ ਹਮਾਇਤ ਦੇਣ ਲਈ ਜੰਤਰ-ਮੰਤਰ ਪਹੁੰਚੇ ਅਤੇ ਹੋਰਨਾਂ ਖਾਪਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।
  • 25 ਅਪ੍ਰੈਲ – ਵਿਨੇਸ਼ ਫੋਗਾਟ ਅਤੇ 6 ਹੋਰ ਮਹਿਲਾ ਭਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।
  • ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ,
  • ਬਾਅਦ 'ਚ ਨਾਬਾਲਗ ਭਲਵਾਨ ਦੇ ਪਿਤਾ ਨੇ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ 'ਤੇ ਆਪਣੇ ਬਿਆਨ ਬਦਲ ਲਏ ਸਨ।
  • ਤਿੰਨੇ ਭਲਵਾਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ।
  • ਇਸ ਤੋਂ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਤਿੰਨੋਂ ਭਲਵਾਨਾਂ ਨਾਲ ਮੁਲਾਕਾਤ ਕੀਤੀ।
ਬੀਬੀਸੀ
ਭਲਵਾਨਾਂ ਦਾ ਪ੍ਰਦਰਸ਼

ਨਾਬਾਲਗ਼ ਦੇ ਬਿਆਨ ਅਤੇ ਗ੍ਰਿਫ਼ਤਾਰੀ ਦੀ ਮੰਗ

ਚਾਰਜਸ਼ੀਟ ਲਈ 15 ਜੂਨ ਦੀ ਤੈਅ ਤਰੀਕ ਤੋਂ ਕੁਝ ਦਿਨ ਪਹਿਲਾਂ ਇਸ ਐਤਵਾਰ ਨੂੰ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਆਪਣੇ ਲੋਕ ਸਭਾ ਹਲਕੇ ਕੈਸਰਗੰਜ ਦੇ ਗੋਂਡਾ ਜ਼ਿਲ੍ਹੇ ਦੇ ਵਿੱਚ ਰੈਲੀ ਕੱਢੀ।

ਕੇਂਦਰ ਦੀ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਕੀਤੇ ਗਏ ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਗੱਲ ਨਹੀਂ ਕੀਤੀ, ਸਗੋਂ ਆਪਣੇ ਸੰਬੋਧਨ 'ਚ ਕਵਿਤਾ ਰਾਹੀਂ ਆਪਣਾ ਪੱਖ ਰੱਖਿਆ।

ਉਨ੍ਹਾਂ ਨੇ ਕਿਹਾ ਸੀ, "ਯੇ ਮਿਲਾ ਮੁਝਕੋ ਮੁਹੱਬਤ ਕਾ ਸਿਲਾ, ਬੇਵਫ਼ਾ ਕਹਿ ਕੇ ਮੇਰਾ ਨਾਮ ਲੀਆ ਜਾਤਾ ਹੈ, ਇਸ ਕੋ ਰੁਸਵਾਈ ਕਹੇਂ ਕਿ ਸ਼ੁਹਰਤ ਅਪਨੀ, ਦਬੇ ਹੋਠੋਂ ਸੇ ਮੇਰਾ ਨਾਮ ਲੀਆ ਜਾਤਾ ਹੈ।"

ਇਸ ਦੌਰਾਨ ਪੀੜਤ ਪਹਿਲਵਾਨ ਦਾ ਨਵਾਂ ਬਿਆਨ ਦੇਣ ਦੀਆਂ ਖਬਰਾਂ ਆਈਆਂ ਹਨ, ਜਿਸ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਪੋਕਸੋ ਐਕਟ ਦੀ ‘ਐਗਰਵੇਟਿਡ ਸੈਕਸੁਅਲ ਅਸਾਲਟ’ ਧਾਰਾ ਤਹਿਤ ਐਫਆਈਆਰ ਦਰਜ ਕਰਵਾਈ ਸੀ।

ਇਸ ਵਿਚਾਲੇ ਪੁਲਿਸ ਨੂੰ ਪੋਕਸੋ ਕਾਨੂੰਨ ਦੀ ‘ਐਗਰਵੇਟਿਡ ਸੈਕਸੁਅਲ ਅਸਾਲਟ’ ਦੀ ਧਾਰਾ ਤਹਿਤ ਐੱਫਆਈਆਰ ਦਰਜ ਕਰਵਾਉਣ ਵਾਲੀ ਪੀੜਤਾ ਭਲਵਾਨ ਵੱਲੋਂ ਨਵਾਂ ਬਿਆਨ ਦੇਣ ਦੀਆਂ ਖਬਰਾਂ ਆਈਆਂ ਹਨ।

ਸਾਕਸ਼ੀ ਮਲਿਕ ਨੇ ਕਿਹਾ ਕਿ ਉਹ ਨਾਬਾਲਗ ਦੇ ਸੰਪਰਕ 'ਚ ਨਹੀਂ ਹਨ ਅਤੇ ਨਵਾਂ ਬਿਆਨ ਦੇਣ ਦੇ ਫ਼ੈਸਲੇ ਨੂੰ ਦਬਾਅ 'ਚ ਚੁੱਕਿਆ ਗਿਆ ਕਦਮ ਮੰਨਦੀ ਹੈ।

ਸਾਕਸ਼ੀ ਨੇ ਕਿਹਾ, "ਭਾਵੇਂ ਪੋਕਸੋ ਕੇਸ ਨੂੰ ਹਟਾ ਵੀ ਦਿੱਤਾ ਜਾਂਦਾ ਹੈ, ਇੰਨੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਨੈਤਿਕ ਆਧਾਰ 'ਤੇ ਜਾਂਚ ਲਈ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਕਾਨੂੰਨ ਸਾਰਿਆਂ ਲਈ ਇੱਕ ਨਹੀਂ ਹੈ।"

ਸ਼ਾਕਸੀ ਮਲਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਕਸ਼ੀ ਮਲਿਕ ਨੇ ਕਿਹਾ ਕਿ ਉਹ ਨਾਬਾਲਗ ਦੇ ਸੰਪਰਕ 'ਚ ਨਹੀਂ ਹਨ

ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ‘ਜਿਨਸੀ ਸ਼ੋਸ਼ਣ ਬਣਿਆ ਆਵਾਜ਼ ਚੁੱਕਣ ਦਾ ਕਾਰਨ’

ਪੁਲਿਸ ਕੋਲ ਦਰਜ ਦੋ ਐੱਫਆਈਆਰਜ਼ ਵਿੱਚ ਦਿੱਤੇ ਗਏ ਵੇਰਵਿਆਂ ਵਿੱਚ ਕੁਸ਼ਤੀ ਫੈਡਰੇਸ਼ਨ ਦੇ 12 ਸਾਲਾਂ ਤੱਕ ਪ੍ਰਧਾਨ ਹੋਣ ਕਾਰਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਦਬਦਬੇ ਅਤੇ ਤਾਕਤ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ।

ਭਲਵਾਨਾਂ ਮੁਤਾਬਕ ਜਿਨਸੀ ਸਬੰਧ ਬਣਾਉਣ ਦੀ ਪੇਸ਼ਕਸ਼ ਨੂੰ ਠੁਕਰਾਉਣ ਕਰਕੇ ਹੀ ਉਨ੍ਹਾਂ ਨੂੰ ਅਤੇ ਪ੍ਰਸ਼ਾਸਨ ਦੇ ਨਿਯਮਾਂ ਦੀ ਗ਼ਲਤ ਵਰਤੋਂ ਕਰ ਕੇ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਗਿਆ।

ਪਹਿਲਵਾਨਾਂ ਮੁਤਾਬਕ ਸ਼ੋਸ਼ਣ ਦੀ ਤੁਰੰਤ ਸੂਚਨਾ ਨਾ ਕਰਨ ਦਾ ਇਹੀ ਕਾਰਨ ਸੀ।

ਕਈ ਸ਼ਿਕਾਇਤ ਕਰਨ ਵਾਲਿਆਂ ਮੁਤਾਬਕ, ਉਨ੍ਹਾਂ ਨਾਲ ਇਹ ਘਟਨਾਵਾਂ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਵਾਪਰੀਆਂ ਸਨ, ਜਿਸ ਕਾਰਨ ਉਹ ਬੋਲਣ ਦੀ ਹਿੰਮਤ ਨਹੀਂ ਕਰ ਸਕੀਆਂ।

ਸਾਕਸ਼ੀ ਮਲਿਕ ਦੇ ਮੁਤਾਬਕ ਆਖ਼ਰਕਾਰ ਜਨਵਰੀ 'ਚ ਆਵਾਜ਼ ਚੁੱਕਣ ਦਾ ਕਾਰਨ ਪਿਛਲੇ ਸਾਲ ਵਿਸ਼ਵ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ 'ਚ ਸਾਹਮਣੇ ਆਈ ਜਾਣਕਾਰੀ ਸੀ।

ਸਾਕਸ਼ੀ ਨੇ ਕਿਹਾ, "ਸਾਲ 2022 ਵਿੱਚ, ਇੱਕ ਜਾਂ ਦੋ ਮਹਿਲਾ ਭਲਵਾਨਾਂ ਨੇ ਵਰਲਡ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਵੀ ਜਿਨਸੀ ਸ਼ੋਸ਼ਣ ਬਾਰੇ ਦੱਸਿਆ, ਫਿਰ ਅਸੀਂ ਸਾਰੇ ਇਕੱਠੇ ਬੈਠੇ ਅਤੇ ਮਹਿਸੂਸ ਕੀਤਾ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ।"

ਓਲੰਪਿਕ ਤਮਗਾ ਜੇਤੂ ਬਜਰੰਗ ਪੁਨੀਆ ਵੀ ਧਰਨੇ ਵਿੱਚ ਸ਼ਾਮਿਲ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਲੰਪਿਕ ਤਮਗਾ ਜੇਤੂ ਬਜਰੰਗ ਪੁਨੀਆ ਵੀ ਧਰਨੇ ਵਿੱਚ ਸ਼ਾਮਿਲ ਸਨ

ਸਾਕਸ਼ੀ ਮੁਤਾਬਕ ਉਦੋਂ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਪਰ ਅੱਗੇ ਕੋਈ ਕਾਰਵਾਈ ਨਾ ਹੋਣ ਦੇ ਕਾਰਨ, ਜੰਤਰ-ਮੰਤਰ 'ਤੇ ਧਰਨਾ ਦੇਣ ਦਾ ਫ਼ੈਸਲਾ ਲਿਆ।

ਉਨ੍ਹਾਂ ਨੇ ਕਿਹਾ, "ਅਸੀਂ ਸਿੱਧਾ ਧਰਨਾ ਦੇਣ ਫ਼ੈਸਲਾ ਨਹੀਂ ਕੀਤਾ, ਪਹਿਲਾਂ ਗੱਲਬਾਤ ਰਾਹੀਂ ਹੱਲ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਆਖ਼ਰਕਾਰ ਐੱਫਆਈਆਰ ਤੱਕ ਜਾਣਾ ਪਿਆ।"

ਇਸ ਤੋਂ ਬਾਅਦ ਤੋਂ ਇਹ ਤਿੰਨੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਅੱਗੇ ਦੀ ਯੋਜਨਾ ਨਾਲ ਹੀ ਬਣਾਉਣ ਦਾ ਇਰਾਦਾ ਹੈ।

ਸਰਕਾਰ ਨਾਲ ਹੋਈ ਗੱਲਬਾਤ ਵਿੱਚ ਇੱਕ ਪ੍ਰਮੁੱਖ ਬਿੰਦੂ ਭਲਵਾਨਾਂ ਦੇ ਖ਼ਿਲਾਫ਼ 28 ਮਈ ਨੂੰ ਮੁਜ਼ਾਹਰਿਆਂ ਦੌਰਾਨ ਹਿਰਾਸਤ ਵਿੱਚ ਲਏ ਜਾਣ 'ਤੇ ਦਰਜ ਕੀਤੇ ਗਏ ਪੁਲਿਸ ਕੇਸ ਵਾਪਸ ਲੈਣਾ ਸ਼ਾਮਿਲ ਹੈ।

ਸਾਕਸ਼ੀ ਮੁਤਾਬਕ ਹੁਣ ਤੱਕ ਉਨ੍ਹਾਂ ਦੇ ਖ਼ਿਲਾਫ਼ ਦਰਜ ਐੱਫਆਈਆਰ ਹਟਾਏ ਜਾਣ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਹੈ।

ਅੱਗੇ ਦੀ ਰਣਨੀਤੀ ਲਈ ਹੁਣ ਉਨ੍ਹਾਂ ਨੂੰ ਜੂਨ ਦਾ ਇੰਤਜ਼ਾਰ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)