ਕੁਸ਼ਤੀ ਮਹਾਸੰਘ ਪ੍ਰਧਾਨ ਖ਼ਿਲਾਫ਼ ਜਿਨਸੀ ਸੋਸ਼ਣ ਵਿਰੋਧੀ ਮੋਰਚੇ ਦੀ ਅਗਵਾਈ ਕਰਨ ਵਾਲੇ 5 ਚਿਹਰੇ

ਤਸਵੀਰ ਸਰੋਤ, ANI
- ਲੇਖਕ, ਅਰਸ਼ਦੀਪ ਕੌਰ ਤੇ ਬੁਸ਼ਰਾ ਸ਼ੇਖ਼
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਨਾਮੀ ਪਹਿਲਾਵਾਨ ਵਿਨੇਸ਼ ਫੋਗਾਟ ਸਣੇ ਕਈ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਉੱਤੇ ਸਰੀਰਕ ਸ਼ੋਸ਼ਣ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਵੇਲੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਫੈਡਰੇਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਉੱਤੇ ਹਨ।
ਇਨ੍ਹਾਂ ਭਲਵਾਨਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਲਗਾਇਆ।
ਇਸ ਮਗਰੋਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵਿੱਚ ਫੈਡਰੇਸ਼ਨ ਤੇ ਉਨ੍ਹਾਂ ਦੇ ਪ੍ਰਧਾਨ ਉੱਤੇ ਸੰਗੀਨ ਇਲਜ਼ਾਮ ਲਗਾਏ।
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਹੈ, ‘ਨਹੀਂ ਹੋਇਆ, ਨਹੀਂ ਹੋਇਆ, ਨਹੀਂ ਹੋਇਆ।’

ਤਸਵੀਰ ਸਰੋਤ, ani
ਰੈਸਲਰ ਵਿਨੇਸ਼ ਫੋਗਾਟ ਨੇ ਕਿਹਾ, “ਟੋਕੀਓ ਵਿੱਚ ਮੇਰੀ ਹਾਰ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਨੇ ਮੈਨੂੰ ਖੋਟਾ ਸਿੱਕਾ ਕਿਹਾ। ਫੈਡਰੇਸ਼ਨ ਨੇ ਮੇਰੇ ਉੱਤੇ ਮਾਨਸਿਕ ਅੱਤਿਆਚਾਰ ਕੀਤਾ। ਜੇ ਕਿਸੇ ਵੀ ਭਲਵਾਨ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਫੈਡਰੇਸ਼ਨ ਦੇ ਪ੍ਰਧਾਨ ਜ਼ਿੰਮੇਵਾਰ ਹੋਣਗੇ।”
ਵਿਨੇਸ਼ ਫੋਗਾਟ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, “ਮੈਂ ਵਿਨੇਸ਼ ਫੋਗਾਟ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਓਲੰਪਿਕ ਵਿੱਚ ਇੱਕ ਖ਼ਾਸ ਕੰਪਨੀ ਦੇ ਲੋਗੋ ਦੇ ਕੱਪੜੇ ਕਿਉਂ ਪਹਿਨਦੇ ਹਨ।”
“ਜਦੋਂ ਉਹ ਮੈਚ ਹਾਰੇ ਤਾਂ ਮੈਂ ਉਨ੍ਹਾਂ ਦਾ ਹੌਂਸਲਾ ਹੀ ਵਧਾਇਆ ਸੀ ਤੇ ਪ੍ਰੇਰਿਤ ਹੀ ਕੀਤਾ।”
ਇਸ ਕਾਨਫਰੰਸ ਵਿੱਚ ਮੌਜੂਦ ਰੈਸਲਰ ਬਜਰੰਗ ਪੁਨੀਆ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਫੈਡਰੇਸ਼ਨ ਦੇ ਪ੍ਰਬੰਧਕੀ ਢਾਂਚੇ ਨੂੰ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਨ੍ਹਾਂ ਦੀ ਮਦਦ ਕਰਨਗੇ।

ਤਸਵੀਰ ਸਰੋਤ, ANI
ਫੈਡਰੇਸ਼ਨ ਦੇ ਪ੍ਰਧਾਨ ਨੇ ਕੀ ਕਿਹਾ
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਔਰਤ ਖਿਡਾਰੀਆਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ, “ਜਿਵੇਂ ਹੀ ਮੈਨੂੰ ਪਤਾ ਲਗਿਆ ਕਿ ਦਿੱਲੀ ਵਿੱਚ ਭਲਵਾਨਾਂ ਨੇ ਫੈਡਰੇਸ਼ਨ ਖਿਲਾਫ ਧਰਨਾ ਲਗਾਇਆ, ਉਸ ਵੇਲੇ ਮੈਂ ਫੌਰਨ ਆਇਆ। ਸਭ ਤੋਂ ਵੱਡਾ ਇਲਜ਼ਾਮ ਜੋ ਵਿਨੇਸ਼ ਨੇ ਲਗਾਇਆ ਹੈ ਪਰ ਕੀ ਕੋਈ ਸਾਹਮਣੇ ਆਇਆ ਹੈ? ਜੋ ਇਹ ਕਹਿ ਦੇਵੇ ਕਿ ਫੈਡਰੇਸ਼ਨ ਵਿੱਚ ਇਸ ਖਿਡਾਰੀ ਦਾ ਸ਼ੋਸ਼ਣ ਹੋਇਆ ਹੈ? ਕਿ ਫੈਡਰੇਸ਼ਨ ਦੇ ਮੁਖੀ ਨੇ ਇਸ ਭਲਵਾਨ ਦਾ ਸ਼ੋਸ਼ਣ ਕੀਤਾ ਹੈ।”
ਉਨ੍ਹਾਂ ਨੇ ਕਿਹਾ, “ਸਰੀਰਕ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ। ਜੇ ਅਜਿਹਾ ਕੁਝ ਹੋਇਆ ਹੈ ਤਾਂ ਮੈਂ ਖੁਦ ਨੂੰ ਫਾਂਸੀ ਲਗਾ ਲਵਾਂਗਾ।”

ਕੁਸ਼ਤੀ ਫ਼ੈਡਰੇਸ਼ਨ ਖ਼ਿਲਾਫ਼ ਅੱਗੇ ਆਏ 5 ਮੁੱਖ ਚਿਹਰੇ
- ਵਿਨੇਸ਼ ਫੋਗਾਟ : ਏਸ਼ੀਆ ਅਤੇ ਰਾਸ਼ਟਰ ਮੰਡਲ ਦੋਵਾਂ ਖੇਡਾਂ ਵਿਚ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ, ਪਰ ਉਨ੍ਹਾਂ ਟੋਕੀਓ ਉਲੰਪਿਕ ਵਿਚ ਮੈਡਲ ਜਿੱਤਣ ਤੋਂ ਖੁੰਝ ਗਏ ਸਨ।
- ਬਜਰੰਗ ਪੂਨੀਆ: ਓਲੰਪਿਕ ਤਮਗਾ ਜੇਤੂ, ਵਿਸ਼ਵ ਕੁਸ਼ਤੀ ਮੁਕਾਬਲੇ ਵਿਚ 4 ਤਮਗੇ ਜਿੱਤਣ ਵਾਲਾ ਭਲਵਾਨ
- ਸਾਕਸ਼ੀ ਮਲਿਕ : ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ, ਏਸ਼ੀਆ ਤੇ ਰਾਸ਼ਟਰਮੰਡਲ ਤਮਗੇ ਜਿੱਤਣ ਵਾਲੀ ਭਲਵਾਨ
- ਅੰਸ਼ੂ ਮਲਿਕ : ਓਸਲੋ ਵਿਸ਼ਵ ਚੈਂਪੀਅਨਸਿਪ ਵਿੱਚ ਚਾਂਦੀ ਤਮਗਾ ਜੇਤੂ
- ਰਵੀ ਦਹੀਆ : ਟੋਕੀਓ ਓਲੰਪਿਕ ਦਾ ਚਾਂਦੀ ਦਾ ਤਮਗਾ ਵਿਜੇਤਾ, ਵਿਸ਼ਵ ਚੈਂਪੀਅਨ ਅਤੇ 3 ਵਾਰ ਏਸ਼ੀਆ ਤਮਗਾ ਜੇਤੂ


ਤਸਵੀਰ ਸਰੋਤ, ani
‘ਕਈ ਮਾਮਲਿਆਂ ਦੀ ਜਾਂਚ ਬੇਹੱਦ ਜ਼ਰੂਰੀ ਹੈ’
ਓਲੰਪਿਕ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਨੇ ਕਿਹਾ, “ਪੂਰੀ ਫੈਡਰੇਸ਼ਨ ਨੂੰ ਹਟਣਾ ਚਾਹੀਦਾ ਹੈ ਤਾਂ ਜੋ ਪਹਿਵਾਨਾ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇੱਕ ਨਵੀਂ ਫੈਡਰੇਸ਼ਨ ਨੂੰ ਹੋਂਦ ਵਿੱਚ ਆਉਣਾ ਚਾਹੀਦਾ ਹੈ।”
“ਗੰਦਗੀ ਥੱਲੜੇ ਪੱਧਰ ਤੱਕ ਪਹੁੰਚ ਚੁੱਕੀ ਹੈ। ਅਸੀਂ ਹੁਣ ਇਸ ਮਸਲੇ ਬਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਾਂਗੇ। ਕੁਝ ਮਸਲਿਆਂ ਬਾਰੇ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।”
ਪ੍ਰਧਾਨ ਖਿਲਾਫ਼ ਐੱਫਆਈਆਰ ਦਰਜ ਹੋਵੇ - ਸਵਾਤੀ ਮਾਲੀਵਾਲ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਵੀ ਧਰਨੇ ਉੱਤੇ ਬੈਠੇ ਭਲਵਾਨ ਨੂੰ ਮਿਲਣ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ, “ਇਹ ਬਹੁਤ ਦੁਖਦਾਈ ਹੈ, ਉਨ੍ਹਾਂ ਖਿਡਾਰਨਾਂ ਨੇ ਭਾਰਤ ਲਈ ਮੈਡਲ ਜਿੱਤੇ ਹਨ। ਫੈਡਰੇਸ਼ਨ ਦੇ ਪ੍ਰਧਾਨ ਭਾਵੇਂ ਭਾਜਪਾ ਦੇ ਆਗੂ ਹਨ ਪਰ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਖਿਲਾਫ਼ ਐੱਫਆਈਆਰ ਵੀ ਦਰਜ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਕੋਚਾਂ ਉੱਤੇ ਇਲਜ਼ਾਮ ਲੱਗੇ ਹਨ ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”

ਤਸਵੀਰ ਸਰੋਤ, Brij Bhushan Sharan Singh/twitter
ਕੌਣ ਹਨ ਬ੍ਰਿਜ ਭੂਸ਼ਣ ਸ਼ਰਨ ਸਿੰਘ
1991 ਵਿੱਚ ਪਹਿਲੀ ਵਾਰ ਗੋਂਡਾ ਤੋਂ ਸੰਸਦ ਮੈਂਬਰ ਬਣੇ ਬ੍ਰਿਜ ਭੂਸ਼ਣ ਭਾਰਤੀ ਜਨਤਾ ਪਾਰਟੀ ਦੇ ਦਬੰਗ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਹ ਛੇਵੀਂ ਬਾਰ ਸਾਂਸਦ ਬਣੇ ਹਨ।
ਇੱਕ ਜ਼ਮਾਨੇ ਵਿੱਚ ਗੋਂਡਾ ਸ਼ਹਿਰ ਵਿੱਚ ‘ਸਥਾਨਕ ਆਗੂ ਕਹੇ ਜਾਣ ਵਾਲੇ’ ਬ੍ਰਿਜ ਭੂਸ਼ਣ ਸ਼ਰਨ ਸਿੰਘ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਹਨ।
2008 ਵਿੱਚ ਬ੍ਰਿਜ ਭੂਸ਼ਣ ਭਾਜਪਾ ਛੱਡ ਦੇ ਮੁਲਾਇਮ ਸਿੰਘ ਦੀ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। 2014 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਵਕਤ ਪਹਿਲਾਂ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਵਾਪਸੀ ਕੀਤੀ ਅਤੇ ਲਗਾਤਾਰ ਦੋ ਵਾਰ ਚੋਣ ਜਿੱਤੇ ਚੁੱਕੇ ਹਨ।
ਸਥਾਨਕ ਲੋਕ ਦੱਸਦੇ ਹਨ ਕਿ ਬ੍ਰਿਜ ਭੂਸ਼ਣ ਐਕਟਿਵ ਸਿਆਸਤ ਵਿੱਚ ਉਤਰਨ ਤੋਂ ਪਹਿਲਾਂ ਕੁਸ਼ਤੀ ਦੇ ਮੁਕਾਬਲੇ ਕਰਵਾਉਂਦੇ ਸਨ। ਇਨ੍ਹਾਂ ਨੂੰ ਮਹਿੰਗੀ ਐੱਸਯੂਵੀ ਗੱਡੀਆਂ ਦਾ ਬੇਹੱਦ ਸ਼ੌਕ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਉੱਤੇ ਕਤਲ, ਅੱਗਜ਼ਨੀ ਤੇ ਭੰਨ-ਤੋੜ ਕਰਨ ਦੇ ਇਲਜ਼ਾਮ ਵੀ ਲਗ ਚੁੱਕੇ ਹਨ।












