ਸਨਾਤਨ ਧਰਮ ਕੀ ਹੈ ਅਤੇ ਇਸ ਦਾ ਹਿੰਦੂਵਾਦ ਨਾਲ ਕੀ ਸਬੰਧ ਹੈ, ਕੀ ਕਹਿੰਦੇ ਹਨ ਮਾਹਰ

ਤਸਵੀਰ ਸਰੋਤ, UDHAY/ TWITTER
- ਲੇਖਕ, ਪ੍ਰਭਾਕਰ ਤਮਿਲ ਨਾਡੂ
- ਰੋਲ, ਬੀਬੀਸੀ ਤਮਿਲ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਪੁੱਤਰ ਅਤੇ ਸੂਬਾ ਸਰਕਾਰ ਵਿੱਚ ਮੰਤਰੀ ਉਧਯਨਿਧੀ ਸਟਾਲਿਨ ਦੇ ਸਨਾਤਨ ਧਰਮ 'ਤੇ ਦਿੱਤੇ ਬਿਆਨ ਕਾਰਨ ਵਿਵਾਦਾਂ ਦਾ ਸੇਕ ਉੱਤਰ ਭਾਰਤ ਤੱਕ ਪਹੁੰਚ ਗਿਆ ਹੈ।
ਦਰਅਸਲ, ਪਿਛਲੇ ਸ਼ੁੱਕਰਵਾਰ ਯਾਨੀ 1 ਸਤੰਬਰ ਨੂੰ ਚੇੱਨਈ ਦੇ ਕਾਮਰਾਜਾਰ ਏਰਿਨਾ 'ਚ ਮਾਰਕਸਵਾਦੀ ਪਾਰਟੀ ਨਾਲ ਜੁੜੇ ਸੰਗਠਨ ਤਾਮਿਲਨਾਡੂ ਪ੍ਰੋਗਰੈਸਿਵ ਰਾਈਟਰਜ਼ ਐਂਡ ਆਰਟਿਸਟਸ ਐਸੋਸੀਏਸ਼ਨ ਵੱਲੋਂ ਸਨਾਤਨ ਮਿਟਾਓ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ।
ਇਸ ਵਿੱਚ ਹਿੱਸਾ ਲੈਂਦੇ ਹੋਏ, ਉਧਯਨਿਧੀ ਸਟਾਲਿਨ ਨੇ ਭਾਰਤੀ ਮੁਕਤੀ ਸੰਗਰਾਮ ਵਿੱਚ ਆਰਐਸਐਸ ਦੇ ਯੋਗਦਾਨ ਦੇ ਸਿਰਲੇਖ ਵਾਲੇ ਵਿਅੰਗ ਚਿੱਤਰਾਂ ਵਾਲੀ ਇੱਕ ਕਿਤਾਬ ਰਿਲੀਜ਼ ਕੀਤੀ। ਉਨ੍ਹਾਂ ਨੇ ਸਨਾਤਨ ਧਰਮ ਅਤੇ ਭਾਜਪਾ ਬਾਰੇ ਵੀ ਭਾਸ਼ਣ ਵਿੱਚ ਕੁਝ ਗੱਲਾਂ ਕਹੀਆਂ ਸਨ।
ਉਧਯਨਿਧੀ ਸਟਾਲਿਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ, "ਇਸ ਸਮਾਰੋਹ ਦਾ ਸਿਰਲੇਖ ਬਹੁਤ ਵਧੀਆ ਹੈ। ਤੁਸੀਂ 'ਸਨਾਤਨ ਵਿਰੋਧੀ ਸਮਾਗਮ' ਦੀ ਬਜਾਏ 'ਸਨਾਤਨ ਉਣਮੂਲਨ (ਖਾਤਮਾ) ਸਮਾਰੋਹ' ਦਾ ਆਯੋਜਨ ਕੀਤਾ ਹੈ। ਇਸ ਦੇ ਲਈ ਮੇਰੀ ਵਧਾਈ ਹੈ। ਸਾਨੂੰ ਕੁਝ ਚੀਜ਼ਾਂ ਨੂੰ ਖਤਮ ਕਰਨਾ ਹੋਵੇਗਾ।''
“ਅਸੀਂ ਉਸ ਦਾ ਵਿਰੋਧ ਨਹੀਂ ਕਰ ਸਕਦੇ। ਸਾਨੂੰ ਮੱਛਰ, ਡੇਂਗੂ ਬੁਖਾਰ, ਮਲੇਰੀਆ, ਕਰੋਨਾ ਵਾਇਰਸ ਆਦਿ ਦਾ ਵਿਰੋਧ ਨਹੀਂ ਕਰਨਾ ਚਾਹੀਦਾ।"
"ਸਾਨੂੰ ਇਨ੍ਹਾਂ ਦਾ ਖਾਤਮਾ ਕਰਨਾ ਚਾਹੀਦਾ ਹੈ। ਸਨਾਤਨ ਧਰਮ ਵੀ ਅਜਿਹਾ ਹੀ ਹੈ। ਇਸ ਲਈ ਪਹਿਲੀ ਗੱਲ ਇਹੀ ਹੈ ਕਿ ਅਸੀਂ ਇਸ ਦਾ ਵਿਰੋਧ ਨਹੀਂ ਕਰਨਾ, ਸਗੋਂ ਇਸ ਨੂੰ ਮਿਟਾਉਣਾ ਹੈ। ਸਨਾਤਨ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਰੁਧ ਹੈ। ਇਸੇ ਲਈ ਤੁਸੀਂ ਕਾਨਫਰੰਸ ਦਾ ਸਿਰਲੇਖ ਚੰਗੀ ਤਰ੍ਹਾਂ ਦਿੱਤਾ ਹੈ। ਮੈਂ ਇਸਦੀ ਤਾਰੀਫ਼ ਕਰਦਾ ਹਾਂ"

ਤਸਵੀਰ ਸਰੋਤ, UDHAY/TWITTER
ਉਦਯਨਿਧੀ ਸਟਾਲਿਨ ਦਾ ਇਹ ਭਾਸ਼ਣ ਹੁਣ ਕੌਮੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸ਼ਨੀਵਾਰ (2 ਸਤੰਬਰ), ਉਨ੍ਹਾਂ ਦੇ ਭਾਸ਼ਣ ਤੋਂ ਅਗਲੇ ਦਿਨ, ਭਾਜਪਾ ਦੇ ਆਈਟੀ ਮੁਖੀ ਅਮਿਤ ਮਾਲਵੀਆ ਨੇ ਉਦਯਨਿਧੀ ਸਟਾਲਿਨ ਦੇ ਭਾਸ਼ਣ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਉਦਯਨਿਧੀ 'ਤੇ ਭਾਰਤ ਦੇ 80 ਫੀਸਦੀ ਲੋਕਾਂ ਦੀ ਨਸਲਕੁਸ਼ੀ ਕਰਨ ਦਾ ਇਲਜ਼ਾਮ ਲਗਾਇਆ।
ਇਸ ਦੇ ਜਵਾਬ ਵਿੱਚ, ਉਦਯਨਿਧੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਨਸਲਕੁਸ਼ੀ ਦਾ ਸੱਦਾ ਦਿੱਤਾ ਸੀ।
ਖੈਰ, ਹੁਣ ਇੱਕ ਸਵਾਲ ਇਹ ਉੱਠ ਰਿਹਾ ਹੈ ਕਿ ਸਨਾਤਨ ਧਰਮ ਦਾ ਅਰਥ ਕੀ ਹੈ?
ਕੀ ਸਨਾਤਨ ਜੀਵਨ ਜਿਉਣ ਦਾ ਇੱਕ ਤਰੀਕਾ ਹੈ?

ਤਸਵੀਰ ਸਰੋਤ, PERURADHEENAM/TWITTER
ਅਧਿਆਤਮ ਵਿੱਚ ਸਨਾਤਨ ਧਰਮ ਦੇ ਅਰਥਾਂ ਬਾਰੇ ਜਾਣਨ ਲਈ ਬੀਬੀਸੀ ਨੇ ਕੋਇੰਬਟੂਰ ਦੇ ਆਦਿਨਾਮ ਸੰਤਾਲਿੰਗਾ ਮਰੁਦਾਚਲ ਆਦਿਕਾਲਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਸਨਾਤਨਮ ਜੀਵਨ ਜਿਉਣ ਦਾ ਇੱਕ ਪ੍ਰਾਚੀਨ ਢੰਗ ਹੈ ਅਤੇ ਇਸ ਦਾ ਜਾਤੀ ਸ਼੍ਰੇਣੀ ਵਾਲੇ ਸਮਾਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਕਿਹਾ, “ਸਨਾਤਨ ਧਰਮ ਇੱਕ ਪ੍ਰਾਚੀਨ ਸੰਸਕ੍ਰਿਤੀ ਹੈ, ਜੀਵਨ ਦਾ ਇੱਕ ਢੰਗ ਹੈ। ਸਾਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਪ੍ਰਤੀ ਦਿਆਲੂ ਭਾਵਨਾ ਰੱਖਣੀ ਚਾਹੀਦੀ ਹੈ।''
ਇਸ ਦੇ ਨਾਲ ਜਿਥੇ ਮਰੁਦਾਚਲ ਆਦਿਕਾਲਰ ਦਾ ਕਹਿਣਾ ਹੈ ਕਿ ਤਿਰੂਕੁਰਲ (ਤਮਿਲ ਭਾਸ਼ਾ ਦੀ ਇੱਕ ਕਾਵਿ ਰਚਨਾ) ਸਮੇਤ ਵੱਖ-ਵੱਖ ਗ੍ਰੰਥਾਂ ਵਿੱਚ ਸਨਾਤਨ ਦੀ ਮੌਜੂਦਗੀ ਦਾ ਜ਼ਿਕਰ ਹੈ, ਉੱਥੇ ਹੀ ਉਹ ਕਹਿੰਦੇ ਹਨ ਕਿ ਹਿੰਦੂ ਧਰਮ ਸਨਾਤਨ ਦਾ ਇੱਕ ਵਿਸਥਾਰ ਹੈ।
ਉਨ੍ਹਾਂ ਕਿਹਾ, "ਇਸ ਵਿੱਚ ਜਾਤ-ਪਾਤ ਬਾਅਦ ਵਿੱਚ ਆਈ ਹੈ। ਸਨਾਤਨ ਧਰਮ ਦੀ ਨੈਤਿਕਤਾ, ਹਰ ਧਰਮ ਵਿੱਚ ਉਸੇ ਅਨੁਸਾਰ ਦੱਸੀ ਅਤੇ ਲਿਖੀ ਗਈ ਹੈ, ਜਿਸ ਰੂਪ ਵਿੱਚ ਉਨ੍ਹਾਂ ਨੇ ਪਰਮਾਤਮਾ ਨੂੰ ਦੇਖਿਆ ਹੈ।''
ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿਧਾਂਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਸਨਾਤਨ ਧਰਮ ਕਿਹਾ ਜਾਂਦਾ ਹੈ।

ਕੀ ਸਨਾਤਨ ਇੱਕ ਤਮਿਲ ਪਰੰਪਰਾ ਹੈ?

ਪਰ ਤਮਿਲ ਸੇਵਾ ਪਾਰੇਵਿਆ ਦੇ ਪ੍ਰਧਾਨ, ਕਲਿਆਰਾਸੀ ਨਟਰਾਜਨ ਤਰਕ ਦਿੰਦੇ ਹਨ ਕਿ ਸਨਾਤਨ ਭਾਰਤੀ ਅਤੇ ਤਮਿਲ ਲੋਕਾਂ ਦੇ ਜੀਵਨ ਦਾ ਢੰਗ ਨਹੀਂ ਹੈ।
ਉਹ ਕਹਿੰਦੇ ਹਨ,''ਸਨਾਤਨ ਆਰੀਅਨਾਂ ਦੇ ਜੀਵਨ ਜਿਉਣ ਢੰਗ ਹੈ। ਸਨਾਤਨ ਦਾ ਤਮਿਲ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦਾ ਭਾਰਤੀ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''
ਸਨਾਤਨ ਦਾ ਵਿਰੋਧ ਕਰਨ ਦੇ ਕਾਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਉਹ ਸਿਰਫ ਜੀਵਨ ਦੀ ਨੈਤਿਕਤਾ ਦੀ ਗੱਲ ਕਰਦੇ ਹਨ। ਪਰ ਇੱਥੇ ਹੀ ਉਹ ਵਰਣਆਸ਼ਰਮ ਦੇ ਆਧਾਰ 'ਤੇ ਲੋਕਾਂ ਨੂੰ ਵੰਡ ਦਿੰਦੇ ਹਨ। ਉਹ ਇਸ ਦੀ ਗੱਲ ਨਹੀਂ ਕਰਦੇ। ਇਹ ਸਨਾਤਨ ਧਰਮ, ਵਰਣਆਸ਼ਰਮ ਧਰਮ, ਮਨੁਧਰਮ ਕਿਸੇ ਨਾ ਕਿਸੇ ਤਰ੍ਹਾਂ ਮਨੁੱਖਤਾ ਦੇ ਖ਼ਿਲਾਫ਼ ਹਨ।''
ਇਹ ਪੁੱਛੇ ਜਾਣ 'ਤੇ ਕਿ ਕੀ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ "ਜੇਕਰ ਕੁਝ ਵੀ ਥੋਪਿਆ ਜਾਂਦਾ ਹੈ, ਤਾਂ ਉਸ ਨੂੰ ਖਤਮ ਕਰਨਾ ਬਿਹਤਰ ਹੈ। ਸਿਰਫ ਆਰੀਅਨਾਂ ਦੁਆਰਾ ਅਪਣਾਈ ਗਈ ਪ੍ਰਣਾਲੀ ਹੁਣ ਸਾਰਿਆਂ 'ਤੇ ਥੋਪੀ ਜਾ ਰਹੀ ਹੈ। ਇਸ ਦਾ ਹੱਲ ਹੈ ਕਿ ਇਸ ਨੂੰ ਖ਼ਤਮ ਕਰ ਦਿੱਤਾ ਜਾਵੇ।''
ਪਰ ਉਹ ਇਹ ਵੀ ਮੰਨਦੇ ਹਨ ਕਿ ਇਸ ਨੂੰ ਇੰਨੀ ਆਸਾਨੀ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ।
ਕਲਿਆਰਾਸੀ ਨਟਰਾਜਨ ਮੁਤਾਬਕ, "ਜੇਕਰ ਅਸੀਂ ਇੱਕ ਸਦੀ ਤੱਕ ਦਿਨ-ਰਾਤ ਇਸ ਨੂੰ ਲੈ ਕੇ ਜਾਗਰੂਕਤਾ ਫੈਲਾਉਂਦੇ ਰਹੀਏ, ਤਾਂ ਹੀ ਅਸੀਂ ਇਸ ਧਰਮ ਅਤੇ ਜਾਤ ਨੂੰ ਖਤਮ ਕਰਨ ਦੇ ਯੋਗ ਹੋਵਾਂਗੇ, ਜਿਸ ਬਾਰੇ ਉਹ ਗੱਲ ਕਰ ਰਹੇ ਹਨ।''
"ਹਰ ਧਰਮ ਦੀ ਕੋਈ ਨਾ ਕੋਈ ਸਮਾਜਿਕ ਸਮੱਸਿਆ ਹੈ"

ਤਸਵੀਰ ਸਰੋਤ, BADRI SESHADRI/FACEBOOK
ਈਸਟਰਨ ਐਡੀਸ਼ਨ ਦੇ ਸੰਪਾਦਕ ਬਦਰੀ ਸੇਸ਼ਾਦਰੀ ਕਹਿੰਦੇ ਹਨ ਕਿ ਇਹ ਜਾਤੀ ਅਤੇ ਸਮਾਜਿਕ ਸਮੱਸਿਆਵਾਂ ਦੂਜੇ ਧਰਮਾਂ ਦੇ ਨਾਲ-ਨਾਲ ਹਿੰਦੂ ਧਰਮ ਵਿੱਚ ਵੀ ਮੌਜੂਦ ਹਨ।
ਉਨ੍ਹਾਂ ਕਿਹਾ, ''ਹੋਰ ਬਹੁਤ ਸਾਰੇ ਧਰਮਾਂ ਵਾਂਗ, ਹਿੰਦੂ ਧਰਮ ਨੂੰ ਮੰਨਣ ਵਾਲੇ ਭਾਈਚਾਰਿਆਂ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਨ੍ਹਾਂ ਸਮਾਜਿਕ ਸਮੱਸਿਆਵਾਂ ਨੂੰ ਧਾਰਮਿਕ ਆਗੂਆਂ ਨੇ ਕਈ ਯੁੱਗਾਂ ਵਿੱਚ ਨਜਿੱਠਿਆ ਹੈ ਅਤੇ ਤਬਦੀਲੀਆਂ ਲਿਆਂਦੀਆਂ ਹਨ।''
''ਕਈਆਂ ਨੇ ਹਿੰਦੂ ਧਰਮ ਨੂੰ ਠੁਕਰਾ ਦਿੱਤਾ ਅਤੇ ਛੱਡ ਕੇ ਨਵੇਂ ਧਰਮ ਬਣਾ ਲਏ ਜਾਂ ਹੋਰ ਮੌਜੂਦਾ ਧਰਮਾਂ ਵਿੱਚ ਸ਼ਾਮਲ ਹੋ ਗਏ।''
ਨਾਲ ਹੀ ਇਹ ਕਹੇ ਜਾਣ ਦੇ ਜਵਾਬ ਵਿੱਚ ਕਿ ਇਹ ਆਰੀਅਨਾਂ ਦੇ ਜੀਵਨ ਜਿਉਣ ਦਾ ਢੰਗ ਹੈ, ਉਨ੍ਹਾਂ ਕਿਹਾ ਕਿ ਜਿੱਥੇ ਵੀ ਕੋਈ ਧਰਮ ਹੈ ਅਤੇ ਕੋਈ ਉਸ ਦਾ ਪਾਲਨ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਕਰਨ ਦਿਓ।
ਉਹ ਸਵਾਲ ਕਰਦੇ ਹਨ ਕਿ ''ਜੇਕਰ ਇਹ ਆਰੀਅਨਾਂ ਦਾ ਜੀਵਨ ਢੰਗ ਹੈ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਹ ਵਿਦੇਸ਼ੀ ਹੈ ਜਾਂ ਗੁਆਂਢੀ। ਕੀ ਬੁੱਧ ਅਤੇ ਜੈਨ ਧਰਮ ਉੱਤਰੀ ਭਾਰਤ ਵਿੱਚ ਪੈਦਾ ਹੋਏ ਧਰਮ ਹਨ? ਕੀ ਇਸਲਾਮ ਦੀ ਸ਼ੁਰੂਆਤ ਅਰਬ ਅਤੇ ਈਸਾਈ ਧਰਮ ਦੀ ਸ਼ੁਰੂਆਤ ਪੱਛਮੀ ਏਸ਼ੀਆ ਵਿੱਚ ਹੋਈ ਸੀ?"
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਕੋਈ ਵੀ ਧਰਮ ਕਿਤੇ ਵੀ ਸ਼ੁਰੂ ਹੋਇਆ ਹੋਵੇ, ਜੋ ਕੋਈ ਇਸ ਨੂੰ ਪਸੰਦ ਕਰਦੇ ਹਨ, ਉਨ੍ਹਾਂ ਨੂੰ ਉਸ ਧਰਮ ਦੀ ਪਾਲਣਾ ਕਰਨ ਦਿਓ।
''ਅਸੀਂ ਦੇਖਦੇ ਹਾਂ ਕਿ ਤਮਿਲਾਂ ਦਾ ਸਭ ਤੋਂ ਪੁਰਾਣਾ ਸਾਹਿਤ, ਸੰਘਾ ਸਾਹਿਤ, ਤੋਲਕੱਪਿਅਮ, ਸ਼ਿਵ ਅਤੇ ਤਿਰੂਮਲ ਦੁਆਰਾ ਬੋਲੇ ਗਏ ਹਨ।''
ਪ੍ਰਧਾਨ ਮੰਤਰੀ ਤੇ ਰਾਜਪਾਲ ਜੇਕਰ ਸਨਾਤਨ ਦਾ ਪਾਲਣ ਕਰਦੇ ਤਾਂ ਪੜ੍ਹੇ-ਲਿਖੇ ਨਾ ਹੁੰਦੇ - ਆਧਵਨ ਦੀਤਸਾਨਿਆ

ਬੀਬੀਸੀ ਨੇ ਤਾਮਿਲਨਾਡੂ ਪ੍ਰੋਗਰੈਸਿਵ ਰਾਈਟਰਜ਼ ਆਰਟਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਧਵਨ ਦੀਤਸਾਨਿਆ ਨਾਲ ਗੱਲ ਕੀਤੀ, ਜਿਨ੍ਹਾਂ ਨੇ ਇਸ ਸਮਾਗਮ ਦਾ ਸੰਚਾਲਨ ਕੀਤਾ ਸੀ, ਜਿਸ ਵਿੱਚ ਉਦਯਨਿਧੀ ਸਟਾਲਿਨ ਨੇ ਉਕਤ ਬਿਆਨ ਦਿੱਤਾ ਗਿਆ ਸੀ।
ਆਧਵਨ ਦੀਤਸਾਨਿਆ ਨੇ ਕਿਹਾ ਕਿ ਜੇਕਰ ਉਸ ਸਮੇਂ ਉਨ੍ਹਾਂ ਕੋਲ ਪ੍ਰਾਚੀਨ ਜੀਵਨ ਢੰਗ ਹੁੰਦਾ ਤਾਂ ਅੱਜ ਦੇ ਰਾਜਪਾਲ ਆਰਐਨ ਰਵੀ ਤਾਮਿਲਨਾਡੂ ਦੇ ਰਾਜਪਾਲ ਨਾ ਹੁੰਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜਿੰਮੇਵਾਰੀ ਨਾ ਸੰਭਾਲ ਰਹੇ ਹੁੰਦੇ।
ਉਨ੍ਹਾਂ ਕਿਹਾ, "ਸਨਾਤਨ ਧਰਮ ਮਨੁੱਖਾਂ ਲਈ ਨਿਸ਼ਚਿਤ ਸਮਾਜਿਕ ਨਿਯਮਾਂ ਅਨੁਸਾਰ ਜਿਉਣਾ ਹੈ, ਉਹ ਨਿਯਮ ਜੋ ਕੁਦਰਤ ਦੇ ਨਿਯਮਾਂ ਵਰਗੇ ਹੀ ਹਨ, ਜਿਵੇਂ ਅੱਗ ਉੱਪਰ ਵੱਲ ਬਲਦੀ ਹੈ ਅਤੇ ਪਾਣੀ ਹੇਠਾਂ ਵੱਲ ਵਹਿੰਦਾ ਹੈ।
ਹਾਲਾਂਕਿ, ਇਹ ਕਥਨ ਵਿਗਿਆਨਕ ਤੱਥ ਨਹੀਂ ਹੈ। ਉਹ ਦਲੀਲ ਦਿੰਦੇ ਹਨ ਕਿ ਜੇ ਕੁਝ ਨਹੀਂ ਬਦਲਿਆ ਹੁੰਦਾ, ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਜਪਾਲ ਆਰਐਨ ਰਵੀ ਨੇ ਪੜ੍ਹਾਈ ਨਾ ਕੀਤੀ ਹੁੰਦੀ।
ਖੋਜ ਪੱਤਰ ਕੀ ਕਹਿੰਦਾ ਹੈ?

ਸਨਾਤਨ ਬਾਰੇ ਸਾਲ 1916 ਵਿੱਚ ਬਨਾਰਸ ਦੇ ਸੈਂਟਰਲ ਹਿੰਦੂ ਕਾਲਜ ਦੇ ਬੋਰਡ ਦੁਆਰਾ ਪ੍ਰਕਾਸ਼ਿਤ ਇੱਕ ਖੋਜ ਪੁਸਤਕ ਵਿੱਚ ਸਨਾਤਨ ਦਾ ਜ਼ਿਕਰ ਇੱਕ ਆਰੀਅਨ ਧਰਮ ਵਜੋਂ ਕੀਤਾ ਗਿਆ ਹੈ।
ਇਸ ਪੁਸਤਕ ਦੀ ਭੂਮਿਕਾ 'ਚ ਲਿਖਿਆ ਹੈ ਕਿ ''ਸਨਾਤਨ ਧਰਮ ਸਦੀਵੀ ਧਰਮ, ਪ੍ਰਾਚੀਨ ਕਾਨੂੰਨ ਹੈ। ਇਹ ਕਈ ਸਾਲ ਪਹਿਲਾਂ ਮਨੁੱਖਾਂ ਨੂੰ ਦਿੱਤੀਆਂ ਗਿਆਨ ਦੀਆਂ ਧਰਮ ਲਿਖਿਤਾਂ 'ਤੇ ਕੇਂਦਰਿਤ ਹੈ। ਇਸ ਧਰਮ ਨੂੰ ਆਰੀਅਨ ਧਰਮ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਆਰੀਅਨਾਂ ਨੂੰ ਦਿੱਤਾ ਗਿਆ ਪਹਿਲਾ ਧਰਮ ਹੈ।''
ਨਾਲ ਹੀ, ਸਨਾਤਨ ਬਾਰੇ ਇਸ ਖੋਜ ਪੁਸਤਕ ਵਿੱਚ, ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸਨਾਤਨ ਦਾ ਅਧਾਰ ਸ਼ਰੂਤੀ ਹੈ ਅਤੇ ਇਹ ਉਨ੍ਹਾਂ ਪੁਰਖਿਆਂ ਦੁਆਰਾ ਮਨੁੱਖਾਂ ਨੂੰ ਦੱਸੀਆਂ ਗਈਆਂ, ਜਿਨ੍ਹਾਂ ਨੇ ਪਰਮਾਤਮਾ ਦੇ ਮੂੰਹੋਂ ਇਨ੍ਹਾਂ ਨੂੰ ਸੁਣਿਆ ਸੀ।
ਕਿਤਾਬ 'ਚ ਜ਼ਿਕਰ ਹੈ ਕਿ "ਸ਼ਰੂਤੀ ਵਿੱਚ ਚਾਰ ਵੇਦ ਹਨ। ਵੇਦ ਦਾ ਅਰਥ ਹੈ ਗਿਆਨ। ਇਹ ਹਿੰਦੂ ਧਰਮ ਦਾ ਅਧਾਰ ਹੈ। ਉਹ ਗਿਆਨ ਚਾਰੇ ਵੇਦਾਂ ਵਿਚ ਧਰਮ ਦੇ ਬੰਦਿਆਂ ਨੂੰ ਦਿੱਤਾ ਗਿਆ ਹੈ। ਇਹ ਵੇਦ ਹਨ- ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ।''













