ਹਾਕੀ: ਜਦੋਂ ਸ਼੍ਰੀਜੇਸ਼ ਦੇ ਪਿਤਾ ਨੇ ਕਿੱਟ ਖਰੀਦਣ ਲਈ ਗਾਂ ਵੇਚ ਕੇ 10,000 ਰੁਪਏ ਦਾ ਜੁਗਾੜ ਕੀਤਾ

ਸ਼੍ਰੀਜੇਸ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੀਆਰ ਸ਼੍ਰੀਜੇਸ਼ ਨੇ ਆਪਣਾ ਹਾਕੀ ਦਾ ਸਫ਼ਰ 2006 ਵਿੱਚ ਸ਼ੁਰੂ ਕੀਤਾ ਸੀ।
    • ਲੇਖਕ, ਵਿਕਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਜਿਵੇਂ ਹੀ ਭਾਰਤ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ, ਮੈਦਾਨ ਵਿੱਚ ਖਿਡਾਰੀਆਂ ਦੇ ਜਸ਼ਨ ਸ਼ੁਰੂ ਹੋ ਗਏ।

ਲੇਕਿਨ ਸ੍ਰੀਜੇਸ਼ ਚੁੱਪਚਾਪ ਮੈਦਾਨ ਦੇ ਇੱਕ ਖੂੰਜੇ ਵਿੱਚ ਗਏ ਅਤੇ ਗੋਲ ਪੋਸਟ ਨੂੰ ਨਤਮਸਕ ਹੋ ਗਏ। ਜੋ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਉਨ੍ਹਾਂ ਦਾ ਘਰ ਰਿਹਾ ਹੈ।

ਉਨ੍ਹਾਂ ਨੂੰ ਗੋਲਪੋਸਟ ਦੀ ਬਹੁਤ ਯਾਦ ਆਏਗੀ ਲੇਕਿਨ ਭਾਰਤ ਨੂੰ ਉਨ੍ਹਾਂ ਦੀ ਯਾਦ ਉਸ ਤੋਂ ਵੀ ਜ਼ਿਆਦਾ ਆਏਗੀ। ਵੀਰਵਾਰ ਨੂੰ ਉਨ੍ਹਾਂ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਿਆ ਅਤੇ ਇੱਕ ਸ਼ਾਨਦਾਰ ਵਿਰਾਸਤ ਆਪਣੇ ਪਿੱਛੇ ਛੱਡੀ।

ਉਨ੍ਹਾਂ ਨੂੰ “ਭਾਰਤ ਦੀ ਕੰਧ” ਕਿਹਾ ਜਾਂਦਾ ਹੈ। ਭਾਰਤ ਨੂੰ ਤਮਗੇ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਉਨ੍ਹਾਂ ਦੀ ਟੀਮ ਦੋ ਦੇ ਮੁਕਾਬਲੇ ਇੱਕ ਨਾਲ ਅੱਗੇ ਸੀ ਅਤੇ ਵਿਰੋਧੀ ਟੀਮ (ਸਪੇਨ) ਭੁੱਖਿਆਂ ਵਾਂਗ ਬਰਾਬਰੀ ਕਰਨਾ ਚਾਹੁੰਦੀ ਸੀ। ਸ੍ਰੀਜੇਸ਼ ਨੇ ਖਾਸ ਕਰਕੇ ਮੈਚ ਦੇ ਆਖਰੀ ਪਲਾਂ ਵਿੱਚ ਉਨ੍ਹਾਂ ਦੇ ਹਮਲਿਆਂ ਨੂੰ ਰੋਕਿਆ।

ਮੈਚ ਵਿੱਚ ਉਨ੍ਹਾਂ ਨੇ ਸੂਝ ਅਤੇ ਜੁਗਤੀ ਛਲਾਂਗਾ ਦੇ ਫਨ ਦਾ ਮੁਕੰਮਲ ਮੁਜ਼ਾਹਰਾ ਕੀਤਾ।

ਮੈਚ ਵਿੱਚ ਉਨ੍ਹਾਂ ਦੇ ਅਸਰ ਦਾ ਅੰਦਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਪੇਨ ਨੂੰ ਨੌਂ ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ਵਿੱਚ ਨਹੀਂ ਬਦਲ ਸਕੇ।

ਸ੍ਰੀਜੇਸ਼ ਅਤੇ ਰੱਖਿਆ ਪੰਕਤੀ ਦੇ ਉਨ੍ਹਾਂ ਦੇ ਸਾਥੀਆਂ ਨੇ ਪਿੰਡੇ ਡਾਹ ਕੇ ਭਾਰਤੀ ਟੀਮ ਦੀ ਬੜ੍ਹਤ ਨੂੰ ਅਖੀਰ ਤੱਕ ਕਾਇਮ ਰੱਖਿਆ।

ਸ਼੍ਰੀਜੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੀਜੇਸ਼ ਨੇ ਕਦੇ ਲੋਕਾਂ ਦੇ ਧਿਆਨ ਜਾਂ ਸ਼ੌਹਰਤ ਦਾ ਪਿੱਛਾ ਨਹੀਂ ਕੀਤਾ।

ਬ੍ਰਿਟੇਨ ਨਾਲ ਨਾਕ-ਆਊਟ ਮੈਚ, ਪੈਨਲਟੀ ਸ਼ੂਟ ਆਊਟ ਤੱਕ ਚੱਲਿਆ ਅਤੇ ਆਖਰ ਫਿਰ ਜਿੰਮਾ ਸ਼੍ਰੀਜੇਸ਼ ਦੇ ਮੋਢਿਆਂ ਉੱਤੇ ਆਇਆ, ਉਨ੍ਹਾਂ ਨੇ ਉਹੀ ਕੀਤਾ ਜੋ ਹਮੇਸ਼ਾ ਕਰਦੇ ਹਨ।

ਜਦੋਂ ਭਾਰਤ ਸੈਮੀ-ਫਾਈਨਲ ਮੁਕਾਬਲਾ ਹਾਰ ਗਿਆ ਤਾਂ ਸ਼੍ਰੀਜੇਸ਼ ਦੇ ਹੰਝੂਆਂ ਦਾ ਕੜ ਟੁੱਟ ਗਿਆ, ਉਹ ਜਾਣਦੇ ਸਨ ਕਿ ਗੋਲਡ ਮੈਡਲ ਦਾ ਸੁਨਹਿਰਾ ਹਿਰਨ ਉਨ੍ਹਾਂ ਤੋਂ ਬਚ ਨਿਕਲਿਆ ਹੈ। ਲੇਕਿਨ ਉਨ੍ਹਾਂ ਨੇ ਤੁਰੰਤ ਆਪਣਾ ਸਾਰਾ ਧਿਆਨ ਕਾਂਸੇ ਦੇ ਮੈਡਲ ਮੈਚ ਉੱਤੇ ਟਿਕਾਇਆ। ਵੀਰਵਾਰ ਨੂੰ ਉਹ ਇੱਕ ਵਾਰ ਫਿਰ ਰੋਏ ਪਰ ਇਸ ਵਾਰ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।

ਭਾਰਤੀ ਖੇਡ ਪ੍ਰੇਮੀ ਵੀ ਉਸ ਵਿਅਕਤੀ ਦੇ ਨਾਲ ਰੋ ਰਹੇ ਸਨ ਜਿਸ ਨੇ ਦੋ ਦਹਾਕੇ ਦੇਸ ਦੀਆਂ ਉਮੀਦਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੈ।

ਭਾਰਤ ਨੂੰ ਕ੍ਰਿਕਟ ਪ੍ਰਤੀ ਉਸਦੇ ਪਾਗਲਪਣ ਲਈ ਜਾਣਿਆ ਜਾਂਦਾ ਹੈ ਅਤੇ ਹੋਰ ਖੇਡਾਂ ਦੇ ਖਿਡਾਰੀ ਇੱਥੇ ਅਕਸਰ ਅਣਗੌਲੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਕ੍ਰਿਕਟ ਖਿਡਾਰੀਆਂ ਜਿੰਨਾ ਮਾਣ-ਸਨਮਾਨ, ਧਿਆਨ, ਅਤੇ ਮਸ਼ਹੂਰੀ ਨਹੀਂ ਮਿਲਦੀ। ਅਜਿਹੇ ਵਿੱਚ ਹਾਕੀ ਦੇ ਇੱਕ ਗੋਲਚੀ ਲਈ ਅਣਗੋਲਿਆਂ ਰਹਿ ਜਾਣਾ ਕੋਈ ਵੱਡੀ ਗੱਲ ਨਹੀਂ ਹੈ।

ਸ਼੍ਰੀਜੇਸ਼ ਨੇ ਇੰਡੀਅਨ ਐਕਸਪ੍ਰੈੱਸ ਨੂੰ ਖ਼ੁਦ ਦੱਸਿਆ,“ਕਿਸੇ ਗੋਲਚੀ ਨੂੰ ਪਿਆਰ ਕਰਨਾ ਮੁਸ਼ਕਿਲ ਹੈ। ਉਹ ਦਿਸਦਾ ਨਹੀਂ ਹੈ। ਉਸਦੀ ਚਰਚਾ ਉਦੋਂ ਹੀ ਹੁੰਦੀ ਹੈ ਜਦੋਂ ਉਹ ਕੋਈ ਬਜਰ ਕੁਤਾਹੀ ਕਰਦਾ ਹੈ। ਜਦੋਂ ਮੈਂ ਜਵਾਨ ਸੀ, ਮੈਂ ਨਹੀਂ ਜਾਣਦਾ ਸੀ ਕਿ ਉਦੋਂ ਭਾਰਤ ਦਾ ਗੋਲਚੀ ਕੌਣ ਸੀ।”

ਸ਼੍ਰੀਜੇਸ਼ ਨੇ ਕਦੇ ਲੋਕਾਂ ਦੇ ਧਿਆਨ ਜਾਂ ਸ਼ੌਹਰਤ ਦਾ ਪਿੱਛਾ ਨਹੀਂ ਕੀਤਾ। ਉਨ੍ਹਾਂ ਨੂੰ ਬਸ ਆਪਣਾ ਕੰਮ ਪਸੰਦ ਸੀ। ਖੇਡ ਦੇ ਖੱਟੇ-ਮਿੱਠੇ ਤਜ਼ਰਬਿਆਂ ਦੇ ਬਾਵਜੂਦ ਇਸੇ ਭਾਵਨਾ ਨੇ ਉਨ੍ਹਾਂ ਨੂੰ ਤੋਰੀ ਰੱਖਿਆ।

ਜੂਨੀਅਰ ਹਾਕੀ ਵਿੱਚ ਵੀ ਆਪਣੇ ਫੁਰਤੀ ਅਤੇ ਅੱਖ ਦੇ ਫੋਰ ਵਿੱਚ ਗੇਂਦ ਦੇ ਰਾਹ ਦੀ ਪੇਸ਼ੀਨਗੋਈ ਕਰਨ ਦੀ ਕਾਬਲੀਅਤ ਕਾਰਨ ਪਛਾਣ ਬਣਾ ਲਈ ਸੀ।

ਸ਼੍ਰੀਜੇਸ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 2008 ਦੀਆਂ ਬੀਜਿੰਗ ਖੇਡਾਂ ਲਈ ਭਾਰਤੀ ਟੀਮ ਕੁਆਲੀਫਾਈ ਵੀ ਨਹੀਂ ਕਰ ਸਕੀ।

ਚੁਪ-ਚਾਪ ਕੀਤੀ ਮਿਹਨਤ ਦਾ ਫਲ

ਸੀਨੀਅਰ ਹਾਕੀ ਟੀਮ ਵਿੱਚ ਉਨ੍ਹਾਂ ਨੇ 2006 ਦੀਆਂ ਦੱਖਣ ਏਸ਼ੀਆਈ ਖੇਡਾਂ ਵਿੱਚ ਬਣਾਈ ਜੋ ਭਾਰਤ ਲਈ ਚੰਗੀਆਂ ਨਹੀਂ ਰਹੀਆਂ। ਸ਼੍ਰੀਜੇਸ਼ ਪੂਰੇ ਟੂਰਨਾਮੈਂਟ ਵਿੱਚ ਬਹੁਤ ਵਧੀਆ ਖੇਡੇ ਪਰ ਨਿਰਣਾਇਕ ਮੈਚ ਵਿੱਚ ਪਾਕਿਸਤਾਨ ਖਿਲਾਫ਼ ਇੱਕ ਗੋਲ ਕਰਵਾ ਬੈਠੇ। ਇਸ ਤੋਂ ਬਾਅਦ ਜੋ ਆਲੋਚਨਾ ਹੋਈ, ਉਹ ਸ਼੍ਰੀਜੇਸ਼ ਲਈ ਇੱਕ ਵੱਡਾ ਸਬਕ ਸੀ।

ਅਗਲੇ ਕੁਝ ਸਾਲ ਬਹੁਤ ਮੁਸ਼ਕਿਲ ਸਨ ਕਿਉਂਕਿ ਟੀਮ ਵਿੱਚ ਉਨ੍ਹਾਂ ਨੂੰ ਪੱਕੀ ਥਾਂ ਨਹੀਂ ਮਿਲ ਰਹੀ ਸੀ। ਇਸ ਦੌਰਾਨ ਭਾਰਤੀ ਹਾਕੀ ਵੀ ਆਪਣੇ ਬੁਰੇ ਦੌਰ ਵਿੱਚੋਂ ਲੰਘ ਰਹੀ ਸੀ। 2008 ਦੀਆਂ ਬੀਜਿੰਗ ਖੇਡਾਂ ਲਈ ਭਾਰਤੀ ਟੀਮ ਕੁਆਲੀਫਾਈ ਵੀ ਨਹੀਂ ਕਰ ਸਕੀ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੇਕਿਨ ਸ਼੍ਰੀਜੇਸ਼ ਨੇ ਆਪਣੇ ਉੱਤੇ ਮਿਹਨਤ ਕਰਨੀ ਜਾਰੀ ਰੱਖੀ। ਉਨ੍ਹਾਂ ਦੀ ਮਿਹਨਤ ਦਾ ਫਲ 2011 ਵਿੱਚ ਮਿਲਿਆ। ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ਵਿੱਚ ਦੂਜੇ ਪਾਸੇ ਇੱਕ ਵਾਰ ਫਿਰ ਪਾਕਿਸਤਾਨ ਸੀ।

ਇਸ ਵਾਰ ਉਹ ਜ਼ਿਆਦਾ ਦ੍ਰਿੜ ਨਜ਼ਰ ਆਏ ਅਤੇ ਉਨ੍ਹਾਂ ਨੇ ਅਹਿਮ ਦੋ ਪੈਨਲਟੀਆਂ ਬਚਾ ਕੇ ਭਾਰਤ ਨੂੰ ਜਿੱਤ ਦੁਆਈ।

ਸ਼੍ਰੀਜੇਸ਼ ਇਸ ਮੈਚ ਤੋਂ ਤੁਰੰਤ ਸਾਰਿਆਂ ਦੀਆਂ ਅੱਖਾਂ ਵਿੱਚ ਚਮਕ ਗਏ। ਉਸ ਟੀਮ ਦੇ ਨਾਲ 2012 ਦੀਆਂ ਓਲੰਪਿਕ ਖੇਡਾਂ ਵਿੱਚ ਗਏ, ਲੇਕਿਨ ਭਾਰਤ ਨੂੰ ਬਿਨਾਂ ਕਿਸੇ ਮੈਡਲ ਦੇ ਹੀ ਵਾਪਸੀ ਕਰਨੀ ਪਈ।

ਭਾਰਤੀ ਟੀਮ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਦੇ ਬਾਵਜੂਦ, ਭਾਰਤੀ ਗੋਲਚੀ ਨੇ ਵਧੀਆ ਪ੍ਰਦਰਸ਼ਨ ਕੀਤਾ।

ਉਨ੍ਹਾਂ ਲਈ ਚਮਕਣ ਦਾ ਦੂਜਾ ਮੌਕਾ ਫਿਰ ਪਾਕਿਸਤਾਨ ਦੇ ਖਿਲਾਫ਼ 2014 ਦੀਆਂ ਏਸ਼ੀਅਨ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਆਇਆ। ਉਨ੍ਹਾਂ ਨੇ ਦੋ ਪੈਨਲਟੀਆਂ ਬਚਾਈਆਂ ਅਤੇ ਭਾਰਤ ਦਾ ਏਸ਼ੀਅਨ ਖੇਡਾਂ ਵਿੱਚ ਮੈਡਲ ਦਾ 16 ਸਾਲ ਦਾ ਅਕਾਲ ਖ਼ਤਮ ਕੀਤਾ।

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼੍ਰੀਜੇਸ਼ ਨੂੰ ਰੀਓ ਓਲੰਪਿਕ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਗਿਆ ਸੀ।

ਜਦੋਂ ਇੱਕ ਸੱਟ ਨੇ ਖੇਡ ਲਗਭਗ ਖਤਮ ਕਰ ਦਿੱਤੀ ਸੀ

ਲੇਕਿਨ ਜੇ ਕੋਈ ਇੱਕ ਪਲ ਬਿਆਨ ਕਰਨਾ ਹੋਵੇ ਜੋ ਉਨ੍ਹਾਂ ਦੀ ਸ਼ਖਸ਼ੀਅਤ, ਹੌਂਸਲੇ ਅਤੇ ਵਚਨਬੱਧਤਾ ਨੂੰ ਬਿਆਨ ਕਰਦਾ ਹੋਵੇ ਤਾਂ ਇਹ ਹਾਕੀ ਵਰਲਡ ਲੀਗ ਵਿੱਚ ਹੌਲੈਂਡ ਖਿਲਾਫ਼ ਖੇਡਿਆ ਗਿਆ ਬਰੌਨਜ਼ੇ ਮੈਡਲ ਮੈਚ ਹੋਵੇਗਾ।

ਉਹ ਜ਼ਖਮੀ ਸਨ, ਉਨ੍ਹਾਂ ਦੇ ਪੱਟਾਂ ਉੱਤੇ ਬਰਫ਼ ਦੇ ਪੈਕ ਬੰਨ੍ਹੇ ਹੋਏ ਸਨ। ਉਨ੍ਹਾਂ ਦਾ ਅੰਗੂਠਾ ਟੁੱਟਣ ਦੇ ਕਿਨਾਰੇ ਸੀ। ਉਨ੍ਹਾਂ ਦੇ ਮੋਢੇ ਸਰਜੀਕਲ ਚੇਪੀਆਂ ਨਾਲ ਢਕੇ ਸਨ। ਮੈਚ ਤੋਂ ਪਿਛਲੀ ਰਾਤ ਸ਼੍ਰੀਜੇਸ਼ ਤੋਂ ਮਸਾਂ ਹੀ ਤੁਰਿਆ ਜਾ ਰਿਹਾ ਸੀ।

ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਕਿ ਜਦੋਂ ਗੋਲਪੋਸਟ ਵਿੱਚ ਆਪਣੇ-ਆਪ ਨੂੰ ਖੜ੍ਹੇ ਦੇਖਿਆ ਤਾਂ ਇੰਝ ਲੱਗਿਆ ਜਿਵੇਂ ਉਹ ਕੋਈ ਮੰਮੀ ਹੋਣ। ਲੇਕਿਨ ਇਸ ਲਤੀਫ਼ੇ ਅਤੇ ਦਰਦ ਦੇ ਪਿੱਛੇ ਲੁਕਿਆ ਸੀ ਭਾਰਤ ਲਈ ਕਰੀਬ ਤਿੰਨ ਦਹਾਕਿਆਂ ਬਾਅਦ ਕਿਸੇ ਵੱਡੇ ਕੌਮਾਂਤਰੀ ਟੂਰਨਾਮੈਂਟ ਵਿੱਚ ਮੈਡਲ ਜਿੱਤਣ ਦਾ ਇਰਾਦਾ। ਉਨ੍ਹਾਂ ਵੱਲੋਂ ਬਚਾਏ ਗੋਲਾਂ ਕਰਕੇ ਭਾਰਤ ਮਜ਼ਬੂਤ ਵਿਰੋਧੀ ਟੀਮ ਤੋਂ ਜਿੱਤਣ ਵਿੱਚ ਕਾਮਯਾਬ ਰਹੀ।

ਭਾਰਤੀ ਹਾਕੀ ਵਿੱਚ ਇੱਕ ਲੈਜੇਂਡ ਵਾਲੀ ਥਾਂ ਹੁਣ ਸ਼੍ਰੀਜੇਸ਼ ਲਈ ਪੱਕੀ ਹੋ ਚੁੱਕੀ ਸੀ। ਉਨ੍ਹਾਂ ਨੂੰ ਰੀਓ ਓਲੰਪਿਕ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਮੈਡਲ ਤਾਂ ਨਹੀਂ ਜਿੱਤਿਆ ਪਰ ਟੀਮ ਸੈਮੀ-ਫਾਈਨਲ ਤੱਕ ਪਹੁੰਚ ਗਏ। ਇਨ੍ਹਾਂ ਖੇਡਾਂ ਵਿੱਚ ਟੀਮ ਨੇ ਲੰਡਨ ਖੇਡਾਂ ਦੇ ਮੁਕਾਬਲੇ ਬਿਹਤਰ ਕਾਰਗੁਜ਼ਾਰੀ ਦਿਖਾਈ ਸੀ।

ਲੇਕਿਨ ਸਫ਼ਲਤਾ ਨੂੰ ਕਦੇ ਵੀ ਆਪਣੇ ਸਿਰ ਨਹੀਂ ਚੜ੍ਹਨ ਦਿੱਤਾ। ਉਹ ਹਮੇਸ਼ਾ ਨਿਮਰ ਅਤੇ ਸਾਰਿਆਂ ਦੀ ਪਹੁੰਚ ਵਿੱਚ ਰਹੇ। ਉਹ ਖੇਡ ਸਿਤਾਰਿਆਂ ਦੇ ਦੁਆਲੇ ਛਾ ਜਾਣ ਵਾਲੀ ਗਲੈਮਰ ਦੀ ਧੁੰਧ ਵਿੱਚ ਫਸੇ ਨਹੀਂ। ਇਸ ਨਾਲ ਉਹ ਆਪਣੀ ਟੀਮ ਮੈਂਬਰਾਂ ਦੇ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਖੇਡ ਪ੍ਰੇਮੀਆਂ ਦੇ ਚਹੇਤੇ ਬਣ ਗਏ।

ਸਾਲ 2017 ਵਿੱਚ ਲੱਗੀ ਇੱਕ ਸੱਟ ਨੇ ਉਨ੍ਹਾਂ ਦੇ ਹਾਕੀ ਜੀਵਨ ਨੂੰ ਲਗਭਗ ਖਤਮ ਕਰ ਦਿੱਤਾ ਸੀ। ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਉਨ੍ਹਾਂ ਨੇ ਦੋ ਸਰਜਰੀਆਂ ਅਤੇ ਦੋ ਮੁੜ-ਸੇਬਿਆਂ ਤੋਂ ਬਾਅਦ ਵਾਪਸੀ ਕੀਤੀ।

ਲੇਕਿਨ ਉਨ੍ਹਾਂ ਨੂੰ ਵਾਪਸ ਸਿਖਰ ਉੱਤੇ ਪਹੁੰਚਣ ਵਿੱਚ ਸਮਾਂ ਲੱਗਿਆ। ਹੁਣ ਉਹ ਕੁਝ ਧੀਮੇ ਹੋ ਗਏ ਸਨ। ਨਵੇਂ ਉਭਰ ਰਹੇ ਗੋਲਚੀ ਵੀ ਸ਼੍ਰੀਜੇਸ਼ ਦੇ ਸਥਾਨ ਲਈ ਦਾਅਵਾ ਪੇਸ਼ ਕਰ ਰਹੇ ਸਨ। ਲੇਕਿਨ ਸ਼੍ਰੀਜੇਸ਼ ਇਸ ਸਾਰੇ ਸ਼ੋਰ ਤੋਂ ਦੂਰ ਆਪਣੀ ਮਿਹਨਤ ਕਰਦੇ ਰਹੇ।

ਸ਼੍ਰੀਜੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੀਜੇਸ਼ ਦਾ ਜਨਮ ਦੱਖਣੀ ਭਾਰਤੀ ਸੂਬੇ ਕੇਰਲ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ।

15 ਸਾਲ ਦੀ ਉਮਰ ਵਿੱਚ 48 ਘੰਟੇ ਦਾ ਸਫ਼ਰ

ਹੁਣ ਉਹ ਇੱਕ ਵਾਰ ਫਿਰ ਤਮਗਿਆਂ ਦਾ 41 ਸਾਲ ਦਾ ਸੋਕਾ ਦੂਰ ਕਰਨ ਲਈ ਤਿਆਰ ਸਨ। ਇਹ ਸੀ ਓਲੰਪਿਕ ਹਾਕੀ ਵਿੱਚ ਤਮਗਾ। ਉਨ੍ਹਾਂ ਨੇ ਸਾਲ 2021 ਵਿੱਚ ਭਾਰਤ ਨੂੰ ਹਾਕੀ ਵਿੱਚ ਬਰੌਨਜ਼ ਮੈਡਲ ਜਿੱਤਣ ਵਿੱਚ ਮਦਦ ਕੀਤੀ।

ਉਨ੍ਹਾਂ ਨੇ ਆਪਣੇ ਪਾਲਣ-ਪੋਸ਼ਣ ਕਾਰਨ ਆਪਣੇ ਜੀਵਨ ਵਿੱਚ ਕਈ ਉਤਰਾ-ਚੜਾਅ ਦਾ ਸਾਹਮਣਾ ਕੀਤਾ ਹੈ।

ਸ਼੍ਰੀਜੇਸ਼ ਦਾ ਜਨਮ ਦੱਖਣੀ ਭਾਰਤੀ ਸੂਬੇ ਕੇਰਲ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ।

ਉਨ੍ਹਾਂ ਨੂੰ ਖੇਡਾਂ ਨਾਲ ਪਿਆਰ ਸੀ ਪਰ ਉਨ੍ਹਾਂ ਨੂੰ ਭੱਜਣਾ ਜ਼ਿਆਦਾ ਪਸੰਦ ਨਹੀਂ ਸੀ। ਆਖਰ ਉਨ੍ਹਾਂ ਨੇ ਹੋਰ ਕਈ ਖੇਡਾਂ ਅਤੇ ਹਾਕੀ ਵਿੱਚ ਵੀ ਵੱਖ-ਵੱਖ ਥਾਵਾਂ ਉੱਤੇ ਖੇਡਣ ਤੋਂ ਬਾਅਦ ਗੋਲਚੀ ਬਣਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਹ ਚੋਣ ਇਸ ਲਈ ਕੀਤੀ ਕਿਉਂਕਿ ਗੋਲਚੀ ਦੇ ਕੰਮ ਵਿੱਚ ਜ਼ਿਆਦਾ ਭੱਜਣਾ-ਨੱਠਣਾ ਸ਼ਾਮਲ ਨਹੀਂ ਹੈ।

48 ਘੰਟਿਆਂ ਦਾ ਸਫ਼ਰ ਕਰਕੇ ਸ਼੍ਰੀਜੇਸ਼ 15 ਸਾਲ ਦੀ ਉਮਰ ਵਿੱਚ ਸਿਖਲਾਈ ਲਈ ਦਿੱਲੀ ਪਹੁੰਚੇ। ਉਹ ਬਹੁਤ ਥੋੜ੍ਹੀ ਹਿੰਦੀ ਬੋਲਦੇ ਹਨ।

ਹੋਸਟਲ ਵਿੱਚ ਜ਼ਿਆਦਾਤਰ ਹਿੰਦੀ, ਪੰਜਾਬੀ ਬੋਲਣ ਵਾਲੇ ਖਿਡਾਰੀਆਂ ਵਿੱਚ ਰਹਿੰਦਿਆਂ ਉਨ੍ਹਾਂ ਨੇ ਨਵੀਂ ਭਾਸ਼ਾ ਸਿੱਖਣ ਦੀ ਚੁਣੌਤੀ ਨੂੰ ਵੀ ਸਵੀਕਾਰ ਕੀਤਾ। ਇਸ ਵਿੱਚ ਕੁਝ ਲੱਛੇਦਾਰ ਸ਼ਬਦ ਵੀ ਸ਼ਾਮਲ ਹਨ, ਜੋ ਅਕਸਰ ਤਣਾਅ-ਪੂਰਨ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਮੂਹੋਂ ਸੁਣੇ ਜਾਂਦੇ ਹਨ।

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੀਜੇਸ਼ ਲਈ ਹੁਣ ਉਨ੍ਹਾਂ ਦੇ ਬੱਚੇ ਹੀ ਪਹਿਲ ਹੋਣਗੇ।

ਉਨ੍ਹਾਂ ਨੂੰ ਟੀਮ ਲਈ ਚੁਣ ਲਿਆ ਗਿਆ ਪਰ ਆਪਣਾ ਬਚਾਅ ਕਰਨ ਲਈ ਵਧੀਆ ਕਿੱਟ ਖਰੀਦਣ ਲਈ ਪੈਸੇ ਨਹੀਂ ਸਨ। ਇਸ ਲਈ ਸ਼੍ਰੀਜੇਸ਼ ਦੇ ਪਿਤਾ ਨੇ ਆਪਣੀ ਗਾਂ ਵੇਚ ਕੇ 10, 000 ਰੁਪਏ ਦਾ ਜੁਗਾੜ ਕੀਤਾ।

ਜ਼ਿੰਦਗੀ ਨੇ ਆਪਣਾ ਚੱਕਰ ਪੂਰਾ ਕੀਤਾ ਅਤੇ ਵੀਰਵਾਰ ਨੂੰ ਸ਼੍ਰੀਜੇਸ਼ ਦੇ ਘੜ ਸੈਂਕੜੇ ਪਿੰਡ ਵਾਸੀ ਉਨ੍ਹਾਂ ਦਾ ਮੈਚ ਦੇਖਣ ਲਈ ਆਏ ਹੋਏ ਸਨ।

ਸ਼੍ਰੀਜੇਸ਼ ਲਈ ਹੁਣ ਉਨ੍ਹਾਂ ਦੇ ਬੱਚੇ ਹੀ ਪਹਿਲ ਹੋਣਗੇ। ਇਸ ਤੋਂ ਇਲਾਵਾ ਉਹ ਭਾਰਤੀ ਜੂਨੀਅਰ ਹਾਕੀ ਟੀਮ ਦੇ ਕੋਚ ਦੀ ਭੂਮਿਕਾ ਵੀ ਨਿਭਾਉਣਗੇ।

ਉਨ੍ਹਾਂ ਨੇ ਓਲੰਪਿਕ. ਕਾਮ ਨੂੰ ਦੱਸਿਆ,“ਇਹ ਮੇਰੇ ਬੱਚਿਆਂ ਦਾ ਸਫਰ ਸ਼ੁਰੂ ਕਰਨ ਦਾ ਸਮਾਂ ਹੈ ਮੈਂ ਆਪਣਾ ਕੰਮ ਕਰ ਲਿਆ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਸ਼ੁਰੂ ਹੋ ਰਹੀ ਹੈ।”

ਆਪਣੀ ਵਿਰਾਸਤ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਨਾ ਕਰਨਾ ਹੀ ਮੁਨਾਸਬ ਸਮਝਿਆ।

ਹਿੰਦੁਸਤਾਨ ਟਾਈਮਸ ਨੂੰ ਉਨ੍ਹਾਂ ਨੇ ਦੱਸਿਆ,“ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਇੱਕ ਚੰਗੇ ਇਨਸਾਨ ਵਜੋਂ ਯਾਦ ਰੱਖਣ ਜਿਸਦਾ ਚਿਹਰੇ ਉੱਥੇ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ।”

“ਨੌਜਵਾਨਾਂ ਅਤੇ ਬੱਚਿਆਂ ਜਦੋਂ ਉਹ ਪੈਡ ਲਾਉਣ ਅਤੇ ਹਾਕੀ ਦੇ ਮੈਦਾਨ ਵਿੱਚ ਉਤਰਨ ਤਾਂ ਸੋਚਣ ਕਿ ਉਹ ਸ਼੍ਰੀਜੇਸ਼ ਵਰਗਾ ਗੋਲਚੀ ਬਣਨਾ ਚਾਹੁੰਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)