ਬ੍ਰਾਜ਼ੀਲ ਜਹਾਜ਼ ਹਾਦਸੇ ਵਿੱਚ 61 ਮੌਤਾਂ, ਕਿਵੇਂ ਕੁਝ ‘ਖੁਸ਼ਨਸੀਬ’ ਫਲਾਈਟ ’ਤੇ ਚੜ੍ਹਨ ਤੋਂ ਖੁੰਝ ਗਏ

ਤਸਵੀਰ ਸਰੋਤ, EPA
- ਲੇਖਕ, ਇਓਨ ਵੇਲਸ ਅਤੇ ਰਾਬਰਟ ਪਲਮਰ
- ਰੋਲ, ਬੀਬੀਸੀ ਪੱਤਰਕਾਰ
ਬ੍ਰਾਜ਼ੀਲ ਦੀ ਰਾਜਧਾਨੀ ਸਾਓ ਪਾਉਲੋ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 61 ਮੌਤਾਂ ਹੋ ਗਈਆਂ ਹਨ। ਜਹਾਜ਼ ਵਿੱਚ 57 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਸਨ। ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ ਹੈ।
ਜਹਾਜ਼ ਦੀ ਮਾਲਕ ਵੋਪਾਸ ਏਅਰਲਾਈਨਸ ਦੇ ਮੁਤਾਬਕ ਦੋ ਇੰਜਣਾਂ ਵਾਲਾ ਇਹ ਟਰਬੋ-ਪਰੋਪ ਜਹਾਜ਼ ਬ੍ਰਾਜ਼ੀਲ ਦੇ ਸ਼ਹਿਰ ਪਰਾਨਾ ਦੇ ਕਾਸਕਾਵੇਲ ਤੋਂ ਸਾਓ ਪਾਉਲੋ ਸ਼ਹਿਰ ਦੇ ਗੁਆਰੂਲਹੋਸ ਹਵਾਈ ਅੱਡੇ ਜਾ ਰਿਹਾ ਸੀ। ਪਰ ਵਿੰਹੇਡੇ ਸ਼ਹਿਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ।
ਸੋਸ਼ਲ ਮੀਡੀਆ ਉੱਤੇ ਘੁੰਮ ਰਹੀ ਫੁਟੇਜ ਵਿੱਚ ਦਿਸ ਰਿਹਾ ਹੈ ਕਿ ਟੀਆਰ 72-500 ਜਹਾਜ਼ ਘੁੰਮਦਾ ਹੋਇਆ ਸਿੱਧਾ ਥੱਲੇ ਡਿੱਗ ਰਿਹਾ ਹੈ।
ਸਥਾਨਕ ਅਧਿਕਾਰੀਆਂ ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਕਾਸਕਾਲੇਵ ਸਥਿਤ ਯੂਓਪੇਕਨ ਕੈਂਸਰ ਹਸਪਤਾਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਟਰੇਨੀ ਡਾਕਟਰ ਵੀ ਸ਼ਾਮਲ ਸਨ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਇਨਾਸਿਓ ਲੂਲਾ ਡੀ ਸਿਲਵਾ ਨੇ ਮਰਨ ਵਾਲਿਆਂ ਦੇ ਨਜ਼ਦੀਕੀਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇੱਕ ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ
ਅਧਿਕਾਰੀਆਂ ਮੁਤਾਬਕ ਜਹਾਜ਼ ਦੇ ਫਲਾਈਟ ਰਿਕਾਰਡ ਮਿਲ ਗਏ ਹਨ।
ਸਾਲ 2007 ਤੋਂ ਬਾਅਦ ਇਹ ਬ੍ਰਾਜ਼ੀਲ ਦਾ ਸਭ ਤੋਂ ਵੱਡਾ ਹਵਾਈ ਹਾਦਸਾ ਹੈ। ਉਦੋਂ ਸਾਓ ਪਾਉਲੋ ਤੋਂ ਟੀਏਐੱਮ ਐਕਸਪ੍ਰੈੱਸ ਜਹਾਜ਼ ਹਾਦਸੇ ਵਿੱਚ 199 ਜਣਿਆਂ ਦੀ ਮੌਤ ਹੋ ਗਈ ਸੀ।
ਅੱਗ ਦਾ ਗੋਲਾ ਅਤੇ ਜਹਾਜ਼ ਦਾ ਮਲਬਾ
ਫਰੈਂਚ-ਇਤਲਾਵੀ ਜਹਾਜ਼ ਕੰਪਨੀ ਟੀਆਰ ਨੇ ਕਿਹਾ ਹੈ ਕਿ ਇਹ ਜਹਾਜ਼ ਹਾਦਸੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਿੱਥੇ ਡਿੱਗਿਆ ਉੱਥੇ ਸਿਰਫ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਜ਼ਮੀਨ ਉੱਤੇ ਕੋਈ ਵੀ ਫਟੱੜ ਨਹੀਂ ਹੋਇਆ ਹੈ।
ਅਧਿਕਾਰੀਆਂ ਨੇ ਦੱਸਿਆ ਵੇਲਿਨਹੋਸ ਮਿਊਂਸੀਪਲ ਸਵਿਲ ਗਾਰਡ ਤੋਂ ਤਿੰਨਾ ਵਾਹਨਾਂ ਦੇ ਨਾਲ 20 ਜਣਿਆਂ ਨੂੰ ਭੇਜਿਆ ਗਿਆ ਹੈ।

ਤਸਵੀਰ ਸਰੋਤ, Getty Images
ਵੀਡੀਓ ਵਿੱਚ ਇੱਕ ਵੱਡੇ ਇਲਾਕੇ ਵਿੱਚ ਫੈਲੀ ਅੱਗ ਅਤੇ ਜਹਾਜ਼ ਦੇ ਮਲਬੇ ਤੋਂ ਉੱਠਦਾ ਧੂਆਂ ਦਿਖ ਰਿਹਾ ਹੈ।
ਜਹਾਜ਼ ਜਿੱਥੇ ਗਿਰਿਆ ਹੈ ਉਸਦੇ ਕੋਲ ਕਈ ਮਕਾਨ ਦਿਖਾਈ ਦੇ ਰਹੇ ਹਨ।
ਹਾਦਸੇ ਵਾਲੀ ਥਾਂ ਉੱਤੇ ਪੁਲਿਸ ਅਤੇ ਫਾਇਰ ਸਰਵਿਸ ਦੇ ਲੋਕ ਦਿਖਾਈ ਦੇ ਰਹੇ ਹਨ।
ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਰਡਾਰ 24 ਦੇ ਮੁਤਾਬਕ, ਜਹਾਜ਼ ਸ਼ੁੱਕਰਵਾਰ 11 ਵੱਜ ਕੇ 56 ਮਿੰਟ ਉੱਤੇ ਕਾਸਕਾਲੋਵ ਤੋਂ ਉੱਡਿਆ ਸੀ ਅਤੇ ਉਸ ਤੋਂ ਡੇਢ ਘੰਟੇ ਬਾਅਦ ਉਸ ਤੋਂ ਆਖਰੀ ਸਿਗਨਲ ਹਾਸਲ ਹੋਇਆ ਸੀ।
ਬ੍ਰਾਜ਼ੀਲ ਦੀ ਨਾਗਰਿਕ ਏਵੀਏਸ਼ਨ ਏਜੰਸੀ ਨੇ ਦੱਸਿਆ ਕਿ ਜਹਾਜ਼ 2010 ਵਿੱਚ ਬਣਿਆ ਸੀ ਅਤੇ ਚੰਗੀ ਹਾਲਤ ਵਿੱਚ ਸੀ।
ਜਹਾਜ਼ ਉਡਾਣ ਭਰਨ ਲਈ ਬਿਲਕੁਲ ਠੀਕ ਸੀ। ਜਹਾਜ਼ ਦੇ ਚਾਲਕ ਦਲ ਕੋਲ ਸਾਰੇ ਲਾਈਸੈਂਸ ਵੀ ਸਨ।
ਚਸ਼ਮਦੀਦਾਂ ਨੇ ਕੀ ਦੱਸਿਆ?

ਤਸਵੀਰ ਸਰੋਤ, Getty Images
ਆਪਣੇ ਸਾਹਮਣੇ ਜਹਾਜ਼ ਨੂੰ ਹਾਦਸੇ ਦਾ ਸ਼ਿਕਾਰ ਹੁੰਦੇ ਦੇਖਣ ਵਾਲੇ ਫੇਲਿਫ਼ ਮੇਗਲੇਸ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, “ਜਿਵੇਂ ਹੀ ਮੈਂ ਜਹਾਜ਼ ਡਿੱਗਣ ਦੀ ਅਵਾਜ਼ ਸੁਣੀ ਮੈਂ ਖਿੜਕੀ ਤੋਂ ਬਾਹਰ ਦੇਖਿਆ, ਮੈਂ ਆਪਣੀਆਂ ਅੱਖਾਂ ਨਾਲ ਜਹਾਜ਼ ਨੂੰ ਡਿੱਗਦਿਆਂ ਦੇਖਿਆ।”
ਵਿਨਹੇਡੋ ਸ਼ਹਿਰ ਵਾਸੀ ਨੇ ਦੱਸਿਆ ਕਿ ਜਹਾਜ਼ ਡਿੱਗਦੇ ਹੀ ਉਹ ਘਰ ਤੋਂ ਬਾਹਰ ਭੱਜੇ। ਉਹ ਬੁਰੀ ਤਰ੍ਹਾਂ ਡਰ ਗਏ ਸਨ ਅਤੇ ਉਨ੍ਹਾਂ ਨੂੰ ਨਹੀਂ ਸੀ ਕਿ ਕੀ ਕੀਤਾ ਜਾਵੇ। ਡਰਦੇ ਮਾਰੇ ਉਹ ਘਰ ਦੀ ਕੰਧ ਟੱਪ ਕੇ ਬਾਹਰ ਭੱਜ ਗਏ।

ਹਾਦਸੇ ਵਾਲੀ ਥਾਂ ਦੇ ਨੇੜੇ ਰਹਿਣ ਵਾਲੀ ਨਤਾਲੀ ਸਿਸਰੀ ਨੇ ਦੱਸਿਆ ਕਿ ਉਹ ਖਾਣਾ ਖਾ ਰਹੇ ਸੀ ਜਦੋਂ ਉਨ੍ਹਾਂ ਨੇ ਦੂਰੋਂ ਉੱਚੀ ਆਵਾਜ਼ ਸੁਣੀ।
ਉਨ੍ਹਾਂ ਨੇ ਦੱਸਿਆ ਕਿ ਇਹ ਆਵਾਜ਼ ਡਰੋਨ ਦੇ ਉੱਡਣ ਵਰਗੀ ਸੀ ਪਰ ਬਾਅਦ 'ਚ ਬਹੁਤ ਤੇਜ਼ ਆਵਾਜ਼ ਆਈ।
ਉਨ੍ਹਾਂ ਨੇ ਸੀਐੱਨਐੱਨ ਬ੍ਰਾਜ਼ੀਲ ਨੂੰ ਦੱਸਿਆ, "ਮੈਂ ਭੱਜ ਕੇ ਬਾਲਕੋਨੀ ਵੱਲ ਆਈ ਅਤੇ ਜਹਾਜ਼ ਨੂੰ ਬਹੁਤ ਤੇਜ਼ੀ ਨਾਲ ਚੱਕਰ ਖਾ ਕੇ ਹੇਠਾਂ ਡਿੱਗਦਾ ਦੇਖਿਆ। ਇੱਕ ਪਲ ਵਿੱਚ ਹੀ ਮੈਂ ਸਮਝ ਗਈ ਕਿ ਇਹ ਜਹਾਜ਼ ਦੀ ਆਮ ਹਰਕਤ ਨਹੀਂ ਸੀ।”
ਇੱਕ ਹੋਰ ਚਸ਼ਮਦੀਦ ਗਵਾਹ ਪਿਤਰੋ ਨੇ ਰੌਇਟਰਜ਼ ਨੂੰ ਦੱਸਿਆ ਕਿ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਵੀਡੀਓ ਬਣਾਉਣ ਲੱਗ ਪਏ।
ਉਨ੍ਹਾਂ ਨੇ ਕਿਹਾ,“ਮੈਂ ਜਹਾਜ਼ ਦਾ ਮਲਬਾ ਦੇਖਿਆ। ਹਾਦਸੇ ਵਾਲੀ ਥਾਂ 'ਤੇ ਸਿਰਫ਼ ਇਸ ਦਾ ਕੈਬਿਨ ਹੀ ਪਿਆ ਸੀ।”
ਉਹ ਖੁਸ਼ਨਸੀਬ ਜੋ ਬਚ ਗਏ
ਕੁਝ ਯਾਤਰੀ ਨੇ ਇਸ ਜਹਾਜ਼ ਦੀਆਂ ਟਿਕਟਾਂ ਲਈਆਂ ਸਨ ਪਰ ਉਡਾਣ ਤੋਂ ਖੁੰਝ ਗਏ ਸੀ।
ਇਨ੍ਹਾਂ ਵਿੱਚੋਂ ਇੱਕ ਸੀ ਐਂਦਰੀਨੋ ਅਸੀਸ ਨੇ ਦੱਸਿਆ, "ਜਹਾਜ਼ ਦੀ ਉਡਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕਾਊਂਟਰ 'ਤੇ ਇਹ ਦੱਸਣ ਵਾਲਾ ਕੋਈ ਵੀ ਨਹੀਂ ਸੀ। ਜਦੋਂ ਵੀ ਕੋਈ ਉੱਥੇ ਜਾਂਦਾ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਹੁਣ ਉਹ ਜਹਾਜ਼ ਵਿੱਚ ਨਹੀਂ ਬੈਠ ਸਕਦੇ।”
“ਮੇਰੀ ਉਥੇ ਬੈਠੇ ਕੁਝ ਲੋਕਾਂ ਨਾਲ ਇਸ ਬਾਰੇ ਬਹਿਸ ਵੀ ਹੋਈ। ਲੇਕਿਨ ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਬਚ ਗਿਆ।”

ਤਸਵੀਰ ਸਰੋਤ, Getty Images
ਇਕ ਹੋਰ ਯਾਤਰੀ ਜੋਸ ਫੇਲਿਫ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਲਤਾਮ ਜਾਣ ਲਈ ਟਿਕਟ ਬੁੱਕ ਕੀਤੀ ਸੀ। ਪਰ ਲਤਾਮ ਹਵਾਈ ਅੱਡਾ ਬੰਦ ਸੀ।
ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਦੱਸਿਆ ਗਿਆ ਕਿ ਉਨ੍ਹਾਂ ਦੀ ਬੋਰਡਿੰਗ ਸੀਮਾ ਪੂਰੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਉਥੇ ਬੈਠੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਲੜਾਈ ਵੀ ਹੋਈ। ਪਰ ਉਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ,“ਇਹ ਇੱਕ ਕੰਬਾ ਦੇਣ ਵਾਲਾ ਤਜਰਬਾ ਹੈ। ਮੈਂ ਅਜੇ ਵੀ ਕੰਬ ਰਿਹਾ ਹਾਂ। ਸਿਰਫ ਮੈਂ ਤੇ ਰੱਬ ਹੀ ਇਸ ਪਲ ਦੇ ਗਵਾਹ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












