ਜਦੋਂ ਉੱਡਦੇ ਜਹਾਜ਼ ਦੇ ਦੋਵੇਂ ਪਾਇਲਟ ਸੌਂ ਗਏ... ਮੁਸਾਫ਼ਿਰਾਂ ਦਾ ਕੀ ਹੋਇਆ

ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਟਿਕ ਏਅਰ ਦੇ ਦੋਵੇਂ ਪਾਇਲਟ ਉਡਾਣ ਦੌਰਾਨ ਸੌਂ ਗਏ
    • ਲੇਖਕ, ਜੋਇਲ ਗੁਇੰਟੋ
    • ਰੋਲ, ਬੀਬੀਸੀ ਨਿਊਜ਼

ਇੰਡੋਨੇਸ਼ੀਆ ਦੀ ਸਥਾਨਕ ਏਅਰਲਾਈਂਜ਼ ਏਅਰ ਬਾਟਿਕ ਦੀ ਉਡਾਣ ਵਾਲੇ ਦੋਵੇਂ ਪਾਇਲਟਾਂ ਦੇ ਸੌਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਹ ਮਾਮਲਾ ਲੰਘੀ 25 ਜਨਵਰੀ ਦਾ ਸੀ, ਜਿਸ ਮਗਰੋਂ ਇੰਡੋਨੇਸ਼ੀਆ ਸਥਾਨਕ ਕੈਰੀਅਰ ਬਾਟਿਕ ਏਅਰ ਦੀ ਜਾਂਚ ਕਰ ਰਿਹਾ ਹੈ।

ਫਿਲਹਾਲ ਦੋਵੇਂ ਪਾਇਲਟ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੇ ਗਏ ਹਨ। ਇਹ ਦੋਵੇਂ ਪਾਇਲਟ 25 ਜਨਵਰੀ ਨੂੰ ਸੁਲਾਵੇਸੀ ਤੋਂ ਰਾਜਧਾਨੀ ਜਕਾਰਤਾ ਦੀ ਉਡਾਣ ਦੌਰਾਨ ਸੌਂ ਗਏ ਸਨ।

ਇਸ ਦੌਰਾਨ ਏਅਰਬੱਸ ਏ-320 ਨੇ ਥੋੜ੍ਹੇ ਸਮੇਂ ਲਈ ਰਸਤੇ ਤੋਂ ਭਟਕ ਗਿਆ ਸੀ ਪਰ ਬਾਅਦ ਵਿੱਚ ਜਹਾਜ਼ ਨੂੰ, ਉਸ ਵਿੱਚ ਸਵਾਰ ਸਾਰੇ 153 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ।

ਸੁੱਤੇ ਹੋਏ ਪਾਇਲਟਾਂ ਵਿੱਚੋਂ ਇੱਕ ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹ ਕਿ ਉਹ ਕਥਿਤ ਤੌਰ 'ਤੇ ਆਪਣੇ ਨਵਜੰਮੇ ਜੌੜੇ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਕਰਨ ਕਾਰਨ ਥੱਕ ਗਿਆ ਸੀ।

ਉਡਾਣ ਭਰਨ ਦੇ ਅੱਧੇ ਘੰਟੇ ਬਾਅਦ, 32 ਸਾਲਾ ਪਾਇਲਟ ਨੇ ਆਪਣੇ ਸਹਿ-ਪਾਇਲਟ ਨੂੰ ਜਹਾਜ਼ ਦਾ ਕੰਟ੍ਰੋਲ ਲੈਣ ਲਈ ਕਿਹਾ, ਕਿ ਉਸ ਨੂੰ ਥੋੜ੍ਹਾ ਆਰਾਮ ਕਰਨ ਦੀ ਲੋੜ ਹੈ।

ਟਰਾਂਸਪੋਰਟ ਮੰਤਰਾਲੇ ਦੀ ਰਿਪੋਰਟ ਮੁਤਾਬਕ 28 ਸਾਲਾ ਕੋ-ਪਾਇਲਟ ਨੇ ਇਸ ਬਾਰੇ ਸਹਿਮਤੀ ਜਤਾਈ।

ਪਰ ਇਸ ਮਗਰੋਂ ਸਹਿ-ਪਾਇਲਟ ਵੀ ਅਣਜਾਣੇ ਵਿੱਚ ਸੌਂ ਗਿਆ। ਰਿਪੋਰਟ ਦੇ ਅਨੁਸਾਰ, ਉਹ ਆਪਣੀ ਪਤਨੀ ਦੀ ਆਪਣੇ ਇੱਕ ਮਹੀਨੇ ਦੇ ਜੌੜੇ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਕਰ ਰਿਹਾ ਸੀ।

ਬੈਟਿਕ ਏਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋਵੇਂ ਪਾਇਲਟ 28 ਮਿੰਟ ਤੱਕ ਸੁੱਤੇ ਰਹੇ

28 ਮਿੰਟਾਂ ਤੱਕ ਸੁੱਤੇ ਰਹੇ ਪਾਇਲਟ

ਜਕਾਰਤਾ ਏਅਰ ਟ੍ਰੈਫਿਕ ਕੰਟਰੋਲ ਨੇ ਆਖ਼ਰੀ ਰਿਕਾਰਡ ਕੀਤੇ ਪ੍ਰਸਾਰਣ ਤੋਂ ਬਾਅਦ ਬਾਟਿਕ ਏਅਰ ਏ-320 ਦੇ ਕਾਕਪਿਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੋਂ ਕੋਈ ਜਵਾਬ ਨਹੀਂ ਮਿਲਿਆ।

ਇਹ ਰੇਡੀਓ 28 ਮਿੰਟ ਤੱਕ ਖ਼ਾਮੋਸ਼ ਰਿਹਾ ਜਦੋਂ ਤੱਕ ਮੁੱਖ ਪਾਇਲਟ ਜਾਗ ਨਹੀਂ ਗਿਆ।

ਉਸ ਦੇ ਉੱਠਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਸਹਿ-ਪਾਇਲਟ ਵੀ ਸੌਂ ਗਿਆ ਸੀ। ਉਨ੍ਹਾਂ ਨੇ ਇਹ ਵੀ ਦੇਖਿਆ ਕਿ ਜਹਾਜ਼ ਕੁਝ ਸਮੇਂ ਲਈ ਰਸਤਾ ਭਟਕ ਗਿਆ ਸੀ।

ਇਸ ਤੋਂ ਬਾਅਦ ਪਾਇਲਟਾਂ ਨੇ ਜਕਾਰਤਾ ਤੋਂ ਆ ਰਹੀ ਕਾਲ ਦਾ ਜਵਾਬ ਦਿੱਤਾ ਅਤੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ।

ਹਾਲਾਂਕਿ, ਉਡਾਣ ਤੋਂ ਪਹਿਲਾਂ ਪਾਇਲਟਾਂ ਦੇ ਕੀਤੇ ਗਏ ਮੈਡੀਕਲ ਟੈਸਟਾਂ ਤੋਂ ਪਤਾ ਲੱਗਾ ਕਿ ਉਹ ਉੱਡਣ ਲਈ ਫਿੱਟ ਸਨ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਆਮ ਸੀ ਅਤੇ ਅਲਕੋਹਲ ਟੈਸਟ ਨੈਗੇਟਿਵ ਆਇਆ ਸੀ।

ਹਵਾਬਾਜ਼ੀ ਮਾਹਰ ਐਲਵਿਨ ਲੀ ਨੇ ਬੀਬੀਸੀ ਇੰਡੋਨੇਸ਼ੀਆਈ ਨੂੰ ਦੱਸਿਆ ਕਿ ਹਾਲਾਂਕਿ ਪਾਇਲਟਾਂ ਨੂੰ ਪੂਰੀ ਤਰ੍ਹਾਂ ਆਰਾਮ ਦਿੱਤਾ ਗਿਆ ਸੀ, ਪਰ ਟੈਸਟ ਇਹ ਪਤਾ ਲਗਾਉਣ ਵਿੱਚ ਅਸਫ਼ਲ ਰਹੇ ਕਿ ਉਨ੍ਹਾਂ ਦੇ ਆਰਾਮ ਦੀ ਗੁਣਵੱਤਾ ਚੰਗੀ ਸੀ ਜਾਂ ਨਹੀਂ।

ਪਾਇਲਟ

ਤਸਵੀਰ ਸਰੋਤ, ISTIMEWA

ਤਸਵੀਰ ਕੈਪਸ਼ਨ, 2019 ਵਿੱਚ ਬੈਟਿਕ ਏਅਰ ਦਾ ਪਾਿਲਟ ਉਡਾਣ ਵੇਲੇ ਬੇਹੋਸ਼ ਹੋ ਗਿਆ ਸੀ

2019 ਵਿੱਚ ਪਾਇਲਟ ਬੇਹੋਸ਼ ਗਿਆ ਸੀ

ਅਧਿਕਾਰੀਆਂ ਨੇ ਹੁਣ ਇਸ ਘਟਨਾ 'ਤੇ ਬਾਟਿਕ ਏਅਰ ਨੂੰ "ਜ਼ੋਰਦਾਰ ਤਾੜਨਾ" ਕੀਤੀ ਹੈ। ਇੰਡੋਨੇਸ਼ੀਆ ਦੇ ਹਵਾਈ ਆਵਾਜਾਈ ਦੇ ਮੁਖੀ ਐੱਮ ਕ੍ਰਿਸਟੀ ਐਂਡਾਹ ਮੁਰਨੀ ਦਾ ਕਹਿਣਾ ਹੈ ਕਿ ਬਾਟਿਕ ਏਅਰ ਨੂੰ ਆਪਣੇ ਚਾਲਕ ਦਲ ਦੇ ਆਰਾਮ ਦੇ ਸਮੇਂ 'ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਬਾਟਿਕ ਏਅਰ ਨੇ ਕਿਹਾ ਹੈ ਕਿ ਉਸ ਦੀ 'ਢੁਕਵੀਂ ਆਰਾਮ ਨੀਤੀ ਹੈ' ਅਤੇ ਇਹ 'ਸਾਰੀਆਂ ਸੁਰੱਖਿਆ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਵਚਨਬੱਧ' ਹੈ।

2019 ਵਿੱਚ, ਇਸੇ ਹੀ ਏਅਰਲਾਈਨ ਨੂੰ ਪਾਇਲਟ ਦੇ ਬੇਹੋਸ਼ ਹੋਣ ਮਗਰੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।

ਜ਼ਿਆਦਾਤਰ ਦੇਸ਼ਾਂ ਵਿੱਚ ਹਵਾਬਾਜ਼ੀ ਨਿਯਮਾਂ ਵਿੱਚ ਵਪਾਰਕ ਏਅਰਲਾਈਨਾਂ ਦੇ ਕਾਕਪਿਟ ਵਿੱਚ ਘੱਟੋ-ਘੱਟ ਦੋ ਪਾਇਲਟਾਂ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ।

ਨਵੰਬਰ 2019 ਵਿੱਚ ਜਕਾਰਤਾ ਤੋਂ ਕੁਪਾਂਗ ਜਾਣ ਵਾਲੀ ਫਲਾਈਟ 'ਤੇ ਬਾਟਿਕ ਏਅਰ ਦੇ ਪਾਇਲਟ ਦੇ ਬੇਹੋਸ਼ ਹੋ ਕੇ ਡਿੱਗਣ ਮਗਰੋਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।

ਇਸ ਮਗਰੋਂ ਸਾਰੇ ਫਲਾਈਟ ਆਪਰੇਟਰਾਂ ਨੂੰ ਸਾਰੇ ਫਲਾਈਟ ਸਟਾਫ ਦੀ ਸਿਹਤ ਜਾਂਚ ਕਰਨ ਦਾ ਆਦੇਸ਼ ਦਿੱਤਾ ਸੀ।

ਪਾਇਲਟਾਂ ਲਈ ਆਰਾਮ ਕਰਨ ਦੇ ਕੀ ਨਿਯਮ ਹਨ

  • ਇੰਡੋਨੇਸ਼ੀਆ ਵਿੱਚ 7 ਦਿਨਾਂ ਲਈ ਕੰਮ ਕਰਨ ਤੋਂ ਬਾਅਦ 24 ਘੰਟੇ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  • 30 ਦਿਨਾਂ ਵਿੱਚ ਇੱਕ ਪਾਇਲਟ 120 ਘੰਟੇ ਤੱਕ ਉਡਾਣ ਭਰ ਸਕਦਾ ਹੈ।
  • 90 ਦਿਨਾਂ ਵਿੱਚ 300 ਘੰਟੇ ਉਡਾਣ ਭਰ ਸਕਦਾ ਹੈ।
  • ਇੱਕ ਸਾਲ ਵਿੱਚ ਪਾਇਲਟ 1050 ਘੰਟੇ ਉਡਾਣ ਭਰ ਸਕਦੇ ਹਨ।
  • ਦੋ ਫਲਾਈਟਾਂ ਵਿਚਾਲੇ 10 ਘੰਟਿਆਂ ਦਾ ਗੈਪ ਹੋਣਾ ਚਾਹੀਦਾ ਹੈ ਜਿਸ ਵਿੱਚ 8 ਘੰਟਿਆਂ ਦੀ ਨੀਂਦ ਹੋਣੀ ਚਾਹੀਦੀ ਹੈ।
  • ਪੂਰੇ ਹਫ਼ਤੇ ਵਿੱਚ ਇੱਕ ਪਾਇਲਟ ਨੂੰ 30 ਘੰਟੇ ਆਰਾਮ ਕਰਨਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)