ਹਿੰਡਨਬਰਗ: 'ਐਂਬੂਲੈਂਸ ਡਰਾਇਵਰ' ਨੇ ਪਹਿਲਾਂ ਕਿਵੇਂ ਗੌਤਮ ਅਡਾਨੀ ਦੇ ਸਾਮਰਾਜ ਨੂੰ ਹਿਲਾਇਆ ਤੇ ਹੁਣ ਸੇਬੀ ਮੁਖੀ ਨੂੰ ਵਖ਼ਤ ਪਾਇਆ

ਤਸਵੀਰ ਸਰੋਤ, THE WASHINGTON POST/GETTY
ਹਿੰਡਨਬਰਗ ਰਿਸਰਚ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਡਾਨੀ ਮਨੀ ਸਾਈਫ਼ਨਿੰਗ ਸਕੈਂਡਲ ਵਿੱਚ ਵਰਤੇ ਗਏ ਪੈਸੇ ਵਿੱਚ ਸੇਬੀ ਮੁਖੀ ਦੀ ਹਿੱਸੇਦਾਰੀ ਰਹੀ ਹੈ।
ਹਿੰਡਨਬਰਗ ਰਿਸਚਰ ਦੀ ਰਿਪੋਰਟ ਉੱਤੇ ਸੇਬੀ ਦੀ ਚੇਅਰ ਪਰਸਨ ਅਤੇ ਉਨ੍ਹਾਂ ਦੇ ਪਤੀ ਦਾ ਸਾਂਝਾ ਬਿਆਨ ਆਇਆ ਹੈ। ਬਿਆਨ ਵਿੱਚ ਹਿੰਡਨਬਰਗ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਗਿਆ ਹੈ।
ਇੰਡੀਅਨ ਐਕਸਪ੍ਰੈੱਸ ਅਤੇ ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮਾਧਬੀ ਬੁਚ ਅਤੇ ਉਨ੍ਹਾਂ ਦੇ ਪਤੀ ਨੇ ਕਿਹਾ ਹੈ- “ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਉੱਤੇ ਲਾਏ ਗਏ ਬੇਬੁਨਿਆਦ ਇਲਜ਼ਾਮਾਂ ਦਾ ਅਸੀਂ ਖੰਡਨ ਕਰਦੇ ਹਾਂ।”
ਉਨ੍ਹਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਅਤੇ ਸਾਡਾ ਵਿੱਤੀ ਲੇਖਾ-ਜੋਖਾ ਖੁੱਲ਼੍ਹੀ ਕਿਤਾਬ ਵਾਂਗ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਸੇਬੀ ਨੂੰ ਸਾਰੀਆਂ ਜ਼ਰੂਰੀ ਜਾਣਕਾਰੀਆਂ ਦਿੱਤੀਆਂ ਗਈਆਂ ਹਨ।
ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਹਿੰਡਰਬਰਗ ਨੇ ਆਪਣੀ ਰਿਪੋਰਟ ਨਾਲ ਭੜਥੂ ਪਾਇਆ ਹੋਵੇ। ਫਰਮ ਦੀ ਵੈਬਸਾਈਟ ਮੁਤਾਬਕ ਉਸ ਨੇ ਕਈ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ।
ਇਸਦੀਆਂ ਰਿਪੋਰਟਾਂ ਨੂੰ ਭਰੋਸੇਯੋਗ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਵਿੱਚ ਕਈ ਭ੍ਰਿਸ਼ਟ ਕੰਪਨੀਆਂ ਉੱਤੇ ਇਸਦੀਆਂ ਰਿਪੋਰਟਾਂ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਹਿੰਡਨਬਰਗ ਦੀ ਇਸ ਰਿਪੋਰਟ ਉੱਤੇ ਅਡਾਨੀ ਸਮੂਹ ਨੇ ਬਿਆਨ ਜਾਰੀ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਹਿੰਡਨਬਰਗ ਦੇ ਵੱਲੋਂ ਲਾਏ ਗਏ ਇਹ ਇਲਜ਼ਾਮ ਮਾੜੀ ਭਾਵਨਾ ਤੋਂ ਪ੍ਰੇਰਿਤ ਹਨ। ਇਨ੍ਹਾਂ ਲਈ ਸ਼ਰਾਰਤਪੂਰਨ ਤਰੀਕੇ ਨਾਲ ਜਨਤਕ ਤੌਰ ਉਤੇ ਉਪਲਬਧ ਜਾਣਕਾਰੀ ਦੀ ਚੋਣ ਕੀਤੀ ਗਈ ਹੈ, ਤਾਂ ਜੋ ਨਿੱਜੀ ਲਾਭ ਦੇ ਲਈ ਪਹਿਲਾਂ ਤੋਂ ਹੀ ਤੈਅ ਕੀਤੇ ਨਤੀਜੇ ਉੱਤੇ ਪਹੁੰਚਿਆ ਜਾ ਸਕੇ।
ਇਹ ਤੱਥਾਂ ਅਤੇ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ, 'ਅਸੀਂ ਅਡਾਨੀ ਸਮੂਹ ਉੱਤੇ ਲਾਏ ਗਏ ਇਲਜ਼ਾਮਾਂ ਨੂੰ ਪੂਰਨ ਤੌਰ ਉੱਤੇ ਖਾਰਿਜ ਕਰਦੇ ਹਾਂ। ਇਹ ਇਲਜ਼ਾਮ ਉਨ੍ਹਾਂ ਬੇਬੁਨਿਆਦ ਦਾਅਵਿਆਂ ਦਾ ਹੀ ਨਵਾਂ ਰੂਪ ਹਨ, ਜਿਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਹੋ ਚੁੱਕੀ ਹੈ।ਇਨ੍ਹਾਂ ਇਲਜ਼ਾਮਾਂ ਨੂੰ ਜਨਵਰੀ 2024 ਵਿੱਚ ਸੁਪਰੀਮ ਦੇ ਵੱਲੋਂ ਪਹਿਲਾਂ ਹੀ ਖਾਰਿਜ ਕੀਤਾ ਜਾ ਚੁੱਕਾ ਹੈ।"
ਇਸ ਤੋਂ ਪਹਿਲਾਂ ਕਾਂਗਰਸ ਨੇ ਬਿਆਨ ਜਾਰੀ ਕਰਕੇ ਅਡਾਨੀ ਮਾਮਲੇ ਵਿੱਚ ਉੱਚ ਅਧਿਕਾਰੀਆਂ ਦੀ ਕਥਿਤ ਮਿਲੀਭਗਤ ਨੂੰ ਉਜਾਗਰ ਕਰਨ ਲਈ ਜੇਪੀਸੀ ਗਠਿਤ ਕਰਨ ਦੀ ਮੰਗ ਕੀਤੀ ਸੀ।
ਬੀਬੀਸੀ ਪੱਤਰਕਾਰ ਵਿਕਾਸ ਤ੍ਰਿਵੇਦੀ ਦੀ ਰਿਪੋਰਟ ਉੱਤੇ ਅਧਾਰਤ ਇਸ ਰਿਪੋਰਟ ਵਿੱਚਜਾਣਦੇ ਹਾਂ ਕਿ ਹਿੰਡਨਬਰਗ ਰਿਸਰਚ ਕੰਪਨੀ ਦੀ ਕਹਾਣੀ ਕੀ ਹੈ ਅਤੇ ਹਿੰਡਨਬਰਗ ਰਿਸਰਚ ਦੇ ਪਿੱਛੇ ਕੌਣ ਹੈ?…

ਅਡਾਨੀ ਨਾਲ ਜੁੜੀ ਹਿੰਡਰਬਰਗ ਦੀ ਪਿਛਲੀ ਰਿਪੋਰਟ
24 ਜਨਵਰੀ 2023 - ਇਹ ਉਹ ਤਾਰੀਖ ਹੈ, ਜਿਸ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਲਈ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ।
ਇਸੇ ਤਾਰੀਖ ਨੂੰ ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਸੀ।
ਇਸ ਰਿਪੋਰਟ 'ਚ ਅਡਾਨੀ ਸਮੂਹ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਗਏ ਸਨ। ਇਸ ਦੇ ਨਾਲ ਹੀ ਰਿਪੋਰਟ 'ਚ ਅਡਾਨੀ ਗਰੁੱਪ ਤੋਂ 88 ਸਵਾਲ ਵੀ ਪੁੱਛੇ ਗਏ ਸਨ।
ਅਡਾਨੀ ਸਮੂਹ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ।
ਰਿਪੋਰਟ ਸਾਹਮਣੇ ਆਉਣ ਤੋਂ ਮਗਰੋਂ, ਸ਼ੇਅਰ ਬਾਜ਼ਾਰ ਦੀ ਦੁਨੀਆਂ 'ਚੋਂ ਗੌਤਮ ਅਡਾਨੀ ਲਈ ਕੋਈ ਵੀ ਚੰਗੀ ਖ਼ਬਰ ਨਹੀਂ ਆਈ ਹੈ।
ਇਹ ਉਹੀ ਗੌਤਮ ਅਡਾਨੀ ਹਨ, ਜੋ ਕੁਝ ਦਿਨ ਪਹਿਲਾਂ ਤੱਕ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ।
ਪਰ ਹਿੰਡਨਬਰਗ ਦੀ ਰਿਪੋਰਟ ਆਉਣ ਦੇ 10 ਦਿਨਾਂ ਦੇ ਅੰਦਰ-ਅੰਦਰ ਹੀ ਉਹ ਸਿਖਰਲੇ 20 ਦੀ ਸੂਚੀ ਵਿੱਚੋਂ ਵੀ ਬਾਹਰ ਹੋ ਗਏ ਹਨ।
ਇਸ ਤੋਂ ਇਲਾਵਾ ਗੌਤਮ ਅਡਾਨੀ ਨੇ 20,000 ਕਰੋੜ ਰੁਪਏ ਦਾ ਐੱਫਪੀਓ ਵੀ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਕੰਪਨੀ ਵੱਡੇ ਘਾਟੇ 'ਚ ਹੈ।
ਹਿੰਡਨਬਰਗ ਨਾਮ ਕਿੱਥੋਂ ਆਇਆ?

ਤਸਵੀਰ ਸਰੋਤ, BRITISHPATHE
ਸਾਲ 1937 - ਜਰਮਨੀ ਵਿੱਚ ਹਿਟਲਰ ਦਾ ਰਾਜ ਸੀ। ਇਸ ਦੌਰ ਵਿੱਚ ਇੱਕ ਸਪੇਸਸ਼ਿਪ ਸੀ, ਜਿਸ ਦਾ ਨਾਮ ਸੀ - ਹਿੰਡਨਬਰਗ ਸਪੇਸਸ਼ਿਪ।
ਇਸ ਸਪੇਸਸ਼ਿਪ ਦੇ ਪਿੱਛੇ ਨਾਜ਼ੀ ਯੁੱਗ ਦਾ ਪ੍ਰਤੀਕ ਇੱਕ ਸਵਾਸਤਿਕ ਬਣਿਆ ਹੋਇਆ ਸੀ।
ਅਮਰੀਕਾ ਦੇ ਨਿਊਜਰਸੀ 'ਚ ਜ਼ਮੀਨ ਤੋਂ ਇਸ ਸਪੇਸਸ਼ਿਪ ਨੂੰ ਦੇਖ ਰਹੇ ਲੋਕਾਂ ਨੇ ਕੁਝ ਅਸਾਧਾਰਨ ਦੇਖਿਆ।
ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅਸਮਾਨ ਵਿੱਚ ਦਿਖਾਈ ਦੇ ਰਹੇ ਹਿੰਡਨਬਰਗ ਸਪੇਸਸ਼ਿਪ ਨੂੰ ਅੱਗ ਲੱਗ ਗਈ।
ਲੋਕਾਂ 'ਚ ਚੀਕ-ਚਿਹਾੜਾ ਮਚ ਗਿਆ। ਸਪੇਸਸ਼ਿਪ ਜ਼ਮੀਨ 'ਤੇ ਡਿੱਗਿਆ ਅਤੇ 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਸਭ ਕੁਝ ਤਬਾਹ ਹੋ ਗਿਆ।
ਉੱਥੇ ਮੌਜੂਦ ਲੋਕਾਂ ਨੂੰ ਬਚਾਉਣ ਲਈ ਕੁਝ ਲੋਕ ਅੱਗੇ ਵਧੇ। ਕੁਝ ਲੋਕਾਂ ਨੂੰ ਤਾਂ ਬਚਾਇਆ ਜਾ ਸਕਿਆ, ਪਰ ਕੁਝ ਨੂੰ ਬਚਾਉਣ 'ਚ ਬਹੁਤ ਦੇਰ ਹੋ ਚੁੱਕੀ ਸੀ।
ਸੜਦੇ ਹੋਏ ਸਪੇਸਸ਼ਿਪ ਦੇ ਧੂੰਏਂ ਨੇ ਅਸਮਾਨ ਨੂੰ ਕਾਲ਼ਾ ਕਰ ਦਿੱਤਾ ਸੀ। ਹੁਣ ਜੋ ਕੁਝ ਬਚਿਆ ਸੀ ਉਹ ਸਨ ਸਪੇਸਸ਼ਿਪ ਦੇ ਬਚੇ ਹੋਏ ਅਵਸ਼ੇਸ਼।
ਇਸ ਸਪੇਸਸ਼ਿਪ ਵਿੱਚ 16 ਹਾਈਡ੍ਰੋਜਨ ਗੈਸ ਦੇ ਗੁਬਾਰੇ ਸਨ। ਇਸ ਸਪੇਸਸ਼ਿਪ 'ਚ ਜ਼ਬਰਦਸਤੀ 100 ਲੋਕਾਂ ਨੂੰ ਬਿਠਾ ਦਿੱਤਾ ਗਿਆ ਸੀ ਅਤੇ ਇਸ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ ਸੀ।
ਮੰਨਿਆ ਜਾਂਦਾ ਹੈ ਕਿ ਹਾਈਡ੍ਰੋਜਨ ਗੁਬਾਰਿਆਂ 'ਚ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਸਨ, ਅਜਿਹੇ ਸਥਿਤੀ 'ਚ ਸਬਕ ਲੈਂਦੇ ਹੋਏ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।
ਹਾਦਸਿਆਂ ਤੋਂ ਮਿਲੇ ਸਬਕ... ਸ਼ੇਅਰ ਬਾਜ਼ਾਰ ਲਈ?
ਗੌਤਮ ਅਡਾਨੀ 'ਤੇ ਰਿਪੋਰਟ ਲਿਆਉਣ ਵਾਲੀ ਰਿਸਰਚ ਕੰਪਨੀ ਹਿੰਡਨਬਰਗ ਦਾ ਨਾਮ ਵੀ ਇਸ ਘਟਨਾ ਨਾਲ ਜੋੜ ਕੇ ਰੱਖਿਆ ਗਿਆ ਹੈ।
ਕੰਪਨੀ ਦਾ ਕਹਿਣਾ ਹੈ, ''ਹਿੰਡਨਬਰਗ ਘਟਨਾ ਦੀ ਤਰਜ਼ 'ਤੇ ਹੀ ਅਸੀਂ ਸ਼ੇਅਰ ਬਾਜ਼ਾਰ 'ਚ ਹੋ ਰਹੇ ਗੋਲਮਾਲ ਅਤੇ ਗੜਬੜੀ ਦੀ ਨਿਗਰਾਨੀ ਕਰਦੇ ਹਾਂ। ਸਾਡਾ ਉਦੇਸ਼ ਉਨ੍ਹਾਂ ਨੂੰ ਬੇਨਕਾਬ ਕਰਨਾ ਅਤੇ ਸੱਚਾਈ ਸਾਹਮਣੇ ਲਿਆਉਣਾ ਹੈ।''
ਜਿਵੇਂ ਕਿ ਹਿੰਡਨਬਰਗ ਹਾਦਸੇ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਿਆ ਸੀ, ਉਸੇ ਤਰ੍ਹਾਂ ਹਿੰਡਨਬਰਗ ਕੰਪਨੀ ਕਹਿੰਦੀ ਹੈ ਕਿ ਉਹ ਲੋਕਾਂ ਨੂੰ ਸ਼ੇਅਰ ਬਾਜ਼ਾਰ 'ਚ ਅਜਿਹੇ ਵਿੱਤੀ ਹਾਦਸਿਆਂ ਜਾਂ ਖ਼ਤਰੇ 'ਚ ਪੈਣ ਤੋਂ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੀ ਹੈ।
ਇਹ ਕੰਪਨੀ ਆਪਣੀ ਰਿਪੋਰਟ ਕਿਵੇਂ ਤਿਆਰ ਕਰਦੀ ਹੈ?
ਇਸ ਦੀ ਜਾਣਕਾਰੀ ਕੰਪਨੀ ਦੀ ਵੈੱਬਸਾਈਟ 'ਤੇ ਮੌਜੂਦ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਸ ਆਧਾਰ 'ਤੇ ਉਹ ਰਿਪੋਰਟ ਬਣਾਉਂਦੀ ਹੈ, ਉਹ ਬਹੁਤ ਮੁਸ਼ਕਲ ਹੁੰਦੀ ਹੈ।

ਤਸਵੀਰ ਸਰੋਤ, NURPHOTO
ਕੰਪਨੀ ਇਸ ਤਰ੍ਹਾਂ ਦੇ ਤਰੀਕਿਆਂ ਨੂੰ ਕੁਝ ਇਸ ਤਰ੍ਹਾਂ ਦੱਸਦੀ ਹੈ:
- ਨਿਵੇਸ਼ ਦੇ ਫੈਸਲੇ ਦੇਣ ਲਈ ਵਿਸ਼ਲੇਸ਼ਣ ਨੂੰ ਆਧਾਰ ਬਣਾਉਂਦੇ ਹਨ
- ਇਨਵੈਸਟੀਗੇਟਿਵ ਰਿਸਰਚ ਕਰਦੇ ਹਾਂ
- ਸੂਤਰਾਂ ਤੋਂ ਮਿਲੀ ਗੁਪਤ ਸੂਚਨਾ 'ਤੇ ਰਿਸਰਚ ਹੁੰਦੀ ਹੈ

ਤਸਵੀਰ ਸਰੋਤ, THE WASHINGTON POST/GETTY
ਹਿੰਡਨਬਰਗ ਆਪਣੇ ਬਾਰੇ ਕੀ ਕਹਿੰਦੀ ਹੈ?
ਹਿੰਡਨਬਰਗ ਦਾ ਕਹਿਣਾ ਹੈ ਕਿ ਉਸ ਕੋਲ ਨਿਵੇਸ਼ ਸਬੰਧੀ ਦਹਾਕਿਆਂ ਦਾ ਤਜ਼ਰਬਾ ਹੈ।
ਕੰਪਨੀ ਦੀ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਹਿੰਡਨਬਰਗ ਰਿਸਰਚ ਕੰਪਨੀ ਨੇ ਆਪਣੀਆਂ ਰਿਪੋਰਟਾਂ ਅਤੇ ਦੂਸਰੀ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਪਹਿਲਾਂ ਵੀ ਕਈ ਕੰਪਨੀਆਂ ਦੇ ਸ਼ੇਅਰ ਹੇਠਾਂ ਗਿਰਾ ਚੁੱਕੀ ਹੈ।
ਅਡਾਨੀ ਤੋਂ ਪਹਿਲਾਂ, ਜਿਸ ਵੱਡੀ ਕੰਪਨੀ ਨਾਲ ਹਿੰਡਨਬਰਗ ਦਾ ਨਾਂ ਜੁੜਿਆ ਸੀ, ਉਹ ਸੀ- ਟਰੱਕ ਕੰਪਨੀ ਨਿਕੋਲਾ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਸੀ ਤਾਂ ਨਿਕੋਲਾ ਕੰਪਨੀ ਦੇ ਸੰਸਥਾਪਕ ਨੂੰ ਦੋਸ਼ੀ ਪਾਇਆ ਗਿਆ ਸੀ।
ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਹਿੰਡਨਬਰਗ ਨੇ ਸਾਲ 2020 ਤੋਂ ਲੈ ਕੇ ਹੁਣ ਤੱਕ 30 ਕੰਪਨੀਆਂ ਦੀ ਰਿਸਰਚ ਰਿਪੋਰਟ ਸਾਹਮਣੇ ਲਿਆਂਦੀ ਹੈ ਅਤੇ ਰਿਪੋਰਟ ਜਾਰੀ ਹੋਣ ਦੇ ਅਗਲੇ ਹੀ ਦਿਨ ਉਸ ਕੰਪਨੀ ਦੇ ਸ਼ੇਅਰਾਂ ਵਿੱਚ ਔਸਤਨ 15 ਫ਼ੀਸਦ ਦੀ ਗਿਰਾਵਟ ਆਈ।
ਬਲੂਮਬਰਗ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਔਸਤਨ 26 ਫ਼ੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।
ਹਿੰਡਨਬਰਗ ਆਪਣੀ ਵੈਬਸਾਈਟ 'ਤੇ ਉਨ੍ਹਾਂ ਰਿਪੋਰਟਾਂ ਦੀ ਸੂਚੀ ਵੀ ਦਿੰਦੀ ਹੈ, ਜਿਹੜੀਆਂ ਉਹ ਸਤੰਬਰ 2020 ਤੋਂ ਹੁਣ ਤੱਕ ਪ੍ਰਕਾਸ਼ਿਤ ਕਰ ਚੁੱਕੀ ਹੈ।
ਹਿੰਡਨਬਰਗ ਕਿਸੇ ਕੰਪਨੀ ਦੀ ਜਾਂਚ ਇਨ੍ਹਾਂ ਮੌਕਿਆਂ 'ਤੇ ਕਰਦੀ ਹੈ:
- ਕਾਊਂਟਿੰਗ 'ਚ ਬੇਨਿਯਮੀਆਂ
- ਅਹਿਮ ਅਹੁਦਿਆਂ 'ਤੇ 'ਅਯੋਗ' ਵਿਅਕਤੀ
- ਲੈਣ-ਦੇਣ, ਜਿਸ ਦੀ ਜਾਣਕਾਰੀ ਨਾ ਦਿੱਤੀ ਗਈ ਹੋਵੇ
- ਕਿਸੇ ਤਰ੍ਹਾਂ ਦੀ ਗੈਰ-ਕਾਨੂੰਨੀ/ਅਨੈਤਿਕ ਵਪਾਰ ਜਾਂ ਵਿੱਤੀ ਰਿਪੋਰਟਿੰਗ ਪ੍ਰੈਕਟਿਸ
ਹਿੰਡਨਬਰਗ ਦੇ ਪਿੱਛੇ ਕੌਣ ਹੈ?
ਹਿੰਡਨਬਰਗ ਰਿਸਰਚ ਦੇ ਮੁਖੀ ਨੇਥਨ ਉਰਫ ਨੇਟ ਐਂਡਰਸਨ ਹਨ।
ਐਂਡਰਸਨ ਨੇ ਸਾਲ 2017 ਵਿੱਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਦੀ ਕਨੇਕਟਿਕਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।
ਐਂਡਰਸਨ ਨੇ ਇੰਟਰਨੈਸ਼ਨਲ ਬਿਜ਼ਨਸ (ਅੰਤਰਰਾਸ਼ਟਰੀ ਕਾਰੋਬਾਰ) ਦੀ ਪੜ੍ਹਾਈ ਕੀਤੀ ਅਤੇ ਫੈਕਟ-ਸੈਟ ਰਿਸਰਚ ਸਿਸਟਮ ਨਾਮ ਦੀ ਇੱਕ ਡੇਟਾ ਕੰਪਨੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਇਸ ਕੰਪਨੀ ਵਿੱਚ ਐਂਡਰਸਨ ਨੇ ਨਿਵੇਸ਼ ਪ੍ਰਬੰਧਨ (ਇਨਵੈਸਟਮੈਂਟ ਮੈਨੇਜਮੈਂਟ) ਕੰਪਨੀਆਂ ਨਾਲ ਕੰਮ ਕੀਤਾ।
ਸਾਲ 2020 ਵਿੱਚ ਵਾਲ ਸਟਰੀਟ ਜਨਰਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਐਂਡਰਸਨ ਨੇ ਕਿਹਾ ਸੀ, "ਮੈਨੂੰ ਅਹਿਸਾਸ ਹੋਇਆ ਕਿ ਇਹ ਲੋਕ ਸਧਾਰਨ ਜਿਹਾ ਵਿਸ਼ਲੇਸ਼ਣ ਕਰ ਰਹੇ ਸਨ।"

ਤਸਵੀਰ ਸਰੋਤ, Nathan Anderson/Linkedin
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਐਂਡਰਸਨ ਨੇ ਕੁਝ ਸਮੇਂ ਲਈ ਇਜ਼ਰਾਈਲ ਵਿੱਚ ਐਂਬੂਲੈਂਸ ਵੀ ਚਲਾਈ ਸੀ।
ਐਂਡਰਸਨ ਦੇ ਲਿੰਕਡਇਨ ਪ੍ਰੋਫਾਈਲ 'ਚ ਲਿਖਿਆ ਹੈ, "ਐਂਬੂਲੈਂਸ ਡਰਾਈਵਰ ਵਜੋਂ ਕੰਮ ਕਰਦੇ ਹੋਏ ਮੈਂ ਸਿੱਖਿਆ ਕਿ ਬਹੁਤ ਦਬਾਅ ਹੇਠ ਕੰਮ ਕਿਵੇਂ ਕੀਤਾ ਜਾਂਦਾ ਹੈ।''
ਕਈ ਇੰਟਰਵਿਊਆਂ ਵਿੱਚ, ਐਂਡਰਸਨ ਨੇ ਅਮਰੀਕੀ ਅਕਾਊਂਟੈਂਟ ਹੈਰੀ ਮੋਰਕੋਪੋਲੋਸ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ।
ਹੈਰੀ ਮੋਰਕੋਪੋਲੋਸ ਨੇ ਵੀ ਸਾਲ 2008 ਦੀ ਬਰਨਾਰਡ ਮੈਡਾਫ ਪੋਂਜੀ ਸਕੀਮ ਨਾਲ ਜੁੜੇ ਭ੍ਰਿਸ਼ਟਾਚਾਰ ਬਾਰੇ ਲੋਕਾਂ ਨੂੰ ਦੱਸਿਆ ਸੀ।
ਹਾਲ ਹੀ 'ਚ ਇਸੇ ਮੈਡਾਫ ਬਾਰੇਨੈੱਟਫਲਿਕਸ ਦੀ ਸੀਰੀਜ਼ ਵੀ ਰਿਲੀਜ਼ ਹੋਈ ਸੀ। ਇਸ ਸੀਰੀਜ਼ ਦਾ ਨਾਮ ਸੀ - ਦਿ ਮੋਨਸਟਰ ਆਫ਼ ਵਾਲ ਸਟਰੀਟ।
ਪਰ ਇਨ੍ਹੀਂ ਦਿਨੀਂ ਗੁਰੂ ਨਹੀਂ ਬਲਕਿ ਚੇਲੇ ਨੇਟ ਐਂਡਰਸਨ ਕਾਰਨ ਸ਼ੇਅਰ ਬਾਜ਼ਾਰ 'ਚ ਹੰਗਾਮਾ ਮਚਿਆ ਹੋਇਆ ਹੈ ਅਤੇ ਇਸ ਦਾ ਸਿੱਧਾ ਅਸਰ ਗੌਤਮ ਅਡਾਨੀ 'ਤੇ ਪੈ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ













