ਹਿੰਡਨਬਰਗ: ਅਡਾਨੀ ਤੋਂ ਬਾਅਦ ਸੇਬੀ ਦੀ ਮੁਖੀ ਨੂੰ ਘੇਰਾ, ਕੀ ਹਨ ਇਲਜ਼ਾਮ ਤੇ ਕੀ ਆਈ ਸਫ਼ਾਈ

ਸੇਬੀ ਚੇਅਰ ਪਰਸਨ ਮਾਧਵੀ ਬੁਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਬੀ ਚੇਅਰ ਪਰਸਨ ਮਾਧਵੀ ਬੁਚ (ਫਾਈਲ ਫੋਟੋ)

ਹਿੰਡਨਬਰਗ ਰਿਸਰਚ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਡਾਨੀ ਮਨੀ ਸਾਈਫ਼ਨਿੰਗ ਸਕੈਂਡਲ ਵਿੱਚ ਵਰਤੇ ਗਏ ਪੈਸੇ ਵਿੱਚ ਸੇਬੀ ਮੁਖੀ ਦੀ ਹਿੱਸੇਦਾਰੀ ਰਹੀ ਹੈ।

ਹਿੰਡਨਬਰਗ ਰਿਸਚਰ ਦੀ ਰਿਪੋਰਟ ਉੱਤੇ ਸੇਬੀ ਦੀ ਚੇਅਰ ਪਰਸਨ ਅਤੇ ਉਨ੍ਹਾਂ ਦੇ ਪਤੀ ਦਾ ਸਾਂਝਾ ਬਿਆਨ ਆਇਆ ਹੈ। ਬਿਆਨ ਵਿੱਚ ਹਿੰਡਨਬਰਗ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਗਿਆ ਹੈ।

ਆਪਣੇ ਬਿਆਨ ਵਿੱਚ ਅਡਾਨੀ ਸਮੂਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਇਨ੍ਹਾਂ ਨੂੰ ਮਾੜੀ ਭਾਵਨਾ ਨਾਲ ਪ੍ਰੇਰਿਤ ਦੱਸਿਆ ਹੈ।

ਇੰਡੀਅਨ ਐਕਸਪ੍ਰੈੱਸ ਅਤੇ ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮਾਧਬੀ ਬੁਚ ਅਤੇ ਉਨ੍ਹਾਂ ਦੇ ਪਤੀ ਨੇ ਕਿਹਾ ਹੈ- “ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਉੱਤੇ ਲਾਏ ਗਏ ਬੇਬੁਨਿਆਦ ਇਲਜ਼ਾਮਾਂ ਦਾ ਅਸੀਂ ਖੰਡਨ ਕਰਦੇ ਹਾਂ।”

ਉਨ੍ਹਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਅਤੇ ਸਾਡਾ ਵਿੱਤੀ ਲੇਖਾ-ਜੋਖਾ ਖੁੱਲ਼੍ਹੀ ਕਿਤਾਬ ਵਾਂਗ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਸੇਬੀ ਨੂੰ ਸਾਰੀਆਂ ਜ਼ਰੂਰੀ ਜਾਣਕਾਰੀਆਂ ਦਿੱਤੀਆਂ ਗਈਆਂ ਹਨ।

ਮਾਧਬੀ ਬੁਚ ਅਤੇ ਉਨ੍ਹਾਂ ਦੇ ਪਤੀ ਨੇ ਕਿਹਾ ਹੈ, “ਸਾਨੂੰ ਕਿਸੇ ਵੀ ਅਤੇ ਵਿੱਤੀ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਵਿੱਚ ਕੋਈ ਝਿਜਕ ਨਹੀਂ ਹੈ, ਇਨ੍ਹਾਂ ਵਿੱਚ ਉਹ ਦਸਤਾਵੇਜ਼ ਵੀ ਸ਼ਾਮਲ ਹਨ ਜੋ ਉਸ ਸਮੇਂ ਦੇ ਹਨ ਜਦੋਂ ਅਸੀਂ ਆਮ ਨਾਗਰਿਕ ਹੋਇਆ ਕਰਦੇ ਸੀ।”

ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਪਾਰਦਰਸ਼ਤਾ ਲਈ ਅਸੀਂ ਉਚਿਤ ਸਮੇਂ ਉੱਤੇ ਪੂਰਾ ਬਿਆਨ ਜਾਰੀ ਕਰਾਂਗੇ।

ਉਨ੍ਹਾਂ ਨੇ ਕਿਹਾ ਹੈ, “ਹਿੰਡਨਬਰਗ ਰਿਸਰਚ ਦੇ ਖਿਲਾਫ਼ ਸੇਬੀ ਨੇ ਇਨਫੋਰਸਮੈਂਟ ਕਾਰਵਾਈ ਕੀਤੀ ਸੀ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉਸੇ ਦੇ ਜਵਾਬ ਵਿੱਚ ਹਿੰਡਨਬਰਗ ਨੇ ਨਾਮ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।”

ਹਿੰਡਨਬਰਗ ਅਤੇ ਅਡਾਨੀ ਦੇ ਲੋਗੋ

ਤਸਵੀਰ ਸਰੋਤ, nurphoto

ਹਿੰਡਨਬਰਗ ਨੇ ਕੀ ਨਵੇਂ ਦਾਅਵੇ ਕੀਤੇ ਹਨ?

ਹਿੰਡਨਬਰਗ ਰਿਸਰਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੇਬੀ ਦੇ ਚੇਅਰਪਰਸਨ ਦੀ ਆਫਸ਼ੋਰ ਕੰਪਨੀਆਂ ਵਿੱਚ ਹਿੱਸੇਦਾਰੀ ਸੀ, ਜੋ ਅਡਾਨੀ ਸਮੂਹ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਵਿੱਚ ਵਰਤੀਆਂ ਗਈਆਂ ਸਨ।

ਇਸ ਵਿਚ ਕਿਹਾ ਗਿਆ ਹੈ ਕਿ ਅੱਜ ਤੱਕ ਸੇਬੀ ਨੇ ਅਡਾਨੀ ਦੀਆਂ ਉਨ੍ਹਾਂ ਹੋਰ ਸ਼ੱਕੀ ਸ਼ੇਅਰਧਾਰਕ ਕੰਪਨੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਜੋ ਇੰਡੀਆ ਇਨਫੋਲਾਈਨ ਦੇ ਈਐਮ ਰਿਸਰਜੈਂਟ ਫੰਡ ਅਤੇ ਇੰਡੀਆ ਫੋਕਸ ਫੰਡ ਦੁਆਰਾ ਸੰਚਾਲਿਤ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਬੀ ਦੇ ਚੇਅਰਪਰਸਨ ਦੇ ਹਿੱਤਾਂ ਦੇ ਇਸ ਟਕਰਾਅ ਕਾਰਨ ਬਾਜ਼ਾਰ ਰੈਗੂਲੇਟਰ ਦੀ ਪਾਰਦਰਸ਼ਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸੇਬੀ ਦੀ ਅਗਵਾਈ ਨੂੰ ਲੈ ਕੇ ਰਿਪੋਰਟ 'ਚ ਚਿੰਤਾ ਪ੍ਰਗਟਾਈ ਜਾ ਰਹੀ ਹੈ।

ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਸਮੂਹ ਦੀਆਂ ਵਿੱਤੀ ਬੇਨਿਯਮੀਆਂ ਵਿੱਚ ਸ਼ਾਮਲ ਆਫਸ਼ੋਰ ਫੰਡ ਕਾਫ਼ੀ ਅਸਪੱਸ਼ਟ ਹਨ ਅਤੇ ਗੁੰਝਲਦਾਰ ਢਾਂਚੇ ਵਾਲੇ ਹਨ।

ਰਿਪੋਰਟ ਵਿੱਚ ਮਾਧਬੀ ਪੁਰੀ ਬੁਚ ਦੇ ਨਿੱਜੀ ਹਿੱਤਾਂ ਅਤੇ ਮਾਰਕੀਟ ਰੈਗੂਲੇਟਰ ਮੁਖੀ ਵਜੋਂ ਉਸਦੀ ਭੂਮਿਕਾ 'ਤੇ ਸਵਾਲ ਉਠਾਏ ਗਏ ਹਨ। ਹਿੰਡਨਬਰਗ ਰਿਸਰਚ ਨੇ ਕਿਹਾ ਹੈ ਕਿ ਅਡਾਨੀ ਸਮੂਹ ਨੂੰ ਲੈ ਕੇ ਸੇਬੀ ਵੱਲੋਂ ਕੀਤੀ ਗਈ ਜਾਂਚ ਦੀ ਪੂਰੀ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਹੈ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਿੰਡਨਬਰਗ ਰਿਸਰਚ ਨੇ ਕਿਹਾ ਹੈ ਕਿ ਵਿਸਲਬਲੋਅਰ ਤੋਂ ਪ੍ਰਾਪਤ ਦਸਤਾਵੇਜ਼ਾਂ ਦੇ ਅਨੁਸਾਰ, ਸੇਬੀ ਵਿੱਚ ਉਸਦੀ ਨਿਯੁਕਤੀ ਤੋਂ ਕੁਝ ਹਫ਼ਤੇ ਪਹਿਲਾਂ, ਮਾਧਬੀ ਪੁਰੀ ਬੁਚ ਦੇ ਪਤੀ ਧਵਲ ਬੁਚ ਨੇ ਮਾਰੀਸ਼ਸ ਸਥਿਤ ਫੰਡ ਪ੍ਰਸ਼ਾਸਕ ਟ੍ਰਾਈਡੈਂਟ ਟਰੱਸਟ ਨੂੰ ਈਮੇਲ ਕੀਤੀ ਸੀ। ਇਸ ਵਿੱਚ ਗਲੋਬਲ ਡਾਇਨਾਮਿਕ ਅਪਰਚਿਊਨਿਟੀਜ਼ ਫੰਡ ਵਿੱਚ ਉਸਦੇ ਅਤੇ ਉਸਦੀ ਪਤਨੀ ਦੇ ਨਿਵੇਸ਼ ਦਾ ਜ਼ਿਕਰ ਕੀਤਾ ਗਿਆ ਹੈ।

ਹਿੰਡਨਬਰਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਧਾਬੀ ਬੁਚ ਸੇਬੀ ਦੀ ਚੇਅਰਮੈਨ ਬਣਨ ਤੋਂ ਪਹਿਲਾਂ, ਉਸਦੇ ਪਤੀ ਨੇ ਬੇਨਤੀ ਕੀਤੀ ਸੀ ਕਿ ਉਹ ਸਾਂਝੇ ਖਾਤੇ ਨੂੰ ਸੰਚਾਲਿਤ ਕਰੇ। ਇਸ ਦਾ ਮਤਲਬ ਹੈ ਕਿ ਉਹ ਮਾਧਬੀ ਬੁਚ ਦੇ ਸੇਬੀ ਚੇਅਰਮੈਨ ਬਣਨ ਤੋਂ ਪਹਿਲਾਂ ਆਪਣੀ ਪਤਨੀ ਦੇ ਖਾਤੇ ਵਿੱਚੋਂ ਸਾਰੀਆਂ ਜਾਇਦਾਦਾਂ ਨੂੰ ਹਟਾਉਣਾ ਚਾਹੁੰਦਾ ਸੀ।

ਸੇਬੀ ਦੇ ਚੇਅਰਮੈਨ ਦਾ ਅਹੁਦਾ ਸਿਆਸੀ ਤੌਰ 'ਤੇ ਬਹੁਤ ਸੰਵੇਦਨਸ਼ੀਲ ਹੋਣ ਕਾਰਨ ਉਨ੍ਹਾਂ ਦੇ ਪਤੀ ਨੇ ਇਹ ਕਦਮ ਚੁੱਕਿਆ ਹੋਵੇਗਾ।

ਹਿੰਡਨਬਰਗ ਦੀ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ, 'ਉਸਦੇ ਫੰਡ ਦੀ ਪੂਰੀ ਬਣਤਰ ਦਾ ਵਰਣਨ ਮਾਧਬੀ ਬੁਚ ਦੇ ਨਿੱਜੀ ਈਮੇਲ ਨੂੰ ਸੰਬੋਧਿਤ 26 ਫਰਵਰੀ 2018 ਦੇ ਖਾਤੇ ਵਿੱਚ ਕੀਤਾ ਗਿਆ ਹੈ। ਫੰਡ ਦਾ ਨਾਮ "GDOF ਸੈੱਲ 90 (IPEPlus ਫੰਡ 1)" ਹੈ। ਇਹ ਇੱਕ ਮਾਰੀਸ਼ਸ ਰਜਿਸਟਰਡ ਫੰਡ 'ਸੇਲ' ਹੈ ਜੋ ਵਿਨੋਦ ਅਡਾਨੀ ਦੁਆਰਾ ਵਰਤੇ ਗਏ ਫੰਡਾਂ ਦੇ ਗੁੰਝਲਦਾਰ ਢਾਂਚੇ ਵਿੱਚ ਸ਼ਾਮਲ ਸੀ।

ਹਿੰਡਨਬਰਗ ਨੇ ਦੱਸਿਆ ਹੈ ਕਿ ਉਸ ਸਮੇਂ ਬੁੱਚ ਦੀ ਉਸ ਫੰਡ ਵਿੱਚ ਕੁੱਲ ਹਿੱਸੇਦਾਰੀ $872762.65 ਸੀ।

ਇਹ ਵੀ ਪੜ੍ਹੋ-

ਹਿੰਡਨਬਰਗ ਨੇ ਲਿਖਿਆ ਕਿ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਵੇਂ ਸੇਬੀ ਇਨ੍ਹਾਂ ਹਿੱਸੇਦਾਰਾਂ ਜਿਨ੍ਹਾਂ ਦਾ ਵੇਰਵਾ ਅਦਾਲਤ ਦੇ ਰਿਕਾਰਡ ਵਿੱਚ ਹੈ, ਦੀ ਜਾਂਚ ਕਰਨ ਵਿੱਚ ਅਸਫ਼ਲ ਰਹੀ ਸੀ।

ਜੂਨ 2024 ਵਿੱਚ ਅਡਾਨੀ ਦੇ ਸੀਐੱਫਓ ਜੁਗੇਸ਼ਿੰਦਰ ਸਿੰਘ ਨੇ ਸੇਬੀ ਦੇ ਕੁਝ ਨੋਟਿਸਾਂ ਦੀ ਗੰਭੀਰਤਾ ਨੂੰ ਦਰਕਿਨਾਰ ਕਰਦੇ ਹੋਏ ਉਹ ਵੀ ਪ੍ਰਕਿਰਿਆ ਦੇ ਮੁੱਕਣ ਤੋਂ ਪਹਿਲਾਂ ਹੀ ਨੂੰ ਤੁੱਛ ਦੱਸਿਆ।

ਇਸ ਵਿਚ ਕਿਹਾ ਗਿਆ ਹੈ ਕਿ ਅੱਜ ਤੱਕ ਸੇਬੀ ਨੇ ਅਡਾਨੀ ਦੀਆਂ ਹੋਰ ਸ਼ੱਕੀ ਸ਼ੇਅਰਧਾਰਕ ਕੰਪਨੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ ਜੋ ਇੰਡੀਆ ਇਨਫੋਲਾਈਨ ਦੇ ਈਐਮ ਰਿਸਰਜੈਂਟ ਫੰਡ ਅਤੇ ਇੰਡੀਆ ਫੋਕਸ ਫੰਡ ਦੁਆਰਾ ਚਲਾਈਆਂ ਜਾਂਦੀਆਂ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਬੀ ਦੇ ਚੇਅਰਪਰਸਨ ਦੇ ਹਿੱਤਾਂ ਦੇ ਇਸ ਟਕਰਾਅ ਕਾਰਨ ਬਾਜ਼ਾਰ ਰੈਗੂਲੇਟਰ ਦੀ ਪਾਰਦਰਸ਼ਤਾ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਰਿਪੋਰਟ ਵਿੱਚ ਸੇਬੀ ਦੀ ਲੀਡਰਸ਼ਿਪ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ।

ਗੌਤਮ ਅਡਾਨੀ

ਤਸਵੀਰ ਸਰੋਤ, REUTERS/Amit Dave

ਤਸਵੀਰ ਕੈਪਸ਼ਨ, ਗੌਤਮ ਅਡਾਨੀ ਦੀ ਫਾਇਲ ਫੋਟੋ

ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਸਮੂਹ ਦੀਆਂ ਵਿੱਤੀ ਬੇਨਿਯਮੀਆਂ ਵਿੱਚ ਸ਼ਾਮਲ ਆਫਸ਼ੋਰ ਫੰਡ ਕਾਫ਼ੀ ਅਸਪਸ਼ਟ ਹਨ ਅਤੇ ਗੁੰਝਲਦਾਰ ਢਾਂਚੇ ਵਾਲੇ ਹਨ।

ਰਿਪੋਰਟ ਵਿੱਚ ਮਾਧਬੀ ਪੁਰੀ ਬੁਚ ਦੇ ਨਿੱਜੀ ਹਿੱਤਾਂ ਅਤੇ ਮਾਰਕੀਟ ਰੈਗੂਲੇਟਰ ਮੁਖੀ ਵਜੋਂ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਉਠਾਏ ਗਏ ਹਨ। ਹਿੰਡਨਬਰਗ ਰਿਸਰਚ ਨੇ ਕਿਹਾ ਹੈ ਕਿ ਅਡਾਨੀ ਸਮੂਹ ਬਾਰੇ ਸੇਬੀ ਵੱਲੋਂ ਕੀਤੀ ਗਈ ਜਾਂਚ ਦੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ।

ਹਿੰਡਨਬਰਗ ਰਿਸਰਚ ਨੇ ਕਿਹਾ ਹੈ ਕਿ ਵਿਸਲਬਲੋਅਰ ਤੋਂ ਪ੍ਰਾਪਤ ਦਸਤਾਵੇਜ਼ਾਂ ਦੇ ਅਨੁਸਾਰ, ਸੇਬੀ ਵਿੱਚ ਨਿਯੁਕਤੀ ਤੋਂ ਕੁਝ ਹਫ਼ਤੇ ਪਹਿਲਾਂ, ਮਾਧਬੀ ਪੁਰੀ ਬੁਚ ਦੇ ਪਤੀ ਧਵਲ ਬੁਚ ਨੇ ਮਾਰੀਸ਼ਸ ਸਥਿਤ ਫੰਡ ਪ੍ਰਸ਼ਾਸਕ ਟ੍ਰਾਈਡੈਂਟ ਟਰੱਸਟ ਨੂੰ ਈਮੇਲ ਕੀਤੀ ਸੀ। ਇਸ ਵਿੱਚ ਗਲੋਬਲ ਡਾਇਨਾਮਿਕ ਅਪਰਚਿਊਨਿਟੀਜ਼ ਫੰਡ ਵਿੱਚ ਉਸਦੇ ਅਤੇ ਉਸਦੀ ਪਤਨੀ ਦੇ ਨਿਵੇਸ਼ ਦਾ ਜ਼ਿਕਰ ਕੀਤਾ ਗਿਆ ਹੈ।

ਅਡਾਨੀ ਗਰੁੱਪ ਨੇ ਕੀ ਬਿਆਨ ਦਿੱਤਾ

ਹਿੰਡਨਬਰਗ

ਤਸਵੀਰ ਸਰੋਤ, X/ANI

ਤਸਵੀਰ ਕੈਪਸ਼ਨ, ਹਿੰਡਨਬਰਗ ਦੀ ਇਸ ਰਿਪੋਰਟ ਉੱਤੇ ਅਡਾਨੀ ਸਮੂਹ ਨੇ ਬਿਆਨ ਜਾਰੀ ਕੀਤਾ ਹੈ

ਹਿੰਡਨਬਰਗ ਦੀ ਇਸ ਰਿਪੋਰਟ ਉੱਤੇ ਅਡਾਨੀ ਸਮੂਹ ਨੇ ਬਿਆਨ ਜਾਰੀ ਕੀਤਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਹਿੰਡਨਬਰਗ ਦੇ ਵੱਲੋਂ ਲਾਏ ਗਏ ਇਹ ਇਲਜ਼ਾਮ ਮਾੜੀ ਭਾਵਨਾ ਤੋਂ ਪ੍ਰੇਰਿਤ ਹਨ। ਇਨ੍ਹਾਂ ਲਈ ਸ਼ਰਾਰਤਪੂਰਨ ਤਰੀਕੇ ਨਾਲ ਜਨਤਕ ਤੌਰ ਉਤੇ ਉਪਲਬਧ ਜਾਣਕਾਰੀ ਦੀ ਚੋਣ ਕੀਤੀ ਗਈ ਹੈ, ਤਾਂ ਜੋ ਨਿੱਜੀ ਲਾਭ ਦੇ ਲਈ ਪਹਿਲਾਂ ਤੋਂ ਹੀ ਤੈਅ ਕੀਤੇ ਨਤੀਜੇ ਉੱਤੇ ਪਹੁੰਚਿਆ ਜਾ ਸਕੇ।

ਇਹ ਤੱਥਾਂ ਅਤੇ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ, 'ਅਸੀਂ ਅਡਾਨੀ ਸਮੂਹ ਉੱਤੇ ਲਾਏ ਗਏ ਇਲਜ਼ਾਮਾਂ ਨੂੰ ਪੂਰਨ ਤੌਰ ਉੱਤੇ ਖਾਰਿਜ ਕਰਦੇ ਹਾਂ। ਇਹ ਇਲਜ਼ਾਮ ਉਨ੍ਹਾਂ ਬੇਬੁਨਿਆਦ ਦਾਅਵਿਆਂ ਦਾ ਹੀ ਨਵਾਂ ਰੂਪ ਹਨ, ਜਿਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਹੋ ਚੁੱਕੀ ਹੈ।ਇਨ੍ਹਾਂ ਇਲਜ਼ਾਮਾਂ ਨੂੰ ਜਨਵਰੀ 2024 ਵਿੱਚ ਸੁਪਰੀਮ ਦੇ ਵੱਲੋਂ ਪਹਿਲਾਂ ਹੀ ਖਾਰਿਜ ਕੀਤਾ ਜਾ ਚੁੱਕਾ ਹੈ।"

ਇਸ ਤੋਂ ਪਹਿਲਾਂ ਕਾਂਗਰਸ ਨੇ ਬਿਆਨ ਜਾਰੀ ਕਰਕੇ ਅਡਾਨੀ ਮਾਮਲੇ ਵਿੱਚ ਉੱਚ ਅਧਿਕਾਰੀਆਂ ਦੀ ਕਥਿਤ ਮਿਲੀਭਗਤ ਨੂੰ ਉਜਾਗਰ ਕਰਨ ਲਈ ਜੇਪੀਸੀ ਗਠਿਤ ਕਰਨ ਦੀ ਮੰਗ ਕੀਤੀ ਸੀ।

ਸਿਆਸੀ ਵਿਵਾਦ ਸ਼ੁਰੂ, ਵਿਰੋਧੀ ਪਾਰਟੀਆਂ ਨੇ ਕੀ ਕਿਹਾ?

ਜੈਰਾਮ ਰਮੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਜੂਦਾ ਵਿਵਾਦ ਬਾਰੇ ਕਾਂਗਰਸ ਵੱਲੋਂ ਪਾਰਟੀ ਦੇ ਬੁਲਾਰੇ ਜੈਰਾਮ ਰਮੇਸ਼ ਨੇ ਬਿਆਨ ਜਾਰੀ ਕੀਤਾ ਹੈ (ਫਾਈਲ ਫੋਟੋ)

ਹਿੰਡਨਬਰਗ ਰਿਸਰਚ ਦੀ ਇਸ ਨਵੀਂ ਰਿਪੋਰਟ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ 'ਅਡਾਨੀ ਮੈਗਾ ਘੁਟਾਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ।'

ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਸੇਬੀ ਮੁਖੀ ਮਾਧਬੀ ਬੁਚ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਟਵਿੱਟਰ 'ਤੇ ਲਿਖਿਆ, "ਇਸ ਨਾਲ ਸੇਬੀ ਦੇ ਚੇਅਰਪਰਸਨ ਬਣਨ ਤੋਂ ਤੁਰੰਤ ਬਾਅਦ 2022 ਵਿਚ ਬੁੱਚ ਨਾਲ ਗੌਤਮ ਅਡਾਨੀ ਦੀਆਂ ਦੋ ਮੁਲਾਕਾਤਾਂ ਉੱਤੇ ਸਵਾਲ ਖੜ੍ਹੇ ਹੁੰਦੇ ਹਨ। ਯਾਦ ਰਹੇ, ਸੇਬੀ ਉਸ ਸਮੇਂ ਅਡਾਨੀ ਲੈਣ-ਦੇਣ ਦੀ ਜਾਂਚ ਕਰ ਰਹੀ ਸੀ।

ਕਾਂਗਰਸ ਦਾ ਬਿਆਨ

ਤਸਵੀਰ ਸਰੋਤ, twitter

ਟੀਐੱਮਸੀ ਦੇ ਬੁਲਾਰੇ ਨੇ ਕਿਹਾ, "ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਰੀ ਜਾਂਚ ਦੇ ਮੱਦੇਨਜ਼ਰ, ਸੇਬੀ ਦੇ ਚੇਅਰਮੈਨ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਸਾਰੇ ਹਵਾਈ ਅੱਡਿਆਂ ਅਤੇ ਇੰਟਰਪੋਲ 'ਤੇ ਲੁੱਕਆਊਟ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ।"

ਮਹੂਆ ਮੋਇਤਰਾ

ਤਸਵੀਰ ਸਰੋਤ, Sansad TV

ਤਸਵੀਰ ਕੈਪਸ਼ਨ, ਮਹੂਆ ਮੋਇਤਰਾ (ਫਾਈਲ ਫੋਟੋ)

ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਟੀਐੱਮਸੀ ਨੇਤਾ ਮਹੂਆ ਮੋਇਤਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸੇਬੀ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਮਹੂਆ ਮੋਇਤਰਾ ਨੇ ਲਿਖਿਆ ਹੈ ਕਿ 'ਸੇਬੀ ਦੀ ਚੇਅਰਪਰਸਨ ਦਾ ਅਡਾਨੀ ਗਰੁੱਪ 'ਚ ਨਿਵੇਸ਼ਕ ਹੋਣਾ ਸੇਬੀ ਲਈ ਟਕਰਾਅ ਅਤੇ ਸੇਬੀ 'ਤੇ ਕਬਜ਼ਾ ਦੋਵੇਂ ਹਨ। ਸਮਧੀ ਸਿਰਿਲ ਸ਼ਰਾਫ ਕਾਰਪੋਰੇਟ ਗਵਰਨੈਂਸ ਕਮੇਟੀ ਵਿੱਚ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸੇਬੀ ਨੂੰ ਭੇਜੀਆਂ ਗਈਆਂ ਸਾਰੀਆਂ ਸ਼ਿਕਾਇਤਾਂ ਅਣਸੁਣੀਆਂ ਹੋ ਜਾਂਦੀਆਂ ਹਨ।

ਮਹੂਆ ਮੋਇਤਰਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਇਸ ਚੇਅਰਪਰਸਨ ਦੀ ਅਗਵਾਈ ਵਿੱਚ ਸੇਬੀ ਵੱਲੋਂ ਅਡਾਨੀ ਉੱਤੇ ਕੀਤੀ ਜਾ ਰਹੀ ਕਿਸੇ ਵੀ ਜਾਂਚ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹ ਜਾਣਕਾਰੀ ਜਨਤਕ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਮਹੂਆ ਨੇ ਕਿਹਾ ਹੈ ਕਿ ਸੇਬੀ ਦੀ ਚੇਅਰਪਰਸਨ ਵੀ ਅਡਾਨੀ ਦੇ ਗਰੁੱਪ 'ਚ ਨਿਵੇਸ਼ਕ ਹੈ। ਉਨ੍ਹਾਂ ਨੇ ਸੀਬੀਆਈ ਅਤੇ ਈਡੀ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਕੀ ਤੁਸੀਂ ਲੋਕ ਪੀਓਸੀਏ ਅਤੇ ਪੀਐਮਐਲਏ ਕੇਸ ਦਰਜ ਕਰੋਗੇ ਜਾਂ ਨਹੀਂ।

ਹਿੰਡਨਬਰਗ ਰਿਸਰਚ ਦੀ ਇਹ ਰਿਪੋਰਟ ਉਸ ਰਿਪੋਰਟ ਤੋਂ ਲਗਭਗ 18 ਮਹੀਨੇ ਬਾਅਦ ਆਈ ਹੈ ਜਦੋਂ ਇਸ ਅਮਰੀਕੀ ਸ਼ਾਰਟ ਸੈਲਰ ਅਤੇ ਵਿੱਤੀ ਖੋਜ ਸੰਸਥਾ ਨੇ ਪਹਿਲੀ ਵਾਰ ਅਡਾਨੀ ਸਮੂਹ 'ਤੇ ਇਲਜ਼ਾਮ ਲਾਏ ਸਨ।

ਜਨਵਰੀ 2023 ਵਿੱਚ ਆਈ ਇਸ ਰਿਪੋਰਟ ਨੇ ਭਾਰਤ ਵਿੱਚ ਸਿਆਸੀ ਭੜਥੂ ਪਾ ਦਿੱਤਾ ਸੀ।

ਰਿਪੋਰਟ 'ਚ ਅਡਾਨੀ ਗਰੁੱਪ 'ਤੇ 'ਸਟਾਕ ਮਾਰਕੀਟ ਹੇਰਾਫੇਰੀ' ਅਤੇ 'ਅਕਾਊਂਟਿੰਗ ਫਰਾਡ' ਦਾ ਇਲਜ਼ਾਮ ਲਾਇਆ ਗਿਆ ਸੀ।

ਹਾਲਾਂਕਿ ਬੰਦਰਗਾਹਾਂ ਅਤੇ ਊਰਜਾ ਕਾਰੋਬਾਰ ਨਾਲ ਜੁੜੇ ਅਡਾਨੀ ਸਮੂਹ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ। ਸੁਪਰੀਮ ਕੋਰਟ ਨੇ ਸੀਬੀਆਈ ਜਾਂ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ।

ਉਸ ਤੋਂ ਬਾਅਦ ਅਡਾਨੀ ਗਰੁੱਪ ਨੇ ਕਿਹਾ ਸੀ ਕਿ ਸੱਚ ਦੀ ਜਿੱਤ ਹੋਈ ਹੈ।

ਹਿੰਡਨਬਰਗ ਕੀ ਹੈ, ਕੀ ਕਰਦੀ ਹੈ?

ਐੱਨ ਐਂਡਰਸਨ

ਤਸਵੀਰ ਸਰੋਤ, The Washington Post/Getty

ਤਸਵੀਰ ਕੈਪਸ਼ਨ, ਹਿੰਡਨਬਰਗ ਦੇ ਮੋਢੀ ਐੱਨ ਐਂਡਰਸਨ ਨੇ ਸਾਲ 2017 ਵਿੱਚ ਇਸ ਦੀ ਸਥਾਪਨਾ ਕੀਤੀ

ਹਿੰਡਨਬਰਗ ਦਾ ਕਹਿਣਾ ਹੈ ਕਿ ਉਸ ਕੋਲ ਨਿਵੇਸ਼ ਕਰਨ ਦਾ ਦਹਾਕਿਆਂ ਦਾ ਤਜਰਬਾ ਹੈ।

ਕੰਪਨੀ ਦੀ ਵੈੱਬਸਾਈਟ ਮੁਤਾਬਕ ਹਿੰਡਨਬਰਗ ਰਿਸਰਚ ਕੰਪਨੀ ਪਹਿਲਾਂ ਹੀ ਆਪਣੀਆਂ ਰਿਪੋਰਟਾਂ ਅਤੇ ਹੋਰ ਤਰ੍ਹਾਂ ਦੀਆਂ ਕਾਰਵਾਈਆਂ ਰਾਹੀਂ ਕਈ ਕੰਪਨੀਆਂ ਦੇ ਸ਼ੇਅਰ ਹੇਠਾਂ ਲਿਆ ਚੁੱਕੀ ਹੈ।

ਅਡਾਨੀ ਤੋਂ ਪਹਿਲਾਂ, ਵੱਡੀ ਕੰਪਨੀ ਜਿਸ ਨਾਲ ਹਿੰਡਨਬਰਗ ਦਾ ਨਾਂ ਜੁੜਿਆ ਹੋਇਆ ਸੀ, ਉਹ ਟਰੱਕ ਕੰਪਨੀ ਨਿਕੋਲਾ ਸੀ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਨਿਕੋਲਾ ਕੰਪਨੀ ਦੇ ਸੰਸਥਾਪਕ ਨੂੰ ਮੁਲਜ਼ਮ ਪਾਇਆ ਗਿਆ।

ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਹਿੰਡਨਬਰਗ ਨੇ ਸਾਲ 2020 ਤੋਂ ਲੈ ਕੇ ਹੁਣ ਤੱਕ 30 ਕੰਪਨੀਆਂ ਬਾਰੇ ਖੋਜ ਰਿਪੋਰਟਾਂ ਵਿੱਚ ਖੁਲਾਸਾ ਕੀਤਾ ਹੈ ਅਤੇ ਰਿਪੋਰਟ ਜਾਰੀ ਹੋਣ ਦੇ ਅਗਲੇ ਹੀ ਦਿਨ ਉਸ ਕੰਪਨੀ ਦੇ ਸ਼ੇਅਰਾਂ ਵਿੱਚ ਔਸਤਨ 15 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ ਛੇ ਮਹੀਨਿਆਂ 'ਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ 'ਚ ਔਸਤਨ 26 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਹਿੰਡਨਬਰਗ ਨੇ ਆਪਣੀ ਵੈਬਸਾਈਟ 'ਤੇ ਰਿਪੋਰਟਾਂ ਦੀ ਸੂਚੀ ਵੀ ਦਿੱਤੀ ਹੈ, ਜੋ ਇਸ ਨੇ ਸਤੰਬਰ 2020 ਤੋਂ ਪ੍ਰਕਾਸ਼ਤ ਕੀਤੀਆਂ ਹਨ।

ਹਿੰਡਨਬਰਗ ਕਿਸੇ ਕੰਪਨੀ ਦੀ ਜਾਂਚ ਕਰਦਾ ਹੈ ਜਦੋਂ, ਉਸ ਵਿੱਚ:

  • ਲੇਖਾ ਵਿੱਚ ਬੇਨਿਯਮੀਆਂ ਹੋਣ
  • ਅਹਿਮ ਅਹੁਦਿਆਂ 'ਤੇ 'ਅਯੋਗ' ਵਿਅਕਤੀ ਹੋਣ
  • ਅਣਦੱਸੇ ਲੈਣ-ਦੇਣ ਕੀਤੇ ਜਾ ਰਹੇ ਹੋਣ
  • ਕੋਈ ਗੈਰ-ਕਾਨੂੰਨੀ/ਅਨੈਤਿਕ ਕਾਰੋਬਾਰ ਜਾਂ ਵਿੱਤੀ ਰਿਪੋਰਟਿੰਗ ਅਭਿਆਸ ਅਮਲ ਵਿੱਚ ਹੋਣ
ਹਿੰਡਨਬਰਗ ਹਾਦਸਾ

ਤਸਵੀਰ ਸਰੋਤ, BRITISHPATHE

ਤਸਵੀਰ ਕੈਪਸ਼ਨ, ਹਿੰਡਨਬਰਗ ਹਾਦਸਾ

ਸਾਲ 1937 ਵਿੱਚ ਹਿਟਲਰ ਨੇ ਜਰਮਨੀ ਉੱਤੇ ਰਾਜ ਕੀਤਾ। ਇਸ ਦੌਰਾਨ ਇੱਕ ਹਵਾਈ ਜਹਾਜ਼ ਸੀ. ਨਾਮ ਸੀ - ਹਿੰਡਨਬਰਗ ਏਅਰਸ਼ਿਪ ਜੋ ਕਿ ਹਾਈਡ੍ਰੋਜਨ ਗੈਸ ਦਾ ਇੱਕ ਵੱਡਾ ਗੁਬਾਰਾ ਸੀ।

ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅਸਮਾਨ ਵਿੱਚ ਦਿਖਾਈ ਦੇਣ ਵਾਲੇ ਹਿੰਡਨਬਰਗ ਏਅਰਸ਼ਿਪ ਨੂੰ ਅੱਗ ਲੱਗ ਗਈ। ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਹਵਾਈ ਜਹਾਜ਼ ਜ਼ਮੀਨ 'ਤੇ ਡਿੱਗ ਗਿਆ। 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਸਭ ਕੁਝ ਤਬਾਹ ਹੋ ਗਿਆ।

ਉੱਥੇ ਮੌਜੂਦ ਲੋਕਾਂ ਨੂੰ ਬਚਾਉਣ ਲਈ ਕੁਝ ਲੋਕ ਅੱਗੇ ਆਏ। ਕੁਝ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਅਤੇ ਕੁਝ ਨੂੰ ਬਚਾਉਣ ਵਿੱਚ ਬਹੁਤ ਦੇਰ ਹੋ ਚੁੱਕੀ ਸੀ।

ਇਸ ਏਅਰਸ਼ਿਪ ਵਿੱਚ 16 ਹਾਈਡ੍ਰੋਜਨ ਗੈਸ ਦੇ ਗੁਬਾਰੇ ਸਨ। ਇਸ ਹਾਦਸੇ 'ਚ ਕਰੀਬ 100 ਲੋਕਾਂ ਨੂੰ ਜ਼ਬਰਦਸਤੀ ਹਵਾਈ ਜਹਾਜ਼ 'ਚ ਬਿਠਾਇਆ ਗਿਆ ਅਤੇ 35 ਲੋਕਾਂ ਦੀ ਜਾਨ ਚਲੀ ਗਈ।

ਮੰਨਿਆ ਜਾ ਰਿਹਾ ਹੈ ਕਿ ਹਾਈਡ੍ਰੋਜਨ ਗੁਬਾਰਿਆਂ ਨਾਲ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਇਸ ਲਈ ਸਬਕ ਸਿੱਖ ਕੇ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।

ਹਿੰਡਨਬਰਗ ਦੀ ਵੈਬਸਾਈਟ ਮੁਤਾਬਕ ਇਹ ਪੂਰਨ ਤੌਰ ਉੱਤੇ ਟਾਲਣ ਯੋਗ ਅਤੇ ਮਨੁੱਖ ਦਾ ਸਿਰਜਿਆ ਦੁਖਾਂਤ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ WhatsAppYouTube 'ਤੇ ਜੁੜੋ।)