1965 ਦਾ ਯੁੱਧ: ਜਦੋਂ ਰਾਤ ਦੇ ਹਨੇਰੇ ਵਿੱਚ ਪਾਕਿਸਤਾਨੀ ਸੈਨਿਕ ਭਾਰਤੀ ਟਿਕਾਣਿਆਂ 'ਤੇ ਉਤਰੇ

ਤਸਵੀਰ ਸਰੋਤ, DEFENCE.PK
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
6 ਅਤੇ 7 ਸਤੰਬਰ, 1965 ਦੀ ਰਾਤ ਨੂੰ ਜਦੋਂ ਪਾਕਿਸਤਾਨ ਦੇ ਬੀ-57 ਜਹਾਜ਼ਾਂ ਨੇ ਭਾਰਤੀ ਟਿਕਾਣਿਆਂ 'ਤੇ ਬੰਬ ਸੁੱਟਣ ਲਈ ਉਡਾਣ ਭਰੀ, ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਤਿੰਨ ਸੀ-130 ਹਰਕੂਲਸ ਟਰਾਂਸਪੋਰਟ ਜਹਾਜ਼ ਵੀ ਭਾਰਤੀ ਸਰਹੱਦ ਵੱਲ ਵਧੇ।
ਇਨ੍ਹਾਂ 3 ਜਹਾਜ਼ਾਂ ਵਿੱਚੋਂ, ਹਰ ਇੱਕ ਵਿੱਚ ਏਲੀਟ ਸਪੈਸ਼ਲ ਸਰਵਿਸਿਜ਼ ਗਰੁੱਪ ਦੇ ਸੱਠ-ਸੱਠ ਕਮਾਂਡੋ ਸਵਾਰ ਸਨ।
ਉਨ੍ਹਾਂ ਦਾ ਟੀਚਾ, ਰਾਤ ਦੇ ਹਨੇਰੇ ਵਿੱਚ ਤਿੰਨ ਭਾਰਤੀ ਹਵਾਈ ਅੱਡਿਆਂ - ਹਲਵਾਰਾ, ਆਦਮਪੁਰ ਅਤੇ ਪਠਾਨਕੋਟ 'ਤੇ ਪੈਰਾਸ਼ੂਟ ਰਾਹੀਂ ਉਤਰਨਾ, ਉਨ੍ਹਾਂ 'ਤੇ ਕਬਜ਼ਾ ਕਰਨਾ ਅਤੇ ਉੱਥੇ ਮੌਜੂਦ ਭਾਰਤੀ ਜਹਾਜ਼ਾਂ ਨੂੰ ਤਬਾਹ ਕਰਨਾ ਸੀ।
ਰਾਤ 2 ਵਜੇ ਜਿਵੇਂ ਹੀ ਮੇਜਰ ਖਾਲਿਦ ਬੱਟ ਦੀ ਅਗਵਾਈ ਵਿੱਚ 60 ਪਾਕਿਸਤਾਨੀ ਕਮਾਂਡੋ ਪਠਾਨਕੋਟ ਏਅਰ ਬੇਸ ਦੇ ਕੋਲ ਉਤਰੇ, ਉਹ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਵਿੱਚ ਘਿਰਦੇ ਚਲੇ ਗਏ।
ਹਵਾਈ ਅੱਡੇ ਦੇ ਆਲੇ-ਦੁਆਲੇ ਨਹਿਰਾਂ, ਝਰਨਿਆਂ ਅਤੇ ਚਿੱਕੜ ਨਾਲ ਭਰੇ ਖੇਤਾਂ ਨੇ ਉਨ੍ਹਾਂ ਦੀ ਗਤੀ ਨੂੰ ਹੌਲੀ ਕਰ ਦਿੱਤਾ ਸੀ।
ਤਿੰਨ ਘੰਟਿਆਂ ਦੇ ਅੰਦਰ ਹੀ ਪਹੁ ਫੁੱਟਣੀ, ਭਾਵ ਸਵੇਰ ਹੋਣੀ ਸ਼ੁਰੂ ਹੋ ਗਈ ਅਤੇ ਉਦੋਂ ਤੱਕ ਇੱਕ ਪਿੰਡ ਵਾਸੀ ਨੇ ਪਠਾਨਕੋਟ ਸਬ ਏਰੀਆ ਹੈੱਡਕੁਆਰਟਰ ਨੂੰ ਉਨ੍ਹਾਂ ਦੇ ਉਤਰਨ ਬਾਰੇ ਸੂਚਿਤ ਕਰ ਦਿੱਤਾ।

ਤਸਵੀਰ ਸਰੋਤ, DEFENCE.PK
ਇੱਕ ਕਮਾਂਡੋ ਵਾਪਸ ਭੱਜਿਆ
ਜਲਦੀ-ਜਲਦੀ ਵਿੱਚ ਤਕਰੀਬਨ 200 ਲੋਕ ਇਕੱਠਾ ਕੀਤੇ ਗਏ। ਅਗਲੇ ਦੋ ਦਿਨਾਂ ਵਿੱਚ ਜ਼ਿਆਦਾਤਰ ਕਮਾਂਡੋਜ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਦੋ ਦਿਨਾਂ ਬਾਅਦ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਮੇਜਰ ਖਾਲਿਦ ਬੱਟ ਵੀ ਫੜ੍ਹੇ ਗਏ। ਹਲਵਾਰਾ ਵਿੱਚ ਰਾਤ ਦੇ ਹਨ੍ਹੇਰੇ ਦੇ ਬਾਵਜੂਦ, ਹੇਠਾਂ ਆਉਂਦੇ ਹੋਏ ਚਾਤਾ ਧਾਰੀ ਸਿਪਾਹੀ ਸਾਫ ਦਿਖਾਈ ਦੇ ਰਹੇ ਸਨ।
ਏਅਰ ਬੇਸ ਸੁਰੱਖਿਆ ਅਧਿਕਾਰੀ ਨੇ ਸਾਰੇ ਏਅਰਮੈਨਾਂ ਅਤੇ ਅਧਿਕਾਰੀਆਂ ਨੂੰ ਰਾਈਫਲਾਂ ਅਤੇ ਪਿਸਤੌਲ ਵੰਡੇ ਅਤੇ ਨਿਰਦੇਸ਼ ਦਿੱਤੇ ਕਿ ਜੇ ਉਨ੍ਹਾਂ ਨੂੰ ਹਵਾਈ ਅੱਡੇ ਦੇ ਨਾਲ ਲੱਗਦੇ ਘਾਹ ਦੇ ਮੈਦਾਨਾਂ ਵਿੱਚ ਕੋਈ ਵੀ ਗਤੀਵਿਧੀ ਦਿਖਾਈ ਦੇਵੇ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਗੋਲੀ ਚਲਾ ਦੇਣ।
ਕੁਝ ਪਾਕਿਸਤਾਨੀ ਕਮਾਂਡੋ ਵਾਕਈ ਏਅਰ ਬੇਸ ਦੇ ਖੁੱਲ੍ਹੇ ਹਿੱਸੇ ਵਿੱਚ ਡਿੱਗ ਗਏ ਸਨ, ਪਰ ਇਸ ਤੋਂ ਪਹਿਲਾਂ ਕਿ ਉਹ ਕੋਈ ਕਾਰਵਾਈ ਕਰਦੇ, ਉਨ੍ਹਾਂ ਨੂੰ ਯੁੱਧ ਬੰਦੀ ਬਣਾ ਲਿਆ ਗਿਆ।

ਹਾਲਾਂਕਿ, ਜੌਨ ਫ੍ਰਿਕਰ ਆਪਣੀ ਕਿਤਾਬ 'ਬੈਟਲ ਫਾਰ ਪਾਕਿਸਤਾਨ' ਵਿੱਚ ਲਿਖਦੇ ਹਨ ਕਿ ਉਨ੍ਹਾਂ ਵਿੱਚੋਂ ਇੱਕ ਕਮਾਂਡੋ, ਮੇਜਰ ਹਜ਼ੂਰ ਹਸਨੈਨ ਨੇ ਜ਼ਬਰਦਸਤੀ ਇੱਕ ਭਾਰਤੀ ਜੀਪ ਨੂੰ ਹਾਈਜੈਕ ਕਰ ਲਿਆ ਅਤੇ ਉਹ ਆਪਣੇ ਇੱਕ ਸਾਥੀ ਨਾਲ ਵਾਪਸ ਪਾਕਿਸਤਾਨ ਭੱਜਣ ਵਿੱਚ ਸਫ਼ਲ ਹੋ ਗਏ।
ਹਲਵਾਰਾ ਹਵਾਈ ਅੱਡੇ 'ਤੇ ਗਰਾਊਂਡ ਡਿਊਟੀ ਵਿੱਚ ਕੰਮ ਕਰ ਰਹੇ ਵਿੱਤ ਵਿਭਾਗ ਦੇ ਮੁਖੀ, ਸਕੁਆਡਰਨ ਲੀਡਰ ਕ੍ਰਿਸ਼ਨ ਸਿੰਘ ਨੇ ਖੁਦ ਆਪ ਪਾਕਿਸਤਾਨੀ ਕਮਾਂਡੋਜ਼ ਦੇ ਨੇਤਾ ਨੂੰ ਫੜ੍ਹਿਆ।
ਉਹ ਇਕਲੌਤੇ ਗ਼ੈਰ-ਸਿਪਾਹੀ ਸਨ, ਜਿਨ੍ਹਾਂ ਨੂੰ 1965 ਅਤੇ 1971 ਦੀਆਂ ਲੜਾਈਆਂ ਵਿੱਚ ਇਸ ਤਰ੍ਹਾਂ ਦੇ ਕਾਰਨਾਮਿਆਂ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਭੌਂਕਦੇ ਕੁੱਤਿਆਂ ਨੇ ਕੀਤੀ ਮਦਦ
ਆਦਮਪੁਰ ਵਿੱਚ ਵੀ ਪਾਕਿਸਤਾਨੀ ਸੈਨਿਕਾਂ ਦੀ ਇਹੀ ਹਾਲਤ ਹੋਈ। ਉਨ੍ਹਾਂ ਨੂੰ ਏਅਰ ਬੇਸ ਤੋਂ ਬਹੁਤ ਦੂਰ ਸੁੱਟ ਦਿੱਤਾ ਗਿਆ, ਜਿਸ ਕਾਰਨ ਉਹ ਇਕੱਠੇ ਨਹੀਂ ਹੋ ਸਕੇ ਅਤੇ ਰਾਤ ਵਿੱਚ ਭੌਂਕਦੇ ਹੋਏ ਕੁੱਤਿਆਂ ਨੇ ਉਨ੍ਹਾਂ ਦਾ ਰਾਜ਼ ਖੋਲ੍ਹ ਦਿੱਤਾ।

ਤਸਵੀਰ ਸਰੋਤ, PIUSHPINDER SINGH
ਜਿਵੇਂ ਹੀ ਸੂਰਜ ਚੜ੍ਹਿਆ, ਪਕਿਸਤਾਨੀ ਸੈਨਿਕਾਂ ਨੇ ਮੱਕੀ ਦੇ ਖੇਤਾਂ ਵਿੱਚ ਪਨਾਹ ਲਈ।
ਪਰ ਲੁਧਿਆਣਾ ਤੋਂ ਆਏ ਐੱਨਸੀਸੀ ਨੌਜਵਾਨਾਂ ਨੇ ਉਨ੍ਹਾਂ ਨੂੰ ਲੱਭ ਲਿਆ। ਕੁਝ ਛਤਰੀ ਧਾਰਕਾਂ ਨੂੰ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਹੀ ਮਾਰ ਦਿੱਤਾ।
ਕੁੱਲ 180 ਛਾਤਾ ਧਾਰੀਆਂ ਵਿੱਚੋਂ 138 ਨੂੰ ਬੰਦੀ ਬਣਾ ਲਿਆ ਗਿਆ, ਉਨ੍ਹਾਂ ਵਿੱਚੋਂ 22 ਅਜਿਹੇ ਸਨ ਜੋ ਫੌਜ, ਪੁਲਿਸ ਜਾਂ ਪਿੰਡ ਵਾਸੀਆਂ ਨਾਲ ਮੁਠਭੇੜ ਵਿੱਚ ਮਾਰੇ ਗਏ ਅਤੇ ਲਗਭਗ 20 ਸੈਨਿਕ ਪਾਕਿਸਤਾਨ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਏ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਹ ਸਨ ਜਿਨ੍ਹਾਂ ਨੂੰ ਪਠਾਨਕੋਟ ਏਅਰਬੇਸ 'ਤੇ ਉਤਾਰਿਆ ਗਿਆ ਸੀ ਕਿਉਂਕਿ ਉੱਥੋਂ ਪਾਕਿਸਤਾਨੀ ਸਰਹੱਦ ਦੀ ਦੂਰੀ ਸਿਰਫ 10 ਮੀਲ ਸੀ।
ਇਹ ਵੀ ਪੜ੍ਹੋ-
ਪੀਵੀ ਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਆਪਣੀ ਕਿਤਾਬ 'ਦਿ ਇੰਡੀਆ ਪਾਕਿਸਤਾਨ ਏਅਰ ਵਾਰ' ਵਿੱਚ ਲਿਖਦੇ ਹਨ, "60 ਕਮਾਂਡੋਜ਼ ਦਾ ਸਮੂਹ ਸ਼ਾਇਦ ਇੱਕ ਵੱਡਾ ਸਮੂਹ ਸੀ ਜੋ ਲੋਕਾਂ ਦਾ ਧਿਆਨ ਖਿੱਚੇ ਬਗੈਰ ਆਪਣਾ ਕੰਮ ਨਹੀਂ ਕਰ ਸਕਦੇ ਸਨ। ਦੂਜੇ ਹਿਸਾਬ ਵਿੱਚ ਇਹ ਇੱਕ ਛੋਟਾ ਸਮੂਹ ਵੀ ਸੀ ਜੋ ਕਿ ਘੇਰੇ ਜਾਣ ਤੋਂ ਬਾਅਦ ਆਪਣੇ-ਆਪ ਨੂੰ ਬਚਾਉਣ ਦੀ ਸਮਰੱਥਾ ਨਹੀਂ ਰੱਖਦਾ ਸੀ।"
ਪਾਕਿਸਤਾਨ ਨੇ ਗੁਵਾਹਾਟੀ ਅਤੇ ਸ਼ਿਲਾਂਗ ਵਿੱਚ ਵੀ ਕੁਝ ਛਾਤਾ ਧਾਰੀ ਸੈਨਿਕ ਉਤਾਰੇ ਪਰ ਕੋਈ ਵੀ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੈਰਾਟਰੂਪਰਸ ਦੇ ਡਰ ਤੋਂ ਦਿੱਲੀ ਭੱਜੇ
ਇਨ੍ਹਾਂ ਸਾਰੀਆਂ ਘਟਨਾਵਾਂ ਨੇ ਕਈ ਵਾਰ ਦੋਵਾਂ ਦੇਸ਼ਾਂ ਵਿੱਚ ਬਹੁਤ ਹੀ ਹਾਸੋਹੀਣੀ ਸਥਿਤੀ ਪੈਦਾ ਕਰ ਦਿੱਤੀ। ਇੱਕ ਵਾਰ ਇੱਕ ਡਿਊਟੀ ਅਫਸਰ ਨੂੰ ਸੁਪਨੇ ਵਿੱਚ ਛਾਤਾ ਧਾਰੀ ਸੈਨਿਕ ਦਿਖਾਈ ਦਿੱਤੇ।

ਉਹ ਨੀਂਦ ਵੀ ਹੀ ਚਿੱਲਾਉਣ ਲੱਗਾ, "ਦੁਸ਼ਮਣ, ਦੁਸ਼ਮਣ, ਫਾਇਰ-ਫਾਇਰ।"
ਉਸ ਵੇਲੇ ਬਲੈਕ ਆਊਟ ਦੇ ਕਾਰਨ ਚਾਰੇ ਪਾਸੇ ਹਨੇਰਾ ਸੀ, ਇਸ ਲਈ ਲੋਕ ਨਹੀਂ ਵੇਖ ਪਾਏ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਬਹੁਤ ਸਾਰੇ ਲੋਕ ਜਾਗ ਗਏ ਅਤੇ ਚਾਰੇ ਪਾਸੇ ਰੌਲਾ ਪੈ ਗਿਆ।
ਪਿਸਤੌਲਾਂ ਕੱਢ ਲਈਆਂ ਗਈਆਂ ਪਰ ਇਸ ਤੋਂ ਪਹਿਲਾਂ ਕਿ ਸ਼ੂਟਿੰਗ ਮੈਚ ਸ਼ੁਰੂ ਹੁੰਦਾ, ਕਮਾਂਡਿੰਗ ਅਫਸਰ ਨੂੰ ਸਾਰੀ ਗੱਲ ਸਮਝ ਆ ਗਈ।

ਏਅਰ ਮਾਰਸ਼ਲ ਭੂਪ ਬਿਸ਼ਨੋਈ ਯਾਦ ਕਰਦੇ ਹਨ, "ਹਲਵਾਰਾ ਵਿੱਚ ਛਾਤਾ ਧਾਰੀ ਸੈਨਿਕਾਂ ਦੇ ਉਤਰਨ ਤੋਂ ਬਾਅਦ, ਦਿੱਲੀ ਦੇ ਨੇੜੇ ਹਿੰਡਨ ਏਅਰਬੇਸ 'ਤੇ ਵੀ ਅਫਵਾਹ ਫੈਲ ਗਈ ਕਿ ਪਾਕਿਸਤਾਨੀ ਪੈਰਾਡ੍ਰੌਪ ਹੋਣ ਵਾਲਾ ਹੈ, ਕਿਉਂਕਿ ਹਿੰਡਨ ਇੱਕ ਫੈਮਿਲੀ ਸਟੇਸ਼ਨ (ਜਿੱਥੇ ਪਰਿਵਾਰ ਰਹਿ ਸਕਦੇ ਹਨ) ਸੀ, ਤਾਂ ਉੱਥੋਂ ਦੇ ਸੀਓ ਨੇ ਕਿਹਾ ਕਿ ਜੇ ਲੋਕ ਚਾਹੁਣ ਤਾਂ ਆਪਣੇ ਬੀਵੀ-ਬੱਚਿਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਛੱਡ ਕੇ ਆ ਸਕਦੇ ਹਨ।"
"ਜਿਸ ਨੂੰ ਜਿਹੜੀ ਸਵਾਰੀ ਮਿਲੀ, ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਸ ਵਿੱਚ ਬਿਠਾ ਕੇ ਦਿੱਲੀ ਵੱਲ ਭੱਜਿਆ।"
ਆਪਸ ਵਿੱਚ ਹੀ ਗੋਲੀਬਾਰੀ
ਪਾਕਿਸਤਾਨ ਵਿੱਚ ਇਸ ਤੋਂ ਵੀ ਜ਼ਿਆਦਾ ਦਿਲਚਸਪ ਘਟਨਾ ਵਾਪਰੀ। ਉੱਥੇ ਖ਼ਬਰ ਮਿਲੀ ਕਿ ਸਰਗੋਧਾ ਹਵਾਈ ਅੱਡੇ 'ਤੇ ਭਾਰਤੀ ਛਾਤਾ ਧਾਰੀ ਸੈਨਿਕ ਉਤਰਨ ਵਾਲੇ ਹਨ।
ਪਾਕਿਸਤਾਨ ਦੇ ਏਅਰ ਹੈੱਡ ਕੁਆਟਰ ਨੇ ਕਮਾਂਡੋਜ਼ ਨਾਲ ਭਰਿਆ ਇੱਕ ਸੀ-130 ਜਹਾਜ਼ ਸਰਗੋਧਾ ਹਵਾਈ ਅੱਡੇ ਵੱਲ ਭੇਜਿਆ।

ਤਸਵੀਰ ਸਰੋਤ, PUSHPINDER SINGH
ਹਨੇਰੇ ਵਿੱਚ ਜਦੋਂ ਉਹ ਜਹਾਜ਼ ਸਰਗੋਧਾ ਹਵਾਈ ਅੱਡੇ 'ਤੇ ਉਤਰਿਆ ਅਤੇ ਉਸ ਵਿੱਚੋਂ ਕਮਾਂਡੋਜ਼ ਨੇ ਉਤਰਨਾ ਸ਼ੁਰੂ ਕੀਤਾ ਤਾਂ ਇੱਕ ਜ਼ਰੂਰਤ ਤੋਂ ਜ਼ਿਆਦਾ ਸਾਵਧਾਨ ਸੰਤਰੀ ਨੇ ਸਮਝ ਲਿਆ ਕਿ ਉਹ ਭਾਰਤੀ ਪੈਰਾਟਰੂਪਰ ਹਨ ਅਤੇ ਦੋਵਾਂ ਪੱਖਾਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ।
ਇਸ ਗਲਤਫ਼ਹਿਮੀ ਕਾਰਨ ਹੋਈ ਗੋਲੀਬਾਰੀ ਵਿੱਚ ਕਿੰਨੇ ਲੋਕ ਮਾਰੇ ਗਏ, ਉਨ੍ਹਾਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। (ਏਅਰ ਕਾਮੋਡੋਰ ਮਨਸੂਰ ਸ਼ਾਹ, ਦਿ ਗੋਲਡ ਬਰਡ: ਪਾਕਿਸਤਾਨ ਐਂਡ ਇਟ੍ਸ ਏਅਰ ਫੋਰਸ)
ਇਸੇ ਤਰ੍ਹਾਂ, ਪਠਾਨਕੋਟ ਵਿੱਚ ਛਾਤਾ ਧਾਰੀਆਂ ਦੇ ਸੰਭਾਵੀ ਹਮਲੇ ਤੋਂ ਬਚਣ ਲਈ, ਸਾਰੇ ਅਧਿਕਾਰੀਆਂ ਨੂੰ 9 ਐੱਮਐੱਮ ਦੀ ਸਟੇਨ ਕਾਰਬਾਇਨ ਦਿੱਤੀ ਗਈ। ਫਲਾਈਟ ਲੈਫਟੀਨੈਂਟ ਪਠਾਨੀਆ ਨੂੰ ਵੀ ਇੱਕ ਕਾਰਬਾਇਨ ਮਿਲੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਸ ਨੂੰ ਕਿਵੇਂ ਚਲਾਉਣਾ ਹੈ, ਇਸ ਲਈ ਫਲਾਈਟ ਲੈਫਟੀਨੈਂਟ ਤੁਸ਼ਾਰ ਸੇਨ ਉਨ੍ਹਾਂ ਨੂੰ ਕਾਰਬਾਇਨ ਚਲਾਉਣਾ ਸਿਖਾ ਰਹੇ ਸਨ।
ਉਸੇ ਵੇਲੇ ਉਨ੍ਹਾਂ ਦੀਆਂ ਉਂਗਲਾਂ ਖਿਸਕੀਆਂ ਅਤੇ ਕਾਰਬਾਈਨ ਤੋਂ 9 ਐੱਮਐੱਮ ਦੀਆਂ ਗੋਲੀਆਂ ਦਾ ਇੱਕ ਪੂਰਾ ਬਰਸਟ ਉੱਥੇ ਆਰਾਮ ਕਰ ਰਹੇ ਪਾਇਲਟਾਂ ਦੇ ਸਿਰਾਂ ਤੋਂ ਕੇਵਲ ਕੁਝ ਇੰਚ ਉੱਪਰੋਂ ਦੀ ਲੰਘ ਗਿਆ।
ਉਸ ਤੋਂ ਬਾਅਦ ਆਪਸ ਵਿੱਚ ਕੀ-ਕੀ ਸ਼ਬਦ ਇਸਤੇਮਾਲ ਹੋਏ, ਉਨ੍ਹਾਂ ਦੀ ਤੁਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹੋ।
(ਇਹ ਲੇਖ ਸਾਲ 2017 ਵਿੱਚ ਲਿਖਿਆ ਗਿਆ ਸੀ)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












