ਕੀ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੀਆਂ ਕਹਾਣੀਆਂ ਹਨ

ਔਰਤ ਦੀਆਂ ਅੱਖਾਂ
ਤਸਵੀਰ ਕੈਪਸ਼ਨ, ਕੀ ‘ਸਮਝੌਤੇ’ ਕਰਨ ਵਾਲੀਆਂ ਅਦਾਕਾਰਾਵਾਂ ਜ਼ਿਆਦਾ ਸਫ਼ਲ ਹੁੰਦੀਆਂ ਹਨ?
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਸਹਿਯੋਗੀ

ਮਲਿਆਲਮ ਫਿਲਮ ਇੰਡਸਟਰੀ ਵਿੱਚ ਅਭਿਨੇਤਰੀਆਂ ਲਈ ਕੰਮ ਦੇ ਹਾਲਾਤ ਅਤੇ ਜਿਨਸੀ ਸ਼ੋਸ਼ਣ ਸਬੰਧੀ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਪਿਛਲੇ ਕਈ ਹਫ਼ਤਿਆਂ ਤੋਂ ਚਰਚਾ ਵਿੱਚ ਹੈ। ਇਸ ਰਿਪੋਰਟ ਵਿੱਚ ਟਿੱਪਣੀ ਕੀਤੀ ਗਈ ਹੈ।

“ਸਾਹਮਣੇ ਰੱਖੇ ਸਬੂਤਾਂ ਮੁਤਾਬਕ, ਫ਼ਿਲਮ ਸਨਅਤ ਵਿੱਚ ਜਿਨਸੀ ਸ਼ੋਸ਼ਣ ਹੈਰਾਨੀਜਨਕ ਰੂਪ ਵਿੱਚ ਆਮ ਹੈ, ਇਹ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਚੱਲ ਰਿਹਾ ਹੈ ਅਤੇ ਵੱਸੋਂ ਬਾਹਰ ਹੋ ਚੁੱਕਿਆ ਹੈ।”

ਬਾਲੀਵੁੱਡ ਵਿੱਚ ਵੀ ‘ਕਾਸਟਿੰਗ ਕਾਊਚ’ ਅਤੇ ‘ਸਮਝੌਤੇ’ ਦੇ ਇਲਜ਼ਾਮ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹੇ ਹਨ। ਕੁੜੀਆਂ ਨੂੰ ਕੰਮ ਹਾਸਿਲ ਕਰਨ ਲਈ ਕਈ ਵਾਰ ਜਿਨਸੀ ਸੋਸ਼ਣ ਝੱਲਣਾ ਪੈਂਦਾ ਹੈ।

ਕੀ ਪੰਜਾਬੀ ਸਿਨੇਮਾ ਵਿੱਚ ਵੀ ਅਭਿਨੇਤਰੀਆਂ ਨੂੰ ਅਜਿਹੀ ਸਥਿਤੀ ਸਹਿਣ ਕਰਨੀ ਪੈਂਦੀ ਹੈ ਜਾਂ ਪੰਜਾਬੀ ਸਿਨੇਮਾ ਇਸ ਮਾਮਲੇ ਵਿੱਚ ਦੂਜਿਆਂ ਤੋਂ ਵੱਖਰਾ ਹੈ?

ਪੰਜਾਬੀ ਫ਼ਿਲਮਾਂ ਵਿੱਚ ‘ਕਾਸਟਿੰਗ ਕਾਊਚ’

ਪੰਜਾਬੀ ਫਿਲਮ ਜਗਤ ਨਾਲ ਜੁੜੇ ਕਈ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਪੰਜਾਬੀ ਫ਼ਿਲਮਾਂ ਵਿੱਚ ਵੀ ਕਈ ਵਾਰ ਅਜਿਹੀ ਸਥਿਤੀ ਬਣਦੀ ਹੈ ਜਿੱਥੇ ਅਭਿਨੇਤਰੀਆਂ ਨੂੰ ‘ਸੈਕਸ਼ੂਅਲ ਫੇਵਰ’ ਦੇ ਬਦਲੇ ਫ਼ਿਲਮ ਵਿੱਚ ਕੰਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਕਈ ਇਹ ‘ਸਮਝੌਤਾ’ ਕਰ ਲੈਂਦੀਆਂ ਹਨ ਅਤੇ ਕਈ ਨਹੀਂ ਕਰਦੀਆਂ।

ਭਾਵੇਂ ਪੰਜਾਬੀ ਸਿਨੇਮਾ ਵਿੱਚ ‘ਸੈਕਸ਼ੂਅਲ ਫੇਵਰ’ ਬਦਲੇ ਕੰਮ ਦੇਣ ਦਾ ਰੁਝਾਨ ਬਹੁਤ ਜ਼ਿਆਦਾ ਨਹੀਂ ਹੈ ਪਰ ਰੈਫਰੈਂਸ, ਜਾਣ-ਪਛਾਣ ਜਾਂ ਹੋਰ ਪੈਮਾਨੇ ਵੀ ਭੂਮਿਕਾ ਅਦਾ ਕਰਦੇ ਹਨ।

ਕੀ ‘ਸਮਝੌਤੇ’ ਕਰਨ ਵਾਲੀਆਂ ਅਦਾਕਾਰਾਵਾਂ ਜ਼ਿਆਦਾ ਸਫ਼ਲ ਹੁੰਦੀਆਂ ਹਨ? ਅਜਿਹੇ ਆਫਰ ਨਕਾਰ ਦੇਣ ਵਾਲੀਆਂ ਲਈ ਅੱਗੇ ਕੀ ਰਾਹ ਹੁੰਦਾ ਹੈ? ਅਜਿਹੇ ਆਫਰ ਦੇਣ ਵਾਲੇ ਕਿਹੜੇ ਲੋਕ ਹੁੰਦੇ ਹਨ?

ਆਨੰਦ ਪ੍ਰਿਆ ਚੰਡੀਗੜ੍ਹ ਤੋਂ ਆ ਕੇ ਮੁੰਬਈ ਰਹਿੰਦੇ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚੋਂ ਥੀਏਟਰ ਦੀ ਪੜ੍ਹਾਈ ਕਰਨ ਬਾਅਦ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਿਆ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਨੰਦ ਪ੍ਰਿਆ ਨੇ ਸਿਰਫ਼ ਪੰਜਾਬੀ ਫ਼ਿਲਮਾਂ ਹੀ ਨਹੀਂ ਸਗੋਂ ਨੈੱਟਫਲਿਕਸ ਦੀ ਵੈਬਸੀਰੀਜ਼ ‘ਕੋਹਰਾ’ ਵਿੱਚ ਵੀ ਆਪਣੀ ਦਮਦਾਰ ਪੇਸ਼ਕਾਰੀ ਜ਼ਰੀਏ ਨਾਮਣਾ ਖੱਟਿਆ ਹੈ।

ਆਨੰਦ ਮੁਤਾਬਕ ਹੁਣ ਤੱਕ ਉਨ੍ਹਾਂ ਨੇ ਜਿੰਨਾਂ ਵੀ ਕੰਮ ਕੀਤਾ ਹੈ, ਕਦੇ ਵੀ ਉਸ ਤੋਂ ਕੰਮ ਦੇਣ ਦੇ ਬਦਲੇ ‘ਸੈਕਸ਼ੂਅਲ ਫੇਵਰ’ ਨਹੀਂ ਮੰਗਿਆ ਗਿਆ।

ਉਹ ਕਹਿੰਦੇ ਹਨ, “ਮੈਂ ਜ਼ਿਆਦਾਤਰ ਕੰਮ ਉਨ੍ਹਾਂ ਲੋਕਾਂ ਨਾਲ ਹੀ ਕੀਤਾ ਹੈ ਜੋ ਥੀਏਟਰ ਕਰਕੇ ਮੇਰੇ ਬਾਰੇ ਕਿਸੇ ਨਾ ਕਿਸੇ ਤਰ੍ਹਾਂ ਜਾਣਦੇ ਸਨ। ਇਸ ਲਈ ਮੇਰਾ ਵਾਹ ਉਸ ਤਰ੍ਹਾਂ ਦੇ ਲੋਕਾਂ ਨਾਲ ਨਹੀਂ ਪਿਆ। ਹਾਂ, ਮੈਂ ਸੁਣਿਆ ਹੈ ਕਿ ਅਜਿਹਾ ਹੁੰਦਾ ਹੈ।"

ਉਹ ਬਿਨਾਂ ਨਾਮ ਲਏ ਇੱਕ ਨਿਰਦੇਸ਼ਕ ਦਾ ਜ਼ਿਕਰ ਕਰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਇੰਡਸਟਰੀ ਵਿੱਚ ਕੁਝ ਕਰੀਬੀਆਂ ਤੋਂ ਪਤਾ ਲੱਗਿਆ ਕਿ ਉਸ ਨੇ ਕਥਿਤ ਤੌਰ ’ਤੇ ਆਪਣੀ ਫ਼ਿਲਮ ਵਿੱਚ ਕੰਮ ਦੇਣ ਬਦਲੇ ਅਭਿਨੇਤਰੀਆਂ ਦਾ ਜਿਨਸੀ ਸ਼ੋਸ਼ਣ ਕੀਤਾ ।

ਆਨੰਦ ਪ੍ਰਿਆ ਨੇ ਇਹ ਵੀ ਦੱਸਿਆ ਕਿ ਇਸੇ ਨਿਰਦੇਸ਼ਕ ਨੇ ਇੱਕ ਸ਼ੂਟ ਦੌਰਾਨ ਉਨ੍ਹਾਂ ਨਾਲ ਛੇੜ-ਛਾੜ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇੱਕ ਸਾਲ ਤੱਕ ਉਹ ਇਕੱਲਿਆਂ ਕਿਸੇ ਸ਼ੂਟ ’ਤੇ ਜਾਣ ਤੋਂ ਡਰਦੇ ਰਹੇ। ਇਸ ਘਟਨਾ ਤੋਂ ਪਹਿਲਾਂ ਤੱਕ ਆਨੰਦ ਪ੍ਰਿਆ ਨੂੰ ਉਸ ਨਿਰਦੇਸ਼ਕ ਦੇ ‘ਅਸਲ ਕਿਰਦਾਰ’ ਬਾਰੇ ਪਤਾ ਨਹੀਂ ਸੀ।

ਆਨੰਦ ਪ੍ਰਿਆ

ਤਸਵੀਰ ਸਰੋਤ, Aanand Priya/instagram

ਤਸਵੀਰ ਕੈਪਸ਼ਨ, ਆਨੰਦ ਪ੍ਰਿਆ

ਉਸ ਘਟਨਾ ਨੂੰ ਯਾਦ ਕਰਦਿਆਂ ਪ੍ਰਿਆ ਨੇ ਦੱਸਿਆ ਕਿ ਉਹ ਇੱਕ ਚੰਗਾ ਇਨਸਾਨ ਹੋਣ ਦਾ ਬਹੁਤ ਦਿਖਾਵਾ ਕਰਦਾ ਹੈ। “ਉਹ ਇੱਕ ਗੀਤ ਦਾ ਸ਼ੂਟ ਸੀ”, ਜਿਸ ਲਈ ਉਸ ਨੇ “ਸਿਰਫ਼ ਇਸੇ ਕਰਕੇ ਹਾਂ ਕੀਤੀ ਸੀ ਕਿ ਇੱਕ ਚੰਗੇ ਡਾਇਰੈਕਟਰ ਨਾਲ ਕੰਮ ਕਰਕੇ ਕੁਝ ਸਿੱਖਣ ਨੂੰ ਮਿਲੇਗਾ।”

ਪ੍ਰਿਆ ਨੇ ਦੱਸਿਆ ਕਿ ਰਾਤ ਦਾ ਸ਼ੂਟ ਸੀ ਅਤੇ ਉਨ੍ਹਾਂ ਦੇ ਸਹਿ-ਅਦਾਕਾਰ ਨੂੰ ਛੱਡ ਕੇ ਸਾਰੇ ਆਦਮੀਆਂ ਨੇ ਸ਼ਰਾਬ ਪੀਤੀ ਹੋਈ ਸੀ।

ਸੈੱਟ ਉੱਤੇ ਸਿਰਫ਼ ਪ੍ਰਿਆ ਤੇ ਇੱਕ ਮੇਕਅੱਪ ਆਰਟਿਸਟ ਸਮੇਤ ਤਿੰਨ ਹੀ ਕੁੜੀਆਂ ਸੀ। ਮੇਕਅੱਪ ਆਰਟਿਸਟ ਵੀ ਸ਼ੂਟ ਅੱਧ ਵਿਚਕਾਰ ਛੱਡ ਕੇ ਰੋਂਦੇ ਹੋਏ ਘਰ ਚਲੀ ਗਈ ਸੀ ਅਤੇ ਬਹੁਤ ਘਬਰਾਈ ਹੋਈ ਸੀ।

ਆਨੰਦ ਪ੍ਰਿਆ ਨੇ ਦੱਸਿਆ, “ਸ਼ੂਟਿੰਗ ਦੇ ਬਰੇਕ ਦੌਰਾਨ ਅਸੀਂ ਕਾਰ ਵਿੱਚ ਬੈਠੇ ਸੀ। ਡਰਾਈਵਰ ਸੀਟ ਉੱਤੇ ਮੇਰਾ ਕੋ-ਐਕਟਰ ਸੀ, ਨਾਲ ਹੀ ਅਗਲੀ ਸੀਟ ਉੱਤੇ ਮੈਂ ਸੀ। ਪਿਛਲੀ ਸੀਟ ਉੱਤੇ ਡਰਾਈਵਰ ਸੀਟ ਦੇ ਪਿੱਛੇ ਉਹ ਨਿਰਦੇਸ਼ਕ ਸੀ। ਮੇਰਾ ਕੋ-ਐਕਟਰ ਕੁਝ ਸਮੇਂ ਲਈ ਬਾਹਰ ਗਿਆ ਸੀ।”

“ਇਸੇ ਦੌਰਾਨ ਡਾਇਰੈਕਟਰ ਨੇ ਘਟੀਆ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਮੈਂ ਹੈਰਾਨ ਰਹਿ ਗਈ ਅਤੇ ਅੱਗੇ ਹੋ ਗਈ ਤਾਂ ਕਿ ਉਸ ਦਾ ਹੱਥ ਮੇਰੇ ਤੱਕ ਨਾ ਪਹੁੰਚੇ। ਮੈਂ ਤੁਰੰਤ ਗੱਡੀ ਵਿੱਚੋਂ ਬਾਹਰ ਆ ਗਈ। ਪਰ ਰੌਲਾ ਨਹੀਂ ਪਾਇਆ ਅਤੇ ਨਾ ਹੀ ਸ਼ੂਟ ਵਿੱਚ ਰੁਕਾਵਟ ਪਾਈ। ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਹੋਇਆ ਕੀ ਹੈ।”

ਪ੍ਰਿਆ ਨੇ ਦੱਸਿਆ ਕਿ ਉਸ ਨੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਕੀਤੀ ਪਰ ਫ਼ਿਲਮਾਂ ਨਾਲ ਜੁੜੇ ਆਪਣੇ ਕਈ ਜਾਣਕਾਰਾਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਕਿ ਉਸ ਬੰਦੇ ਦੇ ਅਸਲ ਕਿਰਦਾਰ ਤੋਂ ਜਾਣੂ ਰਹਿਣ। ਪ੍ਰਿਆ ਨੇ ਉਸ ਮੇਕਅੱਪ ਆਰਟਿਸਟ ਨਾਲ ਵੀ ਗੱਲ ਕੀਤੀ ਜੋ ਰੋਂਦੀ ਸ਼ੂਟਿੰਗ ਤੋਂ ਚਲੀ ਗਈ ਸੀ।

“ਮੇਕਅੱਪ ਆਰਟਿਸਟ ਕੁੜੀ ਨੇ ਉਦੋਂ ਮੈਨੂੰ ਦੱਸਿਆ ਕਿ ਉਸ ਨਿਰਦੇਸ਼ਕ ਨੇ ਦੋ ਵਾਰ ਉਸ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ ਸੀ।”

ਪਾਲੀ ਭੁਪਿੰਦਰ

ਤਸਵੀਰ ਸਰੋਤ, Pali Bhupinder/FB

ਕਿਵੇਂ ਹੁੰਦੀ ਹੈ ‘ਸਮਝੌਤੇ’ ਜ਼ਰੀਏ ਕੰਮ ਦੇਣ ਦੀ ਪੇਸ਼ਕਸ਼?

ਰਾਵੀ ਕੌਰ ਬੱਲ ਇੱਕ ਮਾਡਲ ਅਤੇ ਅਭਨੇਤਰੀ ਹਨ। ਰਾਵੀ ਮੁਤਾਬਕ ਇਹ ਅਕਸਰ ਫ਼ਿਲਮੀ ਦੁਨੀਆਂ ਨਾਲ ਜੁੜੇ ਕੁਝ ਲੋਕ ਕੁੜੀਆਂ ਨੂੰ ਅਜਿਹੇ ਝਾਂਸਿਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ।

ਉਹ ਦੱਸਦੇ ਹਨ, “ਜਿਵੇਂ ਕਦੇ ਕੋਈ ਨਿਰਦੇਸ਼ਕ ਜਾਂ ਕੋਈ ਹੋਰ ਫੋਨ ਕਰਦਾ ਹੈ ਕਿ ਰਾਤੀਂ ਆ ਜਾਓ, ਡਿਨਰ ਕਰਦੇ ਹਾਂ ਵਗੈਰਾ। ਉਨ੍ਹਾਂ ਦਾ ਇਸ਼ਾਰਾ ਇਹ ਦੇਖਣ ਲਈ ਹੁੰਦਾ ਹੈ ਕਿ ਲੜਕੀ ਦਾ ਕੀ ਜਵਾਬ ਆਉਂਦਾ ਹੈ। ਕਈ ਗਾਇਕ ਸਨੈਪਚੈਟ ਜ਼ਰੀਏ ਮੈਸੇਜ ਕਰਦੇ ਹਨ ਕਿਉਂਕਿ ਉੱਥੇ ਚੈਟ ਡਿਲੀਟ ਹੋ ਜਾਂਦੀ ਹੈ।''

ਰਾਵੀ ਨੇ ਦੱਸਿਆ ਕਿ ਇੱਕ ਵਾਰ ਕਿਸੇ ਨਵੇਂ ਬਣੇ ਨਿਰਮਾਤਾ ਨੇ ਉਸ ਦੀ ਟਿਕਟ ਕਰਵਾ ਕੇ ਕੈਨੇਡਾ ਤੋਂ ਇੰਡੀਆ ਬੁਲਾ ਲਿਆ ਅਤੇ ਯੂਐੱਸਏ ਵਿੱਚ ਸ਼ੂਟ ਹੋਣ ਦਾ ਦਾਅਵਾ ਕੀਤਾ।

ਰਾਵੀ ਦੇ ਦਿੱਲੀ ਪਹੁੰਚਣ ’ਤੇ ਫ਼ਿਲਮ ਬਾਰੇ ਕੋਈ ਗੱਲ ਨਾ ਹੋਈ ਸਗੋਂ ਦੋ ਦਿਨ ਇਧਰਲੀਆਂ-ਉਧਰਲੀਆਂ ਹੀ ਕਰਦੇ ਰਹੇ ਅਤੇ ਉਸ ਨਿਰਦੇਸ਼ਕ ਨਾਲ ਛੋਟੀ ਉਮਰ ਦੀ ਇੱਕ ਹੋਰ ਕੁੜੀ ਵੀ ਸੀ।

ਰਾਵੀ ਕੌਰ

ਤਸਵੀਰ ਸਰੋਤ, Ravi Kaur/Instagram

ਤਸਵੀਰ ਕੈਪਸ਼ਨ, ਰਾਵੀ ਕੌਰ

ਰਾਵੀ ਦਾ ਕਹਿਣਾ ਹੈ ਕਿ ਇਸ ਤੋਂ ਉਹ ਸਮਝ ਗਏ ਕਿ ਵੱਡੀਆਂ ਗੱਡੀਆਂ ਤੇ ਸ਼ੌਹਰਤ ਦਿਖਾ ਕੇ ਉਨ੍ਹਾਂ ਨੂੰ ਗਲਤ ਇਰਾਦੇ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਰਾਵੀ ਟੈਕਸੀ ਕਰਵਾ ਕੇ ਪੰਜਾਬ ਆਪਣੇ ਘਰ ਆ ਗਏ।

ਇਹ ਵੀ ਸਾਹਮਣੇ ਆਇਆ ਕਿ ਕਈ ਵਾਰ ਨਿਰਮਾਤਾ ਜਾਂ ਨਿਰਦੇਸ਼ਕ ਨਾਲ ਨਵੇਂ ਕਲਾਕਾਰਾਂ ਦਾ ਸੰਪਰਕ ਕਰਵਾਉਣ ਵਾਲੇ ਕੁਝ ਲੋਕ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਹਨ।

ਅਸੀਂ ਜਯੋਤਿਕਾ ਬਡਿਆਲ ਨਾਲ ਗੱਲ ਕੀਤੀ ਜਿਨ੍ਹਾਂ ਨੇ 2012 ਤੋਂ 2019 ਤੱਕ ਕਾਸਟਿੰਗ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ, ਫਿਰ ਮਾਂ ਬਣਨ ਤੋਂ ਬਾਅਦ ਕੁਝ ਸਮੇਂ ਲਈ ਇਸ ਕੰਮ ਤੋਂ ਵਕਫ਼ਾ ਲੈ ਲਿਆ।

ਉਨ੍ਹਾਂ ਨੇ ਕਈ ਫ਼ਿਲਮਾਂ ਲਈ ਅਦਾਕਾਰਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਕਪਤਾਨ, ਲਾਹੌਰੀਏ, ਨਨਕਾਣਾ, ਕਾਲਾ ਸ਼ਾਹ ਕਾਲਾ, ਸੱਜਣ ਸਿੰਘ ਰੰਗਰੂਟ, ਰੌਕੀ ਮੈਂਟਲ, ਮਾਹੀ ਐੱਨਆਰਆਈ, ਜ਼ੋਰਾਵਰ, ਟਾਈਗਰ, ਟੋਭਾ ਟੇਕ ਸਿੰਘ, ਏਕ ਥਾ ਭੁਜੰਗ ਜਿਹੀਆਂ ਫ਼ਿਲਮਾਂ ਸ਼ਾਮਲ ਹਨ।

ਜਯੋਤਿਕਾ ਮੁਤਾਬਕ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਬਹੁਤ ਪੇਸ਼ੇਵਰ ਹੋਣ ਕਰਕੇ ਉਨ੍ਹਾਂ ਨੂੰ ਕਦੇ ਵੀ ਕਿਸੇ ਨਿਰਮਾਤਾ ਜਾਂ ਨਿਰਦੇਸ਼ਕਾਂ ਨੇ ‘ਸੈਕਸ਼ੂਅਰ ਫੇਵਰ’ ਲਈ ਤਿਆਰ ਹੋਣ ਵਾਲੀ ਲੜਕੀ ਦੀ ਚੋਣ ਕਰਨ ਲਈ ਨਹੀਂ ਕਿਹਾ।

ਜਯੋਤਿਕਾ

ਤਸਵੀਰ ਸਰੋਤ, Jyotika Badial/Instagram

ਤਸਵੀਰ ਕੈਪਸ਼ਨ, ਜਯੋਤਿਕਾ

ਇੱਕ ਘਟਨਾ ਜਯੋਤਿਕਾ ਨੇ ਯਾਦ ਕੀਤੀ ਕਿ ਜਦੋਂ ਪ੍ਰੋਡਕਸ਼ਨ ਨਾਲ ਜੁੜੇ ਇੱਕ ਆਦਮੀ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ ਕਿ “ਮੈਡਮ ਇੱਕ ਨਿਰਮਾਤਾ ਆ ਰਹੇ ਹਨ, ਉਨ੍ਹਾਂ ਨੂੰ ਇੱਕ ਦਿਨ ਲਈ ਇੱਕ ਲੜਕੀ ਚਾਹੀਦੀ ਹੈ। ਮੈਂ ਉਸ ਦੀ ਗੱਲ ਸਮਝੀ ਨਹੀਂ ਅਤੇ ਦੁਬਾਰਾ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੋਈ ਮਾਡਲ ਜਾਂ ਅਭਿਨੇਤਰੀ ਜੋ ਉਨ੍ਹਾਂ ਨੂੰ ਕੰਪਨੀ ਕਰਨ ਲਈ ਤਿਆਰ ਹੋਵੇ। ਮੈਨੂੰ ਬਹੁਤ ਬੁਰਾ ਲੱਗਿਆ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਕਾਸਟਿੰਗ ਨਿਰਦੇਸ਼ਕ ਹਾਂ, ਇਹ ਮੇਰੇ ਨਾਲ ਕੀ ਗੱਲ ਕਰ ਰਹੇ ਹੋ ਤਾਂ ਉਸ ਨੇ ਮਾਫ਼ੀ ਮੰਗੀ ਤੇ ਕਿਹਾ ਕਿ ਮੈਨੂੰ ਤਾਂ ਬਸ ਪੁੱਛਣ ਲਈ ਕਿਹਾ ਗਿਆ ਸੀ।”

ਜਯੋਤਿਕਾ ਮੁਤਾਬਕ, ਫ਼ਿਲਮਾਂ ਦੀ ਬਜਾਏ ਮਿਊਜ਼ਿਕ ਵੀਡੀਓਜ਼ ਬਾਰੇ ਉਨ੍ਹਾਂ ਨੇ ਅਜਿਹਾ ਵਧੇਰੇ ਸੁਣਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗਾਇਕ ਜਾਂ ਪ੍ਰੋਡਿੂਸਰ ਸਿੱਧੇ ਤੌਰ ’ਤੇ ਨਹੀਂ, ਪਰ ਖੁਦ ਨੂੰ ਕਾਸਟਿੰਗ ਨਿਰਦੇਸ਼ਕ ਵਜੋਂ ਪੇਸ਼ ਕਰਕੇ ਕੁਝ ਕੋਆਰਡੀਨੇਟਰ ਕਰਨ ਵਾਲੇ ਅਜਿਹੀਆਂ ਕੁਝ ਗੱਲਾਂ ਕਰਦੇ ਹਨ। ਕਿਉਂਕਿ ਨਵੇਂ ਐਕਟਰਾਂ ਨੂੰ ਵੀ ਨਿਰਮਾਤਾ ਜਾਂ ਕਾਸਟਿੰਗ ਨਿਰਦੇਸ਼ਕ ਕੋਲ ਪਹੁੰਚਣ ਦੀ ਬਜਾਏ ਕੋਆਰਡੀਨੇਟਰ ਕੋਲ ਪਹੁੰਚਣਾ ਸੌਖਾ ਲਗਦਾ ਹੈ, ਕਈ ਲੋਕ ਹੁੰਦੇ ਹਨ ਜੋ ਉਨ੍ਹਾਂ ਨੂੰ ਕੰਮ ਦਿਵਾਉਣ ਦਾ ਫਾਇਦਾ ਇਸ ਤਰ੍ਹਾਂ ਚੁੱਕਦੇ ਹਨ।

ਅਦਾਕਾਰਾ ਸ਼ਰਨ ਕੌਰ ਨੇ ਹਿੰਦੀ ਨਾਟਕਾਂ ਵਿੱਚ ਕੰਮ ਕਰਨ ਤੋਂ ਇਲਾਵਾ, ‘ਮੁੰਡਾ ਫਰੀਦਕੋਟੀਆ’ ਅਤੇ ‘ਸ਼ਰੀਕ-2’ ਜਿਹੀਆਂ ਪੰਜਾਬੀ ਫ਼ਿਲਮਾਂ ਵਿੱਚ ਲੀਡ ਰੋਲ ਨਿਭਾਏ ਹਨ।

ਸ਼ਰਨ ਕੌਰ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਇਹ ਮੰਨਣਾ ਪਵੇਗਾ ਕਿ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਉਨ੍ਹਾਂ ਦੇ ਕੰਮ ਦਾ ਹਿੱਸਾ ਹੈ ਅਤੇ ਅਜਿਹੇ ਹਾਲਾਤ ਨਾਲ ਹੁਸ਼ਿਆਰੀ ਨਾਲ ਨਜਿੱਠਣਾ ਸਿੱਖਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਜੇ ਕੋਈ ਅਜਿਹਾ ਕਹਿੰਦਾ ਹੈ ਤਾਂ ਬਿਨ੍ਹਾਂ ਕੁਝ ਜ਼ਾਹਿਰ ਕੀਤਿਆਂ ਉੱਥੋਂ ਆ ਜਾਂਦੀ ਹਾਂ ਅਤੇ ਘਰ ਆ ਕੇ ਉਸ ਨੂੰ ਬਲਾਕ ਕਰ ਦਿੰਦੀ ਹੈ।”

ਸ਼ਰਨ ਕੌਰ ਮਹਿਸੂਸ ਕਰਦੇ ਹਨ ਕਿ ਲੋਕ ਕੁੜੀਆਂ ਨੂੰ ਰੋਲ ਦੇਣ ਲਈ ਅਜਿਹੀ ਪੇਸ਼ਕਸ਼ ਕਰਦੇ ਜ਼ਰੂਰ ਹਨ, ਪਰ ਕੋਈ ਜ਼ਬਰਦਸਤੀ ਨਹੀਂ ਕਰਦਾ।

ਉਨ੍ਹਾਂ ਨੇ ਕਿਹਾ, “ਅਜਿਹੇ ਲੋਕ ਸਾਰੇ ਪੇਸ਼ਿਆਂ ਵਿੱਚ ਹੁੰਦੇ ਹਨ ਜੋ ਸਫਲ ਹੋਣ ਲਈ ਇਸ ਤਰ੍ਹਾਂ ਦੇ ਆਫਰ ਦਿੰਦੇ ਹਨ, ਪਰ ਸਭ ਕੁੜੀ ਦੇ ਫ਼ੈਸਲੇ ’ਤੇ ਨਿਰਭਰ ਕਰਦਾ ਹੈ। ਜੇ ਲੜਕੀ ਰਾਜ਼ੀ ਹੈ ਤਾਂ ਹੀ ਅਜਿਹਾ ਹੁੰਦਾ ਹੈ। ਜੇ ਤੁਸੀਂ ਖੁਦ ਨੂੰ ਵਰਤਣ ਦੇ ਰਹੇ ਹੋ ਤਾਂ ਹੀ ਤੁਹਾਨੂੰ ਕੋਈ ਵਰਤ ਰਿਹਾ ਹੈ। ਕੁੜੀਆਂ ਵੀ ਕੰਮ ਹਾਸਿਲ ਕਰਨ ਲਈ ਖੁਦ ‘ਸੈਕਸੁਅਲ ਫੇਵਰ’ ਕਰਨ ਲਈ ਤਿਆਰ ਹੁੰਦੀਆਂ ਹਨ।”

ਸ਼ਰਨ ਕੌਰ ਮੁਤਾਬਕ ਉਨ੍ਹਾਂ ਨੇ ਖੁਦ ਕੁੜੀਆਂ ਨੂੰ ਅਜਿਹੇ ਆਫਰ ਦਿੰਦਿਆਂ ਦੇਖਿਆ ਹੈ, ਜਿਸ ਨਾਲ ਕਈ ਵਾਰ ਸਿੱਧੇ ਰਾਹ ਚੱਲਣ ਵਾਲੀਆਂ ਕੁੜੀਆਂ ਤੋਂ ਵੀ ਮੌਕਾ ਮਾਰਿਆ ਜਾਂਦਾ ਹੈ।

ਨਾਲ ਹੀ ਸ਼ਰਨ ਇਹ ਵੀ ਕਹਿੰਦੇ ਹਨ ਕਿ ਲੋਕ ਮਨ ਵਿੱਚ ਇਹ ਵੀ ਭਰਨ ਦੀ ਕੋਸ਼ਿਸ਼ ਕਰਦੇ ਹਨ ਕਿ ਕੁੜੀਆਂ ਕੋਲ ਐਕਟਿੰਗ ਵਿੱਚ ਕਰੀਅਰ ਬਣਾਉਣ ਲਈ ਬਹੁਤ ਥੋੜ੍ਹੇ ਸਾਲ ਹੁੰਦੇ ਹਨ ਅਤੇ ਇੱਕ ਉਮਰ ਬਾਅਦ ਕੁੜੀਆਂ ਨੂੰ ਲੀਡ ਰੋਲ ਮਿਲਣੇ ਬੰਦ ਹੋ ਜਾਂਦੇ ਹਨ। ਇਸ ਲਈ ਕੁੜੀਆਂ ਨੂੰ ਅਜਿਹੇ ਸਮਝੌਤੇ ਕਰਨ ਲਈ ਕਿਹਾ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਕੰਮ ਮਿਲਦਾ ਰਹੇ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਕੁੜੀਆਂ ਹੁਨਰਮੰਦ ਵੀ ਹੁੰਦੀਆਂ ਹਨ ਅਤੇ ਸੋਹਣੀਆਂ ਵੀ ਹੁੰਦੀਆਂ ਹਨ, ਫਿਰ ਵੀ ਉਨ੍ਹਾਂ ਤੋਂ ‘ਸੈਕਸ਼ੂਅਲ ਫੇਵਰ’ ਮੰਗਿਆ ਜਾਂਦਾ ਹੈ। ਅਜਿਹੇ ਸਮੇਂ ਵਿੱਚ ਕੁੜੀਆਂ ਮਨ੍ਹਾਂ ਵੀ ਕਰ ਸਕਦੀਆਂ ਹਨ ਪਰ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਨੂੰ ਵੀ ਬਦਲੇ ਵਿੱਚ ਕੰਮ ਮਿਲ ਰਿਹਾ ਹੁੰਦਾ ਹੈ।

ਰੰਗਮੰਚ ਦੇ ਵਿਦਵਾਨ, ਸਕਰੀਨ ਰਾਈਟਰ ਤੇ ਨਿਰਦੇਸ਼ਕ ਪਾਲੀ ਭਪਿੰਦਰ ਮੁਤਾਬਕ ਇਹ ਕਹਿਣਾ ਕਿ ਪੰਜਾਬੀ ਫ਼ਿਲਮ ਸਨਅਤ ਵਿੱਚ ਇਸ ਤਰ੍ਹਾਂ ਕੁੜੀਆਂ ਦਾ ਸੋਸ਼ਣ ਬਿਲਕੁਲ ਨਹੀਂ ਹੁੰਦਾ, ਗਲਤ ਹੋਏਗਾ।

ਇਸਦੇ ਨਾਲ ਹੀ ਉਹ ਕਹਿੰਦੇ ਹਨ ਕਿ ਸਮੱਸਿਆ ਜ਼ਿਆਦਾਤਰ ਲੀਡ ਅਭਿਨੇਤਰੀਆਂ ਦੇ ਮੁਕਾਬਲੇ ਸਹਾਇਕ ਅਭਿਨੇਤਰੀਆਂ ਦੇ ਮਾਮਲੇ ਵਿੱਚ ਵੱਧ ਸੁਣਨ ਨੂੰ ਮਿਲਦੀ ਹੈ।

ਉਨ੍ਹਾਂ ਨੇ ਕਿਹਾ, “ਮੈਂ ਅਜਿਹੀਆਂ ਤਿੰਨ-ਚਾਰ ਅਭਿਨੇਤਰੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਕੰਮ ‘ਸੈਕਸ਼ੂਅਲ ਫੇਵਰ’ ਕਰਕੇ ਮਿਲਿਆ ਅਤੇ ਉਹ ਖ਼ੁਦ ਆਫਰ ਕਰਦੀਆਂ ਸੀ। ਉਨ੍ਹਾਂ ਨੇ ਦੂਜੀਆਂ ਹੁਨਰਮੰਦ ਲੜਕੀਆਂ ਦਾ ਹੱਕ ਵੀ ਮਾਰਿਆ। ਉਹ ਇੱਕ ਦੌਰ ਵਿੱਚ ਬਹੁਤ ਫ਼ਿਲਮਾਂ ਵਿੱਚ ਦਿਸਦੀਆਂ ਸੀ ਪਰ ਮੈਂ ਦੱਸ ਦੇਵਾਂ ਕਿ ਉਨ੍ਹਾਂ ਦੀ ਇੰਡਸਟਰੀ ਵਿੱਚ ਕੋਈ ਇੱਜ਼ਤ ਨਹੀਂ ਹੈ।”

ਪਾਲੀ ਭੁਪਿੰਦਰ ਇਹ ਵੀ ਕਹਿੰਦੇ ਹਨ ਕਿ ਜਿਨ੍ਹਾਂ ਕੁੜੀਆਂ ਨੂੰ ਅਜਿਹੇ ‘ਸਮਝੌਤਿਆਂ’ ਕਾਰਨ ਕੰਮ ਮਿਲਦਾ ਰਿਹਾ ਹੈ, ਉਹ ਬਹੁਤ ਵੱਡੀਆਂ ਸਟਾਰ ਨਹੀਂ ਬਣੀਆਂ। ਉਨ੍ਹਾਂ ਨੂੰ ਖੁਸ਼ ਰੱਖਣ ਲਈ ਸਿਰਫ਼ ਛੋਟੇ ਮੋਟੇ ਰੋਲ ਹੀ ਦਿੱਤੇ ਜਾਂਦੇ ਹਨ।

ਉਹ ਇਹ ਵੀ ਕਹਿੰਦੇ ਹਨ ਕਿ ਇੱਕ ਪ੍ਰੋਡਕਸ਼ਨ ਤੋਂ ਦੂਜੀ ਪ੍ਰੋਡਕਸ਼ਨ ਤੱਕ ਗੱਲ ਫੈਲ ਹੀ ਜਾਂਦੀ ਹੈ ਅਤੇ ਫਿਰ ਉਸ ਕੁੜੀ ਨੂੰ ਕੰਮ ਦੇ ਅਧਾਰ ’ਤੇ ਕੰਮ ਨਹੀਂ ਮਿਲਦਾ ਅਤੇ ਵਾਰ-ਵਾਰ ‘ਸਮਝੌਤਾ’ ਹੀ ਕਰਨਾ ਪੈਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀਆਂ ਹਿੰਮਤੀ ਬਣਨ ਅਤੇ ਇਸ ਤਰ੍ਹਾਂ ਦੇ ਸ਼ੌਰਟਕੱਟ ਜ਼ਰੀਏ ਕੰਮ ਲੈਣ ਤੋਂ ਇਨਕਾਰ ਕਰਨ।

ਸ਼ਮਸ਼ੇਰ ਸੰਧੂ
ਤਸਵੀਰ ਕੈਪਸ਼ਨ, ਸ਼ਮਸ਼ੇਰ ਸੰਧੂ

ਪੰਜਾਬੀ ਗੀਤਕਾਰ ਅਤੇ ਸਾਬਕਾ ਪੱਤਰਕਾਰ ਸ਼ਮਸ਼ੇਰ ਸੰਧੂ ਕਹਿੰਦੇ ਹਨ ਕਿ ਬਾਹਰੀ ਫ਼ਿਲਮ ਸਨਅਤਾਂ ਬਾਰੇ ਇਹ ਗੱਲਾਂ ਬਹੁਤੀਆਂ ਸੁਨਣ ਵਿੱਚ ਆਈਆਂ ਹਨ, ਪਰ ਪੰਜਾਬੀ ਸਿਨੇਮਾ ਵਿੱਚ ਕੁਲ-ਮਿਲਾ ਕੇ ਅਜਿਹਾ ਮਾਹੌਲ ਸੁਨਣ ਦੇਖਣ ਵਿੱਚ ਨਹੀਂ ਆਇਆ।

ਅਦਾਕਾਰਾ ਸੋਨੀਆ ਮਾਨ ਕਹਿੰਦੇ ਹਨ ਕਿ ਜਿਹੜੀਆਂ ਕੁੜੀਆਂ ਬਹੁਤ ਥੋੜ੍ਹੇ ਸਮੇਂ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦੀਆਂ ਹਨ ਜਾਂ ਜਿਨ੍ਹਾਂ ਲਈ ਆਪ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਅਕਸਰ ਅਜਿਹੇ ਸੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ।

‘ਹਸ਼ਰ’, ‘ਤੇਰਾ ਮੇਰਾ ਕੀ ਰਿਸ਼ਤਾ’, ‘ਨੀ ਮੈਂ ਸੱਸ ਕੁੱਟਣੀ’ ਫੇਮ ਅਭਿਨੇਤਰੀ ਅਕਸ਼ਿਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨਾਲ ਕਦੇ ਵੀ ਅਜਿਹਾ ਤਜ਼ਰਬਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਦੇ ਘਰ ਵਿੱਚੋਂ ਕੋਈ ਨਾ ਕੋਈ ਉਨ੍ਹਾਂ ਦੇ ਨਾਲ ਹੀ ਹੁੰਦਾ ਸੀ।

ਉਨ੍ਹਾਂ ਨੇ ਕਿਹਾ, “ਅਜਿਹਾ ਨਹੀਂ ਕਹਾਂਗੀ ਕਿ ਅਜਿਹਾ ਹੁੰਦਾ ਨਹੀਂ, ਦੂਜਿਆਂ ਤੋਂ ਘਟਨਾਵਾਂ ਸੁਣੀਆਂ ਹਨ ਪਰ ਖੁਸ਼ਕਿਸਮਤੀ ਹੈ ਕਿ ਮੇਰੇ ਨਾਲ ਕਦੇ ਅਜਿਹਾ ਨਹੀਂ ਹੋਇਆ। ਸ਼ੁਰੂ ਵਿੱਚ ਨਾਲ ਦੀਆਂ ਕੁੜੀਆਂ ਤੋਂ ਸੁਣਦੇ ਸੀ ਕਿ ਕੰਮ ਦਿਵਾਉਣ ਦੇ ਬਦਲੇ ਅਸਿੱਧੇ ਤਰੀਕੇ ਨਾਲ ‘ਸੈਕਸ਼ੂਅਲ ਫੇਵਰ’ ਮੰਗਿਆ ਜਾਂਦਾ ਸੀ।”

ਅਕਸ਼ਿਤਾ ਸ਼ਰਮਾ

ਤਸਵੀਰ ਸਰੋਤ, Akshita Sharma/Instagram

ਤਸਵੀਰ ਕੈਪਸ਼ਨ, ਅਕਸ਼ਿਤਾ ਸ਼ਰਮਾ

ਅਕਸ਼ਿਤਾ ਮੁਤਾਬਕ ਨਵੀਆਂ ਕੁੜੀਆਂ ਨੂੰ ਲੋਕਾਂ ਬਾਰੇ ਜ਼ਿਆਦਾ ਸਮਝ ਨਹੀਂ ਹੁੰਦੀ ਅਤੇ ਜਿਹੜੀਆਂ ਕੁੜੀਆਂ ਇਕੱਲੀਆਂ ਹੁੰਦੀਆਂ ਹਨ, ਉਹ ਅਜਿਹੀ ਹਾਲਾਤ ਵਿੱਚੋਂ ਜ਼ਿਆਦਾ ਲੰਘਦੀਆਂ ਹਨ।

ਅਕਸ਼ਿਤਾ ਇਹ ਵੀ ਕਹਿੰਦੇ ਹਨ ਕਿ ਜੇਕਰ ਸਾਹਮਣੇ ਵਾਲੇ ਨੂੰ ਲੱਗੇ ਕਿ ਲੜਕੀ ਨੂੰ ਕੰਮ ਹਾਸਲ ਕਰਨ ਦੀ ਲੋੜ ਹੈ, ਉਨ੍ਹਾਂ ਕੇਸਾਂ ਵਿਚ ਵਿੱਚ ਵੀ ਲੜਕੀਆਂ ਨੂੰ ਅਜਿਹੇ ‘ਸਮਝੌਤਿਆਂ’ ਦੀ ਪੇਸ਼ਕਸ਼ ਅਤੇ ਸੋਸ਼ਣ ਹੁੰਦਾ ਹੈ।

ਪਾਲੀ ਭੁਪਿੰਦਰ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਬਹੁਤ ਸਾਰੀਆਂ ਕਾਮੇਡੀ ਫ਼ਿਲਮਾਂ ਬਣ ਰਹੀਆਂ ਸੀ ਤਾਂ 2010 ਤੋਂ 2020 ਤੱਕ ਕਈ ਨਿਰਮਾਤਾ ਆਏ ਸਨ। ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਵਿੱਚ ਮਾਡਲਾਂ ਜਾਂ ਹੋਰ ਸੈਕੰਡ ਲੀਡ ਕੁੜੀਆਂ ਨੂੰ ‘ਸੈਕਸ਼ੂਅਲ ਫੇਵਰ’ ਦੇ ਬਦਲੇ ਨਾਇਕਾ ਲਿਆ ਗਿਆ।

ਲੇਕਿਨ ਪਿਛਲੇ ਸਮੇਂ ਦੌਰਾਨ ਲਗਾਤਾਰ ਅਜਿਹੀਆਂ ਫ਼ਿਲਮਾਂ ਪਿਟਣ ਤੋਂ ਬਾਅਦ ਹੁਣ ਉਹ ਰੁਝਾਨ ਥੋੜ੍ਹਾ ਘਟ ਗਿਆ ਹੈ।

ਪਾਲੀ ਭੁਪਿੰਦਰ ਨੇ ਇਹ ਵੀ ਸਫ਼ਾਈ ਦਿੱਤੀ ਕਿ ਚੰਗੀਆਂ ਹੀਰੋਇਨਾਂ ਜਾਂ ਮੁੱਖ ਧਾਰਾ ਦੀਆਂ ਅਭਿਨੇਤਰੀਆਂ ਨੇ ਕਦੇ ਵੀ ਉਨ੍ਹਾਂ ਲੋਕਾਂ ਨੂੰ ਭਾਅ ਨਹੀਂ ਦਿੱਤਾ।

ਪਾਲੀ ਭੁਪਿੰਦਰ ਸਿੰਘ

ਤਸਵੀਰ ਸਰੋਤ, Pali Bhupinder Singh/ Instagram

ਤਸਵੀਰ ਕੈਪਸ਼ਨ, ਪਾਲੀ ਭੁਪਿੰਦਰ ਸਿੰਘ

ਲੜਕੀ ਮਨ੍ਹਾ ਕਰ ਦੇਵੇ ਤਾਂ…

ਸੋਨੀਆ ਮਾਨ

ਤਸਵੀਰ ਸਰੋਤ, Sonia Maan/Instagram

ਤਸਵੀਰ ਕੈਪਸ਼ਨ, ਸੋਨੀਆ ਮਾਨ

ਜੇਕਰ ਕੋਈ ਲੜਕੀ ਅਜਿਹਾ ਸਮਝੌਤਾ ਕਰਨ ਤੋਂ ਮਨ੍ਹਾ ਕਰ ਦਿੰਦੀ ਹੈ ਤਾਂ ਉਸ ਬੰਦੇ ਜਾਂ ਨਿਰਮਾਣ ਘਰਾਣੇ ਜ਼ਰੀਏ ਉਸ ਨੂੰ ਕੰਮ ਮਿਲਣਾ ਬੰਦ ਹੋ ਜਾਂਦਾ ਹੈ।

ਪਾਲੀ ਭੁਪਿੰਦਰ ਸਿੰਘ ਮੁਤਾਬਕ ਪੰਜਾਬ ਵਿੱਚ ਇਹ ਸਮੱਸਿਆ ਮੁੰਬਈ ਜਿਹੀਆਂ ਸਨਅਤਾਂ ਦੀ ਤਰ੍ਹਾਂ ਸ਼ਰੇਆਮ ਨਹੀਂ ਹੈ।

ਸੋਨੀਆ ਮਾਨ ਕਹਿੰਦੇ ਹਨ ਕਿ ਸਿਰਫ਼ ਪੰਜਾਬੀ ਇੰਡਸਟਰੀ ਹੀ ਨਹੀਂ, ਸਾਡੇ ਪੂਰੇ ਸਮਾਜ ਵਿੱਚ ਹੀ ਅਜਿਹੇ ਲੋਕ ਹਨ ਜੋ ਕੁੜੀ ਨੂੰ ਗਲਤ ਇਰਾਦੇ ਨਾਲ ਪਹੁੰਚ ਕਰਨਾ ਸ਼ੁਰੂ ਕਰ ਦਿੰਦੇ ਹਨ।

ਸੋਨੀਆ ਮਾਨ ਕਹਿੰਦੇ ਹਨ ਕਿ ਜੇ ਕੋਈ ਤੁਹਾਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੰਮ ਬਦਲੇ ‘ਸੈਕਸ਼ੂਅਲ ਫੇਵਰ’ ਦਾ ਆਫਰ ਦਿੰਦਾ ਹੈ ਤਾਂ ਤੁਹਾਡੇ ਹੁੰਗਾਰੇ ਉੱਤੇ ਵੀ ਬਹੁਤ ਚੀਜ਼ਾਂ ਨਿਰਭਰ ਕਰਦੀਆਂ ਹਨ।

ਉਹ ਕਹਿੰਦੇ ਹਨ, “ਇਹ ਜ਼ਰੂਰ ਹੈ ਕਿ ਸਖ਼ਤੀ ਨਾਲ ਮਨ੍ਹਾ ਕਰਨ ਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪੈ ਜਾਂਦਾ ਹੈ ਕਿ ਤੁਹਾਨੂੰ ਫਿਰ ਕੰਮ ਨਹੀਂ ਮਿਲਦਾ। ਜੋ ਕੁੜੀਆਂ ਸਮਝੌਤੇ ਕਰ ਲੈਂਦੀਆਂ ਹਨ, ਉਨ੍ਹਾਂ ਕੋਲ ਕਈ ਵਾਰ ਵੱਧ ਕੰਮ ਆ ਜਾਂਦਾ ਹੈ, ਜੋ ਸਮਝੌਤੇ ਨਹੀਂ ਕਰਦੀਆਂ ਉਨ੍ਹਾਂ ਕੋਲ ਸੀਮਿਤ ਕੰਮ ਹੁੰਦਾ ਹੈ।”

ਰਾਵੀ ਦਾ ਕਹਿਣਾ ਹੈ, “ਮੈਂ ਸਿਰਫ ਇੱਕ ਛੋਟੀ ਵੈਬ-ਸੀਰੀਜ਼ ਹੀ ਕਰ ਸਕੀ ਹਾਂ, ਕਿਉਂਕਿ ਮੈਂ ਸਿਰਫ ਆਪਣੇ ਹੁਨਰ ਦੇ ਸਹਾਰੇ ਕੰਮ ਕਰਨਾ ਚਾਹੁੰਦੀ ਹਾਂ। ਬਿਨਾਂ ਕੰਮ ਤੋਂ ਕਿਸੇ ਨਾਲ ਫਾਲਤੂ ਸਮਾਂ ਬਤੀਤ ਕਰਨਾ ਮੈਨੂੰ ਪਸੰਦ ਨਹੀਂ ਅਤੇ ਨਾ ਹੀ ਕੰਮ ਹਾਸਿਲ ਕਰਨ ਲਈ ਮੈਂ ਅਜਿਹਾ ਕਰਾਂਗੀ। ਮੈਂ ਕਈ ਕੁੜੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਸਮਝੌਤੇ ਕੀਤੇ ਅਤੇ ਕੰਮ ਲਿਆ। ਜੇ ਕੁੜੀਆਂ ਅਜਿਹੀਆਂ ਚੀਜ਼ਾਂ ਲਈ ਹਾਂ ਕਰਦੀਆਂ ਹਨ ਤਾਂ ਹੀ ਉਹ ਦੂਜੀਆਂ ਕੁੜੀਆਂ ਨੂੰ ਵੀ ਅਜਿਹੇ ਇਰਾਦੇ ਨਾ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਨ।”

ਰੋਮਾ ਰੇਖੀ ਦਿੱਲੀ ਤੋਂ ਪੰਜਾਬੀ ਫ਼ਿਲਮਾਂ ਵਿੱਚ ਇੱਕ ਅਦਾਕਾਰਾ ਵਜੋਂ ਕੰਮ ਕਰਨ ਦਾ ਸੁਫ਼ਨਾ ਲੈ ਕੇ ਚੰਡੀਗੜ੍ਹ ਆਏ।

ਉਨ੍ਹਾਂ ਨੇ ਗੋਲਕ ਬੁਗਨੀ ਬੈਂਕ ਤੇ ਬਟੂਆ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਸਰਦਾਰ ਸਾਬ੍ਹ ਸਮੇਤ ਕੁਝ ਹੋਰ ਫ਼ਿਲਮਾਂ ਵਿੱਚ ਸਹਿ-ਭੂਮਿਕਾਵਾਂ ਨਿਭਾਈਆਂ।

ਉਹ ਜਿਸ ਤਰ੍ਹਾਂ ਦੇ ਕੰਮ ਦੀ ਆਸ ਲੈ ਕੇ ਇਸ ਖੇਤਰ ਵਿੱਚ ਆਏ ਸੀ। ਉਹ ਨਹੀਂ ਮਿਲ ਸਕਿਆ। ਰੋਮਾ ਨੇ ਦੱਸਿਆ, “ਮੇਰੇ ਲਈ ਐਕਟਿੰਗ ਬਹੁਤ ਜ਼ਰੂਰੀ ਸੀ, ਪਰ ਇੰਨੀ ਵੀ ਜ਼ਰੂਰੀ ਨਹੀਂ ਸੀ ਕਿ ਹਰ ਤਰ੍ਹਾਂ ਦਾ ਸਮਝੌਤਾ ਕਰਦੀ।”

ਰੋਮਾ ਮੁਤਾਬਕ ਇੰਡਸਟਰੀ ਵਿੱਚ ਸਹੀ ਲੋਕ ਵੀ ਨੇ ਤੇ ਗਲਤ ਵੀ ਬਹੁਤ ਹੋਣਗੇ ਜੋ ਕੰਮ ਦੇਣ ਦੇ ਬਦਲੇ ਕਹਿੰਦੇ ਹਨ, ‘ਆਪ ਕੋ ਇੰਡਸਟਰੀ ਕੇ ਨਾਰਮਸ ਤੋ ਪਤਾ ਹੀ ਹੋਂਗੇ’। ਰੋਮਾ ਦਾ ਇਹ ਵੀ ਕਹਿਣਾ ਹੈ ਕਿ ਸਾਹਮਣੇ ਵਾਲਾ ਤੁਹਾਡਾ ਰਵੱਈਆ ਵੀ ਦੇਖ ਲੈਂਦਾ ਹੈ ਕਿ ਜੇਕਰ ਕੁੜੀ ਰਾਜ਼ੀ ਨਹੀਂ ਤਾਂ ਫਿਰ ਸਿਰਫ ਕੰਮ ਦੀ ਗੱਲ ਹੀ ਕੀਤੀ ਜਾਂਦੀ ਹੈ ਜਾਂ ਫਿਰ ਕਈ ਲੋਕ ਕੰਮ ਨਹੀਂ ਵੀ ਦਿੰਦੇ।

ਰੋਮਾ ਨੇ ਦੱਸਿਆ ਕਿ ਕੁਝ ਸਾਲ ਅਦਾਕਾਰੀ ਵਿੱਚ ਕੋਸ਼ਿਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਸਟਿੰਗ ਨਿਰਦੇਸ਼ਕ ਵਜੋਂ ਕੰਮ ਸ਼ੁਰੂ ਕੀਤਾ ਤਾਂ ਕਿ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਉਨ੍ਹਾਂ ਨੇ ਕੀਤਾ, ਹੋਰ ਕੁੜੀਆਂ ਨੂੰ ਨਾ ਕਰਨਾ ਪਵੇ।

ਰੋਮਾ ਨੇ ਦੱਸਿਆ ਕਿ ਉਨ੍ਹਾਂ ਨੇ— ਸੱਸ ਮੇਰੀ ਨੇ ਮੁੰਡਾ ਜੰਮਿਆ, ਚੰਡੀਗੜ੍ਹ ਵਾਲੇ ਅਤੇ ਸਿੰਘਮ ਜਿਹੀਆਂ ਫਿਲਮਾਂ ਲਈ ਅਦਾਕਾਰਾਂ ਦੀ ਚੋਣ ਕੀਤੀ ਹੈ।

ਰੋਮਾ ਦਾ ਦਾਅਵਾ ਹੈ ਕਿ ਉਸ ਨੂੰ ਕਾਸਟਿੰਗ ਨਿਰਦੇਸ਼ਕ ਵਜੋਂ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਜਦੋਂ ਨਿਰਮਾਤਾ ਮੰਗ ਕਰਦੇ ਸੀ ਕਿ ਅਜਿਹੀਆਂ ਕੁੜੀਆਂ ਨੂੰ ਕਾਸਟ ਕੀਤਾ ਜਾਵੇ ਜੋ ਉਨ੍ਹਾਂ ਨੂੰ ‘ਸੈਕਸ਼ੂਅਲ ਫੇਵਰ’ ਦੇਣ ਨੂੰ ਤਿਆਰ ਹੋਣ।

ਰੋਮਾ ਮੁਤਾਬਕ ਉਹ ਸਹੀ ਢੰਗ ਨਾਲ ਕੰਮ ਕਰਨਾ ਚਾਹੁੰਦੇ ਸੀ ਜਿਸ ਕਾਰਨ ਹਾਲੇ ਵੀ ਉਹ ਇਸ ਖੇਤਰ ਵਿੱਚ ਸੰਘਰਸ਼ ਹੀ ਕਰ ਰਹੇ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)