ਮਰਦਾਂ ਨੂੰ ਹਮੇਸ਼ਾਂ ਮਜ਼ਬੂਤ ਅਤੇ ਔਰਤਾਂ ਨੂੰ ਭਾਵੁਕ ਹੀ ਕਿਉਂ ਦਿਖਾਇਆ ਜਾਂਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਆਦਰਸ਼ ਰਾਠੌਰ
- ਰੋਲ, ਬੀਬੀਸੀ ਹਿੰਦੀ ਲਈ
"ਜਦੋਂ ਮੈਂ ਵੱਡੀ ਹੋ ਰਹੀ ਸੀ, ਤਾਂ ਮੈਨੂੰ ਬਹੁਤ ਜ਼ਿਆਦਾ ਭਾਵੁਕ, ਸੰਵੇਦਨਸ਼ੀਲ ਅਤੇ ਗੁੱਸੇ ਵਾਲੀ ਸਮਝਿਆ ਜਾਂਦਾ ਸੀ।''
ਪ੍ਰੋਫ਼ੈਸਰ ਪ੍ਰਗਿਆ ਅਗਰਵਾਲ, ਵਿਵਹਾਰ ਅਤੇ ਡੇਟਾ ਸਾਇੰਟਿਸਟ ਹਨ।
ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, ''ਜਦੋਂ ਮੈਂ ਇੱਕ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਤਾਂ ਸੀਨੀਅਰ ਪੁਰਸ਼ ਸਾਥੀਆਂ ਤੋਂ ਮੈਨੂੰ ਸੰਕੇਤ ਮਿਲੇ ਕਿ ਮੈਨੂੰ ਕਿਸ ਤਰ੍ਹਾਂ ਨਾਲ ਵਿਵਹਾਰ ਕਰਨਾ ਚਾਹੀਦਾ ਹੈ।''
''ਮੈਨੂੰ ਅਪਣੇ ਆਪ ਨੂੰ ਮਜ਼ਬੂਤ ਦਿਖਾਉਣਾ ਸੀ, ਆਪਣੀਆਂ ਭਾਵਨਾਵਾਂ ਨੂੰ ਛੁਪਾਉਣਾ ਸੀ ਅਤੇ ਕਈ ਮੌਕਿਆਂ 'ਤੇ ਹਮਲਾਵਰ ਵੀ ਨਜ਼ਰ ਆਉਣਾ ਸੀ।''
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਵਿੱਚ ਹੀ ਅਹਿਸਾਸ ਹੋ ਗਿਆ ਸੀ ਕਿ ਭਾਵਨਾਵਾਂ ਵੀ ਲਿੰਗ ਦੇ ਆਧਾਰ 'ਤੇ ਵੰਡੀਆਂ ਹੋਈਆਂ ਹਨ।
ਉਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ - ਹਿਸਟਰੀਕਲ: ਐਕਸਪਲੋਡਿੰਗ ਦਿ ਮਿਥ ਆਫ਼ ਜੈਂਡਰਡ ਇਮੋਸ਼ਨਜ਼। ਇਸ ਕਿਤਾਬ ਵਿੱਚ ਉਹ ਇਸੇ ਵਿਸ਼ੇ ਬਾਰੇ ਗੱਲ ਕਰਦੇ ਹਨ ਕਿ ਕਿਵੇਂ ਲੋਕਾਂ ਤੋਂ ਉਨ੍ਹਾਂ ਦੇ ਲਿੰਗ ਦੇ ਆਧਾਰ 'ਤੇ ਵੱਖ-ਵੱਖ ਭਾਵਨਾਵਾਂ ਰੱਖਣ ਅਤੇ ਪ੍ਰਗਟ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ, ''ਔਰਤਾਂ ਦਾ ਹਮੇਸ਼ਾ ਉਨ੍ਹਾਂ ਦੀਆਂ ਭਾਵਨਾਵਾਂ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਨਿਸ਼ਾਨਾ ਬਣਾਇਆ ਗਿਆ ਹੈ।
ਕਿਹਾ ਜਾਂਦਾ ਹੈ ਕਿ ਉਹ ਬਹੁਤ ਭਾਵੁਕ ਹੁੰਦੀਆਂ ਹਨ। ਫਿਰ ਉਨ੍ਹਾਂ ਦੀ ਇਸ ਭਾਵਨਾਤਮਕਤਾ ਨੂੰ ਤਰਕਸ਼ੀਲਤਾ ਅਤੇ ਸੂਝ-ਬੂਝ ਦੇ ਅਧਾਰ 'ਤੇ ਘੱਟ ਮੰਨ ਲਿਆ ਗਿਆ ਹੈ, ਜਿਨ੍ਹਾਂ ਨੂੰ ਅਕਸਰ 'ਮਰਦਾਨਾ' ਗੁਣ ਮੰਨਿਆ ਜਾਂਦਾ ਹੈ।
ਪਰ ਸਾਨੂੰ ਇਸ ਸੋਚ ਨੂੰ ਚੁਣੌਤੀ ਦੇਣੀ ਪਵੇਗੀ ਕਿ ਤਰਕਸ਼ੀਲਤਾ ਭਾਵਨਾਤਮਕਤਾ ਨਾਲੋਂ ਬਿਹਤਰ ਹੈ।
ਭਾਵਨਾਵਾਂ ਨੂੰ ਲੁਕਾਉਣ ਦਾ ਦਬਾਅ

ਤਸਵੀਰ ਸਰੋਤ, Getty Images
ਪੁਰਾਣੇ ਜ਼ਮਾਨੇ ਦੀ ਕਲਾ ਅਤੇ ਸਾਹਿਤ ਵਿੱਚ, ਕੁਝ ਭਾਵਨਾਵਾਂ ਸਿਰਫ ਔਰਤਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਕੁਝ ਸਿਰਫ ਮਰਦਾਂ ਨਾਲ ਜੁੜੀਆਂ ਹੋਈਆਂ ਹਨ।
ਮਿਸਾਲ ਵਜੋਂ, ਈਰਖਾ ਜਾਂ ਚੀਜ਼ਾਂ ਹਾਸਲ ਕਰਨ ਦੀ ਇੱਛਾ ਔਰਤਾਂ ਨਾਲ ਜੁੜੀ ਹੋਈ ਹੈ, ਜਦਕਿ ਬਹਾਦਰੀ ਵਰਗੀਆਂ ਸਕਾਰਾਤਮਕ ਭਾਵਨਾਵਾਂ ਮਰਦਾਂ ਨਾਲ ਜੁੜੀਆਂ ਹੋਈਆਂ ਹਨ।
ਹਾਲਾਂਕਿ, ਹੁਣ ਸਥਿਤੀ ਕੁਝ ਹੱਦ ਤੱਕ ਸੁਧਰੀ ਹੈ, ਪਰ ਪੂਰੀ ਤਰ੍ਹਾਂ ਨਹੀਂ। ਦਿੱਲੀ ਦੀ ਮਨੋਵਿਗਿਆਨੀ ਸ਼ਿਵਾਨੀ ਮਿਸਰੀ ਸਾਧੂ ਦਾ ਕਹਿਣਾ ਹੈ ਕਿ ਅੱਜ ਵੀ ਮਰਦਾਂ ਵਿਚ ਗੁੱਸਾ ਜਾਂ ਦਬਦਬਾ ਬਣਾਉਣ ਵਾਲੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਦਕਿ ਔਰਤਾਂ ਵਿਚ ਹਮਦਰਦੀ ਅਤੇ ਦੇਖਭਾਲ ਦੀ ਭਾਵਨਾ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਸ਼ਿਵਾਨੀ ਕਹਿੰਦੇ ਹਨ, "ਇਸ ਨਾਲ ਮਰਦਾਂ ਵਿੱਚ ਆਪਣੇ ਭਾਵਨਾਤਮਕ ਪੱਖ ਨੂੰ ਲੁਕਾਉਣ ਲਈ ਅਤੇ ਔਰਤਾਂ ਵਿੱਚ ਆਪਣੀ ਤਾਕਤ ਦੀ ਭਾਵਨਾ ਨੂੰ ਲੁਕਾਉਣ ਦਾ ਦਬਾਅ ਪੈਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਪੁਰਸ਼ ਉਦਾਸੀ ਜਾਂ ਡਰ ਦਾ ਪ੍ਰਗਟਾਵਾ ਕਰਨ ਤੋਂ ਬਚਦੇ ਹਨ, ਜਦਕਿ ਔਰਤਾਂ ਗੁੱਸਾ ਨਹੀਂ ਦਿਖਾ ਸਕਦੀਆਂ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਦੇਖਭਾਲ ਅਤੇ ਖ਼ਿਆਲ ਰੱਖਣ ਵਾਲੀ ਭੂਮਿਕਾ ਦੇ ਅਨੁਸਾਰ ਨਹੀਂ ਮੰਨਿਆ ਜਾਂਦਾ।''
ਜਦੋਂ ਔਰਤਾਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ, ਤਾਂ ਉਨ੍ਹਾਂ ਨੂੰ 'ਕੁਝ ਜ਼ਿਆਦਾ ਹੀ' ਸੰਵੇਦਨਸ਼ੀਲ, ਰੌਬ ਝਾੜਨ ਵਾਲੀ, ਤੇਜ਼-ਤਰਾਰ ਜਾਂ 'ਬੇਹੱਦ ਗੁੱਸੇ ਵਾਲੀ' ਕਿਹਾ ਜਾਂਦਾ ਹੈ।
ਪ੍ਰੋਫੈਸਰ ਪ੍ਰਗਿਆ ਕਹਿੰਦੇ ਹਨ, “ਇਹ ਸ਼ਬਦ ਸਕਾਰਾਤਮਕ ਨਹੀਂ ਹਨ ਅਤੇ ਔਰਤਾਂ ਦੀਆਂ ਜਾਇਜ਼ ਭਾਵਨਾਵਾਂ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਔਰਤਾਂ ਆਪਣੀਆਂ ਭਾਵਨਾਵਾਂ ਨੂੰ ਦਬਾਉਂਦੀਆਂ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ।"

ਤਸਵੀਰ ਸਰੋਤ, Getty Images
ਇਸੇ ਤਰ੍ਹਾਂ, ਜੇ ਅਸੀਂ ਗੁੱਸੇ ਦੀ ਉਦਾਹਰਣ ਲਈਏ, ਤਾਂ ਮਰਦ ਅਤੇ ਔਰਤ ਦੋਵਾਂ ਦੇ ਗੁੱਸੇ ਨੂੰ ਵੱਖੋ-ਵੱਖਰੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ।
ਜੇਕਰ ਮਰਦਾਂ ਨੂੰ ਗੁੱਸਾ ਆਉਂਦਾ ਹੈ ਤਾਂ ਇਹ ਆਮ ਮੰਨਿਆ ਜਾਂਦਾ ਹੈ, ਜਦਕਿ ਜੇਕਰ ਕੋਈ ਔਰਤ ਗੁੱਸਾ ਕਰੇ ਤਾਂ ਕਿਹਾ ਜਾਂਦਾ ਹੈ ਕਿ ਉਸ ਦੀ ਸ਼ਖਸੀਅਤ 'ਚ ਹੀ ਖਰਾਬੀ ਹੈ।
ਖੋਜਾਂ ਵੀ ਦਰਸਾਉਂਦੀਆਂ ਹਨ ਕਿ ਕੰਮਕਾਜ ਵਾਲੀ ਥਾਂ 'ਤੇ ਗੁੱਸਾ ਦਿਖਾਉਣ ਵਾਲੀਆਂ ਔਰਤਾਂ ਨੂੰ, ਗੁੱਸਾ ਦਿਖਾਉਣ ਵਾਲੇ ਮਰਦਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ।
ਪ੍ਰੋਫੈਸਰ ਪ੍ਰਗਿਆ ਕਹਿੰਦੇ ਹਨ, “ਮੈਂ ਮਰਦਾਂ ਅਤੇ ਔਰਤਾਂ ਦੀ ਗੱਲ ਕਰ ਰਹੀ ਹਾਂ ਪਰ ਕੁਝ ਲੋਕ ਇਨ੍ਹਾਂ ਦੋ ਸ਼੍ਰੇਣੀਆਂ ਵਿੱਚ ਨਹੀਂ ਆਉਂਦੇ।"
''ਟ੍ਰਾਂਸਜੈਂਡਰ ਜਾਂ ਜੈਂਡਰ ਨਾਨ-ਕਨਫਰਮਿੰਗ ਲੋਕਾਂ 'ਤੇ ਬਹੁਤ ਜ਼ਿਆਦਾ ਅਧਿਐਨ ਨਹੀਂ ਕੀਤਾ ਗਿਆ ਹੈ, ਪਰ ਬਹੁਤ ਸਾਰੀਆਂ ਟਰਾਂਸਜੈਂਡਰ ਔਰਤਾਂ ਅਤੇ ਟ੍ਰਾਂਸ ਪੁਰਸ਼ਾਂ ਨੇ ਇਹ ਦੱਸਿਆ ਹੈ ਕਿ ਉਹ ਵੀ ਆਪਣੀ ਪਛਾਣ ਦੇ ਅਨੁਸਾਰ ਵਿਵਹਾਰ ਕਰਨ ਲਈ ਦਬਾਅ ਮਹਿਸੂਸ ਕਰਦੇ ਹਨ।"
ਕਿੱਥੋਂ ਹੋਈ ਸ਼ੁਰੂਆਤ?

ਤਸਵੀਰ ਸਰੋਤ, Getty Images
ਸਾਡੀਆਂ ਭਾਵਨਾਵਾਂ ਦਾ ਮੁਲਾਂਕਣ ਕਈ ਸਦੀਆਂ ਤੋਂ ਵਿਕਸਿਤ ਹੋਏ ਸਮਾਜਿਕ ਅਤੇ ਸੱਭਿਆਚਾਰਕ ਮਿਆਰਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਅਤੇ ਅਸੀਂ ਬਚਪਨ ਤੋਂ ਹੀ ਇਨ੍ਹਾਂ ਵਿਚਾਰਾਂ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ।
ਅਧਿਐਨ ਦੱਸਦੇ ਹਨ ਕਿ ਮਾਪੇ ਆਪਣੇ ਮੁੰਡਿਆਂ ਅਤੇ ਕੁੜੀਆਂ ਨਾਲ ਵੱਖੋ-ਵੱਖਰੇ ਵਿਵਹਾਰ ਕਰਦੇ ਹਨ ਅਤੇ ਇਸ ਕਾਰਨ ਸਾਡੇ ਮਨ ਵਿੱਚ ਕੁਝ ਧਾਰਨਾਵਾਂ ਬੈਠ ਜਾਂਦੀਆਂ ਹਨ, ਜੋ ਹਮੇਸ਼ਾ ਰਹਿੰਦੀਆਂ ਹਨ।
ਤੁਸੀਂ ਅਕਸਰ ਲੋਕਾਂ ਨੂੰ, ਛੋਟੇ ਬੱਚਿਆਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ - 'ਕੀ ਕੁੜੀਆਂ ਵਾਂਗ ਰੋ ਰਿਹਾ ਹੈਂ?' ਜਾਂ ਕੁੜੀਆਂ ਨੂੰ ਅਕਸਰ ਕੁਝ ਵਿਸ਼ਿਆਂ 'ਤੇ ਗੱਲ ਕਰਦੇ ਸਮੇਂ ਚੁੱਪ ਕਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਅਜਿਹੀਆਂ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ ਕਿ ਬਹੁਤ ਜ਼ਿਆਦਾ ਨਾ ਬੋਲੋ, ਹੌਲੀ ਬੋਲੋ ਜਾਂ ਉੱਚੀ ਆਵਾਜ਼ ਵਿੱਚ ਨਾ ਹੱਸੋ ਆਦਿ।

ਮਨੋਵਿਗਿਆਨੀ ਸ਼ਿਵਾਨੀ ਮਿਸਰੀ ਸਾਧੂ ਦਾ ਕਹਿਣਾ ਹੈ ਕਿ ਭਾਵਨਾਵਾਂ ਦੀ ਇਹ ਵੰਡ ਲਿੰਗ ਭੂਮਿਕਾਵਾਂ ਨਾਲ ਸਬੰਧਤ ਹੈ, ਉਹੀ ਭੂਮਿਕਾਵਾਂ ਜੋ ਰਵਾਇਤੀ ਤੌਰ 'ਤੇ ਲਿੰਗ ਦੇ ਆਧਾਰ 'ਤੇ ਵੰਡੀਆਂ ਗਈਆਂ ਹਨ।
ਸ਼ਿਵਾਨੀ ਕਹਿੰਦੇ ਹਨ, "ਪੁਰਾਤਨ ਸਮਾਜਾਂ ਵਿੱਚ, ਜ਼ਿੰਦਾ ਰਹਿਣ ਲਈ ਲਿੰਗ ਦੇ ਅਧਾਰ 'ਤੇ ਭੂਮਿਕਾਵਾਂ ਨੂੰ ਵੰਡਿਆ ਗਿਆ ਸੀ। ਮਰਦ ਸ਼ਿਕਾਰ ਕਰਕੇ ਲੈ ਕੇ ਆਉਂਦੇ ਸਨ ਅਤੇ ਆਪਣੇ ਸਮੂਹ ਦੀ ਰੱਖਿਆ ਕਰਦੇ ਸਨ। ਇਸ ਲਈ ਉਨ੍ਹਾਂ ਅੰਦਰ ਬਹਾਦਰੀ ਅਤੇ ਤਾਕਤ ਚਾਹੀਦੀ ਸੀ। ਦੂਜੇ ਪਾਸੇ, ਔਰਤਾਂ ਪਰਿਵਾਰਾਂ ਦੀ ਦੇਖਭਾਲ ਕਰਦੀਆਂ ਸਨ, ਜਿਸ ਲਈ ਉਨ੍ਹਾਂ 'ਚ ਹਮਦਰਦੀ ਅਤੇ ਸੰਵੇਦਨਸ਼ੀਲਤਾ ਜ਼ਰੂਰੀ ਸਨ।''
“ਇਹ ਭੂਮਿਕਾਵਾਂ ਬਾਅਦ ਵਿੱਚ ਧਾਰਮਿਕ ਅਤੇ ਸਮਾਜਿਕ ਵਿਸ਼ਵਾਸਾਂ ਵਿੱਚ ਬਦਲ ਗਈਆਂ। ਫਿਰ ਜਦੋਂ ਉਦਯੋਗਿਕ ਕ੍ਰਾਂਤੀ ਦਾ ਦੌਰ ਆਇਆ ਤਾਂ ਆਦਮੀ ਘਰਾਂ ਤੋਂ ਕਾਰਖਾਨਿਆਂ ਵਿੱਚ ਜਾਣ ਲੱਗੇ। ਫਿਰ ਮਰਦਾਂ ਤੋਂ ਭਾਵਨਾਤਮਕ ਤੌਰ 'ਤੇ ਮਜ਼ਬੂਤ ਜਾਂ ਕਠੋਰ ਹੋਣ ਦੀ ਉਮੀਦ ਕੀਤੀ ਜਾਂਦੀ ਸੀ ਜਦਕਿ ਘਰ ਦਾ ਖ਼ਿਆਲ ਰੱਖਣ ਵਾਲੀਆਂ ਔਰਤਾਂ ਤੋਂ ਦੇਖਭਾਲ ਕਰਨ ਵਾਲੇ ਗੁਣਾਂ ਦੀ ਉਮੀਦ ਕੀਤੀ ਜਾਣ ਲੱਗੀ। ਸਮੇਂ ਦੇ ਨਾਲ ਇਹ ਸੋਚ ਹੋਰ ਡੂੰਘੀ ਹੁੰਦੀ ਚਲੀ ਗਈ।”

ਤਸਵੀਰ ਸਰੋਤ, Getty Images
ਇਹ ਇੱਕ ਅਜੀਬ ਸਥਿਤੀ ਹੈ, ਜਿੱਥੇ ਪਹਿਲਾਂ ਤਾਂ ਔਰਤਾਂ 'ਤੇ ਇੱਕ ਖਾਸ ਕਿਸਮ ਦੀਆਂ ਭਾਵਨਾਵਾਂ ਨੂੰ ਥੋਪਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਹੀ ਭਾਵਨਾਵਾਂ ਨੂੰ ਪ੍ਰਗਟ ਕਰਨ 'ਤੇ ਉਨ੍ਹਾਂ ਬਾਰੇ ਰਾਇ ਬਣਾਈ ਜਾਂਦੀ ਹੈ।
ਇੰਨਾ ਹੀ ਨਹੀਂ, ਹੁਣ ਜਦੋਂ ਔਰਤਾਂ ਦਾ ਦਬਦਬਾ ਕੰਮਕਾਜ ਵਾਲੀਆਂ ਥਾਵਾਂ 'ਤੇ ਵਧਿਆ ਹੈ, ਉਨ੍ਹਾਂ ਨੂੰ ਕਥਿਤ ਮਰਦਾਨਾ ਗੁਣਾਂ ਦਾ ਵੀ ਪ੍ਰਦਰਸ਼ਨ ਕਰਨਾ ਪੈਂਦਾ ਹੈ- ਜਿਵੇਂ ਕਿ ਅਧਿਕਾਰ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਅਤੇ ਕਥਿਤ ਮਹਿਲਾਵਾਂ ਵਾਲੇ ਗੁਣਾਂ ਦਾ ਵੀ- ਜਿਵੇਂ ਕਿ ਨਿਮਰਤਾ ਅਤੇ ਸਾਦਗੀ।
ਪ੍ਰੋਫੈਸਰ ਪ੍ਰਗਿਆ ਦਾ ਕਹਿਣਾ ਹੈ ਕਿ ਇਹ ਸੋਚ ਔਰਤਾਂ ਲਈ ਮੁਸ਼ਕਿਲਾਂ ਪੈਦਾ ਕਰਦੀ ਹੈ। ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ, "ਰਾਜਨੀਤੀ ਵਿੱਚ ਔਰਤਾਂ ਨੂੰ ਉਨ੍ਹਾਂ ਦੁਆਰਾ ਪ੍ਰਗਟ ਕੀਤੀਆਂ ਭਾਵਨਾਵਾਂ ਦੇ ਅਧਾਰ 'ਤੇ ਜੱਜ ਕੀਤਾ ਜਾਂਦਾ ਹੈ। ਜਿਵੇਂ ਕਿ ਹਿਲੇਰੀ ਕਲਿੰਟਨ ਬਾਰੇ ਕਿਹਾ ਗਿਆ ਸੀ ਕਿ ਉਹ ਬਹੁਤ ਬੇਬਾਕ ਹਨ ਅਤੇ ਅਕਸਰ ਗੁੱਸੇ 'ਚ ਰਹਿੰਦੇ ਹਨ।''
ਇੱਕ ਸਰਵੇਖਣ ਵਿੱਚ, ਪੁਰਸ਼ ਅਤੇ ਮਹਿਲਾ ਵੋਟਰਾਂ ਨੇ ਉਨ੍ਹਾਂ ਦੀ ਇਸ ਗੱਲ ਲਈ ਵੀ ਆਲੋਚਨਾ ਕੀਤੀ ਕਿ ਉਹ ਮੁਸਕੁਰਾਉਂਦੇ ਘੱਟ ਹਨ। ਕਈ ਯੋਗਤਾਵਾਂ ਹੋਣ ਦੇ ਬਾਵਜੂਦ ਇਸ ਸਰਵੇਖਣ ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ ਲਾਇਕ ਸਮਰਥਨ ਨਹੀਂ ਮਿਲ ਸਕਿਆ ਸੀ।''
ਮੀਡੀਆ ਦਾ ਪ੍ਰਭਾਵ

ਤਸਵੀਰ ਸਰੋਤ, Getty Images
ਮੀਡੀਆ, ਟੀਵੀ ਸੀਰੀਅਲ ਅਤੇ ਸਿਨੇਮਾ ਨੇ ਵੀ ਲਿੰਗ ਦੇ ਆਧਾਰ 'ਤੇ ਭਾਵਨਾਵਾਂ ਨੂੰ ਵੰਡਣ ਅਤੇ ਇਸ ਸੋਚ ਨੂੰ ਹੋਰ ਡੂੰਘਾ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
ਬਹੁਤੀ ਵਾਰ ਮੀਡੀਆ ਨੇ ਮਰਦਾਂ ਅਤੇ ਔਰਤਾਂ ਨੂੰ ਰੂੜ੍ਹੀਵਾਦੀ ਵਿਚਾਰਾਂ ਅਨੁਸਾਰ ਦਿਖਾਇਆ ਹੈ। ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਪੁਰਸ਼ਾਂ ਨੂੰ ਅਕਸਰ ਮਜ਼ਬੂਤ ਅਤੇ ਆਤਮਵਿਸ਼ਵਾਸ ਨਾਲ ਭਰਿਆ ਦਿਖਾਇਆ ਜਾਂਦਾ ਹੈ ਜਦਕਿ ਔਰਤਾਂ ਨੂੰ ਕਮਜ਼ੋਰ ਅਤੇ ਭਾਵਨਾਤਮਕ ਪੱਖ ਤੋਂ ਦਿਖਾਇਆ ਜਾਂਦਾ ਹੈ।
ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਕੁਝ ਬਦਲਾਅ ਵੀ ਹੋਏ ਹਨ। ਮਨੋਵਿਗਿਆਨੀ ਸ਼ਿਵਾਨੀ ਮਿਸਰੀ ਸਾਧੂ ਦਾ ਕਹਿਣਾ ਹੈ ਕਿ “ਮੀਡੀਆ ਵੀ ਇਸ ਦਿਸ਼ਾ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ। ਹੁਣ ਰਵਾਇਤੀ ਮਾਨਤਾਵਾਂ ਟੁੱਟਣ ਲੱਗ ਪਈਆਂ ਹਨ। ਹੁਣ ਅਜਿਹੇ ਮਰਦ ਪਾਤਰ ਸਾਹਮਣੇ ਆਉਣ ਲੱਗੇ ਹਨ ਜੋ ਭਾਵੁਕ ਹੁੰਦੇ ਹਨ ਅਤੇ ਡਰ ਮਹਿਸੂਸ ਕਰਦੇ ਹਨ। ਔਰਤਾਂ ਵੀ ਹੁਣ ਮਜ਼ਬੂਤ ਅਤੇ ਸਸ਼ਕਤ ਭੂਮਿਕਾਵਾਂ ਵਿੱਚ ਨਜ਼ਰ ਆਉਂਦੀਆਂ ਹਨ। ਇਸ ਨਾਲ ਦਰਸ਼ਕਾਂ ਦੇ ਮਨਾਂ ਵਿਚਲੀਆਂ ਰੂੜ੍ਹੀਆਂ ਨੂੰ ਤੋੜਨ ਵਿਚ ਮਦਦ ਮਿਲਦੀ ਹੈ।”
ਸੁਧਾਰ ਕਿਵੇਂ ਹੋ ਸਕਦਾ ਹੈ?

ਤਸਵੀਰ ਸਰੋਤ, Getty Images
ਇੱਕ ਨਵੇਂ ਅਤੇ ਵੱਖਰੇ ਮਾਹੌਲ ਵਿੱਚ ਆਪਣੇ ਆਪ ਨੂੰ ਢਾਲਣ ਲਈ ਅਸੀਂ ਸਾਰੇ ਹੀ ਆਪਣੇ ਵਿਵਹਾਰ 'ਚ ਬਦਲਾਅ ਕਰਦੇ ਹਾਂ। ਪਰ ਕੁਝ ਲੋਕਾਂ 'ਤੇ ਇਸ ਤਰ੍ਹਾਂ ਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ।
ਜੇਕਰ ਕੋਈ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਅਸਮਰੱਥ ਹੈ, ਤਾਂ ਇਹ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਤੁਸੀਂ ਤਣਾਅ, ਬੇਚੈਨੀ, ਨੀਂਦ ਨਾ ਆਉਣ ਦੀ ਸਮੱਸਿਆ ਅਤੇ ਇੱਥੋਂ ਤੱਕ ਕਿ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਹੋ।
ਪ੍ਰੋਫੈਸਰ ਪ੍ਰਗਿਆ ਅਗਰਵਾਲ ਕਹਿੰਦੇ ਹਨ ਕਿ ਆਦਰਸ਼ ਸਥਿਤੀ ਇਹ ਹੈ ਕਿ ਹਰ ਕਿਸੇ ਨੂੰ ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਕੋਈ ਇਸ ਬਾਰੇ ਕੀ ਸੋਚੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕੋਈ ਵੀ ਵਿਅਕਤੀ ਆਪਣੀ ਉਦਾਸੀ, ਡਰ, ਦੁੱਖ ਜਾਂ ਕਿਸੇ ਵੀ ਨਕਾਰਾਤਮਕ ਭਾਵਨਾ ਨੂੰ ਪ੍ਰਗਟ ਕਰਨ ਤੋਂ ਨਹੀਂ ਝਿਜਕੇਗਾ, ਭਾਵੇਂ ਉਸ ਦਾ ਲਿੰਗ ਕੋਈ ਵੀ ਹੋਵੇ।
ਫਿਰ ਕੋਈ ਵੀ ਵਿਅਕਤੀ ਉਦਾਸੀ ਜਾਂ ਨਕਾਰਾਤਮਕ ਸਮਝੀਆਂ ਜਾਂਦੀਆਂ ਹੋਰ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰੇਗਾ।
ਅਜਿਹਾ ਮਾਹੌਲ ਸਿਰਜਣਾ ਪਵੇਗਾ ਜਿੱਥੇ ਹਰ ਕੋਈ ਖੁੱਲ੍ਹ ਕੇ ਗੱਲ ਕਰ ਸਕੇ ਅਤੇ ਆਪਣੀਆਂ ਅਸਲ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕੇ।
ਪ੍ਰੋਫੈਸਰ ਪ੍ਰਗਿਆ ਕਹਿੰਦੇ ਹਨ ਕਿ "ਯਾਦ ਰੱਖੋ, ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਹੀ ਤਾਂ ਸਾਨੂੰ ਇਨਸਾਨ ਬਣਾਉਂਦਾ ਹੈ।"













