'ਮਲਿਆਲਮ ਫਿਲਮ ਇੰਡਸਟਰੀ ਵਿੱਚ ਆਮ ਹੈ ਔਰਤਾਂ ਦਾ ਜਿਨਸੀ ਸ਼ੋਸ਼ਣ, ਕੋਡ ਵਰਡ ਵੀ ਤੈਅ' - ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਦੇ ਖੁਲਾਸੇ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਹਿੰਦੀ ਲਈ
ਕੇਰਲ ਹਾਈ ਕੋਰਟ ਦੀ ਰਿਟਾਇਰਡ ਜੱਜ ਦੀ ਅਗਵਾਈ ਵਾਲੀ ਇੱਕ ਕਮੇਟੀ ਨੇ ਕਿਹਾ ਕਿ ਮਲਿਆਲਮ ਫਿਲਮ ਸਨਅਤ ਵਿੱਚ ਕਾਸਟਿੰਗ ਕਾਊਚ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਿਲਮ ਸਨਅਤ ਵਿੱਚ ਵੱਖ-ਵੱਖ ਪੱਧਰਾਂ ਉੱਤੇ ਦਾਖਲਾ ਲੈਣ ਲਈ ਸਮਝੌਤਾ ਜਾਂ ਅਡਜਸਟਮੈਂਟ ਵਰਗੇ ਕੋਡਵਰਡ ਦੀ ਵਰਤੋਂ ਕੀਤੀ ਜਾਂਦੀ ਹੈ।
ਇਨ੍ਹਾਂ ਦੋਵਾਂ ਸ਼ਬਦਾਂ ਦਾ ਮਤਲਬ ਹੈ ਕਿ ਔਰਤ ਨੂੰ ਸੈਕਸ ਆਨ ਡਿਮਾਂਡ ਦੇ ਲਈ ਖ਼ੁਦ ਨੂੰ ਤਿਆਰ ਰੱਖਣਾ ਚਾਹੀਦਾ ਹੈ।
ਫਿਲਮ ਸਨਅਤ ਨਾਲ਼ ਜੁੜੇ ਲੋਕ ਨਵੇਂ ਲੋਕਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਫਿਲਮ ਸਨਅਤ ਵਿੱਚ ਕਾਸਟਿੰਗ ਕਾਊਚ ਦਾ ਰੁਝਾਨ ਹੈ।
ਜੋ ਇਸ ਵਿੱਚ ਫਸਦੇ ਹਨ, ਉਨ੍ਹਾਂ ਨੂੰ ਕੋਡ ਨੰਬਰ ਦਿੱਤੇ ਜਾਂਦੇ ਹਨ।
ਜਸਟਿਸ ਹੇਮਾ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਜਮ੍ਹਾਂ ਕੀਤੇ ਜਾਣ ਤੋਂ ਚਾਰ ਸਾਲ ਬਾਅਦ ਕੇਰਲ ਸਰਕਾਰ ਨੇ ਇਸ ਨੂੰ ਜਾਰੀ ਕੀਤਾ ਹੈ।
290 ਪੰਨਿਆਂ ਦੀ ਇਸ ਰਿਪੋਰਟ ਦੇ 44 ਪੰਨੇ ਗਾਇਬ ਹਨ, ਕਿਉਂਕਿ ਇਨ੍ਹਾਂ ਪੰਨਿਆਂ ਉੱਤੇ ਔਰਤਾਂ ਨੇ ਆਪਣਾ ਜਿਣਸੀ ਸ਼ੋਸ਼ਣ ਕਰਨ ਵਾਲੇ ਪੁਰਸ਼ਾਂ ਦੇ ਨਾਮ ਦੱਸੇ ਸਨ।
ਰਿਪੋਰਟ ਵਿੱਚੋਂ ਹਟਾਏ ਗਏ ਇੱਕ ਦੂਸਰੇ ਹਿੱਸੇ ਤੋਂ ਠੀਕ ਬਾਅਦ ਜਿਣਸੀ ਸ਼ੋਸ਼ਣ ਦੀ ਸ਼ਿਕਾਰ ਇੱਕ ਔਰਤ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਉਸ ਵਿਅਕਤੀ ਨਾਲ ਪਤੀ ਅਤੇ ਪਤਨੀ ਵਜੋਂ ਭੂਮਿਕਾ ਨਿਭਾਉਣੀ ਪਈ ਅਤੇ ਗਲੇ ਲੱਗਣਾ ਪਿਆ, ਜਿਸ ਨੇ ਇੱਕ ਦਿਨ ਪਹਿਲਾਂ ਹੀ ਉਸਦਾ ਸ਼ੋਸ਼ਣ ਕੀਤਾ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ, “ਇਹ ਬਹੁਤ ਭਿਆਨਕ ਸੀ। ਸ਼ੂਟਿੰਗ ਦੇ ਦੌਰਾਨ ਔਰਤ ਨਾਲ ਜੋ ਕੁਝ ਹੋਇਆ ਸੀ, ਉਸ ਕਾਰਨ ਉਸਦੇ ਚਿਹਰੇ ਉੱਤੇ ਗੁੱਸਾ ਅਤੇ ਨਫ਼ਰਤ ਸਾਫ਼ ਝਲਕ ਰਹੀ ਸੀ। ਸਿਰਫ਼ ਇੱਕ ਸ਼ਾਟ ਦੇ 17 ਰੀਟੇਕ ਲੈਣੇ ਪਏ। ਇਸ ਲਈ ਨਿਰਦੇਸ਼ਕ ਨੇ ਔਰਤ ਦੀ ਆਲੋਚਨਾ ਕੀਤੀ।”
ਕਮੇਟੀ 2017 ਵਿੱਚ ਬਣਾਈ ਗਈ ਸੀ
ਰਿਪੋਰਟ ਦੇ ਅਨੁਸਾਰ, “ਸਿਨੇਮਾ (ਉਦਯੋਗ) ਵਿੱਚ ਇੱਕ ਆਮ ਧਾਰਣਾ ਹੈ ਕਿ ਔਰਤਾਂ ਸਿਨੇਮਾ ਵਿੱਚ ਪੈਸੇ ਬਣਾਉਣ ਆਉਂਦੀਆਂ ਹਨ ਅਤੇ ਉਹ ਕਿਸੇ ਵੀ ਚੀਜ਼ ਲਈ ਆਤਮ-ਸਮਰਪਣ ਕਰ ਦੇਣਗੀਆਂ। ਸਿਨੇਮਾ ਵਿੱਚ ਕੰਮ ਕਰਨ ਵਾਲੇ ਆਦਮੀ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਕਲਾ ਅਤੇ ਅਦਾਕਾਰੀ ਦੇ ਪ੍ਰਤੀ ਜਨੂੰਨ ਕਾਰਨ ਉਹ ਆਉਂਦੀਆਂ ਹਨ। ਲੇਕਿਨ ਧਾਰਣਾ ਇਹ ਹੈ ਕਿ ਉਹ ਪੈਸੇ ਅਤੇ ਮਸ਼ਹੂਰ ਹੋਣ ਲਈ ਆਉਂਦੀਆਂ ਹਨ ਅਤੇ ਫਿਲਮ ਵਿੱਚ ਇੱਕ ਮੌਕਾ ਲੈਣ ਲਈ ਉਹ ਕਿਸੇ ਵੀ ਮਰਦ ਨਾ ਸੌਂ ਜਾਣਗੀਆਂ।”
ਜਸਟਿਸ ਹੇਮਾ ਕਮੇਟੀ 2017 ਵਿੱਚ ਬਣਾਈ ਗਈ ਸੀ, ਜਦੋਂ ਵੂਮਿਨ ਇਨ ਸਿਨੇਮਾ ਕਲੈਕਟਿਵ (ਡਬਲਿਊ.ਸੀ.ਸੀ) ਨੇ ਮੁੱਖ ਮੰਤਰੀ ਪਿਨਾਰੀ ਵਿਜੇਯਨ ਨੂੰ ਇੱਕ ਮੰਗ-ਪੱਤਰ ਦਿੰਦੇ ਹੋਏ, ਫਿਲਮ ਸਨਅਤ ਵਿੱਚ ਕੰਮ ਦੇ ਹਾਲਾਤ ਦੇ ਅਧਿਐਨ ਕਰਨ ਦੀ ਮੰਗ ਕੀਤੀ ਗਈ ਸੀ।
ਇਹ ਮੰਗ-ਪੱਤਰ ਉਸ ਘਟਨਾ ਤੋਂ ਬਾਅਦ ਦਿੱਤਾ ਗਿਆ ਸੀ ਜਦੋਂ ਇੱਕ ਉੱਘੀ ਅਦਾਕਾਰਾ ਦਾ ਉਨ੍ਹਾਂ ਦੀ ਹੀ ਕਾਰ ਵਿੱਚ ਕੁਝ ਆਦਮੀਆਂ ਨੇ ਜਿਨਸੀ ਸ਼ੋਸ਼ਣ ਕੀਤਾ ਸੀ।
ਇਸ ਕਮੇਟੀ ਵਿੱਚ ਬਜ਼ੁਰਗ ਅਦਾਕਾਰਾ ਟੀ. ਸ਼ਾਰਦਾ ਅਤੇ ਕੇਰਲ ਦੀ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਕੇ.ਬੀ. ਵਾਲਸਾਲਾਕੁਮਾਰੀ ਨੂੰ ਸ਼ਾਮਲ ਕੀਤਾ ਗਿਆ ਸੀ।
ਸਾਲ 2017 ਵਿੱਚ ਬਣੀ ਡਬਲਿਊਸੀਸੀ ਜਾਗਰੂਕਤਾ ਅਤੇ ਨੀਤੀਆਂ ਵਿੱਚ ਬਦਲਾਅ ਦੇ ਜ਼ਰੀਏ ਔਰਤਾਂ ਦੀ ਲਿੰਗਕ ਬਰਾਬਰੀ ਦੇ ਲਈ ਕੰਮ ਕਰਦੀ ਹੈ।
ਇਸ ਦੀਆਂ ਮਲਿਆਲਮ ਸਨਅਤ ਨਾਲ ਜੁੜੀਆਂ ਔਰਤਾਂ ਮੈਂਬਰ ਹਨ।
ਕਮੇਟੀ ਦੇ ਮੈਂਬਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਚਿੰਤਾਂਵਾਂ ਆਖਰਕਾਰ ਸਹੀ ਸਾਬਤ ਹੋਈਆਂ ਅਤੇ ਉਨ੍ਹਾਂ ਨੇ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਡਬਲਿਊਸੀਸੀ ਦੀ ਮੈਂਬਰ ਅਤੇ ਮਲਿਆਲਮ ਫਿਲਮਾਂ ਦੀ ਸਨਮਾਨਿਤ ਸੰਪਾਦਕ ਬੀਨਾ ਪੌਲ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਕਈ ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਨਅਤ ਵਿੱਚ ਪ੍ਰਣਾਲੀਗਤ ਸਮੱਸਿਆ ਹੈ। ਇਹ ਰਿਪੋਰਟ ਇਸ ਨੂੰ ਸਾਬਿਤ ਕਰਦੀ ਹੈ।”

“ਜਿਣਸੀ ਸ਼ੋਸ਼ਣ ਇਨ੍ਹਾਂ ਵਿੱਚੋਂ ਇੱਕ ਹੈ। ਹਮੇਸ਼ਾ ਸਾਨੂੰ ਇਹੀ ਦੱਸਿਆ ਗਿਆ ਕਿ ਇਹ ਸਵਾਲ ਚੁੱਕ ਕੇ ਅਸੀਂ ਸਿਰਫ਼ ਸਮੱਸਿਆ ਖੜ੍ਹੀ ਕਰਨ ਵਾਲੇ ਲੋਕ ਹਾਂ। ਇਹ ਰਿਪੋਰਟ ਸਾਬਿਤ ਕਰਦੀ ਹੈ ਕਿ ਹਾਲਾਤ ਉਸ ਤੋਂ ਵੀ ਬੁਰੇ ਹਨ, ਜਿੰਨੇ ਅਸੀਂ ਸੋਚਦੇ ਸੀ।”
ਮਾਫੀਆ ਰਾਜ
ਰਿਟਾਇਰਡ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ, ਔਰਤਾਂ ਦੇ ਕੰਮ ਦੇ ਹਾਲਾਤ ਬਾਰੇ, ਬਹੁਭਾਸ਼ੀ ਫਿਲਮ ਸਨਅਤ ਵਾਲੇ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਆਉਣ ਵਾਲੀ ਪਹਿਲੀ ਰਿਪੋਰਟ ਹੈ।
ਰਿਪੋਰਟ ਦੀ ਸਭ ਤੋਂ ਅਹਿਮ ਟਿੱਪਣੀ ਸ਼ਾਇਦ ਇਹ ਹੈ, “ਇਸਦੇ ਸਾਹਮਣੇ ਰੱਖੇ ਗਏ ਸਬੂਤਾਂ ਦੇ ਅਨੁਸਾਰ, ਫਿਲਮ ਸਨਅਤ ਵਿੱਚ ਜਿਨਸੀ ਸ਼ੋਸ਼ਣ ਹੈਰਾਨੀਜਨਕ ਰੂਪ ਵਿੱਚ ਆਮ ਹੈ ਅਤੇ ਇਹ ਬੇਰੋਕ-ਟੋਕ ਅਤੇ ਵੱਸੋਂ ਬਾਹਰ ਬਣਿਆ ਹੋਇਆ ਹੈ।”
ਕਈ ਔਰਤਾਂ ਨੇ ਮਰਦਾਂ ਦੁਆਰਾ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਸਬੂਤਾਂ ਵਜੋਂ ਆਡੀਓ, ਵੀਡੀਓ ਕਲਿੱਪ ਅਤੇ ਵਟਸਐਪ ਸੰਦੇਸ਼ਾਂ ਦੇ ਸਕਰੀਨਸ਼ਾਟ ਮੁਹਈਆ ਕਰਵਾਏ।

ਤਸਵੀਰ ਸਰੋਤ, Getty Images
ਇੱਕ ਪ੍ਰਮੁੱਖ ਐਕਟਰ ਨੇ ਕਮੇਟੀ ਨੂੰ ਦੱਸਿਆ ਕਿ ਉੱਥੇ ਇੱਕ ਤਾਕਤਵਰ ਲੌਬੀ ਹੈ ਜੋ ਫਿਲਮ ਸਨਅਤ ਵਿੱਚ ਇੱਕ ਮਾਫ਼ੀਆ ਵਾਂਗ ਕੰਮ ਕਰਦੀ ਹੈ ਅਤੇ ਕੁਝ ਵੀ ਕਰ ਸਕਦੀ ਹੈ। ਇੱਥੋਂ ਤੱਕ ਕਿ ਸਥਾਪਿਤ ਨਿਰਦੇਸ਼ਕਾਂ, ਨਿਰਮਾਤਿਆਂ, ਅਦਾਕਾਰ-ਅਦਾਕਾਰਾਂ ਜਾਂ ਕਿਸੇ ਵੀ ਵਿਅਕਤੀ ਨੂੰ ਬੈਨ ਕਰ ਸਕਦੀ ਹੈ। ਭਾਵੇਂ ਅਜਿਹੀ ਪਾਬੰਦੀ ਗੈਰ-ਕਨੂੰਨੀ ਅਤੇ ਅਣਅਧਿਕਾਰਿਤ ਹੋਵੇ।
ਕਮੇਟੀ ਨੂੰ ਜ਼ਬਾਨੀ ਅਤੇ ਦਸਤਾਵੇਜ਼ਾਂ ਦੇ ਨਾਲ ਸਬੂਤ ਦਿੱਤੇ ਗਏ ਕਿ ਕੁਝ ਅਦਾਕਾਰ, ਨਿਰਦੇਸ਼ਕ, ਡਿਸਟੀਬਿਊਟਰ, ਨਿਰਮਾਤਾ, “ਜੋ ਸਾਰੇ ਮਰਦ ਹਨ, ਉਨ੍ਹਾਂ ਨੇ ਵੱਡੇ ਪੈਮਾਨੇ ਉੱਤੇ ਪੈਸਾ ਅਤੇ ਪ੍ਰਸਿੱਧੀ ਦੋਵੇਂ ਹਾਸਲ ਕਰ ਲਏ ਹਨ ਅਤੇ ਹੁਣ ਫਿਲਮ ਸਨਅਤ ਉੱਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੈ। ਉਦਯੋਗ ਦੇ ਕਈ ਲੋਕਾਂ ਨੇ ਸਾਡੇ ਸਾਹਮਣੇ ਜ਼ੋਰ ਦੇ ਕੇ ਕਿਹਾ ਕਿ ਕਈ ਲੋਕਾਂ ਨੂੰ ਸਿਨੇਮਾ ਤੋਂ ਬੈਨ ਕਰ ਦਿੱਤਾ ਗਿਆ ਸੀ, ਜਿੱਸ ਵਿੱਚ ਪ੍ਰਸਿੱਧ ਅਦਾਕਾਰ ਵੀ ਸ਼ਾਮਲ ਸਨ। ਉਨ੍ਹਾਂ ਦੇ ਨਾਮ ਵੀ ਦਿੱਤੇ ਗਏ ਸਨ।”
ਫਿਲਮ ਇਤਿਹਾਸਕਾਰ ਓਕੇ ਜੌਨੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ, ਮਲਿਆਲਮ ਫਿਲਮ ਸਨਅਤ ਦੇਸ ਵਿੱਚ ਮੌਜੂਦ ਹੋਰ ਭਾਸ਼ਾਵਾਂ ਦੇ ਫਿਲਮ ਉਦਯੋਗ ਦੇ ਮੁਕਾਬਲੇ ਸਭ ਤੋਂ ਛੋਟਾ ਹੈ। ਲੇਕਿਨ ਇਹ ਬਹੁਤ ਕੁਖਿਆਤ ਵੀ ਹੈ। ਇਹ ਵੱਡਾ ਮਾਫੀਆ ਹੈ, ਜੋ ਔਰਤ ਵਿਰੋਧੀ ਅਤੇ ਜਨਤਾ ਵਿਰੋਧੀ ਹੈ।
ਭੁਗਤਾਨ ਦੇ ਮਾਮਲੇ ਵਿੱਚ ਕੋਈ ਵੀ ਐਸਾ ਤਰੀਕਾ ਨਹੀਂ ਹੈ, ਜਿਸ ਉੱਤੇ ਕੋਈ ਸਵਾਲ ਚੁੱਕ ਸਕੇ ਜਾਂ ਕਨੂੰਨੀ ਸਹਾਰਾ ਲੈ ਸਕੇ ਕਿਉਂਕਿ ਕਿਸੇ ਕੰਟਰੈਕਟ ਉੱਤੇ ਦਸਤਖ਼ਤ ਨਹੀਂ ਕੀਤਾ ਜਾਂਦਾ।
ਕਮੇਟੀ ਨੂੰ ਦੱਸਿਆ ਗਿਆ ਕਿ ਕਿਵੇਂ ਕੁਝ ਫਿਲਮ ਨਿਰਦੇਸ਼ਕ ਨਿਊਡ ਸੀਨ ਜਾਂ ਅੰਗ ਦਿਖਾਵੇ ਬਾਰੇ ਐਕਟਰਨੀਆਂ ਨੂੰ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਸਨ।
ਜਦੋਂ ਔਰਤਾਂ ਨੇ ਉਸ ਕੰਮ ਨੂੰ ਛੱਡ ਦਿੱਤਾ ਤਾਂ ਤਿੰਨ ਮਹੀਨੇ ਕੰਮ ਕਰਨ ਦੇ ਬਾਵਜੂਦ ਪੈਸਾ ਨਹੀਂ ਦਿੱਤਾ ਗਿਆ। ਔਰਤਾਂ ਨੇ ਕਿਹਾ ਕਿ ਕੰਮ ਦੇ ਦੌਰਾਨ ਉਨ੍ਹਾਂ ਨੂੰ ਹੋਟਲ ਵੀ ਸੁਰੱਖਿਅਤ ਨਹੀਂ ਲਗਦਾ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ, “ਦਰਵਾਜ਼ੇ ਨੂੰ ਇੰਨੇ ਜ਼ੋਰ ਦੀ ਮਾਰਿਆ ਜਾਂਦਾ ਸੀ (ਨਸ਼ੇ ਵਿੱਚ ਧੁੱਤ ਲੋਕਾਂ ਵੱਲੋਂ) ਕਿ ਕਈ ਵਾਰ ਤਾਂ ਲਗਦਾ ਸੀ ਕਿ ਦਰਵਾਜ਼ਾ ਟੁੱਟ ਜਾਵੇਗਾ ਅਤੇ ਪੁਰਸ਼ ਜਬਰਨ ਅੰਦਰ ਆ ਜਾਣਗੇ।”
ਜੂਨੀਅਰ ਕਲਾਕਾਰਾਂ ਨਾਲ ਗੁਲਾਮਾਂ ਵਰਗਾ ਵਿਹਾਰ

ਤਸਵੀਰ ਸਰੋਤ, Getty Images
ਜੂਨੀਅਰ ਕਲਾਕਾਰਾਂ ਅਤੇ ਹੇਅਰ ਸਟਾਈਲਿਸਟਾਂ ਦਾ ਹਾਲ ਤਾਂ ਇਸ ਤੋਂ ਵੀ ਬੁਰਾ ਹੈ। ਜੂਨੀਅਰ ਕਲਾਕਾਰਾਂ ਦੇ ਨਾਲ “ਗੁਲਾਮਾਂ ਵਰਗਾ” ਸਲੂਕ ਕੀਤਾ ਜਾਂਦਾ ਸੀ।
ਸੈੱਟ ਉੱਤੇ ਉਨ੍ਹਾਂ ਨੂੰ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਅਤੇ ਉਨ੍ਹਾਂ ਤੋਂ ਸਵੇਰੇ 9 ਵਜੇ ਤੋਂ ਰਾਤ ਦੇ 2 ਵਜੇ ਤੱਕ ਕੰਮ ਕਰਵਾਇਆ ਜਾਂਦਾ ਹੈ। ਕੁਝ ਅਪਵਾਦਾਂ ਨੂੰ ਛੱਡ ਕੇ ਖਾਣਾ ਵੀ ਨਹੀਂ ਦਿੱਤਾ ਜਾਂਦਾ।
ਹੇਅਰ ਸਟਾਇਲਿਸਟ ਅਤੇ ਮੇਕਅੱਪ ਆਰਟਿਸਟ ਦੇ ਲਈ ਕੰਮ ਦੇ ਹਾਲਾਤ ਹੋਰ ਬਦਤਰ ਹਨ ਕਿਉਂਕਿ ਉਨ੍ਹਾਂ ਦੀਆਂ ਯੂਨੀਅਨਾਂ ਨੇ ਕੰਮ ਦੇ ਹਾਲਾਤ ਅਤੇ ਤਨਖ਼ਾਹ ਸੈੱਟ ਕਰਨ ਵਾਲੇ ਕਨੂੰਨਾਂ ਦਾ ਉਲੰਘਣ ਕੀਤਾ ਸੀ।
ਰਿਪੋਰਟ ਵਿੱਚ ਦਰਜ ਬਿਆਨਾਂ ਦੇ ਮੁਤਾਬਕ, ਉਦਯੋਗ ਵਿੱਚ ਇੱਕ ਹੀ ਨਿਯਮ ਹੈ ਕਿ, ਜੋ ਵੀ ‘ਯੈੱਸ ਮੈਨ ਜਾਂ ਯੈੱਸ ਵੂਮੈਨ’ ਨਹੀਂ ਹੈ, ਉਸ ਨੂੰ ਮਾਫ਼ੀਆ ਵੱਲੋਂ ਉਦਯੋਗ ਤੋਂ ਬੈਨ ਕਰ ਦਿੱਤਾ ਜਾਂਦਾ ਹੈ।
ਜਿਨ੍ਹਾਂ ਲੋਕਾਂ ਉੱਤੇ ਪਾਬੰਦੀ ਲਾਈ ਗਈ ਉਨ੍ਹਾਂ ਵਿੱਚ ਡਬਲਿਊਸੀਸੀ ਦੀਆਂ ਕੁਝ ਔਰਤਾਂ ਵੀ ਸਨ। ਇਸੇ ਸੰਗਠਨ ਨੇ ਉਦਯੋਗ ਵਿੱਚ ਕੰਮ ਦੇ ਹਾਲਾਤ ਨਾਲ ਜੁੜੇ ਮੁੱਦੇ ਚੁੱਕੇ ਗਏ ਸਨ।
ਬੀਨਾ ਪੌਲ ਨੇ ਕਿਹਾ, “ਇੰਡਸਟਰੀ ਤੋਂ ਲੋਕਾਂ ਨੂੰ ਬਾਹਰ ਕਰਨ ਦਾ ਇੱਕ ਰਵਈਆ ਜਿਹਾ ਰਿਹਾ ਹੈ ਕਿਉਂਕਿ ਲੋਕ ਇਸ ਸੱਚਾਈ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਸਵਾਲ ਪੁੱਛੀਏ, ਇਸ ਲਈ ਕੁਝ ਮੈਂਬਰਾਂ ਨੂੰ ਮੁਸ਼ਕਿਲ ਹਾਲਾਤ ਦਾ ਸਾਹਮਣਾ ਕੀਤਾ।”
ਕਮੇਟੀ ਨੇ ਫ਼ਿਲਮ ਸਨਅਤ ਨੂੰ ਚਲਾਉਣ ਦੇ ਲਈ ਇੱਕ ਕਨੂੰਨ ਅਤੇ ਇੱਕ ਅਜਿਹਾ ਟ੍ਰਾਈਬਿਊਨਲ ਬਣਾਉਣ ਦੀ ਸਿਫ਼ਾਰਿਸ਼ ਕੀਤੀ ਹੈ, ਜਿਸ ਦੀ ਅਗਵਾਈ ਮਹਿਲਾ ਜੱਜ ਕਰਨ ਤਾਂ ਕਿ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ
ਜਿਵੇਂ ਹੀ ਰਿਪੋਰਟ ਜਾਰੀ ਹੋਈ ਹੈ, ਰਿਪੋਰਟ ਵਿੱਚ ਦੇਰੀ ਕਰਨ ਅਤੇ ਅਪਰਾਧਿਕ ਮਾਮਲਿਆਂ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਕੋਈ ਕਾਰਵਾਈ ਸ਼ੁਰੂ ਨਾ ਕਰਨ ਲਈ ਵਿਰੋਧੀ ਗਠਜੋੜ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐੱਫ਼) ਨੇ ਲੈਫ਼ਟ ਡੈਮੋਕ੍ਰੇਟਿਕ ਫਰੰਟ (ਐੱਲਡੀਐੱਫ਼) ਸਰਕਾਰ ਨੂੰ ਘੇਰਿਆ।
ਮੁੱਖ ਮੰਤਰੀ ਪਿਨਾਰੀ ਵਿਜਯਨ ਨੇ ਜਵਾਬ ਦਿੱਤਾ ਕਿ ਸਰਕਾਰ ਨੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਪਹਿਲਾਂ ਹੀ ਲਾਗੂ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਜਿੱਥੋਂ ਤੱਕ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਸ਼ੁਰੂ ਕਰਨ ਦੀ ਗੱਲ ਹੈ। ਵਿਜੇਯਨ ਨੇ ਕਿਹਾ ਕਿ ਜੋ ਕੋਈ ਮਹਿਲਾ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਦੀ ਹੈ, ਸਰਕਾਰ ਉਸ ਉੱਤੇ ਤੁਰੰਤ ਕਾਰਵਾਈ ਕਰੇਗੀ।
ਇਸ ਰਿਪੋਰਟ ਉੱਤੇ ਐਸੋਸੀਏਸ਼ਨ ਆਫ਼ ਮਲਿਆਲਮ ਮੂਵੀ ਆਰਟਿਸਟ (ਏਐੱਮਐੱਮਏ) ਨੇ ਅਧਿਕਾਰਿਤ ਰੂਪ ਤੋਂ ਅਜੇ ਤੱਕ ਕੁਝ ਨਹੀਂ ਕਿਹਾ ਹੈ।
ਇਸ ਦੇ ਅਹੁਦੇਦਾਰਾਂ ਨੇ ਇਸ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਪ੍ਰਤੀਕਿਰਿਆ ਦੇਣ ਦੀ ਗੱਲ ਕਹੀ ਹੈ।
ਕੇਰਲ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ

ਤਸਵੀਰ ਸਰੋਤ, Getty Images
ਲੇਕਿਨ ਕੇਰਲ ਵਰਗੇ ਸੂਬੇ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ, ਜਿਸ ਨੂੰ ਇਸਦੀਆਂ ਫਿਲਮਾਂ ਦੇ ਲਈ ਫ਼ਿਲਮ ਆਲੋਚਕਾਂ ਅਤੇ ਦਰਸ਼ਕਾਂ ਦੀ ਵਾਹ-ਵਾਹੀ ਵੀ ਮਿਲ ਚੁੱਕੀ ਹੈ।
ਮਲਿਆਲਮ ਫਿਲਮ ਸਨਅਤ ਬਾਰੇ ਵਿਆਪਕ ਰਿਪੋਰਟਿੰਗ ਕਰਨ ਵਾਲੀ ਮਸ਼ਹੂਰ ਫਿਲਮ ਆਲੋਚਕ ਅੰਨਾ ਐੱਮਐੱਮ ਵੇਟੀਕਾਡ ਦੇ ਕੋਲ ਇਸਦਾ ਜਵਾਬ ਹੈ।
ਉਹ ਕਹਿੰਦੇ ਹਨ, “ਮਲਿਆਲਮ ਫਿਲਮ ਸਨਅਤ ਕੇਰਲ ਦੀ ਇੱਕ ਛੋਟੀ ਦੁਨੀਆਂ ਹੈ। ਇੱਕ ਅਜਿਹਾ ਸੂਬਾ ਜਿੱਥੇ ਬਹੁਤ ਪ੍ਰਗਤੀਸ਼ੀਲਤਾ ਅਤੇ ਸਿਖਰ ਦੀ ਪਿੱਤਰਸੱਤਾ ਇਕੱਠਿਆਂ ਮੌਜੂਦ ਹੈ। ਇਹ ਮਲਿਆਲੀ ਸਿਨੇਮਾ ਵਿੱਚ ਵੀ ਝਲਕਦਾ ਹੈ। ਪਿੱਤਰਸੱਤਾ ਦੀ ਪੜਤਾਲ ਕਰਨ ਵਾਲੀਆਂ ਕੁਝ ਬਿਹਤਰੀਨ ਭਾਰਤੀ ਫਿਲਮਾਂ ਮਲਿਆਲਮ ਵਿੱਚ ਬਣੀਆਂ ਹਨ, ਲੇਕਿਨ ਇਹ ਉਦਯੋਗ ਬਹੁਤ ਸਾਰੀਆਂ ਪਿਛੜੀਆਂ ਹੋਈਆਂ ਫਿਲਮਾਂ ਵੀ ਬਣਾਉਂਦਾ ਹੈ।“
“ਇਨ੍ਹਾਂ ਹਾਲਾਤ ਵਿੱਚ, ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਇਸਤਰੀ-ਦੋਖੀ ਲੋਕ ਸਿਨੇਮਾ ਵਰਗੇ ਸਿਰਜਣਾਤਮਿਕ ਖੇਤਰ ਦੀਆਂ ਧਾਰਨਾਵਾਂ ਦਾ ਫਾਇਦਾ ਚੁੱਕਦੇ ਹਨ ਅਤੇ ਔਰਤਾਂ ਦਾ ਸ਼ੋਸ਼ਣ ਕਰਦੇ ਹਨ, ਫਿਰ ਵੀ ਉਸੇ ਉਦਯੋਗ ਤੋਂ ਬਰਾਬਰੀ ਲਈ ਇੱਕ ਅਦਭੁਤ ਲਹਿਰ ਵੀ ਉੱਭਰੀ ਹੈ ਜੋ ਕਿਸੇ ਹੋਰ ਪੇਸ਼ੇ- ਫਿਲਮ ਜਾਂ ਹੋਰ ਖੇਤਰ ਵਿੱਚ ਭਾਰਤ ਵਿੱਚ ਨਹੀਂ ਦੇਖਿਆ ਗਿਆ।”
ਬਦਲਾਅ ਦੀ ਕੋਈ ਉਮੀਦ ਹੈ?

ਤਸਵੀਰ ਸਰੋਤ, Getty Images
ਫਿਲਮ ‘ਦਿ ਗ੍ਰੇਟ ਇੰਡੀਅਨ ਕਿਚਨ’ ਦੇ ਨਿਰਦੇਸ਼ਕ ਜੋ ਬੇਬੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਕੁਝ ਤਾਂ ਬਦਲਾਅ ਹੋ ਰਿਹਾ ਹੈ। ਲੇਕਿਨ ਇਸ ਵਿੱਚ ਜੈਂਡਰ ਕਾਰਨ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਇਸ ਵਿੱਚ ਸੁਧਾਰ ਲਿਆਉਣ ਦੀ ਇਹੀ ਸਮੱਸਿਆ ਹੈ। ਇਸ ਲਈ ਫਿਲਮ ਸਨਅਤ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ।”
ਬੀਨਾ ਪੌਲ ਇਸ ਮਾਮਲੇ ਵਿੱਚ ਬਿਲਕੁਲ ਸਾਫ਼ ਹਨ, “ਰਾਤੋ-ਰਾਤ ਕਿਸੇ ਬਦਲਾਅ ਦੀ ਉਮੀਦ ਕਰਨਾ ਗ਼ਲਤ ਹੈ। ਮੈਨੂੰ ਲਗਦਾ ਹੈ ਕਿ ਸਭ ਤੋਂ ਪਹਿਲਾਂ ਰਵਈਏ ਵਿੱਚ ਬਦਲਾਅ ਆਉਣਾ ਚਾਹੀਦਾ ਹੈ, ਜਿਸਦੀ ਗਤੀ ਹਮੇਸ਼ਾ ਸੁਸਤ ਹੈ। ਲੇਕਿਨ ਇਹ ਯਕੀਨੀ ਬਣਾਉਣ ਲਈ ਇੱਕ ਸਿਸਟਮ ਬਣਾਇਆ ਜਾ ਸਕਦਾ ਹੈ ਕਿ ਔਰਤਾਂ ਸੁਰੱਖਿਅਤ ਮਹਿਸੂਸ ਕਰਨ ਅਤੇ ਇਹ ਦੂਜਿਆਂ ਨੂੰ ਉਦਯੋਗ ਵਿੱਚ ਆਉਣ ਲਈ ਉਤਸ਼ਾਹਿਤ ਕਰਨ।”
ਅੰਨਾ ਐੱਮਐੱਨ ਵੇਟੀਕਾਡ ਨੇ ਬੀਬੀਸੀ ਹਿੰਦੀ ਨੂੰ ਕਿਹਾ, “ਮਲਿਆਲਮ ਫਿਲਮ ਸਨਅਤ ਵਿੱਚ ਪਿੱਤਰਸੱਤਾਮਈ ਢਾਂਚੇ ਨੂੰ ਜੋ ਲੋਕ ਕੰਟਰੋਲ ਕਰਦੇ ਹਨ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਦੇ ਅੰਦੋਲਨ ਨੂੰ ਨਜ਼ਰ ਅੰਦਾਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਲੇਕਿਨ ਡਬਲਿਊਸੀਸੀ ਨੇ ਬਹੁਤ ਬਹਾਦਰੀ ਦਿਖਾਈ ਹੈ ਅਤੇ ਉਸਨੂੰ ਲੋਕਾਂ ਦਾ ਕਾਫ਼ੀ ਸਮਰਥਨ ਮਿਲਿਆ, ਇਸ ਲਈ ਉਮੀਦ ਕੀਤੀ ਜਾ ਸਕਦੀ ਹੈ ਹਮੇ ਕਮੇਟੀ ਇੱਕ ਰਚਨਾਤਮਿਕ ਬਦਲਾਅ ਦਾ ਰਾਹ ਦਿਖਾ ਸਕਦੀ ਹੈ।”
ਉਨ੍ਹਾਂ ਨੇ ਕਿਹਾ, “ਸਮਾਜਿਕ ਅਤੇ ਸੰਸਥਾਗਤ ਤਰੱਕੀ ਕਦੇ ਰਾਤੋ-ਰਾਤ ਨਹੀਂ ਹੁੰਦੀ। ਰਸਤਾ ਅਜੇ ਲੰਬਾ ਹੈ, ਲੇਕਿਨ ਕਮੇਟੀ ਦੇ ਸਾਹਮਣੇ ਪੇਸ਼ ਹੋਏ ਉਦਯੋਗ ਜਗਤ ਦੇ ਕੁਝ ਲੋਕਾਂ ਅਤੇ ਇਸ ਹਫ਼ਤੇ ਪ੍ਰੈੱਸ ਵਿੱਚ ਜਿਨ੍ਹਾਂ ਲੋਕਾਂ ਨੇ ਰਾਇ ਰੱਖੀ ਹੈ, ਉਨ੍ਹਾਂ ਵਿੱਚ ਇੱਕ ਬਚਾਅ ਦੇ ਪੈਂਤੜੇ ਵਾਲਾ ਰੁਖ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਨੂੰ ਮੌਜੂਦਾ ਸਥਿਤੀ ਵਿੱਚ ਬਦਲਾਅ ਦਾ ਅੰਦਾਜ਼ਾ ਹੋ ਰਿਹਾ ਹੈ। ਇਹ ਅਸਹਿਜਤਾ ਇੱਕ ਹਾਂ ਮੁਖੀ ਸੰਕੇਤ ਹੈ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












