ਕੀ ਕੜਕਨਾਥ ਮੁਰਗਾ ਆਮ ਮੁਰਗੇ ਨਾਲੋਂ ਜ਼ਿਆਦਾ ਪੌਸ਼ਟਿਕ ਹੈ? ਇਸ ਦਾ ਕਾਲਾ ਰੰਗ ਕਿੱਥੋਂ ਆਇਆ ?

ਤਸਵੀਰ ਸਰੋਤ, Getty Images
- ਲੇਖਕ, ਕੇ ਸ਼ੁਭਾਗਨਮ
- ਰੋਲ, ਬੀਬੀਸੀ ਪੱਤਰਕਾਰ
ਅਸੀਂ ਕੜਕਨਾਥ ਮੁਰਗੇ ਜਾਂ ਕਾਲੇ ਮੁਰਗੇ ਦੀਆਂ ਕਈ ਘਰੇਲੂ ਕਿਸਮਾਂ ਬਾਰੇ ਕੁਝ ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਅਸੀਂ ਸੋਸ਼ਲ ਮੀਡੀਆ ’ਤੇ ਇਹ ਵੀ ਪੜ੍ਹਿਆ ਅਤੇ ਸੁਣਿਆ ਹੈ ਕਿ ਇਸ ਮੁਰਗੇ ਨੂੰ ਖਾਣ ਨਾਲ ਸਾਡਾ ਇਮੀਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ।
ਪਹਿਲਾਂ ਮੁਰਗੇ ਦੀ ਇਹ ਨਸਲ ਸਿਰਫ਼ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੜੀਸਾ ਵਿੱਚ ਹੀ ਪਾਈ ਜਾਂਦੀ ਸੀ ਪਰ ਹੁਣ ਪੂਰੇ ਭਾਰਤ ਵਿੱਚ ਇਹ ਵੱਡੇ ਪੱਧਰ ’ਤੇ ਮਿਲਦੀ ਹੈ।
ਭਾਰਤ ਸਰਕਾਰ ਵੱਲੋਂ ਕੜਕਨਾਥ ਮੁਰਗੇ ਦੇ ਮੀਟ ਨੂੰ ਮੱਧ ਪ੍ਰਦੇਸ਼ ਸੂਬੇ ਦੇ ਝਾਬੂਆ ਤੋਂ ਜਿਓਗਰਾਫਿਕ ਇੰਡੀਕੇਸ਼ਨ ਦਿੱਤੀ ਗਈ ਹੈ।
ਤਾਮਿਨਨਾਡੂ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਪ੍ਰੋ. ਪੀ. ਕੁਮਾਰਵੇਲ ਦਾ ਕਹਿਣਾ ਹੈ ਕਿ ਇਸ ਨਾਮ ਦੇ ਪਿੱਛੇ ਮੁੱਖ ਕਾਰਨ ਕਾਲਾ ਰੰਗ ਹੈ। ਕਾਲਾਪਨ ਸਿਰਫ ਇਸ ਦੇ ਖੰਭਾਂ ’ਤੇ ਨਹੀਂ ਹੈ, ਸਗੋਂ ਇਸ ਮੁਰਗੇ ਦਾ ਸਾਰਾ ਸਰੀਰ ਹੀ ਕਾਲਾ ਹੈ।

ਕਾਲੀਆਂ ਮੁਰਗੀਆਂ ਜੋ ਆਂਡੇ ਨਹੀਂ ਦੇ ਸਕਦੀਆਂ
ਡਾ. ਕੁਮਾਰਵੇਲ ਦੱਸਦੇ ਹਨ ਕਿ ਤਾਮਿਲਨਾਡੂ ਵਿੱਚ ਕੜਕਨਾਥ ਮੁਰਗਾ ਕਰੁਨਕੋਝੀ ਦੇ ਨਾਮ ਤੋਂ ਜਾਣਿਆਂ ਜਾਂਦਾ ਹੈ।
ਇਸ ਕੁੱਕੜ ਦੇ ਸਿਰਫ ਖੰਭ ਹੀ ਨਹੀਂ, ਸਗੋਂ ਅੱਖਾਂ ਤੋਂ ਲੈ ਕੇ ਹੋਰ ਹਿੱਸਾ ਵੀ ਕਾਲਾ ਹੈ। ਇਸ ਦੇ ਖੂਨ ਦਾ ਰੰਗ ਵੀ ਕਾਲਾ ਹੁੰਦਾ ਹੈ। ਜਦਕਿ ਹੋਰ ਦੇਸੀ ਮੁਰਗੀਆਂ ਦੀਆਂ ਹੱਡੀਆਂ ਗੂੜ੍ਹੇ ਪੀਲੇ ਰੰਗ ਦੀਆਂ ਹੁੰਦੀਆਂ ਹਨ।
ਡਾ. ਕੁਮਾਰਵੇਲ ਦਾ ਕਹਿਣਾ ਹੈ ਕਿ ਇਸ ਨਸਲ ਦੀਆਂ ਸਾਰੀਆਂ ਮੁਰਗੀਆਂ ਦਾ ਸੁਭਾਅ ਜ਼ਿਆਦਾਤਰ ਦੂਜੀਆਂ ਦੇਸੀ ਮੁਰਗੀਆਂ ਵਰਗਾ ਨਹੀਂ ਹੈ।
ਉਨ੍ਹਾਂ ਮੁਤਾਬਕ ਜਿੱਥੇ ਹੋਰ ਦੇਸੀ ਮੁਰਗੀਆਂ ਆਂਡੇ ਦੇ ਅਤੇ ਚੂਚੇ ਕੱਢ ਸਕਦੀਆਂ ਹਨ ਉੱਥੇ ਹੀ ਇਹ ਮੁਰਗੀਆਂ ਆਪਣੇ ਆਂਡਿਆਂ ’ਤੇ ਨਹੀਂ ਬੈਠਦੀਆਂ। ਇਨ੍ਹਾਂ ਲਈ ਇਨਕਿਊਬੇਟਰ ਲਿਆਂਦੇ ਜਾਂਦੇ ਹਨ।

ਤਸਵੀਰ ਸਰੋਤ, Getty Images
ਮੁਰਗੀ ਫਾਰਮ ਦੇ ਕਿੱਤੇ ਨਾਲ ਪਿਛਲੇ 23 ਸਾਲਾਂ ਤੋਂ ਜੁੜੇ ਤਾਮਿਲ ਸੇਲਵਨ ਵੀ ਪ੍ਰੋ. ਕੁਮਾਰਵੇਲ ਨਾਲ ਸਹਿਮਤ ਹਨ।
ਤਾਮਿਲ ਸੇਲਵਨ ਜ਼ਿਲ੍ਹਾ ਚੇਨਗਲਪੱਟੂ ਦੇ ਪਿੰਡ ਵੇਨਾਨਗੁਪੱਟੂ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਕਾਲੀਆਂ ਮੁਰਗੀਆਂ ਸਾਲ ਵਿੱਚ 180 ਆਂਡੇ ਦਿੰਦੀਆਂ ਹਨ ਪਰ ਚੂਚੇ ਨਿਕਲਣ ਦੀ ਦਰ ਦੂਜੀਆਂ ਮੁਰਗੀਆਂ ਦੇ ਮੁਕਾਬਲੇ ਘੱਟ ਹੈ।
ਉਨ੍ਹਾਂ ਦਾ ਕਹਿਣਾ ਹੈ, "ਕਈ ਵਾਰ ਸਾਨੂੰ ਇਨ੍ਹਾਂ ਦੇ ਆਂਡਿਆਂ ਵਿੱਚੋੋਂ ਚੂਜ਼ੇ ਕੱਢਣ ਲਈ ਹੋਰਾਂ ਮੁਰਗੀਆਂ ਦੀ ਮਦਦ ਲੈਣੀ ਪੈਂਦੀ ਹੈ ਜਾਂ ਫਿਰ ਕਈ ਵਾਰ ਅਸੀਂ ਮੁਰਗੀਆਂ ਦੀ ਥਾਂ ਇਨਕਿਊਬਟਰ ਮਸ਼ੀਨ ਦੀ ਵਰਤੋਂ ਕਰਦੇ ਹਾਂ।"
ਮੁਰਗੀ ਚੂਚੇ ਕੱਢਣ ਲਈ ਆਂਡਿਆਂ ਦੇ ਉੱਪਰ ਬੈਠਦੀ ਹੈ। ਇਸੇ ਨਾਲ ਉਨ੍ਹਾਂ ਨੂੰ ਉਹ ਢੁੱਕਵਾਂ ਤਾਪਮਾਨ ਮਿਲਦਾ ਹੈ ਜਿਸ ਨਾਲ ਉਨ੍ਹਾਂ ਦੇ ਅੰਦਰ ਚੂਚੇ ਵਿਕਸਿਤ ਹੁੰਦੇ ਹਨ। ਇਨਕਿਊਬੇਟਰ ਮਸ਼ੀਨ ਉਸੇ ਵਰਗਾ ਮਾਹੌਲ ਆਂਡੇ ਨੂੰ ਦਿੰਦੀ ਹੈ।
ਮੁਰਗੀ ਆਪਣੇ ਆਂਡਿਆਂ ਉੱਤੇ ਬੈਠਕੇ ਉਨ੍ਹਾਂ ਨੂੰ 36 ਡਿਗਰੀ ਸੈਲਸੀਅਸ ਦਾ ਤਾਪਮਾਨ ਦਿੰਦੀ ਹੈ ਅਤੇ ਇਨਕਿਊਬੇਟਰ ਮਸ਼ੀਨ ਵੀ ਅਜਿਹਾ ਹੀ ਕਰਦੀ ਹੈ।

ਤਸਵੀਰ ਸਰੋਤ, TAMIL SELVAN
ਕੀ ਕੜਕਨਾਥ ਮੁਰਗਾ ਇਮਿਊਨਿਟੀ ਵਧਾਉਂਦਾ ਹੈ
ਕਿਸਾਨ ਤਾਮਿਲਸੇਲਵਨ ਨੇ ਕਿਹਾ, "ਇਹ ਪੰਛੀ ਭਾਰਤ ਦੇ ਦੇਸੀ ਪੰਛੀਆਂ ਵਿੱਚੋਂ ਇੱਕ ਹੈ। ਇਹ ਪੋਲਟਰੀ ਫਾਰਮ ਦੇ ਮੁਕਾਬਲੇ ਚਰਾਂਦ ਵਿੱਚ ਜ਼ਿਆਦਾ ਵਧੀਆ ਵਧਦੇ ਹਨ ਅਤੇ ਮੁਨਾਫ਼ਾ ਦਿੰਦੇ ਹਨ।"
ਤਾਮਿਲ ਸੇਲਵਨ ਦਾ ਕਹਿਣਾ ਹੈ ਕਿ ਆਮ ਤੌਰ ’ਤੇ 1000 ਮੁਰਗੀਆਂ ਲਈ ਇੱਕ ਏਕੜ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ।
ਇਹ ਉਦੋਂ ਹੀ ਸਿਹਤਮੰਦ ਹੁੰਦੀਆਂ ਹਨ, ਜਦੋਂ ਇਨ੍ਹਾਂ ਨੂੰ ਕੁਦਰਤੀ ਚਰਾਂਦ ਵਿੱਚ ਪਾਲਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ, "ਚੂਚੇ ਨੂੰ ਆਂਡੇ ਦੇਣ ਯੋਗ ਹੋਣ ਤੱਕ ਪਹੁੰਚਣ ਲਈ 23 ਤੋਂ 28 ਹਫ਼ਤੇ ਲੱਗ ਜਾਂਦੇ ਹਨ। ਉਨ੍ਹਾਂ ਨੂੰ ਪੰਜ ਤੋਂ ਛੇ ਮਹੀਨਿਆਂ ਬਾਅਦ ਵੇਚਿਆ ਜਾਂਦਾ ਹੈ।"

ਕੜਕਨਾਥ ਤੇ ਫਾਰਮੀ ਮੁਰਗੇ ’ਚੋਂ ਕਿਹੜਾ ਜ਼ਿਆਦਾ ਪੌਸ਼ਟਿਕ ਹੈ
ਨੈਸ਼ਨਲ ਇੰਸਟੀਚਿਊਟ ਆਫ ਨਿਊਟਰਿਸ਼ਨ ਵੱਲੋਂ ਕੜਕਨਾਥ ਦੇ ਮੀਟ ਵਿੱਚ ਪੌਸ਼ਟਿਕ ਤੱਤ ਜਾਣਨ ਲਈ ਇੱਕ ਅਧਿਐਨ ਕੀਤਾ ਗਿਆ।
ਨੈਸ਼ਨਲ ਇੰਸਟੀਚਿਊਟ ਆਫ ਨਿਊਟਰਿਸ਼ਨ ਦੇ ਡਾਟੇ ਮੁਤਾਬਕ ਕੜਕਨਾਥ ਵਿੱਚ 1.94% ਤੋਂ 2.6% ਫੈਟ ਹੁੰਦੀ ਹੈ, ਜਦਕਿ ਫਾਰਮੀ ਮੁਰਗੇ ਵਿੱਚ 13 ਤੋਂ 25% ਫੈਟ ਹੁੰਦੀ ਹੈ।
ਡਾ. ਕੁਮਾਰਵੇਲ ਕੜਕਨਾਥ ਵਿੱਚ ਕਾਲੇ ਰੰਗ ਦਾ ਮੁੱਖ ਕਾਰਨ ਉਸ ਵਿੱਚ ਵਧੇਰੇ ਮਾਤਰਾ ’ਚ ਪਾਏ ਜਾਂਦੇ ਮੈਲਾਨਿਨ ਪਿਗਮੈਂਟ ਨੂੰ ਦੱਸਦੇ ਹਨ।
ਉਨ੍ਹਾਂ ਕਿਹਾ,"ਜਾਨਵਰਾਂ ਦੀ ਚਮੜੀ ਨੂੰ ਰੰਗ ਦੇਣ ਵਾਲਾ ਤੱਤ ਮੇਲਾਨਿਨ ਹੈ, ਜਿਸ ਨੂੰ ਪਿਗਮੈਂਟ ਵਜੋਂ ਵੀ ਜਾਣਿਆਂ ਜਾਂਦਾ ਹੈ। ਇਸੇ ਕਾਰਨ ਕੜਕਨਾਥ ਦੇ ਸਰੀਰ ਵਿੱਚ ਗੂੜ੍ਹਾ ਕਾਲਾ ਰੰਗ ਹੁੰਦਾ ਹੈ।”
ਕਾਲੇ ਮੁਰਗੇ ਦੇ ਸਰੀਰ ਵਿੱਚ ਇਸ ਪਿਗਮੈਂਟ ਦੀ ਮੌਜੂਦਗੀ ਉਸ ਦੇ ਉਪਰਲੇ ਹਿੱਸੇ ਤੋਂ ਖੂਨ ਤੇ ਹੱਡੀਆਂ ਵਿੱਚ ਕਾਲੇਪਨ ਲਈ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਵਧੇਰੇ ਮੈਲਾਨਿਨ ਹੋਣ ਕਾਰਨ ਹੋਰਾਂ ਮੁਰਗੀਆਂ ਦੇ ਮੁਕਾਬਲੇ ਜ਼ਿਆਦਾ ਰੋਗਾਂ ਦੇ ਖਿਲਾਫ਼ ਜ਼ਿਆਦਾ ਮਜ਼ਬੂਤ ਹੈ ਪਰ ਇਹ ਅਜੇ ਤੱਕ ਸਿੱਧ ਨਹੀਂ ਹੋਇਆ ਹੈ।
ਡਾ. ਕੁਮਾਰਵੇਲ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਕਾਮ ਸ਼ਕਤੀ ਵੱਧਦੀ ਹੈ ਪਰ ਇਸ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ।
'ਜਲਵਾਯੂ ਬਦਲਾਅ ਦਾ ਮੁਕਾਬਲਾ'

ਤਸਵੀਰ ਸਰੋਤ, Getty Images
ਜਿਓਗਰਾਫੀਕਲ ਇੰਡੀਕੇਸ਼ਨਸ ਲਈ ਦਿੱਤੀ ਗਈ ਜਾਣਕਾਰੀ ਦੱਸਦੀ ਹੈ ਕਿ ਇਹ ਮੁਰਗਾ ਬੇਹੱਦ ਗਰਮ ਵਾਤਾਵਰਣ ਵਿੱਚ ਵੀ ਰਹਿ ਸਕਦਾ ਹੈ।
ਜਾਣਕਾਰੀ ਮੁਤਾਬਕ ਇਹ ਨਸਲ ਬਹੁਤ ਮਾੜੇ ਮੌਸਮੀ ਹਾਲਾਤ ਵਿੱਚ ਵੀ ਰਹਿ ਸਕਦੀ ਹੈ। ਉਹ ਅਤਿ ਦੀ ਗਰਮੀ ਅਤੇ ਅਤਿ ਦੀ ਠੰਢ ਦੇ ਮੌਸਮ ਨੂੰ ਵੀ ਸਹਿਣ ਕਰ ਸਕਦੇ ਹਨ।
ਜਿਓਗਰਾਫੀਕਲ ਇੰਡੀਕੇਸ਼ਨ ਦੇ ਦਸਤਾਵੇਜ਼ ਮੁਤਾਬਕ ਕਾਲੇ ਮੁਰਗੇ ਦੀ ਵਿਕਾਸ ਦਰ ਮੱਧਮ ਹੁੰਦੀ ਹੈ ਅਤੇ ਇਸ ਦਾ ਆਕਾਰ ਵੀ ਛੋਟਾ ਹੁੰਦਾ ਹੈ। ਇਸ ਵਿੱਚ ਜਿਣਸੀ ਪ੍ਰਪੱਕਤਾ ਵੀ ਦੇਰੀ ਨਾਲ ਆਉਂਦੀ ਹੈ।
ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੀ ਇੱਕ ਸ਼ਾਖਾ ਦਿਹਾਰ ਵੱਲੋਂ ਸਾਲ 2022 ਵਿੱਚ ਕਰਵਾਏ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਾਲੇ ਮੁਰਗੇ ਦੇ ਬਹੁਤ ਸਾਰੇ ਪੋਸ਼ਣ ਸੰਬੰਧੀ ਲਾਭ ਬਹੁਤ ਜ਼ਿਆਦਾ ਹਨ।

ਤਸਵੀਰ ਸਰੋਤ, Getty Images
ਸਟੱਡੀ ਮੁਤਾਬਕ ਉਚਾਈ ’ਤੇ ਰਹਿਣ ਵਾਲੇ ਲੋਕਾਂ ਲਈ ਇਹ ਇੱਕ ਬਹੁਤ ਵਧੀਆ ਖੁਰਾਕ ਹੈ ਅਤੇ ਇਸ ਦਾ ਮੀਟ ਦੀ ਬੀਮਾਰੀਆਂ ਖਿਲਾਫ਼ ਮਜ਼ਬੂਤ ਅਤੇ ਪੋਸ਼ਣ ਲਾਭਾਂ ਕਾਰਨ ਲੱਦਾਖ ਵਰਗੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵੀ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਲੱਦਾਖ ਵਰਗੀਆਂ ਉੱਚੀਆਂ ਥਾਵਾਂ ’ਤੇ ਹੀ ਨਹੀਂ, ਸਗੋਂ ਤਮਿਲਨਾਡੁ ਵਰਗੇ ਸੂਬਿਆਂ ਵਿੱਚ ਵੀ ਇਨ੍ਹਾਂ ਨੂੰ ਪਾਲਿਆ ਜਾਂਦਾ ਹੈ।
ਇਸ ਤੋਂ ਜ਼ਾਹਰ ਹੁੰਦਾ ਹੈ ਕਿ ਕਾਲੇ ਮੁਰਗੇ ਕਿਸੇ ਵੀ ਮੌਸਮ ਵਿੱਚ ਵੀ ਜਿਉਂਦੇ ਰਹਿ ਸਕਦੇ ਹਨ।
ਆਮ ਤੌਰ ’ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੁਰਗੇ ਜੰਗਲੀ ਸਨ ਅਤੇ ਸਿਰਫ਼ ਪਿਛਲੀ ਸਦੀ ’ਚ ਹੀ ਪਾਲਤੂ ਬਣਾਏ ਗਏ ਸਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦਾਅਵਾ ਅਜੇ ਸਾਬਿਤ ਨਹੀਂ ਕੀਤਾ ਗਿਆ ਹੈ।
ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਪਹਿਲਾਂ ਮੱਧ ਪ੍ਰਦੇਸ਼ ਦੇ ਆਦਿਵਾਸੀ ਜੰਗਲੀ ਪੰਛੀਆਂ ਨੂੰ ਆਪਣੇ ਭੋਜਨ ਲਈ ਵਰਤਦੇ ਸਨ ਪਰ ਜਦੋਂ ਉਨ੍ਹਾਂ ਨੂੰ ਇਨ੍ਹਾਂ ਦੇ ਫਾਇਦਿਆਂ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਇਨ੍ਹਾਂ ਪੰਛੀਆਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ।
ਜੰਗਲੀ ਜੀਵ ਤੇ ਪਸ਼ੂ ਪਾਲਣ ਮਾਹਿਰਾਂ ਨੇ ਇਸ ਦਾਅਵੇ ਨੂੰ ਨਕਾਰਿਆ ਹੈ।
ਡਾ਼ ਕੁਮਾਰਵੇਲ ਮੁਤਾਬਕ ਭਾਰਤ ਵਿੱਚ ਮਿਲਦੀਆਂ ਮੁਰਗਿਆਂ ਦੀਆਂ ਸਾਰੀਆਂ ਨਸਲਾਂ ਲਾਲ ਜੰਗਲੀ ਮੁਰਗੇ ਵਿੱਚੋਂ ਨਿਕਲੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੜਕਨਾਥ ਹੀ ਨਹੀ ਸਗੋਂ ਸਾਰੇ ਤਰ੍ਹਾਂ ਦੇ ਦੇਸੀ ਮੁਰਗੇ ਜਿਵੇਂ- ਗੰਜੀ ਧੌਣ ਵਾਲਾ ਮੁਰਗਾ, ਲੜਾਕੇ ਮੁਰਗੇ ਸਾਰੇ ਉਸੇ ਦੇ ਵੰਸ਼ਜ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












