ਬਾਲੀਵੁੱਡ ’ਚ ਔਰਤਾਂ : ‘ਪੈਸੇ ਘੱਟ ਲੈਣ, ਕੱਪੜੇ ਅਜਿਹੇ ਪਾਏ ਕਿ ਸਾਰਾ ਸਰੀਰ ਦਿਖੇ ਤੇ ਵਿਆਹ ਤੋਂ ਪਹਿਲਾਂ ਰਿਸ਼ਤੇ ਲਈ ਤਿਆਰ ਰਹੇ’

ਤਸਵੀਰ ਸਰੋਤ, HYPE PR
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਬਾਲੀਵੁੱਡ - ਭਾਰਤ ਦਾ ਹਿੰਦੀ ਫਿਲਮ ਉਦਯੋਗ ਜੋ ਦੁਨੀਆਂ ਭਰ 'ਚ ਮਸ਼ਹੂਰ ਹੈ ਅਤੇ ਜਿੱਥੇ ਸਾਲ ਭਰ ਸੈਂਕੜੇ ਫ਼ਿਲਮਾਂ ਬਣਦੀਆਂ ਹਨ।
ਪਰ ਇਸੇ ਬਾਲੀਵੁੱਡ ਨੂੰ ਮਰਦ ਪ੍ਰਧਾਨ ਉਦਯੋਗ ਵਜੋਂ ਵੀ ਜਾਣਿਆ ਜਾਂਦਾ ਹੈ।
ਹਾਲਾਂਕਿ, ਇਸ ਵਿਸ਼ੇ 'ਤੇ ਪਿਛਲੇ ਲੰਮੇ ਸਮੇਂ ਤੋਂ ਚਰਚਾ ਕੀਤੀ ਜਾ ਰਹੀ ਹੈ ਪਰ ਇੱਕ ਨਵੇਂ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਹਿੰਦੀ ਸਿਨੇਮਾ ਜਗਤ 'ਚ ਲਿੰਗ ਅਸਮਾਨਤਾ ਵਾਕਈ ਬਹੁਤ ਜ਼ਿਆਦਾ ਹੈ।
ਅਤੇ ਇਹ ਸਿਰਫ਼ ਪਰਦੇ ਦਾ ਹਾਲ ਨਹੀਂ, ਸਗੋਂ ਪਰਦੇ ਦੇ ਪਿੱਛੇ ਵੀ ਇਹੀ ਹਾਲ ਹੈ।
ਸਾਰੀ ਦੁਨੀਆਂ 'ਚ ਬਾਲੀਵੁੱਡ ਦੇ ਦੀਵਾਨਿਆਂ ਦੀ ਕਮੀ ਨਹੀਂ। ਬਾਲੀਵੁੱਡ ਫਿਲਮਾਂ ਅਤੇ ਇਸ ਦੇ ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਦੀ ਕਲਪਨਾ 'ਤੇ ਜੋ ਪ੍ਰਭਾਵ ਪਾਇਆ ਹੈ, ਉਸ ਨੂੰ ਬਿਆਨ ਕਰਨਾ ਸੌਖਾ ਨਹੀਂ ਹੈ।
ਪਰ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਫ਼ਿਲਮਾਂ ਦੀ ਆਲੋਚਨਾ ਵੀ ਹੋ ਰਹੀ ਹੈ ਅਤੇ ਇਸ ਦਾ ਕਾਰਨ ਹੈ ਫ਼ਿਲਮਾਂ ਦੁਆਰਾ ਪੱਖਪਾਤ, ਦੁਰਵਿਹਾਰ ਅਤੇ ਲਿੰਗ ਅਸਮਾਨਤਾ ਨੂੰ ਉਤਸ਼ਾਹਿਤ ਕਰਨਾ।
ਹਿੱਟ ਫਿਲਮਾਂ ਅਤੇ ਮਹਿਲਾ ਪ੍ਰਧਾਨ ਫਿਲਮਾਂ ਦਾ ਅਧਿਐਨ

ਤਸਵੀਰ ਸਰੋਤ, SUJIT JAISWAL/GETTY IMAGES
ਮੁੰਬਈ ਵਿੱਚ ਟਿਸ (ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼) ਦੇ ਖੋਜਕਰਤਾਵਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹਿੰਦੀ ਸਿਨੇਮਾ ਉੱਤੇ ਪਿੱਤਰਸੱਤਾ ਵਾਲੀ ਸੋਚ ਕਿੰਨੀ ਹਾਵੀ ਹੈ।
ਬਾਲੀਵੁੱਡ ਬਾਰੇ ਇਸ ਤਰ੍ਹਾਂ ਦਾ ਅਧਿਐਨ ਪਹਿਲੀ ਵਾਰ ਕੀਤਾ ਗਿਆ ਹੈ।
ਇਸ ਦੌਰਾਨ ਅਧਿਐਨ ਟੀਮ ਨੇ, ਮਹਾਮਾਰੀ ਤੋਂ ਪਹਿਲੇ ਸਾਲ 2019 ਦੀਆਂ 25 ਸਭ ਤੋਂ ਵੱਡੀਆਂ ਬਾਕਸ-ਆਫਿਸ ਹਿੱਟ ਫ਼ਿਲਮਾਂ ਨੂੰ ਚੁਣਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ 2012 ਅਤੇ 2019 ਦੇ ਵਿਚਕਾਰ ਆਈਆਂ 10 ਅਜਿਹੀਆਂ ਫ਼ਿਲਮਾਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚ ਮੁੱਖ ਭੂਮਿਕਾ ਵਿੱਚ ਮਹਿਲਾ ਕਿਰਦਾਰ ਸੀ।
ਇਹ ਸਮਾਂ ਚੁਣਨ ਦਾ ਕਾਰਨ ਇਹ ਸੀ ਕਿ ਟੀਮ ਇਹ ਦੇਖਣਾ ਚਾਹੁੰਦੀ ਸੀ ਕਿ 2012 ਦੇ ਨਿਰਭਿਆ ਗੈਂਗਰੇਪ ਕੇਸ ਤੋਂ ਬਾਅਦ ਬਾਲੀਵੁੱਡ ਬਿਰਤਾਂਤ/ਕਹਾਣੀਆਂ ਵਿੱਚ ਕੋਈ ਤਬਦੀਲੀਆਂ ਆਈਆਂ ਹਨ ਜਾਂ ਨਹੀਂ।
ਇਸ ਵਾਰਦਾਤ ਤੋਂ ਬਾਅਦ ਕੁੜੀਆਂ ਪ੍ਰਤੀ ਹੋਰ ਰਹੇ ਅਪਰਾਧਾਂ ਖ਼ਿਲਾਫ਼ ਦੇਸ਼ ਦਾ ਗੁੱਸਾ ਬੁਰੀ ਤਰ੍ਹਾਂ ਫੁੱਟਿਆ ਸੀ ਅਤੇ ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਨਵੇਂ ਸਖ਼ਤ ਕਾਨੂੰਨ ਬਣੇ ਸਨ।
ਅਧਿਐਨ ਟੀਮ ਵੱਲੋਂ ਤਿਆਰ ਕੀਤੀ ਗਈ ਹਿੱਟ ਫਿਲਮਾਂ ਦੀ ਸੂਚੀ ਵਿੱਚ ਵਾਰ, ਕਬੀਰ ਸਿੰਘ, ਮਿਸ਼ਨ ਮੰਗਲ, ਦਬੰਗ 3, ਹਾਊਸਫੁੱਲ 4 ਅਤੇ ਆਰਟੀਕਲ 15 ਵਰਗੀਆਂ ਫ਼ਿਲਮਾਂ ਸ਼ਾਮਲ ਹਨ।
ਇਸ ਦੇ ਨਾਲ, ਮਹਿਲਾ ਕੇਂਦ੍ਰਿਤ ਫਿਲਮਾਂ ਵਿੱਚ ਰਾਜ਼ੀ, ਕੁਈਨ, ਲਿਪਸਟਿਕ ਅੰਡਰ ਮਾਈ ਬੁਰਖਾ ਅਤੇ ਮਾਰਗਰੀਟਾ ਵਿਦ ਏ ਸਟ੍ਰਾ ਆਦਿ ਸ਼ਾਮਲ ਸ਼ਾਮਲ ਹਨ।
ਜਿਨਸੀ ਰੂੜ੍ਹੀਵਾਦ, ਸਹਿਮਤੀ, ਨੇੜਤਾ, ਸ਼ੋਸ਼ਣ ਤੇ ਪਾਤਰਾਂ ਦਾ ਅਧਿਐਨ

ਤਸਵੀਰ ਸਰੋਤ, SCREENSHOT FROM YOUTUBE
ਇਸ ਦੌਰਾਨ ਖੋਜਕਰਤਾਵਾਂ ਨੇ 2,000 ਔਨ-ਸਕ੍ਰੀਨ ਪਾਤਰਾਂ ਦਾ ਅਧਿਐਨ ਕੀਤਾ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਕਿਰਦਾਰਾਂ ਨੂੰ ਕਿਸ ਤਰ੍ਹਾਂ ਦੇ ਪੇਸ਼ੇ ਵਿੱਚ ਦਿਖਾਇਆ ਜਾਂਦਾ ਹੈ।
ਇਸ ਦੇ ਨਾਲ ਹੀ, ਕਈ ਹੋਰ ਮਾਪਦੰਡਾਂ ਜਿਵੇਂ ਕਿ ਜਿਨਸੀ ਰੂੜ੍ਹੀਵਾਦ, ਸਹਿਮਤੀ, ਨੇੜਤਾ ਅਤੇ ਸ਼ੋਸ਼ਣ ਆਦਿ ਦੇ ਆਧਾਰ 'ਤੇ ਵੀ ਇਨ੍ਹਾਂ ਫਿਲਮਾਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਟੀਮ ਨੇ ਫ਼ਿਲਮਾਂ ਵਿੱਚ ਸਮਲਿੰਗੀ ਭਾਈਚਾਰੇ ਸਬੰਧੀ ਪਾਤਰਾਂ ਅਤੇ ਅਪਾਹਜ ਪਾਤਰਾਂ ਦੀ ਗਿਣਤੀ ਕੀਤੀ ਅਤੇ ਇਹ ਦੇਖਿਆ ਕਿ ਉਨ੍ਹਾਂ ਨੂੰ ਕਿਵੇਂ ਦਰਸਾਇਆ ਗਿਆ ਸੀ।
ਇਹ ਅਧਿਐਨ ਵੀ ਕੀਤਾ ਗਿਆ ਕਿ ਕਿੰਨੀਆਂ ਔਰਤਾਂ ਨੇ ਇਨ੍ਹਾਂ ਫਿਲਮਾਂ ਵਿੱਚ ਪਰਦੇ ਦੇ ਪਿੱਛੇ ਕੰਮ ਕੀਤਾ, ਭਾਵ ਅਦਾਕਾਰੀ ਤੋਂ ਬਿਨਾਂ ਹੋਰ ਕੰਮਾਂ ਵਿੱਚ ਮਹਿਲਾਵਾਂ ਦੀ ਕਿੰਨੀ ਭੂਮਿਕਾ ਰਹੀ।

ਮਹਿਲਾ ਕਿਰਦਾਰ ਅਜੇ ਵੀ ਜਿਆਦਾਤਰ ਕਾਮੁਕਤਾ ਦਾ ਕੇਂਦਰ

ਤਸਵੀਰ ਸਰੋਤ, YRF PR
ਇਸ ਅਧਿਐਨ ਟੀਮ ਨੇ ਨਤੀਜਾ ਕੱਢਿਆ ਹੈ ਕਿ ਭਾਵੇਂ ਮਹਿਲਾ-ਕੇਂਦ੍ਰਿਤ ਫਿਲਮਾਂ ਨੇ ਕੁਝ ਹੱਦ ਤੱਕ ਤਾਂ ਉਮੀਦ ਜਗਾਈ ਹੈ ਪਰ ਅਜੇ ਵੀ ਬਾਕਸ-ਆਫਿਸ ਦੀਆਂ ਹਿੱਟ ਫ਼ਿਲਮਾਂ ਵਿੱਚ ਮਹਿਲਾਵਾਂ ਨੂੰ ਕਾਮੁਕ ਤੇ ਕਿਤੇ ਪਿੱਛੇ ਰੱਖਿਆ ਜਾਂਦਾ ਹੈ।
ਇਨ੍ਹਾਂ ਵਿੱਚ ਲਿੰਗਕ ਅਸਮਾਨਤਾ ਬਹੁਤ ਜ਼ਿਆਦਾ ਦਿਖਾਈ ਜਾਂਦੀ ਹੈ।
ਮਿਸਾਲ ਵਜੋਂ, ਵਿਸ਼ਲੇਸ਼ਣ ਕੀਤੀਆਂ ਗਈਆਂ ਫਿਲਮਾਂ ਵਿੱਚ 72 ਫੀਸਦੀ ਪਾਤਰ ਪੁਰਸ਼ਾਂ ਦੁਆਰਾ, 26 ਫੀਸਦੀ ਔਰਤਾਂ ਦੁਆਰਾ ਨਿਭਾਏ ਗਏ ਹਨ। ਜਦਕਿ ਹੋਰ ਪਾਤਰਾਂ ਨੂੰ ਮਹਿਜ਼ 2 ਫੀਸਦੀ ਹਿੱਸਾ ਹੀ ਮਿਲਿਆ।
ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਲਕਸ਼ਮੀ ਲਿੰਗਮ ਦਾ ਕਹਿਣਾ ਹੈ ਕਿ "ਬਾਲੀਵੁੱਡ 'ਚ ਪੁਰਸ਼ ਕਲਾਕਾਰਾਂ 'ਤੇ ਹੀ ਮੋਟੀ ਰਕਮ ਲਗਾਈ ਜਾਂਦੀ ਹੈ" ਅਤੇ ਫਿਲਮ ਨਿਰਮਾਤਾ ਕਹਿੰਦੇ ਹਨ ਕਿ "ਬਹੁਤ ਮਜ਼ਬੂਤ ਮਹਿਲਾ ਕਿਰਦਾਰ ਦਰਸ਼ਕਾਂ ਦੇ ਮਾਮਲੇ 'ਚ ਕੰਮ ਨਹੀਂ ਕਰਦਾ''।
ਬੀਬੀਸੀ ਨਾਲ ਗੱਲਬਰ ਦੌਰਾਨ ਪ੍ਰੋਫੈਸਰ ਲਕਸ਼ਮੀ ਨੇ ਦੱਸਿਆ, "ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਬਹੁਤ ਘੱਟ ਹੁੰਦੀ ਹੈ ਕਿਉਂਕਿ ਦਰਸ਼ਕ ਕਿਸੇ ਵੀ ਕਹਾਣੀ ਜਾਂ ਬਿਰਤਾਂਤ ਨੂੰ ਪਿਤਾ-ਪੁਰਖੀ ਸੋਚ ਨਾਲ ਦੇਖਦੇ ਹਨ, ਜਿਸ ਕਾਰਨ ਉਨ੍ਹਾਂ (ਨਿਰਮਾਤਾਵਾਂ) ਨੂੰ ਲੱਗਦਾ ਹੈ ਕਿ ਉਹੀ ਪੁਰਾਣਾ ਅੰਦਾਜ਼ ਉਨ੍ਹਾਂ ਨੂੰ ਪੈਸੇ ਕਮਾ ਕੇ ਦੇਵੇਗਾ।
ਉਹ ਕਹਿੰਦੇ ਹਨ ਕਿ ਇਸ ਲਈ ਉਹ ਪੁਰਾਣੇ "ਫਾਰਮੂਲੇ" ਨਾਲ ਜੁੜੇ ਹੋਏ ਹਨ।
ਮਹਿਲਾ ਪਾਤਰ ਪਲਤੀ ਤੇ ਸੋਹਣੀ ਹੋਵੇ

ਤਸਵੀਰ ਸਰੋਤ, FILM DOUBLE XL
ਪ੍ਰੋਫੈਸਰ ਲਕਸ਼ਮੀ ਮੁਤਾਬਕ, "ਨਾਇਕ ਨੂੰ ਉੱਚ ਜਾਤੀ ਦਾ ਮਰਦ ਹੋਣਾ ਚਾਹੀਦਾ ਹੈ, ਮੁੱਖ ਮਹਿਲਾ ਕਿਰਦਾਰ ਪਤਲੀ ਅਤੇ ਸੋਹਣੀ ਹੋਣੀ ਚਾਹੀਦੀ ਹੈ।’’
‘‘ਉਸ ਨੂੰ ਨਿਮਰ ਸੁਭਾਅ ਅਤੇ ਸੰਜਮ ਵਾਲੀ ਹੋਣਾ ਚਾਹੀਦਾ ਹੈ, ਜੋ ਸ਼ਬਦਾਂ ਦੀ ਬਜਾਏ ਇਸ਼ਾਰਿਆਂ ਨਾਲ ਹੀ ਆਪਣੀ ਸਹਿਮਤੀ ਪ੍ਰਗਟ ਕਰ ਦੇਵੇ।''
''ਪਰ ਕੱਪੜੇ ਅਜਿਹੇ ਪਹਿਨੇ ਜਿਨ੍ਹਾਂ ਵਿੱਚੋਂ ਉਸ ਦਾ ਸਰੀਰ ਨਜ਼ਰ ਆਉਂਦਾ ਹੋਵੇ। ਉਸ ਨੂੰ ਇੱਕ ਤਰ੍ਹਾਂ ਨਾਲ ਆਧੁਨਿਕ ਸੋਚ ਵਾਲੀ ਵੀ ਹੋਣਾ ਚਾਹੀਦਾ ਹੈ, ਜੋ ਵਿਆਹ ਤੋਂ ਪਹਿਲਾਂ ਰਿਸ਼ਤੇ ਵਿੱਚ ਰਹਿਣ ਲਈ ਤਿਆਰ ਹੋਵੇ, ਜੋ ਕਿ ਇੱਕ ਅਪਰਾਧ ਹੈ।''
ਫਿਲਮੀ ਕਿਰਦਾਰਾਂ ਦੇ ਪੇਸ਼ੇ ਵਿੱਚ ਵੀ ਵਿਤਕਰਾ

ਪਰਦੇ 'ਤੇ ਕਿਰਦਾਰਾਂ ਜੋ ਨੌਕਰੀਆਂ ਕਰਦੇ ਹਨ, ਉਨ੍ਹਾਂ ਨੂੰ ਵੀ ਤੰਗ ਸੋਚ ਨਾਲ ਤੈਅ ਕੀਤਾ ਜਾਂਦਾ ਹੈ।
ਪ੍ਰੋਫੈਸਰ ਲਕਸ਼ਮੀ ਕਹਿੰਦੇ ਹਨ ਕਿ ਹਾਲਾਂਕਿ "ਇਨ੍ਹਾਂ ਫ਼ਿਲਮਾਂ ਵਿੱਚ 42 ਫੀਸਦੀ ਔਰਤਾਂ ਕੰਮਕਾਜੀ ਦਿਖਾਈਆਂ ਗਈਆਂ ਹਨ [ਜੋ ਕਿ ਭਾਰਤ ਦੇ ਅਸਲ ਰੁਜ਼ਗਾਰ ਅੰਕੜਿਆਂ 25.1 ਫੀਸਦੀ ਤੋਂ ਕਾਫ਼ੀ ਜ਼ਿਆਦਾ ਹੈ] ਪਰ ਉਨ੍ਹਾਂ ਨੂੰ ਜਿਨ੍ਹਾਂ ਨੌਕਰੀਆਂ ਜਾਂ ਪੇਸ਼ੇ ਵਿੱਚ ਦਿਖਾਇਆ ਗਿਆ ਹੈ, ਉਹ ਬਹੁਤ ਹੀ ਰੂੜ੍ਹੀਵਾਦੀ ਹਨ।
ਉਹ ਸੱਦੇ ਹਨ, ਮਿਸਾਲ ਵਜੋਂ "10 ਵਿੱਚੋਂ ਨੌਂ ਪੁਰਸ਼ ਫੌਜੀ ਅਫਸਰਾਂ, ਪੁਲਿਸ ਵਾਲਿਆਂ, ਸਿਆਸਤਦਾਨਾਂ ਅਤੇ ਅਪਰਾਧ ਦੇ ਆਕਾਵਾਂ ਦੀ ਭੂਮਿਕਾ ਨਿਭਾਉਂਦੇ ਹੋਏ, ਫੈਸਲੇ ਲੈਣ ਦੀਆਂ ਭੂਮਿਕਾਵਾਂ ਵਿੱਚ ਸਨ।''
''ਜਦਕਿ, ਮਹਿਲਾਵਾਂ ਜ਼ਿਆਦਾਤਰ ਡਾਕਟਰ ਅਤੇ ਨਰਸਾਂ, ਅਧਿਆਪਕਾਵਾਂ ਅਤੇ ਪੱਤਰਕਾਰਾਂ ਦੀ ਭੂਮਿਕਾ ਵਿੱਚ ਹਨ ਅਤੇ 10 ਵਿੱਚੋਂ ਸਿਰਫ਼ ਇੱਕ ਮਹਿਲਾ ਹੀ ਫੈਸਲੇ ਲੈਣ ਵਾਲੀ ਭੂਮਿਕਾ ਵਿੱਚ ਹੈ।''
ਅਧਿਐਨ ਦਰਸਾਉਂਦਾ ਹੈ ਕਿ ਸਮਲਿੰਗੀ ਪਾਤਰਾਂ ਦਾ ਚਿੱਤਰਣ ਬਹੁਤ ਜ਼ਿਆਦਾ ਸਮੱਸਿਆਵਾਂ ਵਾਲਾ ਰਹਿੰਦਾ ਹੈ, ਉਹ ਕਦੇ ਵੀ ਫੈਸਲਾ ਲੈਣ ਵਾਲੀ ਭੂਮਿਕਾ ਵਿੱਚ ਨਹੀਂ ਹੁੰਦੇ ਅਤੇ ਅਕਸਰ ਕਾਮੁਕ ਚੁਟਕਲਿਆਂ ਦੇ ਹਿੱਸੇ ਵਜੋਂ ਦਿਖਾਏ ਜਾਂਦੇ ਹਨ।
ਇਸੇ ਤਰ੍ਹਾਂ ਅਪਾਹਜਾਂ ਨਾਲ ਵੀ ਅਜਿਹਾ ਹੀ ਵਿਤਕਰਾ ਹੁੰਦਾ ਹੈ। ਸਾਰੇ ਪਾਤਰਾਂ ਵਿੱਚੋਂ ਸਿਰਫ 0.5 ਫੀਸਦੀ ਹਿੱਸਾ ਹੀ ਇਨ੍ਹਾਂ ਪਾਤਰਾਂ ਦੀ ਝੋਲੀ ਆਉਂਦਾ ਹੈ ਅਤੇ ਜ਼ਿਆਦਾਤਰ ਇਨ੍ਹਾਂ ਨੂੰ ਹਮਦਰਦੀ ਪੈਦਾ ਕਰਨ ਲਈ ਜਾਂ ਹਾਸਾ ਪੈਦਾ ਕਰਨ ਲਈ ਰੱਖਿਆ ਜਾਂਦਾ ਹੈ।
ਸਿਨੇਮਾ ਦਾ ਅਸਲ ਜੀਵਨ ‘ਤੇ ਵੱਡਾ ਪ੍ਰਭਾਵ

ਤਸਵੀਰ ਸਰੋਤ, JIGNESH PANCHAL
ਪ੍ਰੋਫੈਸਰ ਲਕਸ਼ਮੀ ਕਹਿੰਦੇ ਹਨ, "ਫ਼ਿਲਮ ਨਿਰਮਾਤਾ ਕਹਿੰਦੇ ਹਨ ਕਿ ਜੋ ਉਹ ਦਿਖਾ ਰਹੇ ਹਨ, ਉਹ ਅਸਲੀਅਤ ਹੈ। ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸੱਚ ਹੈ ਜੋ ਉਹ ਨਹੀਂ ਦਿਖਾਉਂਦੇ। ਉਹ ਇਸ ਨੂੰ ਜਾਇਜ਼ ਠਹਿਰਾਉਣ ਲਈ ਹਕੀਕਤ ਅਤੇ ਕਲਪਨਾ ਦੇ ਵਿਚਕਾਰ ਹੀ ਘੁੰਮਦੇ ਹਨ।''
ਉਹ ਅੱਗੇ ਕਹਿੰਦੇ ਹਨ ਕਿ ਫ਼ਿਲਮ ਉਦਯੋਗ ਵਿੱਚ ਮਹਿਲਾਵਾਂ ਅਤੇ ਹੋਰ ਲਿੰਗ ਪਛਾਣ ਵਾਲੇ ਲੋਕਾਂ ਦੇ ਚਿੱਤਰਣ ਨੂੰ ਬਦਲਣ ਦੀ ਲੋੜ ਹੈ ਕਿਉਂਕਿ "ਜੋ ਅਸੀਂ ਸਿਨੇਮਾ 'ਚ ਦੇਖਦੇ ਹਾਂ ਉਸ ਦਾ ਅਸਲ ਜੀਵਨ 'ਤੇ ਵੱਡਾ ਪ੍ਰਭਾਵ ਪੈਂਦਾ ਹੈ।''
ਲਕਸ਼ਮੀ ਕਹਿੰਦੇ ਹਨ ਕਿ "ਭਾਰਤ ਵਿੱਚ, ਜਿੱਥੇ ਪਰਿਵਾਰਾਂ ਅਤੇ ਸਕੂਲਾਂ ਵਿੱਚ ਯੌਨ ਸਿੱਖਿਆ ਅਤੇ ਸਹਿਮਤੀ ਬਾਰੇ ਬਹੁਤ ਘੱਟ ਸਿਖਾਇਆ ਜਾਂਦਾ ਹੈ, ਸਾਡੇ ਸਾਰੇ ਜਵਾਬ ਕਿਤਾਬਾਂ ਅਤੇ ਸਿਨੇਮਾ ਦੁਆਰਾ ਪ੍ਰਭਾਵਿਤ ਹੁੰਦੇ ਹਨ।"
"ਇਹ ਇੱਕ ਸਮੱਸਿਆ ਹੈ ਕਿ ਕਬੀਰ ਸਿੰਘ ਵਰਗੀ ਇੱਕ ਫ਼ਿਲਮ ਵਿੱਚ ਮਰਦ ਕਿਰਦਾਰ ਮੁੱਖ ਮਹਿਲਾ ਕਿਰਦਾਰ ਨੂੰ ਲੁਭਾਉਣ ਲਈ ਉਸ ਦਾ ਪਿੱਛਾ ਕਰਦੇ ਹੋਏ ਅਤੇ ਉਸ ਨੂੰ ਪਰੇਸ਼ਾਨ ਕਰਦੇ ਹੋਏ ਦਿਖਾਇਆ ਜਾਂਦਾ ਹੈ।''
"ਇਹ ਅਜਿਹੀ ਮਰਦਾਨਗੀ ਨੂੰ ਆਮ ਬਣਾਉਂਦਾ ਹੈ, ਜੋ ਕਿ ਘਾਤਕ ਹੈ। ਇਸ ਲਈ ਜਦੋਂ ਕਿਸੇ ਮਹਿਲਾਂ ਦਾ ਸੜਕ 'ਤੇ ਪਿੱਛਾ ਕੀਤਾ ਜਾਂਦਾ ਹੈ ਜਾਂ ਉਸ ਨੂੰ ਤੰਗ ਕੀਤਾ ਜਾਂਦਾ ਹੈ ਤਾਂ ਹਰ ਕੋਈ ਕਹਿੰਦਾ ਹੈ ਕਿ ਅਜਿਹਾ ਤਾਂ ਹੁੰਦਾ ਹੀ ਹੈ। ਅਤੇ ਇਸ ਦੇ ਖ਼ਿਲਾਫ਼ ਬਹੁਤ ਘੱਟ ਆਵਾਜ਼ ਚੁੱਕੀ ਜਾਂਦੀ ਹੈ।''
ਇਹ ਬਦਲਾਅ ਰਾਤੋ-ਰਾਤ ਨਹੀਂ ਹੋਵੇਗਾ ਪਰ ਹੋਵੇਗਾ

ਤਸਵੀਰ ਸਰੋਤ, BBC Sport
ਪ੍ਰੋਫੈਸਰ ਲਕਸ਼ਮੀ ਕਹਿੰਦੇ ਹਨ ਕਿ ਹਾਲਾਂਕਿ ਕੁਝ ਫਿਲਮਾਂ ਇਸ ਪੁਰਾਣੇ ਸਾਂਚੇ ਨੂੰ ਤੋੜ ਰਹੀਆਂ ਹਨ।
ਮਿਸਾਲ ਵਜੋਂ, ਫ਼ਿਲਮ ਮਿਸ਼ਨ ਮੰਗਲ ਨੂੰ ਦੇਖੋ, ਜਿਸ ਵਿੱਚ ਇੱਕ ਰਾਕੇਟ ਸਾਇੰਟਿਸਟ ਦੀ ਭੂਮਿਕਾ ਨਿਭਾ ਰਹੇ ਵਿੱਦਿਆ ਬਾਲਨ ਨੂੰ ਜਦੋਂ ਉਨ੍ਹਾਂ ਦਾ ਪਤੀ ਇਹ ਤਾਅਨਾ ਮਾਰਦਾ ਹੈ ਕਿ ਉਹ ਆਪਣੇ ਕੰਮ 'ਤੇ ਜ਼ਿਆਦਾ ਸਮਾਂ ਬਿਤਾਉਂਦੀ ਹੈ ਅਤੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਵਿੱਦਿਆ ਬਾਲਨ ਉਸ ਦਾ ਵਿਰੋਧ ਕਰਦੇ ਹੋਏ ਸਵਾਲ ਪੁੱਛਦੇ ਹਨ ਕਿ ਕੀ ਬੱਚੇ ਪਤੀ ਦੀ ਵੀ ਜ਼ਿੰਮੇਵਾਰੀ ਨਹੀਂ ਹਨ।
ਇਸੇ ਤਰ੍ਹਾਂ ਫ਼ਿਲਮ ਕੁਈਨ ਅਤੇ ਲਿਪਸਟਿਕ ਅੰਡਰ ਮਾਈ ਬੁਰਖਾ ਵੀ ਉਨ੍ਹਾਂ ਮੁੱਠੀ ਭਰ ਫਿਲਮਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਅਗਵਾਈ ਮਹਿਲਾ ਅਦਾਕਾਰਾਂ ਨੇ ਕੀਤੀ ਅਤੇ ਇਹ ਫ਼ਿਲਮਾਂ ਮਜ਼ਬੂਤ ਮਹਿਲਾ ਪਾਤਰਾਂ ਦੇ ਆਲੇ-ਦੁਆਲੇ ਸਿਰਜੀਆਂ ਗਈਆਂ।
ਹਾਂ, ਪਰ ਅਜੇ ਵੀ ਅਜਿਹੀਆਂ ਫ਼ਿਲਮਾਂ ਦੀ ਗਿਣਤੀ ਬਹੁਤ ਘੱਟ ਹੈ।
ਪ੍ਰੋਫੈਸਰ ਲਕਸ਼ਮੀ ਦਾ ਕਹਿਣਾ ਹੈ ਕਿ ਵਿਜ਼ੂਅਲ ਮੀਡੀਆ "ਗੱਲਬਾਤ ਵਿੱਚ ਨਵੇਂ ਬਿਰਤਾਂਤ ਲੈ ਕੇ ਆ ਸਕਦਾ ਹੈ। ਹਾਲਾਂਕਿ ਇਹ ਬਦਲਾਅ ਰਾਤੋ-ਰਾਤ ਤਾਂ ਨਹੀਂ ਹੋਵੇਗਾ, ਪਰ ਇਹ ਸਮੇਂ ਦੇ ਨਾਲ ਹੋ ਜਾਵੇਗਾ"।
ਬਾਲੀਵੁੱਡ ਦਾ ਫਾਰਮੂਲਾ ਹੁਣ ਕੰਮ ਨਹੀਂ ਕਰ ਰਿਹਾ

ਤਸਵੀਰ ਸਰੋਤ, YRF FILMS
ਉਹ ਕਹਿੰਦੇ ਹਨ ਕਿ ਕੋਵਿਡ -19 ਮਹਾਂਮਾਰੀ ਅਤੇ ਤਾਲਾਬੰਦੀ ਨੇ ਪਹਿਲਾਂ ਹੀ ਅੱਗੇ ਦਾ ਰਸਤਾ ਦਿਖਾ ਦਿੱਤਾ ਹੈ।
"ਸਮਾਜ ਵਿੱਚ ਬਹੁਤ ਸਾਰੇ ਮੰਥਨ ਚੱਲ ਰਹੇ ਹਨ ਅਤੇ ਲੋਕ ਇਸ ਨੂੰ ਦਰਸਾਉਣ ਲਈ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਤਿਆਰ ਕਰ ਰਹੇ ਹਨ। ਓਟੀਟੀ ਪਲੇਟਫਾਰਮਾਂ 'ਤੇ ਬਹੁਤ ਸਾਰੀ ਦਿਲਚਸਪ ਸਮੱਗਰੀ ਹੈ, ਜੋ ਵਧੀਆ ਕੰਮ ਕਰ ਰਹੀ ਹੈ।"
ਦੂਜੇ ਪਾਸੇ, ਬਾਲੀਵੁੱਡ ਦਾ ਫਾਰਮੂਲਾ ਹੁਣ ਕੰਮ ਨਹੀਂ ਕਰ ਰਿਹਾ ਹੈ।
"ਸਾਡੇ ਕੁਝ ਵੱਡੇ ਫ਼ਿਲਮੀ ਸਿਤਾਰਿਆਂ ਜਿਵੇਂ ਕਿ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਦੁਆਰਾ ਕੀਤੀਆਂ ਗਈਆਂ ਕਈ ਮਰਦ-ਪ੍ਰਧਾਨ ਹਿੰਸਕ ਫਿਲਮਾਂ ਬੁਰੀ ਤਰ੍ਹਾਂ ਢਹਿ ਗਈਆਂ। ਸ਼ਾਹਰੁਖ ਖਾਨ ਦੀ ਪਠਾਨ ਇੱਕ ਅਪਵਾਦ ਹੈ।"
ਇਸ ਲਈ ਪ੍ਰੋਫੈਸਰ ਲਕਸ਼ਮੀ ਕਹਿੰਦੇ ਹਨ ਫ਼ਿਲਮ ਉਦਯੋਗ ਨੂੰ ਆਪਣੇ ਕੰਮ ਕਰਨ ਦੇ ਢੰਗ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।
ਉਨ੍ਹਾਂ ਮੁਤਾਬਕ, "ਆਮ ਸੋਚ ਇਹੀ ਹੈ ਕਿ ਜ਼ਿਆਦਾਤਰ ਦਰਸ਼ਕ ਪੁਰਸ਼ ਹਨ, ਇਸ ਲਈ ਫਿਲਮਾਂ ਵੀ ਉਨ੍ਹਾਂ ਲਈ ਹੀ ਬਣਾਈਆਂ ਜਾ ਰਹੀਆਂ ਹਨ। ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਫਿਲਮਾਂ ਨਾ ਕਰੋ, ਪਰ ਫਿਲਮਾਂ ਦਾ ਇੱਕ ਸਪੈਕਟ੍ਰਮ ਬਣਾਓ ਤਾਂ ਜੋ ਵਿਭਿੰਨਤਾ ਹੋਵੇ।"
ਉਹ ਕਹਿੰਦੇ ਹਨ ਕਿ ਬਾਲੀਵੁੱਡ ਇੰਨਾ ਜ਼ਿਆਦਾ ਮਰਦ ਪ੍ਰਧਾਨ ਇਸ ਕਾਰਨ ਵੀ ਹੈ ਕਿਉਂਕਿ ਇੱਥੇ ਪਰਦੇ ਦੇ ਪਿੱਛੇ ਕੰਮ ਕਰਨਾ ਵਾਲੀਆਂ ਔਰਤਾਂ ਵੀ ਬਹੁਤ ਘੱਟ ਹਨ। ਖਾਸਕਰ ਫ਼ਿਲਮ ਨਿਰਮਾਣ ਸਬੰਧੀ ਵਿਭਾਗਾਂ ਵਿੱਚ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ।
ਟਿਸ ਨੇ ਜਿਨ੍ਹਾਂ ਫ਼ਿਲਮਾਂ ਦਾ ਅਧਿਐਨ ਕੀਤਾ ਹੈ, ਉਨ੍ਹਾਂ ਦੇ ਕਰੂ ਵਿੱਚ 26,300 ਤੋਂ ਵੱਧ ਪੁਰਸ਼ ਸਨ ਅਤੇ ਜਦਕਿ ਮਹਿਲਾਵਾਂ ਸਿਰਫ਼ ਸਿਰਫ 4,100 ਸਨ।
ਪ੍ਰੋਫੈਸਰ ਲਕਸ਼ਮੀ ਕਹਿੰਦੇ ਹਨ ਕਿ "ਜੇ ਫਿਲਮਾਂ ਵਿਭਿੰਨ ਦਰਸ਼ਕਾਂ ਲਈ, ਪਰਦੇ ਦੇ ਪਿੱਛੇ ਵਿਭਿੰਨ ਲੋਕਾਂ ਦੁਆਰਾ ਬਣਾਈਆਂ ਜਾਣਗੀਆਂ, ਤਾਂ ਕਹਾਣੀਆਂ ਵੀ ਵਿਭਿੰਨ ਹੋਣਗੀਆਂ।"













