ਮਿਸ ਵਰਲਡ ਮੁਕਾਬਲੇ ਦੀਆਂ ‘ਸੁੰਦਰੀਆਂ’ ਨੂੰ ਜਦੋਂ ਭਾਰਤ ’ਚ ‘ਬੰਦੀਆਂ’ ਵਾਂਗ ਰਹਿਣਾ ਪਿਆ

ਤਸਵੀਰ ਸਰੋਤ, Getty Images
ਆਉਣ ਵਾਲੇ ਮਿਸ ਵਰਲਡ ਮੁਕਾਬਲੇ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੇ ਜਾਣ ਦੇ ਐਲਾਨ ਨੇ ਉਹ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਜਦੋਂ ਪਿਛਲੀ ਵਾਰ ਭਾਰਤ ਵਿੱਚ ਇਹ ਮੁਕਾਬਲਾ ਕਰਵਾਏ ਜਾਣ ’ਤੇ ਹਿੰਸਕ ਪਰਦਰਸ਼ਨ ਹੋਏ ਸਨ।
ਇਸ ਦੌਰਾਨ ਆਤਮਦਾਹ ਦੀਆਂ ਧਮਕੀਆਂ ਅਤੇ ਸੱਭਿਆਚਾਰ ਦੇ ਖ਼ਾਤਮੇ ਬਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ।
ਬੀਬੀਸੀ ਪੱਤਰਕਾਰ ਜੋਇਆ ਮਾਤੀਨ ਨੇ ਉਸ ਵੇਲੇ ਨੂੰ ਯਾਦ ਕਰਦਿਆਂ ਭਾਂਪਣ ਦੀ ਕੋਸ਼ਿਸ਼ ਕੀਤੀ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੀ ਬਦਲਿਆ ਹੈ।
ਉਹ ਸਾਲ ਸੀ 1996 ਦਾ, ਭਾਰਤ ਨੇ ਕੁਝ ਹੀ ਸਾਲ ਪਹਿਲਾਂ ਸੁਰੱਖਿਆਵਾਦੀ ਨੀਤੀਆਂ ਛੱਡ ਕੇ ਆਪਣੀ ਮਾਰਕਿਟ ਦੁਨੀਆ ਲਈ ਖੋਲ੍ਹੀ ਸੀ।
ਕੌਮਾਂਤਰੀ ਬਰਾਂਡ ਜਿਵੇਂ ਕਿ ਰੈਵਲੋਨ, ਲੌਰੀਆਲ ਅਤੇ ਕੇਐਫਸੀ ਭਾਰਤ ਵਿੱਚ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਸਨ।
ਕਈ ਵਾਰ ਸਥਾਨਕ ਸਮਾਜਿਕ ਕਾਰਕੁੰਨਾਂ ਅਤੇ ਮਾਲ ਨਿਰਮਾਤਾਵਾਂ ਵਿਚਕਾਰ ਤਣਾਅ ਪੈਦਾ ਹੁੰਦਾ ਸੀ।

ਤਸਵੀਰ ਸਰੋਤ, Getty Images
ਨਾਰੀਵਾਦੀਆਂ ਤੋਂ ਲੈ ਕੇ ਸੱਜੇ ਪੱਖੀਆਂ ਵੱਲੋਂ ਵਿਰੋਧ
ਸੁੰਦਰਤਾ ਮੁਕਾਬਲੇ ਉਦੋਂ ਤੱਕ ਭਾਰਤ ਵਿੱਚ ਮਸ਼ਹੂਰ ਹੋ ਚੁੱਕੇ ਸੀ। ਦੋ ਸਾਲ ਪਹਿਲਾਂ ਸੁਸ਼ਮਿਤਾ ਸੇਨ, ਮਿਸ ਯੂਨੀਵਰਸ ਅਤੇ ਐਸ਼ਵਰਿਆ ਰਾਏ, ਮਿਸ ਵਰਲਡ ਬਣੀਆਂ ਸਨ। ਇਸ ਤੋਂ ਬਾਅਦ ਉਹ ਬਾਲੀਵੁੱਡ ਸਟਾਰ ਬਣੀਆਂ।
ਲੱਖਾਂ ਮੁਟਿਆਰਾਂ ਨੇ ਉਨ੍ਹਾਂ ਦੇ ਨਕਸ਼ੇ ਕਦਮ ਉੱਤੇ ਚਲਦਿਆਂ ਆਪਣਾ ਕਰੀਅਰ ਬਣਾਉਣ ਦਾ ਸੁਫ਼ਨਾ ਦੇਖਿਆ। ਹਾਲਾਂਕਿ, ਕਈਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਸਰੀਰਕ ਸੁੰਦਰਤਾ ‘ਤੇ ਜ਼ੋਰ ਦੇਣ ਦੀ ਨਿੰਦਾ ਕੀਤੀ।
ਪਰ ਈਵੈਂਟ ਤੋਂ ਕੁਝ ਹਫ਼ਤੇ ਪਹਿਲਾਂ, ਹਿੰਸਕ ਮੁਜ਼ਾਹਰੇ ਸ਼ੁਰੂ ਹੋ ਗਏ। ਇਤਰਾਜ਼ ਜਤਾਉਣ ਵਾਲੇ ਗਰਮਸੁਰ ਵਾਲੇ ਕਿਸਾਨਾਂ ਤੋਂ ਲੈ ਕੇ ਨਾਰੀਵਾਦੀ, ਨਾਰੀਵਾਦੀ ਤੋਂ ਲੈ ਸੱਜੇ ਪੱਖੀ ਸਿਆਸਤਦਾਨ ਸਨ।
ਇਨ੍ਹਾਂ ਮੁਜ਼ਾਹਰਿਆਂ ਨੇ ਕੌਮਾਂਤਰੀ ਪੱਧਰ ‘ਤੇ ਸੁਰਖ਼ੀਆਂ ਬਟੋਰੀਆਂ। ਪ੍ਰਤੀਭਾਗੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਵਿਮਸੂਟ ਗੇੜ ਨੂੰ ਬਾਹਰ ਰੱਖਿਆ ਗਿਆ।
ਲਾਸ ਏਂਜਲਸ ਟਾਈਮਜ਼ ਨੇ ਲਿਖਿਆ ਸੀ, “ਇਸ ਮੁਕਾਬਲੇ ਦੀ ਵਕਾਲਤ ਕਰਨ ਵਾਲਿਆਂ ਨੂੰ ਯਕੀਨ ਕਰਨਾ ਔਖਾ ਹੋ ਰਿਹਾ ਹੈ ਕਿ ਇੱਕ ਸਧਾਰਨ ਮੁਕਾਬਲੇ ਨਾਲ ਇੰਨੀਂ ਗੜਬੜੀ ਪੈਦਾ ਹੋ ਗਈ।”

ਤਸਵੀਰ ਸਰੋਤ, Getty Images
ਵਿਸ਼ਵੀਕਰਨ ਨਾਲ ਸੱਭਿਆਚਾਰ ’ਤੇ ਸੱਟ
ਫ਼ਿਲਮਕਾਰ ਪਰੋਮਿਰਤਾ ਵੋਹਰਾ ਕਹਿੰਦੇ ਹਨ ਕਿ ਇਸ ਪ੍ਰਤੀਕਰਮ ਨੇ ਰੂੜੀਵਾਦੀ ਵਿਚਾਰਾਂ ਅਤੇ ਆਧੁਨਿਕ ਚਮਕਦੀ ਦੁਨੀਆ ਵਿਚਕਾਰ ਖਿਚੋਤਾਣ ਪੈਦਾ ਕਰ ਦਿੱਤੀ।
ਉਹ ਕਹਿੰਦੇ ਹਨ, “ਮਿਸ ਵਰਲਡ ਮੁਕਾਬਲਾ ਭਾਰਤ ਵਿੱਚ ਵਿਸ਼ਵੀਕਰਨ ਦੇ ਸਮੇਂ ਆਇਆ। ਇਸ ਨੇ ਸੱਭਿਆਚਾਰ ਨੂੰ ਸੱਟ ਮਾਰੀ ਅਤੇ ਉਸ ਸੱਟ ਨੂੰ ਲੈ ਕੇ ਪ੍ਰਤੀਕਿਰਿਆ ਆਈ।”
ਸਾਲ 1996 ਤੋਂ ਲੈ ਕੇ ਹੁਣ ਤੱਕ ਕਾਫ਼ੀ ਕੁਝ ਬਦਲਿਆ ਹੈ।
ਦੇਸ਼ ਨੇ ਘੱਟੋ-ਘੱਟ ਅੱਧਾ ਦਰਜਨ ਤੋਂ ਵੱਧ ਕੌਮਾਂਤਰੀ ਸੁੰਦਰਤਾ ਮੁਕਾਬਲੇ ਜਿੱਤੇ ਹਨ ਅਤੇ ਹੁਣ ਇੱਥੇ ਮਿਲੀਅਨ ਡਾਲਰ ਦੀ ਫ਼ੈਸ਼ਨ ਇੰਡਸਟਰੀ ਹੈ, ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਇਸ ਦੇ ਕੰਮ ਅਤੇ ਬਾਰੀਕੀ ਵਾਲੀ ਕਾਰੀਗਾਰੀ ਨਾਲ ਜਾਣਿਆ ਜਾਂਦਾ ਹੈ।
ਫ਼ਿਲਮਾਂ ਅਤੇ ਵੈਬ ਸ਼ੋਅ ਕਈ ਰਿਸਕੀ ਵਿਸ਼ਿਆਂ ਨਾਲ ਨਜਿੱਠਦੇ ਹਨ ਅਤੇ ਔਰਤਾਂ ਦੇ ਪਹਿਰਾਵਿਆਂ ਬਾਰੇ ਗੱਲਾਂ ਤੇ ਸੁੰਦਰਤਾ ਦੇ ਮਾਪਦੰਡ ਵਧੇਰੇ ਗਹਿਰੇ ਹੋਏ ਹਨ।
ਸਾਲ 1996 ਦਾ ਮਿਸ ਵਰਲਡ ਮੁਕਾਬਲਾ ਭਾਰਤ ਵਿੱਚ ਸੁਪਰ ਸਟਾਰ ਅਮਿਤਾਭ ਬਚਨ ਦੀ ਕੰਪਨੀ ਨੇ ਕਰਵਾਇਆ ਸੀ।
ਰਿਪੋਰਟਾਂ ਮੁਤਾਬਕ, ਕੰਪਨੀ ਨੇ ਈਵੈਂਟ ਲਈ 2000 ਤੋਂ ਵੱਧ ਟੈਕਨੀਸ਼ੀਅਨ, 500 ਡਾਂਸਰ ਅਤੇ 16 ਹਾਥੀ ਰੱਖੇ ਸੀ।
ਪਰ ਸ਼ੋਅ ਤੋਂ ਕੁਝ ਹਫ਼ਤੇ ਪਹਿਲਾਂ, ਬੰਗਲੁਰੂ (ਬੈਂਗਲੌਰ ਜਿੱਥੇ ਮੁਕਾਬਲਾ ਹੋਣਾ ਸੀ) ਵਿੱਚ ਹਿੰਸਕ ਮੁਜ਼ਾਹਰੇ ਸ਼ੁਰੂ ਹੋ ਗਏ।

ਮਿਸ ਵਰਲਡ ਮੁਕਾਬਲੇ ਬਾਰੇ ਖਾਸ ਗੱਲਾਂ:
- ਆਉਣ ਵਾਲੇ ਮਿਸ ਵਰਲਡ ਮੁਕਾਬਲੇ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੇ ਜਾਣ ਦਾ ਐਲਾਨ
- ਦਹਾਕਿਆਂ ਪਹਿਲਾਂ ਭਾਰਤ ਵਿੱਚ ਇਹ ਮੁਕਾਬਲਾ ਕਰਵਾਏ ਜਾਣ ’ਤੇ ਹਿੰਸਕ ਪਰਦਰਸ਼ਨ ਹੋਏ ਸਨ
- ਨਾਰੀਵਾਦੀਆਂ ਤੋਂ ਲੈ ਕੇ ਕਿਸਾਨਾਂ, ਖੱਬੇ ਪੱਖੀਆਂ ਤੇ ਸੱਜੇ ਪੱਖੀਆਂ ਨੇ ਇਸ ਦੇ ਵਿਰੋਧ ਕੀਤਾ ਸੀ
- ਕੁਝ ਲੋਕਾਂ ਵੱਲੋਂ ਮਿਸ ਵਰਲਡ ਮੁਕਾਬਲੇ ਨੂੰ ਔਰਤਾਂ ਲਈ ਨਵੇਂ ਰਾਹ ਖੋਲਣ ਵਾਲਾ ਵੀ ਮੰਨਿਆ ਜਾਂਦਾ ਹੈ

ਮਹਿਲਾ ਸੰਸਥਾਵਾਂ ਦੇ ਮੈਂਬਰਾਂ ਨੇ ਇਕੱਠਿਆਂ ਆਤਮਦਾਹ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਹਵਸ ਅਤੇ ਦੇਹ ਵਪਾਰ ਨੂੰ ਵਧਾਉਣਗੇ।
ਇਸ ਗਰੁੱਪ ਦੇ ਇੱਕ ਮੈਂਬਰ ਨੇ ‘ਦਿ ਵਾਸ਼ਿੰਗਟਨ ਪੋਸਟ’ ਨੂੰ ਕਿਹਾ, “ਮਿਨੀ ਸਕਰਟ ਪਾਉਣਾ ਸਾਡੇ ਰਵਾਇਤੀ ਸੱਭਿਆਚਾਰ ਦਾ ਹਿੱਸਾ ਨਹੀਂ ਹੈ।”
ਸੀਐਨਐਨ ਨੇ ਰਿਪੋਰਟ ਕੀਤਾ ਕਿ ਇੱਕ ਪਰਦਰਸ਼ਨ ਦੌਰਾਨ ਇੱਕ ਆਦਮੀ ਨੇ ਖ਼ੁਦਕੁਸ਼ੀ ਕਰ ਲਈ।
ਭਾਜਪਾ ਨੇ ਵੀ ਇਸ ਮੁਕਾਬਲੇ ਦਾ ਵਿਰੋਧ ਕੀਤਾ ਸੀ। ਕਿਸਾਨਾਂ ਨੇ ਉਸ ਸਟੇਡੀਅਮ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ ਜਿੱਥੇ ਇਹ ਮੁਕਾਬਲਾ ਕਰਵਾਇਆ ਜਾਣਾ ਸੀ (ਪਰ ਉੱਥੇ ਮੁਕਾਬਲਾ ਨਹੀਂ ਹੋਇਆ ਸੀ)
ਕਈ ਨਾਰੀਵਾਦੀ ਵੀ ਪਰਦਰਸ਼ਨਾਂ ਵਿੱਚ ਉੱਤਰੇ। ਇੱਕ ਗਰੁੱਪ ਨੇ ਮੁਕਾਬਲੇ ਦੇ ਖ਼ਿਲਾਫ਼ ਇੱਕ ਨਕਲੀ ਮੁਕਾਬਲੇ ਵਿੱਚ ‘ਮਿਸ ਗਰੀਬੀ’ ਅਤੇ ‘ਮਿਸ ਬੇਘਰ’ ਜਿਹੇ ਖ਼ਿਤਾਬ ਦਿੱਤੇ।

ਤਸਵੀਰ ਸਰੋਤ, Getty Images
‘ਰਾਊਂਡ ਦੇਸ਼ ਤੋਂ ਬਾਹਰ ਰੱਖਿਆ ਤਾਂ ਮੈਂ ਬਿਹਤਰ ਮਹਿਸੂਸ ਕੀਤਾ’
ਹਜ਼ਾਰਾਂ ਪੁਲਿਸ ਵਾਲੇ, ਸ਼ਹਿਰ ਵਿੱਚ ਤੈਨਾਤ ਕੀਤੇ ਗਏ ਸੀ। ਮੁਕਾਬਲੇ ਦੇ ਕਈ ਮੁੱਢਲੇ ਸਮਾਗਮ ਸ਼ਹਿਰ ਦੇ ਬਾਹਰੋਂ-ਬਾਹਰ ਕਰਵਾਏ ਗਏ, ਜਿਨ੍ਹਾਂ ਵਿੱਚ ਇੱਕ ਏਅਰਫੋਰਸ ਬੇਸ ਵੀ ਸ਼ਾਮਲ ਸੀ।
ਸਭ ਤੋਂ ਵੱਧ ਵਿਵਾਦਤ ਰਾਊਂਡ, ਸਵਿਮਸੂਟ ਰਾਊਂਡ ਦੇਸ਼ ਤੋਂ ਬਾਹਰ ਕਰਵਾਇਆ ਗਿਆ।
ਸਾਬਕਾ ਮਾਡਲ ਰਾਣੀ ਜੈਯਾਰਾਜ, ਜਿਸ ਨੇ 1996 ਦੇ ਇਸ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ ਕਹਿੰਦੇ ਹਨ, “ਜਦੋਂ ਉਹ ਰਾਊਂਡ ਦੇਸ਼ ਤੋਂ ਬਾਹਰ ਰੱਖਿਆ ਗਿਆ ਤਾਂ ਮੈਂ ਕਾਫ਼ੀ ਬਿਹਤਰ ਮਹਿਸੂਸ ਕੀਤਾ। ਉਦੋਂ ਤੱਕ, ਮੈਂ ਕਈ ਚੈਨਲਾਂ ਨੂੰ ਇੰਟਰਵਿਊ ਦੇ ਚੁੱਕੀ ਸੀ। ਇੱਕ ਛੋਟੇ ਜਿਹੇ ਟਾਪੂ ’ਤੇ ਜਾਣਾ ਬਹੁਤ ਚੰਗਾ ਲੱਗਿਆ, ਜਿੱਥੇ ਮੈਨੂੰ ਹਰ ਵੇਲੇ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ ਸੀ।”
ਪ੍ਰਤੀਭਾਗੀਆਂ ਨੂੰ ਵਿਵਾਦਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹੋਈ। ਉਨ੍ਹਾਂ ਨੂੰ ਕਿਸੇ ਬਾਹਰੀ ਸੰਪਰਕ ਤੋਂ ਬਿਨ੍ਹਾਂ ਪੰਜ-ਤਾਰਾ ਹੋਟਲ ਵਿੱਚ ਕਈ ਹਫ਼ਤੇ ਰੱਖਿਆ ਗਿਆ।
ਜੈਯਾਰਾਜ ਨੇ ਕਿਹਾ, “ਪਰ ਇਸ ਤਰ੍ਹਾਂ ਆਈਸੋਲੇਟ ਹੋਣਾ ਅਤੇ ਦੋਸਤਾਂ ਤੇ ਪਰਿਵਾਰ ਨੂੰ ਨਾ ਮਿਲ ਸਕਣਾ ਅਜੀਬ ਲੱਗਿਆ।”
ਉਨ੍ਹਾਂ ਕਿਹਾ, “ਅੰਤਿਮ ਮੁਕਾਬਲੇ ਤੋਂ ਘੰਟਿਆਂ ਪਹਿਲਾਂ ਇੱਕ ਪਲ ਸੀ ਜਦੋਂ ਮੈਂ ਤਕਰੀਬਨ ਇਸ ਨੂੰ ਛੱਡਣ ਦਾ ਫ਼ੈਸਲਾ ਲੈ ਲਿਆ ਸੀ, ਕਿਉਂਕਿ ਉਦੋਂ ਤੱਕ ਇਸ ਸਭ ਤੋਂ ਬਹੁਤ ਤੰਗ ਹੋ ਗਈ ਸੀ।”

ਤਸਵੀਰ ਸਰੋਤ, WALTER DHALDHLA
ਵਿਰੋਧ ਕੋਈ ਨਵੀਂ ਗੱਲ ਨਹੀਂ
ਇਹ ਪਹਿਲੀ ਜਾਂ ਆਖ਼ਰੀ ਵਾਰ ਨਹੀਂ ਸੀ ਜਦੋਂ ਸੰਦਰਤਾ ਮੁਕਾਬਲਿਆਂ ਅਤੇ ਔਰਤਾਂ ਦੇ ਸਵਿਮ ਸੂਟ ਪਾਉਣ ਖ਼ਿਲਾਫ਼ ਅਜਿਹੀ ਪ੍ਰਤੀਕਿਰਿਆ ਆਈ ਹੋਵੇ।
ਸਾਲ 1968 ਵਿੱਚ, ਇੱਕ ਨਾਰੀਵਾਦੀ ਸੰਸਥਾ ਨੇ ਮਿਸ ਅਮਰੀਕਾ ਮੁਕਾਬਲੇ ਦੇ ਬਾਹਰ ਇੱਕ ਈਵੈਂਟ ਕਰਵਾਇਆ ਜਿੱਥੇ ਪ੍ਰਦਰਸ਼ਨਕਾਰੀਆ ਨੇ ਸੁੰਦਰਤਾ ਉਤਪਾਦਾਂ ਨਾਲ ਡਸਟਬਿਨ ਭਰ ਦਿੱਤਾ।
ਦੋ ਸਾਲ ਬਾਅਦ, ਕਾਰਕੁੰਨ ਯੂਕੇ ਦੇ ਰੌਇਲ ਐਲਬਰਟਾ ਹਾਲ ਵਿੱਚ ਦਾਖਲ ਹੋਏ ਅਤੇ ਔਰਤਾਂ ਦੀ ਅਜ਼ਾਦੀ ਦੇ ਪੱਖ ਵਿੱਚ ਮਿਸ ਵਰਲਡ ਦੀ ਸਟੇਜ ‘ਤੇ ਆਟਾ ਅਤੇ ਸੜੀਆਂ ਹੋਈਆਂ ਸਬਜ਼ੀਆਂ ਸੁੱਟੀਆਂ।
ਸਾਲ 2013 ਵਿੱਚ, ਵਿਸ਼ਵ ਸੁੰਦਰੀ ਮੁਕਾਬਲੇ ਦਾ ਫ਼ਾਈਨਲ ਇੰਡੋਨੇਸ਼ੀਆ ਦੀ ਰਾਜਧਾਨੀ ਜਕਰਾਤਾ ਤੋਂ ਬਦਲ ਕੇ ਬਾਲੀ ਵਿਖੇ ਰੱਖਿਆ ਗਿਆ, ਕਿਉਂਕਿ ਰੂੜੀਵਾਦੀ ਮੁਸਲਿਮ ਸੰਗਠਨਾਂ ਨੇ ਇੱਥੇ ਵੀ ਕਈ ਹਫ਼ਤਿਆਂ ਤੱਕ ਪਰਦਰਸ਼ਨ ਕੀਤੇ ਸੀ।
ਬਿਕਨੀ ਰਾਊਂਡ ਰੱਦ ਕੀਤਾ ਗਿਆ ਸੀ ਅਤੇ ਪ੍ਰਤੀਭਾਗੀਆਂ ਰਵਾਇਤੀ ਬਾਲੀਨੀਜ਼ ਸਰੋਗ ਪਹਿਨੇ ਸੀ।
ਸਾਲ 1996 ਵਿੱਚ, ਸਵਿਮਸੂਟ ਭਾਰਤ ਲਈ ਕੋਈ ਬਹੁਤ ਨਵੀਂ ਚੀਜ਼ ਨਹੀਂ ਸੀ।
ਵੋਹਰਾ ਕਹਿੰਦੇ ਹਨ ਕਿ ਕਈ ਬਾਲੀਵੁੱਡ ਅਭਿਨੇਤਰੀਆਂ ਪਹਿਲਾਂ ਹੀ ਇਸ ਸਟੀਰੀਓਟਾਈਪ ਨੂੰ ਚੁਣੌਤੀ ਦਿੰਦਿਆਂ ਸਵਿਮ ਸੂਟ ਪਹਿਨ ਚੁੱਕੀਆਂ ਸੀ, ਪਰ ਇਹ ਆਮ ਨਹੀਂ ਸੀ। ਕਈ ਭਾਰਤੀ ਪ੍ਰਤੀਭਾਗੀ ਜਿਨ੍ਹਾਂ ਵਿੱਚ ਆਸ਼ਵਰਿਆ ਰਾਏ ਅਤੇ ਸੁਸ਼ਮਿਤਾ ਸੇਨ ਸ਼ਾਮਿਲ ਹਨ, ਵੀ ਵਿਦੇਸ਼ਾਂ ਵਿੱਚ ਅਜਿਹੇ ਮੁਕਾਬਲਿਆਂ ਦੌਰਾਨ ਸਵਿਮ ਸੂਟ ਰਾਊਂਡ ਵਿੱਚ ਹਿੱਸਾ ਲੈ ਚੁੱਕੀਆਂ ਸੀ।”

ਤਸਵੀਰ ਸਰੋਤ, Getty Images
ਕੀ ਭਾਰਤ ’ਚ ਸੁੰਦਰਤਾ ਮੁਕਾਬਲੇ ਓਨੇ ਹੀ ਪ੍ਰੰਸਗਿਕ ਹਨ?
ਇਨ੍ਹਾਂ ਪਰਦਰਸ਼ਨਾਂ ਦੇ ਤਕਰੀਬਨ ਤਿੰਨ ਦਹਾਕਿਆਂ ਬਾਅਦ ਵੀ, ਕੀ ਭਾਰਤ ਵਿੱਚ ਸੁੰਦਰਤਾ ਮੁਕਾਬਲੇ ਓਨੇ ਹੀ ਪ੍ਰੰਸਗਿਕ ਹਨ ?
ਇੱਕ ਸਮਾਂ ਸੀ ਜਦੋਂ ਇਨ੍ਹਾਂ ਨਾਲ ਔਰਤਾਂ ਨੂੰ ਗਰੈਮਲਸ ਦੁਨੀਆ ਵਿੱਚ ਦਾਖਲ ਹੋਣ ਦਾ ਮੌਕਾ ਮਿਲਦਾ ਸੀ ਜੋ ਕਿ ਆਰਥਿਕ ਪੱਖੋਂ ਵੀ ਇੱਕ ਚੰਗੀ ਦੁਨੀਆ ਸੀ- ਜੇ ਤੁਸੀਂ ਮਾਡਲ ਬਣ ਜਾਂਦੇ ਹੋ ਤਾਂ ਦੁਨੀਆ ਘੁੰਮ ਸਕਦੇ ਹੋ, ਇੱਕ ਚਿਹਰਾ ਬਣ ਸਕਦੇ ਹੋ।
ਇੱਥੋਂ ਤੱਕ ਕਿ ਫਾਇਰਬਰਾਂਡ ਅਮਰੀਕੀ ਨਾਰੀਵਾਦੀ ਗਲੋਰੀਆ ਸਟੀਨੇਮ ਨੇ ਵੀ ਆਪਣੀ ਅੱਲ੍ਹੜ ਉਮਰ ਵਿੱਚ ਅਜਿਹੇ ਮੁਕਾਬਲੇ ਵਿਚ ਹਿੱਸਾ ਲਿਆ ਸੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਗਰੀਬੀ ਦੀ ਜ਼ਿੰਦਗੀ ਤੋਂ ਬਾਹਰ ਨਿਕਲਣ ਦੇ ਰਸਤੇ ਜਿਹਾ ਜਾਪਿਆ ਸੀ।
ਰਾਣੀ ਜੈਯਾਰਜ ਕਹਿੰਦੇ ਹਨ, “ਭਾਰਤ ਵਿੱਚ, ਇਹ ਮੁਕਾਬਲੇ ਬਾਲੀਵੁੱਡ ਵਿੱਚ ਦਾਖਲੇ ਦਾ ਤਰੀਕਾ ਵੀ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਲੈ ਕੇ ਗਲੈਮਰ ਘਟ ਨਹੀਂ ਰਿਹਾ।”
ਔਰਤਾਂ ਦੀ ਸਰੀਰਕ ਦਿੱਖ ਬਾਰੇ ਨਵੇਂ ਵਿਚਾਰ
ਪਰ ਕਈ ਮੁਟਿਆਰਾਂ ਇਸ ਨੂੰ ਹੀ ਆਪਣੇ ਸੁਫ਼ਨੇ ਸੱਚ ਕਰਨ ਦਾ ਰਾਹ ਨਹੀਂ ਮੰਨਦੀਆਂ।
ਵੋਹਰਾ ਕਹਿੰਦੇ ਹਨ ਕਿ ਸੁੰਦਰਤਾ ਮੁਕਾਬਲੇ ਕਦੇ ਵੀ ਅਸਲ ਖੂਬਸੂਰਤੀ ਜਾਂ ਆਦਰਸ਼ ਮਿਆਰ ਦੇ ਪੈਰੋਕਾਰ ਨਹੀਂ ਸੀ, ਉਹ ਕਹਿੰਦੇ ਹਨ ਕਿ ਇਹ ਮਾਰਕੀਟ ਵਿੱਚ ਜਕੜਿਆ ਇੱਕ ਆਰਥਿਕ ਵਰਤਾਰਾ ਹੈ।
ਜਦੋਂ ਭਾਰਤ ਵਿੱਚ ਮਿਸ ਵਰਲਡ ਪ੍ਰਸਿੱਧ ਹੋਇਆ, ਇਹ ਸੁੰਦਰਤਾ ਦਾ ਇੱਕ ਵੱਖਰਾ ਵਿਚਾਰ ਲੈ ਕੇ ਆਇਆ, ਜਿਸ ਵਿੱਚ ਪਤਲੀ ਕਮਰ, ਸੋਹਣੇ ਕੱਪੜੇ ਅਤੇ ਤਰਾਸ਼ਿਆ ਚਿਹਰਾ ਸੀ।
ਉਦਾਹਰਨ ਵਜੋਂ ਤੀਹ ਸਾਲ ਪਹਿਲਾਂ ਦੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਔਰਤਾਂ ਸੁੰਦਰਤਾ ਦੇ ਗਲੋਬਲਾਈਜ਼ਡ ਸੁਪਰਮਾਡਲ ਮਿਆਰ ਦੇ ਮੁਕਾਬਲੇ ਵਧੇਰੇ ਗੁੰਦਵੀਆਂ ਹੁੰਦੀਆਂ ਸੀ।
ਪਰ ਕੌਮਾਂਤਰੀ ਮੁਕਾਬਲਿਆਂ ਨੇ ਔਰਤਾਂ ਦੀ ਸਰੀਰਕ ਦਿੱਖ ਬਾਰੇ ਨਵੇਂ ਵਿਚਾਰ ਲਿਆਂਦੇ ਹਨ।
ਵੋਹਰਾ ਕਹਿੰਦੇ ਹਨ ਕਿ ਅੱਜ ਭਾਰਤੀ ਔਰਤਾਂ ਮੌਕਿਆਂ ਲਈ ਅਜਿਹੇ ਮੁਕਾਬਲਿਆਂ ਉੱਤੇ ਨਿਰਭਰ ਨਹੀਂ ਹਨ।
ਉਨ੍ਹਾਂ ਮੁਤਾਬਕ, “ਇਸੇ ਲਈ ਮੈਨੂੰ ਲਗਦਾ ਹੈ ਕਿ ਭਾਰਤ ਵਿੱਚ ਅਗਲਾ ਵਿਸ਼ਵ ਸੁੰਦਰੀ ਮੁਕਾਬਲੇ ਦੂਜੇ ਮੁਕਾਬਲਿਆਂ ਦੀਆਂ ਤਰ੍ਹਾਂ ਦਾ ਇੱਕ ਈਵੈਂਟ ਹੋਏਗਾ।”
ਮੁਕਾਬਲੇ ਦੇ ਸਮਰਥਕਾਂ ਲਈ, ਇਹ ਹਾਲੇ ਵੀ ਇੱਕ ਦੁਨੀਆ ਹੈ, ਜਿਸ ਨੂੰ ਉਹ ਬਹੁਤ ਪਿਆਰ ਕਰਦੇ ਹਨ ਅਤੇ ਜਿਸ ਉੱਤੇ ਯਕੀਨ ਰੱਖਦੇ ਹਨ। ਉਨ੍ਹਾਂ ਲਈ ਇਹ ਸਿਰਫ਼ ਅਤੀਤ ਦਾ ਅਵਸ਼ੇਸ਼ ਨਹੀਂ।
ਸਾਲ 1996 ਦੇ ਮੁਕਾਬਲੇ ਵਿੱਚ ਜੱਜ ਰਹੇ ਫ਼ੈਸ਼ਨ ਡਿਜ਼ਾਈਨਰ ਪ੍ਰਸਾਦ ਬਿਡਾਪਾ ਕਹਿੰਦੇ ਹਨ, “ਇਹ ਮੁਕਾਬਲੇ ਸਿਰਫ਼ ਸੁੰਦਰਤਾ ਦਿਖਾਉਣ ਲਈ ਨਹੀਂ ਹਨ, ਬਲਕਿ ਦਿਮਾਗੀ ਸੂਝ-ਬੂਝ ਅਤੇ ਪ੍ਰਾਪਤੀਆਂ ਨੂੰ ਵੀ ਗਲੋਬਲ ਸਟੇਜ ‘ਤੇ ਪੇਸ਼ ਕਰਨ ਦਾ ਮੌਕਾ ਹੈ। ਇਹ ਉਨ੍ਹਾਂ ਦਾ ਦੁਨੀਆ ਲਈ ਪਾਸਪੋਰਟ ਹੈ।”
ਉਨ੍ਹਾਂ ਮੁਤਾਬਕ, ਸੁੰਦਰਤਾ ਮੁਕਾਬਲਿਆਂ ਦੇ ਲੁਭਾਉਣ ਨੂੰ ਦੂਰ ਕਰਨਾ ਸੰਭਵ ਨਹੀਂ, ਕਿਉਂਕਿ ਆਖਿਰਕਾਰ ਹਰ ਕੋਈ ਬਿਹਤਰ ਦਿਸਣਾ ਚਾਹੁੰਦਾ ਹੈ ਅਤੇ ਵੱਡੇ ਸੁਫ਼ਨੇ ਦੇਖਣਾ ਚਾਹੁੰਦਾ ਹੈ।
“ਕਈ ਲੋਕ ਵਿਗਿਆਨ ਵਿੱਚ ਹੁਸ਼ਿਆਰ ਹੁੰਦੇ ਹਨ, ਉਹ ਵਿਗਿਆਨੀ ਬਣਦੇ ਹਨ। ਕਈ ਲੋਕ ਖ਼ੂਬਸੂਰਤ ਹੁੰਦੇ ਹਨ, ਉਹ ਸੁਪਰਸਟਾਰ ਬਣਦੇ ਹਨ।”












