ਮਾਪੇ ਤਸ਼ੱਦਦ ਸਹਿ ਲੈਂਦੇ ਹਨ ਪਰ ਔਲਾਦ ਤੋਂ ਵੱਖ ਕਿਉਂ ਨਹੀਂ ਹੁੰਦੇ ਹਨ

ਮਾਪੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)
    • ਲੇਖਕ, ਆਦਰਸ਼ ਰਾਠੌਰ
    • ਰੋਲ, ਬੀਬੀਸੀ ਲਈ

“ਪਰਿਵਾਰ ਦਾ ਕੋਈ ਵੀ ਅਜਿਹਾ ਮੈਂਬਰ ਨਹੀਂ ਹੈ ਜਿਸ ਨੂੰ ਉਸ ਨੇ ਕੁੱਟਿਆ ਨਾ ਹੋਵੇ। ਇਕ ਵਾਰ ਉਸ ਨੇ ਆਪਣੀ ਮਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਨ੍ਹਾਂ ਦੀ ਬਾਂਹ ਦੀ ਹੱਡੀ ਟੁੱਟ ਗਈ। ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਸਿਰ 'ਤੇ ਡੰਡੇ ਨਾਲ ਵਾਰ ਕੀਤਾ।"

ਸ਼ਿਮਲਾ ਨੇੜੇ ਇੱਕ ਪਿੰਡ ਵਿੱਚ ਰਹਿਣ ਵਾਲੇ ਧਰਮਵੀਰ (ਬਦਲਿਆ ਹੋਇਆ ਨਾਮ) ਦਾ ਕਹਿਣਾ ਹੈ ਕਿ ਉਸ ਦਾ ਛੋਟਾ ਪੁੱਤਰ ਅਕਸਰ ਸ਼ਰਾਬ ਪੀ ਕੇ ਹਿੰਸਕ ਹੋ ਜਾਂਦਾ ਹੈ।

ਧਰਮਵੀਰ ਕਹਿੰਦਾ ਹੈ, “ਪਹਿਲਾਂ ਉਹ ਠੀਕ ਸੀ ਪਰ ਕਾਲਜ ਜਾਣ ਤੋਂ ਬਾਅਦ ਉਹ ਬਦਲਣ ਲੱਗਾ। ਅਕਸਰ ਉਹ ਸ਼ਰਾਬ ਪੀ ਕੇ ਘਰ ਪਰਤਦਾ ਅਤੇ ਜੇਕਰ ਅਸੀਂ ਇਤਰਾਜ਼ ਕਰਦੇ ਤਾਂ ਹੰਗਾਮਾ ਕਰਦਾ।"

"ਇੱਕ ਵਾਰ ਉਸ ਨੇ ਆਪਣੀ ਮਾਂ ਤੋਂ ਪੈਸੇ ਮੰਗੇ, ਜਦੋਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਉਸ ਨੇ ਉਸ ਨੂੰ ਧੱਕਾ ਦੇ ਦਿੱਤਾ। ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਉਸ ਨੂੰ ਘਰੋਂ ਨਿਕਲ ਜਾਣ ਲਈ ਕਿਹਾ।"

ਪਰ ਧਰਮਵੀਰ ਨੇ ਦੋ ਦਿਨ ਬਾਅਦ ਹੀ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਪੁੱਤਰ ਨੂੰ ਵਾਪਸ ਬੁਲਾ ਲਿਆ ਸੀ।

ਬੱਚੇ ਅਤੇ ਮਾਪੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਉਹ ਦੱਸਦੇ ਹਨ, “ਮੈਂ ਸੋਚਿਆ ਸੀ ਕਿ ਵਿਚਾਰਾ ਕਿੱਥੇ ਭਟਕੇਗਾ। ਕੁਝ ਮਹੀਨਿਆਂ ਲਈ ਸਭ ਕੁਝ ਠੀਕ ਰਿਹਾ, ਪਰ ਫਿਰ ਚੀਜ਼ਾਂ ਵਿਗੜਣ ਲੱਗੀਆਂ। ਉਸ ਨੇ ਨਸ਼ਾ ਕਰ ਕੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਸੀਂ ਸ਼ਰਮ ਦੇ ਮਾਰੇ ਚੁੱਪ ਕਰ ਗਏ। ਉਸ ਨੇ ਨਾ ਤਾਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਨਾ ਹੀ ਕੋਈ ਨੌਕਰੀ ਕੀਤੀ।"

“ਬਦਨਾਮ ਇੰਨਾ ਹੋਇਆ ਕਿ ਉਸ ਦਾ ਵਿਆਹ ਵੀ ਨਹੀਂ ਹੋਇਆ। ਹੁਣ ਉਹ 45 ਸਾਲਾਂ ਦਾ ਹੈ ਅਤੇ ਮੇਰੀ ਪੈਨਸ਼ਨ 'ਤੇ ਨਿਰਭਰ ਹੈ। ਉਸ ਦੇ ਵਿਵਹਾਰ ਤੋਂ ਤੰਗ ਆ ਕੇ ਵੱਡਾ ਨੂੰਹ-ਪੁੱਤਰ ਵੱਖ ਰਹਿਣ ਲੱਗ ਪਏ ਹਨ।"

"ਹੁਣ ਸਾਡੀ ਵੀ ਉਮਰ ਹੋ ਚੱਲੀ ਹੈ। ਪਤਾ ਨਹੀਂ ਸਾਡੇ ਬਾਅਦ ਉਸ ਦਾ ਕੀ ਬਣੇਗਾ।"

ਧਰਮਵੀਰ ਵਰਗੇ ਕਈ ਮਾਪੇ ਹਨ ਜੋ ਆਪਣੇ ਬੱਚਿਆਂ ਤੋਂ ਲਗਾਤਾਰ ਮਿਲ ਰਹੇ ਤਣਾਅ, ਪਰੇਸ਼ਾਨੀ ਅਤੇ ਸ਼ੋਸ਼ਣ ਤੋਂ ਮੁਕਤੀ ਚਾਹੁੰਦੇ ਹਨ।

ਉਹ ਜਾਣਦੇ ਹਨ ਕਿ ਇਸ ਖ਼ਤਰਨਾਕ ਰਿਸ਼ਤੇ ਨੂੰ ਤੋੜਨਾ ਜ਼ਰੂਰੀ ਹੈ, ਪਰ ਉਹ ਚਾਹੁੰਦੇ ਹੋਏ ਵੀ ਅਜਿਹਾ ਨਹੀਂ ਕਰ ਸਕ ਰਹੇ।

ਬੱਚੇ ਅਤੇ ਮਾਪੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਤੇ ਮਾਪਿਆਂ ਦੇ ਰਿਸ਼ਤਾ ਅਟੁੱਟ ਮੰਨਿਆ ਜਾਂਦਾ ਹੈ

'ਅਟੁੱਟ' ਰਿਸ਼ਤਾ

ਮਾਂ-ਬਾਪ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਪਿਆਰ ਦਾ ਅਜਿਹਾ ਅਟੁੱਟ ਰਿਸ਼ਤਾ ਮੰਨਿਆ ਜਾਂਦਾ ਹੈ ਜੋ ਹਰ ਸੁੱਖ-ਦੁੱਖ ਵਿੱਚ ਬਣਿਆ ਰਹਿੰਦਾ ਹੈ। ਪਰ ਕੁਝ ਮਾਪਿਆਂ ਨੂੰ ਇਹ ਰਿਸ਼ਤਾ ਕਾਇਮ ਰੱਖਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।

ਕਈਆਂ ਦੀ ਜ਼ਿੰਦਗੀ ਵਿਚ ਅਜਿਹਾ ਦੌਰ ਵੀ ਆਉਂਦਾ ਹੈ, ਜਦੋਂ ਉਹ ਭਾਰੀ ਮਨ ਨਾਲ ਇਸ ਰਿਸ਼ਤੇ ਨੂੰ ਤੋੜਨ ਦਾ ਫ਼ੈਸਲਾ ਲੈਂਦੇ ਹਨ।

ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ ਗੱਲ ਕਰਨੀ ਬੰਦ ਕਰ ਦੇਣ ਦੇ ਮਾਮਲਿਆਂ ਦੀ ਚਰਚਾ ਇਨ੍ਹੀਂ ਦਿਨੀਂ ਆਮ ਹੋ ਗਈ ਹੈ। ਮਾਪੇ ਵੀ ਬੱਚਿਆਂ ਨਾਲ ਗੱਲ ਕਰਨਾ ਬੰਦ ਕਰ ਦਿੰਦੇ ਹਨ, ਪਰ ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਮਾਮਲੇ ਘੱਟ ਸਾਹਮਣੇ ਆਉਂਦੇ ਹਨ।

ਬ੍ਰਿਟਿਸ਼ ਸਮਾਜਿਕ ਸੰਸਥਾ ‘ਸਟੈਂਡ ਅਲੋਨ’ ਵੱਲੋਂ 2015 ਵਿੱਚ ਕੀਤੇ ਗਏ ਅਧਿਐਨ ਮੁਤਾਬਕ, ਬੱਚਿਆਂ ਤੋਂ ਵੱਖ ਹੋਏ ਮਾਪਿਆਂ ਵਿੱਚੋਂ ਸਿਰਫ਼ ਪੰਜ ਫ਼ੀਸਦੀ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਵੱਖ ਕਰਨ ਦਾ ਫ਼ੈਸਲਾ ਕੀਤਾ ਸੀ।

ਅਤੇ ਇਨ੍ਹਾਂ ਲੋਕਾਂ ਨੇ ਕਿਹਾ ਕਿ ਅਜਿਹਾ ਫ਼ੈਸਲਾ ਲੈਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਅਤੇ ਦਰਦਨਾਕ ਸੀ। ਇਸ ਫ਼ੈਸਲੇ ਨੇ ਉਸ ਨੂੰ ਇਕੱਲੇਪਣ ਅਤੇ ਨਮੋਸ਼ੀ ਵੱਲ ਵੀ ਧੱਕ ਦਿੱਤਾ ਸੀ।

ਲੂਸੀ ਬਲੇਕ ਇੰਗਲੈਂਡ ਦੀ ਵੈਸਟ ਯੂਨੀਵਰਸਿਟੀ, ਬ੍ਰਿਸਟਲ ਵਿੱਚ ਮਨੋਵਿਗਿਆਨ ਦੀ ਸੀਨੀਅਰ ਲੈਕਚਰਾਰ ਹੈ, ਅਤੇ ਅਸਟਰੈਂਜਮੈਂਟ ਯਾਨਿ ਰਿਸ਼ਤਾ ਤੁੱਟਣ ਦੀ ਮਾਹਰ ਹੈ।

ਉਹ ਕਹਿੰਦੀ ਹੈ, "ਖੋਜ ਅਤੇ ਸੱਭਿਆਚਾਰਕ ਮੁੱਖ ਧਾਰਾ, ਦੋਵਾਂ ਵਿੱਚ ਹੀ ਬੱਚਿਆਂ ਨਾਲ ਸਬੰਧ ਤੋੜ ਵਾਲੇ ਮਾਪੇ ਘੱਟ ਦੇਖਣ ਨੂੰ ਮਿਲਦੇ ਹਨ ਕਿਉਂਕਿ ਇਹ ਇੱਕ ਵਰਜਿਤ ਵਿਸ਼ਾ (ਟੈਬੂ) ਹੈ ਅਤੇ ਲੋਕ ਆਲੋਚਨਾ ਦੇ ਡਰੋਂ ਇਸ ਤਰ੍ਹਾਂ ਦੇ ਅਨੁਭਵ ਸਾਂਝੇ ਕਰਨ ਤੋਂ ਬਚਦੇ ਹਨ।"

ਬੱਚੇ ਅਤੇ ਮਾਪੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਪਿਆਂ ਨੂੰ ਬੱਚੇ ਛੱਡਣੇ ਸੌਖੇ ਨਹੀਂ ਹੁੰਦੇ
ਬੀਬੀਸੀ
  • ਮਾਂ-ਬਾਪ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਪਿਆਰ ਦਾ ਅਜਿਹਾ ਅਟੁੱਟ ਰਿਸ਼ਤਾ ਮੰਨਿਆ ਜਾਂਦਾ ਹੈ ਜੋ ਹਰ ਸੁੱਖ-ਦੁੱਖ ਵਿੱਚ ਬਣਿਆ ਰਹਿੰਦਾ ਹੈ।
  • ਪਰ ਕੁਝ ਮਾਪਿਆਂ ਨੂੰ ਇਹ ਰਿਸ਼ਤਾ ਕਾਇਮ ਰੱਖਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।
  • ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ ਗੱਲ ਕਰਨੀ ਬੰਦ ਕਰ ਦੇਣ ਦੇ ਮਾਮਲਿਆਂ ਦੀ ਚਰਚਾ ਇਨ੍ਹੀਂ ਦਿਨੀਂ ਆਮ ਹੋ ਗਈ ਹੈ।
  • ਮਾਪੇ ਵੀ ਬੱਚਿਆਂ ਨਾਲ ਗੱਲ ਕਰਨਾ ਬੰਦ ਕਰ ਦਿੰਦੇ ਹਨ।
  • ਪਰ ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਮਾਮਲੇ ਘੱਟ ਸਾਹਮਣੇ ਆਉਂਦੇ ਹਨ।
  • ਮਾਪਿਆਂ ਦੇ ਬੱਚਿਆਂ ਨਾਲ ਰਿਸ਼ਤਾ ਤੋੜਨ ਦੇ ਕਾਰਨ ਅਕਸਰ ਉਹੀ ਹੁੰਦੇ ਹਨ, ਜਿਨ੍ਹਾਂ ਕਾਰਨਾਂ ਕਰਕੇ ਬੱਚੇ ਆਪਣੇ ਮਾਪਿਆਂ ਨਾਲੋਂ ਸੰਬੰਧ ਤੋੜਦੇ ਹਨ।
ਬੀਬੀਸੀ

ਜ਼ਿੰਮੇਵਾਰੀ ਦਾ ਬੋਝ

ਮਾਪਿਆਂ ਦੇ ਬੱਚਿਆਂ ਨਾਲ ਰਿਸ਼ਤਾ ਤੋੜਨ ਦੇ ਕਾਰਨ ਅਕਸਰ ਉਹੀ ਹੁੰਦੇ ਹਨ, ਜਿਨ੍ਹਾਂ ਕਾਰਨਾਂ ਕਰਕੇ ਬੱਚੇ ਆਪਣੇ ਮਾਪਿਆਂ ਨਾਲੋਂ ਸੰਬੰਧ ਤੋੜਦੇ ਹਨ।

ਜਿਵੇਂ ਕਿ ਪਰਿਵਾਰਿਕ ਵਿਵਾਦ, ਨਸ਼ੇ ਦੀ ਆਦਤ, ਵਿਚਾਰਧਾਰਕ ਵਖਰੇਵਾ, ਮਾੜਾ ਵਿਵਹਾਰ ਅਤੇ ਹੋਰ। ਪਰ ਬੱਚਿਆਂ ਦੇ ਮੁਕਾਬਲੇ ਮਾਪਿਆਂ ਲਈ ਇਸ ਰਿਸ਼ਤੇ ਨੂੰ ਤੋੜਨਾ ਆਸਾਨ ਨਹੀਂ ਹੁੰਦਾ।

ਲਖਨਊ ਵਿੱਚ ਤਕਰੀਬਨ ਦੋ ਦਹਾਕਿਆਂ ਤੋਂ ਕਾਊਂਸਲਿੰਗ ਕਰ ਰਹੇ ਮਨੋਵਿਗਿਆਨਕ ਰਾਜੇਸ਼ ਪਾਂਡੇ ਇਸ ਦੀ ਵਜ੍ਹਾ ਦੱਸਦੇ ਹਨ ਕਿ ਸਮਾਜਿਕ ਤੌਰ ‘ਤੇ ਮਾਪਿਆਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਬਿਨਾ ਕਿਸੇ ਸ਼ਰਤ ਪਿਆਰ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਦੇ ਰਹਿਣ।

ਉਹ ਕਹਿੰਦੇ ਹਨ, "ਮਾਪੇ ਬੱਚਿਆਂ ਨੂੰ ਜਨਮ ਦਿੰਦੇ ਹਨ, ਉਨ੍ਹਾਂ ਦੀ ਪਰਵਰਿਸ਼ ਕਰਦੇ ਹਨ, ਮਨੋਵਿਗਿਆਨਕ ਤੌਰ ਉੱਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚੇ ਨੂੰ ਅੱਗੇ ਲੈ ਕੇ ਜਾਣਾ ਪੂਰੀ ਤਰ੍ਹਾਂ ਨਾਲ ਸਾਡੀ ਜ਼ਿੰਮੇਵਾਰੀ ਹੈ।"

"ਜਦਕਿ ਬੱਚੇ ਦੇ ਨਜ਼ਰੀਏ ਤੋਂ ਵੇਖੀਏ ਤਾਂ ਉਸ ਨੂੰ ਮਾਪਿਆਂ ਤੋਂ ਹਮੇਸ਼ਾ ਕੁਝ ਨਾ ਕੁਝ ਮਿਲਿਆ ਹੀ ਹੁੰਦਾ ਹੈ, ਉਸ ਨੇ ਕੁਝ ਦਿੱਤਾ ਨਹੀਂ ਹੁੰਦਾ, ਅਜਿਹੇ ਵਿੱਚ ਉਹ ਮਾਪਿਆਂ ਦੇ ਇੰਨਾ ਨੇੜੇ ਨਹੀਂ ਹੁੰਦਾ ਜਿੰਨਾ ਨੇੜੇ ਉੁਸ ਦੇ ਮਾਪੇ ਹੁੰਦੇ ਹਨ।"

ਮਾਪੇ ਆਪਣਾ ਭਵਿੱਖ ਆਪਣੇ ਬੱਚੇ ਵਿੱਚ ਵੇਖਦੇ ਹਨ, ਜਦਕਿ ਬੱਚੇ ਜਦੋਂ ਆਪਣਾ ਭਵਿੱਖ ਵੇਖਦੇ ਹਨ ਤਾਂ ਉਨ੍ਹਾਂ ਦੀ ਤਰਜੀਹ ਕੁਝ ਅਲੱਗ ਹੁੰਦੀ ਹੈ, ਜਿਵੇਂ ਕਰੀਅਰ, ਪੈਸਾ, ਕਾਮਯਾਬੀ, ਮਾਪੇ ਵੀ ਬੱਚਿਆਂ ਦੀਆਂ ਤਰਜੀਹਾਂ ਵਿੱਚ ਹੁੰਦੇ ਹਨ ਪਰ ਉਹ ਪਹਿਲੇ ਨੰਬਰ ਵਿੱਚ ਨਹੀਂ ਹੁੰਦੇ ਪਰ ਮਾਪੇ ਜ਼ਿਆਦਾ ਤੌਰ ‘ਤੇ ਬੱਚੇ ਨੂੰ ਹੀ ਸਭ ਤੋਂ ਉੱਤੇ ਰੱਖਦੇ ਹਨ।

ਇਹ ਹੋ ਸਕਦਾ ਹੈ ਕਿ ਇਹੀ ਕਾਰਨ ਹੈ ਕਿ ਜਦੋਂ ਬੱਚੇ ਪਰੇਸ਼ਾਨ ਕਰ ਰਹੇ ਹੁੰਦੇ ਹਨ, ਦੁਖੀ ਕਰ ਰਹੇ ਹੁੰਦੇ ਹਨ ਤਾਂ ਵੀ ਮਾਪਿਆਂ ਲਈ ਬੱਚਿਆਂ ਨੂੰ ਛੱਡਣਾ ਸੌਖਾ ਨਹੀਂ ਹੁੰਦਾ।

ਮਾਪੇ ਅਤੇ ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਮਾਪੇ ਤੰਗ ਆ ਕੇ ਬੱਚਿਆਂ ਤੋਂ ਵੱਖ ਰਹਿਣ ਦਾ ਫ਼ੈਸਲਾ ਲੈ ਵੀ ਲੈਂਦੇ ਹਨ

ਧਰਮਵੀਰ ਅਤੇ ੳਨ੍ਹਾਂ ਦੀ ਪਤਨੀ ਆਪਣੇ ਪੁੱਤਰ ਦੇ ਹਿੰਸਕ ਵਿਵਹਾਰ ਦੇ ਬਾਵਜੂਦ ਉਸ ਦੇ ਨਾਲ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਵਾਰ ਵੱਡੇ ਪੁੱਤਰ ਕੋਲ ਜਾਣ ਦੀ ਯੋਜਨਾ ਬਣਾਈ ਪਰ ਇਹ ਸੋਚ ਕੇ ਨਹੀਂ ਗਏ ਕਿ ਛੋਟੇ ਪੁੱਤਰ ਦਾ ਕੀ ਹੋਵੇਗਾ।

ਬ੍ਰਿਟੇਨ ਦੀ ਕੇਂਟ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿੱਚ ਕੰਮ ਕਰਨ ਵਾਲੀ ਜੇਨਿਫਰ ਸਟੋਰੀ ਨੇ ਹੋਰ ਵਿਅਕਤੀਆਂ ਨਾਲ ਕੀਤੀ ਜਾਣ ਵਾਲੀ ਹਿੰਸਾ ਦੇ ਵਿਸ਼ੇ ਦਾ ਅਧਿਐਨ ਕੀਤਾ ਹੈ।

ਉਹ ਕਹਿੰਦੀ ਹੈ, "ਮੈਨੂੰ ਇੱਕ ਵੀ ਅਜਿਹਾ ਮਾਮਲਾ ਯਾਦ ਨਹੀਂ ਆ ਰਿਹਾ ਜਿੱਥੇ ਮਾਪੇ ਆਪਣੇ ਬੱਚਿਆਂ ਨਾਲ ਰਿਸ਼ਤਾ ਤੋੜਨਾ ਚਾਹੁੰਦੇ ਹੋਣ। ਲਗਭਗ ਸਾਰੇ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਜਾਂ ਸ਼ੋਸ਼ਣ ਬੰਦ ਹੋ ਜਾਵੇ ਪਰ ਰਿਸ਼ਤਾ ਬਣਿਆ ਰਹੇ।"

ਇਸ ਤਰ੍ਹਾਂ ਦੇ ਹਾਲਾਤ ਵਿੱਚ ਮਾਪੇ ਬੱਚਿਆਂ ਅਤੇ ਉਨ੍ਹਾਂ ਦੇ ਆਸਪਾਸ ਦੇ ਲੋਕਾਂ ਦੇ ਲਈ ਵੀ ਹਕੀਕਤ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਹੁੰਦਾ।

ਲੂਸੀ ਬਲੈਕ ਕਹਿੰਦੇ ਹਨ, "ਅਸੀਂ ਮਾਪਿਆਂ ਕੋਲੋਂ ਬਹੁਤ ਆਸਾਂ ਰੱਖਦੇ ਹਾਂ, ਬਿਲਕੁਲ ਉਹੋ ਜਿਹੀਆਂ ਜਿਹੜੀਆਂ ਰੱਬ ਕੋਲੋਂ। ਅਸੀਂ ਚਾਹੁੰਦੇ ਹਾਂ ਕਿ ਉਹ ਬਿਨਾਂ ਸ਼ਰਤ ਪਿਆਰ ਕਰਦੇ ਰਹਿਣ, ਪਰ ਇਸ ਨਾਲ ਕਈ ਸਮੱਸਿਆਂਵਾਂ ਪੈਦਾ ਹੋ ਸਕਦੀਆਂ ਹਨ।"

"ਤੁਸੀਂ ਅਜਿਹੀ ਉਮੀਦ ਕਰਨ ਲੱਗਦੇ ਹੋ ਕਿ ਉਨ੍ਹਾਂ ਨਾਲ ਹਰ ਤਰੀਕੇ ਦਾ ਵਿਵਹਾਰ ਸਵੀਕਾਰ ਕਰਨਾ ਚਾਹੀਦਾ ਹੈ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਵੀ।"

ਬੀਬੀਸੀ
ਮਾਪੇ ਅਤੇ ਬੱਚੇ

ਤਸਵੀਰ ਸਰੋਤ, Getty Images

ਸਮਾਜਿਕ ਢਾਂਚਾ

ਅਮੈਂਡਾ ਹਾਲਟ ਨੇ ਕਿਸ਼ੋਰਾਂ ਵੱਲੋਂ ਮਾਪਿਆਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਉੱਤੇ ‘ਅਡਾਲਸੈਂਟ ਟੂ ਪੈਰੇਂਟ ਅਬਯੂਜ਼: ਕਰੰਟ ਅੰਡਰਸਟੈਂਡਿੰਗ ਇਨ ਰਿਸਰਚ, ਪਾਲਿਸੀ ਐਂਡ ਪ੍ਰੈਕਟਿਸ’ ਨਾਂ ਦੀ ਕਿਤਾਬ ਲਿਖੀ ਹੈ।

ਉਹ ਦੱਸਦੇ ਹਨ, "ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਾਪੇ ਹੀ ਸ਼ਕਤੀਸ਼ਾਲੀ ਹੁੰਦੇ ਹਨ। ਫਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਸਥਿਤੀ ਬਦਲਣ ਲੱਗਦੀ ਹੈ। ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਬੱਚੇ ਵੀ ਮਾਪਿਆਂ ਨੂੰ ਤੰਗ-ਪਰੇਸ਼ਾਨ ਕਰ ਸਕਦੇ ਹਨ ਜਾਂ ਇਸ ਹੱਦ ਤੱਕ ਕਰ ਸਕਦੇ ਹਨ ਕਿ ਰਿਸ਼ਤਾ ਹੀ ਤੋੜਨਾ ਪਵੇ। ਇਹ ਵੀ ਇੱਕ ਕਾਰਨ ਹੈ ਕਿ ਮਾਪੇ ਰਿਸ਼ਤਾ ਤੋੜਨ ਦਾ ਫ਼ੈਸਲਾ ਲੈਣ ਤੋਂ ਕਤਰਾਉਂਦੇ ਹਨ।"

ਅਮੈਂਡਾ ਹਾਲਟ ਦੇ ਮੁਤਾਬਕ, ਬੱਚਿਆਂ ਦੇ ਨਾਲ ਮਾਪਿਆਂ ਦੇ ਜੈਵਿਕ, ਕਾਨੂੰਨੀ ਅਤੇ ਸਮਾਜਿਕ ਬੰਧਨ ਹੁੰਦੇ ਹਨ। ਜੇਕਰ ਤੁਸੀਂ ਬੋਲਚਾਲ ਬੰਦ ਵੀ ਕਰ ਦਿਓ ਫਿਰ ਵੀ ਰਿਸ਼ਤੇ ਬਣੇ ਰਹਿੰਦੇ ਹਨ। ਇਨ੍ਹਾਂ ਨੂੰ ਤੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ।

ਮਨੋਵਿਗਿਆਨਕ ਰਾਜੇਸ਼ ਪਾਂਡੇ ਕਹਿੰਦੇ ਹਨ, ਭਾਰਤ ਵਿੱਚ ਸ਼ਾਇਦ ਇੱਕ ਲੱਖ ਵਿੱਚ ਇੱਕ-ਦੋ ਮਾਪੇ ਹੀ ਅਜਿਹੇ ਹੋਣਗੇ ਜੋ ਬੱਚੇ ਤੋਂ ਅਲੱਗ ਹੋ ਸਕੇ ਹੋਣਗੇ ਕਿਉਂਕਿ ਸਾਡੀ ਸੰਸਕ੍ਰਿਤੀ ਅਤੇ ਸਮਾਜ ਵਿੱਚ ਇਸ ਨੂੰ ਪਾਪ ਦੇ ਵਾਂਗ ਵੇਖਿਆ ਜਾਂਦਾ ਹੈ, ਸਾਡਾ ਸਮਾਜਿਕ ਢਾਂਚਾ ਇਸਨੂੰ ਸਵੀਕਾਰ ਨਹੀਂ ਕਰਦਾ।

ਵਿਆਕਤੀ

ਤਸਵੀਰ ਸਰੋਤ, Getty Images

ਸਕਾਰਾਤਮਕ ਮਾਹੌਲ ਜ਼ਰੂਰੀ

ਅਕਸਰ ਬੱਚਿਆਂ ਦੀ ਕਾਮਯਾਬੀ ਜਾਂ ਨਾ-ਕਾਮਯਾਬੀ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਜੋੜਿਆ ਜਾਂਦਾ ਹੈ।

ਅਜਿਹੇ ਵਿੱਚ ਜੇਕਰ ਬੱਚੇ ਨਾਲ ਰਿਸ਼ਤਾ ਤੋੜਨ ਦੀ ਨੌਬਤ ਆ ਜਾਵੇ, ਉਦੋਂ ਉਹ ਸ਼ਰਮ ਮਹਿਸੂਸ ਕਰਦੇ ਹਨ ਅਤੇ ਖ਼ੁਦ ਨੂੰ ਕਸੂਰਵਾਰ ਮੰਨਣ ਲੱਗਦੇ ਹਨ।

ਇਸ ਲਈ ਉਹ ਇਕੱਲੇਪਣ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ, ਇੱਥੋਂ ਤੱਕ ਕੇ ਸਕੇ ਸੰਬੰਧੀਆਂ ਤੋਂ ਵੀ ਦੂਰੀ ਬਣਾ ਸਕਦੇ ਹਨ।

ਲੂਸੀ ਬਲੈਕ ਕਹਿੰਦੀ ਹੈ, "ਬੱਚਿਆਂ ਤੋਂ ਦੂਰੀ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਤਾ ਤੋੜਨ ਦੀ ਪਹਿਲ ਕਰਨ ਵਾਲੇ ਮਾਪਿਆਂ ਦੇ ਕੋਲ ਅਜਿਹੇ ਲੋਕ ਬਹੁਤ ਘੱਟ ਹੁੰਦੇ ਹਨ, ਜੋ ਉਨ੍ਹਾਂ ਪ੍ਰਤੀ ਸਮਝ ਅਤੇ ਹਮਦਰਦੀ ਵਿਖਾ ਸਕਣ।"

"ਇਹ ਇੱਕ ਅਲੱਗ ਤਰ੍ਹਾਂ ਦਾ ਦੁਖ ਹੈ ਕਿਉਂਕਿ ਉਨ੍ਹਾਂ ਨੂੰ ਦੁਖ ਲੱਗ ਸਕਦਾ ਹੈ ਕਿ ਉਨ੍ਹਾਂ ਦਾ ਜੀਵਨ ਖਾਲੀ ਅਤੇ ਬੇਅਰਥ ਹੋ ਗਿਆ ਹੈ। ਨਤੀਜੇ ਵਜੋਂ ਉਹ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ਤੋਂ ਵੀ ਨਾਤਾ ਤੋੜ ਸਕਦੇ ਹਨ।"

ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤਿਆਂ ਤੋਂ ਬਾਹਰ ਨਿਕਲਣ ਵਾਲੇ ਮਾਪਿਆਂ ਦੇ ਲਈ ਸਮਾਜ ਵਿੱਚ ਅਜਿਹੇ ਵਾਤਾਵਰਨ ਤਿਆਰ ਕਰਨਾ ਜ਼ਰੂਰੀ ਹੈ, ਜਿੱਥੇ ਉਹ ਇਕੱਲਾ ਮਹਿਸੂਸ ਨਾ ਕਰਨ।

ਖ਼ਾਸ ਕਰਕੇ ਤਿਉਹਾਰਾਂ ਅਤੇ ਜਨਮਦਿਨ ਜਿਹੇ ਖ਼ਾਸ ਮੌਕਿਆਂ ਉੱਤੇ। ‘ਸਟੈਂਡ ਅਲੋਨ’ ਦੀ ਖੋਜ ਵੀ ਕਹਿੰਦੀ ਹੈ ਕਿ ਅਲੱਗ ਰਹਿ ਰਹੇ ਲੋਕ ਇਨ੍ਹਾਂ ਦਿਨਾਂ ਵਿੱਚ ਜ਼ਿਆਦਾ ਭਾਵੁਕ ਮਹਿਸੂਸ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)