ਭਾਰਤ ਦੀ ਜਾਮੀਆ ਯੂਨੀਵਰਸਿਟੀ ਬਣਾਉਣ ’ਚ ਮਦਦਗਾਰ ਜਰਮਨ ਔਰਤ ਕੌਣ ਸੀ, ਯਹੂਦੀ ਦਾ 'ਅੱਪਾ ਜਾਨ' ਬਣਨ ਤੱਕ ਦਾ ਸਫ਼ਰ

ਗੇਆਡਾ ਫਿਲਿਪਸਬੋਰਨ

ਤਸਵੀਰ ਸਰੋਤ, Family of Muhammad Mujeeb

ਤਸਵੀਰ ਕੈਪਸ਼ਨ, ਗੇਆਡਾ ਫਿਲਿਪਸਬੋਰਨ ਨੇ ਜਾਮੀਆ ਦੇ ਲੋਕਾਂ ਦੀ ਸੇਵਾ ਲਈ ਜਰਮਨੀ ਵਿੱਚ ਆਪਣਾ ਘਰ ਛੱਡ ਦਿੱਤਾ
    • ਲੇਖਕ, ਚੈਰੀਲਨ ਮੋਲਨ
    • ਰੋਲ, ਬੀਬੀਸੀ ਨਿਊਜ਼
    • ...ਤੋਂ, ਮੁੰਬਈ

ਦਿੱਲੀ ਦੇ ਇੱਕ ਮੁਸਲਿਮ ਕਬਰਿਸਤਾਨ 'ਚ ਕਬਰ 'ਤੇ ਲੱਗਿਆ ਇੱਕ ਪੱਥਰ ਵੱਖਰਾ ਦਿੱਸਦਾ ਹੈ।

ਉਸਦੇ ਉੱਪਰ ਉਰਦੂ ਭਾਸ਼ਾ ਵਿੱਚ ਇੱਕ ਸ਼ਿਲਾਲੇਖ ਲਿਖਿਆ ਹੈ ਪਰ ਇਸਦੇ ਹੇਠਾਂ ਇੱਕ ਜਰਮਨ ਮੂਲ ਦੀ ਯਹੂਦੀ ਔਰਤ - ਗੇਆਡਾ ਫਿਲਿਪਸਬੋਰਨ - ਦਾ ਨਾਮ ਹੈ। ਸ਼ਿਲਾਲੇਖ 'ਤੇ ਇਸ ਨਾਮ ਦੇ ਹੇਠਾਂ ਇੱਕ ਸਿਰਲੇਖ ਵੀ ਹੈ- 'ਅੱਪਾ ਜਾਨ' ਯਾਨੀ ਕਿ ਵੱਡੀ ਭੈਣ।

ਇਹ ਇੱਕ ਅਸਾਧਾਰਨ ਨਜ਼ਾਰਾ ਇਸ ਲਈ ਹੈ ਕਿਉਂਕਿ ਇੱਥੇ ਦਫ਼ਨ ਹਨ ਇੱਕ ਚੋਟੀ ਦੀ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕ।

ਇਹ ਹਨ ਜਾਮੀਆ ਮਿਲੀਆ ਇਸਲਾਮੀਆ ਦੇ ਸੰਸਥਾਪਕਾਂ ਦੀਆਂ ਕਬਰਾਂ, ਅਜਿਹੀ ਯੂਨੀਵਰਸਿਟੀ ਜਿਸਦੀਆਂ ਜੜ੍ਹਾਂ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੁੜਿਆ ਹਨ।

ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਿਰਾਸਤ 'ਚ ਮਿਲੀ ਰਾਜਨੀਤਿਕ ਸਰਗਰਮੀ ਨੂੰ ਬਰਕਰਾਰ ਰੱਖਿਆ ਹੈ। ਇੱਥੇ ਕਾਫ਼ੀ ਰੋਸ਼ ਪ੍ਰਦਰਸ਼ਨ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ 2019 ਵਿੱਚ ਪੇਸ਼ ਕੀਤੇ ਗਏ ਇੱਕ ਵਿਵਾਦਗ੍ਰਸਤ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਹੋਇਆ ਪ੍ਰਦਰਸ਼ਨ ਵੀ ਉਹਨਾਂ ਪ੍ਰਦਰਸ਼ਨਾਂ 'ਚ ਸ਼ਾਮਲ ਹੈ।

ਖ਼ੈਰ, ਸੋਚਣ ਵਾਲੀ ਗੱਲ ਹੈ ਕਿ ਕਿਵੇਂ ਇੱਕ ਜਰਮਨ ਯਹੂਦੀ ਔਰਤ ਦੀ ਦਿਲਚਸਪੀ, ਆਪਣੇ ਵਤਨ ਤੋਂ ਇੰਨੀ ਦੂਰ, ਇਸ ਯੂਨੀਵਰਸਿਟੀ 'ਚ ਪੈਦਾ ਹੋਈ?

BBC Punjabi social media
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੇਆਡਾ ਭਾਰਤ ਕਿਉਂ ਆਈ?

ਗੇਆਡਾ ਫਿਲਿਪਸਬੋਰਨ

ਤਸਵੀਰ ਸਰੋਤ, Margrit Pernau

ਤਸਵੀਰ ਕੈਪਸ਼ਨ, ਜਾਮੀਆ ਕਬਰਿਸਤਾਨ ਵਿੱਚ ਫਿਲਿਪਸਬੋਰਨ ਦੀ ਕਬਰ

ਉਹਨਾਂ 'ਤੇ ਲਿਖੀ ਕਿਤਾਬ -ਜਾਮੀਆ ਦੀ 'ਅੱਪਾ ਜਾਨ' : ਦਿ ਮੈਨੀ ਲਾਈਫਵਰਲਡਜ਼ ਆਫ਼ ਗੇਆਡਾ ਫਿਲਿਪਸਬੋਰਨ ਦੀ ਲੇਖਕ ਮਾਰਗਰਿਟ ਪਰਨਾਉ ਦਾ ਕਹਿਣਾ ਹੈ ਕਿ ਇਸ ਦਾ ਜਵਾਬ ਦੋਸਤੀ ਅਤੇ ਜ਼ਿੰਦਗੀ ਦਾ ਮਤਲਬ ਖੋਜ ਰਹੀ ਇਕ ਔਰਤ ਪਿੱਛੇ ਲੁਕਿਆ ਹੈ।

ਪਰਨਾਉ ਇਕ ਦਹਾਕੇ ਤੋਂ ਜਾਮਿਆ 'ਤੇ ਖ਼ੋਜ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਨੂੰ ਆਪਣੀ ਖੋਜ ਦੌਰਾਨ ਕਈ ਵਾਰ ਫਿਲਿਪਸਬੋਰਨ ਦਾ ਨਾਂ ਮਿਲਿਆ ਸੀ, ਪਰ ਉਸ ਦੀ ਜ਼ਿਆਦਾਤਰ ਜ਼ਿੰਦਗੀ ਰਹੱਸ ਨਾਲ ਘਿਰੀ ਹੋਈ ਸੀ।

ਅੱਜ ਵੀ, ਬਹੁਤ ਸਾਰੇ ਵਿਦਿਆਰਥੀ ਫਿਲਿਪਸਬੋਰਨ ਅਤੇ ਯੂਨੀਵਰਸਿਟੀ ਵਿੱਚ ਉਸਦੇ ਯੋਗਦਾਨ ਬਾਰੇ ਨਹੀਂ ਜਾਣਦੇ ਹਨ।

ਸਈਦਾ ਹਮੀਦ, ਇੱਕ ਪ੍ਰਮੁੱਖ ਕਾਰਕੁਨ ਅਤੇ ਇਤਿਹਾਸਕਾਰ ਹਨ। ਉਹਨਾਂ ਦਾ ਕਹਿਣਾ ਹੈ ਕਿ "ਮੌਜੂਦਾ ਵਿਦਿਆਰਥੀਆਂ ਦੇ ਲਾਭ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਫਾਇਦੇ ਲਈ" ਫਿਲਿਪਸਬੋਰਨ ਬਾਰੇ ਹੋਰ ਲਿਖਿਆ ਜਾਣਾ ਚਾਹੀਦਾ ਹੈ। ਫਿਰ ਲਿਖਤਾਂ ਦੇ ਅਨੁਵਾਦ ਕਰਕੇ ਉਨ੍ਹਾਂ ਨੂੰ ਸਾਰਿਆਂ ਲਈ ਉਪਲਬਧ ਕਰਵਾਉਣ ਦੀ ਲੋੜ ਹੈ।

ਫਿਲਿਪਸਬੋਰਨ ਦਾ ਜਰਮਨ ਮੇਮਸਾਹਿਬ ਹੋਣ ਤੋਂ ਲੈ ਕੇ ਜਾਮੀਆ ਦੀ ਅੱਪਾ ਜਾਨ ਬਣਨ ਤੱਕ ਦਾ ਸਫ਼ਰ 1933 ਵਿੱਚ ਸ਼ੁਰੂ ਹੋਇਆ ਸੀ।

ਇਹ ਸਫ਼ਰ ਫਿਲਿਪਸਬੋਰਨ ਅਤੇ ਤਿੰਨ ਭਾਰਤੀ ਮਰਦਾਂ ਵਿਚਾਲੇ ਹੋਈ ਦੋਸਤੀ ਨਾਲ ਸ਼ੁਰੂ ਹੋਇਆ ਸੀ।

ਉਹ ਤਿੰਨ ਵੀ ਕੋਈ ਆਮ ਮਰਦ ਨਹੀਂ ਬਲਕਿ ਜਾਮੀਆ ਦੇ ਹੋਣ ਵਾਲੇ ਮੁੱਖ ਸੰਸਥਾਪਕ ਸਨ।

ਉਹਨਾਂ ਦੇ ਨਾਮ ਸਨ ਜ਼ਾਕਿਰ ਹੁਸੈਨ, ਮੁਹੰਮਦ ਮੁਜੀਬ ਅਤੇ ਆਬਿਦ ਹੁਸੈਨ, ਜੋ ਕਿ ਬਰਲਿਨ ਪੜ੍ਹਨ ਲਈ ਗਏ ਸੀ ਜਦੋ ਉਹਨਾਂ ਦੀ ਫਿਲਿਪਸਬੋਰਨ ਨਾਲ ਅਣਸੁਣੀ ਦੋਸਤੀ ਕਾਇਮ ਹੋਈ।

ਇਹ ਪੁਰਸ਼ ਨਾ ਸਿਰਫ ਜਾਮੀਆ ਦੇ ਮੁੱਖ ਸੰਸਥਾਪਕ ਬਣੇ ਬਲਕਿ ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾਵਾਂ ਵੀ ਨਿਭਾਈ। ਇਹਨਾਂ 'ਚੋ ਜ਼ਾਕਿਰ ਹੁਸੈਨ 1967 ਵਿੱਚ ਦੇਸ਼ ਦੇ ਤੀਜੇ ਰਾਸ਼ਟਰਪਤੀ ਬਣੇ।

ਭਾਰਤ ਆਉਣਾ ਤੇ ਦੋਸਤਾਂ ਦਾ ਸਾਥ ਦੇਣਾ

1920 ਅਤੇ 30 ਦੇ ਦਹਾਕੇ ਵਿੱਚ, ਅੰਤਰ-ਰਾਸ਼ਟਰੀ ਮਿੱਤਰਤਾਵਾਂ ਅਸਧਾਰਨ ਸਨ, ਖਾਸ ਕਰ ਤਿੰਨ ਮਰਦਾਂ ਅਤੇ ਇੱਕ ਔਰਤ ਦੇ ਵਿਚਾਲੇ।

ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਇਹ ਮਰਦ, ਅਕਸਰ ਫਿਲਿਪਸਬੋਰਨ ਨਾਲ ਇੱਕ ਸੰਸਥਾ ਬਣਾਉਣ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਸਨ ਜੋ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਵੇ।

ਉਸ ਸਮੇਂ, ਬ੍ਰਿਟਿਸ਼ ਭਾਰਤ ਵਿੱਚ ਬਹੁਤ ਘੱਟ ਯੂਨੀਵਰਸਿਟੀਆਂ ਸਨ ਅਤੇ ਸਰਕਾਰ ਵਲੋਂ ਫੰਡ ਨਾ ਲੈਣ ਵਾਲੀਆਂ ਹੋਰ ਵੀ ਘੱਟ।

ਇਹ ਸੰਸਥਾਪਕ ਚਾਹੁੰਦੇ ਸਨ ਕਿ ਜਾਮੀਆ ਇੱਕ ਅਜਿਹੀ ਜਗ੍ਹਾ ਹੋਵੇ ਜਿੱਥੇ ਮੁਸਲਿਮ ਲੜਕੇ ਅਤੇ ਲੜਕੀਆਂ ਆਪਣੇ ਆਪ ਨੂੰ ਸਿੱਖਿਅਤ ਕਰ ਸਕਣ, ਤਾਂ ਜੋ ਉਹ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਭੂਮਿਕਾ ਨਿਭਾ ਸਕਣ। ਉਹ ਇਹ ਵੀ ਚਾਹੁੰਦੇ ਸਨ ਕਿ ਸੰਸਥਾ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਏਕਤਾ ਅਤੇ ਮਾਤ ਭੂਮੀ ਲਈ ਪਿਆਰ ਨੂੰ ਵਧਾਵਾ ਦੇਵੇ।

ਇਹਨਾਂ ਪਰਉਪਕਾਰੀ ਯੋਜਨਾਵਾਂ ਦਾ ਫਿਲਿਪਸਬੋਰਨ ਉੱਤੇ ਡੂੰਘਾ ਪ੍ਰਭਾਵ ਪਿਆ।

1895 ਵਿੱਚ ਇੱਕ ਅਮੀਰ ਪਰਿਵਾਰ ਵਿੱਚ ਪੈਦਾ ਹੋਈ, ਫਿਲਿਪਸਬੋਰਨ ਨੇ ਆਪਣੀ ਜ਼ਿੰਦਗੀ ਅਤੇ ਉਸਦੇ ਆਲੇ ਦੁਆਲੇ ਦੀ ਦੁਨੀਆਂ, ਯੁੱਧ, ਉਦਯੋਗੀਕਰਨ ਅਤੇ ਯਹੂਦੀ ਵਿਰੋਧੀ ਲਹਿਰ ਦੇ ਕਾਰਨ ਬਦਲਦੇ ਹੋਏ ਵੇਖੀ ਸੀ।

ਪਰਨਾਉ ਲਿਖਦੀ ਹੈ ਕਿ ਉਹ ਸਮਝਦੀ ਸੀ ਕਿ ਜ਼ੁਲਮ ਹੋਣਾ, ਆਜ਼ਾਦੀ ਲਈ ਤਰਸਣਾ ਅਤੇ ਤਬਦੀਲੀ ਦਾ ਇੱਕ ਸਾਧਨ ਬਣਨ ਦੀ ਇੱਛਾ ਹੋਣਾ ਕਿਵੇਂ ਦਾ ਹੁੰਦਾ ਹੈ।

ਇਸ ਲਈ, ਜਾਮੀਆ ਦੇ ਨਿਰਮਾਣ ਲਈ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਲਈ ਉਸਦੇ ਦੋਸਤਾਂ ਦੇ ਬਰਲਿਨ ਛੱਡਣ ਤੋਂ ਥੋੜ੍ਹੀ ਦੇਰ ਬਾਅਦ, ਫਿਲਿਪਸਬੋਰਨ ਨੇ ਵੀ ਉਹਨਾਂ ਦੀ ਰਾਹ 'ਤੇ ਚੱਲਣ ਦਾ ਫੈਸਲਾ ਲਿਆ।

ਪਰ ਇੱਕ ਭੀੜ-ਭੜੱਕੇ ਵਾਲੇ, ਆਧੁਨਿਕ ਬਰਲਿਨ ਤੋਂ ਗਰੀਬੀ ਵਿੱਚ ਡੁੱਬੇ ਦੇਸ਼ ਵਿੱਚ ਜਾਣਾ ਕੋਈ ਆਸਾਨ ਫੈਸਲਾ ਨਹੀਂ ਸੀ। ਪਰਨਾਉ ਨੇ ਕਈ ਵਾਰ ਜ਼ਾਕਿਰ ਹੁਸੈਨ ਵਲੋਂ ਫਿਲਿਪਸਬੋਰਨ ਨੂੰ ਯਾਤਰਾ ਕਰਨ ਤੋਂ ਮਨ੍ਹਾ ਕਰਨ ਦਾ ਵੀ ਜ਼ਿਕਰ ਕੀਤਾ ਹੈ।

ਪਰਨਾਉ ਲਿਖਦੀ ਹੈ "ਇੱਕ ਤੋਂ ਵੱਧ ਵਾਰ ਫਿਲਿਪਸਬੋਰਨ ਨੇ [ਭਾਰਤ ਵਿੱਚ] ਉਹਨਾਂ ਨਾਲ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ, ਅਤੇ ਇੱਕ ਤੋਂ ਵੱਧ ਵਾਰ ਜ਼ਾਕਿਰ ਹੁਸੈਨ ਨੇ ਉਹਨਾਂ ਨੂੰ ਨਾ ਆਉਣ ਦੇ ਮਸ਼ਵਰੇ, ਚੇਤਾਵਨੀਆਂ ਅਤੇ ਸਲਾਹ ਦਿੱਤੀ ਸੀ"

ਉਹ ਲਿਖਦੀ ਹੈ ਕਿ ਇਸ ਦੌਰਾਨ, ਤਿੰਨਾਂ ਸੰਸਥਾਪਕਾਂ 'ਚੋ ਮੁਹੰਮਦ ਮੁਜੀਬ ਨੇ ਹੈਰਾਨੀ ਪ੍ਰਗਟਾਈ ਕਿ "ਇੱਕ ਅਜੇ ਵੀ ਜਵਾਨ, ਅਣਵਿਆਹੀ ਅਤੇ ਬਿਨਾਂ ਸਾਥ ਵਾਲੀ ਔਰਤ ਜਾਮੀਆ ਵਿੱਚ ਕਿਵੇਂ ਫਿੱਟ ਹੋਵੇਗੀ, ਜਿਸਦੀ ਉਮਰ ਦੀਆ ਔਰਤਾਂ ਇਸ ਸਮੇਂ ਵਿੱਚ ਪਰਦਾ ਕਰਦੀਆਂ ਹਨ।"

ਪਰ ਫਿਲਿਪਸਬੋਰਨ ਨੇ ਸਾਵਧਾਨੀ ਦੀਆਂ ਇਨ੍ਹਾਂ ਸਲਾਹਾਂ ਦੇ ਬਾਵਜੂਦ ਭਾਰਤ ਵੱਲ ਨੂੰ ਯਾਤਰਾ ਕੀਤੀ।

ਜਰਮਨ ਮੇਮ ਸਹਾਬ ਤੋਂ ਅੱਪਾ ਜਾਨ ਬਣਨ ਦਾ ਸਫ਼ਰ

ਫਿਲਿਪਸਬੋਰਨ

ਤਸਵੀਰ ਸਰੋਤ, Payam-e ta'lim

ਤਸਵੀਰ ਕੈਪਸ਼ਨ, ਫਿਲਿਪਸਬੋਰਨ ਜਾਮੀਆ ਵਿੱਚ ਸਟਾਫ ਅਤੇ ਵਿਦਿਆਰਥੀਆਂ ਨਾਲ

ਕੁਝ ਹੀ ਮਹੀਨਿਆਂ ਦੇ ਅੰਦਰ, ਉਹ ਜਾਮੀਆ ਦੇ ਲੋਕਾਂ ਨਾਲ ਦੋਸਤੀ ਕਰਨ ਵਿੱਚ ਕਾਮਯਾਬ ਹੋ ਗਈ ਅਤੇ ਯੂਨੀਵਰਸਿਟੀ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ।

ਉੱਥੇ ਦੇ ਬਾਕੀ ਅਧਿਆਪਕਾਂ ਵਾਂਗ, ਉਸਨੇ ਘੱਟੋ-ਘੱਟ ਵੇਤਨ ਲਈ ਕੰਮ ਕੀਤਾ ਅਤੇ ਸੰਸਥਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਲਈ ਸਹਿਮਤ ਹੋ ਗਈ।

ਉਸਨੇ ਆਪਣੇ ਵਿਦਿਆਰਥੀਆਂ ਲਈ ਸਿੱਖਿਆ ਨੂੰ ਆਨੰਦਦਾਇਕ ਅਤੇ ਪਹੁੰਚਯੋਗ ਬਣਾਉਣ ਲਈ ਜਰਮਨੀ ਵਿੱਚ ਕਿੰਡਰਗਾਰਟਨ ਵਿੱਚ ਪੜ੍ਹਾਉਂਦੇ ਹੋਏ ਪ੍ਰਾਪਤ ਕੀਤੇ ਗਿਆਨ ਦੀ ਵਰਤੋਂ ਕੀਤੀ।

ਪਰਨਾਉ ਲਿਖਦੀ ਹੈ ਕਿ ਜਦੋਂ ਉਸਨੂੰ ਬੱਚਿਆਂ ਦੇ ਹੋਸਟਲ ਦੀ ਵਾਰਡਨ ਨਿਯੁਕਤ ਕੀਤਾ ਗਿਆ ਤਾਂ ਉਸਨੇ ਉਹਨਾਂ ਲਈ ਅੱਪਾ ਜਾਨ (ਵੱਡੀ ਭੈਣ) ਦੀ ਭੂਮਿਕਾ ਨਿਭਾਈ।

ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ 'ਤੇ ਆਪਣੇ ਨੇੜੇ ਰੱਖਣ ਲਈ ਫਿਲਿਪਸਬੋਰਨ ਵਿਦਿਆਰਥੀਆਂ ਦੇ ਵਾਲਾਂ ਨੂੰ ਧੋਣ ਅਤੇ ਤੇਲ ਲਗਾਉਣ ਵਰਗੇ ਮਾਮੂਲੀ ਕੰਮ ਵੀ ਕਰਦੇ ਸਨ।

ਪਰਨਾਉ ਲਿਖਦੇ ਹਨ ਕਿ "ਜਦੋਂ ਉਸ ਦੀ ਦੇਖਭਾਲ ਅਧੀਨ ਛੋਟੇ ਬੱਚੇ ਬਿਮਾਰ ਹੋ ਜਾਂਦੇ ਸਨ, ਤਾਂ ਉਹ ਉਨ੍ਹਾਂ ਦੀ ਇੰਨੀ ਸ਼ਰਧਾ ਨਾਲ ਸੇਵਾ ਕਰਦੀ ਸੀ ਕਿ ਉਹ ਆਪਣੀ ਮਾਂ ਨੂੰ ਯਾਦ ਨਹੀਂ ਕਰਦੇ ਸਨ।"

ਫਿਲਿਪਸਬੋਰਨ ਨੇ ਜਾਮੀਆ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਸਮਾਜ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਲਈ ਵੀ ਉਤਸ਼ਾਹਿਤ ਕੀਤਾ।

ਜਦੋਂ ਉਹ ਜਾਮੀਆ ਦੇ ਬੱਚਿਆਂ ਦੇ ਜਰਨਲ, ਪਯਾਮ-ਏ ਤਾਲਿਮ ਦੀ ਸੰਪਾਦਕੀ ਟੀਮ ਵਿੱਚ ਸ਼ਾਮਲ ਹੋਈ, ਉਹਨਾਂ ਨੇ ਉਹ ਲੇਖਾਂ ਦਾ ਯੋਗਦਾਨ ਪਾਇਆ ਜੋ ਔਰਤਾਂ ਦੇ ਸ਼ੌਕ ਅਤੇ ਰੁਚੀਆਂ ਨੂੰ ਦਰਸਾਉਂਦੇ ਸਨ ਅਤੇ ਲੜਕੀਆਂ ਨੂੰ ਜਰਨਲ ਲਿਖਣ ਲਈ ਉਤਸ਼ਾਹਿਤ ਕਰਦੇ ਸਨ।

ਜਾਮੀਆ ਦੇ ਬੱਚਿਆਂ ਨਾਲ ਕੰਮ ਕਰਨ ਤੋਂ ਇਲਾਵਾ, ਗਿਆਡਾ ਨੇ ਆਪਣੇ ਸੰਸਥਾਪਕਾਂ ਨੂੰ ਯੂਨੀਵਰਸਿਟੀ ਲਈ ਫੰਡ ਇਕੱਠਾ ਕਰਨ, ਭਾਸ਼ਣ ਤਿਆਰ ਕਰਨ ਅਤੇ ਅਧਿਆਪਨ ਅਤੇ ਰਾਜਨੀਤੀ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ ਵੀ ਮਦਦ ਕੀਤੀ।

ਜਰਮਨੀ ਨਾਲ ਬ੍ਰਿਟੇਨ ਦੀ ਲੜਾਈ ਵਿਚਾਲੇ ਹੋਈ ਨਜ਼ਰਬੰਦੀ

ਪਰ ਭਾਰਤ ਆਉਣ ਤੋਂ ਸੱਤ ਸਾਲ ਬਾਅਦ, ਉਹਨਾਂ ਦੇ ਕੰਮ ਵਿੱਚ ਰੁਕਾਵਟ ਆ ਗਈ।

ਜਰਮਨੀ ਨਾਲ ਬ੍ਰਿਟੇਨ ਦੀ ਲੜਾਈ ਦੇ ਦੌਰਾਨ, ਬ੍ਰਿਟਿਸ਼ ਭਾਰਤ ਵਿੱਚ ਜਰਮਨ ਨਾਗਰਿਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਇਸੇ ਕਰਕੇ ਉਹਨਾਂ ਦੀ ਗ੍ਰਿਫਤਾਰੀ ਅਤੇ ਉਹਨਾਂ ਨੂੰ ਕੈਂਪਾਂ ਵਿੱਚ ਨਜ਼ਰਬੰਦੀ ਕੀਤਾ ਜਾਂਦਾ ਸੀ ਜਿੱਥੇ ਉਹਨਾਂ ਨੂੰ ਨਾਕਾਫ਼ੀ ਪਾਣੀ, ਕੰਬਲ ਅਤੇ ਭੋਜਨ ਸਮੇਤ ਕਠੋਰ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਫਿਲਿਪਸਬੋਰਨ ਨੂੰ 1940 ਵਿੱਚ ਅਜਿਹੇ ਇੱਕ ਕੈਂਪ ਵਿੱਚ ਲਿਜਾਇਆ ਗਿਆ ਸੀ।

ਉਹਨਾਂ ਦੀ ਨਜ਼ਰਬੰਦੀ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਲਈ ਡਰਾ ਦਿੱਤਾ ਸੀ ਕਿਉਂਕਿ ਅਧਿਕਾਰੀਆਂ ਦੁਆਰਾ ਉਸ ਨੂੰ ਜਰਮਨੀ ਭੇਜਣ ਦੀ ਸੰਭਾਵਨਾ ਸੀ, ਜਿੱਥੇ ਹਿਟਲਰ ਯਹੂਦੀਆਂ ਉੱਤੇ ਜ਼ੁਲਮ ਕਰ ਰਿਹਾ ਸੀ।

ਪਰ ਕੈਂਪ ਵਿੱਚ ਵੀ ਛੋਟੇ-ਛੋਟੇ ਸਮਾਗਮਾਂ ਦਾ ਆਯੋਜਨ ਕਰਕੇ ਉਹਨਾਂ ਵਲੋਂ ਕੈਦੀਆਂ ਨੂੰ ਉਤਸ਼ਾਹਿਤ ਅਤੇ ਬਿਮਾਰ ਲੋਕਾਂ ਦੀ ਦੇਖਭਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

ਪਰ ਕੈਂਪ ਵਿੱਚ ਲੈ ਜਾਏ ਜਾਣ ਤੋਂ ਕੁਝ ਮਹੀਨਿਆਂ ਬਾਅਦ, ਫਿਲਿਪਸਬੋਰਨ ਨੂੰ ਗੈਸਟਿਕ ਅਲਸਰ ਦੀ ਬਿਮਾਰੀ ਹੋ ਗਈ।

ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਕੈਂਪ ਵਿਚ ਵਾਪਸ ਚਲੀ ਗਈ, ਜਿੱਥੇ ਉਹ ਪੂਰਾ ਸਾਲ ਰਹੀ।

ਰਿਹਾਅ ਹੋਣ ਤੋਂ ਬਾਅਦ, ਉਹ ਜਾਮੀਆ ਵਾਪਸ ਚਲੀ ਗਈ ਅਤੇ ਆਪਣਾ ਕੰਮ ਜਾਰੀ ਰੱਖਿਆ।

ਪਰ ਉਹ ਉਸੇ ਜੋਸ਼ ਨਾਲ ਕੰਮ ਨਾ ਕਰ ਸਕੇ ਕਿਉਂਕਿ ਹੁਣ ਉਹਨਾਂ ਦਾ ਅਲਸਰ ਕੈਂਸਰ ਹੋ ਗਿਆ ਸੀ। ਉਹ ਲਗਾਤਾਰ ਕਮਜ਼ੋਰ ਹੋ ਰਹੇ ਸੀ, ਪਰ ਪਯਾਮ-ਏ ਤਾਲਿਮ ਵਿੱਚ ਆਪਣੇ ਲੇਖਾਂ ਰਾਹੀਂ ਬੱਚਿਆਂ ਨਾਲ ਜੁੜਨ ਦੀ ਕੋਸ਼ਿਸ਼ ਜਾਰੀ ਰੱਖੀ।

ਅਪ੍ਰੈਲ 1943 ਵਿੱਚ, ਫਿਲਿਪਸਬੋਰਨ ਦੀ ਮੌਤ ਹੋ ਗਈ ਅਤੇ ਉਹਨਾਂ ਨੂੰ ਹੋਰ ਜਾਮੀਆ ਨਾਲ ਜੁੜੇ ਪਰਿਵਾਰਾਂ ਲਈ ਬਣੇ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।

ਗਿਆਡਾ ਦੀ ਮੌਤ ਬਾਰੇ ਹਮੀਦ ਕਹਿੰਦੇ ਹਨ, "ਉਹ ਆਪਣੇ ਪਰਿਵਾਰ ਤੋਂ ਕਈ ਮੀਲ ਦੂਰ ਮਰ ਗਈ, ਪਰ ਉਸ ਨੂੰ ਉਸ ਨਾਲ ਪਿਆਰ ਕਰਨ ਵਾਲੇ ਲੋਕਾਂ 'ਚ ਦਫ਼ਨਾਇਆ ਗਿਆ।"

ਅੱਜ ਉਹਨਾਂ ਦੀ ਮੌਤ ਤੋਂ ਸਾਲਾਂ ਬਾਅਦ, "ਅੱਪਾ ਜਾਨ" ਵਜੋਂ ਉਹਨਾਂ ਵਿਰਾਸਤ ਜਾਮੀਆ ਦੇ ਗਲਿਆਰਿਆਂ ਵਿੱਚ ਮੌਜੂਦ ਹੈ, ਖ਼ਾਸ ਤੌਰ ਤੇ ਉਹਨਾਂ ਦੇ ਨਾਂ ਤੇ ਰੱਖੇ ਗਏ ਹੋਸਟਲ ਅਤੇ ਡੇਅ ਕੇਅਰ ਸੈਂਟਰ ਦੇ ਰੂਪ ਵਿੱਚ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)