ਨੀਟ ਦੇ ਆਲ ਇੰਡੀਆ ਟਾਪਰ ਨਵਦੀਪ ਸਿੰਘ ਦੀ ਮੌਤ ਮਾਮਲੇ 'ਚ ਹੁਣ ਪਰਿਵਾਰ ਕੀ ਮੰਗ ਕਰ ਰਿਹਾ ਹੈ, ਪੁਲਿਸ ਨੇ ਕੀ ਕਿਹਾ

ਤਸਵੀਰ ਸਰੋਤ, Surinder Singh Maan/BBC
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਮੇਰੇ ਪੁੱਤਰ ਨਵਦੀਪ ਨੇ ਆਖਰੀ ਵਾਰ ਫ਼ੋਨ 'ਤੇ ਹੋਈ ਗੱਲ ਵਿੱਚ ਮੈਨੂੰ ਸਰਦੀ ਦੇ ਮੌਸਮ ਲਈ ਜੈਕਟਾਂ ਅਤੇ ਕੰਬਲ ਦਿੱਲੀ ਭੇਜਣ ਲਈ ਕਿਹਾ ਸੀ।"
"ਮੈਂ 10 ਜੈਕਟਾਂ ਅਤੇ ਕੰਬਲ ਦਾ ਪਾਰਸਲ ਭੇਜਣ ਲਈ ਤਿਆਰ ਬੈਠਾ ਹਾਂ, ਪਰ ਅਫ਼ਸੋਸ ਇਨ੍ਹਾਂ ਕੱਪੜਿਆਂ ਨੂੰ ਮੰਗਵਾਉਣ ਵਾਲਾ ਨਵਦੀਪ ਇਸ ਦੁਨੀਆਂ ਵਿੱਚ ਨਹੀਂ ਹੈ।"
ਇਹ ਸ਼ਬਦ ਸਾਲ 2017 ਵਿੱਚ 'ਨੀਟ' ਪ੍ਰੀਖਿਆ 'ਚ ਭਾਰਤ ਵਿੱਚੋਂ ਅੱਵਲ ਰਹਿਣ ਵਾਲੇ ਨਵਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਦੇ ਹਨ।
ਜ਼ਿਕਰਯੋਗ ਹੈ ਕਿ ਨਵਦੀਪ ਸਿੰਘ, ਇਸ ਵੇਲੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਵਿਖੇ ਡਾਕਟਰੀ ਦੀ ਐੱਮਡੀ ਦੀ ਪੜ੍ਹਾਈ ਕਰ ਰਹੇ ਸਨ।
ਪਰਿਵਾਰ ਵਾਲਿਆਂ ਮੁਤਾਬਿਕ ਦਿੱਲੀ ਪੁਲਿਸ ਨੇ ਉਨਾਂ ਨੂੰ ਸੂਚਿਤ ਕੀਤਾ ਸੀ ਕਿ ਨਵਦੀਪ ਸਿੰਘ ਦੀ ਲਾਸ਼ 14 ਸਤੰਬਰ ਨੂੰ ਰਹੱਸਮਈ ਹਾਲਾਤ ਵਿੱਚ ਉਨਾਂ ਦੇ ਰਿਹਾਇਸ਼ੀ ਕਮਰੇ ਵਿੱਚੋਂ ਮਿਲੀ ਸੀ।
ਮਰਹੂਮ ਨਵਦੀਪ ਸਿੰਘ ਦੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਤ ਦੇ ਇਸ ਮਾਮਲੇ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਪੁਲਿਸ ਦਾ ਕਹਿਣਾ ਹੈ ਕਿ ਨਵਦੀਪ ਸਿੰਘ ਦੀ ਲਾਸ਼ ਉਨਾਂ ਦੇ ਕਮਰੇ ਵਿੱਚ ਲਟਕਦੀ ਹੋਈ ਮਿਲੀ ਸੀ।

'ਨੀਟ' ਇਮਤਿਹਾਨ ਵਿੱਚੋਂ ਦੇਸ਼ ਭਰ 'ਚੋਂ ਪਹਿਲੇ ਸਥਾਨ ਉੱਪਰ ਰਹਿਣ ਵਾਲੇ ਨਵਦੀਪ ਸਿੰਘ ਦੇ ਜਿਸ ਘਰ ਵਿੱਚ 2017 'ਚ ਖੁਸ਼ੀਆਂ ਦੇ ਢੋਲ ਵੱਜ ਰਹੇ ਸਨ, ਹੁਣ ਉਸੇ ਘਰ ਦੇ ਵਿਹੜੇ ਵਿੱਚ ਮਾਤਮ ਹੈ ਅਤੇ ਸੱਥਰ ਵਿਛਿਆ ਹੋਇਆ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਗੋਪਾਲ ਸਿੰਘ ਨੇ ਦੱਸਿਆ, "ਜਦੋਂ 12 ਸਤੰਬਰ ਵਾਲੇ ਦਿਨ ਨਵਦੀਪ ਸਿੰਘ ਨੇ ਸਰਦੀ ਵਾਲੇ ਕੱਪੜੇ ਭੇਜਣ ਲਈ ਕਿਹਾ ਸੀ ਤਾਂ ਮੈਨੂੰ ਇਸ ਗੱਲ ਦਾ ਸਕੂਨ ਮਿਲਿਆ ਸੀ ਕਿ ਮੇਰਾ ਪੁੱਤਰ ਜਲਦੀ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਵੱਡਾ ਡਾਕਟਰ ਬਣ ਜਾਵੇਗਾ।"
"ਪਰ ਅਫਸੋਸ ਰੱਬ ਦੀ ਰਜ਼ਾ ਕੁਝ ਹੋਰ ਸੀ। ਸਾਨੂੰ ਇਸ ਗੱਲ ਦਾ ਹਾਲੇ ਵੀ ਯਕੀਨ ਨਹੀਂ ਆ ਰਿਹਾ ਕਿ ਨਵਦੀਪ ਸਿੰਘ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ ਹੈ।"
ਗੋਪਾਲ ਸਿੰਘ ਕਹਿੰਦੇ ਹਨ, "ਮੈਂ ਹਰ ਰੋਜ਼ ਸਵੇਰੇ 7 ਵਜੇ ਫ਼ੋਨ ਕਰਕੇ ਨਵਦੀਪ ਸਿੰਘ ਨੂੰ ਜਗਾਉਂਦਾ ਹੁੰਦਾ ਸੀ। ਹੁਣ ਜ਼ਿੰਦਗੀ ਭਰ ਆਪਣੇ ਪੁੱਤਰ ਨੂੰ ਜਗਾਉਣ ਦੀਆਂ ਯਾਦਾਂ ਦੀ ਟੀਸ ਮੇਰੇ ਦਿਲ ਵਿੱਚ ਰੜਕਦੀ ਰਹੇਗੀ।"
ਗੋਪਾਲ ਸਿੰਘ ਖੁਦ ਬੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਮਾਹਰ ਹਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਸਰਾਏ ਨਾਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਨ।
ਮਰਹੂਮ ਡਾਕਟਰ ਨਵਦੀਪ ਸਿੰਘ ਦੇ ਛੋਟੇ ਭਰਾ ਨਵਜੋਤ ਸਿੰਘ ਵੀ ਇਸ ਵੇਲੇ ਚੰਡੀਗੜ੍ਹ ਵਿਖੇ ਐੱਮਬੀਬੀਐੱਸ ਦੇ ਚੌਥੇ ਵਰ੍ਹੇ ਦੀ ਪੜ੍ਹਾਈ ਕਰ ਰਹੇ ਹਨ।
ਪਰਿਵਾਰਕ ਮੈਂਬਰ ਦੱਸਦੇ ਹਨ ਕਿ ਜਦੋਂ ਨਵਦੀਪ ਸਿੰਘ ਅੱਠਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਉਸ ਵੇਲੇ ਹੀ ਡਾਕਟਰ ਬਣਨ ਦਾ ਫੈਸਲਾ ਕਰ ਲਿਆ ਸੀ।
ਪਰਿਵਾਰਕ ਮੈਂਬਰ ਅਤੇ ਨਵਦੀਪ ਸਿੰਘ ਦੇ ਆਂਢੀ-ਗੁਆਂਢੀ ਵੀ ਇਹੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਨਵਦੀਪ ਸਿੰਘ ਇੱਕ ਦਲੇਰ ਅਤੇ ਕਦੇ ਵੀ ਨਾ ਘਬਰਾਉਣ ਵਾਲਾ ਮੁੰਡਾ ਸੀ।
ਗੋਪਾਲ ਸਿੰਘ ਕਹਿੰਦੇ ਹਨ, "ਨਵਦੀਪ ਸਿੰਘ ਨੇ ਪਹਿਲੀ ਵਾਰ ਵਿੱਚ ਹੀ ਨੀਟ ਇਮਤਿਹਾਨ ਪਾਸ ਕਰ ਲਿਆ ਸੀ। ਸਾਨੂੰ ਉਸ ਦੇ ਡਾਕਟਰ ਬਣਨ ਦੀ ਤਾਂ ਪੂਰੀ ਉਮੀਦ ਸੀ ਪਰ ਇਹ ਨਹੀਂ ਸੀ ਪਤਾ ਕਿ ਉਹ ਨੀਟ ਵਿੱਚੋਂ ਇੰਡੀਆ ਟੌਪ ਕਰੇਗਾ।"

ਤਸਵੀਰ ਸਰੋਤ, Surinder Singh Maan/BBC
ਸਾਲ 1999 ਵਿੱਚ ਪੈਦਾ ਹੋਏ ਡਾਕਟਰ ਨਵਦੀਪ ਸਿੰਘ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਦੇ ਸਨ।
ਆਪਣੀ ਪੜ੍ਹਾਈ ਦੇ ਨਾਲ-ਨਾਲ ਉਹ ਹਮੇਸ਼ਾ ਹੀ ਸਿੱਖ ਇਤਿਹਾਸ ਨੂੰ ਪੜ੍ਹਦੇ ਅਤੇ ਧਾਰਮਿਕ ਇਮਤਿਹਾਨ ਦਿੰਦੇ ਰਹਿੰਦੇ ਸਨ।
ਗੋਪਾਲ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਨੇ ਜਦੋਂ ਨੀਟ ਪਾਸ ਕੀਤਾ ਸੀ ਤਾਂ ਉਹ ਦਿਨ ਵਿੱਚ 16 ਤੋਂ 17 ਘੰਟੇ ਪੜ੍ਹਦੇ ਸਨ।
"ਉਹ ਇਕੱਲੇ ਬੈਠ ਕੇ ਰਾਤਾਂ ਤੱਕ ਪੜ੍ਹਦੇ ਅਤੇ ਜੇ ਉਨਾਂ ਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਤਾਂ ਉਹ ਮੇਰੇ ਕੋਲੋਂ ਕੈਮਿਸਟਰੀ, ਫਿਜਿਕਸ ਤੇ ਮੈਥ ਬਾਰੇ ਪੁੱਛ ਲੈਂਦੇ ਸਨ।"
ਨਵਦੀਪ ਸਿੰਘ ਦੇ ਘਰ ਵਿੱਚ ਟਰਾਫ਼ੀਆਂ ਅਤੇ ਸਨਮਾਨ ਪੱਤਰਾਂ ਦਾ ਅੰਬਾਰ ਲੱਗਿਆ ਹੋਇਆ ਹੈ।
ਡਾਕਟਰ ਨਵਦੀਪ ਸਿੰਘ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਕਹਿੰਦੇ ਹਨ ਕਿ ਉਹ ਹੁਣ ਇਨਾਂ ਟਰਾਫ਼ੀਆਂ ਨੂੰ ਦੇਖ ਕੇ ਹੀ ਨਵਦੀਪ ਨੂੰ ਆਪਣੇ ਹਿਰਦੇ ਵਿੱਚ ਯਾਦ ਕਰ ਲਿਆ ਕਰਨਗੇ।
'ਨੀਟ ਪ੍ਰੀਖਿਆ ਵਿੱਚੋਂ ਅਵਲ ਰਹਿਣ ਤੋਂ ਬਾਅਦ ਨਵਦੀਪ ਸਿੰਘ ਦੇ ਪਿਤਾ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਡਾਕਟਰੀ ਦੀ ਅਗਲੀ ਪੜ੍ਹਾਈ ਕਰਾਉਣਾ ਚਾਹੁੰਦੇ ਸਨ।
ਗੋਪਾਲ ਸਿੰਘ ਦੱਸਦੇ ਹਨ, "ਅਸਲ ਵਿੱਚ ਨਵਦੀਪ ਨੇ ਦਿੱਲੀ ਦੇ ਕਿਸੇ ਚੰਗੇ ਸੰਸਥਾਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਅਸੀਂ ਆਪਣੀ ਰਾਇ ਵੀ ਦਿੰਦੇ ਸਾਂ ਪਰ ਅੰਤਿਮ ਫੈਸਲਾ ਹਰ ਕੰਮ ਵਿੱਚ ਉਹੀ ਲੈਂਦੇ ਸਨ।"
ਪੁਲਿਸ ਦਾ ਕੀ ਕਹਿਣਾ ਹੈ
ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਆਈਪੀ ਸਟੇਟ ਥਾਣੇ ਦੇ ਐੱਸਐੱਚਓ ਇੰਸਪੈਕਟਰ ਧਰੇਂਦਰ ਨੇ ਦੱਸਿਆ ਕਿ ਨਵਦੀਪ ਸਿੰਘ ਪੁੱਤਰ ਗੋਪਾਲ ਸਿੰਘ ਨੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਅਤੇ ਫਾਹਾ ਲਗਾ ਲੈਣ ਦਾ ਮਾਮਲਾ ਕਿਸੇ ਵੀ ਅਪਰਾਧਿਕ ਸ਼੍ਰੇਣੀ ਵਿੱਚ ਨਹੀਂ ਆਉਂਦਾ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਵਿੱਚ ਐੱਫਆਈਆਰ ਦਰਜ ਨਹੀਂ ਹੁੰਦੀ ਹੈ।
ਉਸ ਦਿਨ ਕੀ ਹੋਇਆ ਸੀ
14 ਸਤੰਬਰ ਨੂੰ ਮਿਲੀ ਡਾਕਟਰ ਨਵਦੀਪ ਸਿੰਘ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਗੋਪਾਲ ਸਿੰਘ ਕਹਿੰਦੇ ਹਨ, "ਸ਼ਨੀਵਾਰ ਨੂੰ ਸਵੇਰੇ 7 ਵਜੇ ਮੇਰੀ ਥੋੜ੍ਹੀ ਜਿਹੀ ਗੱਲ ਨਵਦੀਪ ਸਿੰਘ ਨਾਲ ਹੋਈ ਸੀ। ਉਸ ਤੋਂ ਬਾਅਦ ਉਸ ਦੀ ਆਵਾਜ਼ ਸੁਣਨ ਲਈ ਸਾਡੇ ਕੰਨ ਹਮੇਸ਼ਾ ਲਈ ਤਰਸ ਗਏ।"
"ਮੈਂ ਉਸ ਤੋਂ ਬਾਅਦ ਰਾਤ ਨੂੰ 9 ਵਜੇ ਤੋਂ ਲੈ ਕੇ ਲਗਾਤਾਰ ਨਵਦੀਪ ਦੇ ਮੋਬਾਈਲ ਉੱਪਰ ਘੰਟੀ ਖੜਕਾਉਂਦਾ ਰਿਹਾ। ਅਨੇਕਾਂ ਕਾਲਾਂ ਕਰਨ ਦੇ ਬਾਵਜੂਦ ਮੈਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਸੀ।"
"ਅਸੀਂ ਇਸ ਭੁਲੇਖੇ ਦਾ ਸ਼ਿਕਾਰ ਵੀ ਰਹੇ ਕਿ ਸ਼ਾਇਦ ਨਵਦੀਪ ਸਿੰਘ ਰਾਤ ਨੂੰ ਡਿਊਟੀ ਉੱਪਰ ਹੋਵੇਗਾ। ਜਿਸ ਕਾਰਨ ਉਹ ਫੋਨ ਨਹੀਂ ਚੁੱਕ ਰਿਹਾ ਹੈ।"
"ਸ਼ਾਇਦ ਇਹ ਸਾਡਾ ਸਭ ਤੋਂ ਵੱਡਾ ਭੁਲੇਖਾ ਸੀ।"
ਨਵਦੀਪ ਦੇ ਮਾਪੇ ਕਹਿੰਦੇ ਹਨ ਕਿ ਇਹ ਰਾਤ ਉਨਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਕੱਟੀ ਸੀ ਕਿਉਂਕਿ ਜਦੋਂ ਤੋਂ ਨਵਦੀਪ ਪੜ੍ਹਾਈ ਕਰਨ ਗਿਆ ਸੀ, ਉਸ ਵੇਲੇ ਤੋਂ ਹਰ ਰੋਜ਼ ਉਹ ਘਰ ਗੱਲ ਕਰਦਾ ਸੀ।

ਤਸਵੀਰ ਸਰੋਤ, Surinder Singh Maan/BBC
ਗੋਪਾਲ ਸਿੰਘ ਨੇ ਦੱਸਿਆ, "ਜਿਵੇਂ ਕਿਵੇਂ ਕਰਕੇ ਅਸੀਂ ਰਾਤ ਤਾਂ ਕੱਟ ਲਈ ਪਰ ਸਵੇਰੇ 5 ਵਜੇ ਤੱਕ ਜਦੋਂ ਨਵਦੀਪ ਨੇ ਮੁੜ ਫ਼ੋਨ ਨਾ ਚੁੱਕਿਆ ਤਾਂ ਅਸੀਂ ਆਪਣੇ ਇੱਕ ਰਿਸ਼ਤੇਦਾਰ ਤੱਕ ਪਹੁੰਚ ਕੀਤੀ।"
"ਜਦੋਂ ਤੱਕ ਉਹ ਨਵਦੀਪ ਦੇ ਰਿਹਾਇਸ਼ੀ ਕਮਰੇ ਤੱਕ ਪਹੁੰਚੇ ਤਾਂ ਉਸ ਵੇਲੇ ਤੱਕ ਪੁਲਿਸ ਵੀ ਉੱਥੇ ਪਹੁੰਚ ਚੁੱਕੀ ਸੀ।"
"ਅੱਗੇ ਜੋ ਦੇਖਿਆ ਗਿਆ ਉਹ ਯਕੀਨ ਕਰਨ ਯੋਗ ਨਹੀਂ ਸੀ। ਦਿੱਲੀ ਪੁਲਿਸ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੇਰੇ ਪੁੱਤਰ ਨੇ ਆਤਮ-ਹੱਤਿਆ ਕਰ ਲਈ ਹੈ।"
"ਇਹ ਗੱਲ ਸੁਣਦੇ ਸਾਰ ਹੀ ਸਾਡੇ ਸਾਰੇ ਟੱਬਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸੀਂ ਤੁਰੰਤ ਦਿੱਲੀ ਵੱਲ ਨੂੰ ਰਵਾਨਾ ਹੋ ਗਏ।"
ਨਵਦੀਪ ਸਿੰਘ ਦੇ ਕਮਰੇ ਵਿੱਚੋਂ ਉਨਾਂ ਦੀ ਰਹੱਸਮਈ ਹਾਲਾਤ ਵਿੱਚ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਉਨਾਂ ਦਾ ਮੋਬਾਈਲ ਫੋਨ ਅਤੇ ਲੈਪਟਾਪ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਗੋਪਾਲ ਸਿੰਘ ਕਹਿੰਦੇ ਹਨ ਕਿ ਜਦੋਂ ਪੁਲਿਸ ਨੇ ਉਨਾਂ ਤੋਂ ਨਵਦੀਪ ਸਿੰਘ ਦੀ ਮੌਤ ਦੀ ਜਾਂਚ ਨੂੰ ਅੱਗੇ ਤੋਰਨ ਦੀ ਗੱਲ ਪੁੱਛੀ ਸੀ ਤਾਂ ਉਨਾਂ ਨੇ ਹਾਂ ਕਰ ਦਿੱਤੀ ਸੀ।
"ਮੇਰਾ ਦਿਲ ਤਾਂ ਇਹੀ ਕਹਿੰਦਾ ਹੈ ਕਿ ਨਵਦੀਪ ਖੁਦਕੁਸ਼ੀ ਨਹੀਂ ਕਰ ਸਕਦੇ। ਉਨਾਂ ਦਾ ਕਿਸੇ ਕਾਰਨ ਬਹੁਤ ਹੀ ਸੋਚੀ ਸਮਝੀ ਸਾਜਸ਼ ਤਹਿਤ ਕਤਲ ਕੀਤਾ ਗਿਆ ਹੈ।"
"ਨਵਦੀਪ ਸਿੰਘ ਦੀ ਮੌਤ ਦੀ ਕਹਾਣੀ ਵਾਲੇ ਦਿਨ ਤੋਂ ਬਾਅਦ ਕਿਸੇ ਵੀ ਅਥਾਰਟੀ ਨੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ ਹੈ।"
"ਸਾਡੀ ਤਾਂ ਇਹੀ ਮੰਗ ਹੈ ਕਿ ਪੁਲਿਸ ਘਟਨਾ ਵਾਲੀ ਜਗ੍ਹਾ ਦੇ ਨੇੜੇ ਅਤੇ ਕਾਲਜ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ਼ ਦੀ ਬਾਰੀਕੀ ਨਾਲ ਜਾਂਚ ਕਰੇ ਅਤੇ ਨਵਦੀਪ ਦੀ ਮੌਤ ਦੇ ਕਾਰਨ ਲੱਭ ਕੇ ਸਾਡੇ ਸਾਹਮਣੇ ਰੱਖੇ।"
ਆਪਣੀ ਗੱਲ ਜਾਰੀ ਰੱਖਦੇ ਹੋਏ ਗੋਪਾਲ ਸਿੰਘ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਭਾਰਤ ਵਿੱਚੋਂ ਟੌਪ ਕਰਨ ਵਾਲਾ ਨਵਦੀਪ ਸਿੰਘ ਵਰਗੇ ਦ੍ਰਿੜ ਇਰਾਦੇ ਵਾਲਾ ਕੋਈ ਵੀ ਨੌਜਵਾਨ ਖੁਦਕੁਸ਼ੀ ਬਾਰੇ ਸੋਚ ਵੀ ਨਹੀਂ ਸਕਦਾ।"
ਸਾਲ 2017 ਵਿੱਚ ਜਦੋਂ ਨਵਦੀਪ ਸਿੰਘ ਨੇ ਨੀਟ ਵਿੱਚ ਟੌਪ ਕੀਤਾ ਸੀ ਤਾਂ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਿਸ਼ੇਸ਼ ਸਨਮਾਨਿਤ ਕੀਤਾ ਸੀ।
ਇਸ ਤੋਂ ਇਲਾਵਾ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਵਦੀਪ ਸਿੰਘ ਨੂੰ ਸਨਮਾਨਿਤ ਕੀਤਾ ਸੀ।
ਡਾਕਟਰ ਨਵਦੀਪ ਸਿੰਘ ਦੀ ਬੇਵਕਤੀ ਅਤੇ ਅਣ-ਕਿਆਸੀ ਮੌਤ ਦੇ ਦਰਦ ਦੇ ਪ੍ਰਛਾਵੇਂ ਦਾ ਅਸਰ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਅਤੇ ਦਿਲਾਂ ਉੱਪਰ ਉਕਰਿਆ ਸਾਫ਼ ਦਿਖਾਈ ਦਿੰਦਾ ਹੈ।
ਜਦੋਂ ਪਰਿਵਾਰਕ ਮੈਂਬਰਾਂ ਤੋਂ ਡਾਕਟਰ ਨਵਦੀਪ ਸਿੰਘ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਸਨਮਾਨ ਦੀਆਂ ਤਸਵੀਰਾਂ ਦੇਖਣ ਲਈ ਕਿਹਾ ਗਿਆ ਤਾਂ ਉਹ ਮੌਤ ਦੇ ਸਦਮੇ ਕਾਰਨ ਅਜਿਹਾ ਨਹੀਂ ਕਰ ਸਕੇ।
ਇਸ ਸਬੰਧ ਵਿੱਚ ਗੋਪਾਲ ਸਿੰਘ ਕਹਿੰਦੇ ਹਨ, "ਨਵਦੀਪ ਨੇ ਮੁੜ ਸਾਡੇ ਵਿਹੜੇ ਵਿੱਚ ਨਹੀਂ ਆਉਣਾ ਹੈ। ਅਸੀਂ ਉਸ ਵੱਲੋਂ ਜਿੱਤੀਆਂ ਟਰਾਫ਼ੀਆਂ ਅਤੇ ਸਨਮਾਨ ਵਾਲੀਆਂ ਫੋਟੋਆਂ ਦੇਖ ਕੇ ਹੀ ਗੁਜ਼ਾਰਾ ਕਰਨਾ ਹੈ। ਉਹ ਨਵਦੀਪ ਦਾ ਸਾਡੇ ਕੋਲ ਸਭ ਤੋਂ ਵੱਡਾ ਸਰਮਾਇਆ ਹੈ।"
ਸਮੁੱਚੇ ਪਰਿਵਾਰ ਦੀ ਟੇਕ ਹੁਣ ਸਿਰਫ ਇਸ ਗੱਲ ਉੱਪਰ ਹੈ ਕਿ ਦਿੱਲੀ ਪੁਲਿਸ ਕਦੋਂ ਤੱਕ ਜਾਂਚ ਕਰਕੇ ਡਾਕਟਰ ਨਵਦੀਪ ਸਿੰਘ ਦੀ ਰਹੱਸਮਈ ਹਾਲਤ ਵਿੱਚ ਹੋਈ ਮੌਤ ਤੋਂ ਪਰਦਾ ਚੁੱਕਦੀ ਹੈ।
ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












