ਅਮਰੀਕਾ ਚੋਣਾਂ 2024 : ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ, ਸੌਖੇ ਸ਼ਬਦਾਂ ਵਿੱਚ ਸਮਝੋ

ਅਮਰੀਕਾ

ਤਸਵੀਰ ਸਰੋਤ, BBC/Getty

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ

ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਹ ਪੂਰੀ ਪ੍ਰਕਿਰਿਆ ਡੇਢ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ।

ਇਸ ਵਾਰ ਦੀਆਂ ਚੋਣਾਂ ਵਿੱਚ ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਸਖ਼ਤ ਮੁਕਾਬਲੇ 'ਤੇ ਹਨ।

ਰਾਸ਼ਟਰਪਤੀ ਦੀ ਚੋਣ ਚਾਰ ਸਾਲ ਲਈ ਹੁੰਦੀ ਹੈ। ਇੱਕ ਵਿਅਕਤੀ ਰਾਸ਼ਟਰਪਤੀ ਵਜੋਂ ਦੋ ਕਾਰਜਕਾਲ ਹੀ ਪੂਰੇ ਕਰ ਸਕਦਾ ਹੈ।

ਅਮਰੀਕਾ ਵਿੱਚ ਰਾਸ਼ਟਰਪਤੀ ਨੂੰ ਪੋਟਸ ਕਹਿੰਦੇ ਹਨ ਯਾਨਿ ਪ੍ਰੈਜ਼ੀਡੈਂਟ ਆਫ ਯੂਨਾਈਟਡ ਸਟੇਟਸ ਆਫ ਅਮਰੀਕਾ।

ਅਮਰੀਕਾ ਦੀ ਸਿਆਸਤ ’ਚ ਦੋ ਹੀ ਮੁੱਖ ਪਾਰਟੀਆਂ ਹਨ। ਰਿਪਬਲੀਕਨਜ਼ ਅਤੇ ਡੈਮੌਕ੍ਰੇਟਜ਼।

ਰਿਪਬਲਿਕਨਜ਼ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਹੈ ਅਤੇ ਡੈਮੌਕ੍ਰੇਟਜ਼ ਅਮਰੀਕਾ ਦੀ ਲਿਬਰਲ ਪਾਰਟੀ ਹੈ।

ਡੌਨਲਡ ਟਰੰਪ ਅਤੇ ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਸਖ਼ਤ ਟੱਕਰ ਹੈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਕੀ ਹੈ

  • ਪ੍ਰਾਈਮਰੀ ਅਤੇ ਕੌਕਸ
  • ਨੈਸ਼ਨਲ ਕਨਵੈਂਸ਼ਨ
  • ਆਮ ਚੋਣਾਂ
  • ਇਲੈਟੋਰਲ ਕਾਲਜ
  • ਸਹੁੰ ਚੁੱਕ ਸਮਾਗਮ
ਅਮਰੀਕਾ ਚੋਣਾਂ

ਪ੍ਰਾਈਮਰੀ ਅਤੇ ਕੌਕਸ

ਸਭ ਤੋਂ ਪਹਿਲਾਂ ਸਿਆਸੀ ਪਾਰਟੀਆਂ ਤੋਂ ਡੈਲੀਗੇਟਸ ਚੁਣੇ ਜਾਂਦੇ ਹਨ। ਪ੍ਰਾਈਮਰੀ ਅਤੇ ਕੌਕਸ ਪ੍ਰਕਿਰਿਆ ਦੇ ਤਹਿਤ ਇਨ੍ਹਾਂ ਦੀ ਚੋਣ ਹੁੰਦੀ ਹੈ।

ਪ੍ਰਾਈਮਰੀ ਵਿੱਚ ਸਿਆਸੀ ਦਲਾਂ ਦੇ ਰਜਿਸਟਰਡ ਮੈਂਬਰ ਅਤੇ ਆਮ ਲੋਕ ਵੋਟ ਦਿੰਦੇ ਹਨ ਅਤੇ ਕੌਕਸ ਇੱਕ ਖੁੱਲ੍ਹੇ ਵਿੱਚ ਹੋਣ ਵਾਲੀ ਗ਼ੈਰ-ਰਸਮੀ ਮੀਟਿੰਗ ਹੁੰਦੀ ਹੈ।

ਨੈਸ਼ਨਲ ਕਨਵੈਂਸ਼ਨ

ਵੱਖ-ਵੱਖ ਸਟੇਟਾਂ ਚੋਂ ਚੁਣੇ ਗਏ ਪਾਰਟੀ ਦੇ ਡੈਲੀਗੇਟਸ ਇੱਕ ਸਥਾਨ ʼਤੇ ਆ ਕੇ ਰਾਸ਼ਟਰਪਤੀ ਦੀ ਉਮੀਦਾਵਰੀ ਪੇਸ਼ ਕਰਨ ਵਾਲੇ ਲੋਕਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਮ ਚੋਣਾਂ

ਇਸ ਪ੍ਰਕਿਰਿਆ ਵਿੱਚ ਆਮ ਜਨਤਾ ਇਲੈਕਟਰਜ਼ ਨੂੰ ਚੁਣਦੀ ਹੈ। ਸਟੇਟਾਂ ਦੀ ਆਬਾਦੀ ਦੇ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ। ਇਸ ਵਿੱਚ ʻਵਿਨਰ ਟੈਕਸ ਆਲʼ ਦਾ ਨਿਯਮ ਲਾਗੂ ਹੁੰਦਾ ਹੈ।

ਵਿਨਰ ਟੈਕਸ ਆਲ ਦਾ ਨਿਯਮ ਕੀ ਹੈ

ਉਦਾਹਰਣ ਵਜੋਂ-ਫਲੋਰੀਡਾ ਸਟੇਟ ਵਿੱਚ 30 ਇਲੈਕਟਰ ਹੁੰਦੇ ਹਨ। ਜੇਕਰ 14 ਇਲੈਕਟਰ ਰਿਪਬਲੀਕਨ ਪਾਰਟੀ ਦੇ ਜਿੱਤਦੇ ਹਨ ਅਤੇ 16 ਡੈਮੋਕ੍ਰੇਟਿਕ ਪਾਰਟੀ ਦੇ ਤਾਂ ਸਟੇਟ ਵਿੱਚ ਡੈਮੋਕ੍ਰੇਟਸ ਦੀ ਜਿੱਤ ਹੋਵੇਗੀ।

ਹੁਣ ਪੂਰੇ 30 ਇਲੈਕਟਰਜ਼ ਡੈਮੋਕ੍ਰੇਟਿਕ ਪਾਰਟੀ ਦੇ ਹੋ ਜਾਣਗੇ। ਦੇਸ਼ ਭਰ ਵਿੱਚ 538 ਇਲੈਕਟਰਜ਼ ਚੁਣੇ ਜਾਂਦੇ ਹਨ। ਪਾਰਟੀ ਨੂੰ ਜਿੱਤ ਲਈ 270 ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ-

ਇਲੈਟੋਰਲ ਕਾਲਜ ਕੀ ਹੈ?

ਜਦੋਂ ਅਮਰੀਕੀ ਵੋਟਰ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਂਦੇ ਹਨ ਤਾਂ ਉਹ ਅਸਲ ਵਿੱਚ ਅਧਿਕਾਰੀਆਂ ਦੇ ਇੱਕ ਸਮੂਹ ਨੂੰ ਆਪਣਾ ਵੋਟ ਦਿੰਦੇ ਹਨ, ਜੋ ਕਿ ਇਲੈਕਟੋਰਲ ਕਾਲਜ ਬਣਾਉਂਦੇ ਹਨ।

"ਕਾਲਜ" ਸ਼ਬਦ ਦਾ ਅਰਥ, ਅਜਿਹੇ ਲੋਕਾਂ ਦਾ ਸਮੂਹ ਹੈ ਜੋ ਇੱਕੋ ਜਿਹੇ ਕੰਮਾਂ ਨਾਲ ਜੁੜੇ ਹੋਣ। ਜਿਹੜੇ ਲੋਕ ਇਲੈਕਟਰਜ਼ ਹੁੰਦੇ ਹਨ ਉਨ੍ਹਾਂ ਦਾ ਕੰਮ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਚੁਣਨਾ ਹੁੰਦਾ ਹੈ।

ਦੇਸ਼ ਭਰ ਵਿੱਚ ਚੁਣੇ ਗਏ 538 ਇਲੈਕਟਰਜ਼ ਦਸੰਬਰ ਵਿੱਚ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਉਮੀਦਵਾਰ ਲਈ ਵੋਟ ਪਾਉਂਦੇ ਹਨ।

ਵੋਟਾਂ ਦੀ ਗਿਣਤੀ ਅਮਰੀਕੀ ਕਾਂਗਰਸ ਵਿੱਚ ਜਨਵਰੀ ਵਿੱਚ ਹੁੰਦੀ ਹੈ।

ਅਮਰੀਕਾ ਚੋਣਾਂ

ਕੀ ਇਲੈਕਟਰਜ਼ ਨੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਉਣੀ ਹੁੰਦੀ ਹੈ?

ਕਈ ਸੂਬਿਆਂ ਵਿੱਚ ਇਲੈਕਟਰਜ਼ ਆਪਣੀ ਪਸੰਦ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਆਪਣਾ ਵੋਟ ਦੇ ਸਕਦੇ ਹਨ। ਪਰ ਅਸਲੀਅਤ ਇਹ ਹੈ ਕਿ ਇਲੈਕਟਰਜ਼ ਤਕਰੀਬਨ ਹਮੇਸ਼ਾ ਹੀ ਉਸ ਉਮੀਦਵਾਰ ਨੂੰ ਵੋਟ ਦਿੰਦੇ ਹਨ ਜਿਸ ਨੂੰ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਹੋਣ।

ਜੇਕਰ ਕੋਈ ਇਲੈਕਟਰ ਉਸ ਸੂਬੇ ਦੇ ਰਾਸ਼ਟਰਪਤੀ ਅਹੁਦੇ ਲਈ ਪਸੰਦ ਉਮੀਦਵਾਰ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਉਸ ਨੂੰ "ਆਸਥਾਵਿਰੋਧੀ" ਕਿਹਾ ਜਾਂਦਾ ਹੈ।

ਸਹੁੰ ਚੁੱਕ ਸਮਾਗਮ

ਚੁਣੇ ਗਏ ਨਵੇਂ ਰਾਸ਼ਟਰਪਤੀ ਨੂੰ ਅਧਿਕਾਰਤ ਤੌਰ ’ਤੇ ਵਾਸ਼ਿੰਗਟਨ ਡੀਸੀ 20 ਜਨਵਰੀ ਨੂੰ ਹੋਣ ਵਾਲੇ ਸਮਾਗਮ ’ਚ ਕੁਰਸੀ ਮਿਲਦੀ ਹੈ। ਇਸੇ ਦਿਨ ਹੀ ਅਮਰੀਕਾ ਦੇ ਰਾਸ਼ਟਰਪਤੀ ਸਹੁੰ ਚੁੱਕਦੇ ਹਨ।

ਇਸ ਨੂੰ ਅਮਰੀਕਾ ਵਿੱਚ ਇਨੋਗਰੇਸ਼ਨ ਡੇਅ ਵੀ ਕਿਹਾ ਜਾਂਦਾ ਹੈ। ਸੈਰੇਮਨੀ ਤੋਂ ਬਾਅਦ ਰਾਸ਼ਟਰਪਤੀ ਵਾਈਟ ਹਾਊਸ ’ਚ ਆਪਣੇ ਅਗਲੇ 4 ਸਾਲਾਂ ਲਈ ਅਧਿਕਾਰਤ ਤੌਰ ʼਤੇ ਆਪਣਾ ਕੰਮਕਾਜ ਸੰਭਾਲਦੇ ਹਨ।

ਅਮਰੀਕਾ

ਕੀ ਅਜਿਹਾ ਹੋ ਸਕਦਾ ਹੈ, ਲੋਕਾਂ ਦੀਆਂ ਵੋਟਾਂ ਤਾਂ ਵੱਧ ਮਿਲੀਆਂ ਹੋਣ, ਫ਼ਿਰ ਵੀ ਤੁਸੀਂ ਰਾਸ਼ਟਰਪਤੀ ਨਾ ਬਣ ਸਕੋ?

ਹਾਂ, ਅਜਿਹਾ ਹੋ ਸਕਦਾ ਹੈ।

ਅਜਿਹਾ ਉਨ੍ਹਾਂ ਉਮੀਦਵਾਰਾਂ ਨਾਲ ਹੋ ਸਕਦਾ ਹੈ ਜੋ ਕਿ ਦੇਸ ਭਰ ਵਿੱਚ ਸਭ ਤੋਂ ਵੱਧ ਹਰਮਨ ਪਿਆਰੇ ਹੋਣ ਪਰ ਉਹ 270 ਇਲੈਕਟੋਰਲ ਵੋਟ ਹਾਸਿਲ ਕਰਨ ਲਈ ਲੋੜੀਂਦੇ ਸੂਬਿਆਂ ਵਿੱਚ ਨਾ ਜਿੱਤੇ ਹੋਣ।

ਅਸਲ ਵਿੱਚ ਪਿਛਲੀਆਂ 6 ਚੋਣਾਂ ਵਿੱਚੋਂ ਦੋ ਵਿੱਚ ਅਜਿਹੇ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਆਮ ਲੋਕਾਂ ਦੀਆਂ ਘੱਟ ਵੋਟਾਂ ਮਿਲੀਆਂ ਸਨ।

2016 ਵਿੱਚ ਡੌਨਲਡ ਟਰੰਪ ਨੂੰ ਹਿਲੇਰੀ ਕਲਿੰਟਨ ਦੇ ਮੁਕਾਬਲੇ ਤਕਰਕੀਬਨ 30 ਲੱਖ ਘੱਟ ਵੋਟਾਂ ਮਿਲੀਆਂ ਸਨ ਪਰ ਉਹ ਰਾਸ਼ਟਰਪਤੀ ਬਣ ਗਏ ਕਿਉਂਕਿ ਇਲੈਕੋਟਰਲ ਕਾਲਜ ਨੇ ਉਨ੍ਹਾਂ ਨੂੰ ਬਹੁਮਤ ਦੇ ਦਿੱਤਾ ਸੀ।

2000 ਵਿੱਚ ਜੌਰਜ ਡਬਲਯੂ ਬੁਸ਼ ਨੇ 271 ਇਲੈਕੋਰਲ ਵੋਟ ਜਿੱਤੇ ਸੀ। ਹਾਲਾਂਕਿ, ਡੈਮੋਕਰੈਟਿਕ ਉਮੀਦਵਾਰ ਅਲ ਗੌਰ ਨੂੰ ਆਮ ਲੋਕਾਂ ਤੋਂ ਪੰਜ ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ।

ਸਿਰਫ਼ ਤਿੰਨ ਅਜਿਹੇ ਰਾਸ਼ਟਰਪਤੀ ਹੋਏ ਹਨ ਜੋ ਕਿ ਆਮ ਲੋਕਾਂ ਦੀਆਂ ਜ਼ਿਆਦਾ ਵੋਟਾਂ ਨਾ ਹਾਸਿਲ ਕਰਨ ਦੇ ਬਾਵਜੂਦ ਜੇਤੂ ਰਹੇ।

ਇਹ ਸਾਰੇ 19ਵੀਂ ਸਦੀ ਵਿੱਚ ਹੋਏ ਸਨ। ਇਹ ਜੌਨ ਕਵਿੰਸੀ ਐਡਮਸ, ਰਦਰਫੋਰਡ ਬੀ ਹਾਯੇਸ ਅਤੇ ਬੈਂਜਾਮਿਨ ਹੈਰੀਸਨ ਸਨ।

ਅਮਰੀਕਾ

ਅਜਿਹਾ ਸਿਸਟਮ ਕਿਉਂ ਬਣਾਇਆ ਗਿਆ ਸੀ?

ਜਦੋਂ 1787 ਵਿੱਚ ਅਮਰੀਕੀ ਸੰਵਿਧਾਨ ਤਿਆਰ ਹੋ ਰਿਹਾ ਸੀ ਉਦੋਂ ਆਮ ਲੋਕਾਂ ਵੱਲੋਂ ਚੁਣੇ ਗਏ ਵਿਅਕਤੀ ਨੂੰ ਰਾਸ਼ਟਰਪਤੀ ਬਣਾਉਣਾ ਅਮਲੀ ਰੂਪ ਵਿੱਚ ਅਸੰਭਵ ਸੀ। ਅਜਿਹਾ ਦੇਸ ਦੇ ਅਕਾਰ ਅਤੇ ਸੰਚਾਰ ਦੀ ਮੁਸ਼ਕਿਲ ਕਾਰਨ ਸੀ।

ਇਸ ਦੇ ਨਾਲ ਹੀ ਵਾਸ਼ਿੰਗਟਨ ਡੀਸੀ ਵਿੱਚ ਸੰਸਦ ਮੈਂਬਰਾਂ ਨੂੰ ਰਾਸ਼ਟਰਪਤੀ ਨੂੰ ਚੁਣਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਉਤਸ਼ਾਹ ਨਾ ਦੇ ਬਰਾਬਰ ਸੀ।

ਅਜਿਹੇ ਵਿੱਚ ਸੰਵਿਧਾਨ ਬਣਾਉਣ ਵਾਲਿਆਂ ਨੇ ਇਲੈਕਟੋਰਲ ਕਾਲਜ ਦੀ ਵਿਵਸਥਾ ਕਰ ਦਿੱਤੀ। ਇਸ ਵਿੱਚ ਹਰ ਸੂਬਾ ਇਲੈਕਟਰ ਚੁਣਦਾ ਹੈ।

ਜੇ ਕਿਸੇ ਉਮੀਦਵਾਰ ਨੂੰ ਬਹੁਮਤ ਨਾ ਮਿਲੇ ਤਾਂ ਕੀ ਹੁੰਦਾ ਹੈ?

ਅਜਿਹੇ ਵਿੱਚ ਅਮਰੀਕੀ ਸੰਸਦ ਦਾ ਹੇਠਲਾ ਸਦਨ ਹਾਊਸ ਆਫ਼ ਰਿਪ੍ਰੈਜੈਂਟੇਟਿਵਜ਼ ਵੋਟਾਂ ਦੇ ਕੇ ਰਾਸ਼ਟਰਪਤੀ ਦੀ ਚੋਣ ਕਰਦਾ ਹੈ।

ਹੁਣ ਤੱਕ ਅਜਿਹਾ ਸਿਰਫ਼ ਇੱਕ ਵਾਰ ਹੋਇਆ ਹੈ। 1824 ਵਿੱਚ ਚਾਰ ਉਮੀਦਵਾਰਾਂ ਵਿੱਚ ਇਲੋਕਟੋਰਲ ਵੋਟ ਵੰਡੇ ਗਏ ਸਨ। ਇਸ ਕਰਕੇ ਕਿਸੇ ਨੂੰ ਵੀ ਬਹੁਮਤ ਹਾਸਲ ਨਾ ਹੋ ਸਕਿਆ।

ਦੋ ਪਾਰਟੀਆਂ ਦੇ ਅਮਰੀਕੀ ਸਿਸਟਮ ਤੇ ਦਬਦਬੇ ਰੱਖਣ ਕਾਰਨ ਅੱਜ ਦੇ ਦੌਰ ਵਿੱਚ ਅਜਿਹਾ ਹੋਣਾ ਮੁਸ਼ਕਿਲ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)