ਨਿੱਜੀ ਕੰਪਨੀ ’ਚ ਕੰਮ ਦੇ ਬੋਝ ਕਾਰਨ ਸੀਏ ਕੁੜੀ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ? ਮਾਂ ਨੇ ਕੰਪਨੀ ਨੂੰ ਹੋਰ ਲੋਕਾਂ ਲਈ ਕੀ ਲਿਖਿਆ

ਤਸਵੀਰ ਸਰੋਤ, Getty Images
- ਲੇਖਕ, ਪ੍ਰਾਚੀ ਕੁਲਕਰਨੀ
- ਰੋਲ, ਬੀਬੀਸੀ ਮਰਾਠੀ ਲਈ
ਅਰਨਸਟ ਐਂਡ ਯੰਗ ਦੇ ਪੁਣੇ ਦਫ਼ਤਰ ਵਿੱਚ ਮੁਲਾਜ਼ਮ ਇੱਕ 26 ਸਾਲਾ ਕੁੜੀ ਦੀ ਜੁਲਾਈ ਮਹੀਨੇ ਵਿੱਚ ਮੌਤ ਹੋ ਗਈ ਸੀ। ਮਰਹੂਮ ਦੀ ਮਾਂ ਨੇ ਇਲਜ਼ਾਮ ਲਾਇਆ ਹੈ ਕਿ ਮੌਤ ਦੀ ਵਜ੍ਹਾ ਬਹੁਤ ਜ਼ਿਆਦਾ ਕੰਮ ਸੀ। ਮਾਂ ਨੇ ਕੰਪਨੀ ਦੇ ਚੇਅਰਮੈਨ ਰਾਜੀਵ ਮੇਮਾਨੀ ਨੂੰ ਇਸ ਸੰਬੰਧ ਵਿੱਚ ਇੱਕ ਈਮੇਲ ਲਿਖੀ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਇਸ ਈਮੇਲ ਵਿੱਚ ਐਨਾ ਸਬੈਸਟੀਅਨ ਪੇਰਾਇਲ ਦੀ ਮੌਤ ਲਈ ਮਰਹੂਮ ਦੀ ਮਾਂ ਅਨੀਤਾ ਅਗਸਤੀਨ ਨੇ ਕੰਪਨੀ ਦੇ ਕੰਮ ਦੇ ਸਭਿਆਚਾਰ ਅਤੇ ਬਹੁਤ ਜ਼ਿਆਦਾ ਤਣਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕਿਰਤ ਮੰਤਰਾਲੇ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਪੂਰੀ ਜਾਂਚ ਦੀ ਗੱਲ ਕਹੀ ਹੈ।
ਅਰਨਸਟ ਐਂਡ ਯੰਗ ਕੰਪਨੀ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।
ਕੇਰਲ ਦੇ ਕੋਚੀ ਦੀ ਵਾਸੀ ਐਨਾ ਸਬੈਸਟੀਅਨ ਪੇਰਾਇਲ ਨੇ ਚਾਰਟਡ ਅਕਾਊਂਟੈਂਟ ਬਣਨ ਤੋਂ ਬਾਅਦ ਮਾਰਚ 2024 ਵਿੱਚ ਅਰਨਸਟ ਐਂਡ ਯੰਗ ਕੰਪਨੀ ਵਿੱਚ ਆਪਣੀ ਪਹਿਲੀ ਨੌਕਰੀ ਸ਼ੁਰੂ ਕੀਤੀ ਸੀ। ਲੇਕਿਨ ਉਨ੍ਹਾਂ ਦੀ ਜੁਲਾਈ ਵਿੱਚ ਹੀ ਮੌਤ ਹੋ ਗਈ।
ਮਾਂ ਨੇ ਈਮੇਲ ਵਿੱਚ ਕੀ ਲਿਖਿਆ ਹੈ?
ਅਰਨਸਟ ਐਂਡ ਯੰਗ ਦੇ ਚੇਅਰਮੈਨ ਰਾਜੀਵ ਮੇਮਾਨੀ ਨੂੰ ਲਿਖੀ ਈਮੇਲ ਵਿੱਚ ਮਾਂ ਨੇ ਕਿਹਾ ਹੈ, “ਮੈਂ ਇਹ (ਈਮੇਲ) ਉਸ ਮਾਂ ਦੇ ਦੁੱਖ ਵਿੱਚੋਂ ਲਿਖ ਰਹੀ ਹਾਂ ਜਿਸ ਨੇ ਆਪਣਾ ਬੱਚਾ ਗੁਆਇਆ ਹੈ। ਇਹ ਲਿਖਣਾ ਮਹੱਤਵਪੂਰਨ ਹੈ ਤਾਂ ਜੋ ਇਹ ਦੁੱਖ ਕਿਸੇ ਹੋਰ ਨੂੰ ਨਾ ਦੇਖਣਾ ਪਵੇ।”
“ਨਵੰਬਰ 2023 ਵਿੱਚ ਸੀਏ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਸ ਨੇ 19 ਮਾਰਚ 2024 ਤੋਂ ਅਰਨੈਸਟ ਯੰਗ ਕੰਪਨੀ ਵਿੱਚ ਖੁਸ਼ੀ-ਖੁਸ਼ੀ ਨੌਕਰੀ ਸ਼ੁਰੂ ਕੀਤੀ ਸੀ। ਉਸ ਦੇ ਬਹੁਤ ਸਾਰੇ ਸੁਫ਼ਨੇ ਸਨ। ਉਸ ਨੂੰ ਆਪਣੀ ਪਹਿਲੀ ਨੌਕਰੀ ਇੰਨੀ ਵਕਾਰੀ ਕੰਪਨੀ ਵਿੱਚ ਲੱਗਣ ਤੋਂ ਬਹੁਤ ਖੁਸ਼ ਸੀ। ਲੇਕਿਨ ਚਾਰ ਮਹੀਨਿਆਂ ਦੇ ਅੰਦਰ ਹੀ 26 ਜੁਲਾਈ ਨੂੰ ਸਾਨੂੰ ਉਸ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲੀ।”
“ਉਹ ਆਪਣੇ-ਆਪ ਨੂੰ ਮਿਲੀ ਹਰੇਕ ਜ਼ਿੰਮੇਵਾਰੀ ਪੂਰੀ ਕਰਨ ਲਈ ਦ੍ਰਿੜ ਸੀ। ਹਾਲਾਂਕਿ ਨਵਾਂ ਮਾਹੌਲ, ਕੰਮ ਦਾ ਤਣਾਅ ਅਤੇ ਕੰਮ ਦੇ ਘੰਟੇ ਉਸ ਉੱਤੇ ਆਪਣਾ ਅਸਰ ਪਾ ਰਹੇ ਸਨ। ਕੰਮ ਸ਼ੁਰੂ ਕਰਨ ਦੇ ਕੁਝ ਦਿਨਾਂ ਦੇ ਅੰਦਰ ਹੀ, ਉਸ ਨੂੰ ਚਿੰਤਾ, ਉਨੀਂਦਰਾ, ਅਤੇ ਤਣਾਅ ਮਹਿਸੂਸ ਹੋਣ ਲੱਗਿਆ। ਲੇਕਿਨ ਉਸ ਨੇ ਨਜ਼ਰਅੰਦਾਜ਼ ਕੀਤਾ ਅਤੇ ਕੰਮ ਕਰਦੀ ਰਹੀ।”
ਉਹਨਾਂ ਅੱਗੇ ਲਿਖਿਆ, ''6 ਜੁਲਾਈ ਨੂੰ ਮੈਂ ਅਤੇ ਮੇਰੇ ਪਤੀ ਐਨਾ ਦੇ ਗਰੈਜੂਏਸ਼ਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁਣੇ ਵਿੱਚ ਸੀ। ਜਦੋਂ ਉਸ ਨੇ ਸਾਨੂੰ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਸਦੀ ਛਾਤੀ ਵਿੱਚ ਦਰਦ ਹੋ ਰਿਹਾ ਸੀ। ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ, ਲੇਕਿਨ ਉਸਦੀ ਈਸੀਜੀ ਠੀਕ ਆਈ ਸੀ।''

ਤਸਵੀਰ ਸਰੋਤ, X.com

''ਦਿਲ ਦੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਨੀਂਦ ਪੂਰੀ ਨਾ ਹੋਣ ਕਾਰਨ ਅਤੇ ਸਮੇਂ ਸਿਰ ਖਾਣਾ ਨਾ ਖਾਣ ਦਾ ਅਸਰ ਸੀ। ਡਾਕਟਰ ਨੇ ਕੁਝ ਦਵਾਈਆਂ ਲਿਖ ਦਿੱਤੀਆਂ। ਅਸੀਂ ਉਸ ਸਮੇਂ ਕੋਚੀ ਵਾਪਸ ਆ ਗਏ। ਲੇਕਿਨ ਉਸ ਨੂੰ ਕੰਮ ਦੇ ਤਣਾਅ ਅਤੇ ਬਹੁਤ ਸਾਰੇ ਕੰਮ ਕਾਰਨ ਵਾਪਸ ਕੰਮ ’ਤੇ ਵਾਪਸ ਜਾਣਾ ਪਿਆ।''
“ਉਸਦਾ ਗਰੈਜੂਏਸ਼ਨ ਸਮਾਗਮ ਐਤਵਾਰ ਦਾ ਸੀ। ਲੇਕਿਨ ਉਸ ਦਿਨ ਵੀ ਉਹ ਦੁਪਹਿਰ ਤੱਕ ਘਰੋਂ ਕੰਮ ਕਰਦੀ ਰਹੀ। ਆਪਣੇ ਗਰੈਜੂਏਸ਼ਨ ਸਮਾਗਮ ਵਿੱਚ ਆਪਣੇ ਪੈਸਿਆਂ ਨਾਲ ਸਾਨੂੰ ਲਿਜਾਣਾ ਉਸਦਾ ਸੁਫ਼ਨਾ ਸੀ। ਲੇਕਿਨ ਸਾਡੇ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਨਾਲ ਸਾਡੀ ਆਖਰੀ ਮੁਲਾਕਾਤ ਹੋਵੇਗੀ।”
“ਉਸਦੀ ਟੀਮ ਦੇ ਕਈ ਮੈਂਬਰ ਜਿਨ੍ਹਾਂ ਨਾਲ ਉਸਨੂੰ ਕੰਮ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਪਹਿਲਾਂ ਹੀ ਕੰਮ ਦੇ ਤਣਾਅ ਕਾਰਨ ਅਸਤੀਫ਼ੇ ਦੇ ਦਿੱਤੇ ਸਨ। ਉਸ ਦੇ ਮੈਨੇਜਰ ਨੇ ਉਸ ਨੂੰ ਕਿਹਾ ਕਿ ਤੂੰ ਇੱਥੇ ਕੰਮ ਕਰਕੇ ਦਿਖਾ ਦੇ ਕਿ ਅਜਿਹਾ ਕੁਝ ਨਹੀਂ ਹੈ। ਲੇਕਿਨ ਇਹ ਕੰਮ ਕਰਦੀ ਨੇ ਉਸਨੇ ਆਪਣੀ ਜਾਨ ਗੁਆ ਲਈ।”
ਈਮੇਲ ਵਿੱਚ ਐਨਾ ਦੀ ਮਾਂ ਨੇ ਕਿਹਾ ਹੈ, “ਉਸਦਾ ਮੈਨੇਜਰ ਕ੍ਰਿਕਿਟ ਦੇ ਮੈਚਾਂ ਲਈ ਮੀਟਿੰਗ ਦੇ ਸਮੇਂ ਬਦਲਦਾ ਰਹਿੰਦਾ ਸੀ। ਉਸ ਨੂੰ ਦਿਨ ਦੇ ਅਖੀਰ ਵਿੱਚ ਕੰਮ ਦਿੱਤਾ ਜਾਂਦਾ ਸੀ, ਜਿਸ ਨੇ ਉਸਦੇ ਤਣਾਅ ਵਿੱਚ ਵਾਧਾ ਕੀਤਾ। ਕੰਮ ਦੇ ਵੱਧ ਰਹੇ ਤਣਾਅ ਬਾਰੇ ਉਸਨੇ ਸਾਡੇ ਨਾਲ ਗੱਲ ਕੀਤੀ। ਅਸੀਂ ਉਸਨੂੰ ਇੰਨਾ ਕੰਮ ਨਾ ਕਰਨ ਦੀ ਸਲਾਹ ਦਿੱਤੀ। ਹਾਲਾਂਕਿ ਉਸਦੇ ਮੈਨੇਜਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ। ਇੱਕ ਵਾਰ ਉਸ ਨੂੰ ਦੇਰ ਰਾਤ ਨੂੰ ਇੱਕ ਕੰਮ ਦੇ ਕੇ ਐਤਵਾਰ ਤੱਕ ਪੂਰਾ ਕਰਨ ਲਈ ਕਿਹਾ ਗਿਆ। ਜਦੋਂ ਉਸ ਨੇ ਕਿਹਾ ਕਿ ਉਸ ਕੋਲ ਅਰਾਮ ਕਰਨ ਦਾ ਸਮਾਂ ਨਹੀਂ ਹੋਵੇਗਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਰਾਤ ਨੂੰ ਇਹ ਕੰਮ ਮੁਕਾ ਸਕਦੀ ਹੈ।”
“ਜਦੋਂ ਉਹ ਦੇਰ ਰਾਤ ਨੂੰ ਕੰਮ ਤੋਂ ਵਾਪਸ ਆਉਂਦੀ ਸੀ ਤਾਂ ਉਹ ਬਹੁਤ ਥੱਕੀ ਹੁੰਦੀ ਸੀ। ਉਸ ਨੂੰ ਸੁੱਤੀ ਪਈ ਨੂੰ ਵੀ ਕੰਮ ਬਾਰੇ ਮੈਸਜ ਆਉਂਦੇ ਸਨ। ਫਿਰ ਵੀ ਉਹ ਕੰਮ ਤੈਅ ਸਮੇਂ ਦੇ ਵਿੱਚ-ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਸੀ। ਐਨਾ ਨੇ ਕਦੇ ਆਪਣੇ ਮੈਨੇਜਰ ਦੇ ਵਿਹਾਰ ਬਾਰੇ ਸ਼ਿਕਾਇਤ ਨਹੀਂ ਕੀਤੀ। ਨਵੇਂ ਭਰਤੀ ਹੋਏ ਲੋਕਾਂ ਨੂੰ ਦਿਨ ਰਾਤ ਅਤੇ ਹਫ਼ਤੇ ਦੇ ਅੰਤ ਵਿੱਚ ਵੀ ਕੰਮ ਕਰਨਾ ਪਵੇ, ਇਹ ਮੇਰੇ ਦਿਲ ਨੂੰ ਪਸੰਦ ਨਹੀਂ ਆਇਆ। ਕੰਮ ਦੇ ਇਸੇ ਤਣਾਅ ਕਾਰਨ ਹੀ ਉਸਦੀ ਜਾਨ ਗਈ ਹੈ। ਲੇਕਿਨ ਇਸ ਘਟਨਾ ਦੇ ਬਾਵਜੂਦ, ਕੰਪਨੀ ਵਿੱਚ ਕੋਈ ਵੀ ਉਸਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਨਹੀਂ ਆਇਆ।”
“ਮੈਂ ਉਸਦੇ ਮੈਨੇਜਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ। ਉਸ ਨੇ ਆਪਣਾ ਸੀਏ ਬਣਨ ਦਾ ਸੁਫ਼ਨਾ ਪੂਰਾ ਕਰਨ ਲਈ ਕਈ ਸਾਲ ਬਿਤਾਏ। ਲੇਕਿਨ ਇਹ ਸਾਰੇ ਸਾਲ ਕੰਪਨੀ ਦੇ ਚਾਰ ਮਹੀਨਿਆਂ ਦੇ ਤਣਾਅ ਨੇ ਬਰਬਾਦ ਕਰ ਦਿੱਤੇ।”
“ਇੱਕ ਮਾਂ ਹੋਣ ਦੇ ਨਾਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਚਿੱਠੀ ਤੋਂ ਬਾਅਦ ਕੰਪਨੀ ਵਿੱਚ ਜ਼ਰੂਰੀ ਬਦਲਾਅ ਕੀਤੇ ਜਾਣਗੇ ਤਾਂ ਜੋ ਕਿਸੇ ਹੋਰ ਨੂੰ ਉਹ ਦੁੱਖ ਸਹਿਣ ਨਾ ਕਰਨਾ ਪਵੇ ਜੋ ਅਸੀਂ ਝੱਲਿਆ ਹੈ।”
ਕੰਪਨੀ ਦੀ ਸਫ਼ਾਈ

ਤਸਵੀਰ ਸਰੋਤ, Getty Images
ਬੀਬੀਸੀ ਮਰਾਠੀ ਨਾਲ ਫੋਨ ਉੱਤੇ ਗੱਲਬਾਤ ਕਰਦੇ ਹੋਏ ਅਰਨੈਸਟ ਐਂਡ ਯੰਗ ਦੇ ਸਹਾਇਕ ਸੰਚਾਰ ਨਿਰਦੇਸ਼ਕ ਪੁਸ਼ਪਾਂਜਲੀ ਸਿੰਘ ਨੇ ਮੰਨਿਆ ਕਿ ਕੰਪਨੀ ਦੇ ਚੇਅਰਮੈਨ ਰਾਜੀਵ ਮਿਮਾਨੀ ਨੂੰ ਈਮੇਲ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਈਮੇਲ ਤੁਰੰਤ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
ਬੀਬੀਸੀ ਮਰਾਠੀ ਨੂੰ ਉਨ੍ਹਾਂ ਨੇ ਦੱਸਿਆ ਕਿ ਐਨਾ ਦੇ ਦੋਸਤ ਨੇ ਸਾਨੂੰ ਦੱਸਿਆ ਸੀ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਉਸਦੇ ਮੈਨੇਜਰ, ਐੱਚਆਰ ਅਤੇ ਸਹਿਕਰਮੀ ਉਸ ਨੂੰ ਹਸਪਤਾਲ ਲੈ ਕੇ ਗਏ ਸਨ। ਮੌਤ ਤੋਂ ਬਾਅਦ ਅਸੀਂ ਨਿਰੰਤਰ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ। ਉਨ੍ਹਾਂ ਨੇ ਪਹਿਲਾਂ ਕਦੇ ਇਸ ਤਰ੍ਹਾਂ ਦੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ।
“ਚੇਅਰਮੈਨ ਨੇ ਤੁਰੰਤ ਈਮੇਲ ਦਾ ਜਵਾਬ ਦਿੱਤਾ ਅਤੇ ਪਰਿਵਾਰ ਨੂੰ ਮਿਲਣ ਲਈ ਇੱਕ ਟੀਮ ਭੇਜਣ ਨੂੰ ਕਿਹਾ। ਸੰਭਵ ਹੈ ਕਿ ਅੰਤਿਮ ਰਸਮਾਂ ਕੋਚੀ ਵਿੱਚ ਕੀਤੀਆਂ ਗਈਆਂ ਹੋਣ ਇਸ ਲਈ ਕੋਈ ਨਾ ਜਾ ਸਕਿਆ ਹੋਵੇ।”
ਇੱਕ ਪ੍ਰੈਸ ਬਿਆਨ ਵਿੱਚ ਕੰਪਨੀ ਨੇ ਕਿਹਾ, “ਸਾਨੂੰ ਐਨਾ ਦੀ ਮੌਤ ਦਾ ਦੁੱਖ ਹੈ। ਉਹ ਸਾਡੀ ਲੇਖਾ ਟੀਮ ਜਿਸ ਦੀ ਅਗਵਾਈ ਐੱਸ. ਆਰ. ਬਾਟਲੀਬੋਇ ਕਰ ਰਹੇ ਸਨ, ਵਿੱਚ ਕੰਮ ਕਰ ਰਹੀ ਸੀ। ਇਸ ਦੁਖੀ ਕਰ ਦੇਣ ਵਾਲੀ ਘਟਨਾ ਕਾਰਨ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ। ਸਾਡੇ ਲਈ ਇਹ ਨਾ ਪੂਰਾ ਕੀਤਾ ਜਾ ਸਕਣ ਵਾਲਾ ਘਾਟਾ ਹੈ। ਅਸੀਂ ਕਿਸੇ ਵੀ ਤਰ੍ਹਾਂ ਪਰਿਵਾਰ ਦੇ ਘਾਟੇ ਦਾ ਮੁਆਵਜ਼ਾ ਨਹੀਂ ਦੇ ਸਕਦੇ। ਲੇਕਿਨ ਅਸੀਂ ਉਨ੍ਹਾਂ ਨੂੰ ਹਰ ਲੋੜੀਂਦੀ ਮਦਦ ਮੁਹਈਆ ਕੀਤੀ ਹੈ ਅਤੇ ਅਸੀਂ ਕਰਦੇ ਰਹਾਂਗੇ।”
“ਅਸੀਂ ਉਨ੍ਹਾਂ ਦੇ ਪਰਿਵਾਰ ਵੱਲੋਂ ਭੇਜੀ ਇਸ ਈਮੇਲ ਦਾ ਗੰਭੀਰ ਨੋਟਿਸ ਲਿਆ ਹੈ। ਸਾਡੇ ਲਈ, ਸਾਡੇ ਮੁਲਾਜ਼ਮਾਂ ਦੀ ਸਿਹਤ ਸਭ ਤੋਂ ਅਹਿਮ ਹੈ। ਅਸੀਂ ਇਸ ਨੂੰ ਸੁਧਾਰਨ ਅਤੇ ਆਪਣੇ 1,00,000 ਮੁਲਾਜ਼ਮਾਂ ਨੂੰ ਕੰਮ ਕਰਨ ਦਾ ਇੱਕ ਬਿਹਤਰ ਮਾਹੌਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।”

ਤਸਵੀਰ ਸਰੋਤ, opportunitycell.com
ਸਰਕਾਰ ਨੇ ਲਿਆ ਨੋਟਿਸ
ਇਸੇ ਦੌਰਾਨ ਕੇਂਦਰ ਸਰਕਾਰ ਨੇ ਸਾਰੇ ਮਸਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਕਿਰਤ ਅਤੇ ਰੁਜ਼ਗਾਰ ਦੇ ਰਾਜ ਮੰਤਰੀ ਸ਼ੋਭਾ ਕਰਨਦਲਾਜੇ ਨੇ ਐਕਸ ਉੱਤੇ ਲਿਖਿਆ ਕਿ ਮਸਲੇ ਦੀ ਜਾਂਚ ਕੀਤੀ ਜਾਵੇਗੀ।
“ਅਸੀਂ ਐਨਾ ਸੇਬਾਸਟੀਅਨ ਪੇਰਾਇਲ ਦੀ ਮੌਤ ਤੋਂ ਦੁਖੀ ਹਾਂ। ਇਸ ਮਾਮਲੇ ਵਿੱਚ, ਅਸੀਂ ਕੰਮ ਦੀ ਥਾਂ ਦੇ ਸੁਰੱਖਿਅਤ ਨਾ ਹੋਣ ਅਤੇ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਾਂ। ਅਸੀਂ ਪਰਿਵਾਰ ਨੂੰ ਨਿਆਂ ਦਵਾਉਣ ਲਈ ਵਚਨਬੱਧ ਹਾਂ। ਕਿਰਤ ਮੰਤਰਾਲੇ ਨੇ ਸ਼ਿਕਾਇਤ ਦਰਜ਼ ਕਰ ਲਈ ਹੈ।”
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਮਾਮਲੇ ਦਾ ਨੋਟਿਸ ਲਿਆ ਹੈ।
ਅਜੀਤ ਪਵਾਰ ਨੇ ਐਕਸ ਉੱਤੇ ਲਿਖਿਆ ਕਿ ਨੌਜਵਾਨਾਂ ਲਈ ਬੇਹੱਦ ਤਣਾਅ ਦਾ ਸਾਹਮਣਾ ਕਰਨਾ ਚਿੰਤਾਜਨਕ ਹੈ। ਸਾਨੂੰ ਤਣਾਅ ਕਾਰਨ ਮਰ ਰਹੇ ਨੌਜਵਾਨਾਂ ਦੇ ਮੁੱਦੇ ਨੂੰ ਮੁਖਾਤਿਬ ਹੋਣ ਦੀ ਲੋੜ ਹੈ।
ਉਨ੍ਹਾਂ ਨੇ ਅਰਨੈਸਟ ਐਂਡ ਯੰਗ ਨੂੰ ਕੰਮ ਦੀ ਥਾਂ ਨਾਲ ਸੰਬੰਧਿਤ ਤਣਾਅ ਲਈ ਨਿਦਾਨਆਤਮਿਕ ਕਦਮ ਚੁੱਕਣ ਨੂੰ ਕਿਹਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












