ਤੁਹਾਡਾ ਘੰਟਿਆਂ ਬੱਧੀ ਬੈਠੇ ਰਹਿਣਾ ਕਿਵੇਂ ਸਿਹਤ ਲਈ ਖ਼ਤਰਨਾਕ ਹੈ

ਦਫ਼ਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਡੀਕਲ ਖੋਜ ਮੁਤਾਬਕ ਲੰਬਾ ਸਮਾਂ ਬੈਠਾ ਰਹਿਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਹੈ
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਬੈਂਕ ਦੇ ਕੈਸ਼ ਕਾਉਂਟਰ ਉੱਤੇ ਬੈਠੇ ਅਰਚਨਾ ਪਾਠਕ ਚਾਹ ਪੀਣ ਜਾਣ ਲਈ ਉੱਠਣ ਹੀ ਵਾਲੇ ਸਨ ਕਿ ਇੱਕ ਬਜ਼ੁਰਗ ਔਰਤ ਪੈਸੇ ਜਮ੍ਹਾਂ ਕਰਵਾਉਣ ਆ ਗਈ। ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ, ਇੱਕ ਤੋਂ ਬਾਅਦ ਇੱਕ ਗਾਹਕ ਕਾਉਂਟਰ ਉੱਤੇ ਆਉਣ ਲੱਗਿਆ। ਜੇ ਉੱਠਦੇ ਤਾਂ ਲਾਈਨ ਲੰਬੀ ਹੋ ਜਾਂਦੀ। ਇਸੇ ਸੋਚ ਨਾਲ ਉਹ ਲੰਚ ਬਰੇਕ ਤੱਕ ਬੈਠੇ ਰਹੇ।

ਅਰਚਨਾ ਪਾਠਕ ਕਰੀਬ 10 ਸਾਲਾਂ ਤੋਂ ਬੈਂਕ ਵਿੱਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਕੰਮ ਦੌਰਾਨ ਬਹੁਤਾ ਸਮਾਂ ਬੈਠਣਾ ਹੀ ਪੈਂਦਾ ਹੈ।

ਸ਼ਾਮ ਨੂੰ ਆਪਣੀ ਗੱਡੀ ਚਲਾ ਕੇ ਘਰ ਪਹੁੰਚੇ ਤਾਂ ਸ਼ੁਕਰ ਕੀਤਾ ਕਿ ਘਰੇਲੂ ਮਦਦ ਲਈ ਕੋਈ ਤਾਂ ਘਰ ਵਿੱਚ ਹੈ।

ਬੱਚਿਆਂ ਕੋਲ ਜਾ ਬੈਠੇ ਤੇ ਉਨ੍ਹਾਂ ਦਾ ਹੋਮ-ਵਰਕ ਕਰਵਾਇਆ ਤੇ ਧਿਆਨ ਗਿਆ ਕਿ ਰਾਤ ਦੇ ਸਾਢੇ ਅੱਠ ਵੱਜ ਗਏ ਹਨ। ਬਸ ਇਸੇ ਤਰ੍ਹਾਂ ਬੈਠੇ-ਬੈਠੇ ਹੀ ਦਿਨ ਨਿਕਲ ਗਿਆ। ਪਰ ਇੱਕ ਦਿਨ ਇਸ ਤਰ੍ਹਾਂ ਗੁਜ਼ਰਦਾ ਦਿਨ ਰੁਕ ਗਿਆ।

ਅਰਚਨਾ ਕਹਿੰਦੇ ਹਨ, “ਮੇਰੇ ਪੈਰਾਂ ਉੱਤੇ ਸੋਜ਼ਿਸ਼ ਸੀ ਤੇ ਪਿੱਠ ਦਰਦ ਨਾਲ ਭਰੀ ਪਈ ਸੀ, ਨਾ ਮੇਰੇ ਤੋਂ ਬੈਠਿਆ ਜਾ ਰਿਹਾ ਸੀ ਤੇ ਨਾ ਤੁਰ ਹੁੰਦਾ ਸੀ।”

ਅਰਚਨਾ ਨੂੰ ਇੰਨੀ ਦਰਦ ਮਹਿਸੂਸ ਹੋ ਰਹੀ ਸੀ ਕਿ ਉਨ੍ਹਾਂ ਨੇ ਡਾਕਟਰ ਕੋਲ ਜਾਣ ਦਾ ਫ਼ੈਸਲਾ ਲਿਆ।

ਡਾਕਟਰ ਨੇ ਉਨ੍ਹਾਂ ਨੂੰ ਆਪਣਾ ਬਲੱਡ-ਪ੍ਰੈਸ਼ਰ ਨਿਯਮਿਤ ਤੌਰ ’ਤੇ ਚੈੱਕ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ।

ਹੁਣ ਅਰਚਨਾ ਨੂੰ ਪਿੱਠ ਉੱਤੇ ਬੈਲਟ ਲਾਉਣੀ ਪੈਂਦੀ ਹੈ ਅਤੇ ਉਹ ਬੈਠਣ ਲਈ ਇੱਕ ਖ਼ਾਸ ਗੱਦੀ ਦੀ ਵਰਤੋਂ ਕਰਦੇ ਹਨ।

ਮਾਹਰਾਂ ਮੁਤਾਬਕ ਇਹ ਹਾਲਾਤ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਹੋ ਸਕਦੇ ਹਨ। ਖ਼ਾਸਕਰ ਜੋ ਲੋਕ ਅਜਿਹੇ ਕੰਮ ਧੰਦਿਆਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚ ਲੰਬਾ ਸਮਾਂ ਬੈਠਣਾ ਲਾਜ਼ਮੀ ਵਰਗਾ ਹੀ ਹੈ। ਫ਼ਿਰ ਚਾਹੇ ਉਹ ਕਿਸੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਹੋਣ, ਦੁਕਾਨਦਾਰ, ਡਰਾਈਵਰ ਜਾਂ ਕਿਸੇ ਹੋਰ ਅਜਿਹੇ ਕਿੱਤੇ ਨਾਲ ਜੁੜੇ ਹੋਏ ਲੋਕ।

ਡਾਕਟਰਾਂ ਦਾ ਕਹਿਣਾ ਹੈ ਕਿ ਲੰਬਾ ਸਮਾਂ ਬੈਠੇ ਰਹਿਣ ਦਾ ਤੁਹਾਡੀ ਪਿੱਠ ਦੇ ਨਾਲ-ਨਾਲ ਆਮ ਸਿਹਤ ਉੱਤੇ ਵੀ ਗੰਭੀਰ ਅਸਰ ਪੈ ਸਕਦਾ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੈਲਬੌਰਨ, ਆਸਟ੍ਰੇਲੀਆ ਵਿੱਚ ਡੀਕਿਨ ਯੂਨੀਵਰਸਿਟੀ ਦੇ ਸਰੀਰਕ ਗਤੀਵਿਧੀ ਅਤੇ ਪੋਸ਼ਣ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਡੇਵਿਡ ਡਨਸਟਨ ਨੇ ਲੰਬਾ ਸਮਾਂ ਬੈਠੇ ਰਹਿਣ ਕਾਰਨ ਮਨੁੱਖੀ ਸਰੀਰ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਆਪਕ ਖੋਜ ਕੀਤੀ ਹੈ।

ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ 120-180 ਮਿੰਟਾਂ ਤੱਕ ਲਗਾਤਾਰ ਬੈਠੇ ਰਹਿਣਾ ਲੰਬਾ ਸਮਾਂ ਬੈਠੇ ਰਹਿਣ ਦੀ ਸੀਮਾ ਹੈ।

ਡਨਸਟਨ ਦੇ 21 ਸਿਹਤਮੰਦ ਨੌਜਵਾਨਾਂ ਉੱਤੇ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਕਿ ਦੋ ਘੰਟੇ ਬੈਠੇ ਰਹਿਣ ਤੋਂ ਬਾਅਦ ਉਨ੍ਹਾਂ ਦੀਆਂ ਪਿੰਝਣੀਆਂ ਤਕਰੀਬਨ 1 ਸੈਂਟੀਮੀਟਰ (0:04 ਇੰਚ) ਤੱਕ ਫੁੱਲ ਗਈਆਂ ਸੀ ਅਤੇ ਉਨ੍ਹਾਂ ਦੀਆਂ ਲੱਤਾਂ ਵਿੱਚ ਖ਼ੂਨ ਦਾ ਵਹਾਅ ਵੀ ਘਟਿਆ।

ਖੂਨ ਦਾ ਵਹਾਅ ਘਟਣ ਨਾਲ ਹੋਰ ਦਿੱਕਤਾਂ ਵੀ ਜੁੜੀਆਂ ਹੋਈਆਂ ਹਨ। ਬਲੱਡ ਪ੍ਰੈਸ਼ਰ ਦਾ ਵਧਣਾ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ।

ਡਨਸਟਨ ਕਹਿੰਦੇ ਹਨ, "ਬੈਠਣ ਨਾਲ ਮਾਸ-ਪੇਸ਼ੀਆਂ ਦੀ ਗਤੀਵਿਧੀ ਵਿੱਚ ਕਮੀ ਆਉਂਦੀ ਹੈ।"

“ਘਟੀ ਹੋਈ ਮਾਸਪੇਸ਼ੀਆਂ ਦੀ ਗਤੀਵਿਧੀ ਅੱਗੋਂ ਕਈ ਸਰੀਰਕ ਪ੍ਰਭਾਵਾਂ ਦਾ ਕਾਰਨ ਬਣਦੀ ਹੈ, ਜਿਵੇਂ ਕਿ ਪਾਚਣ ਸ਼ਕਤੀ ਦਾ ਘਟਨਾ, ਲੱਤਾਂ ਵਿੱਚ ਖ਼ੂਨ ਦੇ ਪ੍ਰਵਾਹ ਦਾ ਘੱਟ ਹੋਣਾ, ਜਿਸ ਨਾਲ ਪਿੰਝਣੀਆਂ ਵਿੱਚ ਖ਼ੂਨ ਇਕੱਠਾ ਹੋ ਸਕਦਾ ਹੈ।"

ਬੈਠਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਡੇਂਟਰੀ ਲਾਈਫ਼ਸਟਾਈਲ ਨਾਲ ਪਿੱਠ ਦਰਦ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਵੱਧ ਜਾਂਦੀ ਹੈ

ਕੀ ਕਾਰਨ ਹੋ ਸਕਦੇ ਹਨ

ਬੀਬੀਸੀ ਪੱਤਰਕਾਰ ਐਨਾਬੈੱਲ ਬੋਰਨੇ ਦੀ ਇੱਕ ਰਿਪੋਰਟ ਮੁਤਾਬਕ ਸੇਡੇਂਟਰੀ ਬੀਹੇਵੀਅਰ ਯਾਨਿ ਜ਼ਿੰਦਗੀ ਜਿਉਣ ਦਾ ਅਜਿਹਾ ਤਰੀਕਾ ਹੈ, ਜਿਸ ਵਿੱਚ ਸਰੀਰਕ ਗਤੀਵਿਧੀਆਂ ਦੀ ਘਾਟ ਹੋਵੇ ਜਿਸ ਨੂੰ ਅਸੀਂ ਸੁਸਤ ਰਫ਼ਤਾਰ ਵੀ ਕਹਿੰਦੇ ਹਾਂ।

ਸੇਡੇਂਟਰੀ ਵਿਵਹਾਰ ਨਾਲ ਸਬੰਧਿਤ ਕਈ ਖੋਜਾਂ ਹੁਣ ਤੱਕ ਹੋ ਚੁੱਕੀਆਂ ਹਨ, ਜੋ ਇਸ ਦੇ ਪ੍ਰਭਾਵਾਂ ਦੀ ਗੱਲ ਕਰਦੀਆਂ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਟੈਲੀਵਿਜ਼ਨ ਦੇਖਣਾ, ਗੇਮਿੰਗ, ਡ੍ਰਾਈਵਿੰਗ ਅਤੇ ਡੈਸਕ ’ਤੇ ਬੈਠ ਕੇ ਕੰਮ ਕਰਨ ਵਰਗੀਆਂ ਆਮ ਗਤੀਵਿਧੀਆਂ ਸੇਡੇਂਟਰੀ ਵਿਵਹਾਰ ਵਿੱਚ ਆਉਂਦੀਆਂ ਹਨ।

ਬੀਬੀਸੀ

ਕਿਹੜੀਆਂ ਬਿਮਾਰੀਆਂ ਦਾ ਵਧੇਰੇ ਡਰ ਹੋ ਸਕਦਾ ਹੈ

  • ਦਿਲ ਦੇ ਰੋਗ
  • ਟਾਈਪ- 2 ਡਾਇਬਟੀਜ਼
  • ਹਾਈ ਬਲੱਡ ਪ੍ਰੈਸ਼ਰ, ਜਾਂ ਹਾਈਪਰਟੈਨਸ਼ਨ
  • ਕਾਰਡੀਓਵੈਸਕੁਲਰ, ਯਾਨਿ ਦਿਲ ਦੇ ਰੋਗਾਂ ਦੇ ਜੋਖ਼ਮ
  • ਔਸਤ ਮੌਤ ਦੀ ਉਮਰ ਤੋਂ ਪਹਿਲਾਂ ਮੌਤ

ਇਥੋਂ ਤੱਕ ਕਿ ਜੋ ਸਮਾਂ ਅਸੀਂ ਬੈਠ ਕੇ ਬਿਤਾਉਂਦੇ ਹਾਂ, ਉਸ ਨੂੰ ਕਈ ਸਿਹਤ ਸਬੰਧੀ ਅਲਾਮਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਬੀਬੀਸੀ

2020 ਵਿੱਚ, ਵਿਸ਼ਵ ਸਿਹਤ ਸੰਗਠਨ ਨੇ ਬੈਠਣ ਵਾਲੇ ਵਿਵਹਾਰ ਨੂੰ ਘਟਾਉਣ ਲਈ ਕੁਝ ਸੁਝਾਅ ਦਿੱਤੇ ਸਨ।

2010 ਤੋਂ, ਖੋਜਕਰਤਾ ਇਹ ਦਰਸਾਉਣ ਦਾ ਕੋਸ਼ਿਸ਼ ਵੀ ਕਰ ਰਹੇ ਹਨ ਕਿ ਸੇਡੇਂਟਰੀ ਵਿਵਹਾਰ, ਸਰੀਰਕ ਗਤੀਵਿਧੀ ਦੀ ਘਾਟ ਨਾਲੋਂ ਵੱਖਰਾ ਹੈ।

ਮਾਹਰਾਂ ਮੁਤਾਬਕ ਹੋ ਸਕਦਾ ਕਿ ਕੋਈ ਵਿਅਕਤੀ ਹਰ ਰੋਜ਼ ਲੋੜੀਂਦੀ ਕਸਰਤ ਕਰਦਾ ਹੋਵੇ, ਪਰ ਇਸ ਦੇ ਬਾਵਜੂਦ ਲੰਬਾ ਸਮਾਂ ਬੈਠਾ ਰਹਿੰਦਾ ਹੋਵੇ। ਤਾਂ ਵੀ ਹੋ ਸਕਦਾ ਹੈ ਕਿ ਉਹ ਸੇਡੇਂਟਰੀ ਵਿਵਹਾਰ ਨਾਲ ਜੀਅ ਰਿਹਾ ਹੋਵੇ।

ਹਾਲਾਂਕਿ, ਅਜਿਹੀ ਸਥਿਤੀ ਵਿੱਚ ਬੈਠੇ ਰਹਿਣ ਅਤੇ ਬਿਲਕੁਲ ਵੀ ਕਸਰਤ ਨਾ ਕਰਨ ਵਾਲਿਆਂ ਦੇ ਮੁਕਾਬਲੇ ਸਿਹਤ ਸਬੰਧੀ ਖ਼ਤਰੇ ਕੁਝ ਹੱਦ ਤੱਕ ਘੱਟ ਜਾਂਦੇ ਹਨ।

ਇਹ ਵੀ ਪੜ੍ਹੋ-
ਦਫ਼ਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ 120-180 ਮਿੰਟਾਂ ਤੱਕ ਲਗਾਤਾਰ ਬੈਠੇ ਰਹਿਣਾ ਲੰਬਾ ਸਮਾਂ ਬੈਠੇ ਰਹਿਣ ਦੀ ਸੀਮਾ ਹੈ।

ਬੈਠੇ ਰਹਿਣ ਦੇ ਸਿਹਤ ਉੱਤੇ ਪ੍ਰਭਾਵ

ਖੋਜਕਰਤਾ ਆਮ ਤੌਰ 'ਤੇ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ 120-180 ਮਿੰਟ ਤੱਕ ਨਿਰਵਿਘਨ ਬੈਠਣਾ ਸੰਭਾਵਿਤ ਤੌਰ 'ਤੇ ਬੈਠਣ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਹਾਲਾਂਕਿ ਮੈਡੀਕਲ ਜਗਤ ਵਿੱਚ ਮੰਨਿਆ ਜਾਂਦਾ ਹੈ ਕਿ ਅੰਡਰਲਾਇੰਗ ਮੈਕਾਨਿਜ਼ਮ (ਸੰਭਾਵਿਤ) ਕਾਲਪਨਿਕ ਹਨ, ਪਰ ਹਾਲ ਹੀ ਵਿੱਚ ਹੋਏ ਅਧਿਐਨ ਇਸ ਥਿਊਰੀ ਦਾ ਸਮਰਥਨ ਕਰਦੇ ਹਨ।

ਇੱਕ ਹੋਰ ਅਧਿਐਨ ਵਿੱਚ ਵੀ ਇਹ ਸਾਹਮਣੇ ਆਇਆ ਹੈ ਕਿ ਬਿਨਾਂ ਰੁਕਾਵਟ ਲੰਬਾ ਬੈਠਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।

ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਕੱਠਿਆ ਬੈਠ ਕੇ ਖਾਣਾ ਖਾਂਦਾ ਪਰਿਵਾਰ

ਅਸੀਂ ਇੰਨੀ ਦੇਰ ਕਿਉਂ ਬੈਠੇ ਹਾਂ

ਇਨ੍ਹਾਂ ਸਾਰੇ ਸੰਭਾਵੀ ਨਤੀਜਿਆਂ ਨੂੰ ਦੇਖਦੇ ਹੋਏ, ਸਵਾਲ ਖੜਾ ਹੁੰਦਾ ਹੈ ਕਿ ਅਸੀਂ ਇੰਨੀ ਦੇਰ ਤੱਕ ਕਿਉਂ ਬੈਠੇ ਹਾਂ ਅਤੇ ਕੀ ਅਸੀਂ ਇਸ ਆਦਤ ਨੂੰ ਛੱਡ ਸਕਦੇ ਹਾਂ?

ਸਰੀ ਯੂਨੀਵਰਸਿਟੀ ਵਿੱਚ ਹੈਬਿਚੁਅਲ ਬੀਹੇਵੀਅਰ ਦੇ ਮਾਹਰ ਸਮਾਜਿਕ ਮਨੋਵਿਗਿਆਨੀ ਬੈਂਜਾਮਿਨ ਗਾਰਡਨਰ, ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਲੋਕ ਜ਼ਿਆਦਾ ਗਤੀਹੀਨ ਹੋ ਰਹੇ ਹਨ ਕਿਉਂਕਿ ਇਹੀ ਹੈ ਜੋ ਸਮਾਜ ਵਿੱਚ ਉਤਸ਼ਾਹਿਤ ਕੀਤਾ ਜਾ ਰਿਹਾ ਹੈ।”

ਬੈਂਜਾਮਿਨ ਗਾਰਡਨਰ ਖੋਜ ਕਰ ਰਹੇ ਹਨ ਕਿ ਲੋਕ ਇੰਨੀ ਦੇਰ ਤੱਕ ਕਿਉਂ ਬੈਠੇ ਰਹਿੰਦੇ ਹਨ।

“ਇਹ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਜਾਣਬੁੱਝ ਕੇ ਇਸ ਨੂੰ ਉਤਸ਼ਾਹਿਤ ਕਰ ਰਿਹਾ ਹੈ। ਜਿਵੇਂ- ਜਿਵੇਂ ਚੀਜ਼ਾਂ ਵਧੇਰੇ ਕੁਸ਼ਲ ਬਣ ਰਹੀਆਂ ਹਨ, ਸਾਨੂੰ ਇੰਨਾ ਜ਼ਿਆਦਾ ਘੁੰਮਣ ਦੀ ਲੋੜ ਨਹੀਂ ਹੈ।”

ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਦੀ ਹੋਈ ਇੱਕ ਔਰਤ

2018 ਵਿੱਚ, ਗਾਰਡਨਰ ਅਤੇ ਸਹਿਕਰਮੀਆਂ ਨੇ ਜਾਣਿਆ ਕਿ ਮੀਟਿੰਗਾਂ ਵਿੱਚ ਖੜ੍ਹੇ ਹੋਣ ਨੂੰ ਉਤਸ਼ਾਹਿਤ ਕਰਨ ਨਾਲ ਵਿਵਹਾਰਿਕ ਤੇ ਸਮਾਜਿਕ ਰੁਕਾਵਟਾਂ ਪੈਦਾ ਹੁੰਦੀਆਂ ਹਨ।

ਗਾਰਡਨਰ ਕਹਿੰਦੇ ਹਨ, "ਅਸੀਂ ਲੋਕਾਂ ਨੂੰ ਤਿੰਨ ਵੱਖ-ਵੱਖ ਮੀਟਿੰਗਾਂ ਵਿੱਚ ਇਸਨੂੰ [ਖੜ੍ਹਨ ਨੂੰ] ਅਜ਼ਮਾਉਣ ਲਈ ਉਤਸ਼ਾਹਿਤ ਕੀਤਾ।"

ਅਤੇ ਅਸੀਂ ਇਹ ਜਾਣਨ ਲਈ ਹਰ ਇੱਕ ਤੋਂ ਬਾਅਦ ਉਨ੍ਹਾਂ ਦੀ ਇੰਟਰਵਿਊ ਕੀਤੀ ਕਿ ਉਹ ਕਿਵੇਂ ਅੱਗੇ ਵਧੇ, ਅਤੇ ਨਤੀਜੇ ਦਿਲਚਸਪ ਸਨ।"

"ਇੱਕ ਰਸਮੀ ਮੀਟਿੰਗ ਵਿੱਚ, ਇਹ ਮਹਿਸੂਸ ਕੀਤਾ ਗਿਆ ਸੀ ਕਿ ਖੜ੍ਹੇ ਰਹਿਣਾ ਉਚਿਤ ਨਹੀਂ ਸੀ।"

ਬੀਬੀਸੀ

ਬੈਠ ਕੇ ਕੰਮ ਕਰਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ-

  • ਹੋਰ ਤਰੀਕਿਆਂ ਵਿੱਚ ਉਚਾਈ-ਵਿਵਸਥਿਤ ਵਰਕਸਟੇਸ਼ਨ
  • ਉੱਚੀਆਂ ਕੁਰਸੀਆਂ
  • ਇੱਕ ਟ੍ਰੈਡਮਿਲ ਵਰਕਸਟੇਸ਼ਨ
  • ਲੱਤਾਂ ਨੂੰ ਹਿਲਾਉਣਾ ਸ਼ਾਮਲ ਹੈ ਜੋ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ।
  • ਕਦੇ-ਕਦਾਈਂ ਉੱਠਣਾ ਅਤੇ ਥੋੜ੍ਹੀ ਜਿਹੀ ਸੈਰ ਕਰਨਾ ਜਾਂ ਕੁਝ ਪੌੜੀਆਂ ਚੜ੍ਹਨਾ ਵੀ ਲਾਭਦਾਇਕ ਮੰਨਿਆ ਗਿਆ ਹੈ।
ਬੀਬੀਸੀ
ਪ੍ਰੋਫ਼ੈਸਰ ਸੀਐੱਸ ਯਾਦਵ

ਕਿਵੇਂ ਇਸ ਜੀਵਨਸ਼ੈਲੀ ਨੂੰ ਬਦਲੀਏ

ਅਸੀਂ ਇਸ ਸਬੰਧੀ ਨੈਸ਼ਨਲ ਨੀਅ ਐਂਡ ਹਿੱਪ ਰਿਪਲੇਸਮੈਂਟ ਫ਼ਾਉਂਡੇਸ਼ਨ ਦੇ ਮੁਖੀ ਪ੍ਰੋਫ਼ੈਸਰ ਸੀਐੱਸ ਯਾਦਵ ਨਾਲ ਗੱਲਬਾਤ ਕੀਤੀ।

ਪ੍ਰੋਫ਼ੈਸਰ ਯਾਦਵ ਦਾ ਕਹਿਣਾ ਕਿ ਮੌਜੂਦਾ ਯੁੱਗ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਅੱਠ ਘੰਟੇ ਬੈਠਣਾ ਲੋਕਾਂ ਦੀ ਮਜ਼ਬੂਰੀ ਹੈ, ਕੋਈ ਵੀ ਨੌਕਰੀ ਹੋਵੇ ਬੈਠਣਾ ਆਮ ਗੱਲ ਹੈ।

ਉਹ ਲਗਾਤਾਰ ਬੈਠੇ ਰਹਿਣ ਨਾਲ ਮਨੁੱਖੀ ਸਰੀਰ ਉੱਤੇ ਪੈਣ ਵਾਲੇ ਦੁਰ-ਪ੍ਰਭਾਵਾਂ ਦੀ ਹਾਮੀ ਭਰਦੇ ਹਨ।

ਪ੍ਰੋਫ਼ੈਸਰ ਯਾਦਵ ਦਾ ਕਹਿਣਾ ਹੈ ਕਿ,“ ਅਜਿਹੀਆਂ ਸਮੱਸਿਆਂਵਾਂ ਜੋ ਲੰਬਾ ਸਮਾਂ ਬੈਠਣ ਨਾਲ ਜੁੜੀਆਂ ਹਨ ਵਿੱਚ, ਪਿੱਠ ਦਰਦ ਜਾਂ ਗੋਡਿਆ ਦੀਆਂ ਬਿਮਾਰੀ ਆਮ ਹਨ।”

“ਸਰੀਰਕ ਗਤੀ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਵਿੱਚ ਔਰਤਾਂ ਦੀ ਗਿਣਤੀ ਮੁਕਾਬਲਤਨ ਵੱਧ ਹੈ। ਕਿਉਂਕਿ ਉਹ ਦਫ਼ਤਰੀ ਤੇ ਘਰੇਲੂ ਕੰਮ ਦੌਰਾਨ ਆਪਣੇ ਸਮਾਂ ਕੱਢਣ ਨੂੰ ਤਰਜ਼ੀਹ ਨਹੀਂ ਦੇਣਾ ਮੁਸ਼ਕਿਲ ਸਮਝਦੀਆਂ ਹਨ।”

ਉਹ ਕਹਿੰਦੇ ਹਨ, “ਸਭ ਹਾਲਾਤ ਦੇ ਬਾਵਜੂਦ ਸੁਚੱਜੀ ਜੀਵਨ-ਸ਼ੈਲੀ ਨਾਲ ਬੈਠੇ ਰਹਿਣ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜ਼ਰੂਰ ਜਾ ਸਕਦਾ ਹੈ।”

ਸਾਈਕਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਲਗਾਤਾਰ ਬੈਠੇ ਨਾਲ ਮਾਸਪੇਸ਼ੀਆਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਰੋਕਣ ਵਿੱਚ ਸਾਈਕਲ ਚਲਾਉਣਾ ਸਹਾਈ ਹੋ ਸਕਦਾ ਹੈ।

ਪ੍ਰੋਫ਼ੈਸਰ ਯਾਦਵ ਕਹਿੰਦੇ ਹਨ ਕਿ ਕੁਝ ਕਸਰਤਾਂ ਜਿਵੇਂ ਕਿ ਐਰੋਬਿਕਸ ਅਤੇ ਵੇਟ ਟਰੇਨਿੰਗ ਮਦਦਗਾਰ ਸਾਬਤ ਹੋ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਲਗਾਤਾਰ ਬੈਠੇ ਨਾਲ ਮਾਸਪੇਸ਼ੀਆਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਰੋਕਣ ਵਿੱਚ ਸਾਈਕਲ ਚਲਾਉਣਾ ਸਹਾਈ ਹੋ ਸਕਦਾ ਹੈ।

ਇਹ ਪੁੱਛੇ ਜਾਣ ਉੱਤੇ ਕਿ ਕੋਈ ਕਿਸ ਉਮਰ ਵਿੱਚ ਸਾਈਕਲ ਚਲਾਉਣਾ ਸ਼ੁਰੂ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਚਾਹੇ ਕੋਈ ਚਾਰ ਸਾਲ ਦਾ ਬੱਚਾ ਹੋਵੇ ਜਾਂ ਫ਼ਿਰ 70 ਤੋਂ 80 ਸਾਲ ਦੀ ਉਮਰ ਦਾ ਬਜ਼ੁਰਗ ਉਹ ਸਾਈਕਲ ਚਲਾਉਣਾ ਸ਼ੁਰੂ ਕਰ ਸਕਦਾ ਹੈ। ਬਸ ਰਫ਼ਤਾਰ ਅਤੇ ਕਿੰਨਾ ਸਮਾਂ ਸਾਈਕਲ ਚਲਾਉਣਾ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

ਪ੍ਰੋਫ਼ੈਸਰ ਯਾਦਵ ਦਾ ਕਹਿਣਾ ਹੈ ਕਿ, “ਅਕਸਰ ਮਰੀਜ਼ ਬੈਲਟ ਲਾ ਕੇ ਜਾਂ ਫ਼ਿਰ ਇਸ ਤਰ੍ਹਾਂ ਦੀਆਂ ਹੋਰ ਸਹੂਲਤਾਂ ਜੋ ਬਾਹਰੀ ਇਲਾਜ ਨਾਲ ਜੁੜੀਆਂ ਹੋਣ ਨੂੰ ਤਰਜ਼ੀਹ ਦਿੰਦੇ ਹਨ, ਪਰ ਇਨ੍ਹਾਂ ਬਿਮਾਰੀਆਂ ਤੋਂ ਅਸਲ ਬਚਾਅ ਜੀਵਨ ਸ਼ੈਲੀ ਵਿੱਚ ਬਦਲਾਅ ਨਾਲ ਹੀ ਸੰਭਵ ਹੈ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)