ਤੁਸੀਂ ਦਿਮਾਗ ਨੂੰ ਸਿਹਤਮੰਦ ਅਤੇ ਤੇਜ਼ ਕਿਵੇਂ ਬਣਾ ਸਕਦੇ ਹੋ?

ਤਸਵੀਰ ਸਰੋਤ, Getty Images
ਤੇਜ਼ੀ ਨਾਲ ਬਦਲਦੀ ਦੁਨੀਆ, ਲਗਾਤਾਰ ਅੱਗੇ ਵੱਧਦੀ ਤਕਨੀਕ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਉਂਦੇ ਜਾ ਰਹੇ ਬਦਲਾਅ।
ਸਾਡਾ ਦਿਮਾਗ ਇਹਨਾਂ ਸਾਰੇ ਕੰਮਾਂ ਲਈ ਨਹੀਂ ਬਣਿਆ ਸੀ, ਜੋ ਅੱਜ ਅਸੀਂ ਕਰ ਰਹੇ ਹਾਂ। ਫ਼ਿਰ ਵੀ ਅਸੀਂ ਇਸ ਆਧੁਨਿਕ ਦੁਨੀਆ ਵਿੱਚ ਚੰਗੀ ਤਰ੍ਹਾਂ ਢਲ ਗਏ ਹਾਂ ਅਤੇ ਲਗਾਤਾਰ ਆ ਰਹੇ ਬਦਲਾਅ ਦੇ ਹਿਸਾਬ ਨਾਲ ਖ਼ੁਦ ਨੂੰ ਵੀ ਬਦਲਦੇ ਜਾ ਰਹੇ ਹਾਂ।
ਇਹ ਸਭ ਸੰਭਵ ਹੋ ਸਕਿਆ ਹੈ ਬ੍ਰੇਨ ਯਾਨੀ ਸਾਡੇ ਦਿਮਾਗ ਦੇ ਕਾਰਨ। ਇੱਕ ਅਜਿਹਾ ਅੰਗ ਜਿਸ ਵਿੱਚ ਖ਼ੁਦ ਨੂੰ ਢਾਲਣ, ਸਿਖਾਉਣ ਅਤੇ ਵਿਕਸਿਤ ਕਰਨ ਦੀ ਜ਼ਬਰਦਸਤ ਸਮਰੱਥਾ ਹੈ।
ਸਵਾਲ ਉੱਠਦਾ ਹੈ ਕਿ ਅਸੀਂ ਇਸ ਕਮਾਲ ਦੇ ਅੰਗ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਹਾਂ? ਕੀ ਕੋਈ ਅਜਿਹਾ ਤਰੀਕਾ ਹੈ ਜਿਸ ਨਾਲ ਅਸੀਂ ਦਿਮਾਗ ਦੀ ਸਮਰੱਥਾ ਨੂੰ ਵਧਾ ਕੇ ਇਸ ਨੂੰ ਤੇਜ਼ ਬਣਾ ਸਕਦੇ ਹਾਂ?
ਬੀਬੀਸੀ ਦੀ ਵਿਗਿਆਨ ਪੱਤਰਕਾਰ ਮੇਲਿਸਾ ਹੋਗੇਨਬੂਮ ਨੇ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਲਈ ਨਵੀਆਂ ਰਿਸਰਚ ਦਾ ਅਧਿਐਨ ਕੀਤਾ ਹੈ ਅਤੇ ਕੁਝ ਮਾਹਰਾਂ ਨਾਲ ਗੱਲਬਾਤ ਕੀਤੀ।
ਇੰਗਲੈਂਡ ਦੀ ਸਰੇ ਯੂਨੀਵਰਸਿਟੀ ਵਿੱਚ ਕਲੀਨਿਕਲ ਸਾਇਕੌਲਿਜੀ ਦੇ ਪ੍ਰੋਫ਼ੈਸਰ ਥਾਰਸਟ੍ਰੀਨ ਬਾਰਨਹੋਫ਼ਰ ਨੇ ਮੇਲਿਸਾ ਨੂੰ ਦੱਸਿਆ ਕਿ ਅਸੀਂ ਆਪਣੇ ਦਿਮਾਗ ਦੀਆਂ ਸਮਰੱਥਾਵਾਂ ਨੂੰ ਕਈ ਤਰੀਕੇ ਨਾਲ ਵਧਾ ਸਕਦੇ ਹਾਂ।
ਉਹ ਦੱਸਦੇ ਹਨ, ‘‘ਕੁਝ ਅਜਿਹੀਆਂ ਪ੍ਰਕਿਰਿਆਵਾਂ ਹਨ, ਜੋ ਕੁਝ ਹੀ ਹਫ਼ਤਿਆਂ ਵਿੱਚ ਤਣਾਅ ਨੂੰ ਘਟਾਉਂਦੀਆਂ ਹਨ ਅਤੇ ਨਿਊਰੋਪਲਾਸਟਿਸਿਟੀ ਨੂੰ ਹੁੰਗਾਰਾ ਦਿੰਦੀਆਂ ਹਨ। ਨਿਊਰੋਪਲਾਸਟਿਸਿਟੀ ਵਧਣ ਨਾਲ ਡਿਮੇਂਸ਼ਿਆ ਵਰਗੀਆਂ ਬਿਮਾਰੀਆਂ ਨੂੰ ਟਾਲਿਆ ਜਾ ਸਕਦਾ ਹੈ ਅਤੇ ਇੱਥੋ ਤੱਕ ਕਿ ਮਨੋਵਿਗਿਆਨਕ ਸਦਮੇ ਨਾਲ ਦਿਮਾਗ ਨੂੰ ਪਹੁੰਚੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।’’
ਨਿਊਰੋਪਲਾਸਟਿਸਿਟੀ ਕੀ ਹੁੰਦੀ ਹੈ?

ਤਸਵੀਰ ਸਰੋਤ, Getty Images
ਪਲਾਸਟਿਸਿਟੀ ਸਾਡੇ ਦਿਮਾਗ ਦੀ ਉਸ ਸਮਰੱਥਾ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਉਹ ਬਾਹਰ ਤੋਂ ਆਉਣ ਵਾਲੀਆਂ ਜਾਣਕਾਰੀਆਂ ਦੇ ਆਧਾਰ ਉੱਤੇ ਖ਼ੁਦ ਵਿੱਚ ਬਦਲਾਅ ਲਿਆਉਂਦਾ ਹੈ।
ਲਖਨਊ ਵਿੱਚ ਮਨੋਵਿਗਿਆਨੀ ਰਾਜੇਸ਼ ਪਾਂਡੇ ਨੇ ਬੀਬੀਸੀ ਲਈ ਆਦਰਸ਼ ਰਾਠੌਰ ਨੂੰ ਦੱਸਿਆ ਕਿ ਨਿਊਰੋਪਲਾਸਟਿਸਿਟੀ ਅਸਲ ਵਿੱਚ ਸਾਡੇ ਦਿਮਾਗ ਵਿੱਚ ਮੌਜੂਦ ਨਿਊਰੌਨ, ਜਿੰਨ੍ਹਾਂ ਨੂੰ ਨਰਵ ਸੈੱਲ ਵੀ ਕਿਹਾ ਜਾਂਦਾ ਹੈ, ਉਨ੍ਹਾਂ ਵਿੱਚ ਬਣਨ ਅਤੇ ਬਦਲਣ ਵਾਲੇ ਕੁਨੈਕਸ਼ਨ ਨੂੰ ਕਿਹਾ ਜਾਂਦਾ ਹੈ।
ਉਹ ਕਹਿੰਦੇ ਹਨ, ‘‘ਸਾਡਾ ਦਿਮਾਗ ਇੱਕ ਨਿਊਰਲ ਵਾਇਰਿੰਗ ਸਿਸਟਮ ਹੈ। ਦਿਮਾਗ ਵਿੱਚ ਅਰਬਾਂ ਨਿਊਰੌਨ ਹੁੰਦੇ ਹਨ। ਸਾਡੇ ਸੇਂਸਰੀ ਆਰਗਨ (ਇੰਦਰੀਆਂ) ਜਿਵੇਂ ਅੱਖ, ਕੰਨ, ਨੱਕ, ਮੂੰਹ ਅਤੇ ਚਮੜੀ ਬਾਹਰੀ ਜਾਣਕਾਰੀਆਂ ਨੂੰ ਦਿਮਾਗ ਤੱਕ ਲੈ ਕੇ ਜਾਂਦੇ ਹਨ। ਇਹ ਜਾਣਕਾਰੀਆਂ ਨਿਊਰੌਨ ਵਿਚਾਲੇ ਕੁਨੈਕਸ਼ਨ ਬਣਨ ਨਾਲ ਸਟੋਰ ਹੁੰਦੀਆਂ ਹਨ।’’
‘‘ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਇਹਨਾਂ ਨਿਊਰੌਨ ਵਿੱਚ ਬਹੁਤ ਘੱਟ ਕੁਨੈਕਸ਼ਨ ਹੁੰਦੇ ਹਨ। ਰਿਫ਼ਲੇਕਸ ਵਾਲੇ ਕੁਨੈਕਸ਼ਨ ਪਹਿਲਾਂ ਤੋਂ ਹੁੰਦੇ ਹਨ, ਜਿਵੇਂ ਕੋਈ ਬੱਚਾ ਗਰਮ ਚੀਜ਼ ਦੇ ਸੰਪਰਕ ਵਿੱਚ ਆਉਣ ’ਤੇ ਹੱਥ ਪਿੱਛੇ ਖਿੱਚ ਲਵੇਗਾ। ਪਰ ਸੱਪ ਨੂੰ ਉਹ ਮੂੰਹ ਵਿੱਚ ਪਾ ਲਵੇਗਾ ਕਿਉਂਕਿ ਉਸ ਦੇ ਦਿਮਾਗ ਵਿੱਚ ਅਜਿਹੇ ਕੁਨੈਕਸ਼ਨ ਨਹੀਂ ਬਣੇ ਹਨ ਕਿ ਸੱਪ ਖ਼ਤਰਨਾਕ ਹੋ ਸਕਦਾ ਹੈ। ਫ਼ਿਰ ਉਹ ਸਿੱਖਦਾ ਚਲਾ ਜਾਂਦਾ ਹੈ ਅਤੇ ਨਿਊਰਲ ਕੁਨੈਕਸ਼ਨ ਬਣਦੇ ਜਾਂਦੇ ਹਨ।’’
ਰਾਜੇਸ਼ ਪਾਂਡੇ ਦੱਸਦੇ ਹਨ ਕਿ ਨਵੇਂ ਤਜਰਬਿਆਂ ਉੱਤੇ ਇਹ ਕੁਨੈਕਸ਼ਨ ਬਦਲਦੇ ਵੀ ਹਨ। ਇਸੇ ਪੂਰੀ ਪ੍ਰਕਿਰਿਆ ਨੂੰ ਨਿਊਰੋਪਲਾਸਟਿਸਿਟੀ ਕਿਹਾ ਜਾਂਦਾ ਹੈ। ਇਨਸਾਨ ਦੇ ਸਿੱਖਣ, ਤਜਰਬੇ ਬਣਾਉਣ ਅਤੇ ਯਾਦਾਂ ਨੂੰ ਸੰਜੋ ਕੇ ਰੱਖਣ ਪਿੱਛੇ ਇਹੀ ਪ੍ਰਕਿਰਿਆ ਹੁੰਦੀ ਹੈ।
ਕਿਵੇਂ ਵਧਾਈ ਜਾ ਸਕਦੀ ਹੈ ਨਿਊਰੋਪਲਾਸਟਿਸਿਟੀ

ਤਸਵੀਰ ਸਰੋਤ, bbc
ਪ੍ਰੋਫ਼ੈਸਰ ਥਾਰਸਟ੍ਰੀਨ ਬਾਰਨਹੋਫ਼ਰ ਦਾ ਕਹਿਣਾ ਹੈ ਕਿ ਮਾਈਂਡ ਵਾਂਡਰਿੰਗ ਯਾਨੀ ਮਨ ਦੇ ਭਟਕਣ ਨਾਲ ਤਣਾਅ ਵੱਧਦਾ ਹੈ।
ਉਹ ਦੱਸਦੇ ਹਨ ਕਿ ਵਾਰ-ਵਾਰ ਇੱਕ ਹੀ ਚੀਜ਼ ਬਾਰੇ ਸੋਚ ਕੇ ਚਿੰਤਾ ਕਰਨਾ ਨੁਕਸਾਨਦਾਇਕ ਹੁੰਦਾ ਹੈ ਕਿਉਂਕਿ ਇਸ ਨਾਲ ਕਾਰਟਿਸੋਲ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ।
ਇਹ ਹਾਰਮੋਨ ਦਿਮਾਗ ਲਈ ਹਾਨੀਕਾਰਕ ਹੁੰਦਾ ਹੈ ਅਤੇ ਨਿਊਰੋਪਲਾਸਟਿਸਿਟੀ ਲਈ ਰੁਕਾਵਟ ਪੈਦਾ ਕਰਦਾ ਹੈ। ਇਸ ਤੋਂ ਬਚਣ ਦਾ ਤਰੀਕਾ ਹੈ – ਮਾਈਂਡਫੁਲਨੇਸ ਯਾਨੀ ਸੁਚੇਤ ਰਹਿਣਾ।

ਮਾਈਂਡਫੁਲਨੇਸ ਦਾ ਸਿੱਧਾ ਮਤਲਬ ਹੈ – ਆਪਣੇ ਆਲੇ ਦੁਆਲੇ ਦੇ ਮਾਹੌਲ, ਆਪਣੇ ਵਿਚਾਰਾਂ ਅਤੇ ਆਪਣੇ ਸੇਂਸਰੀ ਅੰਗਾਂ (ਅੱਖ, ਕੰਨ, ਨੱਕ, ਮੂੰਹ, ਚਮੜੀ) ਨੂੰ ਲੈ ਕੇ ਸੁਚੇਤ ਰਹਿਣਾ। ਯਾਨੀ ਬਿਨਾਂ ਜ਼ਿਆਦਾ ਸੋਚੇ ਇਸ ਉੱਤੇ ਧਿਆਨ ਦੇਣਾ ਕਿ ਉਸ ਸਮੇਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ।
ਮਨੋਵਿਗਿਆਨੀ ਰਾਜੇਸ਼ ਪਾਂਡੇ ਦੱਸਦੇ ਹਨ, ‘‘ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਮਾਈਂਡਫੁਲਨੇਸ ਦਾ ਮਤਲਬ ਹੈ – ਇਸ ਬਾਰੇ ਸੁਚੇਤ ਹੋਣਾ ਕਿ ਸਾਡੇ ਸੇਂਸਰੀ ਅੰਗਾਂ ਰਾਹੀਂ ਬਾਹਰ ਤੋਂ ਕੀ ਜਾਣਕਾਰੀਆਂ ਦਿਮਾਗ ਵਿੱਚ ਜਾ ਰਹੀਆਂ ਹਨ ਅਤੇ ਅੰਦਰ ਮੌਜੂਦ ਜਾਣਕਾਰੀਆਂ ਦਾ ਕਿਵੇਂ ਇਸਤੇਮਾਲ ਹੋ ਰਿਹਾ ਹੈ।’’
ਮੇਡਿਟੇਸ਼ਨ ਦੀ ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ, ‘‘ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਆਪਣੇ ਸੇਂਸਰੀ ਆਰਗਨ ਉੱਤੇ ਫੋਕਸ ਕਰਨ ਦੀ ਪ੍ਰਕਿਰਿਆ ਹੈ। ਆਪਣੇ ਸਾਹ ਉੱਤੇ ਧਿਆਨ ਦੇਣਾ ਜਾਂ ਇਹ ਮਹਿਸੂਸ ਕਰਨਾ ਕਿ ਮੌਸਮ ਗਰਮ ਹੈ ਜਾਂ ਠੰਢਾ, ਕੀ ਮੈਂ ਠੀਕ ਤਰੀਕੇ ਸੁਣ ਪਾ ਰਿਹਾ ਹਾਂ, ਕੀ ਆਲੇ-ਦੁਆਲੇ ਕੋਈ ਗੰਧ ਹੈ।’’
‘‘ਇਸ ਨਾਲ ਵੀ ਨਿਊਰਲ ਕੁਨੈਕਸ਼ਨ ਬਣਦੇ ਹਨ। ਤੁਸੀਂ ਦੇਖੋਗੇ ਕਿ ਜੇ ਕੋਈ ਇਨਸਾਨ ਦਿਨ ਵਿੱਚ 15 ਮਿੰਟ ਹੀ ਇਹਨਾਂ ਸੇਂਸਰੀ ਅੰਗਾਂ ਉੱਤੇ ਧਿਆਨ ਲਗਾਵੇ ਤਾਂ ਉਸ ਦਾ ਤੁਰਣਾ-ਫਿਰਣਾ, ਬੋਲਣਾ, ਹੱਸਣਾ, ਮੁਸਕੁਰਾਉਣਾ, ਸਭ ਬਦਲ ਜਾਵੇਗਾ।’’

ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਨਿਊਰੋਪਲਾਸਟਿਸਿਟੀ ਦੀ ਪ੍ਰਕਿਰਿਆ ਦੌਰਾਨ ਦਿਮਾਗ ਦੇ ਢਾਂਚੇ ਵਿੱਚ ਵੀ ਬਦਲਾਅ ਆਉਂਦਾ ਹੈ।
ਇਸ ਦੀ ਪਰਖ਼ ਲਈ ਮੇਲਿਸਾ ਹੋਗੇਨਬੂਮ ਨੇ ਇੱਕ ਵਾਰ ਆਪਣੇ ਬ੍ਰੇਨ ਦਾ ਸਕੈਨ ਕਰਵਾਉਣ ਤੋਂ ਬਾਅਦ ਛੇ ਹਫ਼ਤਿਆਂ ਤੱਕ ਮੇਡੀਟੇਸ਼ਨ ਕੀਤੀ ਅਤੇ ਫ਼ਿਰ ਤੋਂ ਸਕੈਨ ਕਰਵਾਇਆ।
ਪ੍ਰੋਫ਼ੈਸਰ ਬਾਰਨਹੋਫ਼ਰ ਨੇ ਪਿਛਲੇ ਅਤੇ ਨਵੇਂ ਸਕੈਨ ਵਿੱਚ ਤੁਲਨਾ ਕਰਨ ਤੋਂ ਬਾਅਦ ਦੱਸਿਆ ਕਿ ਛੇ ਹਫ਼ਤਿਆਂ ਵਿੱਚ ਮੇਲਿਸਾ ਦੇ ਦਿਮਾਗ ਵਿੱਚ ਨਿਊਰੋਪਲਾਸਟਿਸਿਟੀ ਵੱਧ ਗਈ ਸੀ।
ਉਨ੍ਹਾਂ ਨੇ ਕਿਹਾ, ‘‘ਬ੍ਰੇਨ ਦੇ ਰਾਈਟ ਅਮਿਗਡਲਾ ਦਾ ਆਕਾਰ ਘੱਟ ਹੋਇਆ ਹੈ। ਅਜਿਹਾ ਤਣਾਅ ਵਿੱਚ ਕਮੀ ਆਉਣ ਉੱਤੇ ਹੁੰਦਾ ਹੈ। ਜਿਹੜੇ ਲੋਕਾਂ ਵਿੱਚ ਐਂਗਜ਼ਾਇਟੀ ਅਤੇ ਤਣਾਅ ਹੁੰਦਾ ਹੈ, ਉਨ੍ਹਾਂ ਵਿੱਚ ਇਹ ਵਧਿਆ ਹੁੰਦਾ ਹੈ। ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਮਾਈਂਡਫੁਲਨੇਸ ਟ੍ਰੇਨਿੰਗ ਨਾਲ ਇਸ ਦਾ ਆਕਾਰ ਘੱਟ ਹੋਇਆ। ਨਾਲ ਹੀ ਦਿਮਾਗ ਦੇ ਪਿਛਲੇ ਹਿੱਸੇ ਵਿੱਚ ਵੀ ਬਦਲਾਅ ਆਇਆ ਹੈ। ਇਸ ਦਾ ਮਤਲਬ ਹੈ ਕਿ ਦਿਮਾਗ ਵਿੱਚ ਭਟਕਣ ਦੀ ਕਮੀ ਆਈ ਹੈ।’’
ਕਸਰਤ ਵੀ ਹੈ ਮਦਦਗਾਰ

ਤਸਵੀਰ ਸਰੋਤ, Getty Images
ਮਾਹਰ ਕਹਿੰਦੇ ਹਨ ਕਿ ਦਿਮਾਗ ਵਿੱਚ ਨਿਊਰੋਪਲਾਸਟਿਸਿਟੀ ਵਧਾਉਣ ਲਈ ਕਸਰਤ ਦਾ ਵੀ ਅਹਿਮ ਯੋਗਦਾਨ ਹੋ ਸਕਦਾ ਹੈ। ਇਟਲੀ ਦੇ ‘ਸੇਂਟ੍ਰੋ ਨਿਊਰੋਲੇਸੀ’ ਸੰਸਥਾਨ ਦੇ ਨਿਦੇਸ਼ਕ ਪ੍ਰੋਫ਼ੈਸਰ ਏਂਜਲੇ ਕ੍ਵਾਟ੍ਰੋਨੇ ਮੁਤਾਬਕ, ਜੇ ਦਿਨ ਵਿੱਚ 30 ਮਿੰਟ ਕਸਰਤ ਕੀਤੀ ਜਾਵੇ ਅਤੇ ਇੱਕ ਹਫ਼ਤੇ ਵਿੱਚ ਚਾਰ ਤੋਂ ਪੰਜ ਦਿਨ ਕੀਤੀ ਜਾਵੇ ਤਾਂ ਦਿਮਾਗ ਉੱਤੇ ਇਸ ਦਾ ਚੰਗਾ ਅਸਰ ਪੈਂਦਾ ਹੈ।
ਯੂਨੀਵਰਸਿਟੀ ਆਫ਼ ਸਸੇਕਸ ਵਿੱਚ ਕੰਪੇਰੇਟਿਵ ਕਾਗ੍ਰਿਸ਼ਨ ਦੀ ਪ੍ਰੋਫ਼ਸਰ ਜਿਲਿਅਨ ਫ਼ਾਰੇਸਟਰ ਨੇ ਦੱਸਿਆ ਕਿ ਦਿਮਾਗ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਅਤੇ ਬਦਲਾਵਾਂ ਦਾ ਸਰੀਰਕ ਹਰਕਤਾਂ ਨਾਲ ਡੂੰਘਾਂ ਸਬੰਧ ਹੈ।
ਉਹ ਦੱਸਦੇ ਹਨ, ‘‘ਅਸੀਂ ਦੇਖਿਆ ਹੈ ਕਿ ਜੇ ਕਿਸੇ ਨੂੰ ਬੋਲਣ ਵਿੱਚ ਦਿੱਕਤ ਹੈ ਤਾਂ ਉਸ ਨੂੰ ਹੱਥਾਂ ਨਾਲ ਇਸ਼ਾਰੇ ਕਰਦੇ ਹੋਏ ਬੋਲਦੇ ਸਮੇਂ ਸੁਵਿਧਾ ਹੋ ਸਕਦੀ ਹੈ। ਦਰਅਸਲ, ਸਾਡੇ ਦਿਮਾਗ ਦਾ ਜੋ ਹਿੱਸਾ ਬੋਲਣ ਵਿੱਚ ਮਦਦ ਕਰਦਾ ਹੈ, ਉਹ ਮੋਟਰ ਡੇਕਸਟੇਰਿਟੀ ਯਾਨੀ ਹੱਥਾਂ, ਪੈਰਾਂ ਜਾਂ ਬਾਹਾਂ ਦੀ ਮਦਦ ਨਾਲ ਕੰਮ ਕਰਨ ਵਿੱਚ ਮਦਦ ਕਰਨ ਵਾਲੇ ਹਿੱਸੇ ਨਾਲ ਜੁੜਿਆ ਹੋਇਆ ਹੈ। ਸ਼ਾਇਦ ਅਜਿਹਾ ਇਸ ਲਈ ਹੋਇਆ ਕਿਉਂਕਿ ਭਾਸ਼ਾ ਦਾ ਵਿਕਾਸ ਇਸ਼ਾਰਿਆਂ ਨਾਲ ਹੋਇਆ ਹੈ।’’

ਸਕੂਲ ਆਫ਼ ਸਾਇਕੌਲਿਜੀ, ਬਰਕਬੈਕ, ਯੂਨੀਵਰਸਿਟੀ ਆਫ਼ ਲੰਡਨ ਵਿੱਚ ਡਾਕਟਰ ਔਰੀ ਔਸਮੀ ਦੱਸਦੇ ਹਨ ਕਿ ਮੇਡੀਟੇਸ਼ਨ ਤੋਂ ਇਲਾਵਾ ਸਰੀਰਕ ਕਸਰਤ ਨਾਲ ਵੀ ਤਣਾਅ ਘੱਟ ਹੁੰਦਾ ਹੈ।
ਉਹ ਕਹਿੰਦੇ ਹਨ, ‘‘ਸਾਡਾ ਦਿਮਾਗ ਹਰ ਸਮੇਂ ਖ਼ੁਦ ਵਿੱਚ ਬਦਲਾਅ ਲਿਆ ਰਿਹਾ ਹੁੰਦਾ ਹੈ। ਪਰ ਬੱਚਿਆਂ ਵਿੱਚ ਇਹ ਪ੍ਰਕਿਰਿਆ ਤੇਜ਼ੀ ਨਾਲ ਹੋ ਰਹੀ ਹੁੰਦੀ ਹੈ। ਇਹ ਦੇਖਿਆ ਗਿਆ ਹੈ ਕਿ ਜੋ ਬੱਚੇ ਹੱਥ-ਪੈਰ ਸਾਧਾਰਨ ਪੱਧਰ ਉੱਤੇ ਹਿਲਾਉਂਦੇ ਹਨ, ਉਹ ਬਾਅਦ ਵਿੱਚ ਵੀ ਚੰਗੀ ਤਰ੍ਹਾਂ ਬੋਲ ਸਕਦੇ ਹਨ। ਪਰ ਜੋ ਅਜਿਹਾ ਨਹੀਂ ਕਰਦੇ, ਉਨ੍ਹਾਂ ਵਿੱਚੋਂ ਕੁਝ ਨੂੰ ਬਾਅਦ ਵਿੱਚ ਬੋਲਣ ਜਾਂ ਸਮਾਜ ਵਿਵਹਾਰ ਵਿੱਚ ਦਿੱਕਤ ਹੋ ਸਕਦੀ ਹੈ।’’
ਮਨੋਵਿਗਿਆਨਕ ਰਾਜੇਸ਼ ਪਾਂਡੇ ਦੱਸਦੇ ਹਨ ਕਿ ਕਸਰਤ ਹੀ ਨਹੀਂ, ਸੰਗੀਤ ਜਾਂ ਭਾਸ਼ਾ ਸਿੱਖਣ ਵਰਗਾ ਕੋਈ ਵੀ ਨਵਾਂ ਕੰਮ ਕਰਨ ਨਾਲ ਨਿਊਰੋਪਲਾਸਟਿਸਿਟੀ ਨੂੰ ਵਧਾਇਆ ਜਾ ਸਕਦਾ ਹੈ ਕਿਉਂਕਿ ਜਦੋਂ ਅਸੀਂ ਕੁਝ ਨਵਾਂ ਦੇਖਦੇ, ਸਿੱਖਦੇ ਜਾਂ ਸੋਚਦੇ ਹਾਂ ਤਾਂ ਦਿਮਾਗ ਵਿੱਚ ਨਵੇਂ ਨਿਊਰਲ ਕੁਨੈਕਸ਼ਨ ਬਣਦੇ ਹਨ।
ਉਹ ਕਹਿੰਦੇ ਹਨ, ‘‘ਇਨਸਾਨ ਦਾ ਦਿਮਾਗ ਪੂਰੀ ਉਮਰ ਨਿਊਰਲ ਕੁਨੈਕਸ਼ਨ ਬਣਾ ਸਕਦਾ ਹੈ। ਤੁਸੀਂ 80 ਸਾਲ ਦੀ ਉਮਰ ਵਿੱਚ ਵੀ ਨਵੀਂ ਭਾਸ਼ਾ ਸਿੱਖ ਸਕਦੇ ਹੋ। ਨਵੀਂ ਥਾਂ ਜਾਣ, ਇੱਕ ਰੂਟੀਨ ਤੋੜਨ ਅਤੇ ਕੁਝ ਵੀ ਨਵਾਂ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਬਸ ਸਾਨੂੰ ਉਸ ਨੂੰ ਨਵੇਂ ਤਜਰਬੇ ਦਿੰਦੇ ਰਹਿਣਾ ਹੈ।’’
ਦਿਮਾਗ ਨੂੰ ਪਹੁੰਚੇ ਨੁਕਸਾਨ ਦਾ ਇਲਾਜ

ਤਸਵੀਰ ਸਰੋਤ, Getty Images
ਇਟਲੀ ਦੇ ‘ਸੇਂਟਰੋ ਨਿਊਰੋਲੇਸੀ’ ਸੰਸਥਾਨ ਵਿੱਚ ਨਿਊਰੋਲੌਜਿਕਲ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਦਾ ਆਧੁਨਿਕ ਤਕਨੀਕ ਦੀ ਮਦਦ ਨਾਲ ਇਲਾਜ ਕੀਤਾ ਜਾ ਰਿਹਾ ਹੈ।
ਇਸ ਸੰਸਥਾਨ ਦੇ ਨਿਦੇਸ਼ਕ ਪ੍ਰੋਫ਼ੈਸਰ ਏੰਜਲੇ ਕ੍ਵਾਟ੍ਰੋਨੇ ਦੱਦੇ ਹਨ ਕਿ ਜੋ ਲੋਕ ਤੁਰ-ਫਿਰ ਨਹੀਂ ਸਕਦੇ, ਉਨ੍ਹਾਂ ਲਈ ਵਿਸ਼ੇਸ਼ ਗੇਮ ਬਣਾਈਆਂ ਗਈਆਂ ਹਨ। ਇਸ ਨਾਲ ਉਨ੍ਹਾਂ ਦੇ ਦਿਮਾਗ ਨੂੰ ਸੰਕੇਤ ਮਿਲਦੇ ਰਹਿੰਦੇ ਹਨ। ਇਸ ਨਾਲ ਪਲਾਸਟਿਸਿਟੀ ਵੱਧਦੀ ਹੈ ਅਤੇ ਦਿਮਾਗ ਮੁੜ ਤੋਂ ਉਹ ਕੁਨੈਕਸ਼ਨ ਬਣਾ ਪਾਉਂਦਾ ਹੈ, ਜੋ ਕਿਸੇ ਹਾਦਸੇ ਜਾਂ ਸਟ੍ਰੋਕ ਕਾਰਨ ਟੁੱਟ ਗਏ ਹੁੰਦੇ ਹਨ। ਇਸ ਨੂੰ ਰੀਵਾਇਰਿੰਗ ਕਿਹਾ ਜਾਂਦਾ ਹੈ।
ਇਸ ਕੰਮ ਵਿੱਚ ਰੋਬੌਟਿਕਸ ਅਤੇ ਕਰੰਟ ਸਟਿਮੁਲੇਸ਼ਨ ਦੀ ਮਦਦ ਵੀ ਲਈ ਜਾਂਦੀ ਹੈ। ਕਰੰਟ ਸਟਿਮੁਲੇਟਰ ਅਜਿਹਾ ਉਪਕਰਣ ਹੈ, ਜੋ ਦਿਮਾਗ ਵਿੱਚ ਕਮਜ਼ੋਰ ਹੋ ਚੁੱਕੇ ਸਿਗਨਲ ਨੂੰ ਵਧਾ ਦਿੰਦਾ ਹੈ। ਇਸ ਨਾਲ ਦਿਮਾਗ ਨੂੰ ਰੀਵਾਇਰ ਕਰਨ ਵਿੱਚ ਮਦਦ ਮਿਲਦੀ ਹੈ।
ਸਿੱਖਣ ਦੀ ਪ੍ਰਕਿਰਿਆ ਭਵਿੱਖ ਵਿੱਚ ਸੌਖੀ ਹੋਵੇਗੀ
ਅਜੇ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਨਿਊਰੋਪਲਾਸਟਿਸਿਟੀ ਬੱਚਿਆਂ ਵਿੱਚ ਜ਼ਿਆਦਾ ਹੁੰਦੀ ਹੈ। ਪਰ ਹੁਣ ਦੁਨੀਆ ਭਰ ਵਿੱਚ ਬਾਲਗਾਂ ਵਿੱਚ ਵੀ ਇਸ ਨੂੰ ਦਿਮਾਗ ਨੂੰ ਐਕਟਿਵ ਰੱਖਣ ਅਤੇ ਉਸ ਨੂੰ ਪਹੁੰਚੇ ਨੁਕਸਾਨ ਨੂੰ ਘੱਟ ਕਰਨ ਲਈ ਵਰਤਿਆ ਜਾਂਦਾ ਹੈ।
ਯੂਨੀਵਰਸਿਟੀ ਆਫ਼ ਕੈਂਬ੍ਰਿਜ ਵਿੱਚ ਐਕਸਪੇਰਿਮੇਂਟਲ ਸਾਇਕੌਲਿਜੀ ਦੀ ਪ੍ਰੋਫ਼ੈਸਰ ਜ਼ੋਈ ਕੋਰਤਜ਼ੀ ਕਹਿੰਦੇ ਹਨ ਕਿ ਹਰ ਵਿਅਕਤੀ ਦੇ ਦਿਮਾਗ ਦੀ ਸਿੱਖਣ ਦੀ ਵੀ ਆਪਣੀ ਲੈਅ ਹੁੰਦੀ ਹੈ।
ਉਨ੍ਹਾਂ ਨੇ ਬੀਬੀਸੀ ਦੀ ਵਿਗਿਆਨ ਪੱਤਰਕਾਰ ਮੇਲਿਸਾ ਹੋਗੇਨਬੂਮ ਨੂੰ ਕਿਹਾ, ‘‘ਹਰ ਵਿਅਕਤੀ ਦਾ ਦਿਮਾਗ ਆਪਣੀ ਲੈਅ ਵਿੱਚ ਕੰਮ ਕਰਦਾ ਹੈ। ਜੇ ਉਸ ਵਿਅਕਤੀ ਨੂੰ ਉਸ ਦੇ ਦਿਮਾਗ ਦੇ ਰਿਦਮ ਦੀਆਂ ਸੂਚਨਾਵਾਂ ਦਿੱਤੀਆਂ ਜਾਣ ਤਾਂ ਉਹ ਤੇਜ਼ੀ ਨਾਲ ਸਿੱਖ ਸਕਦਾ ਹੈ।’’
ਯੂਨੀਵਰਸਿਟੀ ਆਫ਼ ਕੈਂਬ੍ਰਿਜ ਵਿੱਚ ਕੀਤੇ ਗਏ ਪ੍ਰਯੋਗ ਵਿੱਚ ਲੋਕਾਂ ਨੂੰ ਕੁਝ ਸਵਾਲ ਸੁਲਝਾਉਣ ਨੂੰ ਦਿੱਤੇ ਗਏ। ਫ਼ਿਰ ਉਨ੍ਹਾਂ ਦੇ ਦਿਮਾਗ ਦੀ ਇਲੇਕਟ੍ਰਲ ਐਕਟਿਵਿਟੀ ਨੂੰ ਮਾਪਿਆ ਗਿਆ। ਇਸ ਨਾਲ ਅੰਦਾਜ਼ਾ ਲੱਗਿਆ ਕਿ ਉਨ੍ਹਾਂ ਦਾ ਦਿਮਾਗ ਕਿਸ ਰਿਦਮ ਵਿੱਚ ਕੰਮ ਕਰ ਰਿਹਾ ਹੈ। ਫ਼ਿਰ ਉਸ ਰਿਦਮ ਦੇ ਹਿਸਾਬ ਨਾਲ ਸਵਾਲ ਦਿੱਤੇ ਗਏ ਤਾਂ ਉਹ ਬਿਹਤਰ ਢੰਗ ਨਾਲ ਉਨ੍ਹਾਂ ਨੂੰ ਸੁਲਝਾ ਸਕੇ।
ਇਹ ਰਿਸਰਚ ਸ਼ੁਰਆਤੀ ਪੜਾਅ ਵਿੱਚ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਭਵਿੱਖ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਦਿਮਾਗ ਦੀ ਰਿਦਮ ਦੇ ਹਿਸਾਬ ਨਾਲ ਬਿਹਤਰ ਢੰਗ ਨਾਲ ਸਿਖਾਇਆ ਜਾ ਸਕੇਗਾ, ਉਨ੍ਹਾਂ ਦੀ ਨਿਊਰੋਪਲਾਸਟਿਸਿਟੀ ਵਧਾਈ ਜਾ ਸਕੇਗੀ।












