ਰੋਮ ਵਿੱਚ ਪਿਸ਼ਾਬ ਨੂੰ ਇੰਨਾ ਕੀਮਤੀ ਕਿਉਂ ਮੰਨਿਆ ਜਾਂਦਾ ਸੀ ਕਿ ਇਸ 'ਤੇ ਟੈਕਸ ਵੀ ਲੱਗਿਆ

ਰੋਮਨ ਸਾਮਰਾਜ

ਤਸਵੀਰ ਸਰੋਤ, WIKIMEDIA COMMONS

ਤਸਵੀਰ ਕੈਪਸ਼ਨ, ਪ੍ਰਾਚੀਨ ਰੋਮਨ ਸਾਮਰਾਜ ’ਚ ਪਿਸ਼ਾਬ ਇੱਕ ਬਹੁਤ ਹੀ ਕੀਮਤੀ ਵਸਤੂ ਸੀ
    • ਲੇਖਕ, ਵੱਕਾਰ ਮੁਸਤਫ਼ਾ
    • ਰੋਲ, ਪੱਤਰਕਾਰ ਅਤੇ ਖੋਜਕਰਤਾ

ਪ੍ਰਾਚੀਨ ਰੋਮਨ ਸਾਮਰਾਜ ’ਚ ਪਿਸ਼ਾਬ ਇੱਕ ਬਹੁਤ ਹੀ ਕੀਮਤੀ ਵਸਤੂ ਸੀ।

ਜਨਤਕ ਪਖਾਨਿਆਂ ਅਤੇ ਰਿਹਾਇਸ਼ੀ ਇਲਾਕਿਆਂ ’ਚੋਂ ਇਸ ਨੂੰ ਇੱਕਠਾ ਕੀਤਾ ਜਾਂਦਾ ਸੀ ਅਤੇ ਇਸ ਦੀ ਵਰਤੋਂ ਟੁੱਥਪੇਸਟ ਬਣਾਉਣ ਦੇ ਲਈ ਕੱਚੇ ਮਾਲ ਵੱਜੋਂ ਕੀਤੀ ਜਾਂਦੀ ਸੀ।

ਇਸ ’ਤੇ ਟੈਕਸ ਲਗਾਇਆ ਜਾਂਦਾ ਸੀ, ਜਿਸ ਨੂੰ ‘ਵੈਕਟੀਗਲ ਯੂਰੀਨ’ ਕਿਹਾ ਜਾਂਦਾ ਸੀ।

ਰੋਮਨ ਸਮਰਾਟ ਵੈਸਪਾਸੀਅਨ ਆਪਣੇ ਪੁੱਤਰ ਟਾਈਟਸ ਦੀ ਨੱਕ ਦੇ ਕੋਲ ਇੱਕ ਸੋਨੇ ਦਾ ਸਿੱਕਾ ਲੈ ਕੇ ਗਏ ਅਤੇ ਪੁੱਛਿਆ, “ਕੀ ਇਸ ’ਚੋਂ ਬਦਬੂ ਆ ਰਹੀ ਹੈ?”

ਟਾਈਟਸ ਨੇ ਜਵਾਬ ਦਿੱਤਾ, “ਨਹੀਂ।”

ਵੈਸਪਾਸੀਅਨ ਨੇ ਕਿਹਾ, “ਸਿੱਕਿਆਂ ’ਚੋਂ ਬਦਬੂ ਨਹੀਂ ਆਉਂਦੀ ਹੈ, ਪਰ ਇਹ ਸਿੱਕਾ ਪਿਸ਼ਾਬ (’ਤੇ ਲਗਾਏ ਗਏ ਕਰ) ਤੋਂ ਮਿਲਦਾ ਹੈ।”

ਵੈਸਪਾਸੀਅਨ ਅਤੇ ਉਨ੍ਹਾਂ ਦੇ ਪੁੱਤਰ ਟਾਈਟਸ ਫਲਾਵੀਅਸ ਪੇਤਰੋ ਵਿੱਚਾਲੇ ਹੋਈ ਇਸ ਗੱਲਬਾਤ ਦਾ ਵੇਰਵਾ ਰੋਮਨ ਇਤਿਹਾਸਕਾਰ ਸੁਏਟੋਨੀਅਸ ਨੇ ਦਿੱਤਾ ਹੈ।

ਉਨ੍ਹਾਂ ਦੇ ਮੁਤਾਬਕ ਇਹ ਗੱਲਬਾਤ ਲਗਭਗ 2 ਹਜ਼ਾਰ ਸਾਲ ਪਹਿਲਾਂ ਹੋਈ ਸੀ , ਜਦੋਂ ਟਾਈਟਸ ਨੇ ਆਪਣੇ ਪਿਤਾ ਵੈਸਪਾਸੀਅਨ ਦੇ ਪਿਸ਼ਾਬ ਦੇ ਵਪਾਰ ’ਤੇ ਲਗਾਏ ਗਏ ਕਰ ਨੂੰ ‘ਘਿਣਾਉਣਾ’ ਦੱਸਿਆ ਸੀ।

ਗੇਅਸ ਸੁਏਟੋਨੀਅਸ ਨੂੰ ਰੋਮ ਦੇ ਪਹਿਲੇ 12 ਸੀਜ਼ਰਸ ਦੀ ਜੀਵਨੀ ਲਿਖਣ ਦੇ ਲਈ ਜਾਣਿਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਰੋਮ ਦੇ ਰਾਜਮਹੱਲ ਨਾਲ ਆਪਣੀ ਨੇੜਤਾ ਦੇ ਕਾਰਨ ਉਨ੍ਹਾਂ ਨੇ ਰੋਮਨ ਸ਼ਾਹੀ ਪਰਿਵਾਰ ਦੇ ਬਾਰੇ ’ਚ ਬਹੁਤ ਕੁਝ ਕਲਮਬੱਧ ਕੀਤਾ ਹੈ।

ਰੋਮਨ ਸਾਮਰਾਜ

ਤਸਵੀਰ ਸਰੋਤ, WIKIMEDIA COMMONS

ਤਸਵੀਰ ਕੈਪਸ਼ਨ, ਵੈਸਪਾਸੀਅਨ ਤੋਂ ਇਲਾਵਾ ਨੀਰੋ ਨੇ ਵੀ ਇਸ ਪਿਸ਼ਾਬ ਦੀ ਖਰੀਦ-ਓ-ਫਰੋਖ਼ਤ ’ਤੇ ਇਹ ਵਿਸ਼ੇਸ਼ ਕਰ ਲਗਾਇਆ ਸੀ

ਵੈਸਪਾਸੀਅਨ ਤੋਂ ਇਲਾਵਾ ਨੀਰੋ ਨੇ ਵੀ ਇਸ ਪਿਸ਼ਾਬ ਦੀ ਖਰੀਦ-ਓ-ਫਰੋਖ਼ਤ ’ਤੇ ਇਹ ਵਿਸ਼ੇਸ਼ ਕਰ ਲਗਾਇਆ ਸੀ।

ਇਹ ਟੈਕਸ ਪਿਸ਼ਾਬ ਨੂੰ ਇੱਕਠਾ ਕਰਨ ਅਤੇ ਵਰਤੋਂ ਦੋਵਾਂ ’ਤੇ ਈਸਾ ਤੋਂ ਬਾਅਦ ਪਹਿਲੀ ਸਦੀ ’ਚ ਪੰਜਵੇਂ ਰੋਮਨ ਸਮਰਾਟ ਨੀਰੋ (ਜਿਨ੍ਹਾਂ ਦੇ ਸ਼ਾਸਨਕਾਲ ਦੌਰਾਨ ਰੋਮ ਸੜ ਗਿਆ ਸੀ) ਨੇ ਲਗਾਇਆ ਸੀ, ਪਰ ਬਾਅਦ ’ਚ ਇਸ ਨੂੰ ਖ਼ਤਮ ਕਰ ਦਿੱਤਾ ਗਿਆ ਸੀ।

ਕਿਹਾ ਜਾਂਦਾ ਹੈ ਕਿ ਆਮ ਲੋਕ ਇਸ ਦੇ ਵਿਰੁੱਧ ਹੋ ਗਏ ਸਨ, ਜਿਸ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ। ਸਾਲ 69 ’ਚ ਉਨ੍ਹਾਂ ਤੋਂ ਬਾਅਦ ਆਏ ਰੋਮਨ ਸਮਰਾਟ ਵੈਸਪਾਸੀਅਨ ਨੇ ਇੱਕ ਵਾਰ ਮੁੜ ਤੋਂ ਇਸ ਕਰ ਨੂੰ ਅਮਲ ’ਚ ਲਿਆਂਦਾ।

ਪਿਸ਼ਾਬ ਬੇਸ਼ਕੀਮਤੀ ਕਿਵੇਂ ਬਣਿਆ?

ਰੋਮਨ ਸਾਮਰਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਵੈਸਪਾਸੀਆਨ ਸਮਰਾਟ ਬਣੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਾਹੀ ਖਜ਼ਾਨਾ ਤਾਂ ਖਾਲੀ ਹੈ।

ਓਐਫ਼ ਰੌਬਿਨਸਨ ਨੇ ‘ਐਨਸ਼ੀਅੰਟ ਰੋਮ: ਸਿਟੀ ਪਲੈਨਿੰਗ ਐਂਡ ਐਡਮਿਨਿਸਟਰੇਸ਼ਨ’ ਨਾਮ ਦੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਦੇ ਅਨੁਸਾਰ ਰੋਮ ’ਚ 144 ਜਨਤਕ ਪਖਾਨੇ ਸਨ।

ਉਹ ਲਿਖਦੇ ਹਨ, “ਇਨ੍ਹਾਂ ਜਨਤਕ ਪਿਸ਼ਾਬ ਘਰਾਂ ’ਚ ਬਾਲਟੀਆਂ ਹੁੰਦੀਆ ਸਨ, ਜਿਨ੍ਹਾਂ ਨੂੰ ‘ਡੋਲੀਆ ਕਾਰਟਾ’ ਕਿਹਾ ਜਾਂਦਾ ਸੀ। ਇਨ੍ਹਾਂ ਬਾਲਟੀਆਂ ’ਚ ਪਿਸ਼ਾਬ ਇੱਕਠਾ ਕੀਤਾ ਜਾਂਦਾ ਸੀ। ਅਜਿਹਾ ਕਰਨ ’ਚ ਦੇਰੀ ਕਰਨ ਲਈ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।”

ਵਿਗਿਆਨ ਮਾਮਲਿਆਂ ’ਤੇ ਲਿਖਣ ਵਾਲੇ ਮੋਹੀ ਕੁਮਾਰ ਦੇ ਮੁਤਾਬਕ, “ਪਿਸ਼ਾਬ ਯੂਰੀਆ ਦਾ ਇੱਕ ਵੱਡਾ ਸਰੋਤ ਹੈ, ਜੋ ਕਿ ਇੱਕ ਨਾਈਟ੍ਰੋਜਨ ਅਤੇ ਹਾਈਡ੍ਰੋਜਨ ਜੈਵਿਕ ਮਿਸ਼ਰਣ ਹੈ। ਜੇਕਰ ਇਸ ਨੂੰ ਲੰਮੇ ਸਮੇਂ ਤੱਕ ਇੱਕਠਾ ਕੀਤਾ ਜਾਵੇ ਤਾਂ ਯੂਰੀਆ ਅਮੋਨੀਆ ’ਚ ਬਦਲ ਜਾਂਦਾ ਹੈ।”

ਕੱਚ, ਸਟੀਲ, ਤੇਲ ਦੇ ਧੱਬੇ ਵਰਗੇ ਬਹੁਤ ਸਾਰੀਆਂ ਚੀਜ਼ਾਂ ਦੀ ਸਫਾਈ ਦੇ ਲਈ ਅੱਜ ਕੱਲ੍ਹ ਜਿਨ੍ਹਾਂ ਪਦਾਰਥਾਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ’ਚ ਇੱਕ ਅਮੋਨੀਆ ਹੁੰਦੀ ਹੈ।

ਰੋਮਨ ਸਾਮਰਾਜ

ਤਸਵੀਰ ਸਰੋਤ, WIKIMEDIA COMMONS

ਤਸਵੀਰ ਕੈਪਸ਼ਨ, ਜਾਨਵਰਾਂ ਦੀ ਖਾਲ ਨੂੰ ਪਿਸ਼ਾਬ ’ਚ ਭਿਓਂ ਕੇ ਰੱਖਣ ਨਾਲ ਚਮੜੇ ਦੇ ਕਾਮਿਆਂ ਦੇ ਲਈ ਚਮੜੀ ਤੋਂ ਵਾਲ ਅਤੇ ਮਾਸ ਦੇ ਟੁੱਕੜੇ ਕੱਢਣਾ ਸੌਖਾ ਹੋ ਗਿਆ ਸੀ

ਮੋਹੀ ਕੁਮਾਰ ਦੇ ਅਨੁਸਾਰ ਪਾਣੀ ’ਚ ਅਮੋਨੀਆ ਕਾਸਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਪਿਸ਼ਾਬ ਦੀ ਵਰਤੋਂ ਜਾਨਵਰਾਂ ਦੀ ਖਾਲ ਨੂੰ ਨਰਮ ਕਰਨ ਅਤੇ ਟੈਨ ਕਰਨ ਲਈ ਕੀਤੀ ਜਾਂਦੀ ਸੀ।

ਜਾਨਵਰਾਂ ਦੀ ਖਾਲ ਨੂੰ ਪਿਸ਼ਾਬ ’ਚ ਭਿਓਂ ਕੇ ਰੱਖਣ ਨਾਲ ਚਮੜੇ ਦੇ ਕਾਮਿਆਂ ਦੇ ਲਈ ਚਮੜੀ ਤੋਂ ਵਾਲ ਅਤੇ ਮਾਸ ਦੇ ਟੁੱਕੜੇ ਕੱਢਣਾ ਸੌਖਾ ਹੋ ਗਿਆ ਸੀ।

ਉਹ ਲਿਖਦੇ ਹਨ, “ਗੰਦਗੀ ਅਤੇ ਤੇਲ ਦੇ ਦਾਗ਼ ਜੋ ਕਿ ਥੋੜ੍ਹੇ ਤੇਜ਼ਾਬੀ ਹੁੰਦੇ ਹਨ, ਅਮੋਨੀਆ ਦੀ ਵਰਤੋਂ ਨਾਲ ਇਨ੍ਹਾਂ ਨੂੰ ਸਹਿਜੇ ਹੀ ਹਟਾਇਆ ਜਾ ਸਕਦਾ ਹੈ। ਪਿਸ਼ਾਬ ਨਾਲ ਨਾ ਸਿਰਫ ਸਫ਼ੇਦੀ ਬਾਵ ਚਿੱਟੇਪਣ ’ਚ ਚਮਕ ਆਉਂਦੀ ਹੈ ਬਲਕਿ ਰੰਗ ਵੀ ਨਿਖਰਦਾ ਹੈ।”

ਓਐਫ਼ ਰੌਬਿਨਸਨ ਆਪਣੀ ਕਿਤਾਬ ’ਚ ਲਿਖਦੇ ਹਨ ਕਿ, “ਪਿਸ਼ਾਬ ਨੂੰ ਬਾਲਟੀਆਂ ’ਚ ਭਰ ਕੇ ਉਸ ਸਮੇਂ ਤੱਕ ਧੁੱਪ ’ਚ ਰੱਖਿਆ ਜਾਂਦਾ ਸੀ ਜਦੋਂ ਤੱਕ ਕਿ ਪਿਸ਼ਾਬ ਸਟੇਰਾਈਲ ਨਾ ਹੋ ਜਾਵੇ ਅਤੇ ਅਮੋਨੀਆ ’ਚ ਨਾ ਬਦਲ ਜਾਏ।”

ਪਿਸ਼ਾਬ ਦੀ ਵਰਤੋਂ ਅਤੇ ਧੋਬੀ

ਨਿਕੋਲਸ ਸੋਕਿਕ ਨੇ ਵੈਨਕੁਵਰ ਸਨ ’ਚ ਪ੍ਰਕਾਸ਼ਿਤ ਇੱਕ ਲੇਖ ’ਚ ਲਿਖਿਆ ਸੀ ਕਿ ਅਮੋਨੀਆ ਦੇ ਕਾਰਨ ਹੀ ਪ੍ਰਾਚੀਨ ਰੋਮ ਦੇ ਲੋਕ ਆਪਣੇ ਦੰਦਾਂ ਨੂੰ ਚਮਕਾਉਣ ਦੇ ਲਈ ਪਿਸ਼ਾਬ ਦੀ ਵਰਤੋਂ ਕਰਦੇ ਸਨ।

ਪਰ ਰੋਮਨ ਫੌਜ ਅਤੇ ਰੋਮਨ ਕਲਾਤਮਕ ਚੀਜ਼ਾਂ ’ਤੇ ਖੋਜ ਕਰਨ ਵਾਲੇ ਡਾ. ਮਾਈਕ ਬਿਸ਼ਪ ਕਹਿੰਦੇ ਹਨ, “ਸਾਰੇ ਰੋਮਨ ਵਾਸੀਆਂ ਨੇ ਅਜਿਹਾ ਕੀਤਾ ਹੋਵੇ, ਇਹ ਸੰਭਵ ਨਹੀਂ ਹੈ ਅਤੇ ਕੈਟਲਸ ਨਾਮ ਦੇ ਇੱਕ ਕਵੀ ਨੇ ਆਪਣੀ ਇੱਕ ਕਵਿਤਾ ’ਚ ਅਜਿਹਾ ਕਰਨ ਦੇ ਲਈ ਕਿਸੇ ਦਾ ਮਜ਼ਾਕ ਵੀ ਉਡਾਇਆ ਹੈ।”

ਰੋਮਨ ਸਾਮਰਾਜ

ਤਸਵੀਰ ਸਰੋਤ, WIKIMEDIA COMMONS

ਇਤਿਹਾਸਕਾਰ ਅਤੇ ਮਾਰਿਸਟ ਕਾਲਜ ’ਚ ਦਰਸ਼ਨ ਦੇ ਪ੍ਰੋਫੈਸਰ ਜੋਸ਼ੂਆ ਜੇ ਮਾਰਕ ਲਿਖਦੇ ਹਨ ਕਿ ਪ੍ਰਾਚੀਨ ਰੋਮ ’ਚ ਧੋਬੀ (ਜਿਨ੍ਹਾਂ ਨੂੰ ਫੁਲਰਸ ਕਿਹਾ ਜਾਂਦਾ ਸੀ) ਕੱਪੜਿਆਂ ਦੀ ਸਾਫ਼-ਸਫ਼ਾਈ ਕਰਨ ਦੇ ਲਈ ਅਤੇ ਉਨ੍ਹਾਂ ਨੂੰ ਚਮਕਾਉਣ ਦੇ ਲਈ ਕੁਦਰਤੀ ਬਲੀਚਿੰਗ ਏਜੰਟ ਦੇ ਰੂਪ ’ਚ ਮਨੁੱਖ ਅਤੇ ਜਾਨਵਰਾਂ ਦੇ ਪਿਸ਼ਾਬ ਦੀ ਵਰਤੋਂ ਕਰਦੇ ਸਨ।

ਉਹ ਲਿਖਦੇ ਹਨ ਕਿ ਅਜਿਹਾ ਕਰਨ ਦੇ ਲਈ ਉਨ੍ਹਾਂ ਨੂੰ ਅਪਮਾਨਜਨਕ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ। ਹਾਲਾਂਕਿ ਉਸ ਜ਼ਮਾਨੇ ’ਚ ਕਈ ਅਜਿਹੇ ਧੋਬੀ ਜੋ ਕਿ ਕਾਮਯਾਬ ਸਨ ਅਤੇ ਉਨ੍ਹਾਂ ਨੂੰ ਇਸ ਕੰਮ ਦੇ ਲਈ ਕਾਫ਼ੀ ਜ਼ਿਆਦਾ ਪੈਸੇ ਵੀ ਮਿਲਦੇ ਸਨ।

ਦੂਜੇ ਪਾਸੇ ਪ੍ਰਾਚੀਨ ਰੋਮ ’ਤੇ ਖੋਜ ਕਰਨ ਵਾਲੇ ਇਤਿਹਾਸਕਾਰ ਬੀਕੇ ਹਾਰਵੇ ਨੇ ਇਸ ਬਾਰੇ ਲਿਖਿਆ ਹੈ। ਉਹ ਕਹਿੰਦੇ ਹਨ, “ਧੋਬੀਆਂ ਨੂੰ ਉਨ੍ਹਾਂ ਦੇ ਕੰਮ ’ਚ ਪਿਸ਼ਾਬ ਦੀ ਵਰਤੋਂ ਕਰਨ ਕਰਕੇ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ, ਪਰ ਦੂਜੇ ਪਾਸੇ ਉਹ ਰੋਮ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਪੇਸ਼ੇਵਰਾਂ ’ਚੋਂ ਇੱਕ ਸਨ।”

ਉਹ ਲਿਖਦੇ ਹਨ, “ਕਈ ਧੋਬੀ ਆਰਾਮਦਾਇਕ ਜ਼ਿੰਦਗੀ ਬਤੀਤ ਕਰਦੇ ਸਨ ਅਤੇ ਆਪਣੇ ਮਜ਼ਦੂਰਾਂ ਨੂੰ ਵੀ ਚੰਗਾ ਪੈਸਾ ਦਿੰਦੇ ਸਨ। ਉਨ੍ਹਾਂ ਦੇ ਲਈ ਪਿਸ਼ਾਬ ਇਨ੍ਹਾਂ ਬੇਸ਼ਕੀਮਤੀ ਸੀ ਕਿ ਇਸ ਦੀ ਖਰੀਦ ਅਤੇ ਵਿਕਰੀ ’ਤੇ ਕਰ ਲਗਾਇਆ ਗਿਆ ਸੀ।”

ਰੋਮਨ ਲੋਕ ਨਾ ਤਾਂ ਆਪਣੇ ਘਰਾਂ ’ਚ ਨਹਾਉਂਦੇ ਸਨ ਅਤੇ ਨਾ ਹੀ ਕੱਪੜੇ ਧੋਂਦੇ ਸਨ। ਇਸ ਲਈ ਉਨ੍ਹਾਂ ਨੂੰ ਆਪਣੇ ਕੱਪੜੇ ਸਾਫ਼ ਕਰਵਾਉਣ ਲਈ ਧੋਬੀਆਂ ਕੋਲ ਜਾਣਾ ਪੈਂਦਾ ਸੀ।

ਪ੍ਰੋ. ਜੋਸ਼ੂਆ ਲਿਖਦੇ ਹਨ ਕਿ ਮਿਸਰ ਅਤੇ ਯੂਨਾਨ ’ਚ ਵੀ ਧੋਬੀਆਂ ਦੀ ਹੋਂਦ ਦੇ ਸਬੂਤ ਮਿਲੇ ਹਨ।

ਉਹ ਲਿਖਦੇ ਹਨ, "ਧੋਬੀਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਜਨਤਕ ਪਖਾਨਿਆਂ ਤੋਂ ਜਿੰਨਾ ਹੋ ਸਕੇ ਓਨਾ ਜ਼ਿਆਦਾ ਪਿਸ਼ਾਬ ਇੱਕਠਾ ਕਰ ਸਕਣ।"

ਉਹ ਕਹਿੰਦੇ ਹਨ, "ਇਸ ਪਿਸ਼ਾਬ ਨੂੰ ਇੱਕ ਵੱਡੇ ਭਾਂਡੇ ’ਚ ਪਾਇਆ ਜਾਂਦਾ ਸੀ ਅਤੇ ਫਿਰ ਇਸ ’ਚ ਕੱਪੜੇ ਭਿਓਂ ਕੇ ਰੱਖੇ ਜਾਂਦੇ ਸਨ।

ਕੁਲ਼ ਲੋਕਾਂ ਨੂੰ ਇਨ੍ਹਾਂ ਕੱਪੜਿਆਂ ਨੂੰ ਮਸਲਦੇ ਹੋਏ ਇਨ੍ਹਾਂ ’ਤੇ ਚੱਲਣ ਲਈ ਕਿਹਾ ਜਾਂਦਾ ਸੀ।

ਇਸ ਨਾਲ ਆਧੁਨਿਕ ਵਾਸ਼ਿੰਗ ਮਸ਼ੀਨ ਦੀ ਤਰ੍ਹਾਂ ਹੀ ਕੱਪੜਿਆਂ ’ਤੇ ਦਬਾਅ ਬਣਾ ਕੇ ਉਸ ’ਚੋਂ ਗੰਦਗੀ ਅਤੇ ਦਾਗ਼-ਧੱਬੇ ਦੇ ਨਿਸ਼ਾਨ ਸਾਫ਼ ਕੀਤੇ ਜਾਂਦੇ ਸਨ।”

“ਕੱਪੜਿਆਂ ਨੂੰ ਸਾਫ਼ ਕਰਨ ਦਾ ਇਹ ਤਰੀਕਾ ਲੰਮੇ ਸਮੇਂ ਤੱਕ ਜਾਰੀ ਰਿਹਾ। ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ ਵੀ ਲੋਕ ਉਦੋਂ ਤੱਕ ਆਪਣੇ ਕੱਪੜੇ ਇਸੇ ਤਕਨੀਕ ਨਾਲ ਧੋਂਦੇ ਰਹੇ ਜਦੋਂ ਤੱਕ ਪਿਸ਼ਾਬ ਦੀ ਜਗ੍ਹਾ ਸਾਬਣ ਨੇ ਨਹੀਂ ਲੈ ਲਈ ਸੀ।”

ਸਾਈਮਨ ਵਰਨੀਜ਼ ਅਤੇ ਸਾਰਾ ਬੈਸਟ ਨੇ ਇਸ ਵਿਸ਼ੇ ’ਤੇ ਇੱਕ ਪੇਪਰ ਲਿਖਿਆ ਹੈ। ਉਨ੍ਹਾਂ ਨੇ ਪਿਸ਼ਾਬ ਨੂੰ ‘ਤਰਲ ਸੋਨਾ’ ਕਿਹਾ ਹੈ ਅਤੇ ਲਿਖਿਆ ਹੈ ਕਿ ‘ਇਸ ਦੀ ਵਰਤੋਂ ਚਮੜੇ ਨੂੰ ਨਰਮ ਬਣਾਉਣ ਅਤੇ ਕੱਪੜਿਆਂ ਅਤੇ ਉੱਨੀਂ ਕੱਪੜਿਆਂ ਦੀ ਸਫ਼ਾਈ ਅਤੇ ਰੰਗਾਈ ਲਈ ਕੀਤੀ ਜਾਂਦੀ ਸੀ।”

ਉਨ੍ਹਾਂ ਨੇ ਲਿਖਿਆ ਹੈ, “1850 ਦੇ ਦਹਾਕੇ ਤੱਕ ਕੱਪੜਿਆਂ ਨੂੰ ਰੰਗਣ ਅਤੇ ਉਨ੍ਹਾਂ ਨੂੰ ਸਾਫ਼ ਕਰਨ ਦੇ ਲਈ ਪਿਸ਼ਾਬ ਅਮੋਨੀਆ ਦਾ ਇੱਕ ਬੇਸ਼ਕੀਮਤੀ ਸਰੋਤ ਬਣਿਆ ਰਿਹਾ।”

ਪਿਸ਼ਾਬ ’ਤੇ ਟੈਕਸ

ਰੋਮਨ ਸਾਮਰਾਜ

ਤਸਵੀਰ ਸਰੋਤ, WIKIMEDIA COMMONS

ਤਸਵੀਰ ਕੈਪਸ਼ਨ, ਰੋਮਨ ਸਮਰਾਟ ਨੀਰੋ ਨੇ ਪਿਸ਼ਾਬ ’ਤੇ ਲੱਗੇ ਕਰ ਨੂੰ ਖ਼ਤਮ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਉੱਤਰਾਧਿਕਾਰੀ ਵੈਸਪਾਸੀਅਨ ਨੇ ਇਸ ਨੂੰ ਮੁੜ ਬਹਾਲ ਕਰ ਦਿੱਤਾ ਸੀ।

ਰੋਮਨ ਸਮਰਾਟ ਨੀਰੋ ਨੇ ਪਿਸ਼ਾਬ ’ਤੇ ਲੱਗੇ ਕਰ ਨੂੰ ਖ਼ਤਮ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਉੱਤਰਾਧਿਕਾਰੀ ਵੈਸਪਾਸੀਅਨ ਨੇ ਇਸ ਨੂੰ ਮੁੜ ਬਹਾਲ ਕਰ ਦਿੱਤਾ ਸੀ।

ਇਤਿਹਾਸ ਅਤੇ ਪੁਰਾਤੱਤਵ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਕਰਟ ਰੀਡਮੈਨ ਲਿਖਦੇ ਹਨ ਕਿ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਦੇ ਕਾਰਨ ਨੀਰੋ ਨੇ ਜਲਦੀ ਹੀ ਪਿਸ਼ਾਬ ਦੀ ਵਿਕਰੀ ’ਤੇ ਕਰ ਨੂੰ ਰੱਦ ਕਰ ਦਿੱਤਾ ਸੀ।

ਸੈਮੂਅਲ ਮੈਕੌਕਸ ਨੇ ਲਿਖਿਆ ਕਿ ਨੀਰੋ ਨੇ ਆਪਣੀਆਂ ਨੀਤੀਆਂ ਨਾਲ ਪੂਰੇ ਸਾਮਰਾਜ ਨੂੰ ਦੀਵਾਲੀਆ ਬਣਾ ਦਿੱਤਾ ਸੀ। ਸੀਨੇਟ ਨੇ ਨੀਰੋ ਨੂੰ ਲੋਕਾਂ ਦਾ ਦੁਸ਼ਮਣ ਐਲਾਨਿਆ ਸੀ, ਇਸ ਲਈ ਉਸ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਰੋਮ ’ਚ ਘਰੇਲੂ ਜੰਗ ਛਿੜ ਗਈ ਸੀ।

ਇਸੇ ਹਫ਼ੜਾ-ਤਫੜੀ ਦੇ ਮਾਹੌਲ ਦਰਮਿਆਨ ਵੈਸਪਾਸੀਅਨ ਦਾ ਉਭਾਰ ਹੋਇਆ। ਉਹ ਆਮ ਜਨਤਾ ਦੇ ਇੱਕ ਅਜਿਹੇ ਸੇਵਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਵਿੱਤੀ ਜ਼ਿੰਮੇਵਾਰੀਆਂ ਅਤੇ ਫੌਜੀ ਮੁਹਿੰਮਾਂ ਲਈ ਜਾਣਿਆ ਜਾਂਦਾ ਸੀ।

ਜਦੋਂ ਵੈਸਪਾਸੀਆਨ ਸਮਰਾਟ ਬਣੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਾਹੀ ਖਜ਼ਾਨਾ ਤਾਂ ਖਾਲੀ ਹੈ।

ਕਰਟ ਰੀਡਮੈਨ ਦੇ ਅਨੁਸਾਰ ਆਪਣੇ ਸ਼ਾਸਨ ਦੇ ਦਹਾਕੇ ਦੇ ਦੌਰਾਨ ਉਹ ਰੋਮ ਦੀ ਵਿੱਤੀ ਪ੍ਰਣਾਲੀ ਨੂੰ ਸੁਧਾਰਨ ’ਚ ਸਫਲ ਰਹੇ ਸਨ।

ਵੈਸਪਾਸੀਆਨ ਦਾ ਕਹਿਣਾ ਹੈ, “ਉਨ੍ਹਾਂ ਦੇ ਸਾਹਮਣੇ ਟੈਕਸ ਮਾਲੀਏ ਨੂੰ ਤਿੰਨ ਗੁਣਾ ਕਰਨ ਦੀ ਚੁਣੌਤੀ ਸੀ। ਇਸ ਲਈ ਨੀਰੋ ਦੀ ਤਰ੍ਹਾਂ ਉਨ੍ਹਾਂ ਨੇ ਇਸ ਨੂੰ ਹਟਾਇਆ ਨਹੀਂ।”

ਇਸ ਟੈਕਸ ਦੇ ਵਿਰੋਧ ’ਚ ਉਹ ਲੋਕ ਖੜ੍ਹੇ ਸਨ ਜੋ ਕਿ ਪਿਸ਼ਾਬ ਤੋਂ ਪੈਸੇ ਕਮਾ ਰਹੇ ਸਨ। ਅਜਿਹੇ ਲੋਕਾਂ ’ਚ ਜਾਨਵਰਾਂ ਦੀ ਚਮੜੀ ਦਾ ਕੰਮ ਕਰਨ ਵਾਲੇ, ਕੱਪੜਾ ਮਜ਼ਦੂਰ, ਧੋਬੀ ਆਦਿ ਸ਼ਾਮਲ ਸਨ। ਉਨ੍ਹਾਂ ਨੇ ਜਨਤਕ ਪਖਾਨਿਆਂ ਦਾ ਨਾਮ ਬਦਲ ਕੇ ਵੈਸਪਾਸੀਅਨ ਰੱਖ ਦਿੱਤਾ ਸੀ।

ਵੈਸਪਾਸੀਆਨ ਤੋਂ ਬਾਅਦ ਵੀ ਇਟਲੀ ’ਚ ਨਤਕ ਪਖਾਨਿਆਂ ਨੂੰ ‘ਵੈਸਪਾਸੀਆਨੋ’ ਅਤੇ ਫਰਾਂਸ ’ਚ ‘ਵੈਸਪਾਸੀਅਨ’ ਕਿਹਾ ਜਾਂਦਾ ਰਿਹਾ ਹੈ।

ਜਦੋਂ ਸਾਲ 79 ’ਚ ਵੈਸਪਾਸੀਅਨ ਦੀ ਮੌਤ ਹੋਈ ਤਾਂ ਉਸ ਸਮੇਂ ਤੱਕ ਰੋਮ ਇੱਕ ਅਮੀਰ ਦੇਸ਼ ਬਣ ਗਿਆ ਸੀ। ਉਨ੍ਹਾਂ ਦੇ ਸ਼ਬਦ ‘ਪੇਕੁਨੀਆ ਨਾਨ ਓਲੇਟ’ ਨੂੰ ਇਤਾਲਵੀ ’ਚ ਅੱਜ ਵੀ ਪੈਸੇ ਦੀ ਅਹਿਮੀਅਤ ਦਾ ਜ਼ਿਕਰ ਕਰਨ ਦੇ ਲਈ ਵਰਤਿਆ ਜਾਂਦਾ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਇਹ ਆਉਂਦਾ ਕਿੱਥੋਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)