ਗਾਣਿਆਂ ਦੇ ਰਾਤੋ-ਰਾਤ 'ਫ਼ੇਕ' ਵਿਊਜ਼ ਵਧਾਉਣੇ ਇੱਕ ਕਲਾਕਾਰ ਨੂੰ ਕਿਵੇਂ ਪੈ ਗਏ ਮਹਿੰਗੇ

ਤਸਵੀਰ ਸਰੋਤ, Getty Images
- ਲੇਖਕ, ਲਿਵ ਮੈਕਮਾਹਨ
- ਰੋਲ, ਤਕਨਾਲੋਜੀ ਰਿਪੋਰਟਰ
ਯੂਐਸ ਦੇ ਇੱਕ ਸੰਗੀਤਕਾਰ 'ਤੇ ਗਾਣਿਆਂ ਨੂੰ ਧੋਖਾਧੜੀ ਨਾਲ ਅਰਬਾਂ ਵਾਰ ਸਟ੍ਰੀਮ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਅਤੇ ਹਜ਼ਾਰਾਂ ਬੋਟਸ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਹੈ। ਇਹ ਸਭ ਉਸ ਨੇ ਲੱਖਾਂ ਡਾਲਰਾਂ ਦੀ ਰਾਇਲਟੀ ਦਾ ਦਾਅਵਾ ਕਰਨ ਲਈ ਕੀਤਾ।
ਉੱਤਰੀ ਕੈਰੋਲੀਨਾ ਦੇ ਮਾਈਕਲ ਸਮਿਥ 'ਤੇ ਵਾਇਰ ਧੋਖਾਧੜੀ, ਵਾਇਰ ਧੋਖਾਧੜੀ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਤਿੰਨ ਦੋਸ਼ ਲਗਾਏ ਗਏ ਹਨ।
ਵਾਇਰ ਧੋਖਾਧੜੀ ਯਾਨੀ ਉਹ ਧੋਖਾਧੜੀ ਜੋ ਕਿਸੇ ਕਿਸਮ ਦੇ ਇਲੈਕਟ੍ਰਾਨਿਕ ਸੰਚਾਰ ਜਾਂ ਇੰਟਰਨੈਟ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ।
ਵਕੀਲਾਂ ਦਾ ਕਹਿਣਾ ਹੈ ਕਿ ਇਹ ਆਪਣੀ ਕਿਸਮ ਦਾ ਪਹਿਲਾ ਅਪਰਾਧਿਕ ਮਾਮਲਾ ਹੈ ਜੋ ਉਨ੍ਹਾਂ ਕੋਲ ਆਇਆ ਹੈ।
ਯੂਐੱਸ ਅਟਾਰਨੀ ਡੈਮਿਅਨ ਵਿਲੀਅਮਜ਼ ਨੇ ਕਿਹਾ, "ਆਪਣੀ ਧੋਖਾਧੜੀ ਦੀ ਸਾਜ਼ਿਸ਼ ਜ਼ਰੀਏ ਸਮਿਥ ਨੇ ਲੱਖਾਂ ਦੀ ਰਾਇਲਟੀ ਚੋਰੀ ਕੀਤੀ ਹੈ, ਜੋ ਸੰਗੀਤਕਾਰਾਂ, ਗੀਤਕਾਰਾਂ ਅਤੇ ਹੋਰ ਅਧਿਕਾਰ ਧਾਰਕਾਂ ਨੂੰ ਅਦਾ ਕੀਤੀ ਜਾਣੀ ਚਾਹੀਦੀ ਸੀ ਜਿਨ੍ਹਾਂ ਦੇ ਗਾਣੇ ਜਾਇਜ਼ ਤੌਰ 'ਤੇ ਸਟ੍ਰੀਮ ਕੀਤੇ ਗਏ ਸਨ।"

ਅਪਰਾਧਿਕ ਦੋਸ਼ਾਂ ਦਾ ਵੇਰਵਾ ਦੇਣ ਵਾਲੀ ਰਸਮੀ ਸੂਚੀ ਦੇ ਅਨੁਸਾਰ, 52 ਸਾਲਾ ਸਮਿਥ ਨੇ ਸਟ੍ਰੀਮ 'ਚ ਹੇਰਾਫੇਰੀ ਕਰਨ ਲਈ ਹਜ਼ਾਰਾਂ ਏਆਈ ਰਾਹੀਂ ਬਣੇ ਗੀਤਾਂ ਦੀ ਵਰਤੋਂ ਕੀਤੀ ਹੈ।
ਖੋਜੇ ਜਾਣ ਤੋਂ ਬਚਣ ਲਈ ਕਈ ਪਲੇਟਫਾਰਮਾਂ 'ਤੇ ਗੀਤਾਂ ਨੂੰ ਹਜ਼ਾਰਾਂ ਸਵੈਚਲਿਤ ਬੋਟ ਖਾਤਿਆਂ ਦੁਆਰਾ ਅਰਬਾਂ ਵਾਰ ਸਟ੍ਰੀਮ ਕੀਤਾ ਗਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਿਥ ਨੇ ਇਸ ਸਕੀਮ ਦੇ ਦੌਰਾਨ 10 ਮਿਲੀਅਨ ਡਾਲਰ ਤੋਂ ਵੱਧ ਰਾਇਲਟੀ ਭੁਗਤਾਨਾਂ ਦਾ ਦਾਅਵਾ ਕੀਤਾ, ਜੋ ਕਿ ਕਈ ਸਾਲਾਂ ਤੱਕ ਚੱਲਦਾ ਰਿਹਾ।
ਵਕੀਲਾਂ ਨੇ ਕਿਹਾ ਕਿ ਸਮਿਥ ਆਪਣੀ ਜਾਂਚ ਤੋਂ ਬਾਅਦ ਆਖ਼ਿਰਕਾਰ "ਸੰਗੀਤ ਦਾ ਸਾਹਮਣਾ" ਕਰਨ ਲਈ ਤਿਆਰ ਸਨ, ਜਿਸ ਵਿੱਚ ਐਫਬੀਆਈ ਵੀ ਸ਼ਾਮਲ ਸੀ।
ਐਫਬੀਆਈ ਦੇ ਕਾਰਜਕਾਰੀ ਸਹਾਇਕ ਨਿਰਦੇਸ਼ਕ ਕ੍ਰਿਸਟੀ ਐੱਮ ਕਰਟਿਸ ਨੇ ਕਿਹਾ, "ਐਫਬੀਆਈ ਉਨ੍ਹਾਂ ਲੋਕਾਂ ਦਾ ਪਰਦਾਫਾਸ਼ ਕਰਨ ਲਈ ਸਮਰਪਿਤ ਹੈ ਜੋ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਨਾਜਾਇਜ਼ ਮੁਨਾਫ਼ਾ ਪ੍ਰਾਪਤ ਕਰਦੇ ਹਨ ਅਤੇ ਦੂਜਿਆਂ ਦੀ ਅਸਲ ਕਲਾਤਮਕ ਪ੍ਰਤਿਭਾ ਦੀ ਉਲੰਘਣਾ ਕਰਦੇ ਹਨ।"
'ਤੁਰੰਤ ਬਣਾਏ ਗੀਤ'

ਤਸਵੀਰ ਸਰੋਤ, Getty Images
ਇਲਜ਼ਾਮਾਂ ਦੇ ਅਨੁਸਾਰ, ਸਮਿਥ ਆਪਣੇ ਏਆਈ ਦੁਆਰਾ ਤਿਆਰ ਕੀਤੇ ਟਰੈਕਾਂ ਨੂੰ ਸਟ੍ਰੀਮ ਕਰਨ ਲਈ ਇੱਕ ਸਮੇਂ 'ਤੇ 10,000 ਸਰਗਰਮ ਬੋਟ ਖਾਤਿਆਂ ਦਾ ਸੰਚਾਲਨ ਕਰ ਰਿਹਾ ਸੀ।
ਇਹ ਵੀ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਸਵਾਲਾਂ ਦੇ ਘੇਰੇ 'ਚ ਆਏ ਟਰੈਕ ਸਮਿਥ ਨੂੰ ਇੱਕ ਬੇਨਾਮ ਏਆਈ ਸੰਗੀਤ ਕੰਪਨੀ ਦੇ ਮੁੱਖ ਕਾਰਜਕਾਰੀ ਨਾਲ ਹੋਈ ਸਾਂਝੇਦਾਰੀ ਦੁਆਰਾ ਪ੍ਰਦਾਨ ਕੀਤੇ ਗਏ ਸਨ, ਜਿਸ ਨਾਲ ਉਸ ਦਾ ਸੰਪਰਕ 2018 ਵਿੱਚ ਜਾਂ ਇਸਦੇ ਆਸਪਾਸ ਹੋਇਆ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸਹਿ-ਸਾਜ਼ਿਸ਼ਕਰਤਾ ਨੇ ਟਰੈਕ ਮੈਟਾਡੇਟਾ, ਜਿਵੇਂ ਕਿ ਗੀਤ, ਕਲਾਕਾਰਾਂ ਦੇ ਨਾਮ ਅਤੇ ਨਾਲ ਹੀ ਸਟ੍ਰੀਮਿੰਗ ਨਾਲ ਹੋਈ ਆਮਦਨ ਦੀ ਮਹੀਨਾਵਾਰ ਕਟੌਤੀ ਦੇ ਬਦਲੇ ਸਮਿਥ ਨੂੰ ਇੱਕ ਮਹੀਨੇ ਵਿੱਚ ਹਜ਼ਾਰਾਂ ਟਰੈਕਾਂ ਦੀ ਸਪਲਾਈ ਕੀਤੀ ਸੀ।
ਇਹ ਵੀ ਖੁਲਾਸਾ ਹੋਇਆ ਕਿ ਕਾਰਜਕਾਰੀ ਨੇ ਮਾਰਚ 2019 ਦੀ ਇੱਕ ਈਮੇਲ ਵਿੱਚ ਸਮਿਥ ਨੂੰ ਲਿਖਿਆ ਕਿ, "ਧਿਆਨ ਵਿੱਚ ਰੱਖੋ ਕਿ ਅਸੀਂ ਸੰਗੀਤਕ ਤੌਰ 'ਤੇ ਕੀ ਕਰ ਰਹੇ ਹਾਂ... ਇਹ 'ਸੰਗੀਤ' ਨਹੀਂ ਹੈ, ਇਹ 'ਤੁਰੰਤ ਬਣਿਆ ਸੰਗੀਤ' ਹੈ।"
ਸਮਿਥ ਅਤੇ ਸਕੀਮ ਵਿੱਚ ਉਸ ਦੇ ਸਾਥੀ ਭਾਗੀਦਾਰਾਂ ਤੋਂ ਪ੍ਰਾਪਤ ਹੋਈਆਂ ਹੋਰ ਈਮੇਲਾਂ ਦਾ ਹਵਾਲਾ ਦਿੰਦੇ ਹੋਏ ਇਲਜ਼ਾਮਾਂ ਦੀ ਸੂਚੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟਰੈਕ ਬਣਾਉਣ ਲਈ ਵਰਤੀ ਗਈ ਤਕਨੀਕ ਵਿੱਚ ਸਮੇਂ ਦੇ ਨਾਲ ਸੁਧਾਰ ਕੀਤਾ ਗਿਆ, ਜਿਸ ਨਾਲ ਪਲੇਟਫਾਰਮਾਂ ਲਈ ਸਕੀਮ ਨੂੰ ਖੋਜਣਾ ਹੋਰ ਵੀ ਔਖਾ ਹੋ ਜਾਂਦਾ ਹੈ।
ਫਰਵਰੀ ਦੀ ਇੱਕ ਈਮੇਲ ਵਿੱਚ ਸਮਿਥ ਨੇ ਦਾਅਵਾ ਕੀਤਾ ਕਿ "2019 ਤੋਂ ਲੈ ਕੇ ਹੁਣ ਤੱਕ ਉਸ ਦੇ ਮੌਜੂਦਾ ਸੰਗੀਤ ਤੋਂ 4 ਬਿਲੀਅਨ ਸਟ੍ਰੀਮਾਂ ਅਤੇ 12 ਮਿਲੀਅਨ ਡਾਲਰ ਰਾਇਲਟੀ ਇਸ ਸਮੇਂ ਪੈਦਾ ਹੋਈ ਹੈ।"
ਹੁਣ ਦੋਸ਼ੀ ਪਾਏ ਜਾਣ 'ਤੇ ਸਮਿਥ ਨੂੰ ਦਹਾਕਿਆਂ ਦੀ ਜੇਲ੍ਹ ਦਾ ਸਾਹਮਣਾ ਕਰਨਾ ਪਵੇਗਾ।
ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਡੈਨਮਾਰਕ ਦੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਸੰਗੀਤ ਸਟ੍ਰੀਮਿੰਗ ਰਾਇਲਟੀ ਤੋਂ ਧੋਖੇ ਨਾਲ ਮੁਨਾਫਾ ਕਮਾਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ।

ਤਸਵੀਰ ਸਰੋਤ, Getty Images
ਸੰਗੀਤ ਸਟ੍ਰੀਮਿੰਗ ਪਲੇਟਫਾਰਮ ਜਿਵੇਂ ਕਿ ਸਪੋਟੀਫਾਈ, ਐਪਲ ਮਿਊਜ਼ਿਕ ਅਤੇ ਯੂਟਿਊਬ ਆਮ ਤੌਰ 'ਤੇ ਉਪਭੋਗਤਾਵਾਂ ਨੂੰ ਰਾਇਲਟੀ ਹਾਸਲ ਕਰਨ ਲਈ ਉਹਨਾਂ ਦੀਆਂ ਸਟ੍ਰੀਮਾਂ ਦੀ ਗਿਣਤੀ ਨੂੰ ਨਕਲੀ ਤੌਰ 'ਤੇ ਵਧਾਉਣ ਤੋਂ ਮਨਾ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਪਲੇਟਫਾਰਮਾਂ ਨੇ ਉਪਭੋਗਤਾਵਾਂ ਨੂੰ ਇਹ ਕਰਨ ਤੋਂ ਰੋਕਣ ਲਈ ਕਦਮ ਚੁੱਕੇ ਹਨ ਅਤੇ ਸਲਾਹ ਵੀ ਦਿੱਤੀ ਹੈ ਕਿ ਇਸ ਤੋਂ ਕਿਵੇਂ ਬਚਣਾ ਹੈ।
ਅਪ੍ਰੈਲ ਵਿੱਚ ਲਾਗੂ ਹੋਣ ਵਾਲੀਆਂ ਰਾਇਲਟੀ ਨੀਤੀਆਂ ਵਿੱਚ ਤਬਦੀਲੀਆਂ ਦੇ ਤਹਿਤ ਸਪੋਟੀਫਾਈ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਮੱਗਰੀ ਦੀਆਂ ਨਕਲੀ ਸਟ੍ਰੀਮਾਂ ਦਾ ਪਤਾ ਲੱਗਦਾ ਹੈ ਤਾਂ ਲੇਬਲ ਅਤੇ ਵਿਤਰਕਾਂ ਨੂੰ ਪ੍ਰਤੀ ਟਰੈਕ ਚਾਰਜ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸਪੋਟੀਫਾਈ ਨੇ ਰਾਇਲਟੀ ਦਾ ਭੁਗਤਾਨ ਕੀਤੇ ਜਾਣ ਤੋਂ ਪਹਿਲਾਂ ਦੇ 12 ਮਹੀਨਿਆਂ ਦੀ ਮਿਆਦ ਵਿੱਚ ਇੱਕ ਟਰੈਕ ਲਈ ਲੋੜੀਂਦੀਆਂ ਸਟ੍ਰੀਮਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਹੈ ਅਤੇ ਵਾਈਟ ਨੋਇਜ਼ ਟਰੈਕ ਵਰਗੀਆਂ ਨੋਇਜ਼ ਰਿਕਾਰਡਿੰਗਾਂ ਲਈ ਘੱਟੋ-ਘੱਟ ਟਰੈਕ ਲੰਬਾਈ ਨੂੰ ਵੀ ਵਧਾ ਦਿੱਤਾ ਹੈ।
ਵਾਈਟ ਨੋਇਜ਼ ਟਰੈਕ ਯਾਨੀ ਇੱਕ ਕਿਸਮ ਦੀ ਆਵਾਜ਼ ਜਿਸ ਵਿੱਚ ਸਾਰੀਆਂ ਸੁਣਨਯੋਗ ਧੁਨੀਆਂ ਬਰਾਬਰ ਹਿੱਸਿਆਂ ਵਿੱਚ ਹੁੰਦੀਆਂ ਹਨ ਅਤੇ ਜੋ ਇੱਕ ਸਥਿਰ-ਵਰਗੀ ਆਵਾਜ਼ ਬਣਾਉਂਦੀਆਂ ਹਨ।
ਕਲਾਕਾਰਾਂ ਅਤੇ ਰਿਕਾਰਡ ਲੇਬਲਾਂ ਦੀ ਵਧੀ ਚਿੰਤਾ

ਤਸਵੀਰ ਸਰੋਤ, Getty Images
ਏਆਈ ਦੁਆਰਾ ਤਿਆਰ ਕੀਤੇ ਗਏ ਸੰਗੀਤ ਦੇ ਵਿਆਪਕ ਉਭਾਰ ਅਤੇ ਟਰੈਕ ਬਣਾਉਣ ਲਈ ਮੁਫ਼ਤ ਸਾਧਨਾਂ ਦੀ ਵੱਧ ਉਪਲਬਧਤਾ ਨੇ ਕਲਾਕਾਰਾਂ ਅਤੇ ਰਿਕਾਰਡ ਲੇਬਲਾਂ ਲਈ ਏਆਈ ਦੁਆਰਾ ਬਣਾਏ ਗਏ ਟਰੈਕਾਂ 'ਤੇ ਮੁਨਾਫ਼ੇ ਦਾ ਉਨ੍ਹਾਂ ਦਾ ਬਣਦਾ ਹਿੱਸਾ ਲੈਣ ਬਾਰੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ।
ਟੂਲ ਜੋ ਸਿਗਨਲਾਂ ਦੇ ਜਵਾਬ ਵਿੱਚ ਟੈਕਸਟ, ਚਿੱਤਰ, ਵੀਡੀਓ, ਆਡੀਓ ਪੈਦਾ ਕਰ ਸਕਦੇ ਹਨ, ਉਹ ਉਹਨਾਂ ਸਿਸਟਮਾਂ 'ਤੇ ਅਧਾਰਤ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਡੇਟਾ, ਜਿਵੇਂ ਕਿ ਵੈੱਬ ਤੋਂ ਅੰਨ੍ਹੇਵਾਹ ਇਕੱਠਾ ਕੀਤੇ ਗਏ ਔਨਲਾਈਨ ਟੈਕਸਟ ਅਤੇ ਚਿੱਤਰਾਂ 'ਤੇ "ਸਿਖਿਅਤ" ਕੀਤਾ ਗਿਆ ਹੈ।
ਅਜਿਹੀ ਸਮੱਗਰੀ ਜੋ ਕਲਾਕਾਰਾਂ ਨਾਲ ਸਬੰਧਤ ਹੈ ਜਾਂ ਕਾਪੀਰਾਈਟ ਦੁਆਰਾ ਸੁਰੱਖਿਅਤ ਹੈ, ਉਸ ਨੂੰ ਅਜਿਹੇ ਸਾਧਨਾਂ ਲਈ ਸਿਖਲਾਈ ਡੇਟਾ ਦੇ ਕੁਝ ਹਿੱਸੇ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਹੈ।
ਇਸ ਨਾਲ ਸਿਰਜਣਾਤਮਕ ਉਦਯੋਗਾਂ ਦੇ ਉਨ੍ਹਾਂ ਕਲਾਕਾਰਾਂ ਅੰਦਰ ਗੁੱਸਾ ਹੈ ਜੋ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਕੰਮ ਦੀ ਵਰਤੋਂ ਬਿਨਾਂ ਕਿਸੇ ਮਾਨਤਾ ਜਾਂ ਇਨਾਮ ਦੇ ਨਵੀਂ ਸਮੱਗਰੀ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ।
2023 ਵਿੱਚ ਪਲੇਟਫਾਰਮਾਂ ਨੇ ਇੱਕ ਟਰੈਕ ਨੂੰ ਹਟਾਇਆ ਜਿਸ ਨੇ ਡਰੇਕ ਅਤੇ ਦ ਵੀਕਐਂਡ ਦੀਆਂ ਆਵਾਜ਼ਾਂ ਦਾ ਕਲੋਨ ਕੀਤਾ ਸੀ, ਜਦੋਂ ਇਹ ਵਾਇਰਲ ਹੋ ਗਿਆ ਅਤੇ ਸਟ੍ਰੀਮਿੰਗ ਸੇਵਾਵਾਂ ਵਿੱਚ ਆਪਣਾ ਰਸਤਾ ਬਣਾਇਆ।
ਇਸ ਸਾਲ ਦੇ ਸ਼ੁਰੂ ਵਿੱਚ, ਬਿਲੀ ਆਈਲਿਸ਼, ਚੈਪਲ ਰੋਨ, ਏਲਵਿਸ ਕੋਸਟੇਲੋ ਅਤੇ ਐਰੋਸਮਿਥ ਸਮੇਤ ਕਈ ਕਲਾਕਾਰਾਂ ਵੱਲੋਂ ਸੰਗੀਤ ਉਦਯੋਗ ਵਿੱਚ ਏਆਈ ਦੀ ਵਰਤੋਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












