ਕੀ ਬੱਚੇ ਪੈਦਾ ਕਰਨ ਨਾਲ ਔਰਤਾਂ ਦੀ ਉਮਰ ਘਟਦੀ ਹੈ? ਇੱਕ ਖੋਜ ਨੇ ਇਹ ਸਿੱਟੇ ਕੱਢੇ ਹਨ

ਤਸਵੀਰ ਸਰੋਤ, Getty Images
- ਲੇਖਕ, ਕੇਟ ਬੋਵੀ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸਸ
ਜਦੋਂ ਬੱਚੇ ਤੰਗ ਕਰਦੇ ਹਨ, ਖਾਣਾ ਖਾਣ ਤੋਂ ਇਨਕਾਰ ਕਰਦੇ ਜਾਂ ਸੌਣ ਤੋਂ ਮਨ੍ਹਾ ਕਰਦੇ ਹਨ ਤਾਂ ਮਾਵਾਂ ਅਕਸਰ ਮਜ਼ਾਕ ਵਿੱਚ ਕਹਿ ਦਿੰਦੀਆਂ ਹਨ ਕਿ ਬੱਚੇ ਦੀ ਜ਼ਿੱਦ ਕਰਕੇ ਮੇਰੀ ਤਾਂ ਉਮਰ ਘਟਦੀ ਜਾ ਰਹੀ ਹੈ।
ਪਰ ਨਵੀਂ ਖੋਜ ਦੱਸਦੀ ਹੈ ਕਿ ਇਹ ਮਜ਼ਾਕ ਸੱਚਾਈ ਤੋਂ ਜ਼ਿਅਦਾ ਦੂਰ ਵੀ ਨਹੀਂ ਹੋ ਸਕਦਾ।
ਇਤਿਹਾਸਕ ਰਿਕਾਰਡਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕੁਝ ਮਾਵਾਂ ਦੀ ਉਮਰ ਹਰ ਬੱਚੇ ਨਾਲ ਛੇ ਮਹੀਨੇ ਤੱਕ ਘੱਟ ਜਾਂਦੀ ਸੀ, ਖਾਸ ਕਰਕੇ ਉਨ੍ਹਾਂ ਔਰਤਾਂ ਦੀ ਜੋ ਸਭ ਤੋਂ ਮਾੜੇ ਮਾਹੌਲ ਵਿੱਚ ਰਹਿੰਦੀਆਂ ਸਨ।
ਇਵੈਲੁਏਸ਼ਨ ਖੋਜਕਰਤਾਵਾਂ ਨੇ 1866 ਤੇ 1868 ਦੇ ਵਿਚਾਲੇ ਗ੍ਰੇਟ ਫਿਨਿਸ਼ ਅਕਾਲ ਦੇ ਸਮੇਂ ਜ਼ਿੰਦਾ 4,684 ਔਰਤਾਂ ਦੇ ਪੈਰਿਸ਼ ਰਿਕਾਰਡਾਂ ਦੀ ਜਾਂਚ ਕੀਤੀ, ਜਿਨ੍ਹਾਂ 'ਚ ਆਬਾਦੀ ਦੇ ਜਨਮ ਅਤੇ ਮੌਤ ਦਾ ਰਿਕਾਰਡ ਹੁੰਦਾ ਹੈ।
ਸਟਡੀ ਨੂੰ ਲੀਡ ਕਰ ਰਹੇ ਮੁੱਖ ਖੋਜਕਰਤਾ ਨੀਦਰਲੈਂਡ ਦੀ ਯੂਨੀਵਰਸਿਟੀ ਆਫ਼ ਗ੍ਰੋਨਿੰਗਨ ਦੇ ਡਾ. ਯੂਅਨ ਯੰਗ ਦੱਸਦੇ ਹਨ ਕਿ ਇਹ ਯੂਰਪ ਦੇ ਨਵੀਨਤਮ ਇਤਿਹਾਸ ਦਾ ਸਭ ਤੋਂ ਭਿਆਨਕ ਅਕਾਲ ਸੀ।
ਡਾ. ਯੂਅਨ ਯੰਗ ਅਤੇ ਉਨ੍ਹਾਂ ਦੀ ਟੀਮ ਪ੍ਰੋ. ਹੰਨਾ ਡੱਗਡੇਲ, ਪ੍ਰੋ. ਵਿਰਪੀ ਲੂਮਾ ਅਤੇ ਡਾ. ਏਰਿਕ ਪੋਸਟਮਾ ਨੇ ਦੇਖਿਆ ਕਿ ਇਸ ਅਕਾਲ ਦੌਰਾਨ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੀ ਉਮਰ ਹਰ ਬੱਚੇ ਦੇ ਨਾਲ 6 ਮਹੀਨੇ ਘੱਟ ਹੋ ਗਈ ਸੀ।
ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਮਾਵਾਂ ਨੇ ਆਪਣੇ ਸੈੱਲਾਂ ਦੀ ਮੁਰੰਮਤ ਕਰਨ ਦੀ ਬਜਾਏ ਸਭ ਤੋਂ ਜ਼ਿਆਦਾ ਊਰਜਾ ਬੱਚੇ ਨੂੰ ਜਨਮ ਦੇਣ 'ਤੇ ਲਗਾ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ 'ਚ ਬਿਮਾਰੀ ਦਾ ਖ਼ਤਰਾ ਵੱਧ ਗਿਆ ਸੀ।
ਪਰ ਅਕਾਲ ਤੋਂ ਪਹਿਲਾਂ ਜਾਂ ਫਿਰ ਬਾਅਦ ਵਿੱਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੀ ਉਮਰ ਅਤੇ ਬੱਚੇ ਪੈਦਾ ਕਰਨ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ।
ਡਾ. ਯੰਗ ਕਹਿੰਦੇ ਹਨ, "ਅਸੀਂ ਇਹ ਬਦਲਾਅ ਸਿਰਫ਼ ਉਨ੍ਹਾਂ ਔਰਤਾਂ ਵਿੱਚ ਦੇਖਦੇ ਹਾਂ ਜੋ ਅਕਾਲ ਪੈਣ ਦੌਰਾਨ ਆਪਣੇ ਜੀਵਨ ਦੇ ਪ੍ਰਜਨਨ ਕਾਲ ਵਿੱਚ ਸਨ।"
ਇਸ ਤੋਂ ਪਤਾ ਲੱਗਦਾ ਹੈ ਕਿ ਮਹਿਲਾਵਾਂ ਜਿਸ ਮਾਹੌਲ ਵਿੱਚ ਬੱਚੇ ਪੈਦਾ ਕਰ ਰਹੀਆਂ ਸਨ, ਉਹ ਉਨ੍ਹਾਂ ਦੀ ਉਮਰ ਨੂੰ ਪ੍ਰਭਾਵਿਤ ਕਰਨ ਦਾ ਇੱਕ ਵੱਡਾ ਕਾਰਨ ਸੀ।

ਬੱਚੇ ਪੈਦਾ ਕਰਨਾ ਜੀਵਨ ਕਾਲ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਇੱਕ ਕਾਰਨ ਇਹ ਹੋ ਸਕਦਾ ਹੈ ਕਿ ਬੱਚੇ ਪੈਦਾ ਕਰਨ ਤੋਂ ਬਾਅਦ ਜਿਹੜੀਆਂ ਸਿਹਤ ਸਮੱਸਿਆਵਾਂ ਲੰਬੇ ਸਮੇਂ ਲਈ ਹੁੰਦੀਆਂ ਹਨ, ਉਹ ਮਾੜੇ ਮਾਹੌਲ ਵਿੱਚ ਹੋਰ ਵੀ ਵੱਧ ਜਾਂਦੀਆਂ ਹਨ।
ਬਹੁਤ ਸਮੇਂ ਤੋਂ ਇਹ ਗੱਲ ਜਾਣੀ ਜਾਂਦੀ ਹੈ ਕਿ ਮਾਵਾਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਮੈਟਾਬੌਲਿਕ ਬੀਮਾਰੀਆਂ (ਜਿਵੇਂ ਸ਼ੂਗਰ) ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਸ ਦਾ ਕੁਝ ਕਾਰਨ ਵਜ਼ਨ ਵਧਣਾ ਅਤੇ ਸਰੀਰਕ ਤਣਾਅ ਵਧਣਾ ਵੀ ਹੈ।
ਡਾ. ਯੂਅਨ ਯੰਗ ਅੱਗੇ ਕਹਿੰਦੇ ਹਨ, "ਇੱਕ ਹੋਰ ਸੰਭਵ ਕਾਰਨ ਇਹ ਵੀ ਹੈ ਕਿ ਅਸਲ ਵਿੱਚ ਉਸ ਸਮੇਂ ਬੱਚਿਆਂ ਨੂੰ ਪਾਲਣਾ, ਦੁੱਧ ਚੁੰਘਾਉਣਾ ਅਤੇ ਗਰਭ ਧਾਰਨ ਕਰਨਾ ਹੀ ਮਾਂ ਦੇ ਸਰੀਰ ਵਿੱਚੋਂ ਊਰਜਾ ਨੂੰ ਖਤਮ ਕਰ ਦਿੰਦਾ ਹੈ।"
ਗਰਭਾਵਸਥਾ ਅਤੇ ਦੁੱਧ ਚੁੰਘਾਉਣਾ ਲਈ ਬਹੁਤ ਊਰਜਾ ਦੀ ਲੋੜ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਅਕਾਲ ਜਾਂ ਭੁੱਖਮਰੀ ਦੇ ਸਮੇਂ ਨਵੀਂ ਮਾਂ ਕੋਲ ਆਪਣੀ ਸਿਹਤ ਬਣਾਈ ਰੱਖਣ ਲਈ ਹੋਰ ਵੀ ਘੱਟ ਊਰਜਾ ਬਚਦੀ ਹੈ, ਜਿਸ ਨਾਲ ਬਾਅਦ ਵਿੱਚ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
ਡਾ. ਯੰਗ ਦੱਸਦੇ ਹਨ, "ਇਹ ਵੀ ਸੰਭਵ ਹੈ ਕਿ ਜਿਹੜੀਆਂ ਮਹਿਲਾਵਾਂ ਬਹੁਤ ਜ਼ਿਆਦਾ ਬੱਚੇ ਜੰਮਦੀਆਂ ਸਨ ਅਤੇ ਹਰ ਜਨਮ ਦੇ ਵਿਚਕਾਰ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਠੀਕ ਹੋਣ ਦਾ ਸਮਾਂ ਨਹੀਂ ਮਿਲਦਾ ਸੀ, ਉਨ੍ਹਾਂ 'ਚ ਸਿਹਤ 'ਤੇ ਪੈਣ ਵਾਲੇ ਅਸਰ ਇਕੱਠੇ ਹੋ ਕੇ ਹੋਰ ਗੰਭੀਰ ਹੋ ਜਾਂਦੇ ਸਨ।"
ਪਰ ਡਾ. ਯੂਅਨ ਯੰਗ ਇਹ ਵੀ ਕਹਿੰਦੇ ਹਨ ਕਿ ਇਹ ਅਧਿਐਨ ਪੁਰਾਣੇ ਇਤਿਹਾਸਕ ਰਿਕਾਰਡਾਂ ’ਤੇ ਆਧਾਰਿਤ ਹੈ, ਲੈਬਾਰਟਰੀ ਵਿੱਚ ਨਵਾਂ ਪ੍ਰਯੋਗ ਕਰਕੇ ਨਹੀਂ ਕੀਤਾ ਗਿਆ, ਇਸ ਲਈ ਇਸ ਨਤੀਜੇ ਬਾਰੇ ਪੂਰੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ।
ਬੱਚੇ ਪੈਦਾ ਕਰਨਾ ਤੇ ਮਾਂ ਦੀ ਲੰਬੀ ਉਮਰ ਨਾਲ ਸਮਝੌਤਾ
ਡਾ. ਯੰਗ ਦਾ ਅਧਿਐਨ ਦੱਸਦਾ ਹੈ ਕਿ ਖੋਜ ਦੇ ਨਤੀਜੇ ਇਹ ਵੀ ਦਿਖਾਉਂਦੇ ਹਨ ਕਿ ਇਹ ਅਸਰ ਉਹਨਾਂ ਮਹਿਲਾਵਾਂ ਵਿੱਚ ਵਧੇਰੇ ਸਪੱਸ਼ਟ ਸੀ ਜਿਨ੍ਹਾਂ ਨੇ ਬਹੁਤ ਸਾਰੇ ਬੱਚੇ ਜੰਮੇ, ਪਰ ਸਾਰੀਆਂ ਮਹਿਲਾਵਾਂ 'ਤੇ ਇਹ ਪ੍ਰਭਾਵ ਇਕੋ ਜਿਹਾ ਨਹੀਂ ਸੀ।
ਡਾ. ਯੰਗ ਦੱਸਦੇ ਹਨ, "ਅਸਲ ਵਿੱਚ ਇਹ ਦੋ ਗੱਲਾਂ ਹਨ ਇੱਕ ਬਹੁਤ ਵੱਡਾ ਪਰਿਵਾਰ ਅਤੇ ਦੂਜਾ ਅਕਾਲ ਵਰਗੀਆਂ ਘਟਨਾਵਾਂ।
ਕਈ ਦਹਾਕਿਆਂ ਤੋਂ ਵਿਗਿਆਨੀ ਇਸ ਗੱਲ ਤੋਂ ਹੈਰਾਨ ਸਨ ਕਿ ਕੁਝ ਪ੍ਰਜਾਤੀਆਂ ਜਿਵੇਂ ਚੂਹੇ ਅਤੇ ਕੀੜੇ ਬਹੁਤ ਘੱਟ ਜਿਊਂਦੇ ਹਨ ਪਰ ਬਹੁਤ ਸਾਰੀ ਸੰਤਾਨ ਪੈਦਾ ਕਰਦੇ ਹਨ, ਜਦਕਿ ਦੂਸਰੇ ਜੀਵ ਜਿਵੇਂ ਹਾਥੀ, ਵ੍ਹੇਲ ਅਤੇ ਇਨਸਾਨ ਬਹੁਤ ਲੰਬਾ ਜਿਊਂਦੇ ਹਨ ਪਰ ਘੱਟ ਬੱਚੇ ਪੈਦਾ ਕਰਦੇ ਹਨ।
ਇਸ ਦਾ ਇੱਕ ਮੁੱਖ ਸਿਧਾਂਤ ਇਹ ਹੈ ਕਿ ਸੈੱਲਾਂ ਦੀ ਮੁਰੰਮਤ ਲਈ ਵਰਤੀ ਜਾਣ ਵਾਲੀ ਊਰਜਾ ਨੂੰ ਸੰਤਾਨ ਪੈਦਾ ਕਰਨ ਵਿੱਚ ਲਗਾ ਦਿੱਤਾ ਜਾਂਦਾ ਹੈ ਤੇ ਇਹੀ ਪ੍ਰਕਿਰਿਆ ਬੁਢਾਪੇ ਦਾ ਕਾਰਨ ਬਣਦੀ ਹੈ।
ਕੀ ਅਜੋਕੇ ਸਮੇਂ ਵੀ ਔਰਤਾਂ ਇਵੇਂ ਪ੍ਰਭਾਵਿਤ ਹੁੰਦੀਆਂ?

ਤਸਵੀਰ ਸਰੋਤ, Getty Images
ਪਰ ਕੀ 200 ਸਾਲ ਪਹਿਲਾਂ ਦੀਆਂ ਮਹਿਲਾਵਾਂ ਤੋਂ ਮਿਲੇ ਨਤੀਜੇ 21ਵੀਂ ਸਦੀ ਦੀਆਂ ਮਾਵਾਂ 'ਤੇ ਵੀ ਲਾਗੂ ਹੋ ਸਕਦੇ ਹਨ?
ਡਾ. ਯੰਗ ਕਹਿੰਦੇ ਹਨ, "ਇਹ ਸਮਝਣਾ ਜ਼ਰੂਰੀ ਹੈ ਕਿ ਇਹ ਨਤੀਜੇ ਉਸ ਇਤਿਹਾਸਕ ਦੌਰ ਨਾਲ ਜੁੜੇ ਹਨ, ਜਿੱਥੇ ਆਧੁਨਿਕ ਸਿਹਤ ਪ੍ਰਣਾਲੀਆਂ ਇੰਨੀ ਮਜ਼ਬੂਤ ਨਹੀਂ ਸੀ।"
"ਉਸ ਸਮੇਂ ਔਰਤਾਂ ਔਸਤਨ ਚਾਰ-ਪੰਜ ਬੱਚਿਆਂ ਨੂੰ ਜਨਮ ਦਿੰਦੀਆਂ ਸਨ, ਜੋ ਅੱਜ ਦੇ ਪਰਿਵਾਰਾਂ ਨਾਲੋਂ ਬਹੁਤ ਜ਼ਿਆਦਾ ਹੈ।"
1800 ਦੇ ਦਹਾਕੇ ਤੋਂ ਬਾਅਦ ਦੁਨੀਆ ਭਰ ਅੰਦਰ ਪਰਿਵਾਰਾਂ ਵਿੱਚ ਬੱਚਿਆਂ ਦੀ ਗਿਣਤੀ ਕਾਫ਼ੀ ਘੱਟੀ ਹੈ।
2023 ਵਿੱਚ ਔਸਤਨ ਹਰ ਮਹਿਲਾ ਕੋਲ ਸਿਰਫ਼ ਦੋ ਤੋਂ ਵੱਧ ਬੱਚੇ ਸਨ, ਇਹ ਬਦਲਾਅ ਸਿੱਖਿਆ, ਨੌਕਰੀ ਦੇ ਮੌਕੇ ਤੇ ਗਰਭਨਿਰੋਧਕ ਸਾਧਨਾਂ ਦੀ ਪਹੁੰਚ ਵਧਣ ਨਾਲ ਅਤੇ ਬੱਚਿਆਂ ਦੀ ਮੌਤ ਦਰ ਘਟਣ ਨਾਲ ਸੰਭਵ ਹੋਇਆ।
ਫਿਰ ਵੀ ਕੁਝ ਦੇਸ਼ ਜਿਵੇਂ ਕਿ ਨਾਈਜਰ, ਚਾਡ, ਸੋਮਾਲੀਆ ਅਤੇ ਦੱਖਣੀ ਸੁਡਾਨ ਵਿੱਚ ਅਜੇ ਵੀ ਮਹਿਲਾਵਾਂ ਆਮ ਤੌਰ 'ਤੇ ਘੱਟੋ-ਘੱਟ ਚਾਰ ਬੱਚੇ ਜੰਮਦੀਆਂ ਹਨ।
ਇਸ ਤੋਂ ਇਲਾਵਾ ਪਿਛਲੇ ਸਾਲ ਸੰਯੁਕਤ ਰਾਸ਼ਟਰ ਦੀ ਸਹਿਯੋਗੀ ਸੰਸਥਾ 'ਇੰਟੀਗ੍ਰੇਟਿਡ ਫੂਡ ਸਿਕਿਊਰਿਟੀ ਫੇਜ਼ ਕਲਾਸੀਫਿਕੇਸ਼ਨ' ਨੇ ਸੁਡਾਨ ਦੇ ਕੁਝ ਹਿੱਸਿਆਂ ਅਤੇ ਗਾਜ਼ਾ ਵਿੱਚ ਅਕਾਲ (ਭੁੱਖਮਰੀ) ਦਾ ਐਲਾਨ ਕੀਤਾ।
ਡਾ. ਯੰਗ ਕਹਿੰਦੇ ਹਨ ਕਿ ਹਾਲੇ ਹੋਰ ਖੋਜ ਦੀ ਲੋੜ ਹੈ ਪਰ ਇਹ ਸੰਭਵ ਹੈ ਕਿ ਇਹ ਨਤੀਜੇ ਅੱਜ ਵੀ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਸੱਚ ਸਾਬਤ ਹੋ ਰਹੇ ਹੋਣ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












