ਮਾਂ ਦੇ ਬੱਚੇ ਨੂੰ ਦੁੱਧ ਚੁੰਘਾਉਣ ਨਾਲ ਜੁੜੀਆਂ ਗਲ਼ਤ ਧਾਰਨਾਵਾਂ, ਇਸ ਦੇ ਫਾਇਦੇ ਬਾਰੇ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਸੰਸਾਰ ਭਰ ਵਿੱਚ 1-7 ਅਗਸਤ ਤੱਕ ਵਿਸ਼ਵ ਬ੍ਰੈਸਟ ਫੀਡਿੰਗ ਹਫ਼ਤਾ ਮਨਾਇਆ ਜਾ ਰਿਹਾ ਹੈ। ਮਾਂ ਦੇ ਦੁੱਧ ਦੀ ਅਹਿਮੀਅਤ ਨੂੰ ਦਰਸਾਉਂਦੀ ਬੀਬੀਸੀ ਪੰਜਾਬੀ ਨੇ 2023 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।
ਚੰਡੀਗੜ੍ਹ ਪੋਸਟ ਗਰੈਜੂਏਟ ਇੰਸਟੀਚਿਊਟ (ਪੀਜੀਆਈ) ਵਿੱਚ ਚੱਲਦੇ ਮਾਂ ਦੇ ਦੁੱਧ ਦੇ ਬੈਂਕ ਦੇ ਹਵਾਲੇ ਨਾਲ ਕੀਤੀ ਗਈ ਇਸ ਰਿਪੋਰਟ ਨੂੰ ਮੁੜ ਤੋਂ ਦੁਬਾਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਜ਼ਰੀਨਾ ਦਾ ਨਵ-ਜੰਮਿਆਂ ਬੱਚਾ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੇ ਆਈਸੀਯੂ ਵਿੱਚ ਹੈ।
ਜ਼ਰੀਨਾ ਦਾ ਬੱਚਾ ਪ੍ਰੀ-ਮੈਚਿਉਰ ਯਾਨੀ ਕਿ ਤੈਅ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ ਅਤੇ ਉਸ ਨੂੰ ਕੁਝ ਮੈਡੀਕਲ ਦਿੱਕਤਾਂ ਹਨ।
ਆਈਸੀਯੂ ਵਿੱਚ ਜਿੱਥੇ ਜ਼ਰੀਨਾ ਦੇ ਬੱਚੇ ਦਾ ਇਲਾਜ ਚੱਲ ਰਿਹਾ ਹੈ, ਉਸ ਦੇ ਸਾਹਮਣੇ ਹੀ ਇੱਕ ਕਮਰਾ ਬਣਿਆ ਹੈ, ਜਿੱਥੇ ਆਟੋਮੈਟਿਕ ਪੰਪ ਰੱਖੇ ਗਏ ਹਨ, ਜਿਨ੍ਹਾਂ ਜ਼ਰੀਏ ਮਾਂਵਾਂ ਆਪਣਾ ਦੁੱਧ ਕੱਢ ਕੇ ਦਾਨ ਕਰ ਸਕਦੀਆਂ ਹਨ।
ਜ਼ਰੀਨਾ ਵੀ ਹਰ ਰੋਜ਼ ਇਸ ਕਮਰੇ ਵਿੱਚ ਆ ਕੇ ਦਾਨ ਕਰਨ ਲਈ ਦੁੱਧ ਕੱਢਦੇ ਹਨ। ਇਹ ਦੁੱਧ ਇਸੇ ਵਿਭਾਗ ਵਿੱਚ ਬਣੇ ਮਨੁੱਖੀ ਦੁੱਧ ਦੇ ਬੈਂਕ ਯਾਨੀ ਮਾਂ ਦੇ ਦੁੱਧ ਦੇ ਬੈਂਕ ਵਿੱਚ ਦਾਨ ਹੁੰਦਾ ਹੈ।
ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਫ਼ਰਵਰੀ 2022 ਤੋਂ ਇਹ ਮਿਲਕ ਬੈਂਕ ਚੱਲ ਰਿਹਾ ਹੈ। ਕਿਸੇ ਨਾ ਕਿਸੇ ਮੈਡੀਕਲ ਸਮੱਸਿਆ ਕਰਕੇ ਇੱਥੇ ਦਾਖਲ ਹੋਣ ਵਾਲੇ ਨਵਜੰਮੇ ਬੱਚਿਆਂ ਦੀਆਂ ਮਾਂਵਾਂ ਹੀ ਦੁੱਧ ਦਾਨ ਕਰਦੀਆਂ ਹਨ।
ਇਹ ਦੁੱਧ ਇੱਥੇ ਹੀ ਦਾਖਲ ਦੂਜੇ ਉਨ੍ਹਾਂ ਨਵਜੰਮੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀਆਂ ਮਾਂਵਾਂ ਜਾਂ ਤਾਂ ਬਿਮਾਰ ਹੋਣ ਕਾਰਨ ਜਾਂ ਉਨ੍ਹਾਂ ਨੂੰ ਦੁੱਧ ਘੱਟ ਆਉਣ ਕਾਰਨ ਜਾਂ ਕਿਸੇ ਹੋਰ ਕਾਰਨ ਆਪਣਾ ਦੁੱਧ ਬੱਚੇ ਨੂੰ ਨਹੀਂ ਪਿਆ ਪਾਉਂਦੀਆਂ।
ਜ਼ਰੀਨਾ ਕਹਿੰਦੇ ਹਨ ਕਿ ਉਹ ਆਪਣੇ ਬੱਚੇ ਨੂੰ ਤਾਂ ਦੁੱਧ ਪਿਆਉਂਦੇ ਹੀ ਹਨ, ਪਰ ਦਿਲ ਨੂੰ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਕਿ ਕੋਈ ਹੋਰ ਬੱਚਾ ਵੀ ਉਨ੍ਹਾਂ ਦੇ ਦੁੱਧ ਨਾਲ ਪਲ ਰਿਹਾ ਹੈ।
ਜ਼ਰੀਨਾ ਕਹਿੰਦੇ ਹਨ, “ਹਸਪਤਾਲ ਵਿੱਚ ਨਰਸਾਂ ਨੇ ਮੈਨੂੰ ਦੱਸਿਆ ਕਿ ਇੱਥੇ ਇਸ ਤਰ੍ਹਾਂ ਦਾ ਬੈਂਕ ਹੈ ਜਿੱਥੇ ਮੈਂ ਦੁੱਧ ਦਾਨ ਕਰ ਸਕਦੀ ਹਾਂ ਜੋ ਹੋਰ ਬੱਚਿਆਂ ਦੇ ਵੀ ਕੰਮ ਆ ਸਕਦਾ ਹੈ, ਇਸ ਲਈ ਮੈਂ ਦੁੱਧ ਦਾਨ ਕਰਨ ਲਈ ਰਾਜ਼ੀ ਹੋ ਗਈ।”
ਇਸੇ ਤਰ੍ਹਾਂ ਜ਼ੀਰਕਪੁਰ ਦੀ ਰਹਿਣ ਵਾਲੀ ਗਣੀਸ਼ਾ ਦਾ ਬੱਚਾ ਵੀ ਤੈਅ ਸਮੇਂ ਤੋਂ ਪਹਿਲਾਂ ਸਤਵੇਂ ਮਹੀਨੇ ਵਿੱਚ ਹੀ ਪੈਦਾ ਹੋ ਗਿਆ ਸੀ।
ਗਣੀਸ਼ਾ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਦਾ ਬੱਚਾ ਬਹੁਤ ਥੋੜ੍ਹਾ ਦੁੱਧ ਪੀਂਦਾ ਸੀ, ਪਰ ਉਨ੍ਹਾਂ ਨੂੰ ਜ਼ਿਆਦਾ ਦੁੱਧ ਆਉਂਦਾ ਸੀ, ਫਿਰ ਜਦੋਂ ਉਨ੍ਹਾਂ ਨੂੰ ਇਸ ਮਿਲਕ ਬੈਂਕ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਵੀ ਦੁੱਧ ਦਾਨ ਕੀਤਾ।
ਗਣੀਸ਼ਾ ਕਹਿੰਦੇ ਹਨ, “ਮੇਰਾ ਬੱਚਾ ਬਹੁਤ ਥੋੜ੍ਹਾ ਦੁੱਧ ਲੈਂਦਾ ਸੀ, ਪਰ ਮੇਰਾ ਦੁੱਧ ਜ਼ਿਆਦਾ ਹੋਣ ਕਰਕੇ ਛਾਤੀਆਂ ਵਿੱਚ ਅਕੜਾਅ ਆਉਣ ਲਗਦਾ ਸੀ ਤੇ ਦਰਦ ਹੋਣ ਲਗਦਾ ਸੀ। ਫਿਰ ਮੈਂ ਮਿਲਕ ਬੈਂਕ ਲਈ ਦੁੱਧ ਦਾਨ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਸਿਹਤ ਪੱਖੋਂ ਵੀ ਬਿਹਤਰ ਮਹਿਸੂਸ ਹੋਇਆ ਅਤੇ ਮਾਣ ਵੀ ਮਹਿਸੂਸ ਹੋਇਆ ਕਿ ਇਸ ਦੁੱਧ ਨਾਲ ਕਿਸੇ ਬੱਚੇ ਦਾ ਢਿੱਡ ਭਰ ਰਿਹਾ ਹੈ।”
ਕਿਉਂ ਬਣਾਇਆ ਗਿਆ ਮਾਂ ਦੇ ਦੁੱਧ ਦਾ ਬੈਂਕ?

ਨਵੇ ਜੰਮੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਰਵ-ਪੱਖੀ ਸਰੀਰਕ ਵਿਕਾਸ ਲਈ ਲਈ ਮਾਂ ਦਾ ਦੁੱਧ ਬਹੁਤ ਅਹਿਮ ਮੰਨਿਆ ਜਾਂਦਾ ਹੈ। ਪਰ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਜਾਂ ਮਾਂ ਨੂੰ ਦੁੱਧ ਨਾ ਆਉਣ ਕਾਰਨ ਸਣੇ ਅਜਿਹੇ ਕਈ ਹਾਲਾਤਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ ਦਾ ਦੁੱਧ ਨਹੀਂ ਮਿਲ ਪਾਉਂਦਾ।
ਪ੍ਰੀ-ਮੈਚਿਉਰ ਯਾਨੀ ਕਿ ਤੈਅ ਸਮੇਂ ਤੋਂ ਕਾਫ਼ੀ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਲਈ ਮਾਂ ਦਾ ਦੁੱਧ ਮਿਲਣਾ ਹੋਰ ਵੀ ਅਹਿਮ ਹੋ ਜਾਂਦਾ ਹੈ, ਕਿਉਂਕਿ ਫ਼ਾਰਮੂਲਾ ਮਿਲਕ (ਪਾਊਡਰ ਵਾਲਾ ਦੁੱਧ) ਜਿਹੇ ਵਿਕਲਪ ਉਨ੍ਹਾਂ ਬੱਚਿਆਂ ਦੇ ਢਿੱਡ ਅੰਦਰ ਗੜਬੜੀਆਂ ਪੈਦਾ ਕਰ ਸਕਦੇ ਹਨ।
ਇਸ ਮਿਲਕ ਬੈਂਕ ਦੀ ਸੰਸਥਾਪਕ ਤੇ ਇੰਚਾਰਜ ਅਤੇ ਪੀਜੀਆਈ ਦੇ ਨਵਜੰਮੇ ਬੱਚਿਆਂ ਦੇ ਵਿਭਾਗ ਵਿੱਚ ਪ੍ਰੋਫ਼ੈਸਰ ਕੰਨਿਆਂ ਮੁਖੋਪਾਧਿਆਏ ਦੱਸਦੇ ਹਨ ਕਿ ਪੀਜੀਆਈ ਵਿੱਚ ਪ੍ਰੀ-ਮੈਚਿਉਰ ਅਤੇ ਘੱਟ ਭਾਰ ਵਾਲੇ ਬੱਚਿਆਂ ਦੀ ਦਰ ਕੌਮੀ ਦਰ ਦੇ ਮੁਕਾਬਲੇ ਜ਼ਿਆਦਾ ਹੈ।
ਉਹ ਦੱਸਦੇ ਹਨ, “ਪ੍ਰੀ-ਮੈਚਿਉਰ ਬੱਚੇ ਪੈਦਾ ਹੋਣ ਦੀ ਕੌਮੀ ਦਰ 10-11 ਫੀਸਦੀ ਹੈ ਪਰ ਪੀਜੀਆਈ ਵਿੱਚ ਇਹ 35-40 ਫੀਸਦੀ ਦੇ ਵਿਚਕਾਰ ਹੈ। ਕਈ ਸੂਬਿਆਂ ਤੋਂ ਮਰੀਜ਼ ਰੈਫਰ ਹੋਣ ਕਾਰਨ ਅਜਿਹਾ ਹੈ।”
ਉਹ ਕਹਿੰਦੇ ਹਨ ਕਿ ਅਜਿਹੇ ਕੇਸ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚੋਂ ਰੈਫਰ ਹੋ ਕੇ ਆਉਂਦੇ ਹਨ ਅਤੇ ਕਈ ਕੇਸਾਂ ਵਿੱਚ ਮਾਂਵਾਂ ਵੀ ਬਹੁਤ ਬਿਮਾਰ ਹੁੰਦੀਆਂ ਹਨ ਜੋ ਕਿ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਆ ਸਕਦੀਆਂ।
ਇਸ ਲਈ ਇੱਥੇ ਮਾਂ ਦੇ ਦੁੱਧ ਦਾ ਬੈਂਕ ਹੋਣਾ ਬਹੁਤ ਜ਼ਰੂਰੀ ਸੀ ਤਾਂ ਕਿ ਪ੍ਰੀ-ਮੈਚਿਉਰ ਬੱਚਿਆਂ ਨੂੰ ਫ਼ਾਰਮੂਲਾ ਮਿਲਕ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ।
ਦਾਨ ਕਰਨ ਵਾਲੀ ਮਾਂ ਤੋਂ ਲੋੜਵੰਦ ਬੱਚੇ ਤੱਕ ਕਿਵੇਂ ਪਹੁੰਚਦਾ ਹੈ ਦੁੱਧ?

ਪ੍ਰੋਫ਼ਸਰ ਕੰਨਿਆਂ ਮੁਖੋਪਾਧਿਆਏ ਦੱਸਦੇ ਹਨ ਕਿ ਦੁੱਧ ਕੱਢਣ ਲਈ ਬਣਾਏ ਕਮਰਿਆਂ ਦੇ ਨੇੜੇ ਫ਼ਰਿੱਜ ਰੱਖੇ ਗਏ ਹਨ। ਮਾਂਵਾਂ ਦੁੱਧ ਕੱਢਦੀਆਂ ਹਨ, ਜਿਨ੍ਹਾਂ ਨੂੰ ਉੱਥੇ ਫ਼ਰਿੱਜ ਵਿੱਚ ਰੱਖ ਦਿੱਤਾ ਜਾਂਦਾ ਹੈ।
ਫ਼ਿਰ ਹਰ ਸਵੇਰ ਕਰੀਬ 10 ਵਜੇ ਸਾਰੇ ਫ਼ਰਿੱਜਾਂ ਵਿੱਚੋਂ ਦੁੱਧ ਕੱਢ ਕੇ ਮਿਲਕ ਬੈਂਕ ਵਿੱਚ ਲਿਜਾਇਆ ਜਾਂਦਾ ਹੈ। ਉੱਥੇ ਦੁੱਧ ਨੂੰ ਸਾਫ਼ ਬੋਤਲਾਂ ਵਿੱਚ ਭਰ ਕੇ ਪੈਸਚਰਾਈਜ਼ ਕੀਤਾ ਜਾਂਦਾ ਹੈ ਅਤੇ ਮਾਈਨਸ 20 ਡਿਗਰੀ ’ਤੇ ਡੀਪ ਫਰੀਜ਼ ਵਿੱਚ ਰੱਖਿਆ ਜਾਂਦਾ ਹੈ।
ਇੱਥੇ ਸਟੋਰ ਕੀਤਾ ਗਿਆ ਦੁੱਧ ਤਿੰਨ ਮਹੀਨੇ ਤੱਕ ਲਈ ਸੁਰੱਖਿਅਤ ਰਹਿ ਸਕਦਾ ਹੈ। ਫਿਰ ਲੋੜ ਮੁਤਾਬਕ ਇੱਥੋਂ ਦੁੱਧ ਵਰਤਿਆ ਜਾਂਦਾ ਹੈ।
ਪ੍ਰੋਫ਼ੈਸਰ ਕੰਨਿਆਂ ਅੱਗੇ ਦੱਸਦੇ ਹਨ, ‘‘ਵਿਭਾਗ ਵਿੱਚ ਇਹ ਮਿਲਕ ਬੈਂਕ ਸ਼ੁਰੂ ਹੋਣ ਤੋਂ ਬਾਅਦ ਤੋਂ ਨਵ ਜਨਮੇ ਬੱਚਿਆਂ ਨੂੰ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾ ਰਿਹਾ ਹੈ ਜਾਂ ਤਾਂ ਉਨ੍ਹਾਂ ਦੀਆਂ ਖੁਦ ਦੀਆਂ ਮਾਂਵਾਂ ਦਾ ਤੇ ਜਾਂ ਫਿਰ ਇਸ ਤਰ੍ਹਾਂ ਦਾਨ ਕੀਤਾ ਹੋਇਆ ਦੁੱਧ।’’
ਉਹ ਕਹਿੰਦੇ ਹਨ ਕਿ ਫ਼ਾਰਮੂਲਾ ਮਿਲਕ ਨਹੀਂ ਵਰਤਿਆ ਜਾ ਰਿਹਾ, ਜਿਸ ਕਾਰਨ ਬੱਚਿਆਂ ਵਿੱਚ ਉਲਟੀ ਜਾਂ ਢਿੱਡ ਫੁੱਲਣ ਦੀਆਂ ਸਮੱਸਿਆਵਾਂ ਹੁਣ ਕਾਫ਼ੀ ਹੱਦ ਤੱਕ ਘਟ ਗਈਆਂ ਹਨ।
ਉਨ੍ਹਾਂ ਦੱਸਿਆ,”ਪਿਛਲੇ ਡੇਢ ਸਾਲ ਤੋਂ ਅਸੀਂ ਕਰੀਬ 400-450 ਬੱਚਿਆਂ ਨੂੰ ਇਸ ਮਿਲਕ ਬੈਂਕ ਤੋਂ ਦੁੱਧ ਦੇ ਚੁੱਕੇ ਹਾਂ ਅਤੇ ਕਰੀਬ 700 ਮਾਂਵਾਂ ਇਸ ਵਿੱਚ ਦੁੱਧ ਦਾਨ ਕਰ ਚੁੱਕੀਆਂ ਹਨ। ਔਸਤਨ ਇੱਕ ਦਿਨ ਵਿੱਚ 8-10 ਬੱਚਿਆਂ ਨੂੰ ਇਹ ਦੁੱਧ ਦਿੱਤਾ ਜਾਂਦਾ ਹੈ।”
ਪ੍ਰੋਫ਼ੈਸਰ ਕੰਨਿਆਂ ਦੱਸਦੇ ਹਨ, “ਕਈ ਮਾਂਵਾਂ ਦੇ ਮਨ ਵਿੱਚ ਖ਼ਦਸ਼ਾ ਹੁੰਦਾ ਹੈ ਕਿ ਜੇ ਉਨ੍ਹਾਂ ਨੇ ਦੁੱਧ ਦਾਨ ਕਰ ਦਿੱਤਾ ਤਾਂ ਕਿਤੇ ਉਨ੍ਹਾਂ ਦੇ ਖੁਦ ਦੇ ਬੱਚੇ ਲਈ ਦੁੱਧ ਘਟ ਨਾ ਜਾਵੇ। ਇਸ ਲਈ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਦੁੱਧ ਪੰਪ ਕਰਨ ਨਾਲ ਵੱਧ ਸਕਦਾ ਹੈ ਅਤੇ ਉਨ੍ਹਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਪਹਿਲਾਂ ਆਪਣੇ ਬੱਚੇ ਲਈ ਦੁੱਧ ਰੱਖ ਕੇ ਫਿਰ ਬਾਕੀ ਦਾ ਦਾਨ ਕਰ ਸਕਦੇ ਹੋ।”
“ਜਿਸ ਮਾਂ ਦੇ ਦੁੱਧ ਨੇ ਮੇਰੇ ਬੱਚੇ ਦਾ ਢਿੱਡ ਭਰਿਆ ਉਸ ਲਈ ਦੁਆਵਾਂ ਹੀ ਨਿਕਲਦੀਆਂ ਹਨ”

ਆਈਸੀਯੂ ਤੋਂ ਬਾਹਰ ਵਾਰਡ ਵਿੱਚ ਬੈਂਡ ’ਤੇ ਮੌਜੂਜ ਅਮਾਨਤ ਆਪਣੇ ਬੱਚੇ ਨੂੰ ਸੀਨੇ ਨਾਲ ਲਗਾ ਕੇ ਲਾਡ ਕਰ ਰਹੇ ਸੀ।
ਉਹ ਬੱਚੇ ਨੂੰ ਜਲਦੀ ਘਰ ਜਾਣ ਦਾ ਵਾਅਦਾ ਕਰ ਰਹੇ ਸੀ ਅਤੇ ਉਨ੍ਹਾਂ ਦੇ ਚਿਹਰੇ ‘ਤੇ ਸੰਤੁਸ਼ਟੀ ਸੀ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਹੋ ਰਿਹਾ ਹੈ ਅਤੇ ਜਲਦੀ ਘਰ ਜਾ ਸਕੇਗਾ।
ਅਮਾਨਤ ਦਾ ਬੱਚਾ ਵੀ ਸਮੇਂ ਤੋਂ ਕਾਫ਼ੀ ਪਹਿਲਾਂ ਪੈਦਾ ਹੋਇਆ ਸੀ। ਬੱਚਾ ਪੈਦਾ ਹੋਣ ਤੋਂ ਬਾਅਦ ਉਹ 21 ਦਿਨ ਤੋਂ ਹਸਪਤਾਲ ਵਿੱਚ ਹੀ ਹਨ।
ਅਮਾਨਤ ਦੱਸਦੇ ਹਨ, “ਸ਼ੁਰੂਆਤ ਵਿੱਚ ਮੈਨੂੰ ਦੁੱਧ ਨਹੀਂ ਆ ਰਿਹਾ ਸੀ, ਫਿਰ ਮੈਨੂੰ ਆਪਣੇ ਬੱਚੇ ਦਾ ਢਿੱਡ ਭਰਨ ਦਾ ਫ਼ਿਕਰ ਸੀ। ਫ਼ਿਰ ਮੈਨੂੰ ਆਪਣੇ ਬੱਚੇ ਲਈ ਇੱਥੋਂ ਦੇ ਮਿਲਕ ਬੈਂਕ ਤੋਂ ਦੁੱਧ ਮਿਲ ਗਿਆ। ਉਹ ਭਾਵੇਂ ਮੇਰਾ ਦੁੱਧ ਨਹੀਂ ਸੀ, ਪਰ ਕਿਸੇ ਮਾਂ ਦਾ ਜ਼ਰੂਰ ਸੀ ਜਿਸ ਨੇ ਮੇਰੇ ਬੱਚੇ ਨੂੰ ਉਸ ਵੇਲੇ ਪਾਲਿਆ।“
ਅਮਾਨਤ ਕਹਿੰਦੇ ਹਨ ਪਹਿਲਾਂ ਥੋੜ੍ਹਾ ਖ਼ਦਸ਼ਾ ਵੀ ਸੀ ਕਿ ਦੁੱਧ ਠੀਕ ਹੋਵੇਗਾ ਜਾਂ ਨਹੀਂ, ਪਰ ਬਾਅਦ ਵਿੱਚ ਉਨ੍ਹਾਂ ਨੂੰ ਤਸੱਲੀ ਹੋ ਗਈ।
ਅਮਾਨਤ ਅੱਗੇ ਕਹਿੰਦੇ ਹਨ, “ਜਿਸ ਮਾਂ ਦੇ ਦੁੱਧ ਨੇ ਮੇਰੇ ਬੱਚੇ ਦਾ ਢਿੱਡ ਭਰਿਆ ਉਸ ਲਈ ਸੁੱਖ ਇੱਛਾਵਾਂ ਹੀ ਦਿਲੋਂ ਨਿਕਲਦੀਆਂ ਹਨ। ਮੇਰੇ ਹਸਪਤਾਲ ਵਿੱਚ ਰਹਿੰਦਿਆਂ ਜੇ ਮੇਰੇ ਵੀ ਜ਼ਿਆਦਾ ਦੁੱਧ ਆਉਣ ਲੱਗਿਆ ਤਾਂ ਮੈਂ ਵੀ ਇਸ ਮਿਲਕ ਬੈਂਕ ਲਈ ਦੁੱਧ ਦਾਨ ਕਰਾਂਗੀ। ਜਿਵੇਂ ਕਿਸੇ ਦਾ ਦੁੱਧ ਮੇਰੇ ਬੱਚੇ ਦੇ ਕੰਮ ਆਇਆ, ਮੇਰਾ ਦੁੱਧ ਵੀ ਕਿਸੇ ਦੇ ਬੱਚੇ ਦੇ ਕੰਮ ਆ ਸਕੇਗਾ।“
ਅਮਾਨਤ ਮੁਤਾਬਕ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਸੁਣਿਆ ਕਿ ਮਾਂ ਦੇ ਦੁੱਧ ਦੇ ਬੈਂਕ ਵੀ ਹੁੰਦੇ ਹਨ।

ਤਸਵੀਰ ਸਰੋਤ, Getty Images
ਇਸੇ ਤਰ੍ਹਾਂ ਲੁਧਿਆਣਾ ਦੀ ਰਹਿਣ ਵਾਲੀ ਯੋਗਿਤਾ ਦਾ ਬੱਚਾ ਵੀ ਸੱਤਵੇਂ ਮਹੀਨੇ ਵਿੱਚ ਪੈਦਾ ਹੋਇਆ, ਜਿਸ ਕਾਰਨ ਉਹ ਆਪਣੇ ਬੱਚੇ ਨਾਲ ਪਿਛਲੇ ਇੱਕ ਮਹੀਨੇ ਤੋਂ ਪੀਜੀਆਈ ਵਿੱਚ ਹਨ।
ਯੋਗਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਦੁੱਧ ਬਹੁਤ ਘੱਟ ਆਉਂਦਾ ਸੀ ਜਿਸ ਕਰਕੇ 10 ਦਿਨ ਤੱਕ ਉਨ੍ਹਾਂ ਦੇ ਬੱਚੇ ਨੂੰ ਮਿਲਕ ਬੈਂਕ ਤੋਂ ਦੁੱਧ ਦਿੱਤਾ ਜਾਂਦਾ ਰਿਹਾ।
ਯੋਗਿਤਾ ਕਹਿੰਦੇ ਹਨ, “ਹੁਣ ਆਪਣਾ ਦੁੱਧ ਪਿਆ ਸਕਣ ਦੀ ਵੱਖਰੀ ਸੰਤੁਸ਼ਟੀ ਹੈ, ਪਰ ਉਸ ਵੇਲੇ ਵੀ ਮੇਰੇ ਬੱਚੇ ਨੂੰ ਕਿਸੇ ਮਾਂ ਦਾ ਦੁੱਧ ਮਿਲ ਰਿਹਾ ਸੀ ਇਸ ਗੱਲ ਦੀ ਵੀ ਮਨ ਨੂੰ ਬਹੁਤ ਤਸੱਲੀ ਹੈ।”
ਮਿਲਕ ਬੈਂਕ ਜ਼ਰੂਰੀ ਕਿਉਂ?

ਪ੍ਰੋਫ਼ੈਸਰ ਮੁਖੋਪਾਧਿਆਏ ਦੱਸਦੇ ਹਨ ਕਿ ਭਾਰਤ ਵਿੱਚ ਅਜਿਹੇ ਕਰੀਬ 100 ਮਿਲਕ ਬੈਂਕ ਹਨ। ਦੱਖਣੀ ਅਤੇ ਪੱਛਮੀ ਸੂਬੇ ਇਸ ਉੱਦਮ ਵਿੱਚ ਮੋਹਰੀ ਹਨ, ਪਰ ਮਾਂ ਦੇ ਦੁੱਧ ਦੇ ਅਜਿਹੇ ਬੈਂਕ ਉੱਤਰ ਭਾਰਤ ਅਤੇ ਪੂਰਬੀ ਭਾਰਤ ਵਿੱਚ ਆਮ ਨਹੀਂ ਹਨ।
ਉਹ ਕਹਿੰਦੇ ਹਨ, ‘‘ਚੰਡੀਗੜ੍ਹ ਦੇ ਪੀਜੀਆਈ ਵਿੱਚ ਇਹ ਮਿਲਕ ਬੈਂਕ ਹੋਣਾ ਉੱਤਰੀ ਭਾਰਤ ਖੇਤਰ ਲਈ ਬਹੁਤ ਅਹਿਮ ਹੈ। ਕਿਉਂਕਿ ਇੱਥੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉਤਰਾਖੰਡ ਜਿਹੇ ਕਈ ਸੂਬਿਆਂ ਤੋਂ ਮਰੀਜ਼ ਆਉਂਦੇ ਹਨ।’’
‘‘ਮੇਰਾ ਮੰਨਣਾ ਹੈ ਕਿ ਹਰ ਜ਼ਿਲ੍ਹੇ ਵਿੱਚ ਮਾਂ ਦੇ ਦੁੱਧ ਲਈ ਅਜਿਹੇ ਬੈਂਕ ਸਥਾਪਿਤ ਕੀਤੇ ਜਾਣ ਦੀ ਲੋੜ ਹੈ। ਜਿੱਥੇ-ਜਿੱਥੇ ਵੀ ਨਵਜੰਮੇ ਬੱਚਿਆਂ ਦੇ ਆਈਸੀਯੂ ਹਨ, ਉੱਥੇ ਅਜਿਹੇ ਮਿਲਕ ਬੈਂਕ ਸਥਾਪਿਤ ਹੋਣੇ ਚਾਹੀਦੇ ਹਨ।’’

ਛਾਤੀ ਦੇ ਦੁੱਧ (ਬ੍ਰੈਸਟ ਫੀਡਿੰਗ) ਬਾਰੇ 7 ਅਹਿਮ ਗੱਲਾਂ

ਬੀਬੀਸੀ ਵਰਲਡ ਸਰਵਿਸ ਦੇ ਏਏਫ਼ਰਮ ਗੇਬਰੀਬ ਦੀ ਰਿਪੋਰਟ ਵਿੱਚ ਬ੍ਰੈਸਟ ਮਿਲਕ ਬਾਰੇ ਸੱਤ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਮਾਹਰਾਂ ਨਾਲ ਇਨ੍ਹਾਂ ਬਾਰੇ ਗੱਲ ਕੀਤੀ ਹੈ...
1. ਕੀ ਦੁੱਧ ਪਿਆਉਣ ਦੌਰਾਨ ਨਿੱਪਲ ਵਿੱਚ ਸੋਜ ਆਉਣਾ ਸਧਾਰਨ ਗੱਲ ਹੈ
ਇਸ ਬਾਰੇ ਪ੍ਰੋਫ਼ੈਸਰ ਕੈਟਰਿਓਨਾ ਵਾਇਟ ਕਹਿੰਦੇ ਹਨ ਕਿ ਇਸ ਦਾ ਜਵਾਬ ਦੇਣਾ ਥੋੜ੍ਹਾ ਔਖਾ ਹੈ, ਕਿਉਂਕਿ ਦੁੱਧ ਪਿਆਉਣ ਦੀ ਸ਼ੁਰੂਆਤ ਵੇਲੇ ਥੋੜ੍ਹੀ ਬਹੁਤ ਪਰੇਸ਼ਾਨੀ ਹੋਣ ਆਮ ਗੱਲ ਹੈ ਅਤੇ ਨਿੱਪਲ ਵਿੱਚ ਸੋਜ ਆ ਸਕਦੀ ਹੈ।
ਜੇ ਜ਼ਿਆਦਾ ਪੀੜ ਜਾਂ ਸੋਜ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਨਿੱਪਲ ਵਿੱਚ ਇਨਫ਼ੈਕਸ਼ਨ ਹੈ। ਇਸ ਸਥਿਤੀ ਵਿੱਚ ਡਾਕਟਰ, ਨਰਸ ਜਾਂ ਦਾਈ ਨਾਲ ਗੱਲ ਕਰਨੀ ਚਾਹੀਦੀ ਹੈ।
2. ਜੇ ਕੋਈ ਤੁਰੰਤ ਦੁੱਧ ਨਹੀਂ ਪਿਆਉਂਦਾ ਤਾਂ ਫ਼ਿਰ ਉਹ ਬਾਅਦ ’ਚ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆ ਪਾਉਂਦਾ
ਇਸ ਸਬੰਧੀ ਪ੍ਰੋਫ਼ੈਸਰ ਏਲੇਸਟੇਯਰ ਸੁਟਕਲਿਫ਼ ਕਹਿੰਦੇ ਹਨ ਕਿ ਬੱਚੇ ਦੇ ਪੈਦਾ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਬ੍ਰੈਸਟ ਮਿਲਕ ਪਿਆਉਣ ਦੇ ਕਈ ਫ਼ਾਇਦੇ ਹੁੰਦੇ ਹਨ। ਇਸ ਦਾ ਸਭ ਤੋਂ ਵੱਡਾ ਲਾਭ ਬੱਚੇ ਨੂੰ ਤੁਰੰਤ ਪੋਸ਼ਣ ਦੇਣਾ ਹੁੰਦਾ ਹੈ।
ਪਰ ਅਜਿਹਾ ਨਹੀਂ ਹੈ ਕਿ ਬੱਚੇ ਨੂੰ ਬਾਅਦ ਵਿੱਚ ਦੁੱਧ ਨਹੀਂ ਪਿਆਇਆ ਜਾ ਸਕਦਾ।

ਤਸਵੀਰ ਸਰੋਤ, Getty Images
3. ਜੇ ਤੁਸੀਂ ਬੱਚੇ ਨੂੰ ਦੁੱਧ ਨਹੀਂ ਪਿਆ ਰਹੇ ਤਾਂ ਕੋਈ ਦਵਾਈ ਨਹੀਂ ਲੈ ਸਕਦੇ
ਪ੍ਰੋਫ਼ੈਸਰ ਕੈਟਰਿਓਨਾ ਵਾਇਟ ਮੁਤਾਬਕ ਹਕੀਕਤ ਇਹ ਹੈ ਕਿ ਜੇ ਮਾਂ ਕੋਈ ਦਵਾਈ ਲੈਂਦੀ ਹੈ ਤਾਂ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜੋ ਛਾਤੀ ਦੇ ਦੁੱਧ ਰਾਹੀਂ ਥੋੜ੍ਹੀ ਮਾਤਰਾ ਵਿੱਚ ਬੱਚੇ ਤੱਕ ਵੀ ਪਹੁੰਚਦੀਆਂ ਹਨ।
ਜੇ ਡਾਕਟਰ ਨੇ ਕਿਹਾ ਹੈ ਕਿ ਤੁਹਾਨੂੰ ਦਵਾਈ ਲੈਣ ਦੀ ਲੋੜ ਹੈ ਤਾਂ ਤੁਸੀਂ ਡਾਕਟਰ ਨੂੰ ਇਸ ਬਾਰੇ ਸਵਾਲ ਪੁੱਛ ਸਕਦੇ ਹੋ।
ਪਰ ਆਮ ਤੌਰ ਉੱਤੇ ਅਜਿਹੀਆਂ ਦਵਾਈਆਂ ਬੱਚਿਆਂ ਲਈ ਨੁਕਸਾਨਦਾਇਕ ਨਹੀਂ ਹੁੰਦੀਆਂ ਹਨ। ਬੱਚੇ ਨੂੰ ਸਭ ਤੋਂ ਵੱਧ ਲੋੜ ਇੱਕ ਸਿਹਤਮੰਦ ਮਾਂ ਦੀ ਹੁੰਦੀ ਹੈ। ਇਨਫ਼ੈਕਸ਼ਨ, ਡਿਪਰੈਸ਼ਨ ਜਾਂ ਦਰਜ ਦੀਆਂ ਜ਼ਿਆਦਾਤਰ ਦਵਾਈਆਂ ਲੈਣ ਬੱਚਿਆਂ ਲਈ ਸੁਰੱਖਿਅਤ ਹੁੰਦਾ ਹੈ।
ਜਿਹੜੀਆਂ ਦਵਾਈਆਂ ਦੁੱਧ ਪਿਆਉਣ ਦੌਰਾਨ ਨਹੀਂ ਲਈਆਂ ਜਾਣੀਆਂ ਚਾਹੀਦੀਆਂ, ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਦਵਾਈਆਂ ਉਹ ਹਨ ਜੋ ਕੁਝ ਖ਼ਾਸ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ ਦੇ ਇਲਾਜ ਲਈ ਦਿੱਤੀਆਂ ਜਾਂਦੀਆਂ ਹਨ।
ਦੁੱਧ ਪਿਆਉਣ ਦੌਰਾਨ ਲੈਣ ਵਾਲੀਆਂ ਦਵਾਈਆਂ ਬਾਰੇ ਉਨ੍ਹਾਂ ਦੇ ਨਫ਼ੇ ਤੇ ਨੁਕਸਾਨ ਨੂੰ ਪਹਿਲਾਂ ਡਾਕਟਰ ਤੋਂ ਸਮਝ ਲੈਣਾ ਚਾਹੀਦਾ ਹੈ।
4. ਦੁੱਧ ਪਿਆਉਣ ਤੋਂ ਪਹਿਲਾਂ ਸਾਦਾ ਖ਼ਾਣਾ ਖਾਓ ਅਤੇ ਮਸਾਲੇਦਾਰ ਖਾਣੇ ਤੋਂ ਬਚੋ
ਪ੍ਰੋਫ਼ੈਸਰ ਕੈਟਰਿਓਨਾ ਵਾਇਟ ਕਹਿੰਦੇ ਹਨ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਜੋ ਤੁਸੀਂ ਬੱਚੇ ਨੂੰ ਦੁੱਧ ਪਿਆਉਣ ਤੋਂ ਪਹਿਲਾਂ ਨਹੀਂ ਖਾ ਸਕਦੇ। ਹਾਲਾਂਕਿ ਤੁਸੀਂ ਜੋ ਖਾਣਾ ਖਾਂਦੇ ਹੋ ਉਸ ਦਾ ਅਸਰ ਤੁਹਾਡੇ ਦੁੱਧ ਉੱਤੇ ਵੀ ਪੈਂਦਾ ਹੈ।
ਕਈ ਮਾਮਲਿਆਂ ਵਿੱਛ ਹੋ ਸਕਦਾ ਹੈ ਕਿ ਮਾਂਵਾਂ ਨੂੰ ਇੱਕ ਪੈਟਰਨ ਦੇਖਣ ਨੂੰ ਮਿਲੇ।
ਪ੍ਰੋਫ਼ੈਸਰ ਵਾਇਟ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਇੱਕ ਬੱਚੇ ਨੂੰ ਦੁੱਧ ਪਿਆਉਣ ਦੌਰਾਨ ਇਹ ਦੇਖਿਆ ਸੀ ਕਿ ਜਦੋਂ ਵੀ ਉਹ ਖੱਟੇ ਜੂਸ ਜਿਵੇਂ ਸੰਤਰੇ ਦਾ ਰਸ ਪੀਂਦੇ ਸਨ ਤਾਂ ਉਨ੍ਹਾਂ ਦਾ ਬੱਚਾ ਬਹੁਤ ਖਿਝਣ ਲਗਦਾ ਸੀ।
ਹਾਲਾਂਕਿ ਅਜਿਹਾ ਕੋਈ ਖਾਣਾ ਨਹੀਂ ਹੈ ਜਿਸ ਨੂੰ ਦੁੱਧ ਪਿਆਉਣ ਦੌਰਾਨ ਖਾਣੇ ਤੋਂ ਬਚਣਾ ਚਾਹੀਦਾ ਹੈ ਜਾਂ ਫ਼ਿਰ ਉਹ ਤੁਹਾਡੇ ਬੱਚੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਤਸਵੀਰ ਸਰੋਤ, Getty Images
5. ਜੇ ਛਾਤੀ ਦਾ ਦੁੱਧ ਨਹੀਂ ਪਿਆਉਣਾ ਚਾਹੁੰਦੇ ਤਾਂ ਤੁਸੀਂ ਬਾਹਰ ਦਾ ਦੁੱਧ ਨਹੀਂ ਪਿਆ ਸਕਦੇ
ਇਸ ਬਾਰੇ ਪ੍ਰੋਫ਼ੈਸਰ ਕੈਟਰਿਓਨਾ ਵਾਇਟ ਕਹਿੰਦੇ ਹਨ ਕਿ ਇਹ ਕੋਈ ਸਿਧਾਂਤ ਨਹੀਂ ਹੈ ਕਿ ਇਸ ਦਾ ਪਾਲਣ ਕਰਨਾ ਜ਼ਰੂਰੀ ਹੈ। ਪਰ ਛਾਤੀ ਵਿੱਚ ਦੁੱਧ ਹਮੇਸ਼ਾ ਮੰਗ ਅਤੇ ਸਪਲਾਈ ਦੇ ਹਿਸਾਬ ਨਾਲ ਬਣਦਾ ਹੈ। ਕਿਸੇ ਵੀ ਔਰਤ ਦਾ ਸਰੀਰ ਬਹੁਤ ਅਸਧਾਰਨ ਖੂਬੀਆਂ ਵਾਲਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਬੱਚੇ ਦੀ ਲੋੜ ਜਿੰਨਾ ਹੀ ਦੁੱਧ ਹੁੰਦਾ ਹੈ।
ਜੇ ਤੁਸੀਂ ਬੱਚਿਆਂ ਨੂੰ ਬਾਹਰ ਦਾ ਦੁੱਧ ਪਿਆਉਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਮਿਲਣ ਵਾਲੇ ਹਾਰਮੋਨ ਵਿੱਚ ਰੁਕਾਵਟ ਪੈਂਦੀ ਹੈ। ਤੁਹਾਡੇ ਸਰੀਰ ਨੂੰ ਇਸ ਗੱਲ ਦਾ ਇਸ਼ਾਰਾ ਨਹੀਂ ਮਿਲ ਪਾਉਂਦਾ ਕਿ ਤੁਹਾਡੇ ਬੱਚੇ ਨੂੰ ਹੋਰ ਜ਼ਿਆਦਾ ਦੁੱਧ ਦੀ ਲੋੜ ਹੈ।
ਜੇ ਤੁਹਾਨੂੰ ਕਾਫ਼ੀ ਦੁੱਧ ਨਹੀਂ ਉੱਤਰ ਰਿਹਾ ਅਤੇ ਬੱਚੇ ਨੂੰ ਤੁਸੀਂ ਫਾਰਮੂਲਾ ਦੁੱਧ ਪਿਆਉਂਦੇ ਹੋ ਤਾਂ ਉਸ ਵੇਲੇ ਤਾਂ ਰਾਹਤ ਮਿਲ ਜਾਵੇ ਪਰ ਅੱਗੇ ਚੱਲ ਕੇ ਦਿੱਕਤਾਂ ਆ ਸਕਦੀਆਂ ਹਨ।
ਬਾਹਰਲਾ ਦੁੱਧ ਬੱਚੇ ਨੂੰ ਕਦੇ-ਕਦਾਈਂ ਦੇਣ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਉਸ ਤੋਂ ਬਾਅਦ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਆ ਸਕਦੇ।
6. ਬਿਮਾਰ ਹੋਈਏ ਤਾਂ ਬੱਚੇ ਨੂੰ ਦੁੱਧ ਨਹੀਂ ਪਿਆਉਣਾ ਚਾਹੀਦਾ
ਇਸ ਸਬੰਧੀ ਪ੍ਰੋਫ਼ੈਸਰ ਏਲੇਸਟੇਯਰ ਸੁਟਕਲਿਫ਼ ਮੁਤਾਕ ਅਜਿਹਾ ਨਹੀਂ ਹੈ ਅਤੇ ਇਹ ਇੱਕ ਧਾਰਨਾ ਹੈ।
ਸਿਰਫ਼ ਇੱਕ ਹਾਲ ਵਿੱਚ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ, ਜਦੋਂ ਉਹ ਐੱਚਆਈਵੀ ਜਾਂ ਹੈਪੇਟਾਇਟਸ ਤੋਂ ਪ੍ਰਭਾਵਿਤ ਹੋਵੇ। ਇਹ ਵਾਇਰਸ ਦੁੱਧ ਰਾਹੀਂ ਬੱਚੇ ਤੱਕ ਪਹੁੰਚ ਸਕਦੇ ਹਨ। ਅਸੀਂ ਪਹਿਲਾਂ ਅਜਿਹਾ ਦੇਖ ਚੁੱਕੇ ਹਾਂ।
ਜ਼ਿਆਦਾਤਰ ਬਿਮਾਰੀਆਂ ਦੌਰਾਨ ਬੱਚਿਆਂ ਨੂੰ ਮਾਂ ਦਾ ਦੁੱਧ ਪਿਆਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ, ਕਿਉਂਕਿ ਬਿਮਾਰੀ ਦੌਰਾਨ ਮਾਂ ਦੇ ਸਰੀਰ ਤੋਂ ਐਂਟੀਬੌਡੀ ਨਿਕਲੀ ਹੈ ਜੋ ਉਨ੍ਹਾਂ ਦੇ ਨਵ ਜੰਮੇ ਬੱਚਿਆਂ ਦੀ ਵੀ ਰਾਖੀ ਕਰਦੀ ਹੈ।
ਮਾਂ ਦੀ ਬਿਮਾਰੀ ਬੱਚਿਆਂ ਨੂੰ ਵੀ ਹੋ ਜਾਵੇ ਅਜਿਹਾ ਬਹੁਤ ਘੱਟ ਹੁੰਦਾ ਹੈ।

ਤਸਵੀਰ ਸਰੋਤ, Getty Images
7. ਜੇ ਬੱਚੇ ਨੂੰ ਇੱਕ ਸਾਲ ਤੋਂ ਵੱਧ ਸਮੇਂ ਲਈ ਦੁੱਧ ਪਿਆਉਂਦੇ ਹੋ ਤਾਂ ਫ਼ਿਰ ਛਾਤੀ ਚੁੰਘਾਉਣ ਦੀ ਆਦਤ ਛੜਾ ਪਾਉਣਾ ਔਖਾ ਹੋ ਜਾਂਦਾ ਹੈ
ਇਸ ਬਾਰੇ ਪ੍ਰੋਫ਼ੈਸਰ ਕੈਟਰਿਓਨਾ ਵਾਇਟ ਕਹਿੰਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਸੁਝਾਅ ਦਿੰਦਾ ਹੈ ਕਿ ਬੱਚੇ ਦੇ ਪੈਦਾ ਹੋਣ ਤੋਂ ਛੇ ਮਹੀਨਿਆਂ ਬਾਅਦ ਤੱਕ ਉਸ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਆਉਣਾ ਚਾਹੀਦਾ ਹੈ।
ਇਸ ਤੋਂ ਬਾਅਦ ਬੱਚੇ ਨੂੰ ਹੋਰ ਜ਼ਰੂਰੀ ਪੋਸ਼ਕ ਤੱਤ ਦੇਣੇ ਚਾਹੀਦੇ ਹਨ। ਪਰ ਇਸ ਦੌਰਾਨ ਮਾਂ ਨੂੰ ਚਾਹੀਦਾ ਹੈ ਕਿ ਉਹ ਜਦੋਂ ਤੱਕ ਚਾਹੇ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਰਹੇ।
ਛਾਤੀ ਦੇ ਦੁੱਧ ਨੂੰ ਕਦੋਂ ਰੋਕ ਦੇਣਾ ਚਾਹੀਦਾ ਹੈ, ਇਸ ਦਾ ਕੋਈ ਵੀ ਸਮਾਂ ਜਾਣਕਾਰ ਨਹੀਂ ਸੁਝਾਉਂਦੇ।














