ਜੇ ਮਾਂ ਬੱਚੇ ਨੂੰ ਦੁੱਧ ਨਾ ਚੁੰਘਾ ਸਕੇ ਤਾਂ ਕੀ ਹੈ ਬਦਲ ?

ਮਾਂ ਦਾ ਦੁੱਧ

ਤਸਵੀਰ ਸਰੋਤ, EZEQUIEL BECERRA/AFP/Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ, ਬੀਬੀਸੀ

ਕਹਿੰਦੇ ਨੇ ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੁੰਦਾ ਹੈ ਪਰ ਕਈ ਵਾਰੀ ਔਰਤਾਂ ਜਨਤਕ ਥਾਵਾਂ 'ਤੇ ਬੱਚੇ ਨੂੰ ਦੁੱਧ ਪਿਲਾਉਣ ਵਿੱਚ ਝਿਜਕ ਮਹਿਸੂਸ ਕਰਦੀਆਂ ਹਨ।

ਕਿੰਨਾ ਅਹਿਮ ਹੁੰਦਾ ਹੈ ਮਾਂ ਦਾ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ। ਇਹ ਜਾਣਨ ਲਈ ਦੀ ਅਸੀਂ ਕੋਸ਼ਿਸ਼ ਕੀਤੀ ਇਸਤਰੀ ਰੋਗਾਂ ਦੀ ਮਾਹਿਰ ਡਾ. ਕਰਨਲ ਬੰਦਨਾ ਸੋਢੀ ਤੋਂ।

ਮਾਂ ਦਾ ਦੁੱਧ ਬੱਚੇ ਲਈ ਕਿੰਨਾ ਜ਼ਰੂਰੀ ਹੁੰਦਾ ਹੈ?

ਮਾਂ ਦੇ ਦੁੱਧ ਤੋਂ ਚੰਗਾ ਹੋਰ ਕੁਝ ਨਹੀਂ ਹੁੰਦਾ। ਬੱਚਾ ਪੈਦਾ ਹੋਣ ਤੋਂ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਦੁੱਧ ਚੁੰਘਾਉਣਾ ਜ਼ਰੂਰੀ ਹੁੰਦਾ ਹੈ।

ਇਹ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਤਰ੍ਹਾਂ ਮਾਂ ਦਾ ਨਵਜੰਮੇ ਬੱਚੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ ਅਤੇ ਬੱਚੇਦਾਨੀ ਸੁੰਗੜ ਜਾਂਦੀ ਹੈ। ਬੱਚੇ ਦਾ ਜਨਮ ਹੋਣ ਦੇ ਇੱਕ ਘੰਟੇ ਦੇ ਅੰਦਰ ਮਾਂ ਜੇਕਰ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਖੂਨ ਵੀ ਘੱਟ ਵਹਿੰਦਾ ਹੈ।

breastfdeeding

ਤਸਵੀਰ ਸਰੋਤ, Getty Images

ਮਾਂ ਦੇ ਦੁੱਧ ਤੋਂ ਬੱਚੇ ਨੂੰ 'ਨਿਊਟ੍ਰੀਐਂਟਜ਼' (ਪੋਸ਼ਕ ਤੱਤ) ਮਿਲਦੇ ਹਨ। ਮਾਂ ਦੇ ਦੁੱਧ ਤੋਂ ਚੰਗੀ ਹੋਰ ਕੋਈ ਚੀਜ਼ ਨਹੀਂ ਹੁੰਦੀ।

ਕਿੰਨੀ ਦੇਰ ਤੱਕ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ?

ਬੱਚੇ ਦੇ ਜਨਮ ਤੋਂ ਲੈ ਕੇ ਪਹਿਲੇ 6 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣਾ ਜ਼ਰੂਰੀ ਹੈ ਪਰ ਬੱਚੇ ਨੂੰ ਇੱਕ-ਦੋ ਸਾਲ ਤੱਕ ਵੀ ਦੁੱਧ ਚੁੰਘਾਇਆ ਜਾ ਸਕਦਾ ਹੈ।

ਸ਼ੁਰੂਆਤੀ 6 ਮਹੀਨੇ, ਮਾਂ ਦੇ ਦੁੱਧ ਤੋਂ ਇਲਾਵਾ ਹੋਰ ਕੁਝ ਨਹੀਂ ਦੇਣਾ ਚਾਹੀਦਾ। ਬੱਚੇ ਲਈ ਇਹੀ ਸੰਪੂਰਨ ਭੋਜਨ ਹੈ। ਮਾਂ ਦੇ ਦੁੱਧ ਵਿੱਚ ਪ੍ਰੋਟੀਨ, ਐਂਟੀ-ਬਾਡੀਜ਼, ਨਿਊਟਰੀਸ਼ਨ ਸਭ ਕੁਝ ਹੁੰਦਾ ਹੈ।

ਜੇ ਕੋਈ ਮਾਂ ਦੁੱਧ ਨਾ ਪਿਲਾ ਸਕੇ ਤਾਂ ਬਦਲ ਕੀ ਹੈ?

ਬੱਚੇ ਨੂੰ ਫਾਰਮੂਲਾ ਫੀਡ ਦਿੱਤੀ ਜਾ ਸਕਦੀ ਹੈ। ਉਹ ਮਾਂ ਦੇ ਦੁੱਧ ਦੇ ਬਰਾਬਰ ਹੀ ਹੁੰਦਾ ਹੈ ਪਰ ਮਾਂ ਦੇ ਦੁੱਧ ਤੋਂ ਹੋਰ ਕੁਝ ਚੰਗਾ ਨਹੀਂ ਹੁੰਦਾ।

ਇਹ ਜਮ੍ਹਾ ਕੀਤੀ ਹੋਈ ਫੀਡ ਹੁੰਦੀ ਹੈ। ਇਹ ਪਾਊਡਰ ਦੁੱਧ ਹੁੰਦਾ ਹੈ ਜੋ ਕਿ ਪਹਿਲੇ ਛੇ ਮਹੀਨਿਆਂ ਦੇ ਲਈ ਕੁਝ ਹੋਰ ਹੁੰਦਾ ਹੈ ਅਤੇ ਬਾਅਦ ਵਾਲੇ ਛੇ ਮਹੀਨਿਆਂ ਲਈ ਫੀਡ ਵੱਖਰੀ ਹੁੰਦੀ ਹੈ। ਇਸ ਵਿੱਚ ਨਿਊਟਰੀਸ਼ਨ ਮਾਂ ਦੇ ਦੁੱਧ ਜਿੰਨਾ ਹੀ ਹੁੰਦਾ ਹੈ। ਇਸ ਵਿੱਚ ਪਾਣੀ ਪਾ ਕੇ ਬੱਚੇ ਨੂੰ ਦੇਣਾ ਹੁੰਦਾ ਹੈ।

ਮਾਂ ਦੀ ਡਾਈਟ ਵਿੱਚ ਵੀ ਕੁਝ ਬਦਲਾਅ ਹੁੰਦਾ ਹੈ?

ਜਦੋਂ ਮਾਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਉਸ ਨੂੰ 500 ਵਾਧੂ ਕੈਲੋਰੀਜ਼ ਚਾਹੀਦੀਆਂ ਹੁੰਦੀਆਂ ਹਨ ਕਿਉਂਕਿ ਦੁੱਧ ਪਿਲਾਉਣ ਨਾਲ ਬਹੁਤ ਤਾਕਤ ਲਗਦੀ ਹੈ। ਔਰਤ ਦੀਆਂ ਕੈਲੋਰੀਜ਼ ਖ਼ਤਮ ਹੁੰਦੀਆਂ ਹਨ।

ਰੂਟੀਨ ਦੇ ਭੋਜਨ ਤੋਂ ਇਲਾਵਾ ਕੈਲਸ਼ੀਅਮ, ਦੁੱਧ, ਦੁੱਧ ਦੇ ਬਣੇ ਪਦਾਰਥ, ਨਿਊਟਰੀਸ਼ਨ ਵਾਲਾ ਭੋਜਨ ਮਾਂ ਨੂੰ ਖਾਣਾ ਚਾਹੀਦਾ ਹੈ।

breastfdeeding

ਤਸਵੀਰ ਸਰੋਤ, Getty Images

ਕੀ ਬੱਚੇ ਨੂੰ ਪੈਕਡ ਫੂਡ ਦੇਣਾ ਠੀਕ ਹੁੰਦਾ ਹੈ?

ਬੱਚੇ ਨੂੰ ਪੈਕੇਜ਼ਡ ਫੂਡ (ਬਾਜ਼ਾਰ ਦਾ ਖਾਣਾ) ਬਿਲਕੁੱਲ ਵੀ ਨਹੀਂ ਦੇਣਾ ਹੁੰਦਾ।

ਇਸ ਵਿੱਚ ਬਚਾਉਣ ਦੇ ਲਈ ਕੁਝ ਕੈਮੀਕਲ (ਪ੍ਰੈਜ਼ਰਵੇਟਿਵ) ਪਾਏ ਹੁੰਦੇ ਹਨ। ਇਹ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਜਨਤਕ ਥਾਵਾਂ 'ਤੇ ਔਰਤਾਂ ਦੁੱਧ ਪਿਆ ਸਕਣ ਇਸ ਲਈ ਕੀ ਕਰਨਾ ਚਾਹੀਦਾ ਹੈ?

ਮਾਂ ਬੱਚੇ ਨੂੰ ਦੁੱਧ ਪਿਆ ਰਹੀ ਹੈ ਤਾਂ ਸ਼ਰਮ ਦੀ ਲੋੜ ਨਹੀਂ। ਇਹ ਕੁਦਰਤੀ ਪ੍ਰਕਿਰਿਆ ਹੈ। ਤੁਸੀਂ ਥੋੜਾ ਕੱਪੜਾ ਪਾ ਕੇ ਵੀ ਬੱਚੇ ਨੂੰ ਦੁੱਧ ਪਿਆ ਸਕਦੇ ਹੋ। ਇਸ ਵਿੱਚ ਔਰਤ ਅਤੇ ਮਰਦ ਦੋਹਾਂ ਨੂੰ ਸਮਰਥਨ ਦੇਣ ਦੀ ਲੋੜ ਹੈ।

ਇਸ ਲਈ ਮਾਂ ਨੂੰ ਬਿਲਕੁੱਲ ਵੀ ਹਿਚਕਿਚਾਉਣ ਦੀ ਲੋੜ ਨਹੀਂ। ਬੱਚੇ ਨੂੰ ਭੁੱਖ ਲੱਗੀ ਹੈ ਤਾਂ ਤੁਸੀਂ ਉਸ ਨੂੰ ਭੋਜਨ ਦੇ ਰਹੇ ਹੋ।

ਮਾਂ ਦੇ ਦੁੱ ਵਿੱਚ ਕਿਹੜੇ ਤੱਤ ਹੁੰਦੇ ਹਨ?

  • ਮਾਂ ਦਾ ਦੁੱਧ ਸਰੀਰ ਦੇ ਤਾਪਮਾਨ ਬਰਾਬਰ ਹੀ ਹੁੰਦਾ ਹੈ। ਇਸ ਲਈ ਇਹ ਬੱਚੇ ਨੂੰ ਆਰਾਮ ਵੀ ਦਿੰਦਾ ਹੈ।
  • ਇਸ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਜਿਵੇਂ ਕਿ ਸਾਹ ਲੈਣ ਦੀ ਬੀਮਾਰੀ, ਟਿੱਢ ਦੀਆਂ ਬੀਮਾਰੀਆਂ ਜਿਵੇਂ ਡਾਇਰੀਆ। ਮਾਂ ਦਾ ਦੁੱਧ ਬੱਚੇ ਨੂੰ ਉਮਰ ਭਰ ਬਚਾਉਂਦਾ ਹੈ।
  • ਮਾਂ ਦੇ ਸ਼ੁਰੂਆਤੀ ਦੁੱਧ ਵਿੱਚ ਲੈਗਜ਼ੇਟਿਵ ਹੋਣ ਕਰਕੇ ਬੱਚੇ ਦਾ ਪੇਟ ਸਹੀ ਸਾਫ਼ ਹੁੰਦਾ ਹੈ।

ਕੀ ਦੁੱਧ ਪਿਲਾਉਣ ਨਾਲ ਮਾਂ ਨੂੰ ਕੋਈ ਐਲਰਜੀ ਵੀ ਹੋ ਸਕਦੀ ਹੈ?

ਮਾਂਵਾਂ ਨੂੰ ਆਮ ਸ਼ਿਕਾਇਤ ਨਿੱਪਲ ਕਰੈਕਿੰਗ ਦੀ ਹੁੰਦੀ ਹੈ। ਇਸ ਕਰਕੇ ਬੱਚੇ ਨੂੰ ਫੀਡ ਕਰਨਾ ਔਖਾ ਹੋ ਜਾਂਦਾ ਹੈ ਪਰ ਇਸ ਦਾ ਇਲਾਜ ਹੈ।

ਘਰ ਵਿੱਚ ਵੀ ਇਲਾਜ ਕੀਤਾ ਜਾ ਸਕਦਾ ਹੈ। ਨਿੱਪਲਜ਼ 'ਤੇ ਨਾਰੀਅਲ ਦਾ ਤੇਲ ਲਾਉ ਅਤੇ ਸਾਫ਼ ਸਫਾਈ ਜ਼ਰੂਰ ਰੱਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)