ਮੈਂ ਤਾਂ ਬੋਲਾਂਗੀ-3: ਪੰਜਾਬ 'ਚ ਮੁੰਡੇ ਖ਼ਿਲਾਫ਼ ਬੋਲਣ ਦੀ ਇਸ ਕੁੜੀ ਨੂੰ ਇਹ ਸਜ਼ਾ ਮਿਲੀ

ਦੋ ਸਾਲ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੀਆਂ ਛੇ ਕੁੜੀਆਂ 'ਤੇ ਦੋ ਮੁੰਡਿਆਂ ਨੇ ਤੇਜ਼ਾਬ ਸੁੱਟਿਆ। 28 ਫਰਵਰੀ ਨੂੰ ਗੁਰਦਾਸਪੁਰ ਦੀ ਅਦਾਲਤ ਨੇ ਇੱਕ ਦੋਸ਼ੀ ਨੂੰ 18 ਸਾਲ ਤੇ ਦੂਜੇ ਨੂੰ 15 ਸਾਲ ਦੀ ਸਜ਼ਾ ਸੁਣਾਈ। ਤੇਜ਼ਾਬ ਦੀ ਸ਼ਿਕਾਰ ਹੋਈ ਇੱਕ ਕੁੜੀ ਨੇ ਗੁਰਪ੍ਰੀਤ ਸਿੰਘ ਚਾਵਲਾ ਨੂੰ ਹੱਡਬੀਤੀ ਸੁਣਾਈ।
ਉਸ ਦਿਨ ਮੈਂ ਬਹੁਤ ਖ਼ੁਸ਼ ਸੀ ਕਿਉਂਕਿ ਮੇਰੇ ਅੱਠਵੀਂ ਦੇ ਬੋਰਡ ਦਾ ਆਖਰੀ ਇਮਤਿਹਾਨ ਸੀ। ਮੈਂ ਦਹੀਂ ਖਾ ਕੇ ਇਮਤਿਹਾਨ ਦੇਣ ਗਈ।
ਸਕੂਲ ਜਾਂਦੇ ਸਮੇਂ ਸਾਹਮਣੇ ਦੋ ਮੁੰਡੇ ਆਏ ਅਤੇ ਉਨ੍ਹਾਂ ਨੇ ਸਾਡੇ ਉੱਤੇ ਤੇਜ਼ਾਬ ਸੁੱਟ ਦਿੱਤਾ। ਉਸ ਟਾਈਮ ਮੈਂ ਬਹੁਤ ਤੜਫੀ। ਮੈਨੂੰ ਪਤਾ ਨਹੀਂ ਸੀ ਕਿ ਮੇਰੇ ਉੱਤੇ ਤੇਜ਼ਾਬ ਸੁੱਟਿਆ ਗਿਆ ਹੈ। ਮੈਨੂੰ ਲੱਗਿਆ ਉਹ ਮੇਰੇ ਉੱਪਰ ਮਿਰਚਾਂ ਪਾ ਗਏ। ਮੇਰੀ ਚਮੜੀ ਫੁੱਲਣ ਲੱਗ ਪਈ। ਮੇਰੀ ਚੁੰਨੀ ਅਤੇ ਕਮੀਜ਼ ਸੜ ਗਏ।
ਮੈਨੂੰ ਬਸ ਇਹ ਖਿਆਲ ਆਇਆ ਕਿ ਮੈਂ ਕਿਸੇ ਤਰ੍ਹਾਂ ਆਪਣੀ ਇੱਜ਼ਤ ਬਚਾ ਕੇ ਘਰ ਪਹੁੰਚ ਜਾਵਾਂ, ਇਸ ਤੋਂ ਪਹਿਲਾਂ ਕਿ ਉਹ ਮੁੰਡੇ ਵਾਪਸ ਨਾ ਆ ਜਾਣ। ਮੈਂ ਬਹੁਤ ਡਰ ਗਈ ਸੀ।

ਤਸਵੀਰ ਸਰੋਤ, BBC/Gurpreet Chawla
ਮੇਰੇ ਕੋਲ ਮੇਰਾ ਐਗਜ਼ਾਮਬੋਰਡ ਸੀ, ਜੋ ਮੈਂ ਆਪਣੇ ਅੱਗੇ ਰੱਖ ਕੇ ਘਰ ਵੱਲ ਭੱਜੀ। ਆਪਣੇ ਘਰ ਦੇ ਬਾਹਰ ਪਹੁੰਚ ਕੇ ਮੈਂ ਡਿੱਗ ਪਈ।
ਤੇਜ਼ਾਬ ਮੇਰੇ ਅੰਦਰ ਵੀ ਚਲਾ ਗਿਆ ਸੀ। ਮੈਨੂੰ ਉਲਟੀਆਂ ਆਉਣ ਲੱਗ ਗਈਆਂ।
'ਮੈਨੂੰ ਬਚਣ ਦੀ ਉਮੀਦ ਨਹੀਂ ਸੀ'
ਮੇਰੇ ਚਾਚਾ ਜੀ ਦਾ ਬੇਟਾ ਮੈਨੂੰ ਹਸਪਤਾਲ ਲੈ ਕੇ ਗਿਆ। ਮੈਨੂੰ ਉਮੀਦ ਨਹੀਂ ਸੀ ਕਿ ਮੈਂ ਬਚ ਜਾਵਾਂਗੀ।
ਮੇਰਾ ਚਿਹਰਾ ਸੜ ਗਿਆ ਅਤੇ ਸਰੀਰ 'ਤੇ ਸੋਜਸ਼ ਆ ਗਈ ਸੀ। ਮੈਨੂੰ ਜਲਣ ਹੋ ਰਹੀ ਸੀ।
ਸਾਡੇ ਪਿੰਡ ਦੇ ਇੱਕ ਬੰਦੇ ਨੇ ਮੈਨੂੰ ਫੋਰਟਿਸ ਹਸਪਤਾਲ ਭੇਜਿਆ। ਜਿੱਥੇ ਇੱਕ ਪਾਸੇ ਮੇਰਾ ਇਲਾਜ ਚੱਲ ਰਿਹਾ ਸੀ ਉੱਥੇ ਦੂਜੇ ਪਾਸੇ ਕੇਸ ਵੀ ਸ਼ੁਰੂ ਹੋ ਗਿਆ ਸੀ।
ਮੇਰੇ ਭਰਾ ਵਕੀਲ ਕੋਲ ਜਾਂਦੇ ਸੀ ਅਤੇ ਮੈਨੂੰ ਕਹਿੰਦੇ ਸੀ ਕਿ ਮੈਨੂੰ ਅਜੇ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ, ਕੋਰਟ ਵਿੱਚ ਵੀ ਆਉਣਾ ਪਵੇਗਾ, ਬੜੇ ਧੱਕੇ ਖਾਣੇ ਪੈਣਗੇ।
ਮੇਰੇ ਸਾਹਮਣੇ ਇੱਕ ਲੰਬੀ ਲੜਾਈ ਸੀ, ਪਰ ਮੈਂ ਚਾਹੁੰਦੀ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਪਿਛਲੇ ਦੋ ਸਾਲਾਂ ਦੀ ਲੜਾਈ ਵਿੱਚ ਮੈਂ ਇੱਕ ਦਿਨ ਵੀ ਘਰ ਨਹੀਂ ਬੈਠੀ।

ਤਸਵੀਰ ਸਰੋਤ, BBC/Gurpreet Chawla
ਮੈਂ ਬਹੁਤ ਰੋਈ ਪਰ ਕਦੇ ਆਪਣੇ ਦੁੱਖ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ....ਆਪਣੇ ਮਾਪਿਆਂ ਨਾਲ ਵੀ ਨਹੀਂ।
ਅਸਲ 'ਚ ਇਹ ਸਾਰਾ ਕਿੱਸਾ ਉਸ ਸਮੇ ਸ਼ੁਰੂ ਹੋਇਆ ਜਦੋਂ ਅਸੀਂ ਸੱਤਵੀਂ ਕਲਾਸ ਵਿੱਚ ਸੀ। ਇੱਕ ਮੁੰਡਾ ਮੇਰੀ ਕਲਾਸ ਵਿੱਚ ਪੜ੍ਹ ਰਹੀ ਮਨੂ (ਬਦਲਿਆ ਨਾਮ) ਨੂੰ ਤੰਗ ਕਰਦਾ ਸੀ।
ਜਦੋਂ ਅਸੀਂ ਅੱਠਵੀਂ ਕਲਾਸ ਵਿੱਚ ਹੋਏ ਮਨੂ ਨੇ ਮੈਨੂੰ ਇਹ ਗੱਲ ਦੱਸੀ।
ਇਸ ਤੋਂ ਪਹਿਲਾਂ ਉਹ ਅਧਿਆਪਕਾਂ ਕੋਲ ਵੀ ਗਈ ਸੀ। ਜਦੋਂ ਉਨ੍ਹਾਂ ਨੇ ਧਿਆਨ ਨਾ ਦਿੱਤਾ ਤਾਂ ਮਨੂ ਨੇ ਮੇਰੇ ਨਾਲ ਗੱਲ ਕੀਤੀ।
ਮੈਂ ਉਸ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰਨ ਦੀ ਥਾਂ ਉਸ ਨੂੰ ਆਪਣੇ ਮਾਪਿਆਂ ਨੂੰ ਇਹ ਸਭ ਦੱਸਣਾ ਚਾਹੀਦਾ ਹੈ।
ਅਧਿਆਪਕਾਂ ਨੇ ਮੁੰਡੇ ਨੂੰ ਸਕੂਲ 'ਚੋਂ ਕੱਢ ਦਿੱਤਾ
ਮੈਂ ਕਿਹਾ ਕਿ ਜੇ ਉਹ ਅਜਿਹਾ ਕਰੇਗੀ ਤਾਂ ਕੋਈ ਉਸ ਨੂੰ ਗ਼ਲਤ ਨਹੀਂ ਕਹੇਗਾ।
ਮੈਂ ਮਨੂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਅਧਿਆਪਕਾਂ ਨੇ ਉਸ ਮੁੰਡੇ ਨੂੰ ਸਕੂਲੋਂ ਕੱਢ ਦਿੱਤਾ।

ਤਸਵੀਰ ਸਰੋਤ, ATTA KENARE/AFP/Getty Images
ਉਹ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਉਹ ਮੁੰਡਾ ਉਸ ਨੂੰ ਆਉਂਦੇ-ਜਾਂਦੇ ਵੇਖਦਾ ਸੀ। ਉਹ ਕੁੜੀ ਡਰ ਗਈ ਅਤੇ ਇੱਕ ਦਿਨ ਸਕੂਲ ਨਹੀਂ ਗਈ।
ਮੈਂ ਤੇ ਉਸ ਦੀ ਭੈਣ ਸਕੂਲ ਜਾ ਰਹੇ ਸੀ। ਉਸ ਮੁੰਡੇ ਨੇ ਸਾਨੂੰ ਰੋਕਿਆ ਅਤੇ ਪੁੱਛਿਆ ਕਿ ਮਨੂ ਕਿੱਥੇ ਹੈ।
ਅਸੀਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਸਕੂਲ ਕਿਉਂ ਨਹੀਂ ਆਈ।
ਮੁੰਡੇ ਨੇ ਸਾਡਾ ਪਿੱਛਾ ਕਰਦਿਆਂ ਕਿਹਾ ਕਿ ਤੁਸੀਂ ਮਨੂ ਬਾਰੇ ਦਸ ਕਿਉਂ ਨਹੀਂ ਰਹੇ। ਫੇਰ ਉਸ ਨੇ ਮਨੂ ਦੀ ਭੈਣ ਦੀ ਬਾਂਹ ਫੜ ਲਈ।
'ਸਾਨੂੰ ਪਤਾ ਨਹੀਂ ਸੀ ਜ਼ਿੰਦਗੀ ਖ਼ਰਾਬ ਹੋਣ ਵਾਲੀ ਹੈ'
ਮੈਨੂੰ ਬਹੁਤ ਡਰ ਲੱਗਾ ਅਤੇ ਗੁੱਸਾ ਵੀ ਆਇਆ, ਪਰ ਮੈਂ ਕੁਝ ਕਰ ਨਹੀਂ ਸੀ ਸਕਦੀ। ਮੈਂ ਉਸਨੂੰ ਕਿਹਾ ਕਿ ਆਪਾਂ ਦੌੜ ਜਾਈਏ।
ਅਸੀਂ ਇਸ ਮੁੰਡੇ ਨਾਲ ਕਿਵੇਂ ਲੜਾਂਗੇ। ਅਸੀਂ ਸਕੂਲ ਚਲੀਆਂ ਗਈਆਂ ਅਤੇ ਅਧਿਆਪਕਾਂ ਨੂੰ ਸਾਰਾ ਕਿੱਸਾ ਸੁਣਾਇਆ। ਅਧਿਆਪਕਾਂ ਨੇ ਇੱਕ ਕੰਨ ਤੋਂ ਸੁਣਿਆ ਦੂਜੇ ਤੋਂ ਕੱਢ ਦਿੱਤਾ।

ਤਸਵੀਰ ਸਰੋਤ, CHANDAN KHANNA/AFP/Getty Images
ਮੈਂ ਆਪਣੇ ਘਰ ਆ ਕੇ ਦੱਸਿਆ ਕਿ ਉਸ ਮੁੰਡੇ ਨੇ ਮੈਨੂੰ ਤੰਗ ਕੀਤਾ। ਉਨ੍ਹਾਂ ਨੇ ਵੀ ਗੌਰ ਨਹੀਂ ਕੀਤਾ ਤੇ ਕਿਹਾ ਕਿ ਤੂੰ ਸਕੂਲ ਜਾ। ਐਵੇਂ ਕਿਉਂ ਕਿਸੇ ਹੋਰ ਦੀ ਲੜਾਈ ਵਿੱਚ ਸ਼ਾਮਲ ਹੋਣਾ।
ਮੈਂ ਹਿੰਮਤ ਕਰ ਕੇ ਸਕੂਲ ਜਾਂਦੀ ਰਹੀ। ਉਹ ਮੁੰਡਾ ਤੰਗ ਕਰਦਾ ਰਿਹਾ। ਇਸ ਸਭ ਦੇ ਵਿੱਚ ਅੱਠਵੀਂ ਕਲਾਸ ਖ਼ਤਮ ਹੋਣ ਵਾਲੀ ਸੀ।
ਮੁੰਡੇ ਨੇ ਤਾਂ ਜਿਵੇਂ ਸੋਚ ਰੱਖਿਆ ਸੀ ਕਿ ਇਨ੍ਹਾਂ ਦੀ ਜ਼ਿੰਦਗੀ ਖਰਾਬ ਕਰਨੀ ਹੀ ਹੈ।
ਮਾਰਚ 16 ਦਾ ਉਹ ਦਿਨ ਆ ਗਿਆ ਜਦੋਂ ਅਸੀਂ ਹੱਸਦੇ ਖੇਡਦੇ ਸਕੂਲ ਤੋਂ ਆ ਰਹੇ ਸੀ।
ਸਾਨੂੰ ਨਹੀਂ ਪਤਾ ਸੀ ਕਿ ਸਾਡੀ ਜ਼ਿੰਦਗੀ ਖਰਾਬ ਹੋਣ ਵਾਲੀ ਹੈ। ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਕੁਝ ਝੱਲਿਆ ਹੈ।
ਮੇਰੇ ਦਿਲ ਵਿੱਚ ਇਹ ਸਵਾਲ ਵਾਰ-ਵਾਰ ਉੱਠਦਾ ਹੈ ਕਿ ਆਖ਼ਰ ਮੇਰੀ ਗਲਤੀ ਕੀ ਸੀ।
ਇਸ ਚੀਜ਼ ਨੂੰ ਮੈਂ ਭੁੱਲ ਨਹੀਂ ਸਕਦੀ। ਮੈਨੂੰ ਲੱਗਦਾ ਹੈ ਕਿ ਜਾਂ ਤਾਂ ਮੈਂ ਉਸ ਮੁੰਡੇ ਨੂੰ ਮਾਰ ਦੇਵਾਂ ਜਾਂ ਆਪ ਮਰ ਜਾਵਾਂ। ਪਰ ਮੈਂ ਇਹ ਨਹੀਂ ਕਰ ਸਕਦੀ।













