ਮੈਂ ਤਾਂ ਬੋਲਾਂਗੀ-2: 'ਮੈਂ ਅੱਜ ਵੀ ਲਾਈਟਾਂ ਬੁਝਾ ਕੇ ਨਹੀਂ ਸੌਂ ਸਕਦੀ'

ਤਿੰਨ ਸਾਲ ਪਹਿਲਾਂ ਇੱਕ ਸਕੂਲ ਜਾਣ ਵਾਲੀ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਉਹ ਉਸ ਵੇਲੇ 17 ਸਾਲ ਦੀ ਸੀ। ਇਸ ਕੇਸ ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜ ਦੋਸ਼ੀਆਂ ਨੂੰ 25 ਸਾਲ ਦੀ ਸਜ਼ਾ ਸੁਣਾਈ। ਉਸ ਕੁੜੀ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਹੱਡਬੀਤੀ ਸੁਣਾਈ।
11 ਸਤੰਬਰ 2015 ਦਾ ਦਿਨ ਸੀ। ਉਸ ਦਿਨ ਮੇਰਾ ਮੈਥ ਦਾ ਇਮਤਿਹਾਨ ਸੀ। ਮੈਂ ਪ੍ਰਸ਼ਨ ਪੱਤਰ ਆਪਣੀ ਟਿਊਸ਼ਨ ਟੀਚਰ ਨੂੰ ਦਿਖਾਉਣ ਜਾ ਰਹੀ ਸੀ।
ਜਦੋਂ ਮੈਂ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਦਿਖਾ ਕੇ ਵਾਪਸ ਆ ਰਹੀ ਸੀ ਤਾਂ ਅਚਾਨਕ ਸੜਕ ਦੀ ਸਟਰੀਟ ਲਾਈਟ ਬੰਦ ਹੋ ਗਈ।
ਇਸ ਤੋਂ ਥੋੜ੍ਹੀ ਦੇਰ ਬਾਅਦ ਅਚਾਨਕ ਇੱਕ ਤੇਜ਼ ਰਫਤਾਰ ਵੈਨ ਮੇਰੇ ਵੱਲ ਆਈ।
ਇਸ ਤੋਂ ਪਹਿਲਾਂ ਮੈਂ ਸੰਭਲਦੀ. ਉਹਨਾਂ ਵਿੱਚੋਂ ਇੱਕ ਨੌਜਵਾਨ ਨੇ ਮੈਨੂੰ ਬਾਂਹ ਤੋਂ ਫੜ ਕੇ ਅੰਦਰ ਖਿੱਚ ਲਿਆ।
ਵੈਨ 'ਚ ਸੁੱਟ ਕੇ ਜੰਗਲ ਵਿੱਚ ਲੈ ਗਏ
ਇਸ ਤੋਂ ਬਾਅਦ ਵੈਨ ਦੀ ਸਪੀਡ ਹੋਰ ਵੱਧ ਗਈ। ਮੈਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਕੋਈ ਵਾਹ ਨਾ ਚੱਲੀ।
ਉਹ ਮੈਨੂੰ ਮੇਰੇ ਘਰ ਦੇ ਨੇੜੇ ਇੱਕ ਜੰਗਲ ਵਿੱਚ ਲੈ ਗਏ, ਮੇਰੇ ਨਾਲ ਬਲਾਤਕਾਰ ਕੀਤਾ ਅਤੇ ਮੈਨੂੰ ਉਥੇ ਹੀ ਛੱਡ ਕੇ ਭੱਜ ਗਏ।
ਇਸ ਤੋਂ ਬਾਅਦ ਕਿਸੇ ਤਰ੍ਹਾਂ ਮੈਂ ਰਾਤ 11 ਵਜੇ ਆਪਣੇ ਘਰ ਵਾਪਸ ਪਹੁੰਚੀ ਅਤੇ ਇਹ ਸਾਰੀ ਘਟਨਾ ਆਪਣੀ ਮਾਂ ਨੂੰ ਸੁਣਾਈ। ਉਹ ਹਾਦਸਾ ਹਾਲੇ ਵੀ ਮੇਰੇ ਦਿਮਾਗ 'ਚੋਂ ਗਿਆ ਨਹੀਂ ਹੈ।
ਸਮਾਜ ਦੇ ਡਰ ਦੇ ਕਾਰਨ ਮਾਂ ਨੇ ਪੁਲਿਸ ਕੋਲ ਨਾ ਜਾਣ ਦੀ ਤਾਕੀਦ ਕੀਤੀ। ਪਰ ਮੈਂ ਇਨਸਾਫ਼ ਚਾਂਹੁੰਦੀ ਸੀ।
ਮੈਂ ਚਾਂਹੁੰਦੀ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਘਟਨਾ ਤੋਂ ਅਗਲੇ ਦਿਨ ਮੈਂ ਆਪਣੀ ਮਾਂ ਨੂੰ ਲੈ ਕੇ ਪੁਲਿਸ ਸਟੇਸ਼ਨ ਗਈ ਅਤੇ ਮਾਮਲਾ ਦਰਜ ਕਰਵਾਇਆ।
ਮੈਨੂੰ ਬਾਹਰ ਜਾਣ ਤੋਂ ਲਗਦਾ ਹੈ ਡਰ
ਮੈਂ ਹੁਣ ਵੀ ਬਾਹਰ ਜਾਂਦੀ ਹੋਈ ਬਹੁਤ ਡਰਦੀ ਹਾਂ। ਜਦੋਂ ਮੈਂ ਬਾਹਰ ਜਾਵਾਂ ਤੇ ਕੋਈ ਮੈਨੂੰ ਘੂਰੇ, ਗਲਤ ਨਜ਼ਰ ਨਾਲ ਦੇਖੇ ਜਾਂ ਪਿੱਛਾ ਕਰੇ ਤਾਂ ਮੈਂ ਡਰ ਜਾਂਦੀ ਹਾਂ।
ਮੈਂ ਔਰਤਾਂ ਦੀ ਭੀੜ ਵਿੱਚ ਸ਼ਾਮਲ ਹੋ ਜਾਂਦੀ ਹਾਂ।

ਤਸਵੀਰ ਸਰੋਤ, SAJJAD HUSSAIN/AFP/Getty Images
ਰਾਤ ਨੂੰ ਮੈਂ ਲਾਈਟ ਤੋਂ ਬਿਨਾਂ ਸੌਂ ਨਹੀਂ ਸਕਦੀ। ਮੈਨੂੰ ਡਰ ਲਗਦਾ ਹੈ ਕਿ ਜਿਹੜਾ ਹਾਦਸਾ ਪਹਿਲਾਂ ਹੋਇਆ ਸੀ ਉਹ ਦੁਬਾਰਾ ਨਾ ਹੋ ਜਾਵੇ।
ਜਦੋਂ ਮੇਰੇ ਪਿਤਾ ਦੀ ਮੌਤ ਹੋਈ ਉਦੋਂ ਮੈ ਚਾਰ ਸਾਲ ਦੀ ਸੀ। ਮੇਰੀਆਂ ਅੱਖਾਂ ਸਾਹਮਣੇ ਪਿਤਾ ਇਸ ਜਹਾਨ ਤੋਂ ਰੁਖ਼ਸਤ ਹੋ ਗਏ।
ਜਦੋਂ ਉਨ੍ਹਾਂ ਦੀ ਮੌਤ ਹੋਈ, ਮੈਂ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਚੀਕੂ ਖਵਾਉਣ ਜਾ ਰਹੀ ਸੀ। ਉਨ੍ਹਾਂ ਨੇ ਇਕ ਬਾਈਟ ਆਪਣੇ ਮੂੰਹ ਵਿੱਚ ਪਾਈ ਅਤੇ ਕਹਿਣ ਲੱਗੇ ਕਿ ਇਹ ਦੁਨੀਆਂ ਬਹੁਤ ਬੁਰੀ ਹੈ।
ਤੂੰ ਆਪਣਾ ਅਤੇ ਆਪਣੀ ਮੰਮੀ ਦਾ ਧਿਆਨ ਰੱਖੀਂ ਤੇ ਕਿਸੇ ਕੋਲੋਂ ਡਰੀ ਨਾਂ। ਜੇ ਤੇਰੇ ਨਾਲ ਕਦੇ ਕੁਝ ਵੀ ਗਲਤ ਹੋਏ ਤਾਂ ਡੱਟ ਕੇ ਸਾਹਮਣਾ ਕਰੀਂ।
ਇਹ ਗੱਲ ਮੈਨੂੰ ਹਾਲੇ ਵੀ ਯਾਦ ਹੈ। ਉਨ੍ਹਾਂ ਦੇ ਇਨ੍ਹਾਂ ਆਖਰੀ ਬੋਲਾਂ ਨੇ ਇਸ ਸਬਕ ਨੇ ਮੈਨੂੰ ਕੇਸ ਲੜਨ ਲਈ ਹਿੰਮਤ ਦਿੱਤੀ।
'ਸੰਗੀਤ ਸਿੱਖਣ ਦਾ ਸੁਪਨਾ ਟੁੱਟ ਗਿਆ'
ਮੇਰਾ ਬਚਪਨ ਤੋਂ ਸੁਪਨਾ ਸੀ ਕਿ ਮੈਂ ਸੰਗੀਤ ਵਿੱਚ ਅੱਗੇ ਜਾਵਾਂ। ਮੈਂ ਸ਼ੁਰੂ ਤੋਂ ਸੰਗੀਤ ਸਿੱਖਣਾ ਚਾਹੁੰਦੀ ਸੀ।

ਤਸਵੀਰ ਸਰੋਤ, SAM PANTHAKY/AFP/Getty Images
ਮੇਰੀ ਮੰਮੀ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਉਨ੍ਹਾਂ ਨੂੰ ਕਹਿ ਸਕਾਂ ਕਿ ਮੈਨੂੰ ਸੰਗੀਤ ਦੀ ਕਲਾਸ ਵਿੱਚ ਦਾਖਲਾ ਦਿਵਾਓ।
ਮੈਂ ਫੋਨ ਵਿੱਚ ਡਾਊਨਲੋਡ ਕਰ ਕੇ ਸੰਗੀਤ ਸਿੱਖਦੀ ਰਹਿੰਦੀ ਸੀ। ਓਨਾ ਨਾ ਹੋ ਸਕਿਆ ਜਿੰਨਾਂ ਮੈਂ ਚਾਹੁੰਦੀ ਸੀ। ਇਸ ਹਾਦਸੇ ਨਾਲ ਮੇਰਾ ਇਹ ਸੁਪਨਾ ਵੀ ਟੁੱਟ ਗਿਆ।
ਭਾਵੇਂ ਦੋਸ਼ੀਆਂ ਨੂੰ ਉਹਨਾਂ ਦੇ ਕੀਤੇ ਦੇ ਸਜ਼ਾ ਮਿਲ ਗਈ ਹੈ ਪਰ ਇਸ ਹਾਦਸੇ ਦਾ ਦਰਦ ਮੈਨੂੰ ਪੂਰੀ ਜ਼ਿੰਦਗੀ ਰਹੇਗਾ।
ਮੇਰੀ ਹਿੰਮਤ ਟੁੱਟ ਗਈ ਹੈ। ਮੈਂ ਕਾਲਜ ਵਿੱਚ ਦਾਖਲਾ ਲਿਆ ਪਰ ਡਰ ਦੇ ਕਾਰਨ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ।
ਮੈਂ ਘਰ ਰਹਿ ਕੇ ਮਾਂ ਦੀ ਦੇਖ-ਭਾਲ ਕਰਦੀ ਹਾਂ। ਉਨ੍ਹਾਂ ਨੂੰ ਕੈਂਸਰ ਹੈ। ਉਨ੍ਹਾਂ ਨੂੰ ਦੇਖ ਕੇ ਮੈਂ ਆਪਣਾ ਹੌਸਲਾ ਕਾਇਮ ਰੱਖਦੀ ਹਾਂ।













