ਨਜ਼ਰੀਆ: ਮੈਂ ਤਾਂ ਬੋਲਾਂਗੀ-1 'ਹੈ ਕੋਈ ਇਸ ਤਰ੍ਹਾਂ ਦੀ ਕੁੜੀ...'

- ਲੇਖਕ, ਖ਼ੁਸ਼ਬੂ ਸੰਧੂ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਕੀ ਤੁਹਾਡੇ ਵਿੱਚੋਂ ਕੋਈ ਅਜਿਹੀ ਕੁੜੀ ਹੈ, ਜਿਸ ਨੂੰ ਕਿਸੇ ਮੁੰਡੇ ਨੇ ਕਦੇ ਛੇੜਿਆ ਨਾ ਹੋਵੇ, ਜਾਂ ਤੁਹਾਡੇ ਵਿੱਚੋਂ ਕੋਈ ਅਜਿਹੀ ਹੈ ਜਿਸ ਦੀ ਮਾਂ ਇਹ ਮੰਨ ਲਏ ਕਿ ਤੁਹਾਡਾ ਭਰਾ ਜਿਨਸੀ ਸ਼ੋਸ਼ਣ ਦਾ ਦੋਸ਼ੀ ਹੈ।
ਹਰ ਮਾਂ ਮੁਤਾਬਿਕ ਉਸ ਨੇ ਸਾਊ ਪੁੱਤ ਜੰਮਿਆ ਹੈ। ਜੇਕਰ ਸੱਚੀਂ ਅਜਿਹਾ ਹੈ ਤਾਂ ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਮੌਕੇ ਘਬਰਾਹਟ ਮਹਿਸੂਸ ਕਿਉਂ ਹੁੰਦੀ ਹੈ, ਖਾਸ ਕਰ ਰਾਤ ਦੇ ਸਮੇਂ?
ਕੀ ਤੁਹਾਨੂੰ ਮੁੰਡਿਆਂ ਦੇ ਗੰਦੇ ਇਸ਼ਾਰਿਆਂ ਅਤੇ ਛੇੜਖਾਨੀ ਤੋਂ ਘ੍ਰਿਣਾ ਆਉਂਦੀ ਹੈ। ਕੀ ਤੁਸੀਂ ਅੱਖਾਂ ਨੀਵੀਆਂ ਕਰ ਕੇ ਚੁੱਪਚਾਪ ਉਥੋਂ ਲੰਘ ਜਾਣ ਵਿੱਚ ਹੀ ਬਿਹਤਰੀ ਸਮਝਦੇ ਹੋ?
ਅੰਕੜੇ ਦੱਸਦੇ ਨੇ ਕਿ ਜਨਤਕ ਥਾਵਾਂ 'ਤੇ ਔਰਤਾਂ ਨਾਲ ਛੇੜਖਾਨੀ ਵਧਦੀ ਜਾ ਰਹੀ ਹੈ। ਭਾਵੇਂ ਉਹ ਸਕੂਲ ਜਾਣ ਵਾਲੀਆਂ ਕੁੜੀਆਂ ਹੋਣ, ਕਾਲਜ ਵਿੱਚ ਪੜ੍ਹ ਰਹੀਆਂ ਵਿਦਿਆਰਥਣਾ ਜਾਂ ਦਫ਼ਤਰ 'ਚ ਕੰਮ ਕਰ ਰਹੀਆਂ ਔਰਤਾਂ - ਕਿਸੇ ਵੀ ਉਮਰ ਵਿੱਚ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਸਕਦੀਆਂ ਹਨ।
ਸ਼ੋਸ਼ਣ ਕਈ ਤਰ੍ਹਾਂ ਦਾ ਹੋ ਸਕਦਾ ਹੈ - ਭਾਵੇਂ ਕੋਈ ਮੁੰਡਾ ਕਿਸੇ ਕੁੜੀ ਦਾ ਪਿੱਛਾ ਕਰੇ, ਜ਼ਬਰਦਸਤੀ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੇ, ਗੰਦੇ ਇਸ਼ਾਰੇ ਕਰੇ ਜਾਂ ਆਪਣੇ ਗੁਪਤ ਅੰਗ ਦਿਖਾਏ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਹਨ ਕਿ ਕੋਈ ਜਵਾਬ ਨਾ ਮਿਲਣ 'ਤੇ ਕੁੜੀਆਂ 'ਤੇ ਤੇਜ਼ਾਬ ਸੁੱਟਿਆ ਜਾਂਦਾ ਹੈ ਜਾਂ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ।
ਬੀਬੀਸੀ ਦੀ ਨਵੀਂ ਲੜੀ
ਅਸੀਂ ਡੁਹਾਡੇ ਲਈ ਕੁਝ ਔਰਤਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਹਾਂ, ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ।

ਤਸਵੀਰ ਸਰੋਤ, ARMEND NIMANI/AFP/Getty Images
ਇਨ੍ਹਾਂ ਵਿੱਚੋਂ ਇੱਕ ਕਹਾਣੀ ਨਾਬਾਲਿਗ ਕੁੜੀ ਦੀ ਹੈ, ਜਿਸ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ।
ਇੱਕ ਹੋਰ ਕਹਾਣੀ ਹੈ ਸਕੂਲ ਜਾਣ ਵਾਲੀ ਉਸ ਕੁੜੀ ਦੀ ਹੈ, ਜਿਸ 'ਤੇ ਇੱਕ ਮੁੰਡੇ ਨੇ ਤੇਜ਼ਾਬ ਸੁੱਟਿਆ।
ਆਪਣੀ ਹੱਡਬੀਤੀ ਸੁਣਾਉਂਦੀ ਇੱਕ ਕੁੜੀ ਨੇ ਦੱਸਿਆ ਕਿਵੇਂ ਇੱਕ ਮੁੰਡੇ ਨੇ ਉਸ ਦਾ ਜਿਉਣਾ ਦੁੱਭਰ ਕਰ ਦਿੱਤਾ।
ਕੁੜੀਆਂ ਦੇ ਆਉਣ-ਜਾਣ 'ਤੇ ਲਗਦੀ ਹੈ ਪਾਬੰਦੀ
ਇਸ ਤਰ੍ਹਾਂ ਦੀਆਂ ਵੀ ਕਈ ਮਿਸਾਲਾਂ ਹਨ ਕਿ ਛੇੜਖਾਨੀ ਤੋਂ ਤੰਗ ਆ ਕੇ ਕੁੜੀਆਂ ਨੇ ਸਕੂਲ ਜਾਣਾ ਹੀ ਛੱਡ ਦਿੱਤਾ।
ਮਾਪੇ ਕੁੜੀਆਂ ਨੂੰ ਅੱਗੇ ਪੜ੍ਹਨ ਤੋਂ ਇਸ ਲਈ ਹਟਾ ਲੈਂਦੇ ਹਨ ਕਿਉਂਕਿ ਘਰ ਨੇੜੇ ਸੀਨੀਅਰ ਸੈਕੰਡਰੀ ਸਕੂਲ ਨਹੀਂ ਸੀ।
ਕੁੜੀਆਂ ਘਰ ਤੋਂ ਬਾਹਰ ਨਾ ਜਾਣ, ਇਸ ਲਈ ਕਾਲਜ ਜਾਣ ਤੋਂ ਪਹਿਲਾਂ ਬਹੁਤ ਸਾਰੀਆਂ ਕੁੜੀਆਂ ਦੀ ਪੜ੍ਹਾਈ ਛੁਡਾ ਦਿੱਤੀ ਜਾਂਦੀ ਹੈ।
ਕੁੜੀਆਂ ਦਾ ਕਹਿਣਾ ਹੈ ਕਿ ਜੇ ਉਹ ਆਪਣੇ ਮਾਪਿਆਂ ਨੂੰ ਇਹ ਦੱਸ ਦੇਣ ਕਿ ਕੋਈ ਮੁੰਡਾ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ ਤਾਂ ਘਰ ਵਾਲੇ ਇਸ ਵਿੱਚ ਉਨ੍ਹਾਂ ਦੀ ਹੀ ਗਲਤੀ ਕੱਢਦੇ ਹਨ।

ਤਸਵੀਰ ਸਰੋਤ, MANJUNATH KIRAN/AFP/Getty Images
ਉਨ੍ਹਾਂ ਦੇ ਆਉਣ-ਜਾਣ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ, ਪਰ ਮੁੰਡਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ। ਇਸ ਡਰ ਦੀਆਂ ਮਾਰੀਆਂ ਕੁੜੀਆਂ ਘਰੋਂ ਕੋਈ ਵੀ ਗੱਲ ਕਰਨ ਤੋਂ ਝਿਜਕਦੀਆਂ ਹਨ।
ਔਰਤਾਂ ਦੇ ਵਿਸ਼ਿਆਂ ਦੀ ਮਾਹਿਰ ਪ੍ਰੋਫੈਸਰ ਪੈਮ ਰਾਜਪੂਤ ਨੇ ਕਿਹਾ, "ਜਨਤਕ ਥਾਵਾਂ 'ਤੇ ਔਰਤਾਂ ਦਾ ਸ਼ੋਸ਼ਣ ਨਵੀਂ ਗੱਲ ਨਹੀਂ, ਪਰ ਹੁਣ ਇਹ ਬਹੁਤ ਵਧ ਗਿਆ ਹੈ। ਇਹ ਇੱਕ ਗੰਭੀਰ ਮਸਲਾ ਹੈ ਜਿਸ ਦੇ ਹੱਲ ਲਈ ਬਹੁ-ਪੱਖੀ ਰਣਨੀਤੀ ਬਣਾਉਣ ਦੀ ਲੋੜ ਹੈ। ਸਿਰਫ਼ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਨਾਅਰਾ ਦੇਣ ਨਾਲ ਇਹ ਠੀਕ ਨਹੀਂ ਹੋ ਸਕਦਾ।"
ਉਨ੍ਹਾਂ ਅੱਗੇ ਕਿਹਾ, "ਸ਼ੋਸ਼ਣ ਕਰ ਕੇ ਕੁੜੀਆਂ ਅੱਗੇ ਵਧਣ ਦੇ ਮੌਕੇ ਗੁਆ ਰਹੀਆਂ ਹਨ। ਮੌਕਿਆਂ ਦਾ ਫਾਇਦਾ ਲੈਣ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਇਸ ਦਾ ਜੋ ਅਸਰ ਪੈ ਰਿਹਾ ਹੈ ਉਸ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ।"
ਕੀ ਕਹਿੰਦੇ ਹਨ ਅੰਕੜੇ?
ਐੱਨਸੀਆਰਬੀ ਮੁਤਾਬਕ, 2016 ਵਿੱਚ ਪੰਜਾਬ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ 325 ਮਾਮਲੇ ਦਰਜ ਕੀਤੇ ਗਏ। ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ 'ਤੇ ਹਮਲੇ ਦੇ 1025 ਕੇਸ ਦਰਜ ਕੀਤੇ ਗਏ।
ਇਸ ਤੋਂ ਇਲਾਵਾ ਬਲਾਤਕਾਰ ਦੇ 838 ਮਾਮਲੇ, ਸਮੂਹਿਕ ਬਲਾਤਕਾਰ ਦੇ 838 ਮਾਮਲੇ ਅਤੇ ਪਿੱਛਾ ਕਰਨ ਦੇ 99 ਕੇਸ ਦਰਜ ਕੀਤੇ ਗਏ।
ਇਸੇ ਦੌਰਾਨ ਹਰਿਆਣੇ ਵਿੱਚ ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ 'ਤੇ ਹਮਲੇ ਦੇ 1860 ਕੇਸ ਅਤੇ ਜਿਨਸੀ ਸ਼ੋਸ਼ਣ ਦੇ 325 ਕੇਸ ਦਰਜ ਕੀਤੇ ਗਏ।
ਸੂਬੇ ਵਿੱਚ ਬਲਾਤਕਾਰ ਦੇ 1187 ਕੇਸ, ਸਮੂਹਿਕ ਬਲਾਤਕਾਰ ਦੇ 191 ਕੇਸ ਅਤੇ ਪਿੱਛਾ ਕਰਨ ਦੇ 321 ਕੇਸ ਦਰਜ ਕੀਤੇ ਗਏ।
'ਸਿਸਟਮ ਨੂੰ ਬਦਲਣ ਦੀ ਲੋੜ'
ਪ੍ਰੋਫੈਸਰ ਪੈਮ ਰਾਜਪੂਤ ਦਾ ਮੰਨਣਾ ਹੈ ਕਿ ਅਜੇ ਸਾਡਾ ਸਿਸਟਮ ਕੁੜੀਆਂ ਦੀ ਮਦਦ ਲਈ ਤਿਆਰ ਨਹੀਂ ਹੈ।

ਤਸਵੀਰ ਸਰੋਤ, INDRANIL MUKHERJEE/AFP/Getty Images
ਉਹ ਕਹਿੰਦੇ ਹਨ ਕਿ ਜ਼ਿਆਦਾਤਰ ਕੁੜੀਆਂ ਆਪਣੇ ਨਾਲ ਹੋ ਰਹੇ ਸ਼ੋਸ਼ਣ ਬਾਰੇ ਸ਼ਿਕਾਇਤ ਨਹੀਂ ਕਰਦੀਆਂ।
ਜੇ ਉਹ ਸ਼ਿਕਾਇਤ ਕਰ ਵੀ ਦੇਣ ਤਾਂ ਕਾਨੂੰਨੀ ਕਾਰਵਾਈ ਇੰਨੀ ਲੰਬੀ ਚਲਦੀ ਹੈ ਕਿ ਉਹ ਹਿੰਮਤ ਹਾਰ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਕੁੜੀਆਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਸਿਸਟਮ ਦਾ ਇੱਕ ਅੰਦਰੂਨੀ ਹਿੱਸਾ ਬਣਾਉਣਾ ਜ਼ਰੂਰੀ ਹੈ।
ਕੁੜੀਆਂ ਤੇ ਮੁੰਡਿਆਂ ਦੇ ਪਾਲਣ-ਪੋਸ਼ਣ ਵਿੱਚ ਆਏ ਬਦਲਾਅ
ਪ੍ਰੋਫੈਸਰ ਜੋਤੀ ਸੇਠ ਜੋ ਸੈਕਟਰ 42, ਚੰਡੀਗੜ੍ਹ ਵਿੱਚ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ "ਵੁਮਨ ਸੈੱਲ" ਚਲਾਉਂਦੇ ਹਨ, ਕਹਿੰਦੇ ਨੇ ਕਿ ਸ਼ੋਸ਼ਣ ਕਰਨ ਵਾਲੇ ਮਰਦ ਹਰ ਉਮਰ ਦੇ ਹਨ।
ਉਨ੍ਹਾਂ ਕਿਹਾ, "ਮੁੰਡੇ ਕੁੜੀਆਂ ਦਾ ਪਿੱਛਾ ਕਰਦੇ ਹਨ, ਉਨ੍ਹਾਂ ਨੂੰ ਜ਼ਬਰਦਸਤੀ ਆਪਣਾ ਫੋਨ ਨੰਬਰ ਦੇਣ ਦੀ ਕੋਸ਼ਿਸ਼ ਕਰਦੇ ਹਨ। ਉਹ ਸੜਕ 'ਤੇ ਆਪਣੀ ਪੈਂਟ ਦੀ ਜ਼ਿਪ ਖੋਲ ਦਿੰਦੇ ਹਨ ਅਤੇ ਗੁਪਤ ਅੰਗ ਦਿਖਾਉਂਦੇ ਹਨ। ਉਨ੍ਹਾਂ ਲਈ ਇਹ ਮਰਦਾਨਗੀ ਹੈ, ਪਰ ਉਹ ਇਹ ਨਹੀਂ ਸਮਝਦੇ ਕਿ ਕੁੜੀਆਂ ਇਸ ਨਾਲ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦੀਆਂ ਹਨ। ਕੁੜੀਆਂ ਕਹਿੰਦੀਆਂ ਹਨ ਕਿ ਉਨ੍ਹਾਂ 'ਤੇ ਕਈ ਹਫਤੇ ਇਸ ਦਾ ਅਸਰ ਰਹਿੰਦਾ ਹੈ।"
ਪ੍ਰੋਫੈਸਰ ਜੋਤੀ ਸੇਠ ਨੇ ਅੱਗੇ ਕਿਹਾ, "ਕੁੜੀਆਂ ਨੂੰ ਵਸਤੂਆਂ ਵਾਂਗ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਹਮੇਸ਼ਾ ਲੱਗਦਾ ਹੈ ਕਿ ਉਨ੍ਹਾਂ ਨੂੰ ਧਿਆਨ ਨਾਲ ਰਹਿਣ ਦੀ ਲੋੜ ਹੈ। ਇਸ ਅਸੁਰੱਖਿਅਤ ਵਾਤਾਵਰਨ ਵਿੱਚ ਉਨ੍ਹਾਂ ਦੀ ਪ੍ਰਤਿਭਾ ਕਦੇ ਵਿਕਸਤ ਨਹੀਂ ਹੋ ਸਕਦੀ। ਜੋ ਕੁੜੀਆਂ ਨਾਲ ਹੋ ਰਿਹਾ ਹੈ ਉਸ ਨੂੰ ਛੇੜਖਾਨੀ ਨਹੀਂ ਕਿਹਾ ਜਾ ਸਕਦਾ। ਇਹ ਸ਼ੋਸ਼ਣ ਹੈ ਜਿਸ ਦਾ ਅਸਰ ਕੁੜੀਆਂ 'ਤੇ ਭਾਵਨਾਤਮਕ ਅਤੇ ਮਾਨਸਿਕ ਤੌਰ 'ਤੇ ਹੁੰਦਾ ਹੈ।"
ਮਾਹਿਰਾਂ ਦਾ ਮੰਨਣਾ ਹੈ ਕਿ ਕੁੜੀਆਂ ਅਤੇ ਮੁੰਡਿਆਂ ਦੇ ਪਾਲਣ ਪੋਸ਼ਣ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਜਿਥੇ ਮੁੰਡਿਆਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਉਥੇ ਹੀ ਕੁੜੀਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਕੀ ਕਰ ਸਕਦੀਆਂ ਹਨ ਜਾਂ ਕੀ ਨਹੀਂ ਕਰ ਸਕਦੀਆਂ। ਮੁੰਡਿਆਂ ਦੇ ਬਾਹਰ ਜਾਣ ਤੇ ਵੀ ਕੋਈ ਸਵਾਲ ਨਹੀਂ ਚੁੱਕੇ ਜਾਂਦੇ, ਪਰ ਕੁੜੀਆਂ ਲਈ ਸਵਾਲਾਂ ਦੀ ਝੜੀ ਲਗ ਜਾਂਦੀ ਹੈ।

ਤਸਵੀਰ ਸਰੋਤ, MARK RALSTON/AFP/Getty Images
ਪ੍ਰੋਫੈਸਰ ਜੋਤੀ ਸੇਠ ਦਾ ਕਹਿਣਾ ਹੈ, "ਮਰਦਾਂ ਨੂੰ ਸਾਰੀਆਂ ਔਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਦੀ ਲੋੜ ਹੈ ਨਾ ਸਿਰਫ਼ ਆਪਣੀਆਂ ਮਾਵਾਂ ਤੇ ਭੈਣਾਂ ਦੀ। ਕੁੜੀਆਂ ਨੂੰ ਆਪਣੇ ਫੈਸਲੇ ਲੈਣ ਦੇ ਕਾਬਿਲ ਬਣਾਉਣ ਦੀ ਲੋੜ ਹੈ। ਕੁੜੀਆਂ ਅਤੇ ਮੁੰਡਿਆਂ ਦੇ ਪਾਲਣ ਪੋਸ਼ਣ ਵਿੱਚ ਮਾਪਿਆਂ ਵਲੋਂ ਵਿਤਕਰਾ ਕੀਤਾ ਜਾਂਦਾ ਹੈ। ਇਸ ਨੂੰ ਖ਼ਤਮ ਕਰਨ ਦੀ ਲੋੜ ਹੈ।"
'ਕਾਨੂੰਨ, ਪੁਲਿਸ ਦਾ ਡਰ ਘੱਟ ਰਿਹਾ'
ਸੀਨੀਅਰ ਐਡਵੋਕੇਟ ਰੀਟਾ ਕੋਹਲੀ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਕਾਨੂੰਨ ਅਤੇ ਪੁਲਿਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ।
ਰੀਟਾ ਕੋਹਲੀ ਨੇ ਕਿਹਾ, "ਲੋਕਾਂ ਵਿੱਚ ਪੁਲਿਸ ਦਾ ਡਰ ਨਹੀਂ ਹੈ ਕਿਉਂਕਿ ਉਹ ਮੰਨਦੇ ਹਨ ਕਿ ਪੁਲਿਸ ਨੂੰ ਆਪਣੇ ਵੱਲ ਕੀਤਾ ਜਾ ਸਕਦਾ ਹੈ। ਕਾਨੂੰਨ ਦਾ ਡਰ ਇਸ ਲਈ ਨਹੀਂ ਕਿਉਂਕਿ ਕੇਸ ਦੇ ਨਤੀਜਾ ਆਉਣ ਵਿੱਚ ਕਈ ਸਾਲ ਲੰਘ ਜਾਂਦੇ ਹਨ। ਜੇ ਜੁਰਮ ਦਾ ਫੈਸਲਾ ਇੱਕ ਹਫ਼ਤੇ ਵਿੱਚ ਆ ਜਾਵੇ ਤਾਂ ਲੋਕਾਂ ਵਿੱਚ ਡਰ ਬਣਿਆ ਰਹੇ। "
ਉਨ੍ਹਾਂ ਕਿਹਾ, "ਕੁੜੀਆਂ ਸ਼ੋਸ਼ਣ ਦੀ ਸ਼ਿਕਾਇਤ ਦੇਣ ਤੋਂ ਝਿਜਕਦੀਆਂ ਹਨ ਕਿਉਂਕਿ ਜੇ ਉਹ ਪੁਲਿਸ ਸਟੇਸ਼ਨ ਚਲੀਆਂ ਜਾਣ ਤਾਂ ਉਨ੍ਹਾਂ ਦੇ ਨਾਲ ਉਸ ਤਰ੍ਹਾਂ ਦਾ ਵਿਹਾਰ ਹੁੰਦਾ ਹੈ ਜਿਵੇਂ ਗੁਨਾਹ ਉਨ੍ਹਾਂ ਨੇ ਕੀਤਾ ਹੋਵੇ। ਕੁੜੀਆਂ ਲਈ ਸਭ ਤੋਂ ਜ਼ਰੂਰੀ ਹੈ ਕਿ ਉਹ ਆਪਣੇ ਹੱਕਾਂ ਲਈ ਖੜੀਆਂ ਹੋਣ। ਇੱਕ ਬਹੁ-ਪੱਖੀ ਰਣਨੀਤੀ ਦੀ ਲੋੜ ਹੈ ਜਿਸ ਵਿੱਚ ਸਮਾਜ, ਪੁਲਿਸ, ਨਿਆਂ ਪ੍ਰਣਾਲੀ ਅਤੇ ਪ੍ਰਸ਼ਾਸਨ ਨੂੰ ਸ਼ਾਮਲ ਕੀਤਾ ਜਾਵੇ। "
ਕੀ ਹੈ ਸ਼ੋਸ਼ਣ
- ਸ਼ੋਸ਼ਣ ਦਾ ਅਰਥ ਹੈ ਕਿਸੇ ਕੰਮ ਦੀ ਥਾਂ 'ਤੇ ਜਾਂ ਬਾਹਰ ਕਿਸੇ ਔਰਤ ਦੇ ਖ਼ਿਲਾਫ ਅਸ਼ਲੀਲ ਟਿੱਪਣੀਆਂ ਕਰਨੀਆਂ ਜਾਂ ਸਰੀਰਕ ਛੇੜਖਾਨੀ
- ਜ਼ੁਬਾਨੀ ਤੇ ਲਿਖ਼ਤੀ ਤੌਰ 'ਤੇ ਪਰੇਸ਼ਾਨ ਕਰਨਾ
- ਤੁਹਾਡੇ ਕੱਪੜਿਆਂ ਬਾਰੇ, ਸਰੀਰ ਜਾਂ ਤੁਹਾਡੇ ਨਿੱਜੀ ਰਿਸ਼ਤਿਆਂ ਬਾਰੇ ਕੋਈ ਟਿੱਪਣੀ ਕਰੇ
- ਜਿਨਸੀ ਟਿੱਪਣੀਆਂ ਜਾਂ ਚੁਟਕਲੇ ਸੁਨਾਉਣਾ

ਤਸਵੀਰ ਸਰੋਤ, MANAN VATSYAYANA/AFP/Getty Images
- ਤੁਹਾਡੇ ਮਨ੍ਹਾਂ ਕਰਨ ਦੇ ਬਾਵਜੂਦ ਬਾਅਦ ਵੀ ਤੁਹਾਨੂੰ ਬਾਹਰ ਚੱਲਣ ਲਈ ਕਹਿਣਾ
- ਤੁਹਾਨੂੰ ਮਰਜ਼ੀ ਦੇ ਖਿਲਾਫ਼ ਛੂਹਣਾ, ਕਿੱਸ ਕਰਨ ਜਾਂ ਸੈਕਸ ਕਰਨ ਲਈ ਕਹਿਣਾ
- ਤੁਹਾਡੀਆਂ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਮੰਗਣਾ
- ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਅਫ਼ਵਾਹਾਂ ਫੈਲਾਉਣਾ
- ਸੀਟੀਆਂ ਮਾਰਨਾ
- ਅਸ਼ਲੀਲ ਤਸਵੀਰਾਂ ਜਾਂ ਲਿੰਕ ਆਨਲਾਈਨ ਭੇਜਣਾ
ਸਰੀਰਕ ਸੈਕਸ ਸ਼ੋਸ਼ਣ
- ਤੁਹਾਡੇ ਬਹੁਤ ਕਰੀਬ ਆਉਣਾ ਜੋ ਤੁਹਾਨੂੰ ਚੰਗਾ ਨਾ ਲੱਗੇ
- ਗਲਤ ਤਰੀਕੇ ਨਾਲ ਛੂਹਣਾ
- ਰਸਤਾ ਰੋਕਣਾ
- ਤੁਹਾਨੂੰ ਇਹ ਕਹਿ ਕੇ ਸੈਕਸ ਲਈ ਮਜਬੂਰ ਕਰਨਾ ਕਿ ਮਨ੍ਹਾਂ ਕਰਨ ਤੇ ਤੁਹਾਡੀ ਨੌਕਰੀ ਜਾਂ ਪੜ੍ਹਾਈ ਦੇ ਨਤੀਜਿਆਂ 'ਤੇ ਅਸਰ ਪੈ ਸਕਦਾ ਹੈ
- ਬਲਾਤਕਾਰ ਜਾਂ ਜਿਨਸੀ ਸ਼ੋਸ਼ਣ
ਵਿਜ਼ੂਅਲ ਸੈਕਸ ਸ਼ੋਸ਼ਣ
- ਅਸ਼ਲੀਲ ਤਸਵੀਰਾਂ ਦਿਖਾਉਣਾ
- ਗੁਪਤ ਅੰਗ ਦਿਖਾਉਣਾ
- ਜ਼ਬਰਦਸਤੀ ਫੋਨ ਨੰਬਰ ਦੇਣਾ
- ਹੱਥਰਸੀ ਕਰਵਾਉਣਾ
ਤੁਸੀਂ ਕੀ ਕਰ ਸਕਦੇ ਹੋ
- ਇਹ ਧਿਆਨ ਰਹੇ ਕਿ ਗਲਤੀ ਤੁਹਾਡੀ ਨਹੀਂ ਹੈ
- ਤੁਹਾਡੀ ਆਵਾਜ਼ ਇੱਕ ਵੱਡਾ ਹਥਿਆਰ ਹੈ, ਇਸ ਦਾ ਇਸਤੇਮਾਲ ਕਰੋ
- ਨਾਂਹ ਕਹਿਣਾ ਸਿੱਖੋ
- ਆਪਣੇ ਨਾਲ ਹੁੰਦੇ ਸ਼ੋਸ਼ਣ ਦਾ ਹਿਸਾਬ ਰੱਖੋ
- ਸ਼ਿਕਾਇਤ ਕਰੋ
- ਜੇ ਤੁਸੀਂ ਕਿਸੇ ਤੋਂ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤਾਂ ਸੜਕ ਪਾਰ ਕਰ ਜਾਓ ਅਤੇ ਪਰੇਸ਼ਾਨ ਕਰਨ ਵਾਲੇ ਵੱਲ ਨਾ ਦੇਖੋ












