ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਬਣੀ ਹੁਣ ਜੌੜੇ ਬੱਚਿਆਂ ਦੀ ਮਾਂ

ਤਸਵੀਰ ਸਰੋਤ, Twitter/Sunny/BBC
ਪੋਰਨ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਥਾਂ ਬਣਾਉਣ ਵਾਲੀ ਅਦਾਕਾਰਾ ਸਨੀ ਲਿਓਨੀ ਇੱਕ ਵਾਰ ਮੁੜ ਤੋਂ ਮਾਂ ਬਣ ਗਈ ਹੈ।
ਪਿਛਲੇ ਸਾਲ ਸਨੀ ਨੇ ਇੱਕ ਬੱਚੀ ਨੂੰ ਗੋਦ ਲਿਆ ਸੀ ਅਤੇ ਇਸ ਵਾਰ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਪਤੀ ਅਤੇ ਬੱਚੀ ਤੋਂ ਇਲਾਵਾ 2 ਛੋਟੇ ਬੱਚੇ ਵੀ ਦਿਖਾਈ ਦੇ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਸ ਤਸਵੀਰ ਦੇ ਨਾਲ ਸਨੀ ਨੇ ਲਿਖਿਆ,''ਇਹ ਈਸ਼ਵਰ ਦੀ ਕ੍ਰਿਪਾ ਹੈ!! 21 ਜੂਨ, 2017 ਉਹ ਦਿਨ ਸੀ ਜਦੋਂ ਮੈਨੂੰ ਅਤੇ ਮੇਰੇ ਪਤੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਕੁਝ ਹੀ ਸਮੇਂ ਵਿੱਚ ਸਾਡੇ ਤਿੰਨ ਬੱਚੇ ਹੋਣਗੇ।''

ਤਸਵੀਰ ਸਰੋਤ, Twitter/ BBC
''ਅਸੀਂ ਯੋਜਨਾ ਬਣਾਈ ਅਤੇ ਪਰਿਵਾਰ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਐਨੇ ਸਾਲ ਬਾਅਦ ਅਸ਼ਰ ਸਿੰਘ ਵੇਬਰ, ਨੋਹਾ ਸਿੰਘ ਵੇਬਰ ਅਤੇ ਨਿਸ਼ਾ ਕੌਰ ਵੇਬਰ ਦੇ ਨਾਲ ਆਖ਼ਰਕਾਰ ਇਹ ਪਰਿਵਾਰ ਪੂਰਾ ਹੋ ਗਿਆ।''
''ਸਾਡੇ ਮੁੰਡਿਆਂ ਦਾ ਜਨਮ ਕੁਝ ਦਿਨ ਪਹਿਲਾਂ ਹੋਇਆ ਹੈ ਪਰ ਸਾਡੇ ਦਿਲਾਂ ਅਤੇ ਅੱਖਾਂ ਵਿੱਚ ਇਹ ਬੀਤੇ ਕਈ ਸਾਲਾਂ ਤੋਂ ਸੀ। ਈਸ਼ਵਰ ਨੇ ਸਾਡੇ ਲਈ ਖ਼ਾਸ ਯੋਜਨਾ ਬਣਾਈ ਹੋਈ ਸੀ ਸੀ ਅਤੇ ਸਾਨੂੰ ਵੱਡਾ ਪਰਿਵਾਰ ਦਿੱਤਾ।''
''ਅਸੀਂ ਤਿੰਨ ਖ਼ੂਬਸੁਰਤ ਬੱਚਿਆਂ ਦੇ ਮਾਤਾ-ਪਿਤਾ ਹਾਂ। ਇਹ ਸਾਰਿਆਂ ਲਈ ਸਰਪਰਾਇਜ਼ ਹੈ!''

ਤਸਵੀਰ ਸਰੋਤ, Twitter
ਸਨੀ ਲਿਓਨੀ ਦੇ ਪਤੀ ਨੇ ਵੀ ਇਹ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ,''ਨੋਹਾ ਅਤੇ ਅਸ਼ਰ ਵੇਬਰ ਨੂੰ ਹੈਲੋ ਕਹੋ। ਜ਼ਿੰਦਗੀ ਦਾ ਅਗਲਾ ਸਫ਼ਰ। ਕਰਨ, ਨਿਸ਼ਾ, ਨੋਹਾ, ਅਸ਼ਰ ਅਤੇ ਮੈਂ।''
ਪਰ ਕੀ ਇਨ੍ਹਾਂ ਬੱਚਿਆਂ ਨੂੰ ਸਨੀ ਲਿਓਨੀ ਨੇ ਜਨਮ ਦਿੱਤਾ, ਇਹ ਸਵਾਲ ਸੋਸ਼ਲ ਮੀਡੀਆ 'ਤੇ ਪੁੱਛਿਆ ਜਾ ਰਿਹਾ ਸੀ। ਕੁਝ ਦੇਰ ਬਾਅਦ ਉਨ੍ਹਾਂ ਨੇ ਖ਼ੁਦ ਇਸਦਾ ਜਵਾਬ ਦਿੱਤਾ।

ਤਸਵੀਰ ਸਰੋਤ, Twitter
ਸਨੀ ਨੇ ਲਿਖਿਆ,''ਕੋਈ ਸ਼ੱਕ ਨਾ ਰਹੇ, ਮੈਂ ਦੱਸਣਾ ਚਾਹੁੰਦੀ ਹਾਂ ਕਿ ਅਸ਼ਰ ਅਤੇ ਨੋਹਾ ਸਾਡੇ ਬਾਇਓਲੋਜੀਕਲ ਬੱਚੇ ਹਨ। ਅਸੀਂ ਕਈ ਸਾਲ ਪਹਿਲਾਂ ਪਰਿਵਾਰ ਪੂਰਾ ਕਰਨ ਲਈ ਸਰੋਗੇਸੀ ਦਾ ਆਪਸ਼ਨ ਚੁਣਿਆ ਸੀ ਅਤੇ ਆਖ਼ਰਕਾਰ ਹੁਣ ਇਹ ਪੂਰਾ ਹੋ ਗਿਆ ਹੈ। ਮੈਂ ਕਾਫ਼ੀ ਖੁਸ਼ ਹਾਂ।''












