ਸਨੀ ਲਿਓਨੀ ਦੇ ਨਵੇਂ ਸਾਲ 'ਤੇ ਪ੍ਰੋਗਰਾਮ ਨੂੰ ਲੈ ਕੇ ਵਿਵਾਦ

ਤਸਵੀਰ ਸਰੋਤ, Getty Images
ਕਰਨਾਟਕ ਦੀ ਰਕਸ਼ਨਾ ਵੇਦਿਕ ਅਤੇ ਹੋਰ ਜਥੇਬੰਦੀਆਂ ਦੀ ਧਮਕੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੇ ਨਵੇਂ ਸਾਲ ਦੇ ਮੌਕੇ 'ਤੇ ਬੈਂਗਲੋਰ ਵਿੱਚ ਹੋ ਰਹੇ ਪ੍ਰੋਗਰਾਮ ਨੂੰ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਤੋਂ ਆਸ ਬੱਝੀ ਹੈ।
ਪ੍ਰਬੰਧਕਾਂ ਵੱਲੋਂ ਦਾਇਰ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਰਨਾਟਕ ਉੱਚ ਅਦਾਲਤ ਦੇ ਜੱਜ ਬੀ ਵੀਰੱਪਾ ਨੇ ਪੁਲਿਸ ਨੂੰ ਇਸ ਮਸਲੇ 'ਤੇ 25 ਦਸੰਬਰ ਤੋਂ ਪਹਿਲਾਂ ਫ਼ੈਸਲਾ ਲੈਣ ਦੀ ਹਿਦਾਇਤ ਦਿੱਤੀ ਹੈ।
ਪਹਿਲਾਂ ਪੁਲਿਸ ਨੇ ਜ਼ੁਬਾਨੀ ਤੌਰ 'ਤੇ ਪ੍ਰੋਗਰਾਮ ਲਈ ਇਜਾਜ਼ਤ ਦਿੱਤੀ ਸੀ।
ਕੀ ਸੀ ਮਸਲਾ?
ਪੋਰਨ ਫ਼ਿਲਮਾਂ ਤੋਂ ਬਾਲੀਵੁੱਡ 'ਚ ਅਦਾਕਾਰਾ ਬਣੀ ਸਨੀ ਲਿਓਨੀ ਨੇ ਨਵੇਂ ਸਾਲ ਦੇ ਮੌਕੇ 'ਤੇ ਬੈਂਗਲੋਰ ਦੇ ਇੱਕ ਹੋਟਲ 'ਚ ਇੱਕ ਪ੍ਰੋਗਰਾਮ ਕਰਨਾ ਸੀ।
ਕੰਨੜ-ਪੱਖੀ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਜਥੇਬੰਦੀਆਂ ਕਹਿਣਾ ਸੀ ਕਿ ਸਨੀ ਲਿਓਨੀ ਕਰਨਾਟਕ ਦੇ ਸਭਿਆਚਾਰ ਨੂੰ ਪੇਸ਼ ਨਹੀਂ ਕਰਦੀ ਇਸ ਲਈ ਉਹ ਇਹ ਪ੍ਰੋਗਰਾਮ ਨਹੀਂ ਹੋਣ ਦੇਣਗੇ।

ਤਸਵੀਰ ਸਰੋਤ, STR/AFP/Getty Images
ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈੱਡੀ ਨੇ ਕਿਹਾ ਸੀ ਕਿ ਇਸ ਪ੍ਰੋਗਰਾਮ ਨਾਲ ਕਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਸਨੀ ਲਿਓਨੀ ਨੇ ਕੀਤੀ ਨਾਂਹ
ਇਸ ਤਰ੍ਹਾਂ ਦੇ ਵਿਵਾਦ ਤੋਂ ਬਾਅਦ ਸਨੀ ਲਿਓਨੀ ਨੇ ਇਹ ਪ੍ਰੋਗਰਾਮ ਕਰਨ ਤੋਂ ਮਨਾ ਕਰ ਦਿੱਤਾ।
ਉਨ੍ਹਾਂ ਕਿਹਾ, "ਜਿਸ ਤਰ੍ਹਾਂ ਪੁਲਿਸ ਨੇ ਜਨਤਕ ਤੌਰ 'ਤੇ ਮੇਰੀ, ਮੇਰੇ ਸਾਥੀਆਂ ਤੇ ਦਰਸ਼ਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਮਨਾ ਕਰ ਦਿੱਤਾ, ਮੈਨੂੰ ਲੱਗਦਾ ਹੈ ਕੇ ਮੇਰੀ, ਮੇਰੇ ਸਾਥੀਆਂ ਦੀ ਅਤੇ ਦਰਸ਼ਕਾਂ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਇਸ ਲਈ ਮੈਂ ਪ੍ਰੋਗਰਾਮ ਨਹੀਂ ਕਰ ਸਕਦੀ।"
ਆਪਣੇ ਵਿੱਤੀ ਨੁਕਸਾਨ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ।












