ਕੀ ਮਹਾਭਾਰਤ ਵਰਗੀ ਮਿੱਥ ਦੀ ਪਾਤਰ ਦ੍ਰੌਪਦੀ ਦੀ ਵੀ ਵਿਚਾਰਧਾਰਾ ਤੇ ਬਹਿਸ ਹੋਣੀ ਚਾਹੀਦੀ ਹੈ?

ਤਸਵੀਰ ਸਰੋਤ, Getty Images
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
ਦ੍ਰੌਪਦੀ ਦੇ ਪੰਜ ਪਤੀ ਸੀ ਅਤੇ ਉਹ ਪੰਜਾਂ ਵਿੱਚੋਂ ਕਿਸੇ ਦੀ ਗੱਲ ਨਹੀਂ ਸੁਣਦੀ ਸੀ। ਉਹ ਸਿਰਫ਼ ਆਪਣੇ ਦੋਸਤ ਦੀ ਗੱਲ ਸੁਣਦੀ ਸੀ ਅਤੇ ਉਹ ਸੀ ਸ਼੍ਰੀ ਕ੍ਰਿਸ਼ਣ।
ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਦਾ। ਉਨ੍ਹਾਂ ਨੇ ਦ੍ਰੌਪਦੀ ਨੂੰ ਦੁਨੀਆਂ ਦੀ ਪਹਿਲੀ ਫੈਮਨਿਸਟ ਦੱਸਿਆ ਹੈ ਅਤੇ ਕਿਹਾ ਹੈ ਕਿ ਮਹਾਭਾਰਤ ਦੀ ਲੜਾਈ ਸਿਰਫ਼ ਉਨ੍ਹਾਂ ਦੀ ਜ਼ਿੱਦ ਕਰਕੇ ਹੋਈ ਸੀ, ਜਿਸ ਵਿੱਚ 18 ਲੱਖ ਲੋਕ ਮਾਰੇ ਗਏ ਸੀ।
ਰਾਮ ਮਾਧਵ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਹਨ। ਕਈ ਲੋਕਾਂ ਨੇ ਉਨ੍ਹਾਂ ਦੀ ਗੱਲ 'ਤੇ ਅਸਹਿਮਤੀ ਅਤੇ ਰੋਸ ਜਤਾਇਆ ਹੈ।
ਕੀ ਦ੍ਰੌਪਦੀ ਫੈਮਨਿਸਟ ਸੀ? ਕੀ ਫੈਮਨਿਸਟ ਮਹਿਲਾ ਦੀ ਇਹ ਪਛਾਣਾ ਹੈ ਕਿ ਉਹ ਆਪਣੇ ਪਤੀ ਦੀ ਨਹੀਂ ਸੁਣਦੀ?
'ਦ੍ਰੌਪਦੀ ਹਾਲਾਤ ਤੋਂ ਲਾਚਾਰ ਸੀ'
ਮੰਨੀ-ਪਰਮੰਨੀ ਲੇਖਿਕਾ ਤੇ ਨਾਵਲਕਾਰ ਅਨੀਤਾ ਨਾਇਰ ਕਹਿੰਦੇ ਹਨ, "ਦ੍ਰੌਪਦੀ ਉਨ੍ਹਾਂ ਤਮਾਮ ਔਰਤਾਂ ਦੀ ਨੁਮਾਇੰਦਗੀ ਕਰਦੇ ਹਨ ਜੋ ਨਾਇਨਸਾਫ਼ੀ ਅਤੇ ਨਾਬਰਾਬਰਤਾ ਦਾ ਸ਼ਿਕਾਰ ਹਨ।''
ਮੰਨਿਆ ਜਾਂਦਾ ਹੈ ਕਿ ਮਹਿਲਾ ਦਾ ਪਤੀ ਉਸ ਨੂੰ ਮੁਸ਼ਕਿਲਾਂ ਤੋਂ ਬਚਾਇਗਾ, ਉਸਦੀ ਰਾਖੀ ਕਰੇਗਾ, ਪਰ ਦ੍ਰੌਪਦੀ ਦੇ ਮਾਮਲੇ ਵਿੱਚ ਕੀ ਹੋਇਆ? ਜਦੋਂ ਭਰੀ ਸਭਾ ਵਿੱਚ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਸੀ ਉਸ ਵੇਲੇ ਪੰਜੋਂ ਪਤੀ ਉੱਥੇ ਸਿਰ ਝੁਕਾ ਕੇ ਬੈਠੇ ਸੀ।
'ਵਾਟ ਦ੍ਰੌਪਦੀ ਡਿਡ ਟੂ ਫੀਡ ਟੈੱਨ ਥਾਊਜ਼ੈਂਡ ਸੇਜੇਜ' ਨਾਂਅ ਦੀ ਕਿਤਾਬ ਲਿਖਣ ਵਾਲੀ ਅਨੀਤਾ ਨਾਇਰ ਮੰਨਦੇ ਹਨ ਕਿ ਦ੍ਰੌਪਦੀ ਹਾਲਾਤ ਤੋਂ ਲਾਚਾਰ ਮਹਿਲਾ ਸਨ ਜਿੰਨ੍ਹਾਂ ਨੂੰ ਆਪਣੀ ਆਵਾਜ਼ ਚੁੱਕਣ ਦਾ ਮੌਕਾ ਨਹੀਂ ਦਿੱਤਾ ਗਿਆ।

ਤਸਵੀਰ ਸਰੋਤ, Twitter
ਉਹ ਪੁੱਛਦੇ ਹਨ, "ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸੋਚੀਏ ਤਾਂ ਦ੍ਰੌਪਦੀ ਫੈਮਨਿਸਟ ਕਿਵੇਂ ਹੋਈ? ਕੀ ਦ੍ਰੌਪਦੀ ਨੇ ਪਤੀ ਆਪਣੀ ਮਰਜ਼ੀ ਨਾਲ ਚੁਣੇ ਸੀ?''
ਦ੍ਰੌਪਦੀ ਦੇ ਪੰਜ ਪਤੀਆਂ ਬਾਰੇ ਦੋ ਕਹਾਣੀਆਂ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ।
ਪਹਿਲੀ ਤਾਂ ਇਹ ਕਿ ਸਵਯਮਵਰ ਦੇ ਬਾਅਦ ਅਰਜੁਨ ਜਦੋਂ ਆਪਣੇ ਬਾਕੀ ਭਰਾਵਾਂ ਦੇ ਨਾਲ ਕੁੰਤੀ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਜੋ ਮਿਲਿਆ ਹੈ ਉਸ ਨੂੰ ਆਪਸ ਵਿੱਚ ਵੰਡ ਲਓ।
ਮਾਂ ਕੁੰਤੀ ਦੇ ਹੁਕਮ ਦੀ ਨਿਰਾਦਰੀ ਨਾ ਹੋਏ ਇਸ ਲਈ ਦ੍ਰੌਪਦੀ ਨੂੰ ਪੰਜ ਪਾਂਡਵਾਂ ਦੀ ਪਤਨੀ ਬਣਨਾ ਪਿਆ।
'ਨਹੀਂ ਸਨ ਮਰਦਾਂ-ਔਰਤਾਂ ਲਈ ਬਰਾਬਰ ਨਿਯਮ'
ਦੂਜੀ ਕਹਾਣੀ ਇਹ ਹੈ ਕਿ ਦ੍ਰੌਪਦੀ ਨੇ ਆਪਣੇ ਪਿਛਲੇ ਜਨਮ ਵਿੱਚ ਭਗਵਾਨ ਸ਼ਿਵ ਤੋਂ ਅਜਿਹਿ ਪਤੀ ਦੀ ਕਾਮਨਾ ਕੀਤੀ ਸੀ ਜਿਸ ਵਿੱਚ ਤਮਾਮ ਖੂਬੀਆਂ ਹੋਣ।
ਕਿਸੇ ਇੱਕ ਸ਼ਖਸ ਨੂੰ ਇੰਨੀਆਂ ਖੂਬੀਆਂ ਦੇਣਾ ਮੁਸ਼ਕਿਲ ਸੀ ਇਸ ਲਈ ਉਨ੍ਹਾਂ ਨੂੰ ਇੱਕ ਦੀ ਥਾਂ ਪੰਜ ਪਤੀ ਮਿਲੇ।
ਅਜਿਹਾ ਵੀ ਨਹੀਂ ਸੀ ਕਿ ਦ੍ਰੌਪਦੀ ਪੰਜਾਂ ਪਤੀਆਂ ਦੇ ਨਾਲ ਰਹਿੰਦੇ ਸੀ। ਉਨ੍ਹਾਂ ਨੂੰ ਵਾਰੀ-ਵਾਰੀ ਨਾਲ ਹਰ ਪਤੀ ਦੇ ਨਾਲ ਇੱਕ-ਇੱਕ ਸਾਲ ਰਹਿਣਾ ਹੁੰਦਾ ਸੀ। ਇਸ ਤੈਅ ਵਕਤ ਵਿੱਚ ਇੱਕ ਤੋਂ ਇਲਾਵਾ ਕੋਈ ਹੋਰ ਪਾਂਡਵ ਉਨ੍ਹਾਂ ਦੇ ਕਰੀਬ ਨਹੀਂ ਜਾ ਸਕਦਾ ਸੀ।

ਤਸਵੀਰ ਸਰੋਤ, Twitter
ਇੰਨ੍ਹਾਂ ਹੀ ਨਹੀਂ, ਪੁਰਾਤਨ ਕਿਤਾਬਾਂ ਦੇ ਮੁਤਾਬਕ ਦ੍ਰੌਪਦੀ ਨੂੰ ਇੱਕ ਵਰਦਾਨ ਮਿਲਿਆ ਸੀ ਜਿਸ ਮੁਤਾਬਕ ਪਤੀ ਦੇ ਨਾਲ ਇੱਕ ਸਾਲ ਬਿਤਾਉਣ ਤੋ ਬਾਅਦ ਉਨ੍ਹਾਂ ਨੂੰ ਉਨ੍ਹਾਂ ਦਾ ਕੌਮਾਰਯ(ਵਰਜਿਨਿਟੀ) ਵਾਪਸ ਮਿਲ ਜਾਂਦਾ ਸੀ।
ਜੇ ਸੱਚ ਵਿੱਚ ਸਾਰਿਆਂ ਦੇ ਲਈ ਨਿਯਮ ਬਰਾਬਰ ਹਨ ਤਾਂ ਵਰਜਿਨਿਟੀ ਦਾ ਫਿਰ ਤੋਂ ਮਿਲਣਾ ਦ੍ਰੌਪਦੀ ਲਈ ਹੀ ਕਿਉਂ ਜ਼ਰੂਰੀ ਸੀ। ਪਾਂਡਵਾਂ ਦੇ ਲਈ ਨਹੀਂ?
'ਇਤਿਹਾਸ ਅਤੇ ਪੁਰਾਤਨ ਕਹਾਣੀਆਂ 'ਚ ਅੰਤਰ ਜ਼ਰੂਰੀ'
ਅਨੀਤਾ ਨਾਇਰ ਕਹਿੰਦੇ ਹਨ, "ਰਾਮ ਮਾਧਵ ਨੇ ਦ੍ਰੌਪਦੀ ਦੇ ਫੈਮਨਿਸਟ ਹੋਣ ਦੇ ਪਿੱਛੇ ਜਿਹੜੇ ਕਾਰਨ ਦੱਸੇ ਹਨ ਉਹ ਹਾਸੋਹੀਣੇ ਹਨ। ਪਹਿਲੀ ਗੱਲ ਤਾਂ ਇਹ ਕਿ ਇੱਕ ਤੋਂ ਵੱਧ ਪਾਰਟਨਰ ਹੋਣਾ ਕਿਸੇ ਮਹਿਲਾ ਦੀ ਪਸੰਦ ਤੇ ਨਾਪਸੰਦ ਦਾ ਮਾਮਲਾ ਹੈ. ਅਜਿਹਾ ਕਰਨਾ ਕਿਸੇ ਨੂੰ ਫੈਮਨਿਸਟ ਨਹੀਂ ਬਣਾਉਂਦਾ।''
ਉਨ੍ਹਾਂ ਨੇ ਹੱਸਦਿਆਂ ਹੋਇਆਂ ਕਿਹਾ ਕਿ ਰਾਮ ਮਾਧਵ ਦੀਆਂ ਗੱਲਾਂ ਤੋਂ ਤਾਂ ਲੱਗਦਾ ਹੈ ਕਿ ਜਿਵੇਂ ਫੈਮਨਿਸਟ ਔਰਤਾਂ ਅਨੁਸ਼ਾਸਨਹੀਨ ਹੁੰਦੀਆਂ ਹਨ ਜੋ ਹਰ ਥਾਂ 'ਤੇ ਮੁਸੀਬਤ ਖੜ੍ਹੀ ਕਰਦੀਆਂ ਹਨ।

ਤਸਵੀਰ ਸਰੋਤ, Twitter
ਫੈਮਨਿਜ਼ਮ ਔਰਤਾਂ ਤੇ ਮਰਦਾਂ ਨੂੰ ਬਰਾਬਰੀ ਦਾ ਹੱਕ ਦੁਆਉਣ ਦੀ ਗੱਲ ਕਰਦਾ ਹੈ। ਇਹ ਸਾਰਿਆਂ ਨੂੰ ਸਮਝਣਾ ਜ਼ਰੂਰੀ ਹੈ। ਇਸਦੇ ਨਾਲ ਹੀ ਇਤਿਹਾਸ ਤੇ ਦੰਤ ਕਥਾਵਾਂ ਦੇ ਵਿਚਾਲੇ ਅੰਤਰ ਕਰਨਾ ਵੀ ਸਿੱਖਣਾ ਪਵੇਗਾ।
'ਮਿਸ ਦ੍ਰੌਪਦੀ ਕੁਰੂ' ਕਿਤਾਬ ਦੀ ਲੇਖਿਕਾ ਤ੍ਰਿਸ਼ਾ ਦਾਸ ਮਹਾਭਾਰਤ ਦੀ ਲੜਾਈ ਲਈ ਦ੍ਰੌਪਦੀ ਨੂੰ ਜ਼ਿੰਮੇਦਾਰ ਠਹਿਰਾਉਣ ਦੀ ਗੱਲ ਨੂੰ ਸਿਰੇ ਤੋਂ ਨਕਾਰਦੀ ਹੈ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਮਹਾਭਾਰਤ ਪਰਿਵਾਰਕ ਜਾਇਦਾਦ ਅਤੇ ਮਰਦਾਂ ਦੇ ਅਹਿੰਕਾਰ ਕਰਕੇ ਹੋਇਆ ਸੀ ਨਾ ਕੀ ਦ੍ਰੌਪਦੀ ਜਾਂ ਕਿਸੇ ਮਹਿਲਾ ਦੀ ਵਜ੍ਹਾ ਕਰਕੇ।
ਤ੍ਰਿਸ਼ਾ ਜ਼ੋਰ ਦੇ ਕੇ ਕਹਿੰਦੇ ਹਨ ਕਿ ਦ੍ਰੌਪਦੀ ਨੂੰ ਲੜਾਈ ਦੀ ਵਜ੍ਹਾ ਬਣਾਉਣਾ 'ਵਿਕਟਿਮ ਬਲੇਮਿੰਗ' ਯਾਨੀ ਪੀੜਤ ਨੂੰ ਹੀ ਦੋਸ਼ ਦੇਣ ਵਰਗਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਪਾਂਡਵਾਂ ਅਤੇ ਕੌਰਵਾਂ ਦੀ ਦੁਸ਼ਮਣੀ ਦਾ ਨਤੀਜਾ ਦ੍ਰੌਪਦੀ ਨੂੰ ਭੁਗਤਣਾ ਪਿਆ ਸੀ। ਲੜਾਈ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣਾ ਬਿਲਕੁਲ ਗ਼ਲਤ ਹੈ।''
ਹਾਲਾਂਕਿ ਤ੍ਰਿਸ਼ਾ ਇਹ ਵੀ ਮੰਨਦੇ ਹਨ ਕਿ ਦ੍ਰੌਪਦੀ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਬੇਹੱਦ ਮਜ਼ਬੂਤ ਮਹਿਲਾ ਸੀ ਪਰ ਮਹਾਭਾਰਤ ਦੇ ਪੱਖੋਂ ਦੇਖਿਆ ਜਾਏ ਤਾਂ ਦ੍ਰੌਪਦੀ ਨੂੰ ਫੈਮਨਿਸਟ ਕਿਹਾ ਜਾਣਾ ਉਨ੍ਹਾਂ ਨੂੰ ਸਹੀ ਨਹੀਂ ਲੱਗਦਾ।












