'ਮੇਰੀ ਬ੍ਰੈਸਟ ਇੰਨੀ ਜ਼ਿਆਦਾ ਭਾਰੀ ਹੈ ਕਿ ਲਗਾਤਾਰ ਦਰਦ ਰਹਿੰਦਾ, ਮੈਨੂੰ ਆਕਾਰ ਘਟਾਉਣ ਲਈ ਸਰਜਰੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ'

ਤਸਵੀਰ ਸਰੋਤ, Melissa Ashcroft
- ਲੇਖਕ, ਕਲੇਅਰ ਥੌਮਸਨ
- ਰੋਲ, ਬੀਬੀਸੀ ਪੱਤਰਕਾਰ
ਇੱਕ ਔਰਤ ਜੋ ਆਪਣੀ ਬ੍ਰੈਸਟ ਦੇ ਵੱਡੇ ਆਕਾਰ ਕਾਰਨ ਸਾਲਾਂ ਤੋਂ ਦਰਦ ਵਿੱਚ ਰਹਿ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਐਨਐਚਐਸ ਵਿੱਚ ਬ੍ਰੈਸਟ ਦਾ ਆਕਾਰ ਘਟਾਉਣ ਦੀ ਸਰਜਰੀ ਕਰਵਾਉਣ ਦੀ ਸੰਭਾਵਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਔਖੀ ਲੱਗ ਰਹੀ ਹੈ।
ਮੈਲਿਸਾ ਐਸ਼ਕ੍ਰਾਫਟ ਨੇ ਦੱਸਿਆ ਕਿ ਉਨ੍ਹਾਂ ਦੀ 36 ਐੱਮ ਸਾਈਜ਼ ਦੀ ਛਾਤੀ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਲ ਮੁਸ਼ਕਲ, ਦੁਖਦਾਇਕ ਤੇ ਦਰਦ ਭਰੇ ਬਣਾ ਦਿੱਤੇ ਹਨ। ਕਈ ਵਾਰ ਤਾਂ ਉਹ ਆਪਣੀ ਨਵਜੰਮੀ ਧੀ ਨੂੰ ਉਸ ਦੇ ਬਿਤਸਰ ਵਿੱਚੋਂ ਚੁੱਕਣ 'ਚ ਵੀ ਅਸਮਰਥ ਹੋ ਜਾਂਦੇ ਹਨ।
ਇਸ 30 ਸਾਲਾ ਦੋ ਬੱਚਿਆਂ ਦੀ ਮਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਬੀਐਮਆਈ (ਬਾਡੀ ਮਾਸ ਇੰਡੈਕਸ) ਲਗਭਗ 35 ਹੈ, ਜੋ ਐਨਐਚਐਸ (ਨੈਸ਼ਨਲ ਹੈਲਥ ਸਰਵਿਸ) ਸੈਂਟਰ 'ਚ ਬ੍ਰੈਸਟ ਘਟਾਉਣ ਵਾਲੀ ਸਰਜਰੀ ਲਈ ਲੋੜੀਂਦੀ ਹੱਦ ਤੋਂ ਵੱਧ ਹੈ।
ਬਲੇਅਰਗੋਵਰੀ ਵਿੱਚ ਰਹਿਣ ਵਾਲੀ ਮੈਲਿਸਾ ਕਹਿੰਦੇ ਹਨ ਕਿ ਉਨ੍ਹਾਂ ਦੀ ਬ੍ਰੈਸਟ ਦਾ ਭਾਰ ਲਗਭਗ ਢਾਈ ਸਟੋਨ (16 ਕਿਲੋ) ਹੈ, ਜੋ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਨੂੰ ਕਸਰਤ ਕਰਨ ਵਿੱਚ ਵੀ ਬਹੁਤ ਮੁਸ਼ਕਲ ਆਉਂਦੀ ਹੈ, ਹਲਾਂਕਿ ਕਸਰਤ ਕਰਨ ਨਾਲ ਉਹ ਆਪਣਾ ਵਜ਼ਨ ਘਟਾ ਸਕਦੇ ਹਨ।

ਤਸਵੀਰ ਸਰੋਤ, Melissa Ashcroft
ਉਨ੍ਹਾਂ ਨੇ ਬੀਬੀਸੀ ਰੇਡੀਓ ਸਕਾਟਲੈਂਡ ਨਾਲ ਗੱਲ ਕਰਦਿਆਂ ਕਿਹਾ, "ਮੈਨੂੰ ਕਸਰਤ ਕਰਨੀ ਬਹੁਤ ਔਖੀ ਲੱਗਦੀ ਹੈ ਕਿਉਂਕਿ ਮੇਰੇ ਮੋਢਿਆਂ ਅਤੇ ਕਮਰ ਹੇਠਾਂ ਬਹੁਤ ਦਰਦ ਰਹਿੰਦਾ ਹੈ।"
"ਫਿਰ ਜਦੋਂ ਮੈਂ ਟ੍ਰੈਡਮਿਲ ਉੱਤੇ ਜਾਂਦੀ ਹਾਂ ਤਾਂ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅਤੇ ਅਜਿਹਾ ਲੱਗਦਾ ਹੈ ਜਿਵੇਂ ਲੋਕ ਮੈਨੂੰ ਗਲਤ ਨਜ਼ਰ ਨਾਲ ਦੇਖ ਰਹੇ ਹਨ। ਮੈਂ ਅਜਿਹਾ ਨਹੀਂ ਚਾਹੁੰਦੀ, ਮੈਂ ਤਾਂ ਸਿਰਫ਼ ਕਸਰਤ ਕਰਨ ਦੀ ਕੋਸ਼ਿਸ਼ ਕਰਦੀ ਹਾਂ।''
ਫਿਰ ਕਸਰਤ ਕਰਨ ਦੀ ਬਜਾਏ ਮੈਲਿਸਾ ਨੇ ਫਿੱਟ ਰਹਿਣ ਲਈ ਤੈਰਾਕੀ ਨੂੰ ਚੁਣਿਆ। ਕਿਉਂਕਿ ਉਹ ਕਹਿੰਦੇ ਹਨ ਕਿ ਤੈਰਾਕੀ ਉਨ੍ਹਾਂ ਦੇ ਜੋੜਾਂ ਉੱਤੇ ਘੱਟ ਦਬਾਅ ਪਾਉਂਦੀ ਹੈ, ਪਰ ਫਿਰ ਵੀ ਸਵਿਮਸੂਟ ਪਾ ਕੇ ਉਹ ਜਦੋਂ ਤੈਰਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਉਨ੍ਹਾਂ ਵੱਲ ਗਲਤ ਨਜ਼ਰ ਨਾਲ ਦੇਖ ਰਹੇ ਹਨ।
ਉਨ੍ਹਾਂ ਨੇ ਕਿਹਾ, ''ਮੈਨੂੰ ਅਜਿਹੀ ਦਿੱਖ ਬਿਲਕੁਲ ਨਹੀਂ ਚਾਹੀਦੀ, ਮੈਂ ਸਿਰਫ਼ ਚੱਲਦੀ ਫਿਰਦੀ ਬ੍ਰੈਸਟ ਵਾਲੀ ਔਰਤ ਨਹੀਂ ਹਾਂ, ਮੇਰੀ ਵੀ ਆਪਣੀ ਇੱਕ ਜ਼ਿੰਦਗੀ ਹੈ, ਮੈਂ ਇੱਕ ਅਸਲ ਇਨਸਾਨ ਹਾਂ।''
ਉਹ ਕਹਿੰਦੇ ਹਨ, ''ਇਹ ਮੇਰੇ ਲਈ ਮਜ਼ਾਕ ਨਹੀਂ ਹੈ, ਬਹੁਤ ਗੰਭੀਰ ਗੱਲ ਹੈ ਤੇ ਇਹ ਮੈਨੂੰ ਬਹੁਤ ਦੁੱਖ ਦਿੰਦੀ ਹੈ, ਬਿਲਕੁਲ ਉਵੇਂ ਹੀ ਜਿਵੇਂ ਕੋਈ ਪੁਰਾਣਾ ਦਰਦ ਦੁੱਖ ਦਿੰਦਾ ਹੈ।''
ਮੈਲਿਸਾ ਨੇ ਪਹਿਲੀ ਵਾਰ 20 ਸਾਲ ਦੀ ਉਮਰ ਵਿੱਚ ਬ੍ਰੈਸਟ ਘਟਾਉਣ ਵਾਲੀ ਸਰਜਰੀ ਬਾਰੇ ਡਾਕਟਰ ਕੋਲ ਪੁੱਛਿਆ ਸੀ।
ਪਰ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਸਰਜਰੀ ਕਰਵਾਉਣਗੇ ਤਾਂ ਭਵਿੱਖ ਵਿੱਚ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਿੱਚ ਮੁਸ਼ਕਲ ਆ ਸਕਦੀ ਹੈ।
ਹੁਣ ਮੈਲਿਸਾ ਦੇ ਦੋ ਬੱਚੇ, ਸੱਤ ਸਾਲ ਦਾ ਪੁੱਤਰ ਤੇ ਨੌਂ ਮਹੀਨੇ ਦੀ ਧੀ ਹੈ ਅਤੇ ਗਰਭ ਅਵਸਥਾ ਕਾਰਨ ਉਨ੍ਹਾਂ ਦੀ ਬ੍ਰੈਸਟ ਹੋਰ ਵੀ ਵੱਡੀ ਹੋ ਗਈ ਹੈ।
ਉਨ੍ਹਾਂ ਨੇ ਦਰਦ ਘਟਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਅਜ਼ਮਾਈਆਂ ਹਨ, ਫਿਜ਼ੀਓਥੈਰੇਪੀ ਵੀ ਕਰਵਾਈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਮ ਜ਼ਿੰਦਗੀ ਜੀਣ ਲਈ ਬ੍ਰੈਸਟ ਘਟਾਉਣ ਵਾਲੀ ਸਰਜਰੀ ਦੀ ਬਹੁਤ ਜ਼ਰੂਰਤ ਹੈ।

ਤਸਵੀਰ ਸਰੋਤ, Melissa Ashcroft
ਔਰਤਾਂ ਨੂੰ ਬ੍ਰੈਸਟ ਘਟਾਉਣ ਦੀ ਸਰਜਰੀ ਤੋਂ ਇਨਕਾਰ ਕਿਉਂ ਕੀਤਾ ਜਾ ਰਿਹਾ?
ਐਨਐਚਐਸ ਵਿੱਚ ਬ੍ਰੈਸਟ ਘਟਾਉਣ ਵਾਲੀ ਸਰਜਰੀ ਲਈ ਸਹੀ ਮਾਪਦੰਡ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਸੀਂ ਕਿੱਥੇ ਰਹਿੰਦੇ ਹੋ, ਪਰ ਮੈਲਿਸਾ ਵਰਗੀਆਂ ਬਹੁਤ ਸਾਰੀਆਂ ਔਰਤਾਂ ਨੂੰ ਸਿਰਫ਼ ਇਸੇ ਕਰਕੇ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਬੀਐਮਆਈ ਬਹੁਤ ਜ਼ਿਆਦਾ ਹੈ।
ਜ਼ਿਆਦਾ ਬੀਐਮਆਈ ਵਾਲੇ ਲੋਕਾਂ ਲਈ ਕਈ ਜੋਖ਼ਮ ਹੁੰਦੇ ਹਨ, ਜਿਵੇਂ ਕਿ ਉਨ੍ਹਾਂ 'ਤੇ ਬੇਹੋਸ਼ ਕਰਨ ਵਾਲੀਆਂ ਦਵਾਈਆਂ (ਐਨਸਥੀਸੀਆ) ਦਾ ਅਸਰ ਨਾ ਹੋਣਾ, ਜ਼ਖ਼ਮ ਨਾ ਭਰਨਾ, ਖ਼ੂਨ ਜੰਮਣ ਅਤੇ ਇਨਫੈਕਸ਼ਨ ਹੋਣ ਦਾ ਡਰ ਰਹਿਣ।
ਸਰਜਰੀ ਲਈ ਯੋਗ ਹੋਣ ਲਈ ਮਰੀਜ਼ ਨੂੰ ਆਮ ਤੌਰ ਉੱਤੇ ਬੀਐਮਆਈ 20 ਤੋਂ 27 ਦੇ ਵਿਚਕਾਰ ਪੂਰਾ ਸਾਲ ਬਣਾ ਕੇ ਰੱਖਣਾ ਪੈਂਦਾ ਹੈ।
ਮੈਲਿਸਾ ਕਹਿੰਦੇ ਹਨ ਹੈ ਕਿ ਐਨਐਚਐਸ ਕੋਲ ਰੈਫਰ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਜ਼ਨ ਕੁਝ ਘਟਾ ਲਿਆ ਹੈ ਕਿਉਂਕਿ ਗਰਭ ਤੇ ਬੱਚੇ ਜੰਮਣ ਤੋਂ ਬਾਅਦ ਉਨ੍ਹਾਂ ਦੇ ਹਾਰਮੋਨ ਸੈਟਲ ਹੋ ਗਏ ਹਨ, ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਜਦੋਂ ਉਨ੍ਹਾਂ ਦੀ ਬ੍ਰੈਸਟ ਇੰਨੀ ਭਾਰੀ ਹੈ ਤਾਂ ਅਜਿਹੇ ਨਿਯਮ ਉਹ ਕਦੇ ਪੂਰੇ ਕਰ ਵੀ ਪਾਉਣਗੇ ਜਾਂ ਨਹੀਂ।
ਪਿਛਲੇ ਕਈ ਸਾਲਾਂ ਤੋਂ ਇਸ ਗੱਲ 'ਤੇ ਬਹਿਸ ਚੱਲ ਰਹੀ ਹੈ ਕਿ ਕੀ ਬੀਐਮਆਈ ਸਮੁੱਚੀ ਸਿਹਤ ਨੂੰ ਦਰਸਾਉਣ ਦਾ ਸਭ ਤੋਂ ਭਰੋਸੇਮੰਦ ਤਰੀਕਾ ਹੈ? ਖਾਸ ਕਰਕੇ ਜਦੋਂ ਮੈਲਿਸਾ ਵਾਂਗ ਸਰੀਰ ਬਹੁਤ ਜ਼ਿਆਦਾ ਅਸੰਤੁਲਿਤ ਹੋਵੇੇ।
ਕੌਸਮੇਡੀਕੇਅਰ ਦੇ ਮਾਲਕ ਅਤੇ ਸੇਂਟ ਐਲੇਨਜ਼ ਹਸਪਤਾਲਾਂ ਦੇ ਸੰਸਥਾਪਕ ਗਿੱਲ ਬੇਅਰਡ ਨੇ ਕਿਹਾ ਕਿ ਭਾਵੇਂ ਮੈਲਿਸਾ ਮਾਪਦੰਡ ਪੂਰਾ ਕਰ ਵੀ ਲੈਣ ਤਾਂ ਵੀ ਉਨ੍ਹਾਂ ਨੂੰ ਐਨਐਚਐਸ ਵਿੱਚ ਸਰਜਰੀ ਦੀ ਮਨਜ਼ੂਰੀ ਮਿਲਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਨੇ ਬੀਬੀਸੀ ਸਕਾਟਲੈਂਡ ਨੂੰ ਦੱਸਿਆ, ''ਕੋਵਿਡ ਤੋਂ ਪਹਿਲਾਂ ਹੀ ਹਜ਼ਾਰਾਂ ਲੋਕ ਸਰਜਰੀ ਦੀ ਉਡੀਕ ਕਰ ਰਹੇ ਹਨ ਅਤੇ ਇਸ ਸਮੇਂ ਐਨਐਚਐਸ ਸਿਰਫ਼ ਸਭ ਤੋਂ ਗੰਭੀਰ ਕੇਸ ਹੀ ਦੇਖ ਰਿਹਾ ਹੈ, ਐਨਐਚਐਸ ਦੇ ਕੋਲ ਵਾਧੂ ਸਰੋਤ ਨਹੀਂ ਹਨ, ਉਨ੍ਹਾਂ ਕੋਲ ਜੋ ਕੁਝ ਵੀ ਹੈ ਉਸ ਨੂੰ ਤਰਜੀਹ ਦੇ ਕੇ ਵੰਡਣਾ ਪੈਂਦਾ ਹੈ।''

ਸਕਾਟਿਸ਼ ਸਰਕਾਰ ਦੇ ਬੁਲਾਰੇ ਨੇ ਕਿਹਾ, ''ਬੀਐਮਆਈ ਇੱਕ ਵੱਡੀ ਰੁਕਾਵਟ ਹੈ ਕਿਉਂਕਿ ਜਦੋਂ ਤੁਸੀਂ ਸਭ ਤੋਂ ਜ਼ਿਆਦਾ ਗੰਭੀਰ ਮਾਮਲੇ ਵੇਖਦੇ ਹੋ ਤਾਂ ਉੱਥੇ ਜੀ, ਐਚ, ਜਾਂ ਐਮ ਕੱਪ ਸਾਈਜ਼ ਵਾਲੀਆਂ ਔਰਤਾਂ ਨੂੰ ਬੀਐਮਆਈ 30 ਤੋਂ ਘੱਟ ਵਾਲਾ ਨਹੀਂ ਮਿਲਦਾ।''
''ਅਸੀਂ ਮੰਨਦੇ ਹਾਂ ਕਿ ਬ੍ਰੈਸਟ ਘਟਾਉਣ ਵਰਗੀਆਂ ਸਰਜਰੀਆਂ ਤੱਕ ਕਲੀਨਿਕਲ ਤੌਰ ਤੇ ਸਹੀ ਅਤੇ ਢੁਕਵੀਂ ਪਹੁੰਚ ਹੋਣਾ ਬਹੁਤ ਜ਼ਰੂਰੀ ਹੈ। ਇਹ ਪਹੁੰਚ ਨਿਰਪੱਖ, ਪਾਰਦਰਸ਼ੀ ਤੇ ਸਬੂਤਾਂ ਤੇ ਆਧਾਰਿਤ ਹੋਣੀ ਚਾਹੀਦੀ ਹੈ।
"ਨੈਸ਼ਨਲ ਰੈਫਰਲ ਪ੍ਰੋਟੋਕੋਲ (ਐਨਆਰਪੀ) ਜੋ ਇੱਕ ਮਾਹਰ ਕਲੀਨਿਕਲ ਦੇ ਡਾਕਟਰਾਂ ਨੇ ਇੱਕ ਗਰੁੱਪ ਨੇ ਬਣਾਇਆ ਅਤੇ ਮਨਜ਼ੂਰ ਕੀਤਾ ਹੈ, ਇਹ ਉਨ੍ਹਾਂ ਮਾਪਦੰਡਾਂ ਦੀ ਲਿਸਟ ਦਿੰਦਾ ਹੈ ਜੋ ਮਰੀਜ਼ਾਂ ਨੂੰ ਐਨਆਰਪੀ ਪ੍ਰਕਿਰਿਆਵਾਂ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਪੂਰੇ ਕਰਨੇ ਲਾਜ਼ਮੀ ਹਨ।"
"ਇਹ ਮਾਪਦੰਡ ਕਲੀਨਿਕਲ ਸਬੂਤਾਂ 'ਤੇ ਅਧਾਰਤ ਹਨ ਅਤੇ ਇਨ੍ਹਾਂ ਦਾ ਉਦੇਸ਼ ਪਹੁੰਚ ਨੂੰ ਸੀਮਤ ਕਰਨਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਜਿਹੜੇ ਲੋਕਾਂ ਨੂੰ ਇਨ੍ਹਾਂ ਪ੍ਰਕਿਰਿਆਵਾਂ ਤੋਂ ਫਾਇਦਾ ਹੋਵੇਗਾ, ਉਹ ਅਜਿਹਾ ਕਰ ਸਕਣ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












