'ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰੋਂ ਕੁਝ ਬਾਹਰ ਆ ਰਿਹਾ ਹੋਵੇ', ਇੱਕ ਮਾਂ ਦੀ ਪ੍ਰੋਲੈਪਸ ਨਾਲ ਇਹ ਸਥਿਤੀ ਕਦੋਂ ਹੁੰਦੀ ਹੈ?

ਤਸਵੀਰ ਸਰੋਤ, Helen Ledwick
- ਲੇਖਕ, ਯਾਸਮੀਨ ਰੂਫੋ
- ਰੋਲ, ਬੀਬੀਸੀ ਨਿਊਜ਼
ਜਦੋਂ ਹੈਲੇਨ ਲੇਡਵਿਕ ਨੇ ਇੱਕ ਦਹਾਕਾ ਪਹਿਲਾਂ ਗੂਗਲ ਵਿੱਚ ਇਹ ਲਿਖਿਆ ਕਿ "ਇੰਝ ਕਿਉਂ ਲੱਗ ਰਿਹਾ ਹੈ ਜਿਵੇਂ ਮੇਰੇ ਅੰਦਰੋਂ ਕੁਝ ਬਾਹਰ ਆ ਰਿਹਾ ਹੋਵੇ" ਤਾਂ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਗੂਗਲ 'ਤੇ ਕੀਤੀ ਇਹ ਖੋਜ ਉਨ੍ਹਾਂ ਲਈ ਇੱਕ ਅਜਿਹੀ ਯਾਤਰਾ ਦੀ ਸ਼ੁਰੂਆਤ ਹੋਵੇਗੀ ਜੋ ਉਨ੍ਹਾਂ ਦਾ ਜੀਵਨ ਬਦਲ ਦੇਵੇਗੀ।
ਬੀਬੀਸੀ 5 ਲਾਈਵ ਦੇ ਸਾਬਕਾ ਪੱਤਰਕਾਰ ਅਤੇ ਪੋਡਕਾਸਟਰ ਹੈਲੇਨ, ਪੇਲਵਿਕ ਆਰਗਨ ਪ੍ਰੋਲੈਪਸ ਤੋਂ ਪੀੜਤ ਸਨ - ਇੱਕ ਅਜਿਹੀ ਸਥਿਤੀ ਜੋ ਬੱਚੇ ਦੇ ਜਨਮ ਤੋਂ ਬਾਅਦ ਲਗਭਗ ਬਾਰਾਂ ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦੀ ਹੈ, ਪਰ ਜਿਸ ਬਾਰੇ ਬਹੁਤੇ ਲੋਕਾਂ ਨੇ ਕਦੇ ਸੁਣਿਆ ਵੀ ਨਹੀਂ ਹੋਵੇਗਾ।
ਪ੍ਰੋਲੈਪਸ ਉਦੋਂ ਹੁੰਦਾ ਹੈ ਜਦੋਂ ਪੇਲਵਿਕ ਵਿੱਚ ਇੱਕ ਜਾਂ ਇੱਕ ਤੋਂ ਵੱਧ ਅੰਗ, ਜਿਵੇਂ ਕਿ ਬਲੈਡਰ, ਪੇਟ ਜਾਂ ਬੱਚੇਦਾਨੀ, ਆਪਣੀ ਆਮ ਸਥਿਤੀ ਤੋਂ ਖਿਸਕ ਕੇ ਯੋਨੀ ਵਿੱਚ ਚਲੇ ਜਾਂਦੇ ਹਨ। ਇਹ ਜਾਨਲੇਵਾ ਨਹੀਂ ਹੈ, ਪਰ ਇਸ ਦਾ ਰੋਜ਼ਾਨਾ ਜੀਵਨ, ਸਬੰਧਾਂ ਅਤੇ ਮਾਨਸਿਕ ਸਿਹਤ 'ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ।
'ਤੁਸੀਂ ਸਾਫ ਮਹਿਸੂਸ ਕਰ ਸਕਦੇ ਹੋ ਕਿ ਕੁਝ ਤਾਂ ਹੈ ਜੋ ਠੀਕ ਨਹੀਂ ਹੈ'

ਤਸਵੀਰ ਸਰੋਤ, Helen Ledwick
ਹੈਲੇਨ ਲਈ, ਇਹ ਸਮੱਸਿਆ ਦੂਜੇ ਬਚੇ ਦੇ ਜਨਮ ਤੋਂ ਬਾਅਦ ਆਈ, ਜਿਸ ਦੇ ਜਨਮ ਵੇਲੇ ਉਨ੍ਹਾਂ ਨੂੰ ਬਹੁਤ ਔਖਿਆਈ ਹੋਈ ਸੀ।
ਉਨ੍ਹਾਂ ਯਾਦ ਕਰਦਿਆਂ ਦੱਸਿਆ, "ਮੈਂ ਸੋਫੇ ਤੋਂ ਉੱਠੀ ਅਤੇ ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਚੀਜ਼ਾਂ ਹਿੱਲ ਗਈਆਂ ਹਨ। ਇੰਝ ਮਹਿਸੂਸ ਹੋਇਆ ਜਿਵੇਂ ਇੱਕ ਟੈਂਪੋਨ ਸਹੀ ਢੰਗ ਨਾਲ ਫਿੱਟ ਨਾ ਹੋ ਰਿਹਾ ਹੋਵੇ। ਤੁਸੀਂ ਸਾਫ ਮਹਿਸੂਸ ਕਰ ਸਕਦੇ ਹੋ ਕਿ ਕੁਝ ਤਾਂ ਹੈ ਜੋ ਠੀਕ ਨਹੀਂ ਹੈ।"
ਜੋ ਵੀ ਹੋਇਆ, ਉਸ ਨਾਲ ਹੈਲੇਨ ਬਹੁਤ ਡਰ ਗਏ ਤੇ ਉਲਝਣ 'ਚ ਪੈ ਗਏ। ਜਾਂਚਣ ਲਈ ਉਨ੍ਹਾਂ ਨੇ ਸ਼ੀਸ਼ਾ ਅਤੇ ਆਪਣਾ ਫ਼ੋਨ ਚੁੱਕ ਲਿਆ।
ਉਹ ਦੱਸਦੇ ਹਨ, "ਮੈਂ ਪਹਿਲਾਂ ਕਦੇ ਵੀ ਪ੍ਰੋਲੈਪਸ ਸ਼ਬਦ ਨਹੀਂ ਸੁਣਿਆ ਸੀ ਅਤੇ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਬਹੁਤ ਆਮ ਹੋਣ ਦੇ ਬਾਵਜੂਦ ਵੀ ਇੱਕ ਅਜਿਹਾ ਵਿਸ਼ਾ ਹੈ ਜੋ ਇੱਕ ਤਰ੍ਹਾਂ ਨਾਲ 'ਟੈਬੂ' ਹੈ (ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ।)''
ਹੈਲੇਨ ਦਾ ਮੰਨਣਾ ਹੈ ਕਿ ਇਸ ਨੂੰ ਲੈ ਕੇ ਸ਼ਰਮ ਅਤੇ ਇੱਕ ਪ੍ਰਕਾਰ ਨਾਲ ਕਲੰਕ ਦੀ ਭਾਵਨਾ ਨੇ ਮਹਿਲਾਵਾਂ ਅਤੇ ਸਿਹਤ ਪੇਸ਼ੇਵਰਾਂ ਵਿੱਚ ਜਾਗਰੂਕਤਾ ਦੀ ਘਾਟ ਪੈਦਾ ਕੀਤੀ ਹੈ ਅਤੇ ਹੁਣ ਉਹ ਇਸ ਨੂੰ ਬਦਲਣ ਲਈ ਲੜ ਰਹੇ ਹਨ।
ਸ਼ਰਮ, ਚੁੱਪ ਤੇ ਇੱਕਲਾਪਣ
ਹੈਲੇਨ ਕਹਿੰਦੇ ਹਨ ਕਿ ਡਾਕਟਰ ਵੱਲੋਂ ਉਨ੍ਹਾਂ ਨੂੰ ਇਸ ਸਮੱਸਿਆ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਉਹ ਡਰ ਅਤੇ ਉਲਝਣ ਵਿੱਚ ਸਨ।
ਉਹ ਇਸ ਬਾਰੇ ''ਹੋਰ ਸਪਸ਼ਟੀਕਰਨ, ਇਸ ਦੇ ਹੱਲ ਜਾਂ ਇਲਾਜ ਆਦਿ ਸਬੰਧੀ ਗੱਲਬਾਤ ਦੀ ਉਮੀਦ ਕਰ ਰਹੇ ਸਨ, ਪਰ ਇਸ ਦੀ ਬਜਾਏ ਉਨ੍ਹਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ।
ਸ਼ੁਰੂਆਤੀ ਸਲਾਹ ਜੋ ਉਨ੍ਹਾਂ ਨੂੰ ਦਿੱਤੀ ਗਈ, ਉਹ ਇਹ ਸੀ ਕਿ ਕਿਸੇ ਵੀ ਅਜਿਹੀ ਚੀਜ਼ ਤੋਂ ਬਚੋ ਜੋ ਸਥਿਤੀ ਨੂੰ ਵਿਗਾੜ ਸਕਦੀ ਹੈ, ਜਿਵੇਂ ਕਿ ਦੌੜਨਾ, ਛਾਲ ਮਾਰਨਾ, ਜਾਂ ਭਾਰ ਚੁੱਕਣਾ।
ਉਹ ਕਹਿੰਦੇ ਹਨ, "ਇੰਝ ਲੱਗਿਆ ਕਿ ਇਹ ਸਲਾਹ ਇਸ ਤਰ੍ਹਾਂ ਸੀ ਕਿ - ਆਪਣੀ ਜ਼ਿੰਦਗੀ ਹੀ ਨਾ ਜੀਓ।''
ਹੈਲੇਨ ਨੂੰ ਸ਼ਾਇਦ ਉਨ੍ਹਾਂ ਦੇ ਸਰੀਰਕ ਲੱਛਣਾਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਉਹ ਇਕੱਲਤਾ ਕਰ ਰਹੀ ਸੀ, ਜਿਸ ਵਿੱਚ ਉਹ ਚਲੇ ਗਏ ਸਨ।
ਉਹ ਦੱਸਦੇ ਹਨ, "ਤੁਸੀਂ ਇਸ ਨਾਲ ਸ਼ਰਮ, ਚੁੱਪ, ਸ਼ਰਮਿੰਦਗੀ ਅਤੇ ਇਕੱਲਤਾ ਵਿੱਚ ਰਹਿੰਦੇ ਹੋ। ਕਿਉਂਕਿ ਤੁਸੀਂ ਇਸ ਬਾਰੇ ਗੱਲ ਨਹੀਂ ਕਰਦੇ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੁਨੀਆਂ ਵਿੱਚ ਇਕੱਲੇ ਹੋ ਜੋ ਇਸ ਸਥਿਤੀ 'ਚ ਹੋ।"
ਹੈਲੇਨ ਨੇ ਸ਼ੁਰੂ ਵਿੱਚ ਮਦਦ ਲੱਭਣ ਲਈ ਇੰਸਟਾਗ੍ਰਾਮ ਵੱਲ ਰੁਖ ਕੀਤਾ। ਉਨ੍ਹਾਂ ਨੇ ਸੋਸ਼ਲ ਪਲੇਟਫਾਰਮ 'ਤੇ ਹੋਰ ਲੋਕਾਂ ਨੂੰ ਲੱਭਿਆ ਜੋ ਇਸੇ ਤਰ੍ਹਾਂ ਚਿੰਤਤ ਅਤੇ ਉਲਝਣ ਵਿੱਚ ਸਨ ਅਤੇ ਕੁਝ ਮਾਮਲਿਆਂ ਵਿੱਚ ਮਦਦ ਲੈਣ ਲਈ ਬਹੁਤ ਸ਼ਰਮਿੰਦਾ ਸਨ। ਅੰਤ ਵਿੱਚ ਉਹ ਇੱਕ ਪੋਡਕਾਸਟ ਸ਼ੁਰੂ ਕਰਨ ਅਤੇ ਇੱਕ ਕਿਤਾਬ "ਵਾਇ ਮੰਮਜ਼ ਡੋਂਟ ਜੰਪ" ਲਿਖਣ ਲਈ ਪ੍ਰੇਰਿਤ ਹੋਏ।
ਉਨ੍ਹਾਂ ਦਾ ਟੀਚਾ ਇੱਕ ਅਜਿਹਾ ਪਲੇਟਫਾਰਮ ਬਣਾਉਣਾ ਸੀ, ਜਿੱਥੇ ਮਹਿਲਾਵਾਂ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ਪੇਲਵਿਕ ਸਿਹਤ ਸਬੰਧੀ ਖੁੱਲ੍ਹ ਕੇ ਗੱਲ ਕੀਤੀ ਜਾਵੇ।
ਉਨ੍ਹਾਂ ਕਿਹਾ, "ਮੈਂ ਗੁੱਸੇ ਵਿੱਚ ਸੀ ਕਿਉਂਕਿ ਕਿਸੇ ਨੇ ਕਦੇ ਇਸ ਬਾਰੇ ਗੱਲ ਨਹੀਂ ਕੀਤੀ। ਇਸ ਲਈ ਮੈਂ ਸੋਚਿਆ ਕਿ ਮੈਂ ਕਰਾਂਗੀ।"
"ਮੈਂ ਮਹਿਲਾਵਾਂ ਨੂੰ ਉਹ ਜਾਣਕਾਰੀ ਦੇਣਾ ਚਾਹੁੰਦੀ ਸੀ ਜਿਸ ਨੂੰ ਲੱਭਣ ਵਿੱਚ ਮੈਨੂੰ ਬਹੁਤ ਮੁਸ਼ਕਲ ਆਈ ਸੀ ਅਤੇ ਉਨ੍ਹਾਂ ਨੂੰ ਇਹ ਦਿਲਾਸਾ ਵੀ ਦੇਣਾ ਚਾਹੁੰਦੀ ਸੀ ਕਿ ਉਹ ਇਕੱਲੀਆਂ ਨਹੀਂ ਹਨ।"
ਕੀ ਹੁੰਦਾ ਹੈ ਪ੍ਰੋਲੈਪਸ

ਤਸਵੀਰ ਸਰੋਤ, Getty Images
ਪ੍ਰੋਲੈਪਸ ਉਦੋਂ ਹੁੰਦਾ ਹੈ ਜਦੋਂ ਪੇਲਵਿਕ ਵਿੱਚ ਇੱਕ ਜਾਂ ਇੱਕ ਤੋਂ ਵੱਧ ਅੰਗ, ਜਿਵੇਂ ਕਿ ਬਲੈਡਰ, ਪੇਟ, ਜਾਂ ਬੱਚੇਦਾਨੀ, ਆਪਣੀ ਆਮ ਸਥਿਤੀ ਤੋਂ ਖਿਸਕ ਕੇ ਯੋਨੀ ਵਿੱਚ ਚਲੇ ਜਾਂਦੇ ਹਨ
ਮਹਿਲਾ ਸਿਹਤ ਮਾਹਰ, ਡਾਕਟਰ ਨਿਘਤ ਆਰਿਫ਼ ਕਹਿੰਦੇ ਹਨ ਕਿ ਹੈਲੇਨ ਦਾ ਅਨੁਭਵ ਵਿਲੱਖਣ ਨਹੀਂ ਹੈ, ਅਤੇ ਸਮੱਸਿਆਵਾਂ ਉਦੋਂ ਪੈਦਾ ਹੋ ਸਕਦੀਆਂ ਹਨ ਜਦੋਂ ਲੱਛਣ ਹਮੇਸ਼ਾ ਸਪਸ਼ਟ ਨਹੀਂ ਹੁੰਦੇ।
ਉਨ੍ਹਾਂ ਦੱਸਿਆ, "ਕਈ ਵਾਰ ਕੋਈ ਗੰਢ ਹੁੰਦੀ ਹੈ ਜੋ ਦਿਖਾਈ ਨਹੀਂ ਦਿੰਦੀ, ਸਿਰਫ਼ ਦਬਾਅ ਮਹਿਸੂਸ ਹੁੰਦਾ ਹੈ ਅਤੇ ਇਹ ਪਿੱਠ ਦੇ ਹੇਠਲੇ ਹਿੱਸੇ, ਸਾਹਮਣੇ, ਜਾਂ ਧੁੰਨੀ ਦੇ ਨੇੜੇ ਥੋੜ੍ਹਾ ਉੱਚੀ ਹੋ ਸਕਦੀ ਹੈ। ਇਹ ਲੱਛਣ ਸੈਕਸ ਦੌਰਾਨ ਹੋਰ ਵੀ ਸਪਸ਼ਟ ਹੋ ਸਕਦੇ ਹਨ, ਜੋ ਕਿ ਮੁੜ ਤੋਂ ਇੱਕ ਟੈਬੂ ਹੈ।"
ਪ੍ਰੋਲੈਪਸ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਵੇਂ ਕਿ ਬੱਚੇ ਦਾ ਜਨਮ, ਜ਼ਿਆਦਾ ਭਾਰ ਚੁੱਕਣਾ, ਜ਼ਿਆਦਾ ਭਾਰ ਹੋਣਾ ਜਾਂ ਹਿਸਟਰੇਕਟੋਮੀ (ਅਪ੍ਰੇਸ਼ਨ ਕਰਕੇ ਬੱਚੇਦਾਨੀ ਕੱਢਣਾ - ਕਦੇ-ਕਦੇ ਇਸ ਦੇ ਨਾਲ ਸਰਵਿਕਸ, ਓਵਰੀਆਂ ਅਤੇ ਫੈਲੋਪੀਅਨ ਟਿਊਬ ਵੀ ਕੱਢ ਦਿੱਤੇ ਜਾਂਦੇ ਹਨ) ਤੋਂ ਬਾਅਦ ਵੀ। ਅਤੇ ਬਹੁਤ ਘੱਟ ਮਾਮਲਿਆਂ ਵਿੱਚ ਇਹ ਮਰਦਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਪੇਲਵਿਕ ਫਲੋਰ ਸਬੰਧੀ ਕਸਰਤਾਂ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਇਨ੍ਹਾਂ ਲੱਛਣਾਂ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ, ਪਰ ਕਈ ਵਾਰ ਡਾਕਟਰੀ ਇਲਾਜ, ਜਿਵੇਂ ਕਿ ਯੋਨੀ ਪੇਸਰੀਜ਼ (ਯੋਨੀ ਅੰਦਰ ਰੱਖਿਆ ਜਾਣ ਵਾਲਾ ਇੱਕ ਉਪਕਰਣ ਜਿਸ ਨੂੰ ਬਾਅਦ 'ਚ ਹਟਾਇਆ ਜਾ ਸਕਦਾ ਹੈ) ਜਾਂ ਸਰਜਰੀ ਦੀ ਲੋੜ ਹੁੰਦੀ ਹੈ।
ਗਾਇਨੀਕੋਲੋਜਿਸਟ ਡਾਕਟਰ ਕ੍ਰਿਸਟੀਨ ਏਕੇਚੀ ਕਹਿੰਦੇ ਹਨ ਕਿ ਪ੍ਰੋਲੈਪਸ ਵਾਲੀਆਂ ਮਹਿਲਾਵਾਂ ਨੂੰ ਯੋਨੀ ਵਿੱਚ ਸੋਜ ਜਾਂ ਗੰਢਾਂ ਦਾ ਅਨੁਭਵ ਹੋ ਸਕਦਾ ਹੈ, "ਕਿਉਂਕਿ ਅਸਲ ਵਿੱਚ ਜੋ ਹੋਇਆ ਹੈ ਉਹ ਇਹ ਹੈ ਕਿ ਸਾਡੇ ਪੇਲਵਿਕ ਫਲੋਰ ਲਿਗਾਮੈਂਟ ਕਮਜ਼ੋਰ ਹੋ ਗਏ ਹਨ, ਜੋ ਬਲੈਡਰ ਵਾਂਗ ਹਿਲਜੁਲ ਕਰਨ ਦੀ ਆਗਿਆ ਦਿੰਦੇ ਹਨ।"
'ਮੈਨੂੰ ਲੱਗਦਾ ਹੈ ਕਿ ਮੈਂ ਲੜਾਈ ਜਿੱਤ ਰਹੀ ਹਾਂ'

ਤਸਵੀਰ ਸਰੋਤ, Helen Ledwick
ਹੈਲੇਨ ਕਹਿੰਦੇ ਹਨ ਕਿ 15 ਸਾਲ ਪਹਿਲਾਂ ਮਹਿਜ਼ ਇੱਕ ਗੂਗਲ ਸਰਚ ਨਾਲ ਜੋ ਸ਼ੁਰੂ ਹੋਇਆ ਸੀ ਉਹ ਹੁਣ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਿਆ ਹੈ, ਜੋ ਕਿ ਮਹਿਲਾਵਾਂ ਨੂੰ ਸਮੱਸਿਆਵਾਂ ਹੋਣ 'ਤੇ ਇਸ ਦੀ ਪਛਾਣ ਕਰਨ ਅਤੇ ਮਦਦ ਲੈਣ ਵਿੱਚ ਸਹਾਇਤਾ ਕਰਦਾ ਹੈ।
ਉਨ੍ਹਾਂ ਦੇ ਮਾਮਲੇ ਵਿੱਚ ਰਿਕਵਰੀ ਹੌਲੀ ਰਹੀ ਹੈ, ਪਰ ਬਦਲਾਅ ਲਿਆਉਣ ਰਹੀ ਹੈ।
ਉਨ੍ਹਾਂ ਕਿਹਾ, "ਮੇਰੇ ਲਈ ਇਹ ਹੌਲੀ-ਹੌਲੀ ਅੱਗੇ ਵਧਣ, [ਗਰਭ ਅਵਸਥਾ ਤੋਂ ਤੁਰੰਤ ਬਾਅਦ] ਕਸਰਤ ਕਰਨ ਅਤੇ ਕੁਝ ਤਾਕਤ ਬਣਾਉਣ ਦੀ ਇੱਕ ਲੰਬੀ ਪ੍ਰਕਿਰਿਆ ਰਹੀ ਹੈ।"
ਫਿਰ ਉਨ੍ਹਾਂ ਨੇ ਇੱਕ ਫਿਜ਼ੀਓਲੋਜਿਸਟ ਤੋਂ ਮਦਦ ਲਈ, ਜਿਸ ਨੇ ਉਨ੍ਹਾਂ ਨੂੰ ਦੁਬਾਰਾ ਦੌੜਨਾ ਸ਼ੁਰੂ ਕਰਨ ਵਿੱਚ ਮਦਦ ਕੀਤੀ।
ਹੈਲੇਨ ਕਹਿੰਦੇ ਹਨ ਕਿ ਇਹ "ਇੱਕ ਬਹੁਤ ਵੱਡਾ ਪਲ ਸੀ ਕਿਉਂਕਿ ਮੈਂ ਸੱਚਮੁੱਚ ਸੋਚ ਬੈਠੀ ਸੀ ਕਿ ਮੈਂ ਇਹ ਦੁਬਾਰਾ ਕਦੇ ਨਹੀਂ ਕਰ ਸਕਾਂਗੀ।"
ਹੁਣ, ਹੈਲੇਨ ਆਪਣੀ ਉਮੀਦ ਤੋਂ ਵੀ ਚੰਗਾ ਕਰ ਰਹੇ ਹਨ ਅਤੇ ਉਨ੍ਹਾਂ ਨੇ 10 ਕਿਲੋਮੀਟਰ ਦੀ ਦੌੜ ਲਈ ਆਪਣਾ ਨਾਮ ਲਿਖਵਾਇਆ ਹੈ।
ਉਹ ਕਹਿੰਦੇ ਹਨ, "ਮੈਂ ਬਿਹਤਰ ਮਹਿਸੂਸ ਕਰ ਰਹੀ ਹਾਂ ਅਤੇ ਆਪਣੇ ਲੱਛਣਾਂ ਨੂੰ ਮੈਨੇਜ ਕਰਨਾ ਸਿੱਖ ਲਿਆ ਹੈ। ਮੈਨੂੰ ਅਜੇ ਵੀ ਪ੍ਰੋਲੈਪਸ ਹੈ, ਪਰ ਇਹ ਮੇਰੀ ਜ਼ਿੰਦਗੀ 'ਤੇ ਪਹਿਲਾਂ ਵਾਂਗ ਹਾਵੀ ਨਹੀਂ ਹੈ।''
"ਮੈਨੂੰ ਲੱਗਦਾ ਹੈ ਕਿ ਮੈਂ ਲੜਾਈ ਜਿੱਤ ਰਹੀ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












