ਸ਼ਰਲਿਨ ਚੋਪੜਾ ਨੇ ਹਟਵਾਏ ਡੇਢ ਕਿੱਲੋ ਤੋਂ ਵੱਧ ਦੇ ਬ੍ਰੈਸਟ ਇੰਪਲਾਂਟ, ਇਹ ਕਿਸ ਚੀਜ਼ ਦੇ ਬਣੇ ਹੁੰਦੇ ਹਨ ਤੇ ਛਾਤੀ ਵਿੱਚ ਕਿਵੇਂ ਪਾਏ ਜਾਂਦੇ ਹਨ

ਸ਼ਰਲਿਨ ਚੋਪੜਾ

ਤਸਵੀਰ ਸਰੋਤ, sherlynchopra/IG

ਤਸਵੀਰ ਕੈਪਸ਼ਨ, ਸ਼ਰਲਿਨ ਚੋਪੜਾ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹਨ
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

"ਇਹ ਭਾਰੀ ਬੋਝ ਮੇਰੀ ਛਾਤੀ ਤੋਂ ਹੱਟ ਚੁੱਕਾ ਹੈ। ਇੱਕ (ਇੰਪਲਾਂਟ) ਦਾ ਭਾਰ 825 ਗ੍ਰਾਮ ਸੀ। ਮੈਂ ਇੱਕ ਤਿੱਤਲੀ ਜਿਹਾ ਹਲਕਾ ਮਹਿਸੂਸ ਕਰ ਰਹੀ ਹਾਂ। ਮੇਰੀ ਨੌਜਵਾਨ ਪੀੜ੍ਹੀ ਨੂੰ ਗੁਜ਼ਾਰਿਸ਼ ਹੈ ਕਿ ਉਹ ਸੋਸ਼ਲ ਮੀਡੀਆ ਦੇ ਬਹਿਕਾਵੇ 'ਚ ਆ ਕੇ ਆਪਣੇ ਸਰੀਰ ਨਾਲ ਕੋਈ ਖਿਲਵਾੜ ਨਾ ਕਰਨ।"

ਇਹ ਬੋਲ ਭਾਰਤੀ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਦੇ ਹਨ। ਉਨ੍ਹਾਂ ਨੇ ਐਤਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਬ੍ਰੈਸਟ ਇੰਪਲਾਂਟ ਹਟਵਾ ਦਿੱਤੇ ਹਨ।

ਇਸ ਵੀਡੀਓ 'ਚ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਬਾਹਰੀ ਸਮਾਜ ਦੇ ਦਬਾਅ ਹੇਠ ਆ ਕੇ ਆਪਣੇ ਸਰੀਰ ਸਬੰਧੀ ਕੋਈ ਵੀ ਫ਼ੈਸਲਾ ਨਾ ਕਰਨ ਅਤੇ ਆਪਣੀ ਕੁਦਰਤੀ ਸਰੀਰਕ ਬਣਾਵਟ ਦੀ ਹਿਫ਼ਾਜ਼ਤ ਕਰਨ।

ਇਸ ਤੋਂ ਪਹਿਲਾਂ ਸਾਂਝੀ ਕੀਤੀ ਪੋਸਟ 'ਚ ਉਨ੍ਹਾਂ ਨੇ ਕਿਹਾ ਸੀ, "ਮੈਂ ਅੱਜ ਬ੍ਰੈਸਟ ਇੰਪਲਾਂਟ ਹਟਵਾ ਰਹੀ ਹਾਂ ਤਾਂ ਜੋ ਮੈਂ ਬਿਨ੍ਹਾਂ ਕਿਸੇ ਵਾਧੂ ਬੋਝ ਦੇ ਜ਼ਿੰਦਗੀ ਜੀਅ ਸਕਾਂ।"

ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ।

ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਬ੍ਰੈਸਟ ਇੰਪਲਾਂਟ ਕਿਸ ਚੀਜ਼ ਦੇ ਬਣੇ ਹੁੰਦੇ ਹਨ ਅਤੇ ਇਹ ਸਰੀਰ 'ਚ ਕਿਵੇਂ ਪੈਂਦੇ ਹਨ? ਆਓ ਜਾਣਦੇ ਹਾਂ।

ਬ੍ਰੈਸਟ ਇੰਪਲਾਂਟ ਕੀ ਹੁੰਦਾ ਹੈ ?

ਬ੍ਰੈਸਟ ਇੰਪਲਾਂਟ ਇੱਕ ਕਾਸਮੈਟਿਕ ਪ੍ਰਕਿਰਿਆ ਹੁੰਦੀ ਹੈ। ਇਸ ਵਿੱਚ ਬ੍ਰੈਸਟ ਦਾ ਆਕਾਰ ਵਧਾਉਣ ਜਾਂ ਬ੍ਰੈਸਟ ਦੀ ਦਿੱਖ ਨੂੰ ਬਿਹਤਰ ਕਰਨ ਲਈ ਇੱਕ ਸਰਜਰੀ ਰਾਹੀਂ ਛਾਤੀ 'ਚ ਇੰਪਲਾਂਟ ਭਰ ਦਿੱਤੇ ਜਾਂਦੇ ਹਨ।

ਅੱਜ ਕੱਲ੍ਹ ਇਸਤੇਮਾਲ ਹੋਣ ਵਾਲੇ ਜ਼ਿਆਦਾਤਰ ਇੰਪਲਾਂਟ ਸਿਲੀਕੌਨ ਦੇ ਬਣੇ ਹੁੰਦੇ ਹਨ। ਇਹ ਗੋਲ਼ ਆਕਾਰ ਦੀ ਇੱਕ ਗੇਂਦ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਛਾਤੀ ਹੇਠ ਇੱਕ ਛੋਟਾ ਜਿਹਾ ਚੀਰਾ ਲੱਗਾ ਕੇ ਬ੍ਰੈਸਟ ਦੇ ਹੇਠਾਂ ਰੱਖ ਦਿੱਤਾ ਜਾਂਦਾ ਹੈ।

ਲੁਧਿਆਣਾ ਦੇ ਪ੍ਰੋਫਾਈਲ ਫੋਰਟ ਨਾਂ ਦੇ ਕਲੀਨਿਕ ਦੇ ਮਾਲਕ ਅਤੇ ਪਲਾਸਟਿਕ ਸਰਜਨ ਡਾ. ਵਿਕਾਸ ਗੁਪਤਾ ਦੱਸਦੇ ਹਨ, "ਮੈਂ ਪਿੱਛਲੇ 15 ਸਾਲਾਂ ਤੋਂ ਬ੍ਰੈਸਟ ਇੰਪਲਾਂਟ ਕਰ ਰਿਹਾ ਹਾਂ। ਪਹਿਲਾਂ ਸੈਲੀਨ ਵਾਟਰ ਵਾਲੇ ਇੰਪਲਾਂਟ ਵੀ ਚੱਲਦੇ ਸਨ, ਪਰ ਹੁਣ ਉਹ ਬੰਦ ਹੋ ਗਏ ਹਨ ਕਿਉਕਿ ਉਨ੍ਹਾਂ ਦੇ ਫੱਟ ਜਾਣ ਦਾ ਖ਼ਦਸ਼ਾ ਹੁੰਦਾ ਸੀ।"

"ਅੱਜ ਕੱਲ੍ਹ ਬ੍ਰੈਸਟ ਇੰਪਲਾਂਟ ਸਿਲੀਕੌਨ ਦੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਲਗਵਾਉਣਾ ਇਨ੍ਹਾਂ ਸੌਖਾ ਹੋ ਗਿਆ ਹੈ ਕਿ ਇਹ ਕਰਵਾਉਣ ਵਾਲੇ ਗਾਹਕ ਅਤੇ ਡਾਕਟਰ ਤੋਂ ਇਲਾਵਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਕੋਈ ਕਾਸਮੈਟਿਕ ਪ੍ਰਕਿਰਿਆ ਕਰਵਾਈ ਹੋਈ ਹੈ।"

ਡਾ. ਗੁਪਤਾ ਦੱਸਦੇ ਹਨ ਕਿ ਬ੍ਰੈਸਟ ਇੰਪਲਾਂਟ ਇੱਕ ਵਾਰੀ ਲਗਵਾਉਣ ਤੋਂ ਬਾਅਦ ਉਮਰ ਭਰ ਦੁਬਾਰਾ ਇਨ੍ਹਾਂ ਨੂੰ ਬਦਲਾਉਣ ਦੀ ਲੋੜ ਨਹੀਂ ਪੈਂਦੀ।

ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐੱਮਸੀ) ਅਤੇ ਹਸਪਤਾਲ ਵਿੱਚ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਪਿੰਕੀ ਪਰਗਲ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਪਿਛਲੇ ਇੱਕ ਦਹਾਕੇ 'ਚ ਬ੍ਰੈਸਟ ਇੰਪਲਾਂਟ ਦਾ ਟਰੈਂਡ ਤੇਜ਼ੀ ਨਾਲ ਵਧੀਆ ਹੈ।

ਡਾ. ਪਿੰਕੀ ਕਹਿੰਦੇ ਹਨ, "ਅਜਿਹੀਆਂ ਕਾਸਮੈਟਿਕ ਪ੍ਰਕਿਰਿਆਵਾਂ ਨਵੀਆਂ ਨਹੀਂ ਹਨ, ਪਰ ਸੋਸ਼ਲ ਮੀਡੀਆ ਦੇ ਆਉਣ ਨਾਲ ਇਨ੍ਹਾਂ ਦਾ ਬਹੁਤ ਵੱਡੇ ਪੱਧਰ ਉੱਤੇ ਰੁਝਾਨ ਵਧਿਆ ਹੈ। ਇਹ ਸਭ ਪ੍ਰਕਿਰਿਆਵਾਂ ਹੁਣ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਈਆਂ ਹਨ। ਇਹ ਪਹਿਲਾ ਨਾਲੋਂ ਬਹੁਤ ਸਸਤੀਆਂ ਹੋ ਗਈਆਂ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਇਸ ਪ੍ਰਕਿਰਿਆ ਵੱਲ ਆਕਰਸ਼ਿਤ ਹੋ ਰਹੇ ਹਨ।"

ਡਾ. ਵਿਕਾਸ ਗੁਪਤਾ
ਤਸਵੀਰ ਕੈਪਸ਼ਨ, ਡਾ. ਵਿਕਾਸ ਗੁਪਤਾ ਮੁਤਾਬਕ, ਇੰਪਲਾਂਟ ਦੀ ਸਿਫਾਰਸ਼ ਮੋਢਿਆਂ ਦੇ ਆਕਾਰ, ਚਮੜੀ ਦੇ ਪ੍ਰਕਾਰ, ਮਰੀਜ਼ ਦੀ ਲੰਬਾਈ, ਭਾਰ ਅਤੇ ਬਾਕੀ ਕੁਦਰਤੀ ਬਣਤਰ 'ਤੇ ਨਿਰਭਰ ਕਰਦੀ ਹੈ

ਬ੍ਰੈਸਟ ਇੰਪਲਾਂਟ ਨਾਲ ਸਾਈਜ਼ ਕਿੰਨਾ ਵਧਾਇਆ ਜਾ ਸਕਦਾ ਹੈ?

ਅਦਾਕਾਰਾ ਸ਼ਰਲਿਨ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਇੱਕ ਬ੍ਰੈਸਟ ਇੰਪਲਾਂਟ ਦਾ ਭਾਰ 825 ਗ੍ਰਾਮ ਸੀ।

ਪਰ ਮਾਹਰ ਬੀਬੀਸੀ ਨਾਲ ਗੱਲ ਕਰਦਿਆਂ ਦੱਸਦੇ ਹਨ ਕਿ ਇੰਪਲਾਂਟਜ਼ ਦਾ ਭਾਰ ਗ੍ਰਾਮਾਂ 'ਚ ਨਹੀਂ ਬਲਕਿ ਮਿਲੀਲੀਟਰ 'ਚ ਮਾਪਿਆ ਜਾਂਦਾ ਹੈ।

ਉਹ ਦੱਸਦੇ ਹਨ ਕਿ ਭਾਰਤ 'ਚ 350 ਤੋਂ 400 ਮਿਲੀਲੀਟਰ ਦੇ ਇੰਪਲਾਂਟ ਦੀ ਹੀ ਸਿਫਾਰਸ਼ ਕੀਤੀ ਜਾਂਦੀ ਹੈ।

ਡਾ. ਵਿਕਾਸ ਦੱਸਦੇ ਹਨ, "ਇੱਕ ਮਾਹਰ ਪਲਾਸਟਿਕ ਸਰਜਨ, ਇਹ ਪ੍ਰਕਿਰਿਆ ਕਰਨ ਤੋਂ ਪਹਿਲਾ ਸਰੀਰ ਦੀ ਕੁਦਰਤੀ ਬਣਤਰ ਦੀ ਜਾਂਚ ਕਰਦਾ ਹੈ ਅਤੇ ਫਿਰ ਉਸ ਜਾਂਚ ਦੇ ਅਧਾਰ 'ਤੇ ਹੀ ਬ੍ਰੈਸਟ ਇੰਪਲਾਂਟ ਦੇ ਸਾਈਜ਼ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਭਾਰਤੀ ਔਰਤਾਂ ਦੀ ਸਰੀਰਕ ਬਣਤਰ ਲਈ 350 ਤੋਂ 400 ਮਿਲੀਲੀਟਰ ਤੋਂ ਉੱਪਰ ਦੇ ਸਾਈਜ਼ ਵਾਲੇ ਇੰਪਲਾਂਟ ਸੁਝਾਏ ਨਹੀਂ ਜਾਂਦੇ।"

ਡਾ. ਵਿਕਾਸ ਗੁਪਤਾ ਦੱਸਦੇ ਹਨ ਕਿ ਇੰਪਲਾਂਟ ਦੀ ਸਿਫਾਰਸ਼ ਮੋਢਿਆਂ ਦੇ ਆਕਾਰ, ਚਮੜੀ ਦੇ ਪ੍ਰਕਾਰ, ਮਰੀਜ਼ ਦੀ ਲੰਬਾਈ, ਭਾਰ ਅਤੇ ਬਾਕੀ ਕੁਦਰਤੀ ਬਣਤਰ 'ਤੇ ਨਿਰਭਰ ਕਰਦੀ ਹੈ।

ਡਾ. ਪਿੰਕੀ

ਡਾ. ਪਿੰਕੀ ਪਰਗਲ ਵੀ ਇਸ ਨਾਲ ਸਹਿਮਤ ਹਨ, ਪਰ ਉਹ ਦੱਸਦੇ ਹਨ ਕਿ ਭਾਰਤ 'ਚ ਬਹੁਤ ਸਾਰੇ ਅਣਅਧਿਕਾਰਤ ਲੋਕ ਵੀ ਅਜਿਹੀਆਂ ਕਾਸਮੈਟਿਕ ਪ੍ਰਕਿਰਿਆਵਾਂ ਕਰਦੇ ਹਨ, ਜਿਸ ਕਾਰਨ ਮਾਹਰਾਂ ਵੱਲੋਂ ਸਥਾਪਿਤ ਕੀਤੇ ਗਏ ਨਿਯਮਾਂ ਦੀ ਪਾਲਣਾ ਵੱਡੇ ਪੱਧਰ 'ਤੇ ਨਹੀਂ ਹੁੰਦੀ।

ਡਾ. ਪਿੰਕੀ ਕਹਿੰਦੇ ਹਨ, "ਕੋਈ ਵੀ ਮਾਹਰ ਡਾਕਟਰ ਮਰੀਜ਼ ਦੇ ਕਹੇ 'ਤੇ ਕੋਈ ਵੀ ਸਾਈਜ਼ ਨਹੀਂ ਪਾਵੇਗਾ। ਉਹ ਪਹਿਲਾ ਆਪਣੀ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਹੀ ਮਰੀਜ਼ ਨੂੰ ਸਲਾਹ ਦੇਣਗੇ ਕਿ ਉਨ੍ਹਾਂ ਲਈ ਕਿਹੜੇ ਸਾਈਜ਼ ਦੇ ਇੰਪਲਾਂਟ ਠੀਕ ਰਹਿਣਗੇ।"

"ਪਰ ਉੱਥੇ ਅਣਅਧਿਕਾਰਤ ਪ੍ਰੈਕਟਿਸ ਕਰਨ ਵਾਲੇ ਮਾਹਰ ਪੈਸੇ ਦੇ ਲਾਲਚ 'ਚ ਕਿਸੇ ਵੀ ਸਾਈਜ਼ ਦੇ ਇੰਪਲਾਂਟ ਪਾਉਣ ਲਈ ਰਾਜ਼ੀ ਹੋ ਜਾਂਦੇ ਹਨ।"

ਇਹ ਵੀ ਪੜ੍ਹੋ-

ਕਿਹੜੇ ਲੋਕ ਇੰਪਲਾਂਟ ਕਰਵਾਉਂਦੇ ਹਨ?

ਮਾਹਰਾਂ ਮੁਤਾਬਕ ਔਰਤਾਂ ਜਿਨ੍ਹਾਂ ਦੀ ਬ੍ਰੈਸਟ 'ਚ ਕਿਸੇ ਤਰ੍ਹਾਂ ਦਾ ਵਿਕਾਰ ਹੋਵੇ, ਜੋ ਆਪਣੇ ਬ੍ਰੈਸਟ ਦੇ ਆਕਾਰ ਤੋਂ ਖੁਸ਼ ਨਾ ਹੋਣ ਅਤੇ ਟ੍ਰਾਂਸਜੈਂਡਰ ਜ਼ਿਆਦਾਤਰ ਬ੍ਰੈਸਟ ਇੰਪਲਾਂਟ ਕਰਵਾਉਂਦੇ ਹਨ।

ਡਾ. ਪਿੰਕੀ ਦੱਸਦੇ ਹਨ, "ਬਹੁਤ ਸਾਰੇ ਲੋਕ ਇਸ ਨੂੰ ਸਿਰਫ਼ ਕਾਸਮੈਟਿਕ ਪ੍ਰਕਿਰਿਆ ਦੇ ਤੌਰ 'ਤੇ ਹੀ ਵੇਖਦੇ ਹਨ ਪਰ ਇਹ ਉਨ੍ਹਾਂ ਔਰਤਾਂ ਲਈ ਬਹੁਤ ਕਾਰਗਰ ਹੈ ਜਿਨ੍ਹਾਂ ਦੀ ਬ੍ਰੈਸਟ ਕੁਦਰਤੀ ਤੌਰ 'ਤੇ ਪੂਰੀ ਤਰ੍ਹਾਂ ਵਿਕਸਿਤ ਨਾ ਹੋਈ ਹੋਵੇ।"

ਪਰ ਡਾ. ਪਿੰਕੀ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਔਰਤ ਮਹਿਜ਼ ਸੋਸ਼ਲ ਮੀਡਿਆ ਦੇ ਪ੍ਰਭਾਵ ਹੇਠ ਆ ਕੇ ਇਹ ਪ੍ਰਕਿਰਿਆ ਨੂੰ ਕਰਵਾਉਣ ਦਾ ਸੋਚ ਰਹੀ ਹੈ, ਤਾਂ ਉਨ੍ਹਾਂ ਨੂੰ ਇਹ ਸਵਾਲ ਆਪਣੇ ਆਪ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ ਕੀ ਹੈ ਜ਼ਰੂਰੀ ਹੈ?

ਬ੍ਰੈਸਟ ਇੰਪਲਾਂਟ ਉੱਤੇ ਕਿੰਨਾ ਖਰਚ ਆਉਂਦਾ ਹੈ ਅਤੇ ਸਮਾਂ ਕਿੰਨਾ ਲੱਗਦਾ ਹੈ?

ਇੰਪਲਾਂਟ

ਤਸਵੀਰ ਸਰੋਤ, sherlynchopra/IG

ਤਸਵੀਰ ਕੈਪਸ਼ਨ, ਸ਼ਰਲਿਨ ਵੱਲੋਂ ਬ੍ਰੈਸਟ ਵਿੱਚੋਂ ਕਢਵਾਏ ਗਏ ਇੰਪਲਾਂਟ ਦੀ ਤਸਵੀਰ ਪੋਸਟ ਕੀਤੀ ਗਈ ਸੀ

ਡਾ. ਪਿੰਕੀ ਦੱਸਦੇ ਹਨ ਕਿ ਇਸ ਦਾ ਖਰਚ 50,000 ਰੁਪਏ ਤੋਂ ਲੈਕੇ 1,50,000 ਰੁਪਏ ਤੱਕ ਹੋ ਸਕਦਾ ਹੈ। ਇਸ ਦੀ ਕੀਮਤ ਇੰਪਲਾਂਟ ਦੇ ਸਾਈਜ਼ ਅਤੇ ਕੁਆਲਿਟੀ 'ਤੇ ਨਿਰਭਰ ਕਰਦੀ ਹੈ।

ਇਸ ਤੋਂ ਇਲਾਵਾ ਪ੍ਰਕਿਰਿਆ ਕਰਨ ਵਾਲੇ ਡਾਕਟਰ ਦੀ ਫ਼ੀਸ ਵੀ ਇੱਕ ਵੱਡਾ ਫੈਕਟਰ ਹੁੰਦਾ ਹੈ।

ਇਸ ਨੂੰ ਕਰਵਾਉਣ 'ਚ ਇੱਕ ਦਿਨ ਦਾ ਹੀ ਸਮਾਂ ਲੱਗਦਾ ਹੈ ਅਤੇ ਇੱਕ ਮਹੀਨੇ ਤੱਕ ਡਾਕਟਰ ਵੱਲੋਂ ਸੁਝਾਏ ਗਏ ਪਰਹੇਜ਼ ਦੀ ਪਾਲਣਾ ਕਰਨੀ ਪੈਂਦੀ ਹੈ।

ਡਾ. ਵਿਕਾਸ ਦੱਸਦੇ ਹਨ, "ਇੱਕ ਵਾਰੀ ਕਰਵਾਉਣ ਮਗ਼ਰੋਂ, ਇਹ ਉਮਰ ਭਰ ਲਈ ਇਸੇ ਤਰ੍ਹਾਂ ਹੀ ਰਹਿੰਦੇ ਹਨ। ਇਹ ਖ਼ਰਾਬ ਨਹੀਂ ਹੁੰਦੀ, ਪਰ ਜੇਕਰ ਗਾਹਕ ਨੇ ਇਨ੍ਹਾਂ ਨੂੰ ਨਿਕਲਵਾਉਣਾ ਹੋਵੇ ਤਾਂ ਇਹ ਆਸਾਨੀ ਨਾਲ ਨਿਕਲਵਾਏ ਵੀ ਜਾ ਸਕਦੇ ਹਨ।"

ਕੀ ਇਸ 'ਚ ਕੋਈ ਖ਼ਤਰਾ ਵੀ ਹੁੰਦਾ ਹੈ?

ਸ਼ਰਲਿਨ ਚੋਪੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰਲਿਨ ਚੋਪੜਾ ਨੇ ਸੰਦੇਸ਼ ਦਿੱਤਾ ਹੈ ਕਿ ਆਪਣੀ ਕੁਦਰਤੀ ਦਿੱਖ ਦੀ ਹਿਫ਼ਾਜ਼ਤ ਕਰੋ

ਡਾ. ਵਿਕਾਸ ਦਾ ਕਹਿਣਾ ਹੈ ਕਿ ਇਸ ਵਿੱਚ ਲਾਗ ਦਾ ਉਨਾ ਹੀ ਖ਼ਤਰਾ ਹੁੰਦਾ ਹੈ, ਜਿੰਨਾ ਕਿ ਕਿਸੇ ਹੋਰ ਦੂਜੀ ਸਰਜਰੀ ਵਿੱਚ ਹੁੰਦਾ ਹੈ।

ਉਹ ਕਹਿੰਦੇ ਹਨ, "ਬਹੁਤ ਲੋਕ ਚਿੰਤਤ ਹੁੰਦੇ ਹਨ ਕਿ ਕੀ ਇਸ ਨਾਲ ਕੈਂਸਰ ਹੋ ਸਕਦਾ ਹੈ ਜਾਂ ਫਿਰ ਔਰਤਾਂ ਨੂੰ ਬੱਚੇ ਨੂੰ ਦੁੱਧ ਪਿਲਾਉਣ 'ਚ ਕੋਈ ਦਿੱਕਤ ਪੇਸ਼ ਆਵੇਗੀ, ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਬ੍ਰੈਸਟ ਇੰਪਲਾਂਟ ਨਾਲ ਨਾ ਤਾਂ ਕੈਂਸਰ ਦਾ ਖ਼ਤਰਾ ਵਧਦਾ ਹੈ ਅਤੇ ਨਾ ਹੀ ਬੱਚੇ ਨੂੰ ਫੀਡ ਕਰਨ 'ਚ ਕੋਈ ਮੁਸ਼ਕਲ ਆਉਂਦੀ ਹੈ।"

ਸ਼ਰਲਿਨ ਚੋਪੜਾ ਕੌਣ ਹਨ?

ਸ਼ਰਲਿਨ ਚੋਪੜਾ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹਨ।

ਉਹ ਹਿੰਦੀ ਅਤੇ ਤੇਲਗੂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। 38 ਸਾਲਾ ਸ਼ਰਲਿਨ ਨੇ 2007 ਵਿੱਚ ਰੈੱਡ ਸਵਾਸਤਿਕ ਨਾਂ ਦੀ ਇੱਕ ਹਿੰਦੀ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਸ਼ਰਲਿਨ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਅਦਾਕਾਰਾ, ਸਮਾਜਿਕ ਕਾਰਕੁਨ ਨਿਰਮਾਤਾ ਅਤੇ ਐੱਲਐੱਲਬੀ ਸਿੱਖਿਅਤ ਦੱਸਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)