ਆਪਣੇ ਰੂਪ ਬਾਰੇ ਹੱਦੋਂ ਵੱਧ ਚਿੰਤਾ ਕਿਸੇ ਬਿਮਾਰੀ ਦੀ ਨਿਸ਼ਾਨੀ ਹੋ ਸਕਦੀ ਹੈ, ਲੱਛਣਾਂ ਤੇ ਇਲਾਜ ਬਾਰੇ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਜੋ ਆਪਣੀ ਚੰਗੀ-ਭਲੀ ਫ਼ੋਟੋ ਨੂੰ ਵਾਰ-ਵਾਰ ਜ਼ੂਮ ਕਰਕੇ ਉਸ ਵਿੱਚ ਨੁਕਸ ਕੱਢਦਾ ਹੋਵੇ?
ਜਾਂ ਕੋਈ ਅਜਿਹਾ, ਜੋ ਸ਼ੀਸ਼ੇ ਸਾਹਮਣੇ ਖੜ੍ਹ ਕੇ ਆਪਣੇ ਨੱਕ, ਅੱਖ, ਸਰੀਰ ਦੇ ਆਕਾਰ ਅਤੇ ਰੰਗ-ਰੂਪ 'ਚ ਸਿਰਫ਼ ਕਮੀਆਂ ਹੀ ਲੱਭਦਾ ਰਹੇ।
ਆ ਰਿਹਾ ਨਾ ਕਿਸੇ ਇੱਕ ਸ਼ਖਸ ਦਾ ਨਾਮ ਦਿਮਾਗ ਵਿੱਚ?
ਕਈ ਵਾਰ ਤੁਹਾਨੂੰ ਇਸ ਤਰ੍ਹਾਂ ਕਰਨ ਵਾਲੇ ਲੋਕਾਂ 'ਤੇ ਖਿੱਝ ਵੀ ਆ ਸਕਦੀ ਹੈ ਕਿ ਆਖ਼ਰ ਇੱਕ ਮਾਮੂਲੀ ਜਿਹੀ ਚੀਜ਼ ਨੂੰ ਲੈ ਕੇ ਇਹ ਇੰਨੇ ਜ਼ਿਆਦਾ ਚਿੰਤਤ ਕਿਉਂ ਰਹਿੰਦੇ ਹਨ।
ਪਰ ਕਿਉਂ ਕੁਝ ਲੋਕਾਂ ਨੂੰ ਅਜਿਹਾ ਲੱਗਦਾ ਰਹਿੰਦਾ ਹੈ ਕਿ ਲੋਕ ਉਨ੍ਹਾਂ ਦੇ ਰੰਗ-ਰੂਪ ਜਾਂ ਸਰੀਰ ਦੇ ਆਕਾਰ 'ਚ ਖਾਮੀਆਂ ਲੱਭ ਕੇ ਮਜ਼ਾਕ ਬਣਾਉਣ ਲਈ ਹੀ ਤਿਆਰ ਬੈਠੇ ਹਨ।
ਹਾਲਾਂਕਿ ਕਦੇ ਕਿਤੇ ਆਪਣੀ ਦਿੱਖ ਨੂੰ ਲੈ ਕੇ ਅਜਿਹੇ ਵਿਚਾਰ ਆਉਣਾ ਆਮ ਗੱਲ ਹੈ, ਪਰ ਜੇਕਰ ਕੋਈ ਇਨ੍ਹਾਂ ਗੱਲਾਂ ਕਰਕੇ ਘੰਟਿਆਂ ਤੱਕ ਸ਼ੀਸ਼ੇ ਮੂਹਰੇ ਖੜ੍ਹਾ ਆਪਣੇ ਆਪ ਨੂੰ ਕੋਸਦਾ ਰਹੇ ਜਾਂ ਫ਼ੋਟੋ ਖਿਚਾਉਣ ਅਤੇ ਕਿਤੇ ਆਉਣ ਜਾਣ ਤੋਂ ਪਰਹੇਜ਼ ਕਰਨ ਲੱਗ ਜਾਵੇ, ਤਾਂ ਹੋ ਸਕਦਾ ਹੈ ਉਨ੍ਹਾਂ ਨੂੰ ਬੌਡੀ ਡਿਸਮੋਰਫਿਕ ਡਿਸਆਰਡਰ (ਬੀਡੀਡੀ) ਹੋਵੇ।
ਬੌਡੀ ਡਿਸਮੋਰਫਿਕ ਡਿਸਆਰਡਰ (ਬੀਡੀਡੀ) ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਲੁਧਿਆਣਾ ਦੇ ਕ੍ਰਿਸਟੈਨ ਮੈਡੀਕਲ ਕਾਲਜ 'ਚ ਸਹਾਇਕ ਪ੍ਰੋਫੈਸਰ ਅਤੇ ਮਨੋਰੋਗਾਂ ਦੇ ਮਾਹਰ ਡਾ. ਨਿਖਿਲ ਗੌਤਮ ਦੱਸਦੇ ਹਨ ਕਿ, "ਬੀਡੀਡੀ ਇੱਕ ਮਾਨਸਿਕ ਡਿਸਆਰਡਰ ਹੈ ਜਿਸ ਵਿੱਚ ਪ੍ਰਭਾਵਿਤ ਵਿਅਕਤੀ ਆਪਣੀ ਦਿੱਖ ਵਿੱਚ ਨੁਕਸ ਲੱਭਣਾ ਬੰਦ ਨਹੀਂ ਕਰ ਪਾਉਂਦਾ।"
ਉਹ ਦੱਸਦੇ ਹਨ, "ਇਸ ਤੋਂ ਪੀੜਤ ਲੋਕ ਅਕਸਰ ਕਲਪਿਤ ਜਾਂ ਬਹੁਤ ਛੋਟੇ-ਛੋਟੇ ਨੁਕਸਾਂ ਦੀ ਵੀ ਚਿੰਤਾ ਕਰਦੇ ਹਨ, ਜੋ ਦੂਜਿਆਂ ਨੂੰ ਅਕਸਰ ਨਜ਼ਰ ਵੀ ਨਹੀਂ ਆਉਂਦੇ। ਪਰ ਇਹ ਡਿਸਆਰਡਰ ਉਸ ਵਿਅਕਤੀ ਦੀ ਜ਼ਿੰਦਗੀ ਨੂੰ ਕਾਫ਼ੀ ਜ਼ਿਆਦਾ ਪ੍ਰਭਾਵਿਤ ਕਰ ਸਕਦਾ ਹੈ।"
"ਇਹ ਸਿਰਫ਼ ਕਦੇ ਕਿਤੇ ਮਹਿਸੂਸ ਹੋਣ ਵਾਲੀ ਹੀਣ ਭਾਵਨਾ ਵਰਗਾ ਨਹੀਂ ਹੁੰਦਾ ਹੈ, ਇਸ ਡਿਸਆਰਡਰ 'ਚ ਮਰੀਜ਼ ਆਪਣੀ ਕਿਸੇ ਇੱਕ ਖਾਮੀ ਤੋਂ ਇੰਨਾ ਪ੍ਰਭਾਵਿਤ ਹੋ ਜਾਂਦਾ ਹੈ ਕਿ ਉਹ ਇਸ ਤੋਂ ਉੱਭਰ ਨਹੀਂ ਪਾਉਂਦਾ।"
ਡਾ. ਨਿਖਿਲ ਦੱਸਦੇ ਹਨ ਕਿ ਇਸ ਡਿਸਆਰਡਰ ਨਾਲ ਜੂਝ ਰਹੇ ਲੋਕ ਡਿਪਰੈਸ਼ਨ ਅਤੇ ਇੱਥੋਂ ਤੱਕ ਕਿ ਆਤਮਘਾਤੀ (ਸੁਸਾਈਡਲ) ਵੀ ਹੋ ਜਾਂਦੇ ਹਨ।

ਆਪਣੇ ਇੱਕ ਮਰੀਜ਼ ਦਾ ਉਦਾਹਰਣ ਦਿੰਦੇ ਹੋਏ, ਡਾ. ਨਿਖਿਲ ਸਮਝਾਉਂਦੇ ਹਨ, "ਮੇਰੇ ਕੋਲ ਇੱਕ 30 ਸਾਲਾ ਮਹਿਲਾ ਆਪਣਾ ਇਲਾਜ ਕਰਵਾ ਰਹੀ ਹੈ ਜੋ ਇਸ ਡਿਸਆਰਡਰ ਨਾਲ ਜੂਝ ਰਹੇ ਹਨ। ਉਹ ਹਾਲ ਹੀ ਵਿੱਚ ਮਾਂ ਬਣੇ ਹਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦਾ ਭਾਰ ਵੱਧ ਗਿਆ ਸੀ।"
"ਹੁਣ ਡਿਲੀਵਰੀ ਤੋਂ ਬਾਅਦ ਭਾਰ ਵਧਣਾ ਆਮ ਗੱਲ ਹੈ, ਪਰ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਅਸਹਿਜ ਹੋ ਗਏ ਹਨ। ਉਨ੍ਹਾਂ ਨੂੰ ਵਹਿਮ ਹੋ ਗਿਆ ਹੈ ਕਿ ਅਚਾਨਕ ਉਨ੍ਹਾਂ ਦਾ ਨੱਕ ਬਹੁਤ ਮੋਟਾ ਹੋ ਗਿਆ ਹੈ। ਕੋਈ ਵੀ ਉਨ੍ਹਾਂ ਸਾਹਮਣੇ ਬੈਠਾ ਗੱਲ ਕਰਦਾ ਹੋਇਆ ਆਪਣੇ ਨੱਕ ਨੂੰ ਹੱਥ ਲਗਾ ਲੈਂਦਾ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ।"
ਡਾ. ਨਿਖਿਲ ਅੱਗੇ ਦੱਸਦੇ ਹਨ ਕਿ ਮਹਿਲਾ ਇੰਨਾ ਅਸਹਿਜ ਹੋ ਗਈ ਕਿ ਉਨ੍ਹਾਂ ਨੇ ਬਾਹਰ ਆਉਣਾ-ਜਾਣਾ ਹੀ ਛੱਡ ਦਿੱਤਾ, ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਖ਼ਤਮ ਕਰ ਦੇਣ ਦੇ ਖ਼ਿਆਲ ਵੀ ਆਉਣ ਲੱਗ ਪਏ ਸੀ।
ਇਸ ਤੋਂ ਬਾਅਦ ਮਹਿਲਾ ਨੇ ਡਾਕਟਰੀ ਸਹਾਇਤਾ ਲਈ ਅਤੇ ਹੁਣ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਜਾਗਰੂਕਤਾ ਦੀ ਘਾਟ ਕਰਕੇ ਬਹੁਤ ਘੱਟ ਕੇਸ ਸਾਹਮਣੇ ਆਉਂਦੇ ਹਨ
ਡਾ. ਸੰਯਮ ਗੁਪਤਾ, ਮਨੋਵਿਗਿਆਨੀ ਅਤੇ ਟੈਲੀ-ਮਾਨਸ ਸੈੱਲ, ਇੰਸਟੀਚਿਊਟ ਆਫ਼ ਮੈਂਟਲ ਹੈਲਥ, ਅੰਮ੍ਰਿਤਸਰ ਦੇ ਸੀਨੀਅਰ ਸਲਾਹਕਾਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਾਡੀ ਡਿਸਮੋਰਫਿਕ ਡਿਸਆਰਡਰ (ਬੀਡੀਡੀ) ਦੇ ਮਾਮਲੇ ਬਹੁਤ ਘੱਟ ਰਿਪੋਰਟ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਥਿਤੀ ਨਾਲ ਜੂਝ ਰਹੇ ਬਹੁਤ ਸਾਰੇ ਲੋਕ ਅਕਸਰ ਡਾਕਟਰੀ ਮਦਦ ਲੈਣ ਦੀ ਬਜਾਏ ਕਾਸਮੈਟਿਕ ਪ੍ਰਕਿਰਿਆਵਾਂ ਜਾਂ ਸਖਤ ਖੁਰਾਕ ਰੁਟੀਨ ਰਾਹੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਕਿਹਾ, "ਬੀਡੀਡੀ ਦੇ ਲੱਛਣ ਅਤੇ ਇਲਾਜ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਕੋਈ ਵਿਅਕਤੀ ਕਿਸ ਤਰ੍ਹਾਂ ਦੀ ਹੀਣ ਭਾਵਨਾ ਨਾਲ ਜੂਝ ਰਿਹਾ ਹੈ। ਉਦਾਹਰਣ ਵਜੋਂ, ਜੇਕਰ ਕੋਈ ਮੰਨਦਾ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਕੋਈ ਅਪੂਰਣਤਾ ਹੈ, ਤਾਂ ਉਹ ਵਾਰ-ਵਾਰ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੇ ਹਨ। ਦੂਜੇ ਪਾਸੇ, ਜੇਕਰ ਚਿੰਤਾ ਸਰੀਰ ਦੇ ਭਾਰ ਬਾਰੇ ਹੈ, ਤਾਂ ਵਿਅਕਤੀ ਕਈ ਖੁਰਾਕ ਯੋਜਨਾਵਾਂ ਜਾਂ ਸਖ਼ਤ ਕਸਰਤ ਰੁਟੀਨ ਰਾਹੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ।"

ਡਾ. ਗੁਪਤਾ ਨੇ ਦੱਸਿਆ ਕਿ ਅਪ੍ਰੈਲ 2025 ਵਿੱਚ, ਪੰਜਾਬ ਵਿੱਚ ਟੈਲੀ-ਮਾਨਸ ਸੈੱਲ ਨੂੰ ਇੱਕ 28 ਸਾਲਾ ਔਰਤ ਦਾ ਫ਼ੋਨ ਆਇਆ ਜੋ ਆਪਣੇ ਦੰਦਾਂ ਦੀ ਦਿੱਖ ਤੋਂ ਬਹੁਤ ਦੁਖੀ ਸੀ।
ਇਹ ਉਨ੍ਹਾਂ ਲਈ ਨਕਾਰਾਤਮਕ ਵਿਚਾਰਾਂ, ਭਾਵਨਾਤਮਕ ਪਰੇਸ਼ਾਨੀ ਅਤੇ ਕੰਮ ਤੋਂ ਵਾਰ-ਵਾਰ ਗੈਰਹਾਜ਼ਰੀ ਦਾ ਕਾਰਨ ਬਣ ਗਿਆ ਸੀ।
"ਉਹ ਇਸ ਬਾਰੇ ਗੱਲ ਕਰਨ ਤੋਂ ਵੀ ਝਿਜਕਦੀ ਸੀ ਕਿਉਂਕਿ ਉਸ ਨੂੰ ਮਖੌਲ ਕੀਤੇ ਜਾਣ ਦਾ ਡਰ ਸੀ। ਆਖ਼ਰ, ਉਸਨੇ ਟੈਲੀ-ਮਾਨਸ ਹੈਲਪਲਾਈਨ 'ਤੇ ਸੰਪਰਕ ਕੀਤਾ, ਜਿੱਥੇ ਇੱਕ ਸਲਾਹਕਾਰ ਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਭਰੋਸਾ ਦਿਵਾਇਆ ਕਿ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ।"
"ਉਸ ਲਈ ਪੰਜ ਕਾਉਂਸਲਿੰਗ ਸੈਸ਼ਨ ਕੀਤੇ ਗਏ ਜਿਨ੍ਹਾਂ ਵਿੱਚ ਡੂੰਘਾ ਸਾਹ ਲੈਣਾ ਅਤੇ ਸਮੱਸਿਆ ਹੱਲ ਕਰਨ ਦੀਆਂ ਤਕਨੀਕਾਂ ਸ਼ਾਮਲ ਸਨ। ਸਮੇਂ ਦੇ ਨਾਲ, ਉਸ ਦੇ ਹਾਲਾਤ 'ਚ ਸੁਧਾਰ ਹੋਇਆ।"
14416 / 1800-89-14416 ਇਹ ਨੰਬਰ "ਟੈਲੀ-ਮਾਨਸ" ਦੀ ਟੋਲ-ਫ੍ਰੀ ਹੈਲਪਲਾਈਨ ਦੇ ਹਨ। ਇਹ ਇੱਕ ਸਰਕਾਰੀ ਪਹਿਲ ਹੈ ਜੋ ਤੁਹਾਨੂੰ ਫੋਨ ਕਾਲ ਰਾਹੀਂ ਪ੍ਰੋਫੈਸ਼ਨਲ ਕੌਂਸਲਰਾਂ ਨਾਲ ਜੋੜਦੀ ਹੈ। ਇਹ ਹੈਲਪਲਾਈਨ 24 ਘੰਟੇ ਚੱਲਦੀ ਹੈ ਅਤੇ ਦੇਸ਼ ਦੀਆਂ 20 ਭਾਸ਼ਾਵਾਂ ਵਿੱਚ ਉਪਲਬਧ ਹੈ।
ਡਾ. ਗੁਪਤਾ ਨੇ ਅੱਗੇ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ, ਬਹੁਤ ਸਾਰੇ ਲੋਕ ਮਦਦ ਲਈ ਮਨੋਵਿਗਿਆਨੀ ਕੋਲ ਨਹੀਂ ਪਹੁੰਚਦੇ। ਇਸਦੀ ਬਜਾਏ, ਉਹ ਕਾਸਮੈਟਿਕ ਇਲਾਜ ਵਰਗੇ ਤੇਜ਼ ਹੱਲ ਦੀ ਭਾਲ ਕਰਦੇ ਹਨ, ਜੋ ਅਸਥਾਈ ਸੰਤੁਸ਼ਟੀ ਦੇ ਸਕਦੇ ਹਨ ਪਰ ਮੁੱਦੇ ਨੂੰ ਹੱਲ ਕਰਨ ਵਿੱਚ ਅਸਫਲ ਰਹਿੰਦੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀਡੀਡੀ ਦਾ ਇਲਾਜ ਇਸਦੀ ਗੰਭੀਰਤਾ ਅਤੇ ਕਿਸਮ ਦੇ ਅਧਾਰ ਤੇ ਵੱਖ-ਵੱਖ ਹੁੰਦਾ ਹੈ।
ਇਸ ਵਿੱਚ ਕੋਗਨੀਟਵ ਬਿਹੇਵੀਅਰ ਥੈਰੇਪੀ (CBT), ਬਿਹੇਵੀਅਰ ਥੈਰੇਪੀ, ਅਤੇ ਐਂਟੀ ਡਿਪ੍ਰੈਸੈਂਟਸ ਵਰਗੀਆਂ ਦਵਾਈਆਂ ਸ਼ਾਮਲ ਹੁੰਦੀਆਂ ਹਨ।
ਇਹ ਕਿਉਂ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ?

ਤਸਵੀਰ ਸਰੋਤ, Getty Images
ਅੱਜ-ਕੱਲ੍ਹ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਦਾ ਵੀ ਇਸ ਡਿਸਆਰਡਰ ਪਿੱਛੇ ਵੱਡਾ ਹੱਥ ਹੋ ਸਕਦਾ ਹੈ। ਖ਼ੂਬਸੂਰਤੀ ਨਾਲ ਸਬੰਧਿਤ ਸਮਾਜਿਕ ਮਿਆਰ ਵੀ ਇਸ ਦਾ ਇੱਕ ਵੱਡਾ ਕਾਰਨ ਹੈ।
ਡਾ. ਨਿਖਿਲ ਮੁਤਾਬਕ ਮਹਿਲਾਵਾਂ ਇਸ ਡਿਸਆਰਡਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ।
ਉਹ ਕਹਿੰਦੇ ਹਨ, "11ਵੀਂ-12ਵੀਂ ਜਮਾਤ ਤੋਂ ਲੈ ਕੇ ਵਿਆਹ ਵਾਲੀ ਉਮਰ ਤੱਕ ਦੀਆਂ ਕੁੜੀਆਂ ਬੀਡੀਡੀ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੀਆਂ ਹਨ।"
"ਸੋਸ਼ਲ ਮੀਡੀਆ ਦੀਆਂ ਰੀਲਸ ਅਤੇ ਤਸਵੀਰਾਂ ਦੇ ਸੱਚ ਨੂੰ ਬਿਨ੍ਹਾਂ ਜਾਣੇ, ਲੋਕ ਉਨ੍ਹਾਂ ਵਰਗੇ ਦਿਖਣ ਦੀ ਇੱਕ ਉਮੀਦ ਲਾ ਲੈਂਦੇ ਹਨ। ਉਹ ਅਸਲ ਜ਼ਿੰਦਗੀ 'ਚ ਵੀ ਆਪਣੇ ਆਪ ਨੂੰ ਇੱਕ ਫਿਲਟਰ ਵਰਗੀ ਪਰਫੈਕਟ ਤਸਵੀਰ 'ਚ ਦੇਖਣਾ ਚਾਹੁੰਦੇ ਹਨ ਅਤੇ ਇੱਥੋਂ ਸ਼ੁਰੂ ਹੁੰਦੀ ਹੈ ਗੜਬੜ।"
ਡਾ. ਨਿਖਿਲ ਦੱਸਦੇ ਹਨ ਕੀ ਫਿਲਟਰਜ਼ 'ਚ ਆਪਣੇ ਆਪ ਨੂੰ ਇੰਨਾ ਦੇਖ ਲੈਣ ਤੋਂ ਬਾਅਦ ਲੋਕ ਆਪਣੇ ਸਰੀਰ 'ਚ ਉਹ ਨੁਕਸ ਲੱਭਣ ਲੱਗ ਜਾਂਦੇ ਹਨ, ਜੋ ਕਿ ਅਸਲ 'ਚ ਹੁੰਦੇ ਵੀ ਨਹੀਂ ਹਨ। ਫਿਰ ਇਹ ਮਨ ਦਾ ਵਹਿਮ ਹੌਲੀ-ਹੌਲੀ ਵੱਡਾ ਹੁੰਦਾ-ਹੁੰਦਾ ਇਸ ਡਿਸਆਰਡਰ ਦਾ ਰੂਪ ਧਾਰਨ ਕਰ ਲੈਂਦਾ ਹੈ।
ਮਾਹਰ ਇਹ ਵੀ ਦੱਸਦੇ ਹਨ ਕਿ ਇਸ ਦੇ ਪਿੱਛੇ ਹੀਣਤਾ ਦੀ ਭਾਵਨਾ ਵੀ ਹੋ ਸਕਦੀ ਹੈ।
ਡਾ. ਨਿਖਿਲ ਕਹਿੰਦੇ ਹਨ, "ਸਾਡੇ ਸਮਾਜ 'ਚ, ਖ਼ਾਸ ਕਰਕੇ ਕੁੜੀਆਂ ਦੇ ਨੈਣ-ਨਕਸ਼, ਸਰੀਰਕ ਬਣਤਰ 'ਤੇ ਟਿੱਪਣੀਆਂ ਹੁੰਦੀਆਂ ਹਨ। ਇਹ ਟਿੱਪਣੀਆਂ ਰਿਸ਼ਤੇਦਾਰਾਂ, ਦੋਸਤਾਂ ਵੱਲੋਂ ਵੀ ਕੀਤੀਆਂ ਜਾਂਦੀਆਂ ਹਨ। ਕੁਝ ਮਾਮਲਿਆਂ 'ਚ ਇਹ ਜ਼ਹਿਨ 'ਤੇ ਬਹੁਤ ਹੀ ਡੂੰਘੀ ਛਾਪ ਛੱਡ ਜਾਂਦੀਆਂ ਹਨ ਅਤੇ ਬੀਡੀਡੀ ਵਰਗੀ ਸੱਮਸਿਆਵਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ।"
ਬੀਡੀਡੀ ਦੇ ਲੱਛਣ

ਤਸਵੀਰ ਸਰੋਤ, Getty Images
- ਬੀਡੀਡੀ ਦੇ ਲੱਛਣ ਅਕਸਰ ਮਨੁੱਖ ਦੇ ਰੂਪ ਬਾਰੇ ਬੇਹੱਦ ਤੇ ਬੇਲੌੜੀ ਚਿੰਤਾ ਨਾਲ ਜੁੜੇ ਹੁੰਦੇ ਹਨ।
- ਇਸ ਨਾਲ ਜੂਝ ਰਹੇ ਲੋਕ ਵਾਰ-ਵਾਰ ਸ਼ੀਸ਼ੇ ਵਿੱਚ ਖ਼ੁਦ ਨੂੰ ਦੇਖਦੇ ਹਨ ਜਾਂ ਸ਼ੀਸ਼ਿਆਂ ਤੋਂ ਬੱਚਦੇ ਹਨ।
- ਉਹ ਆਪਣੇ ਸਰੀਰ ਦੇ ਜਿਸ ਹਿੱਸੇ ਤੋਂ ਨਾਖ਼ੁਸ਼ ਹੋਣ, ਉਸ ਨੂੰ ਟੋਪੀ, ਸਕਾਰਫ ਜਾਂ ਮੇਕਅਪ ਨਾਲ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।
- ਬੀਡੀਡੀ ਵਾਲੇ ਲੋਕ ਲਗਾਤਾਰ ਕਸਰਤ ਜਾਂ ਖ਼ੁਦ ਨੂੰ ਸਵਾਰਨ ਵਿੱਚ ਮਸਰੂਫ ਰਹਿੰਦੇ ਹਨ ਅਤੇ ਦੂਜਿਆਂ ਨਾਲ ਆਪਣੇ ਆਪ ਦੀ ਤੁਲਨਾ ਕਰਦੇ ਰਹਿੰਦੇ ਹਨ।
- ਉਹ ਹਮੇਸ਼ਾ ਇਹ ਪੁੱਛਦੇ ਰਹਿੰਦੇ ਹਨ ਕਿ ਕੀ ਉਹ ਠੀਕ ਲੱਗਦੇ ਹਨ? ਪਰ ਭਾਵੇਂ ਦੂਜੇ ਕਹਿ ਵੀ ਦੇਣ ਕਿ ਉਹ ਠੀਕ ਲੱਗ ਰਹੇ ਹਨ ਤਾਂ ਵੀ ਉਹ ਦੂਜੇ ਦੀ ਗੱਲ ਉੱਤੇ ਭਰੋਸਾ ਨਹੀਂ ਕਰਦੇ।
- ਅਜਿਹਾ ਵਿਅਕਤੀ ਸਮਾਜਿਕ ਸਮਾਗਮਾਂ ਤੋਂ ਦੂਰ ਰਹਿੰਦਾ ਹੈ, ਖਾਸ ਤੌਰ 'ਤੇ ਦਿਨ ਵੇਲੇ ਘਰੋਂ ਬਾਹਰ ਜਾਣ ਤੋਂ ਕਤਰਾਉਂਦਾ ਹੈ।
- ਕਈ ਵਾਰੀ ਉਹ ਆਪਣੇ ਰੂਪ ਬਾਰੇ ਇਲਾਜ ਲਈ ਕਈ ਡਾਕਟਰਾਂ ਕੋਲ ਜਾਂਦੇ ਹਨ ਜਾਂ ਪਲਾਸਟਿਕ ਸਰਜਰੀਆਂ ਕਰਵਾ ਲੈਂਦੇ ਹਨ।
- ਇਸ ਤੋਂ ਇਲਾਵਾ, ਉਨ੍ਹਾਂ ਨੂੰ ਆਪਣੀ ਚਮੜੀ ਨੂੰ ਖੁਰਚਣ ਦੀ ਆਦਤ ਹੁੰਦੀ ਹੈ।
- ਇਹ ਸਾਰੇ ਲੱਛਣ ਉਨ੍ਹਾਂ ਦੇ ਮਨ ਵਿੱਚ ਘਬਰਾਹਟ, ਡਿਪਰੈਸ਼ਨ ਅਤੇ ਸ਼ਰਮ ਦੇ ਭਾਵ ਪੈਦਾ ਕਰਦੇ ਹਨ। ਕਈ ਵਾਰ ਇਹ ਬੀਮਾਰੀ ਵਿਅਕਤੀ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰਾਂ ਤੱਕ ਲੈ ਜਾਂਦੀ ਹੈ।
- ਇਸ ਤਰ੍ਹਾਂ ਦੇ ਲੱਛਣ ਹੋਣ 'ਤੇ ਮਨੋਵਿਗਿਆਨੀ ਦੀ ਸਲਾਹ ਲੈਣਾ ਜ਼ਰੂਰੀ ਹੁੰਦਾ ਹੈ।
ਬੀਡੀਡੀ ਦਾ ਇਲਾਜ ਕੀ ਹੈ?

ਤਸਵੀਰ ਸਰੋਤ, Getty Images
ਡਾ. ਨਿਖਿਲ ਦੱਸਦੇ ਹਨ ਕਿ ਬੌਡੀ ਡਿਸਮੋਰਫਿਕ ਡਿਸਆਰਡਰ ਦਾ ਇਲਾਜ ਗੱਲਬਾਤ ਵਾਲੀ ਥੈਰੇਪੀ ਜਾਂ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ। ਬਿਹਤਰ ਨਤੀਜਿਆਂ ਲਈ ਦੋਵੇਂ ਉਪਾਅ ਨਾਲ-ਨਾਲ ਵੀ ਕੀਤੇ ਜਾ ਸਕਦੇ ਹਨ ਜੋ ਕਿ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ।
ਸਭ ਤੋਂ ਵੱਧ ਕਾਰਗਰ ਗੱਲਬਾਤੀ ਥੈਰੇਪੀ, ਕਾਗਨਿਟਿਵ ਬਿਹੇਵਿਅਰਲ ਥੈਰੇਪੀ (ਸੀਬੀਟੀ) ਮੰਨੀ ਜਾਂਦੀ ਹੈ। ਇਸ ਥੈਰੇਪੀ ਵਿੱਚ ਮਾਨਸਿਕ ਸਿਹਤ ਮਾਹਰ ਦੇ ਨਾਲ ਮਿਲ ਕੇ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ 'ਚ ਬਦਲਿਆ ਜਾਂਦਾ ਹੈ।
ਦਵਾਈਆਂ ਵਿੱਚ, ਸਿਲੈਕਟਿਵ ਸੈਰੋਟੋਨਿਨ ਰੀਅਪਟੈਕ ਇਨਹੀਬਟਰ (ਐੱਸਐੱਸਆਰਆਈਸ) ਨਾਮਕ ਐਂਟੀਡਿਪ੍ਰੈਸੈਂਟ ਵੀ ਬੀਡੀਡੀ ਦੇ ਇਲਾਜ 'ਚ ਵਰਤੇ ਜਾਂਦੇ ਹਨ। ਇਹ ਦਵਾਈਆਂ ਮੂਡ ਸਥਿਰ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਮਨੋਵਿਗਿਆਨਕ ਲੱਛਣਾਂ ਨੂੰ ਘਟਾਉਂਦੀਆਂ ਹਨ।
ਇਲਾਜ ਲਈ ਕਿਸੇ ਮਾਨਸਿਕ ਸਿਹਤ ਮਾਹਰ ਨਾਲ ਰਾਬਤਾ ਕਰਨਾ ਜ਼ਰੂਰੀ ਹੁੰਦਾ ਹੈ, ਤਾਂ ਜੋ ਬੀਮਾਰੀ ਨੂੰ ਸਮਝ ਕੇ ਢੰਗ ਨਾਲ ਥੈਰੇਪੀ ਜਾਂ ਦਵਾਈ ਦਿੱਤੀ ਜਾ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












