ਫਿਰੋਜ਼ਪੁਰ ਵਿੱਚ ਪਿਤਾ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਸੁੱਟਣ ਤੇ ਉਸਦਾ ਵੀਡੀਓ ਬਣਾਉਣ ਦਾ ਕੀ ਹੈ ਮਾਮਲਾ

ਮੁਲਜ਼ਮ ਸੁਰਜੀਤ ਸਿੰਘ

ਤਸਵੀਰ ਸਰੋਤ, kuldeep brar/bbc

ਤਸਵੀਰ ਕੈਪਸ਼ਨ, ਮੁਲਜ਼ਮ ਸੁਰਜੀਤ ਸਿੰਘ ਨੇ ਪੁਲਿਸ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ ਹੈ
    • ਲੇਖਕ, ਕੁਲਦੀਪ ਬਰਾੜ
    • ਰੋਲ, ਬੀਬੀਸੀ ਸਹਿਯੋਗੀ

ਚਿਤਾਵਨੀ: ਇਸ ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਧੀ ਨੂੰ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਮੁਲਜ਼ਮ ਨੇ ਇਸ ਵਾਰਦਾਤ ਦੀ ਵੀਡੀਓ ਵੀ ਬਣਾਈ ਹੈ, ਜਿਸ ਵਿੱਚ ਕੁੜੀ ਦੇ ਦੋਵੇਂ ਹੱਥ ਬੰਨ੍ਹੇ ਹੋਏ ਸਨ।

ਇਸ ਘਟਨਾ ਦੌਰਾਨ ਕੁੜੀ ਦੀ ਮਾਂ ਵੀ ਮੌਜੂਦ ਸੀ।

ਕੀ ਹੈ ਪੂਰਾ ਮਾਮਲਾ

ਦਰਅਸਲ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸ਼ਖ਼ਸ, ਉਸ ਦੀ ਪਤਨੀ ਅਤੇ ਉਸ ਦੀ ਧੀ ਨਹਿਰ ਦੇ ਕਿਨਾਰੇ ਖੜ੍ਹੇ ਦਿਖਾਈ ਦੇ ਰਹੇ ਹਨ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁੜੀ ਦੇ ਦੋਵੇਂ ਹੱਥ ਪਿੱਛੇ ਨੂੰ ਬੰਨ੍ਹੇ ਹੋਏ ਹਨ ਅਤੇ ਉਸ ਦਾ ਪਿਤਾ ਉਸ ਨੂੰ ਪੁੱਛ ਰਿਹਾ ਹੈ "ਕੀ ਕਮੀ ਰਹਿ ਗਈ ਸੀ ਸਾਡੇ ਪਿਆਰ ਵਿੱਚ।"

ਉੱਥੇ ਹੀ ਕੁੜੀ ਦੀ ਮਾਂ ਕਹਿੰਦੀ ਸੁਣਾਈ ਦਿੰਦੀ ਹੈ "ਤੂੰ ਇਹ ਕੰਮ ਕਿਉਂ ਕੀਤਾ।"

ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਇਸੇ ਦੌਰਾਨ ਇੱਕ ਫੋਨ ਆਉਂਦਾ ਹੈ ਤੇ ਮੁਲਜ਼ਮ ਆਪਣੀ ਪਤਨੀ ਨੂੰ ਫੋਨ ਚੁੱਕਣ ਨੂੰ ਕਹਿੰਦਾ ਹੈ, ਔਰਤ ਫੋਨ ਚੁੱਕਣ ਲਈ ਇੱਕ ਪਾਸੇ ਜਾਂਦੀ ਹੈ ਤਾਂ ਇਸੇ ਦੌਰਾਨ ਪਿਓ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ।

ਇਸ ਤੋਂ ਬਾਅਦ ਵੀਡੀਓ ਵਿੱਚ ਕੁੜੀ ਦੀ ਮਾਂ ਰੋਂਦੀ ਕੁਰਲਾਉਂਦੀ ਨਜ਼ਰ ਆਉਂਦੀ ਹੈ।

'ਮੈਂ ਬਹੁਤ ਰੋਕਿਆ ਪਰ ਨਹੀਂ ਰੁਕੀ'

ਪੁਲਿਸ ਦੀ ਹਿਰਾਸਤ ਵਿੱਚ ਮੁਲਜ਼ਮ

ਤਸਵੀਰ ਸਰੋਤ, kuldeep brar/bbc

ਤਸਵੀਰ ਕੈਪਸ਼ਨ, ਘਟਨਾ ਤੋਂ ਪਹਿਲਾਂ ਮੁਲਜ਼ਮ ਵੱਲੋਂ ਵੀਡੀਓ ਵੀ ਬਣਾਈ ਗਈ

ਮੁਲਜ਼ਮ ਦੇ ਦੱਸਣ ਮੁਤਾਬਕ ਉਹ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਦਫ਼ਤਰ ਵਿੱਚ ਕੰਮ ਕਰਦਾ ਹੈ।

ਮੀਡੀਆ ਵੱਲੋਂ ਇਸ ਘਟਨਾ ਬਾਰੇ ਪੁੱਛਣ 'ਤੇ ਸੁਰਜੀਤ ਸਿੰਘ ਨੇ ਦੱਸਿਆ, "ਇਹ ਪਹਿਲਾਂ ਵੀ ਦੋ ਵਾਰ ਇਸ ਤਰ੍ਹਾਂ ਕਰ ਚੁੱਕੀ ਸੀ ਤੇ ਅਸੀਂ ਹੱਥ-ਪੈਰ ਜੋੜੇ ਵੀ ਪੁੱਤ ਇਸ ਤਰ੍ਹਾਂ ਨਾਲ ਕਰ ਪਰ ਇਹ ਨਹੀਂ ਮੰਨੀ।"

ਪੁਲਿਸ ਨੇ ਕੀ ਦੱਸਿਆ

ਫਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਇਸ ਮਾਮਲੇ ਬਾਰੇ ਦੱਸਦਿਆਂ ਕਿਹਾ, "ਇੱਕ ਸੁਰਜੀਤ ਸਿੰਘ ਨਾਮ ਦਾ ਸ਼ਖ਼ਸ ਹੈ, ਜਿਸ ਨੇ ਆਪਣੀ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਉਸ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਹੈ।''

''ਕੁੜੀ ਦੀ ਭੂਆ ਵੱਲੋਂ ਸਾਨੂੰ ਇਸਦੀ ਸ਼ਿਕਾਇਤ ਕੀਤੀ ਗਈ ਤਾਂ ਉਸ ਬਾਰੇ ਜਾਂਚ-ਪੜਤਾਲ ਕਰਨ ਮਗਰੋਂ ਇਹ ਸਭ ਪਤਾ ਲੱਗਿਆ। ਇਸ ਤੋਂ ਬਾਅਦ ਤੁਰੰਤ ਇੱਕ ਟੀਮ ਜਾਂਚ ਲਈ ਭੇਜੀ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"

"ਇਸ ਬੰਦੇ ਨੇ ਬਹੁਤ ਹੀ ਖੌਫਨਾਕ ਐਕਟ ਕੀਤਾ, ਜਿਸ ਨੇ ਆਪਣੀ ਹੀ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਅਸੀਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਣਦੀ ਕਾਰਵਾਈ ਕਰਾਂਗੇ।"

ਐੱਸਐੱਸਪੀ ਭੁਪਿੰਦਰ ਸਿੰਘ

ਤਸਵੀਰ ਸਰੋਤ, kuldeep brar/bbc

ਤਸਵੀਰ ਕੈਪਸ਼ਨ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਐੱਸਐੱਸਪੀ ਭੁਪਿੰਦਰ ਸਿੰਘ ਮੁਤਾਬਕ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਧੀ ਦੇ 'ਗਲਤ ਸਬੰਧ' ਸਨ, ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

"ਅਸੀਂ ਮੁਲਜ਼ਮ ਉੱਪਰ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੜੀ ਹਾਲੇ ਨਹੀਂ ਮਿਲ ਸਕੀ।"

ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਕੀ ਦੱਸਿਆ

ਗੁਆਂਢਣ ਸੰਤੋਸ਼

ਤਸਵੀਰ ਸਰੋਤ, kuldeep brar/bbc

ਤਸਵੀਰ ਕੈਪਸ਼ਨ, ਗੁਆਂਢਣ ਸੰਤੋਸ਼ ਮੁਤਾਬਕ ਮੁਲਜ਼ਮ ਨੇ ਖੁਦ ਦੱਸਿਆ ਕਿ ਉਸ ਨੇ ਆਪਣੀ ਧੀ ਨਾਲ ਇਹ ਕੰਮ ਕੀਤਾ ਹੈ

ਇਸ ਘਟਨਾ ਬਾਰੇ ਮੁਲਜ਼ਮ ਦੇ ਗੁਆਂਢ ਵਿੱਚ ਰਹਿੰਦੀ ਸੰਤੋਸ਼ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਰਾਤ ਕਰੀਬ 9 ਵਜੇ ਲੈ ਕੇ ਗਿਆ।

ਗੁਆਂਢਣ ਸੰਤੋਸ਼ ਨੇ ਦੱਸਿਆ,"ਕੁੜੀ ਆਪਣੀ ਮਾਂ ਨਾਲ ਟਿਫਨ ਦਾ ਤੇ ਘਰਾਂ ਦਾ ਕੰਮ ਕਰਦੀ ਸੀ। ਸਾਨੂੰ ਨਹੀਂ ਪਤਾ ਉਸ ਨੇ ਨਸ਼ੇ ਵਿੱਚ ਕੀਤਾ ਜਾਂ ਕਿਸੇ ਟੈਂਸ਼ਨ ਕਰਕੇ ਪਰ ਉਸ ਨੇ ਸਾਨੂੰ ਦੱਸਿਆ ਕਿ ਮੇਰੀ ਕੁੜੀ ਗਲਤ ਸੀ ਇਸ ਲਈ ਮੈਂ ਅਜਿਹਾ ਕੀਤਾ।''

''ਅਸੀਂ ਕਦੇ ਉਸ ਕੁੜੀ ਦਾ ਕੁਝ ਮਾੜਾ ਨਹੀਂ ਦੇਖਿਆ ਤੇ ਨਾ ਹੀ ਸਾਨੂੰ ਪਤਾ ਹੈ ਕਿ ਉਸ ਨੇ ਕੁਝ ਮਾੜਾ ਕੀਤਾ। ਸਾਨੂੰ ਤਾਂ ਕੁਝ ਪਤਾ ਹੀ ਨਹੀਂ ਸੀ। ਉਸ ਨੇ ਖੁਦ ਸਵੇਰੇ ਉੱਠ ਕੇ ਰੌਲਾ ਪਾ ਕੇ ਦੱਸਿਆ ਕਿ ਮੈਂ ਆਪਣੀ ਕੁੜੀ ਨਾਲ ਇਸ ਤਰ੍ਹਾਂ ਕਰ ਦਿੱਤਾ।"

ਲੜਕੀ ਦਾ ਫੁੱਫੜ

ਤਸਵੀਰ ਸਰੋਤ, kuldeep brar/bbc

ਤਸਵੀਰ ਕੈਪਸ਼ਨ, ਕੁੜੀ ਦੇ ਫੁੱਫੜ ਮੁਤਾਬਕ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ

ਉੱਧਰ ਕੁੜੀ ਦੇ ਫੁੱਫੜ ਜਸਵੰਤ ਸਿੰਘ ਨੇ ਦੱਸਿਆ, "ਇਸ ਪਿੱਛੇ ਕੀ ਕਾਰਨ ਹੈ, ਸਾਨੂੰ ਖੁਦ ਨੂੰ ਹਾਲੇ ਤੱਕ ਸਮਝ ਨਹੀਂ ਆਇਆ। ਜਦੋਂ ਵੀ ਅਸੀਂ ਇਨ੍ਹਾਂ ਦੇ ਘਰ ਆਉਂਦੇ ਸੀ ਤਾਂ ਸਾਨੂੰ ਕਦੇ ਕੁਝ ਨਹੀਂ ਲੱਗਿਆ ਕਿ ਕੁੜੀ ਗਲਤ ਹੈ ਪਰ ਇਹ ਹੁਣ ਖੁਦ ਹੀ ਵੀਡੀਓ ਵਿੱਚ ਇਹ ਸਭ ਕਹਿ ਰਿਹਾ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਕੁੜੀ ਗਲਤ ਸੀ।''

''ਇਸ ਪਿੱਛੇ ਕਾਰਨ ਦਾ ਉਦੋਂ ਹੀ ਪਤਾ ਲੱਗ ਸਕੇਗਾ ਜਦੋਂ ਅਸੀਂ ਸੁਰਜੀਤ ਨੂੰ ਮਿਲਾਂਗੇ। ਇਸ ਘਟਨਾ ਬਾਰੇ ਸਾਨੂੰ ਰਾਤ ਨੂੰ 11.30 ਵਜੇ ਪਤਾ ਲੱਗਿਆ ਤੇ ਅਸੀਂ ਸਵੇਰੇ ਹੀ 6 ਵਜੇ ਸ਼ਹਿਰ ਆ ਗਏ ਸੀ। ਇੱਥੇ ਪਹੁੰਚਣ 'ਤੇ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)