'ਮੇਰੇ ਨਾਲ ਇੰਨੇ ਲੋਕਾਂ ਨੇ ਬਲਾਤਕਾਰ ਕੀਤਾ ਕਿ ਗਿਣਨਾ ਮੁਸ਼ਕਲ ਹੈ', ਰੇਪ ਕੇਸ 'ਚ ਪਾਕਿਸਤਾਨੀ ਮੂਲ ਦੇ ਸ਼ਖ਼ਸ ਨੂੰ 35 ਸਾਲ ਦੀ ਸਜ਼ਾ

ਮੁਹੰਮਦ ਜਾਹਿਦ

ਤਸਵੀਰ ਸਰੋਤ, GMP / PA Wire

ਤਸਵੀਰ ਕੈਪਸ਼ਨ, ਮੁਹੰਮਦ ਜਾਹਿਦ ਨੂੰ ਬੌਸ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਹ 13 ਸਾਲ ਤੱਕ ਦੀਆਂ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ
    • ਲੇਖਕ, ਲਾਰੇਨ ਹਿਰਸਟ ਅਤੇ ਫਿੱਲ ਮੈਕਕੈਨ
    • ਰੋਲ, ਬੀਬੀਸੀ ਨਿਊਜ਼

ਬ੍ਰਿਟੇਨ ਦੇ ਰੋਚਡੇਲ ਸਥਿਤ ਇੱਕ ਸਕੂਲ ਵਿੱਚ ਪੜ੍ਹਨ ਵਾਲੀਆਂ ਦੋ ਨਾਬਾਲਗਾਂ ਦੇ ਨਾਲ ਬਲਾਤਕਾਰ ਕਰਨ ਵਾਲੇ ਗਰੂਮਿੰਗ ਗਿਰੋਹ ਦੇ ਲੀਡਰ ਨੂੰ 35 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਬੌਸ ਮੈਨ ਦੇ ਨਾਮ ਤੋਂ ਮਸ਼ਹੂਰ 65 ਸਾਲਾ ਮੁਹੰਮਦ ਜ਼ਾਹਿਦ ਆਪਣੀ ਦੁਕਾਨ ਤੋਂ ਮੁਫ਼ਤ ਅੰਡਰਵੇਅਰ ਦਿੰਦਾ ਸੀ ਤਾਂ ਜੋ ਇਸ ਬਦਲੇ ਕੁੜੀਆਂ ਉਸ ਨਾਲ ਤੇ ਉਸਦੇ ਦੋਸਤਾਂ ਨਾਲ ਸਰੀਰਕ ਸਬੰਧ ਬਣਾਉਣ।

ਤਿੰਨ ਬੱਚਿਆਂ ਦੇ ਪਿਤਾ 'ਤੇ ਕੁੜੀਆਂ ਦੇ ਨਾਲ 'ਭਿਆਨਕ ਵਿਵਹਾਰ' ਦਾ ਇਲਜ਼ਾਮ ਲਗਾਇਆ ਗਿਆ ਸੀ। ਉਹ ਉਨ੍ਹਾਂ ਸੱਤ ਲੋਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਜੂਨ 'ਚ 2001 ਤੋਂ 2006 ਵਿਚਾਲੇ ਕਈ ਜਿਨਸੀ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਇਸ ਤੋਂ ਇਲਾਵਾ ਮੈਨਚੈਸਟਰ ਦੇ ਮਿਨਸ਼ੁਲ ਸਟਰੀਟ ਕਰਾਊਨ ਅਦਾਲਤ ਵਿੱਚ ਮੁਸ਼ਤਾਕ ਅਹਿਮਦ (67), ਕਾਸਿਰ ਬਸ਼ੀਰ (50), ਮੁਹੰਮਦ ਸ਼ਹਿਜ਼ਾਦ (44), ਨਹੀਮ ਅਕਰਮ (49), ਨਿਸਾਰ ਹੁਸੈਨ (41) ਅਤੇ ਰੋਹਿਜ ਖਾਨ (39) ਨੂੰ ਵੀ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਕਿਵੇਂ ਕਰਦੇ ਸੀ ਕੁੜੀਆਂ ਦਾ ਜਿਨਸੀ ਸੋਸ਼ਣ?

ਅਦਾਲਤ ਨੂੰ ਦੱਸਿਆ ਗਿਆ ਕਿ ਕਿਵੇਂ ਗ੍ਰੇਟਰ ਮੈਨਚੈਸਟਰ ਸ਼ਹਿਰ ਵਿੱਚ ਗੰਦੇ ਫਲੈਟਾਂ, ਪਾਰਕਿੰਗਾਂ, ਗਲੀਆਂ ਅਤੇ ਬੇਕਾਰ ਪਏ ਗੋਦਾਮਾਂ ਵਿੱਚ 13 ਸਾਲ ਦੀ ਉਮਰ ਤੋਂ ਨਾਬਾਲਗਾਂ ਦਾ ਜਿਨਸੀ ਸੋਸ਼ਣ ਕੀਤਾ ਜਾਂਦਾ ਸੀ।

ਇਸ ਮਾਮਲੇ ਵਿੱਚ ਨਾਬਾਲਗਾਂ ਜਿਨ੍ਹਾਂ ਦੀ ਪਛਾਣ ਲੜਕੀ-ਏ ਅਤੇ ਲੜਕੀ-ਬੀ ਦੇ ਰੂਪ ਵਿੱਚ ਕੀਤੀ ਗਈ ਹੈ, ਦੇ ਨਾਲ 'ਜਿਨਸੀ ਗੁਲਾਮ' ਵਰਗਾ ਸਲੂਕ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਸੀ ਉਹ 'ਜਦੋਂ ਚਾਹੇ ਅਤੇ ਜਿੱਥੇ ਚਾਹੇ ਪੁਰਸ਼ਾਂ ਨਾਲ ਜਿਨਸੀ ਸਬੰਧ ਬਣਾ ਸਕਦੀਆਂ ਹਨ।'

ਅਦਾਲਤ ਨੂੰ ਦੱਸਿਆ ਗਿਆ ਕਿ ਦੋਵੇਂ ਲੜਕੀਆਂ ਇੱਕ-ਦੂਜੇ ਨੂੰ ਨਹੀਂ ਜਾਣਦੀਆਂ ਸਨ ਅਤੇ ਉਹ 'ਘਰ ਵਿੱਚ ਕਾਫੀ ਮੁਸ਼ਕਲ ਜੀਵਨ ਬਤੀਤ ਕਰ ਰਹੀਆਂ ਸਨ' ਅਤੇ ਪੁਰਸ਼ਾਂ ਵੱਲੋਂ ਉਨ੍ਹਾਂ ਨੂੰ ਨਸ਼ੀਲੇ ਪਦਾਰਥ, ਸ਼ਰਾਬ ਅਤੇ ਸਿਗਰਟ ਤੇ ਰਹਿਣ ਲਈ ਥਾਂ ਦਿੱਤੀ ਜਾਂਦੀ ਸੀ।

ਅਦਾਲਤ ਨੇ ਕੀ ਕਿਹਾ?

ਸਜ਼ਾ ਸੁਣਾਉਂਦੇ ਸਮੇਂ ਜੱਜ ਜੋਨਾਥਨ ਸੀਲੀ ਨੇ ਕਿਹਾ ਕਿ 'ਸ਼ਿਕਾਰੀ' ਵਿਅਕਤੀਆਂ ਵੱਲੋਂ ਨਾਬਾਲਗਾਂ ਦੇ ਨਾਲ ਕੀਤਾ ਗਿਆ ਸਲੂਕ 'ਭਿਆਨਕ' ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਮਾੜਾ ਸਲੂਕ ਕੀਤਾ ਗਿਆ, ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ 'ਬੇਕਾਰ' ਸਮਝ ਕੇ ਛੱਡ ਦਿੱਤਾ ਗਿਆ।

"ਇਨ੍ਹਾਂ ਲੋਕਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਉਸ ਧਿਆਨ ਤੇ ਦੇਖਭਾਲ ਲਈ ਤਰਸ ਰਹੀਆਂ ਸਨ, ਜੋ ਉਨ੍ਹਾਂ ਨੂੰ ਘਰੇਲੂ ਜੀਵਨ ਵਿੱਚ ਨਹੀਂ ਮਿਲ ਰਿਹਾ ਸੀ।"

"ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਕੋਲ ਜਿਨਸੀ ਸ਼ੋਸ਼ਣ ਸਹਿਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ।"

ਅਦਾਲਤ ਵਿੱਚ ਦੱਸਿਆ ਗਿਆ ਕਿ ਸਾਰੇ ਬਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਲੋਕ ਟੈਕਸੀ ਚਾਲਕ ਜਾਂ ਬਾਜ਼ਾਰ ਵਿੱਚ ਕੰਮ ਕਰਦੇ ਸਨ।

"ਉਨ੍ਹਾਂ ਦੀ ਗਿਣਤੀ ਇੰਨੀ ਸੀ ਕਿ ਗਿਣਨਾ ਮੁਸ਼ਕਲ ਸੀ"

ਨਾਸਿਰ ਹੁਸੈਨ, ਰੋਹਿਜ਼ ਖਾਨ ਅਤੇ ਨਹੀਮ ਅਕਰਮ

ਤਸਵੀਰ ਸਰੋਤ, GMP

ਤਸਵੀਰ ਕੈਪਸ਼ਨ, ਨਾਸਿਰ ਹੁਸੈਨ, ਰੋਹਿਜ਼ ਖਾਨ ਅਤੇ ਨਹੀਮ ਅਕਰਮ ਨੂੰ ਵੀ ਦੋਸ਼ੀ ਠਹਿਰਾਇਆ ਗਿਆ

ਲੜਕੀ-ਏ ਨੇ ਜੂਰੀ ਨੂੰ ਦੱਸਿਆ ਕਿ ਉਸ ਦਾ ਫੋਨ ਨੰਬਰ ਪੁਰਸ਼ਾਂ ਵਿਚਾਲੇ ਘੁੰਮ ਰਿਹਾ ਸੀ ਅਤੇ ਸੈਂਕੜੇ ਪੁਰਸ਼ਾਂ ਨੇ ਉਸ ਦਾ ਸ਼ੋਸ਼ਣ ਕੀਤਾ ਸੀ। ਉਸ ਨੇ ਅੱਗੇ ਕਿਹਾ, "ਇਹ ਗਿਣਤੀ ਇੰਨੀ ਜ਼ਿਆਦਾ ਸੀ ਕਿ ਗਿਣਨਾ ਮੁਸ਼ਕਲ ਸੀ।"

ਅਦਾਲਤ ਵਿੱਚ ਦੱਸਿਆ ਗਿਆ ਕਿ ਉਸ ਨੇ 2004 ਵਿੱਚ ਸਥਾਨਕ ਬਾਲ ਸੇਵਾ ਨੂੰ ਦੱਸਿਆ ਸੀ ਕਿ ਉਹ ਵੱਡੀ ਉਮਰ ਦੇ ਪੁਰਸ਼ਾਂ ਨਾਲ ਘੁੰਮਦੀ ਸੀ ਅਤੇ ਸ਼ਰਾਬ ਤੇ ਗਾਂਜਾ ਪੀ ਰਹੀ ਸੀ।

ਲੜਕੀ-ਬੀ, ਜੋ ਬਾਜ਼ਾਰ ਵਿੱਚ ਕੰਮ ਕਰਨ ਵਾਲੇ ਪੁਰਸ਼ਾਂ ਦੇ ਸੰਪਰਕ ਵਿੱਚ ਆਉਣ ਸਮੇਂ ਬਾਲ ਗ੍ਰਹਿ ਵਿੱਚ ਰਹਿ ਰਹੀ ਸੀ, ਨੇ ਕਿਹਾ ਕਿ ਪੁਲਿਸ ਤੇ ਸਮਾਜਿਕ ਕਾਰਕੁਨ ਨੂੰ ਸਭ ਪਤਾ ਸੀ ਕਿ ਕੀ ਹੋ ਰਿਹਾ ਹੈ ਪਰ ਉਹ ਇਸ ਮੁੱਦੇ 'ਤੇ ਕੁਝ ਵੀ ਕਰਨ ਲਈ ਚਿੰਤਤ ਨਹੀਂ ਸਨ।

30 ਸਾਲਾ ਔਰਤ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਦਸ ਸਾਲ ਦੀ ਉਮਰ ਵਿੱਚ ਅਵਾਰਾਗਰਦੀ ਕਰਨ ਅਤੇ ਵੇਸਵਾਪੁਣਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਸੋਸ਼ਲ ਸਰਵਿਸਿਜ਼ ਅਤੇ ਪੁਲਿਸ ਨੇ ਲੜਕੀਆਂ ਦੇ ਸਬੰਧੀ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਲੈ ਕੇ ਪਹਿਲਾਂ ਵੀ ਮੁਆਫੀ ਮੰਗੀ ਹੈ।

ਕਿਸ ਨੂੰ ਕਿੰਨੀ ਸਜ਼ਾ ਦਿੱਤੀ ਗਈ?

ਮੁਹੰਮਦ ਸ਼ਹਿਜ਼ਾਦ, ਮੁਸ਼ਤਾਕ ਅਹਿਮਦ ਅਤੇ ਕਾਸਿਰ ਬਸ਼ੀਰ

ਤਸਵੀਰ ਸਰੋਤ, GMP

ਤਸਵੀਰ ਕੈਪਸ਼ਨ, ਮੁਹੰਮਦ ਸ਼ਹਿਜ਼ਾਦ, ਮੁਸ਼ਤਾਕ ਅਹਿਮਦ ਅਤੇ ਕਾਸਿਰ ਬਸ਼ੀਰ

ਪਾਕਿਸਤਾਨ ਦੇ ਜੰਮੇ ਮੁਹੰਮਦ ਜ਼ਾਹਿਦ (65) ਵਾਸੀ ਸਟੇਸ਼ਨ ਰੋਡ, ਕ੍ਰੰਪਸੋਲ ਨੂੰ ਦੋਵੇਂ ਲੜਕੀਆਂ ਨਾਲ ਬਲਾਤਕਾਰ, ਇੱਕ ਬੱਚੇ ਨਾਲ ਅਸ਼ਲੀਲਤਾ ਅਤੇ ਜਿਨਸੀ ਸਬੰਧ ਦੇ ਲਈ ਇੱਕ ਬੱਚੇ ਦੀ ਖਰੀਦ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 35 ਸਾਲ ਦੀ ਸਜ਼ਾ ਸੁਣਾਈ ਗਈ ਹੈ।

67 ਸਾਲਾ ਮੁਸ਼ਤਾਕ ਅਹਿਮਦ ਵਾਸੀ ਕਰੋਨਾ ਐਵੇਨਿਊ, ਓਲਡਹੈਮ ਅਤੇ 50 ਸਾਲਾ ਕਾਸਿਰ ਬਸ਼ੀਰ ਵਾਸੀ ਨੇਪਿਅਰ ਸਟਰੀਟ ਈਸਟ, ਓਲਡਹੈਮ, ਜੋ ਪਾਕਿਸਤਾਨ ਵਿੱਚ ਹੀ ਜੰਮੇ ਸੀ, ਨੂੰ ਲੜਕੀ-ਬੀ ਦੇ ਸਬੰਧ ਵਿੱਚ ਇੱਕ ਬੱਚੇ ਦੇ ਨਾਲ ਕਈ ਵਾਰ ਬਲਾਤਕਾਰ ਅਤੇ ਅਸ਼ਲੀਲਤਾ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਉਨ੍ਹਾਂ ਨੂੰ ਕ੍ਰਮਵਾਰ 27 ਅਤੇ 29 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਮੁਹੰਮਦ ਸ਼ਹਿਜ਼ਾਦ (44) ਵਾਸੀ ਬੇਸਵਿਕ ਰੌਇਡਜ਼ ਸਟਰੀਟ, ਰੋਚਡੇਲ, ਨਹੀਮ ਅਕਰਮ (49) ਵਾਸੀ ਮੈਨਲੀ ਰੋਡ, ਰੋਚਡੇਲ ਅਤੇ ਨਿਸਾਰ ਹੁਸੈਨ (41) ਵਾਸੀ ਨਿਊਫੀਲਡ ਕਲੋਜ, ਰੋਚਡੇਲ ਨੂੰ ਲੜਕੀ-ਏ ਦੇ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ ਕ੍ਰਮਵਾਰ 26,26 ਅਤੇ 19 ਸਾਲ ਦੀ ਸਜ਼ਾ ਸੁਣਾਈ ਗਈ।

ਪਾਕਿਸਤਾਨ 'ਚ ਜੰਮੇ 39 ਸਾਲਾ ਰੋਹਿਜ ਖਾਨ ਵਾਸੀ ਏਥੋਲ ਸਟਰੀਟ, ਰੋਚਡੇਲ ਨੂੰ ਲੜਕੀ-ਏ ਦੇ ਨਾਲ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।

2016 ਵਿੱਚ ਜਾਹਿਦ ਨੂੰ 2005 ਅਤੇ 2006 'ਚ 14 ਸਾਲਾ ਲੜਕੀ ਨਾਲ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਏ ਜਾਣ 'ਤੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਬਸ਼ੀਰ ਨੂੰ ਉਸਦੀ ਗੈਰਹਾਜ਼ਰੀ ਵਿੱਚ ਸਜ਼ਾ ਸੁਣਾਈ ਗਈ ਕਿਉਂਕਿ ਉਹ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜ਼ਮਾਨਤ 'ਤੇ ਭੱਜ ਗਿਆ ਸੀ।

'ਕਿਸੇ ਨੂੰ ਇਸਦਾ ਪਛਤਾਵਾ ਨਹੀਂ ਹੋਵੇਗਾ'

ਗ੍ਰੇਟਰ ਮੈਨਚੈਸਟਰ ਪੁਲਿਸ ਦੇ ਡਿਟੈਕਟਿਵ ਚੀਫ ਇੰਸਪੈਕਟਰ ਗਾਈ ਲੇਕੋਕ ਨੇ ਕਿਹਾ ਕਿ ਇਹ ਲੋਕ 'ਲੜਕੀਆਂ ਦੀ ਕਮਜ਼ੋਰੀ ਦਾ ਫਾਇਦਾ ਆਪਣੇ ਜਿਨਸੀ ਲਾਭ ਲਈ ਚੁੱਕ ਰਹੇ ਸਨ।'

ਉਨ੍ਹਾਂ ਨੇ ਕਿਹਾ, "ਇੰਨੀ ਲੰਬੀ ਜਾਂਚ ਅਤੇ ਅਦਾਲਤੀ ਮਾਮਲੇ ਵਿੱਚ ਉਨ੍ਹਾਂ ਦੇ ਇਨਕਾਰ ਦੇ ਬਾਵਜੂਦ, ਇਸ ਭਿਆਨਕ ਸਲੂਕ ਦੀ ਕੋਈ ਹੱਦ ਨਹੀਂ ਸੀ।"

"ਜਦੋਂ ਇਹ ਔਰਤਾਂ ਨਾਬਾਲਗ ਸਨ, ਉਸ ਸਮੇਂ ਇਨ੍ਹਾਂ ਨੇ ਉਨ੍ਹਾਂ ਦੇ ਨਾਲ ਮਾੜਾ ਸਲੂਕ ਕੀਤਾ ਅਤੇ ਆਪਣੇ ਇਨ੍ਹਾਂ ਮਾੜੇ ਅਪਰਾਧ ਕਰਨ ਦੇ ਲਈ ਉਨ੍ਹਾਂ ਨੇ ਕੋਈ ਪਛਤਾਵਾ ਨਹੀਂ ਦਿਖਾਇਆ।"

ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਦੇ ਮਾਹਰ ਵਕੀਲ ਲਿਜ਼ ਫੇਲ ਨੇ ਕਿਹਾ ਕਿ ਪੁਰਸ਼ਾਂ ਨੇ ਕੁੜੀਆਂ ਦੀ ਕਮਜ਼ੋਰ ਹਾਲਤ ਦਾ ਫਾਇਦਾ ਚੁੱਕਿਆ।

ਉਨ੍ਹਾਂ ਨੇ ਪੀੜਤਾਂ ਦਾ ਅੱਗੇ ਆਉਣ ਲਈ ਧੰਨਵਾਦ ਕੀਤਾ।

ਉਨ੍ਹਾਂ ਨੇ ਕਿਹਾ, "ਦੋਵੇਂ ਪੀੜਤਾਂ ਨੇ ਲੰਬੀ ਅਤੇ ਚੁਣੌਤੀਪੂਰਨ ਕਾਨੂੰਨੀ ਪ੍ਰਕਿਰਿਆ ਦੌਰਾਨ ਬਹੁਤ ਜ਼ਿਆਦਾ ਹਿੰਮਤ ਅਤੇ ਤਾਕਤ ਦਿਖਾਈ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)