'ਅਮਰੀਕੀਆਂ ਵਾਂਗ ਦਿਖੋ, ਟਰੰਪ ਦੇ ਸਟੀਕਰ ਕਾਰਾਂ 'ਤੇ ਲਾਓ, ਘਰੋਂ ਨਾ ਨਿਕਲੋ' – ਅਮਰੀਕਾ 'ਚ ਹਿਰਾਸਤ ਤੋਂ ਬਚਣ ਲਈ ਪਰਵਾਸੀ ਕਿਵੇਂ ਸੁਚੇਤ ਰਹਿ ਰਹੇ

- ਲੇਖਕ, ਵਿਟਰ ਟਾਵਾਰੇਸ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
ਇੱਕ ਵਟਸਐਪ ਗਰੁੱਪ ਵਿੱਚ, ਇੱਕ ਬ੍ਰਾਜ਼ੀਲੀ ਮਹਿਲਾ ਪਰਵਾਸੀ ਨੇ ਸੰਕੇਤਕ ਭਾਸ਼ਾ ਸਬੰਧੀ ਇੱਕ ਵੀਡੀਓ ਟੂਟੋਰੀਅਲ ਸਾਂਝਾ ਕੀਤਾ, ਜਿਸ ਤੋਂ ਬਾਅਦ ਇੱਕ ਵੌਇਸ ਨੋਟ ਆਇਆ ਜਿਸ 'ਚ ਇੱਕ ਅਜੀਬ ਬੇਨਤੀ ਕੀਤੀ ਗਈ ਕਿ : "ਹੁਣ ਜਨਤਕ ਤੌਰ 'ਤੇ ਕੁਝ ਵੀ ਨਾ ਬੋਲੋ।"
ਗਰੁੱਪ ਦੇ ਮੈਂਬਰਾਂ ਨੂੰ ਅਜਿਹੀਆਂ ਕਈ ਸਲਾਹਾਂ ਮਿਲ ਰਹੀਆਂ ਸਨ ਅਤੇ ਇਹ ਵੀ ਉਨ੍ਹਾਂ ਸਲਾਹਾਂ ਵਿੱਚੋਂ ਹੀ ਇੱਕ ਸੀ। ਗਰੁੱਪ ਦੇ ਮੈਂਬਰਾਂ ਵਿੱਚੋਂ ਬਹੁਤ ਸਾਰੇ ਗੈਰ-ਦਸਤਾਵੇਜ਼ੀ ਪਰਵਾਸੀ ਸਨ ਅਤੇ ਇਹ ਸਲਾਹਾਂ ਸਾਂਝੀਆਂ ਕਰ ਰਹੇ ਸਨ ਤਾਂ ਜੋ ਅਮਰੀਕੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਏਜੰਟਾਂ ਦੀ ਨਜ਼ਰ 'ਚ ਆਉਣ ਤੋਂ ਬਚਿਆ ਜਾ ਸਕੇ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਏਜੰਟਾਂ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਹਨ।
ਉਸ ਵਟਸਐਪ ਗਰੁੱਪ 'ਚ ਇਹ ਇਕੱਲੀ ਚੇਤਾਵਨੀ ਨਹੀਂ ਸੀ। ਇੱਕ ਹੋਰ ਪਰਵਾਸੀ ਨੇ ਮੈਂਬਰਾਂ ਨੂੰ ਵਧੇਰੇ "ਅਮਰੀਕੀ" ਦਿਖਣ ਦੀ ਅਪੀਲ ਕੀਤੀ; ਅਜਿਹਾ ਕਿਵੇਂ ਕਰਨਾ ਹੈ, ਇਸ ਦੇ ਲਈ ਵੀ ਸੁਝਾਅ ਸਨ ਜਿਵੇ: ਪੁਰਤਗਾਲੀ ਬੋਲਣ ਵਾਲੇ ਬੱਚਿਆਂ ਨੂੰ ਬਾਹਰ ਨਾ ਲਿਜਾਣਾ, ਗਾਗਲਜ਼ ਲਗਾਉਣਾ ਅਤੇ ਆਪਣੀ ਕਾਰ 'ਤੇ ਟਰੰਪ ਪੱਖੀ ਸਟਿੱਕਰ ਲਗਾਉਣਾ।

ਪਿਛਲੇ ਕੁਝ ਹਫ਼ਤਿਆਂ ਤੋਂ ਬੀਬੀਸੀ ਨਿਊਜ਼ ਬ੍ਰਾਜ਼ੀਲ ਇਨ੍ਹਾਂ ਵਟਸਐਪ ਗਰੁੱਪਾਂ ਦੀ ਨਿਗਰਾਨੀ ਕਰ ਰਿਹਾ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਵੱਲੋਂ ਚੁੱਕੇ ਜਾ ਰਹੇ ਨਵੇਂ ਕਦਮਾਂ ਨੇ ਰੋਜ਼ਾਨਾ ਜੀਵਨ ਨੂੰ ਕਿਵੇਂ ਪਰੇਸ਼ਾਨ ਕੀਤਾ ਹੈ ਅਤੇ ਕੀ ਚਿੰਤਾਵਾਂ ਪੈਦਾ ਕੀਤੀਆਂ ਹਨ।
ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਡੇ ਬ੍ਰਾਜ਼ੀਲੀ ਭਾਈਚਾਰੇ ਅੰਦਰ ਗਰੁੱਪਾਂ ਦੀ ਨਿਗਰਾਨੀ ਕੀਤੀ, ਜੋ ਮੈਸੇਚਿਉਸੇਟਸ ਵਿੱਚ ਸਥਿਤ ਹੈ ਅਤੇ ਸਥਾਨਕ ਐਨਜੀਓ ਦੇ ਅਨੁਮਾਨਾਂ ਅਨੁਸਾਰ ਲਗਭਗ 300,000 ਲੋਕਾਂ ਦਾ ਘਰ ਹੈ।
ਇਸ ਲੇਖ ਵਿੱਚ ਦੱਸੇ ਜਾ ਰਹੇ ਸੁਨੇਹੇ ਦਰਸਾਉਂਦੇ ਹਨ ਕਿ ਅਸਲ ਚੈਟਸ ਵਿੱਚ ਕੀ ਪੋਸਟ ਕੀਤਾ ਗਿਆ ਸੀ, ਹਾਲਾਂਕਿ ਪਛਾਣ ਦੀ ਸੁਰੱਖਿਆ ਲਈ ਨਾਮ ਬਦਲ ਦਿੱਤੇ ਗਏ ਹਨ।

ਹਰ ਰੋਜ਼ ਹਜ਼ਾਰਾਂ ਸੁਨੇਹੇ ਆਉਂਦੇ ਹਨ: ਆਈਸੀਈ ਚੈੱਕਪੁਆਇੰਟਸ ਕਿੱਥੇ-ਕਿੱਥੇ ਹਨ, ਨਜ਼ਰਬੰਦ ਕੀਤੇ ਲੋਕਾਂ ਦੀਆਂ ਫੋਟੋਆਂ, ਅਤੇ ਇੱਥੋਂ ਤੱਕ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੁਆਰਾ ਪਿੱਛੇ ਛੱਡੀਆਂ ਗਈਆਂ ਛੱਡੀਆਂ ਗਈਆਂ ਕਾਰਾਂ ਦੀਆਂ ਤਸਵੀਰਾਂ, ਇਹ ਸਭ ਇਸ ਉਮੀਦ ਵਿੱਚ ਸਾਂਝਾ ਕੀਤਾ ਜਾਂਦਾ ਹੈ ਤਾਂ ਜੋ ਰਿਸ਼ਤੇਦਾਰ ਉਨ੍ਹਾਂ ਦੀ ਪਛਾਣ ਕਰ ਸਕਣ।
ਕਾਨੂੰਨ ਦੇ ਅਨੁਸਾਰ, ਜੱਜ ਦੇ ਵਾਰੰਟ ਤੋਂ ਬਿਨਾਂ ਆਈਸੀਈ ਏਜੰਟ ਘਰਾਂ ਵਿੱਚ ਦਾਖਲ ਨਹੀਂ ਹੋ ਸਕਦੇ। ਏਜੰਟਾਂ ਕੋਲ ਆਮ ਤੌਰ 'ਤੇ ਪ੍ਰਸ਼ਾਸਕੀ ਵਾਰੰਟ ਹੁੰਦੇ ਹਨ, ਜੋ ਜਨਤਕ ਥਾਵਾਂ 'ਤੇ ਗ੍ਰਿਫਤਾਰੀਆਂ ਦੀ ਆਗਿਆ ਦਿੰਦੇ ਹਨ ਅਤੇ ਉਹ ਅਜਿਹੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਸਕਦੇ ਹਨ ਜਿਸਨੂੰ ਉਹ "ਸ਼ੱਕੀ" ਸਮਝਦੇ ਹਨ।
ਸਤੰਬਰ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਅਧਿਕਾਰੀਆਂ ਨੂੰ ਪਰਵਾਸੀਆਂ ਨੂੰ ਰੋਕਣ ਅਤੇ ਹਿਰਾਸਤ ਵਿੱਚ ਲੈਣ ਲਈ ਵਿਆਪਕ ਸ਼ਕਤੀਆਂ ਦਿੱਤੀਆਂ। ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਨਸਲ ਜਾਂ ਭਾਸ਼ਾ ਦੇ ਅਧਾਰ 'ਤੇ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਭਾਈਚਾਰੇ ਦੇ ਮੈਂਬਰ ਇਸਨੂੰ ਗ੍ਰਿਫਤਾਰੀਆਂ ਲਈ "ਖੁੱਲ੍ਹੀ ਛੋਟ" ਮੰਨਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਵਿਵਹਾਰ ਬਦਲ ਲਿਆ ਹੈ।
ਕਰੈਕਿੰਗ ਡਾਊਨ

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਅਤੇ ਗੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਮੌਜੂਦਾ ਪ੍ਰਸ਼ਾਸਨ ਦੇ ਮੁੱਖ ਟੀਚਿਆਂ ਵਿੱਚੋਂ ਇੱਕ ਬਣ ਗਿਆ ਹੈ।
ਸਾਲ 2024 ਦੀ ਆਪਣੀ ਚੋਣ ਮੁਹਿੰਮ ਦੌਰਾਨ, ਟਰੰਪ ਨੇ ਦਲੀਲ ਦਿੱਤੀ ਸੀ ਕਿ ਬੇਕਾਬੂ ਇਮੀਗ੍ਰੇਸ਼ਨ "ਦੇਸ਼ ਦੇ ਖੂਨ 'ਚ ਜ਼ਹਿਰ ਘੋਲ ਰਿਹਾ ਹੈ," ਅਮਰੀਕੀਆਂ ਤੋਂ "ਨੌਕਰੀਆਂ ਖੋਹ ਰਿਹਾ ਹੈ", ਅਤੇ ਜਨਤਕ ਸੇਵਾਵਾਂ 'ਤੇ ਦਬਾਅ ਪਾ ਰਿਹਾ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਅਨੁਸਾਰ, ਟਰੰਪ ਦੇ ਵ੍ਹਾਈਟ ਹਾਊਸ 'ਚ ਵਾਪਸ ਆਉਣ ਤੋਂ ਬਾਅਦ ਲਗਭਗ 400,000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ।

ਬ੍ਰਾਜ਼ੀਲੀਅਨ ਮੀਡੀਆ ਰਿਪੋਰਟਾਂ ਵਿੱਚ ਦੱਸੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਜਨਵਰੀ ਤੋਂ ਲੈ ਕੇ ਹੁਣ ਤੱਕ 2,000 ਤੋਂ ਵੱਧ ਪਰਵਾਸੀਆਂ ਨੂੰ ਬ੍ਰਾਜ਼ੀਲ ਭੇਜ ਦਿੱਤਾ ਗਿਆ ਹੈ।
ਵਰਤਮਾਨ ਵਿੱਚ, ਲਗਭਗ 60,000 ਪਰਵਾਸੀਆਂ ਨੂੰ ਨਜ਼ਰਬੰਦੀ ਕੇਂਦਰਾਂ ਵਿੱਚ ਰੱਖਿਆ ਗਿਆ ਹੈ। ਖੋਜਕਰਤਾਵਾਂ ਦੁਆਰਾ ਰੱਖੇ ਗਏ ਡੇਟਾਬੇਸ ਦੇ ਅਨੁਸਾਰ ਅਤੇ ਅਮਰੀਕੀ ਪ੍ਰੈਸ ਵਿੱਚ ਦਿੱਤੇ ਹਵਾਲੇ ਅਨੁਸਾਰ, ਇਹ ਇੱਕ ਰਿਕਾਰਡ ਅੰਕੜਾ ਹੈ।
ਉਹ ਕਹਿੰਦੇ ਹਨ ਕਿ ਜਦੋਂ ਟਰੰਪ ਨੇ ਪਹਿਲੀ ਵਾਰ ਅਹੁਦਾ ਸੰਭਾਲਿਆ ਸੀ ਤਾਂ 39,000 ਨਜ਼ਰਬੰਦ ਸਨ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਆਈਸੀਈ ਪ੍ਰਤੀ ਦਿਨ 3,000 ਗ੍ਰਿਫਤਾਰੀਆਂ ਕਰ ਸਕਦਾ ਹੈ।
"ਲੋਕ ਅਚਾਨਕ ਗਾਇਬ ਹੋ ਰਹੇ"

ਤਸਵੀਰ ਸਰੋਤ, Getty Images
ਬ੍ਰਾਜ਼ੀਲ ਵਿੱਚ ਜਨਮੇ ਅਤੇ ਹੁਣ 37 ਸਾਲਾ ਲੋਰੇਨਾ ਬੇਟਸ ਨੇ ਇੱਕ ਸਵੈ-ਇੱਛੁਕ ਨੈੱਟਵਰਕ ਸਥਾਪਤ ਕੀਤਾ ਹੈ ਜੋ ਪਰਵਾਸੀਆਂ ਦੀਆਂ ਕਾਲਾਂ ਸੁਣਦਾ ਹੈ ਅਤੇ ਗ੍ਰਿਫਤਾਰੀਆਂ ਦਾ ਰਿਕਾਰਡ ਰੱਖਦਾ ਹੈ।
ਲੋਰੇਨਾ ਕਹਿੰਦੇ ਹਨ ਕਿ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਲੋਕਾਂ ਦੇ "ਅਚਾਨਕ ਗਾਇਬ" ਹੋਣ ਦੀਆਂ ਰਿਪੋਰਟਾਂ ਹਾਲ ਹੀ ਦੇ ਦਿਨਾਂ ਵਿੱਚ ਕਈ ਗੁਣਾ ਵਧ ਗਈਆਂ ਹਨ। ਉਹ ਅੱਗੇ ਕਹਿੰਦੇ ਹਨ ਕਿ ਵਟਸਐਪ ਗਰੁੱਪ ਜਾਣਕਾਰੀ ਲਈ ਇੱਕ ਲਾਈਫਲਾਈਨ ਬਣ ਗਏ ਹਨ।
ਬੇਟਸ ਨੇ ਇੱਕ ਅਮਰੀਕੀ ਸ਼ਖਸ ਨਾਲ ਵਿਆਹ ਕਰਵਾਇਆ ਹੈ, ਜਿਸ ਮਗਰੋਂ ਉਹ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਹੁਣ ਇੱਕ ਡੈਮੋਕ੍ਰੇਟ ਵਜੋਂ ਮੈਸੇਚਿਉਸੇਟਸ ਵਿੱਚ ਸੂਬਾ ਪ੍ਰਤੀਨਿਧੀ ਲਈ ਚੋਣ ਲੜ ਰਹੇ ਹਨ।
ਉਹ ਕਹਿੰਦੇ ਹਨ, "ਉਹ ਬੋਸਟਨ ਵਿੱਚ ਲੋਕਾਂ ਨੂੰ ਗ੍ਰਿਫ਼ਤਾਰ ਕਰਦੇ ਹਨ, ਅਗਲੇ ਦਿਨ ਉਹ ਨਿਊਯਾਰਕ ਵਿੱਚ ਹੁੰਦੇ ਹਨ, ਫਿਰ ਉਹ ਲੁਈਸਿਆਨਾ ਜਾਂਦੇ ਹਨ ਕਿਉਂਕਿ ਦੱਖਣ ਵਿੱਚ ਜੱਜ ਸਖ਼ਤ ਸਜ਼ਾਵਾਂ ਸੁਣਾਉਂਦੇ ਹਨ।"
ਇੱਕ ਗਰੁੱਪ ਦੇ ਪ੍ਰਬੰਧਕ, 27 ਸਾਲਾ ਜੂਨੀਅਰ ਕਹਿੰਦੇ ਹਨ ਕਿ ਸੁਨੇਹੇ ਹੁਣ ਹਰ ਰੋਜ਼ ਸਵੇਰੇ 5:00 ਵਜੇ ਆਉਣੇ ਸ਼ੁਰੂ ਹੋ ਜਾਂਦੇ ਹਨ, ਕਿਉਂਕਿ ਆਈਸੀਈ ਏਜੰਟ ਆਮ ਤੌਰ 'ਤੇ ਇਸੇ ਸਮੇਂ ਕੰਮ ਕਰਨਾ ਸ਼ੁਰੂ ਕਰਦੇ ਹਨ।
ਤੀਜਾ ਵੱਡਾ ਆਈਸੀਈ ਆਪ੍ਰੇਸ਼ਨ
ਲੋਵੇਲ ਤੋਂ ਇੱਕ ਡਿਲੀਵਰੀ ਡਰਾਈਵਰ ਹਨ, ਜੋ ਤਿੰਨ ਸਾਲ ਪਹਿਲਾਂ ਬ੍ਰਾਜ਼ੀਲ ਤੋਂ ਆਏ ਸਨ। ਉਹ ਕਹਿੰਦੇ ਹਨ, "ਗਰੁੱਪ 'ਚ ਉਸੇ ਸਮੇਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।''
ਉਨ੍ਹਾਂ ਨੇ ਇਹ ਗਰੁੱਪ ਉਦੋਂ ਬਣਾਇਆ ਸੀ ਜਦੋਂ ਜਨਵਰੀ ਮਹੀਨੇ ਵਿੱਚ ਟਰੰਪ ਨੇ ਰਾਸ਼ਟਰਪਤੀ ਅਹੁਦੇ 'ਤੇ ਵਾਪਸੀ ਕੀਤੀ ਸੀ। ਲੋਵੇਲ ਮੁਤਾਬਕ, ਇਸ ਦਾ ਉਦੇਸ਼ ਲੋਕਾਂ ਨੂੰ ਇਮੀਗ੍ਰੇਸ਼ਨ ਛਾਪਿਆਂ ਬਾਰੇ ਸੁਚੇਤ ਕਰਨ 'ਤੇ ਕੇਂਦ੍ਰਿਤ ਇੱਕ ਨੈੱਟਵਰਕ ਬਣਾਉਣਾ ਸੀ।
ਉਹ ਕਹਿੰਦੇ ਹਨ ਕਿ "ਇਹ ਬਹੁਤ ਮਦਦਗਾਰ ਰਿਹਾ ਹੈ, ਕਿਉਂਕਿ ਆਈਸੀਈ ਵਾਹਨ ਅਤੇ ਏਜੰਟ ਅਕਸਰ ਗੁਪਤ ਹੁੰਦੇ ਹਨ। ਇਸ ਲਈ ਲੋਕ ਵੀਡੀਓ, [ਨੰਬਰ] ਪਲੇਟਾਂ ਸਾਂਝੀਆਂ ਕਰਦੇ ਹਨ।" ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਗਰੁੱਪ 'ਤੇ ਝੂਠੀ ਜਾਣਕਾਰੀ ਵੀ ਫੈਲਾਈ ਜਾਂਦੀ ਹੈ।

ਬੋਸਟਨ, ਜਿਸਨੇ ਆਪਣੇ ਆਪ ਨੂੰ ਇੱਕ ਸੈਂਕਚੂਰੀ ਸ਼ਹਿਰ ਘੋਸ਼ਿਤ ਕੀਤਾ ਹੈ, ਨੇ ਸੰਘੀ ਇਮੀਗ੍ਰੇਸ਼ਨ ਕਰੈਕਡਾਊਨ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਤੰਬਰ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਪ੍ਰਸ਼ਾਸਨ ਨੇ ਡੈਮੋਕ੍ਰੇਟਿਕ ਮੇਅਰ ਮਿਸ਼ੇਲ ਵੂ - ਜਿਨ੍ਹਾਂ ਨੇ ਛਾਪਿਆਂ ਦੀ ਜਨਤਕ ਤੌਰ 'ਤੇ ਆਲੋਚਨਾ ਕੀਤੀ ਸੀ - ਦੀਆਂ ਨੀਤੀਆਂ ਦੇ ਜਵਾਬ ਵਿੱਚ ਆਪ੍ਰੇਸ਼ਨ ਪੈਟ੍ਰਿਏਟ 2.0 ਸ਼ੁਰੂ ਕੀਤਾ।
ਮਾਰਚ ਅਤੇ ਮਈ ਮਹੀਨਿਆਂ ਵਿੱਚ ਛਾਪਿਆਂ ਤੋਂ ਬਾਅਦ ਇਸ ਸਾਲ ਸੂਬੇ ਵਿੱਚ ਇਹ ਤੀਜਾ ਵੱਡਾ ਆਈਸੀਈ ਆਪ੍ਰੇਸ਼ਨ ਸੀ।
ਬ੍ਰਾਜ਼ੀਲ ਤੋਂ ਆਏ ਪਰਵਾਸੀਆਂ ਦੀਆਂ ਹਿਰਾਸਤਾਂ ਸਬੰਧੀ ਵੇਰਵਿਆਂ ਲਈ ਬੀਬੀਸੀ ਨਿਊਜ਼ ਬ੍ਰਾਜ਼ੀਲ ਦੀਆਂ ਬੇਨਤੀਆਂ ਦਾ ਆਈਸੀਈ ਨੇ ਜਵਾਬ ਨਹੀਂ ਦਿੱਤਾ ਹੈ।
ਡਰੋਨਾਂ ਰਾਹੀਂ ਨਿਗਰਾਨੀ

ਤਸਵੀਰ ਸਰੋਤ, Handout
16 ਸਤੰਬਰ ਨੂੰ, ਬੋਸਟਨ ਦੇ ਉੱਤਰ-ਪੱਛਮ ਵਿੱਚ ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਜਿੱਥੇ ਬਹੁਤ ਸਾਰੇ ਬ੍ਰਾਜ਼ੀਲੀ ਲੋਕ ਰਹਿੰਦੇ ਹਨ, ਦਹਿਸ਼ਤ ਫੈਲ ਗਈ।
ਨਿਵਾਸੀਆਂ ਨੇ ਕਾਰਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਜੋ ਬਾਹਰ ਜਾਣ ਵਾਲੇ ਰਸਤਿਆਂ 'ਤੇ ਖੜ੍ਹੀਆਂ ਸਨ ਅਤੇ ਕਿਹਾ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ।
ਕੰਪਲੈਕਸ ਦੀ ਡਰੋਨ ਫੁਟੇਜ ਜਾਰੀ ਹੋਣੀ ਸ਼ੁਰੂ ਹੋ ਗਈ। ਫੁਟੇਜ ਵਿੱਚ ਇਲਾਕੇ 'ਚ ਪਾਰਕ ਕੀਤੀਆਂ ਕਾਰਾਂ 'ਤੇ ਜ਼ੂਮ ਇਨ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਕਰਨ 'ਚ ਆਈਸੀਈ ਦੇ ਏਜੰਟਾਂ ਦੇ ਹੋਣ ਦਾ ਸ਼ੱਕ ਸੀ।
ਪਰਵਾਸੀ ਅਕਸਰ ਕਹਿੰਦੇ ਹਨ ਕਿ ਇੱਕੋ-ਇੱਕ ਸੁਰੱਖਿਅਤ ਜਗ੍ਹਾ ਉਨ੍ਹਾਂ ਦੇ ਘਰਾਂ ਦੇ ਅੰਦਰ ਹੈ।
ਇੱਕ ਭਾਵਨਾਤਮਕ ਵਟਸਐਪ ਸੁਨੇਹੇ 'ਚ ਲੋਕਾਂ ਅਪੀਲ ਕੀਤੀ ਗਈ ਕਿ ਉਹ ਕੰਮ ਕਰਨਾ ਬੰਦ ਕਰ ਦੇਣ: "ਕੀ ਨੌਕਰੀ ਤੋਂ ਬਿਨਾਂ ਇੱਕ ਜਾਂ ਦੋ ਹਫ਼ਤੇ ਤੁਹਾਨੂੰ ਅਮੀਰ ਬਣਾਉਣਗੇ? ਜਾਂ ਕੀ ਤੁਸੀਂ ਆਪਣੇ ਬੱਚਿਆਂ ਤੋਂ ਦੂਰ ਕਈ ਮਹੀਨੇ ਹਿਰਾਸਤ ਵਿੱਚ ਬਿਤਾਉਣਾ ਪਸੰਦ ਕਰੋਗੇ?"

ਗਰੁੱਪ ਵਿੱਚ ਗੱਲਬਾਤ ਦੇ ਆਧਾਰ 'ਤੇ ਜੂਨੀਅਰ ਕਹਿੰਦੇ ਹਨ ਕਿ ਆਈਸੀਈ ਸ਼ਾਇਦ ਹੀ ਵਾਰੰਟ ਦੀ ਉਡੀਕ ਕਰਦਾ ਹੈ ਅਤੇ ਇਸ ਦੀ ਬਜਾਏ "ਪਹਿਲਾਂ ਗ੍ਰਿਫਤਾਰ ਕਰਦਾ ਹੈ, ਬਾਅਦ ਵਿੱਚ ਪੁੱਛਗਿੱਛ ਕਰਦਾ ਹੈ।"
ਉਹ ਆਪਣੀ ਮਾਂ ਜ਼ਰੀਏ ਇੱਕ ਵਿਸ਼ੇਸ਼ ਵੀਜ਼ਾ ਰਾਹੀਂ ਗ੍ਰੀਨ ਕਾਰਡ ਲਈ ਅਰਜ਼ੀ ਦੇ ਰਹੇ ਹਨ, ਪਰ ਆਪਣੀ ਪ੍ਰੇਮਿਕਾ ਅਤੇ ਉਸਦੇ ਪੁੱਤਰ ਲਈ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ।
ਉਹ ਕਹਿੰਦੇ ਹਨ, "ਜੇਕਰ ਉਹ ਤੁਹਾਨੂੰ ਮਾੜੀ ਅੰਗਰੇਜ਼ੀ ਬੋਲਦੇ ਸੁਣਦੇ ਹਨ, ਤਾਂ ਉਹ ਤੁਹਾਨੂੰ ਤੁਰੰਤ ਗ੍ਰਿਫਤਾਰ ਕਰ ਲੈਂਦੇ ਹਨ। ਉਨ੍ਹਾਂ ਨੂੰ ਇਹ ਵੀ ਪਰਵਾਹ ਨਹੀਂ ਹੈ ਕਿ ਤੁਸੀਂ ਨਾਗਰਿਕ ਹੋ ਜਾਂ ਨਹੀਂ।''
ਇੰਨੇ ਡਰ ਦੇ ਬਾਵਜੂਦ ਵੀ ਜੂਨੀਅਰ ਦਾ ਬ੍ਰਾਜ਼ੀਲ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ, ਜਿੱਥੇ ਪਿਛਲੇ ਸਾਲ ਛੁੱਟੀਆਂ ਦੌਰਾਨ ਉਨ੍ਹਾਂ 'ਤੇ ਹਮਲਾ ਹੋਇਆ ਸੀ।
ਫਿਰ ਵੀ ਜੂਨੀਅਰ ਅਤੇ ਹੋਰ ਲੋਕਾਂ ਜਾਣਦੇ ਹਨ ਕਿ ਆਈਸੀਈ ਦੀ ਨਿਗਰਾਨੀ ਪ੍ਰਣਾਲੀ ਸਿਰਫ ਇੱਕ ਹੱਦ ਤੱਕ ਹੀ ਕੰਮ ਕਰ ਸਕਦੀ ਹੈ।
ਉਹ ਕਹਿੰਦੇ ਹਨ, "ਉਹ ਬਹੁਤ ਤੇਜ਼ ਹਨ - ਚਾਰ ਮਿੰਟਾਂ ਵਿੱਚ ਉਹ ਕਿਸੇ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ।''
"ਅਸੀਂ ਪੁਲਿਸ ਦੇ ਕੰਮ 'ਚ ਦਖਲ ਨਹੀਂ ਦੇ ਰਹੇ, ਸਗੋਂ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ"

ਤਸਵੀਰ ਸਰੋਤ, Handout
ਵਲੰਟੀਅਰ ਨੈੱਟਵਰਕ ਜਾਣਕਾਰੀ ਦੇ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ। ਕਮਿਊਨਿਟੀ ਗਰੁੱਪਾਂ ਦਾ ਇੱਕ ਗੱਠਜੋੜ ਆਈਸੀਈ ਦੀ ਗਤੀਵਿਧੀ ਦੀ ਰਿਪੋਰਟ ਕਰਨ ਵਾਲੇ ਪਰਵਾਸੀਆਂ ਦੀਆਂ ਕਾਲਾਂ ਦਾ ਜਵਾਬ ਦਿੰਦਾ ਹੈ ਅਤੇ ਤਸਦੀਕ ਅਤੇ ਵੀਡੀਓ ਰਿਕਾਰਡਿੰਗ ਲਈ ਮਾਨੀਟਰ ਭੇਜਦਾ ਹੈ।
ਉਨ੍ਹਾਂ ਵਿੱਚੋਂ ਇੱਕ, LUCE (ਐਲਯੂਸੀਈ), ਬੇਟਸ ਦੀ ਅਗਵਾਈ ਵਿੱਚ ਉਨ੍ਹਾਂ ਲੋਕਾਂ ਲਈ ਇੱਕ ਹੌਟਲਾਈਨ ਵੀ ਚਲਾਉਂਦਾ ਹੈ ਜੋ ਅੰਗਰੇਜ਼ੀ ਨਹੀਂ ਬੋਲਦੇ ਜਾਂ ਹਿੰਸਕ ਮੁਕਾਬਲਿਆਂ ਤੋਂ ਬਾਅਦ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਡਰਦੇ ਹਨ।

ਵਲੰਟੀਅਰ ਸੁਰੱਖਿਆ ਫੁਟੇਜ ਵੀ ਇਕੱਤਰ ਕਰਦੇ ਹਨ, ਪਰਵਾਸੀਆਂ ਨੂੰ ਵਕੀਲਾਂ ਨਾਲ ਜੋੜਦੇ ਹਨ ਅਤੇ ਜਦੋਂ ਪਰਿਵਾਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਪਣੀ ਆਮਦਨ ਖਤਮ ਹੋ ਜਾਂਦੀ ਹੈ ਇੱਥੋਂ ਤੱਕ ਕਿ ਕਰਿਆਨੇ ਦੀ ਡਿਲੀਵਰੀ ਵਿੱਚ ਵੀ ਮਦਦ ਕਰਦੇ ਹਨ।
ਇਨ੍ਹਾਂ ਦਾ ਤਾਲਮੇਲ ਵਟਸਐਪ ਗਰੁੱਪਾਂ ਰਾਹੀਂ ਹੁੰਦਾ ਹੈ, ਭਾਵੇਂ ਉਹ ਨਿੱਜੀ ਨੈੱਟਵਰਕ ਹੋਣ ਜਾਂ ਚਰਚਾਂ ਅਤੇ ਭਾਈਚਾਰਕ ਸੰਗਠਨਾਂ ਨਾਲ ਜੁੜੇ ਜਨਤਕ ਚੈਟ।
ਬੇਟਸ ਕਹਿੰਦੇ ਹਨ "ਲੋਕ ਕਾਲ ਕਰਦੇ ਹਨ, ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਸਥਾਨਕ ਵਲੰਟੀਅਰ ਰਿਕਾਰਡ ਕਰਨ ਲਈ ਆਪਣੇ ਫ਼ੋਨ ਲੈ ਕੇ ਜਾਂਦੇ ਹਨ।''
ਉਹ ਅੱਗੇ ਕਹਿੰਦੇ ਹਨ, "ਅਸੀਂ ਪੁਲਿਸ ਦੇ ਕੰਮ ਵਿੱਚ ਦਖਲ ਨਹੀਂ ਦੇ ਰਹੇ ਹਾਂ - ਅਸੀਂ ਸਿਰਫ਼ ਦਸਤਾਵੇਜ਼ ਬਣਾਉਣ ਦੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












