ਅਮਰੀਕਾ ਤੋਂ ਡਿਪੋਰਟ ਕੀਤੇ ਹਰਜੀਤ ਕੌਰ ਦੇ ਬੋਲ, 'ਜੇਲ੍ਹ ਵਾਲੀ ਡਰੈੱਸ ਮੇਰੇ ਦਿਮਾਗ ਵਿੱਚੋਂ ਨਹੀਂ ਨਿਕਲਦੀ'

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
"ਜੇਲ੍ਹ ਵਾਲੀ ਡਰੈਸ ਮੇਰੇ ਦਿਮਾਗ ਵਿੱਚੋਂ ਨਿਕਲਦੀ ਨਹੀਂ, ਸਾਰਿਆਂ ਨੂੰ ਪਤਾ ਲੱਗ ਰਿਹਾ ਸੀ ਕਿ ਡਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ। ਹਾਲਾਂਕਿ ਸਾਰਿਆਂ ਦੇ ਉਹ ਹੀ ਡਰੈਸ ਪਾਈ ਸੀ।”
ਇਹ ਬੋਲ ਹਨ ਅਮਰੀਕਾ 'ਚ ਹਿਰਾਸਤ 'ਚ ਲਏ ਗਏ ਹਰਜੀਤ ਕੌਰ ਦੇ ਜਿਨ੍ਹਾਂ ਨੂੰ ਡਿਪੋਰਟ ਕਰਕੇ ਭਾਰਤ ਭੇਜਿਆ ਜਾ ਚੁੱਕਿਆ ਹੈ ਅਤੇ ਇਸ ਵੇਲੇ ਉਹ ਆਪਣੇ ਇੱਕ ਰਿਸ਼ਤੇਦਾਰ ਦੇ ਨਾਲ ਰਹਿ ਰਹੇ ਹਨ।
ਜਾਣਕਾਰੀ ਮੁਤਾਬਕ, ਉਹ ਲੰਘੀ 24 ਸਤੰਬਰ ਨੂੰ ਨਵੀਂ ਦਿੱਲੀ ਪਹੁੰਚ ਗਏ ਸਨ।
ਹਰਜੀਤ ਕੌਰ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਹਰਜੀਤ ਕੌਰ ਮੁਤਾਬਕ ਉਨ੍ਹਾਂ ਨੇ ਬੀਤੇ ਕੁਝ ਦਿਨਾਂ ਵਿੱਚ ਕਾਫੀ ਮੁਸ਼ਕਲ ਹਾਲਾਤ ਦੇਖੇ ਹਨ ਤੇ ਅਮਰੀਕਾ ਤੋਂ ਭਾਰਤ ਤੱਕ ਦੀ ਉਨ੍ਹਾਂ ਦੀ ਯਾਤਰਾ ਦਿੱਕਤਾਂ ਨਾਲ ਭਰੀ ਰਹੀ।
ਬੀਬੀਸੀ ਪੰਜਾਬੀ ਨੇ ਹਰਜੀਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸਾਰਾ ਮਾਮਲਾ ਅਤੇ ਘਟਨਾਕ੍ਰਮ ਜਾਣਨ ਦੀ ਕੋਸ਼ਿਸ਼ ਕੀਤੀ।
ਹਰਜੀਤ ਕੌਰ ਦਾ ਪੂਰਾ ਮਾਮਲਾ ਕੀ ਹੈ

8 ਸਤੰਬਰ 2025 ਨੂੰ, ਸੈਨ ਫਰਾਂਸਿਸਕੋ ਵਿੱਚ ਆਈਸੀਈ (ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਦੀ ਰੁਟੀਨ ਮੁਲਾਕਾਤ ਦੌਰਾਨ, 73 ਸਾਲਾ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਬੇਕਰਸਫੀਲਡ ਦੇ ਮੇਸਾ ਵਰਡੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
ਹਰਜੀਤ ਦੇ ਸਮਰਥਨ ਲਈ ਬਣਾਈ ਗਈ ਵੈੱਬਸਾਈਟ ਬ੍ਰਿੰਗ ਹਰਜੀਤ ਹੋਮ ਦੇ ਮੁਤਾਬਕ ਹਰਜੀਤ ਕੌਰ, ਜਿਨ੍ਹਾਂ ਨੂੰ ਸ਼ਾਂਤਾ ਜਾਂ ਸਰਬਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ 30 ਸਾਲਾਂ ਤੋਂ ਵੱਧ ਸਮੇਂ ਤੋਂ ਈਸਟ ਬੇਅ, ਕੈਲੀਫੋਰਨੀਆ ਵਿੱਚ ਰਹਿੰਦੇ ਸਨ।
ਹਰਕਿਊਲਸ ਦੇ ਵਸਨੀਕ, ਹਰਜੀਤ ਕੌਰ ਨੇ ਬਰਕਲੇ ਵਿੱਚ ਇੱਕ ਛੋਟੇ ਕਾਰੋਬਾਰ ਵਿੱਚ ਦੋ ਦਹਾਕਿਆਂ ਤੱਕ ਕੰਮ ਕੀਤਾ।
ਅਮਰੀਕਾ ਵਿੱਚ ਸ਼ਰਨ ਦੇ ਕੇਸ ਤੋਂ ਇਨਕਾਰ ਹੋਣ ਤੋਂ ਬਾਅਦ ਹਰਜੀਤ ਨੇ 13 ਸਾਲਾਂ ਤੋਂ ਵੱਧ ਸਮੇਂ ਲਈ ਹਰ ਛੇ ਮਹੀਨਿਆਂ ਵਿੱਚ ਆਈਸੀਈ ਚੈੱਕ-ਇਨ ਦੀ ਪਾਲਣਾ ਕੀਤੀ। ਇਸ ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਕਿ ਆਈਸੀਈ ਨੇ ਉਨ੍ਹਾਂ ਨੂੰ ਨਿਗਰਾਨੀ ਹੇਠ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਸੀ।
ਡਿਪੋਰਟ ਕਰਨਾ ਦਾ ਘਟਨਾਕ੍ਰਮ ਕਿਵੇਂ ਵਾਪਰਿਆ?
ਡਿਪੋਰਟ ਕਰਨ ਦੀ ਘਟਨਾ ਬਾਰੇ ਦੱਸਦੇ ਹੋਏ ਹਰਜੀਤ ਕੌਰ ਕਹਿੰਦੇ ਹਨ, ''ਮੇਰੀ ਉਮਰ 73 ਸਾਲ ਹੈ ਅਤੇ ਮੈਂ ਸੈਨ ਫਰਾਂਸਿਸਕੋ ਨੇੜੇ ਹਰਕਿਲਿਸ 'ਚ ਰਹਿ ਰਹੀ ਸੀ। ਮੈਨੂੰ ਕੁਝ ਨਹੀਂ ਦੱਸਿਆ ਗਿਆ। ਮੈਂ 6 ਮਹੀਨੇ ਬਾਅਦ ਹਾਜ਼ਰੀ ਲਗਾਉਣ ਸੈਨ ਫਰਾਂਸਿਸਕੋ ਗਈ ਸੀ, ਉੱਥੇ ਮੈਨੂੰ ਅਰੈਸਟ ਕੀਤਾ ਗਿਆ ਪਰ ਕੋਈ ਕਾਰਨ ਨਹੀਂ ਦੱਸਿਆ ਗਿਆ।''
''ਮੈਨੂੰ ਸੈਨ ਫਰਾਂਸਿਸਕੋ ਤੋਂ ਲੈ ਗਏ ਫਰਿਜ਼ਨੋ, ਉਥੋਂ ਲੈ ਗਏ ਬੇਕਰਸ ਫੀਲਡ, ਉਥੋਂ ਲੈ ਗਏ ਓਰੋਜ਼ੋਨਾ ਤੇ ਉੱਥੋਂ ਮੈਨੂੰ ਡਿਪੋਰਟ ਕੀਤਾ।''
"ਨਾ ਮੈਨੂੰ ਦੱਸਿਆ ਗਿਆ ਕਿ ਕਿੰਨੇ ਵਜੇ ਫਲਾਈਟ ਹੈ ਨਾ ਦੱਸਿਆ ਗਿਆ ਕਿ ਕਿੱਥੇ ਜਾਣਾ ਹੈ। ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਮੈਨੂੰ ਫਲਾਈਟ ਤੋਂ ਅੱਧਾ ਘੰਟਾ ਪਹਿਲਾਂ ਦੱਸਿਆ ਗਿਆ ਕਿ ਤਿਆਰ ਹੋ ਜਾਓ, ਤੁਹਾਡੀ ਫਲਾਈਟ ਤਿਆਰ ਹੈ।”
ਇਹ ਪੁੱਛੇ ਜਾਣ ਉੱਤੇ ਕਿ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਕਿਵੇਂ ਹੋ ਸਕਿਆ ਸੀ, ਹਰਜੀਤ ਕੌਰ ਨੇ ਦੱਸਿਆ,"ਜਦੋਂ ਸਾਰਿਆਂ ਨੂੰ ਹੱਥਕੜੀਆਂ ਲਾ ਰਹੇ ਸੀ, ਉਸ ਸਮੇਂ ਮੈਂ ਆਪਣੀ ਬੇਟੀ ਨੂੰ ਕਾਲ ਕਰਕੇ ਦੱਸਿਆ ਕਿ ਕਿਤੇ ਲੈ ਕੇ ਜਾ ਰਹੇ ਹਨ ਪਰ ਕਿੱਥੇ ਇਹ ਮੈਨੂੰ ਪਤਾ ਨਹੀਂ।"
"ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਫਲਾਈਟ ਦਿੱਲੀ, ਮੁੰਬਈ ਜਾਂ ਅੰਮ੍ਰਿਤਸਰ ਕਿੱਥੇ ਜਾਵੇਗੀ ਕੁਝ ਨਹੀਂ ਸੀ ਪਤਾ। ਇਸ ਲਈ ਮੇਰੇ ਰਿਸ਼ਤੇਦਾਰ ਤਿੰਨਾਂ ਏਅਰਪੋਰਟਸ ਉੱਤੇ ਮੌਜੂਦ ਸਨ।"
ਜੇਲ੍ਹ ਵਾਲੀ ਡਰੈਸ ਤੋਂ ਪਰੇਸ਼ਾਨੀ

ਤਸਵੀਰ ਸਰੋਤ, Bringharjithome.com
ਅਮਰੀਕਾ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ ਹੱਥਕੜੀਆਂ ਲਗਾਏ ਜਾਣ ਅਤੇ ਪੈਰਾਂ ਵਿੱਚ ਜੰਜੀਰਾ ਪਾਉਣ ਦੀਆਂ ਰਿਪੋਰਟਾਂ ਮੀਡੀਆ ਵਿੱਚ ਪਿਛਲੇ ਦਿਨੀਂ ਦੇਖੀਆਂ ਗਈਆਂ ਸਨ।
ਇਸ ਬਾਰੇ ਹਰਜੀਤ ਕਹਿੰਦੇ ਹਨ,"ਮੇਰੇ ਹੱਥ-ਪੈਰ ਤਾਂ ਨਹੀਂ ਬੰਨ੍ਹੇ ਗਏ ਸਨ ਪਰ ਜੇਲ੍ਹ ਵਾਲੀ ਡਰੈਸ ਵਿੱਚ ਹੀ ਸਫ਼ਰ ਕੀਤਾ।"
"ਜੇਲ੍ਹ ਵਾਲੀ ਡਰੈਸ ਮੇਰੇ ਦਿਮਾਗ ਵਿੱਚੋਂ ਨਿਕਲਦੀ ਨਹੀਂ, ਸਾਰਿਆਂ ਨੂੰ ਪਤਾ ਲੱਗ ਰਿਹਾ ਸੀ ਕਿ ਡਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ। ਹਾਲਾਂਕਿ ਸਾਰਿਆਂ ਦੇ ਉਹ ਹੀ ਡਰੈਸ ਪਾਈ ਸੀ।”
''ਰਸਤੇ ਵਿੱਚ ਦੋ ਜਗ੍ਹਾ ਫਲਾਈਟ ਰੁਕੀ ਸੀ। ਸਾਨੂੰ 18-19 ਘੰਟੇ ਲੱਗੇ। ਇਹ ਸਮਾਂ ਬਸ ਇਸੇ ਤਰ੍ਹਾਂ ਬੈਠ ਕੇ ਹੀ ਨਿਕਲਿਆ।''
ਅਮਰੀਕੀ ਪੁਲਿਸ ਦੇ ਰਵੱਈਏ ਬਾਰੇ ਉਨ੍ਹਾਂ ਕਿਹਾ, "ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ।"
"ਜੋ ਉਹ ਖਾਣ ਨੂੰ ਦਿੰਦੇ ਸੀ ਉਹ ਮੈਂ ਸ਼ਾਕਾਹਾਰੀ ਹੋਣ ਕਰਕੇ ਖਾ ਨਹੀਂ ਸੀ ਸਕਦੀ। ਉਹ ਕੁਝ ਦੱਸਦੇ ਵੀ ਨਹੀਂ ਸੀ ਅਤੇ ਕੋਈ ਕਾਰਨ ਵੀ ਨਹੀਂ ਸਨ ਦੱਸਦੇ।"
ਪਰਿਵਾਰ ਕੋਲ ਜਾਣ ਦੀ ਇੱਛਾ

ਤਸਵੀਰ ਸਰੋਤ, Harjit Kaur Family
ਹਰਜੀਤ ਕੌਰ ਦੱਸਦੇ ਹਨ, “4 ਦਿਨ ਤੱਕ ਨਹਾ ਵੀ ਨਹੀਂ ਸਕੀ, ਮੈਂ ਭਾਰਤ ਆ ਕੇ ਨਹਾਤੀ। ਉੱਥੇ ਜਿਹੜੇ ਕਮਰੇ ਵਿੱਚ ਮੈਨੂੰ ਰੱਖਿਆ ਗਿਆ ਉਸ ਵਿੱਚ ਸੌਣ ਲਈ ਜਗ੍ਹਾ ਨਹੀਂ ਸੀ, ਮੈਂ ਹੇਠਾਂ ਜ਼ਮੀਨ ਉੱਤੇ ਬੈਠ ਨਹੀਂ ਸਕਦੀ, ਉਮਰ ਅਤੇ ਸਿਹਤ ਕਰਕੇ।"
"ਉੱਥੇ ਸਟੀਲ ਦੀ ਇੱਕ ਛੋਟੀ ਜਿਹੀ ਬੰਨੀ ਸੀ ਜਿਸ ਉੱਤੇ ਬੈਠ ਕੇ ਮੈਂ ਰਾਤ ਕੱਟੀ।
"ਮੇਰੀਆਂ ਨੂੰਹਾਂ ਹਨ, ਪੋਤੇ-ਪੋਤੀਆਂ ਹਨ ਤੇ ਮੈਂ ਇੱਕ ਦਿਨ ਵੀ ਉਨ੍ਹਾਂ ਤੋਂ ਬਿਨ੍ਹਾਂ ਨਹੀਂ ਰਹੀ ਤੇ ਉਮਰ ਦੇ ਇਸ ਪੜ੍ਹਾਅ ਉੱਤੇ ਪਰਿਵਾਰ ਤੋਂ ਦੂਰ ਬਹੁਤ ਔਖਾ ਹੈ।"
''ਮੈਂ ਤਾਂ ਆਪਣੇ ਪਰਿਵਾਰ ਕੋਲ ਵਾਪਸ ਜਾਣਾ ਚਾਹੁੰਦੀ ਹੈ। ਹੁਣ ਜੋ ਵੀ ਕਾਰਵਾਈ ਹੈ, ਦੀਪਕ ਆਹਲੂਵਾਲੀਆ (ਹਰਜੀਤ ਕੌਰ ਦੇ ਵਕੀਲ) ਹੀ ਕਰੂਗਾ।''
ਪੰਜਾਬ ਤੇ ਕੇਂਦਰ ਸਰਕਾਰ ਨੂੰ ਕੋਈ ਅਪੀਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ, ''ਉਸ ਬਾਰੇ ਮੈਨੂੰ ਨਹੀਂ ਪਤਾ। ਮੇਰਾ ਪਰਿਵਾਰ ਕਰ ਰਿਹਾ ਹੈ ਜੋ ਵੀ ਕਰ ਰਿਹਾ ਹੈ।''
ਆਪਣੇ ਗ਼ੈਰ-ਕਾਨੂੰਨੀ ਪਰਵਾਸੀ ਹੁੰਦਿਆਂ ਅਮਰੀਕਾ ਵਿੱਚ ਰਹਿਣ ਬਾਰੇ ਹਰਜੀਤ ਕੌਰ ਨੇ ਕਿਹਾ, ''ਮੇਰੇ ਕੋਲ ਗ੍ਰੀਨ ਕਾਰਡ ਨਹੀਂ ਸੀ ਪਰ ਮੇਰੇ ਕੋਲ ਸਾਰੇ ਅਧਿਕਾਰ ਸਨ। ਵਰਕ ਪਰਮਿਟ ਮੇਰੇ ਕੋਲ ਸੀ, ਡਰਾਈਵਿੰਗ ਲਾਇਸੈਂਸ ਮੇਰੇ ਕੋਲ ਸੀ, ਆਈਡੀ ਮੇਰੇ ਕੋਲ ਸੀ, ਗੱਡੀ ਚਲਾ ਕੇ ਮੈਂ ਖ਼ੁਦ ਜਾਂਦੀ ਸੀ ਕੰਮ 'ਤੇ, 30 ਸਾਲ ਮੈਂ ਕੰਮ ਕੀਤਾ, ਟੈਕਸ ਭਰਿਆ, ਹੋਰ ਇਸ ਤੋਂ ਵੱਧ ਕੀ ਹੁੰਦਾ ਹੈ!''
''ਮੇਰੇ ਕੋਲ ਗ੍ਰੀਨ ਕਾਰਡ ਹੁੰਦਾ ਤਾਂ ਮੈਂ ਇੰਡੀਆ ਆਉਂਦੀ-ਜਾਂਦੀ, ਮੇਰੇ ਕੋਲ ਨਹੀਂ ਸੀ ਤਾਂ ਮੈਂ ਇਸੇ ਕਰਕੇ ਉੱਥੇ ਬੈਠੀ ਸੀ ਅਤੇ ਕਦੇ ਇੰਡੀਆਂ ਨਹੀਂ ਆਈ।''
''ਮੇਰੇ ਬੱਚੇ ਬਹੁਤ ਯਾਦ ਕਰਦੇ ਹਨ, ਰਾਤ-ਦਿਨ ਫ਼ੋਨ ਕਰਦੇ ਹਨ।''
2012 ਤੋਂ ਮੈਨੂੰ ਡਿਪੋਰਟ ਕੀਤਾ ਗਿਆ ਸੀ। ਮੇਰੇ ਕੋਲ ਪਾਰਪੋਰਟ ਨਹੀਂ ਸੀ। ਜਿਸ ਕਰਕੇ ਉਹ ਹਰ ਛੇ ਮਹੀਨੇ ਬਾਅਦ ਹਾਜ਼ਰੀ ਲਗਵਾਉਣ ਜਾਂਦੀ ਸੀ।
ਹਰਜੀਤ ਕੌਰ ਨੇ ਕਿਹਾ,"ਮੇਰੇ ਪਰਿਵਾਰ ਨੇ ਕਿਹਾ ਸੀ ਕਿ ਅਸੀਂ ਖ਼ੁਦ ਛੱਡ ਕੇ ਆਵਾਂਗੇ।
ਆਈਸੀਈ ਨੇ ਬੀਬੀਸੀ ਨੂੰ ਕੀ ਦੱਸਿਆ
ਆਈਸੀਈ ਨੇ ਬੀਬੀਸੀ ਨੂੰ ਦਿੱਤੇ ਜਵਾਬ ਵਿੱਚ ਆਖਿਆ ਹੈ, ''ਹਰਜੀਤ ਕੌਰ ਇੱਕ ਗ਼ੈਰ-ਕਾਨੂੰਨੀ ਪਰਵਾਸੀ ਹੈ ਜਿਸਨੇ 1991 ਤੋਂ ਆਪਣਾ ਕੇਸ ਲੜਿਆ ਹੈ, ਤਕਰੀਬਨ 34 ਸਾਲਾਂ ਤੋਂ ਵੱਧ ਸਮੇਂ ਤੱਕ। ਉਨ੍ਹਾਂ ਨੂੰ 2005 ਵਿੱਚ, 20 ਸਾਲ ਪਹਿਲਾਂ ਇੱਕ ਇਮੀਗ੍ਰੇਸ਼ਨ ਜੱਜ ਦੁਆਰਾ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਉਹ ਨਹੀਂ ਗਏ।"
"ਉਨ੍ਹਾਂ ਨੇ 9ਵੀਂ ਸਰਕਟ ਕੋਰਟ ਆਫ਼ ਅਪੀਲ ਤੱਕ ਕਈ ਅਪੀਲਾਂ ਦਾਇਰ ਕੀਤੀਆਂ ਹਨ ਅਤੇ ਹਰ ਵਾਰ ਹਾਰ ਗਏ। ਹੁਣ ਜਦੋਂ ਉਨ੍ਹਾਂ ਨੇ ਸਾਰੇ ਕਾਨੂੰਨੀ ਉਪਾਅ ਖ਼ਤਮ ਕਰ ਦਿੱਤੇ ਹਨ, ਤਾਂ ਆਈਸੀਈ ਅਮਰੀਕੀ ਕਾਨੂੰਨ ਅਤੇ ਜੱਜ ਦੇ ਹੁਕਮਾਂ ਨੂੰ ਲਾਗੂ ਕਰ ਰਹੀ ਹੈ।''
ਭਾਰਤ ਸਰਕਾਰ ਦਾ ਤਰਕ

ਤਸਵੀਰ ਸਰੋਤ, Randhir Jaiswal/X
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਮੀਡੀਆ ਬਰੀਫ਼ਿੰਗ ਵਿੱਚ ਗ਼ੈਰ-ਕਾਨੂੰਨੀ ਪਰਵਾਸ ਬਾਰੇ ਭਾਰਤ ਸਰਕਾਰ ਦਾ ਪੱਖ ਰੱਖਿਆ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਪੰਜਾਬ ਦੀ ਨਾਗਰਿਕ ਹਰਜੀਤ ਕੌਰ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਜਨਵਰੀ 2025 ਤੋਂ ਲੈ ਕੇ ਹੁਣ ਤੱਕ ਕੁੱਲ 2417 ਲੋਕਾਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤਾ ਗਿਆ ਹੈ।"
"ਅਸੀਂ ਪਰਵਾਸ ਦੇ ਕਾਨੂੰਨੀ ਤਰੀਕੇ ਅਪਣਾਉਣ ਨੂੰ ਉਤਸ਼ਾਹਿਤ ਕਰਦੇ ਹਾਂ। ਭਾਰਤ ਗ਼ੈਰ-ਕਾਨੂੰਨੀ ਪਰਵਾਸ ਦੇ ਖ਼ਿਲਾਫ਼ ਹੈ। ਜਦੋਂ ਕਿਸੇ ਹੋਰ ਦੇਸ਼ ਵਿੱਚ ਕੋਈ ਭਾਰਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿੰਦਾ ਫੜਿਆ ਜਾਂਦਾ ਹੈ ਤਾਂ ਸਾਡੇ ਨਾਲ ਰਾਬਤਾ ਕੀਤਾ ਜਾਂਦਾ ਹੈ। ਉਸ ਬਾਰੇ ਲੋੜੀਂਦੇ ਦਸਤਾਵੇਜ਼ਾਂ ਜੋ ਇਸ ਦਾਅਵੇ ਨੂੰ ਦਰਾਸਉਂਦੇ ਹੋਣ ਕਿ ਉਹ ਭਾਰਤੀ ਨਾਗਰਿਕ ਹੈ ਸਾਂਝੇ ਕੀਤੇ ਜਾਂਦੇ ਹਨ।"
ਜੈਸਵਾਲ ਨੇ ਕਿਹਾ, "ਅਸੀਂ ਸਾਰੇ ਦਸਤਾਵੇਜ਼ ਚੈੱਕ ਕਰਦੇ ਹਾਂ, ਭਾਰਤੀ ਨਾਗਰਿਕਤਾ ਚੈੱਕ ਕਰਦੇ ਹਾਂ ਅਤੇ ਫ਼ਿਰ ਉਸ ਨੂੰ ਵਾਪਸ ਆਉਣ ਦਿੰਦੇ ਹਾਂ। ਅਮਰੀਕਾ ਤੋਂ ਹੋਣ ਵਾਲੇ ਡਿਪੋਰਟ ਦੇ ਮਾਮਲਿਆਂ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।”
"ਅਸੀਂ ਕਾਨੂੰਨੀ ਤੌਰ ਉੱਤੇ ਪਰਵਾਸ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਨਾਲ ਹੀ ਗ਼ੈਰ-ਕਾਨੂੰਨੀ ਪਰਵਾਸ ਨੂੰ ਨੱਥ ਪਾਉਣ ਲਈ ਉਪਰਾਲੇ ਵੀ ਕਰਦੇ ਹਾਂ।"
"ਭਾਰਤ ਸਰਕਾਰ ਵੱਖ-ਵੱਖ ਸੂਬਾ ਸਰਕਾਰਾਂ ਨਾਲ ਮਿਲਕੇ ਗ਼ੈਰ-ਕਾਨੂੰਨੀ ਪਰਵਾਸ ਨੂੰ ਢੱਲ ਪਾਉਣ ਸਬੰਧੀ ਕੰਮ ਕਰ ਰਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













