ਅਮਰੀਕਾ ਵੱਲੋਂ ਡੀਟੇਨ ਕੀਤੇ ਗਏ 73 ਸਾਲਾ ਹਰਜੀਤ ਕੌਰ ਬਾਰੇ ਪਰਿਵਾਰ ਕੀ ਕਹਿ ਰਿਹਾ, ਉਨ੍ਹਾਂ ਨੂੰ ਜੇਲ੍ਹ ਭੇਜਣ 'ਤੇ ਆਈਸੀਈ ਨੇ ਬੀਬੀਸੀ ਨੂੰ ਕੀ ਦੱਸਿਆ

ਤਸਵੀਰ ਸਰੋਤ, Denis Perez Bravo
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਕੈਲੀਫੋਰਨੀਆ ਦੇ ਹਰਕਿਊਲਸ ਸ਼ਹਿਰ ਵਿੱਚ ਅਕਸਰ ਸ਼ਾਂਤ ਰਹਿਣ ਵਾਲਾ ਸਿੱਖ ਭਾਈਚਾਰਾ ਕੁਝ ਦਿਨਾਂ ਤੋਂ ਸੜਕਾਂ ਉੱਪਰ ਉੱਤਰਿਆ ਹੋਇਆ ਹੈ,ਉਨ੍ਹਾਂ ਦੀ ਇੱਕੋ ਮੰਗ ਹੈ ਕਿ ਉਨ੍ਹਾਂ ਦੀ 'ਦਾਦੀ' ਹਰਜੀਤ ਕੌਰ ਦੀ ਘਰ ਵਾਪਸੀ ਹੋਵੇ।
ਦਰਅਸਲ 8 ਸਤੰਬਰ 2025 ਨੂੰ, ਸੈਨ ਫਰਾਂਸਿਸਕੋ ਵਿੱਚ ਆਈਸੀਈ (ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਦੀ ਰੁਟੀਨ ਮੁਲਾਕਾਤ ਦੌਰਾਨ, 73 ਸਾਲਾ ਹਰਜੀਤ ਕੌਰ ਨੂੰ ਹਿਰਾਸਤ ਵਿਚ ਲੈ ਕੇ ਬੇਕਰਸਫੀਲਡ ਦੇ ਮੇਸਾ ਵਰਡੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਤਕਰੀਬਨ 30 ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਆਏ ਹਰਜੀਤ ਦੀ ਹਿਰਾਸਤ ਦੀ ਘਟਨਾ ਨੇ ਸਥਾਨਕ ਸਿੱਖ ਭਾਈਚਾਰੇ ਅਤੇ ਪਰਿਵਾਰ ਨੂੰ ਹਿਲਾ ਦਿੱਤਾ। ਪਰਿਵਾਰ ਅਤੇ ਸਮਰਥਕ ਉਸ ਦੀ ਰਿਹਾਈ ਲਈ ਸੜਕਾਂ 'ਤੇ ਹਨ, ਜਦਕਿ ਆਈਸੀਈ ਨੇ ਬੀਬੀਸੀ ਨੂੰ ਕਿਹਾ ਕਿ ਹੈ ਕਿ ਉਹ ਸਿਰਫ਼ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ।
ਅਮਰੀਕਾ ਦੀ ਹਿਰਾਸਤ ਵਿੱਚ ਮੌਜੂਦ ਹਰਜੀਤ ਕੌਰ ਕੌਣ ਹਨ

ਤਸਵੀਰ ਸਰੋਤ, Manjit Kaur
ਹਰਜੀਤ ਦੇ ਸਮਰਥਨ ਲਈ ਬਣਾਈ ਗਈ ਵੈੱਬਸਾਈਟ ਬ੍ਰਿੰਗ ਹਰਜੀਤ ਹੋਮ ਦੇ ਮੁਤਾਬਕ ਹਰਜੀਤ ਕੌਰ, ਜਿਸ ਨੂੰ ਸ਼ਾਂਤਾ ਜਾਂ ਸਰਬਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 73 ਸਾਲ ਦੇ ਹਨ ਜੋ 30 ਸਾਲਾਂ ਤੋਂ ਵੱਧ ਸਮੇਂ ਤੋਂ ਈਸਟ ਬੇਅ, ਕੈਲੀਫੋਰਨੀਆ ਵਿੱਚ ਰਹਿੰਦੇ ਸਨ।
ਹਰਕਿਊਲਸ ਦੇ ਵਸਨੀਕ, ਹਰਜੀਤ ਕੌਰ ਨੇ ਬਰਕਲੇ ਵਿੱਚ ਇੱਕ ਛੋਟੇ ਕਾਰੋਬਾਰ ਵਿੱਚ ਦੋ ਦਹਾਕਿਆਂ ਤੱਕ ਕੰਮ ਕੀਤਾ।
ਅਮਰੀਕਾ ਵਿੱਚ ਸ਼ਰਨ ਦੇ ਕੇਸ ਤੋਂ ਇਨਕਾਰ ਹੋਣ ਤੋਂ ਬਾਅਦ ਹਰਜੀਤ ਨੇ 13 ਸਾਲਾਂ ਤੋਂ ਵੱਧ ਸਮੇਂ ਲਈ ਹਰ ਛੇ ਮਹੀਨਿਆਂ ਵਿੱਚ ਆਈਸੀਈ ਚੈੱਕ-ਇਨ ਦੀ ਪਾਲਣਾ ਕੀਤੀ। ਇਸ ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਕਿ ਆਈਸੀਈ ਨੇ ਉਨ੍ਹਾਂ ਨੂੰ ਨਿਗਰਾਨੀ ਹੇਠ ਅਮਰੀਕਾ ਰਹਿਣ ਦੀ ਇਜਾਜ਼ਤ ਦਿੱਤੀ ਸੀ।
ਆਈਸੀਈ ਨੇ ਬੀਬੀਸੀ ਨੂੰ ਦਿੱਤੇ ਜਵਾਬ ਵਿੱਚ ਆਖਿਆ ਹੈ, ''ਹਰਜੀਤ ਕੌਰ ਇੱਕ ਗ਼ੈਰ-ਕਾਨੂੰਨੀ ਪਰਵਾਸੀ ਹੈ ਜਿਸਨੇ 1991 ਤੋਂ ਆਪਣਾ ਕੇਸ ਲੜਿਆ ਹੈ, ਤਕਰੀਬਨ 34 ਸਾਲਾਂ ਤੋਂ ਵੱਧ ਸਮੇਂ ਤੱਕ। ਉਨ੍ਹਾਂ ਨੂੰ 2005 ਵਿੱਚ, 20 ਸਾਲ ਪਹਿਲਾਂ ਇੱਕ ਇਮੀਗ੍ਰੇਸ਼ਨ ਜੱਜ ਦੁਆਰਾ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਉਹ ਨਹੀਂ ਗਏ।"
"ਉਨ੍ਹਾਂ ਨੇ 9ਵੀਂ ਸਰਕਟ ਕੋਰਟ ਆਫ਼ ਅਪੀਲ ਤੱਕ ਕਈ ਅਪੀਲਾਂ ਦਾਇਰ ਕੀਤੀਆਂ ਹਨ ਅਤੇ ਹਰ ਵਾਰ ਹਾਰ ਗਏ। ਹੁਣ ਜਦੋਂ ਉਨ੍ਹਾਂ ਨੇ ਸਾਰੇ ਕਾਨੂੰਨੀ ਉਪਾਅ ਖ਼ਤਮ ਕਰ ਦਿੱਤੇ ਹਨ, ਤਾਂ ਆਈਸੀਈ ਅਮਰੀਕੀ ਕਾਨੂੰਨ ਅਤੇ ਜੱਜ ਦੇ ਹੁਕਮਾਂ ਨੂੰ ਲਾਗੂ ਕਰ ਰਹੀ ਹੈ।''

ਤਸਵੀਰ ਸਰੋਤ, AFP via Getty Images
ਬ੍ਰਿੰਗ ਹਰਜੀਤ ਹੋਮ ਮੁਤਾਬਕ, ਹਰਜੀਤ ਕੌਰ ਤਿੰਨ ਦਹਾਕੇ ਪਹਿਲਾਂ ਭਾਰਤ ਤੋਂ ਆਪਣੇ ਦੋ ਬੇਟਿਆਂ ਨਾਲ ਅਮਰੀਕਾ ਗਏ ਸਨ।
ਸ਼ੁੱਕਰਵਾਰ 12 ਸਤੰਬਰ ਨੂੰ ਅਮਰੀਕਾ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ।
ਅਮਰੀਕੀ ਵੈੱਬਸਾਈਟ ਬਰਕਲੇਸਾਈਡ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਦੀ ਪੋਤੀ ਸੁਖਦੀਪ ਕੌਰ ਨੇ ਕਿਹਾ ਕਿ ਉਹ ਆਪਣੀ ਦਾਦੀ ਦੀ ਹਿਰਾਸਤ ਦੀ ਘਟਨਾ ਤੋਂ ਬਾਅਦ ਹੈਰਾਨ ਹਨ।
ਹਰਜੀਤ ਕੌਰ ਦੀ ਨੂੰਹ ਮਨਜੀਤ ਕੌਰ ਨੇ ਵੀ ਆਖਿਆ ਹੈ ਕਿ ਹਰਜੀਤ ਕੌਰ ਨੇ ਹਮੇਸ਼ਾ ਵਰਕ ਪਰਮਿਟ ਵਾਸਤੇ ਅਪਲਾਈ ਕੀਤਾ ਹੈ ਅਤੇ ਉਹ ਅਮਰੀਕਾ ਵਿੱਚ ਟੈਕਸ ਭਰਦੇ ਆਏ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਵੀਰਵਾਰ ਨੂੰ ਉਨ੍ਹਾਂ ਨੇ ਹਰਜੀਤ ਕੌਰ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਹ ਕਾਫੀ ਘਬਰਾਏ ਹੋਏ ਲੱਗ ਰਹੇ ਸਨ।
ਪਰਿਵਾਰ ਮੁਤਾਬਕ ਉਨ੍ਹਾਂ ਦਾ ਘਰ ਅਤੇ ਹਿਰਾਸਤ ਵਾਲੀ ਥਾਂ ਦਰਮਿਆਨ ਤਕਰੀਬਨ 300 ਕਿਲੋਮੀਟਰ ਦਾ ਫ਼ਾਸਲਾ ਹੈ।
ਹਰਜੀਤ ਕੌਰ ਦੀ ਸਿਹਤ ਨੂੰ ਲੈ ਕੇ ਚਿੰਤਿਤ ਪਰਿਵਾਰ

ਤਸਵੀਰ ਸਰੋਤ, Denis Perez Bravo
ਬ੍ਰਿੰਗ ਹਰਜੀਤ ਹੋਮ ਵੈਬਸਾਈਟ ਮੁਤਾਬਕ ਕੌਰ ਨੂੰ ਥਾਇਰਾਇਡ, ਗੋਡਿਆਂ ਵਿੱਚ ਦਰਦ, ਮਾਈਗਰੇਨ ਅਤੇ ਘਬਰਾਹਟ ਦੀ ਸ਼ਿਕਾਇਤ ਹੈ।
ਮਨਜੀਤ ਕੌਰ ਮੁਤਾਬਿਕ ਹਰਜੀਤ ਕੌਰ ਕੋਲ ਆਪਣੀਆਂ ਦਵਾਈਆਂ ਨਹੀਂ ਹਨ।
ਬੀਬੀਸੀ ਨੇ ਆਈਸੀਈ ਤੋਂ ਇਸ ਬਾਰੇ ਸਵਾਲ ਪੁੱਛਿਆ ਜਿਸ ਦੇ ਜਵਾਬ ਵਿੱਚ ਆਖਿਆ ਗਿਆ ਕਿ "ਆਈਸੀਈ ਹਰਜੀਤ ਦੀ ਸਿਹਤ 'ਤੇ ਟਿੱਪਣੀ ਨਹੀਂ ਕਰ ਸਕਦੀ, ਪਰ ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਹੈ ਕਿ ਜਿਵੇਂ ਹੀ ਕੋਈ ਆਈਸੀਈ ਹਿਰਾਸਤ ਵਿੱਚ ਆਉਂਦਾ ਹੈ, ਉਸ ਨੂੰ ਪੂਰੀ ਸਿਹਤ ਦੇਖਭਾਲ ਦਿੱਤੀ ਜਾਂਦੀ ਹੈ।"
"ਇਸ ਵਿੱਚ ਜੇਲ੍ਹ ਵਿੱਚ ਪਹੁੰਚਣ ਦੇ 12 ਘੰਟਿਆਂ ਦੇ ਅੰਦਰ ਮੈਡੀਕਲ, ਦੰਦ ਅਤੇ ਮਾਨਸਿਕ ਸਿਹਤ ਦੀ ਜਾਂਚ, ਹਿਰਾਸਤ ਵਿੱਚ ਜਾਂ ਜੇਲ੍ਹ ਪਹੁੰਚਣ ਦੇ 14 ਦਿਨਾਂ ਦੇ ਅੰਦਰ ਪੂਰੀ ਸਿਹਤ ਜਾਂਚ, ਅਤੇ ਮੈਡੀਕਲ ਮੁਲਾਕਾਤਾਂ ਅਤੇ 24 ਘੰਟੇ ਐਮਰਜੈਂਸੀ ਦੇਖਭਾਲ ਦੀ ਸਹੂਲਤ ਸ਼ਾਮਲ ਹੈ।"
"ਹਿਰਾਸਤ ਦੌਰਾਨ ਕਿਸੇ ਵੀ ਸਮੇਂ ਕੈਦੀ ਨੂੰ ਜ਼ਰੂਰੀ ਦੇਖਭਾਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ। ਆਈਸੀਈ ਹੈਲਥ ਸਰਵਿਸ ਕੋਰ ਵਿੱਚ 1,600 ਤੋਂ ਵੱਧ ਕਰਮਚਾਰੀ ਹਨ, ਜਿਨ੍ਹਾਂ ਵਿੱਚ ਯੂਐੱਸ ਪਬਲਿਕ ਹੈਲਥ ਸਰਵਿਸ ਦੇ ਅਫ਼ਸਰ, ਸੰਘੀ ਸਿਵਲ ਸੇਵਕ, ਅਤੇ ਠੇਕੇ 'ਤੇ ਰੱਖੇ ਸਿਹਤ ਮਾਹਰ ਸ਼ਾਮਲ ਹਨ, ਜੋ ਉੱਚ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਸੰਸਥਾ ਦੀਆਂ ਜੇਲ੍ਹਾਂ ਵਿੱਚ ਸਿੱਧੀ ਸਿਹਤ ਸੇਵਾ ਦਿੰਦੇ ਹਨ।"
'ਮੇਰੀ ਸੱਸ ਨਾਲ ਅਪਰਾਧੀਆਂ ਵਾਲਾ ਵਿਵਹਾਰ ਨਾ ਕੀਤਾ ਜਾਵੇ'

ਤਸਵੀਰ ਸਰੋਤ, Harjit Kaur Family
"ਸਾਡੇ ਪਰਿਵਾਰ ਦਾ ਇਸ ਵਕਤ ਬੁਰਾ ਹਾਲ ਹੈ, ਮੇਰੀ ਤਿੰਨ ਧੀਆਂ ਆਪਣੀ ਦਾਦੀ ਨੂੰ ਲੈ ਕੇ ਫ਼ਿਕਰਮੰਦ ਅਤੇ ਸਦਮੇ ਵਿੱਚ ਹਨ, ਕੁਝ ਵੀ ਸਮਝ ਨਹੀਂ ਆ ਰਿਹਾ ਇਸ ਵਕਤ ਕੀ ਕੀਤਾ ਜਾਵੇ, ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਸਾਡਾ ਸਾਥ ਦੇਣ, ਮਨਜੀਤ ਕੌਰ ਦੇ ਇਹ ਸ਼ਬਦ ਆਪਣੀ ਸੱਸ ਹਰਜੀਤ ਕੌਰ ਦੇ ਸਬੰਧ ਵਿੱਚ ਹਨ, ਜੋ ਇਸ ਵਕਤ ਆਈਸੀਈ (ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਦੀ ਗ੍ਰਿਫਤ ਵਿੱਚ ਹੈ"।
ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਮਨਜੀਤ ਕੌਰ ਨੇ ਕਿਹਾ, "ਮਾਤਾ ਜੀ, ਹਾਜ਼ਰੀ ਲਈ ਪਿਛਲੇ ਕਈ ਸਾਲਾ ਤੋਂ ਆਈਸੀਈ ਦੇ ਦਫ਼ਤਰ ਜਾਂਦੇ ਸਨ ਅਤੇ ਅਕਸਰ ਉਹ ਉਹਨਾਂ ਨਾਲ ਜਾਂਦੇ ਸਨ ਤਾਂ ਕੀ ਭਾਸ਼ਾ ਦੀ ਕੋਈ ਦਿੱਕਤ ਨਾ ਜਾਵੇ, ਇਸ ਵਾਰ ਉਨ੍ਹਾਂ ਦੀ ਵੱਡੀ ਬੇਟੀ ਆਪਣੀ ਦਾਦੀ ਨਾਲ ਗਈ ਸੀ "।
ਆਈਸੀਈ ਦੇ ਅਧਿਕਾਰੀਆਂ ਨੇ ਬੇਟੀ ਨੂੰ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਨ ਲਈ ਆਖਿਆ ਅਤੇ ਕੁਝ ਦੇਰ ਬਾਅਦ ਅਧਿਕਾਰੀਆਂ ਨੇ ਆਖਿਆ ਕਿ ਤੁਹਾਡੀ ਦਾਦੀ ਜੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਤੁਸੀਂ ਜਾ ਸਕਦੇ ਹੋ"।
ਮਨਜੀਤ ਕੌਰ ਨੇ ਦੱਸਿਆ ਕਿ ਆਈਸੀਈ ਦੇ ਅਧਿਕਾਰੀਆਂ ਨੇ ਬੇਟੀ ਨੂੰ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਅਤੇ ਪੂਰਾ ਪਰਿਵਾਰ ਇਸ ਵਕਤ ਸਦਮੇ ਵਿੱਚ ਹੈ, ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਸੱਸ ਨੂੰ ਜੇਲ੍ਹ ਵਿੱਚ ਰਿਹਾਅ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ।
ਉਨ੍ਹਾਂ ਦੱਸਿਆ ਪਰਿਵਾਰ ਨਾਲ ਹਰਜੀਤ ਕੌਰ ਨੂੰ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ, ਸਿਰਫ਼ ਉਨ੍ਹਾਂ ਦੇ ਵਕੀਲ ਨੇ ਇੱਕ ਵਾਰ ਗੱਲਬਾਤ ਕੀਤੀ ਹੈ।

ਤਸਵੀਰ ਸਰੋਤ, Denis Perez Bravo
ਉਨ੍ਹਾਂ ਦਾ ਦਾਅਵਾ ਹੈ ਕਿ ਜਿਸ ਜੇਲ੍ਹ ਵਿੱਚ ਹਰਜੀਤ ਕੌਰ ਨੂੰ ਰੱਖਿਆ ਗਿਆ ਹੈ, ਉਹ ਠੀਕ ਨਹੀਂ ਹੈ, ਉਨ੍ਹਾਂ ਦੀ ਉਮਰ ਅਤੇ ਦਵਾਈਆਂ ਦਾ ਵੀ ਅਮਰੀਕੀ ਅਧਿਕਾਰੀਆਂ ਵਲੋਂ ਖ਼ਿਆਲ ਨਹੀਂ ਰੱਖਿਆ ਜਾ ਰਿਹਾ।
ਅਸਲ ਵਿੱਚ ਹਰਜੀਤ ਕੌਰ ਦਾ ਸਬੰਧ ਭਾਰਤ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਨਾਲ ਹੈ ਅਤੇ ਉਨ੍ਹਾਂ ਦਾ ਬੇਟਾ ਅਮਰੀਕਾ ਵਿੱਚ ਟਰੱਕਾਂ ਦਾ ਕਾਰੋਬਾਰ ਕਰਦਾ ਹੈ।
ਮਨਜੀਤ ਕੌਰ ਨੇ ਦੱਸਿਆ, "ਹਰਜੀਤ ਕੌਰ ਕੋਲ ਹੁਣ ਕੋਈ ਵੀ ਅਜਿਹਾ ਕਾਗ਼ਜ਼ ਨਹੀਂ, ਜਿਸ ਤੋਂ ਇਹ ਸਿੱਧ ਹੋ ਸਕੇ ਕਿ ਉਹ ਭਾਰਤ ਦੇ ਨਾਗਰਿਕ ਹਨ। ਉਨ੍ਹਾਂ ਦੱਸਿਆ ਜੋ ਕਾਗ਼ਜ਼ ਪੱਤਰ ਸਨ, ਉਹ ਵਕੀਲਾਂ ਕੋਲ ਚਲੇ ਗਏ, ਜੋ ਕਿ ਹੁਣ ਮਿਲ ਨਹੀਂ ਰਹੇ ਜਿਸ ਤੋਂ ਉਹਨਾਂ ਦੀ ਪਛਾਣ ਦੀ ਸਮੱਸਿਆ ਖੜੀ ਹੋ ਗਈ ਹੈ।
ਉਨ੍ਹਾਂ ਆਖਿਆ ਕਿ ਅਮਰੀਕਾ ਦੇ ਕਾਨੂੰਨ ਵਿੱਚ ਰਹਿ ਕੇ ਉਹ ਆਪਣੀ ਸੱਸ ਦੀ ਰਿਹਾਈ ਚਾਹੁੰਦੇ ਹਨ ਅਤੇ ਇੱਥੇ ਰਹਿਣ ਵਾਲੇ ਲੋਕ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦੇਣ।
ਮਨਜੀਤ ਕੌਰ ਦੱਸਦੇ ਹਨ, ਉਨ੍ਹਾਂ ਦੀ ਸੱਸ 1991 ਵਿੱਚ ਅਮਰੀਕਾ ਆਏ ਸਨ ਅਤੇ ਉਦੋਂ ਹੀ ਉਨ੍ਹਾਂ ਨੇ ਇਸ ਦੇਸ਼ ਵਿੱਚ ਰਹਿਣ ਦੇ ਲਈ ਕੇਸ ਕੀਤਾ ਹੋਇਆ ਸੀ ਪਰ ਅਦਾਲਤ ਨੇ 2005 ਵਿੱਚ ਕੇਸ ਰੱਦ ਕਰਦਿਆਂ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਸਨ,ਪਰ ਵਾਪਸ ਨਹੀਂ ਗਏ। ਹਰ ਛੇ ਮਹੀਨੇ ਬਾਅਦ ਉਹ ਆਈਸੀਈ ਦੇ ਦਫ਼ਤਰ ਜਾ ਕੇ ਹਾਜ਼ਰੀ ਭਰਦੇ ਅਤੇ ਆਰਾਮ ਨਾਲ ਪਰਿਵਾਰ ਨਾਲ ਰਹਿ ਕੇ ਜ਼ਿੰਦਗੀ ਬਸਰ ਕਰ ਰਹੇ ਸਨ।
'ਇੱਥੇ ਰਹਿਣ ਤੋਂ ਚੰਗਾ ਤਾਂ ਮੈਂ ਮਰ ਜਾਵਾਂ'
ਕੈਲੀਫੋਰਨੀਆ ਤੋਂ ਬੀਬੀਸੀ ਪੱਤਰਕਾਰ ਸਵਿਤਾ ਪਟੇਲ ਦੀ ਰਿਪੋਰਟ ਮੁਤਾਬਕ, ਜਦੋਂ ਹਰਜੀਤ ਕੌਰ ਦਾ ਪਰਿਵਾਰ ਉਨ੍ਹਾਂ ਨਾਲ ਮੁਲਾਕਾਤ ਲਈ ਪਹੁੰਚਿਆ ਤਾਂ ਹਰਜੀਤ ਕੌਰ ਨੇ ਕਿਹਾ ਕਿ ਉਹ ਉੱਥੇ ਰਹਿਣ ਨਾਲੋਂ ਮਰਨਾ ਪਸੰਦ ਕਰਨਗੇ।
ਉਨ੍ਹਾਂ ਦੀ ਨੂੰਹ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕਿਹਾ, ''ਇੱਥੇ ਰਹਿਣ ਤੋਂ ਚੰਗਾ ਤਾਂ ਮੈਂ ਮਰ ਜਾਵਾਂ। ਰੱਬ ਮੈਨੂੰ ਹੁਣ ਲੈ ਹੀ ਜਾਵੇ।''
ਮਨਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ।
ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਰਜੀਤ ਕੌਰ ਨੇ ਕਦੇ ਵੀ ਡਿਪੋਰਟੇਸ਼ਨ 'ਤੇ ਸਵਾਲ ਨਹੀਂ ਚੁੱਕੇ।
ਮਨਜੀਤ ਕੌਰ ਨੇ ਕਿਹਾ, ''ਸਾਨੂੰ ਟ੍ਰੈਵਲ ਡਾਕੂਮੈਂਟ ਦਿਓ ਅਤੇ ਉਹ ਜਾਣ ਲਈ ਤਿਆਰ ਹਨ। ਸਾਲ 2012 ਵਿੱਚ ਤਾਂ ਉਨ੍ਹਾਂ ਨੇ ਆਪਣਾ ਸਮਾਨ ਵੀ ਬੰਨ੍ਹ ਲਿਆ ਸੀ।''
ਉਨ੍ਹਾਂ ਕਿਹਾ, "ਤੁਸੀਂ ਉਨ੍ਹਾਂ ਦੇ ਪੈਰ 'ਤੇ ਮਾਨੀਟਰ ਲਗਾ ਸਕਦੇ ਹੋ। ਜਦੋਂ ਕਹੋਗੇ ਅਸੀਂ ਇਮੀਗ੍ਰੇਸ਼ਨ ਅੱਗੇ ਪੇਸ਼ ਹੋ ਜਾਵਾਂਗੇ। ਬਸ ਉਨ੍ਹਾਂ ਨੂੰ ਉੱਥੋਂ ਬਾਹਰ ਕੱਢ ਦਿਓ ਅਤੇ ਜਦੋਂ ਤੁਸੀਂ ਸਾਨੂੰ ਟ੍ਰੈਵਲ ਡਾਕੂਮੈਂਟ ਦੇ ਦੇਵੋਗੇ, ਉਹ ਖੁਦ ਹੀ ਭਾਰਤ ਚਲੇ ਜਾਣਗੇ।"
ਵਕੀਲ ਨੇ ਕੀ ਦਸਿਆ

ਤਸਵੀਰ ਸਰੋਤ, Denis Perez Bravo
ਹਰਜੀਤ ਕੌਰ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ ਕਿ ਉਹ ਉਨ੍ਹਾਂ ਦਸਤਾਵੇਜ਼ਾਂ ਲਈ ਭਾਰਤੀ ਕੌਂਸਲੇਟ ਨਾਲ ਸੰਪਰਕ ਕਰ ਰਹੇ ਹਨ ਜੋ "ਆਈਸੀਈ ਪਿਛਲੇ 13 ਸਾਲਾਂ ਤੋਂ ਪ੍ਰਾਪਤ ਕਰਨ ਵਿੱਚ ਅਸਮਰੱਥ ਸੀ"। ਕੌਂਸਲੇਟ ਦਾ ਕਹਿਣਾ ਹੈ ਕਿ ਉਹ "ਕੌਂਸਲਰ ਸਬੰਧੀ ਸਾਰੀ ਜ਼ਰੂਰੀ ਸਹਾਇਤਾ ਦੇ ਰਹੇ ਹਨ"।
ਉਨ੍ਹਾਂ ਕਿਹਾ ਕਿ ਜਦੋਂ ਉਹ 15 ਸਤੰਬਰ ਨੂੰ ਹਰਜੀਤ ਕੌਰ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਨਿਯਮਤ ਦਵਾਈ ਨਹੀਂ ਦਿੱਤੀ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ "ਗਾਰਡਾਂ ਵੱਲੋਂ ਘੜੀਸਿਆ ਗਿਆ", "ਕੁਰਸੀ ਜਾਂ ਬਿਸਤਰਾ ਦੇਣ ਤੋਂ ਇਨਕਾਰ ਕੀਤਾ ਗਿਆ" ਅਤੇ ਇੱਕ ਹੋਲਡਿੰਗ ਸੈੱਲ ਵਿੱਚ ਘੰਟਿਆਂ ਤੱਕ "ਫਰਸ਼ 'ਤੇ ਬੈਠਣ ਲਈ ਮਜਬੂਰ" ਕੀਤਾ ਗਿਆ ਜਦਕਿ ਉਨ੍ਹਾਂ ਦੇ ਗੋਡਿਆਂ ਦੀ ਦੋ ਵਾਰ ਸਰਜਰੀ ਹੋ ਚੁੱਕੀ ਹੈ।
ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ "ਪਾਣੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ" ਅਤੇ ਪਹਿਲੇ ਛੇ ਦਿਨਾਂ ਲਈ ਸ਼ਾਕਾਹਾਰੀ ਭੋਜਨ ਨਹੀਂ ਦਿੱਤਾ ਗਿਆ।
ਆਈਸੀਈ ਨੇ ਇਨ੍ਹਾਂ ਇਲਜ਼ਾਮਾਂ ਬਾਰੇ ਪੁੱਛੇ ਗਏ ਖਾਸ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਹਰਜੀਤ ਕੌਰ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ ਕਿ ਇੱਕ ਇਕੱਲੀ ਮਾਂ, ਹਰਜੀਤ ਕੌਰ ਨੇ ਪਿਛਲੇ 30 ਸਾਲਾਂ ਵਿੱਚ ਅਮਰੀਕਾ ਵਿੱਚ ਡੂੰਘੀਆਂ ਜੜ੍ਹਾਂ ਅਤੇ ਰਿਸ਼ਤੇ ਬਣਾਏ ਸਨ। ਭਾਰਤ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ-ਭਰਾ ਹੁਣ ਜਿਉਂਦੇ ਨਹੀਂ ਹਨ।
"ਉਨ੍ਹਾਂ ਕੋਲ ਵਾਪਸ ਜਾਣ ਲਈ ਕੋਈ ਆਪਣਾ ਨਹੀਂ, ਕੋਈ ਘਰ ਨਹੀਂ, ਕੋਈ ਜ਼ਮੀਨ ਨਹੀਂ।"
ਘਰ ਵਾਪਸੀ ਦੀ ਮੰਗ
12 ਸਤੰਬਰ ਨੂੰ ਐਲ ਸੋਬਰਾਂਟੇ ਵਿੱਚ 200 ਤੋਂ ਵੱਧ ਲੋਕ ਸੜਕਾਂ 'ਤੇ ਉਤਰੇ। ਉਨ੍ਹਾਂ ਦੇ ਹੱਥਾਂ ਵਿੱਚ ਚੁੱਕੇ ਪੋਸਟਰ 'ਤੇ ਲਿਖਿਆ ਸੀ ਕਿ 'ਸਾਡੀ ਦਾਦੀ ਨੂੰ ਘਰ ਲੈ ਆਓ','ਉਹ ਅਪਰਾਧੀ ਨਹੀਂ ਹਨ'।
ਏਬੀਸੀ ਨਿਊਜ਼ ਮੁਤਾਬਿਕ ਸਥਾਨਿਕ ਡੈਮੋਕਰੇਟ ਕਾਂਗਰਸਮੈਨ ਜੌਨ ਗੈਰਾਮੇਂਡੀ ਦੇ ਦਫ਼ਤਰ ਨਾਲ ਜੁੜੇ ਲੋਕ ਵੀ ਇਸ ਮਾਮਲੇ ਵਿੱਚ ਹਰਜੀਤ ਕੌਰ ਦੀ ਰਿਹਾਈ ਦੀ ਕੋਸ਼ਿਸ਼ ਕਰ ਰਹੇ ਹਨ।
ਸੈਨੇਟਰ ਜੈਸੀ ਐਰੈਗੁਇਨ ਨੇ ਐਕਸ 'ਤੇ ਲਿਖਿਆ, "70 ਫ਼ੀਸਦ ਆਈਸੀਈ ਹਿਰਾਸਤਾਂ ਬੇਕਸੂਰ ਲੋਕਾਂ ਦੀਆਂ ਹਨ। ਇਸ ਸਿਸਟਮ ਨੂੰ ਸੁਧਾਰ ਦੀ ਲੋੜ ਹੈ। ਹੁਣ, ਉਹ ਦਾਦੀਆਂ ਦੇ ਪਿੱਛੇ ਜਾ ਰਹੇ ਹਨ। ਇਹ ਸ਼ਰਮਨਾਕ ਕਾਰਵਾਈ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਮੈਂ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕਰਦਾ ਹਾਂ।"

ਤਸਵੀਰ ਸਰੋਤ, State Senator Jesse Arreguín/X
ਐਕਸ 'ਤੇ #FreeHarjitKaur (ਫ਼੍ਰੀ ਹਰਜੀਤ ਕੌਰ) ਨਾਲ ਸਥਾਨਕ ਲੋਕਾਂ ਵੱਲੋਂ ਪੋਸਟ ਕੀਤਾ ਗਿਆ ਅਤੇ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕੀਤੀ ਗਈ।
ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਸੋਸ਼ਲ ਮੀਡੀਆ ਉਪਰ ਹਰਜੀਤ ਕੌਰ ਨੂੰ ਵਾਪਸ ਭਾਰਤ ਭੇਜਣ ਦੀ ਮੰਗ ਕਰ ਰਹੇ ਹਨ। ਉਹ ਹਰਜੀਤ ਕੌਰ ਨੂੰ ਗ਼ੈਰ ਕਾਨੂੰਨੀ ਪਰਵਾਸੀ ਮੰਨਦੇ ਹਨ।
ਬ੍ਰਿੰਗ ਹਰਜੀਤ ਹੋਮ ਵੈੱਬਸਾਈਟ ਮੁਤਾਬਕ ਹਰਜੀਤ ਕੌਰ ਦੀ ਰਿਹਾਈ ਦੀ ਪਟੀਸ਼ਨ ਉੱਪਰ 10 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ। ਸਥਾਨਕ ਸੰਗਠਨ, ਧਾਰਮਿਕ ਆਗੂ ਅਤੇ ਅਧਿਕਾਰੀ ਉਨ੍ਹਾਂ ਦੇ ਸਮਰਥਨ ਵਿੱਚ ਹਨ।
ਵੈੱਬਸਾਈਟ ਨੇ ਲਿਖਿਆ ਹੈ, ''ਹਰਜੀਤ ਦਾ ਮਾਮਲਾ ਇਮੀਗ੍ਰੇਸ਼ਨ ਸਿਸਟਮ ਦੀ ਨਾਕਾਮੀ ਹੈ। ਉਨ੍ਹਾਂ ਨੇ ਦਹਾਕਿਆਂ ਤੱਕ ਟੈਕਸ ਦਿੱਤੇ, ਕਾਨੂੰਨੀ ਕੰਮ ਕੀਤਾ ਅਤੇ ਭਾਈਚਾਰੇ ਨਾਲ ਸਾਂਝ ਬਣਾਈ। ਇਹ ਹਿਰਾਸਤ ਬੇਰਹਿਮ ਅਤੇ ਬੇਲੋੜੀ ਹੈ।''
ਬਰਕਲੇਸਾਈਡ ਮੁਤਾਬਕ ਮਨਜੀਤ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਹਰ ਸ਼ੁੱਕਰਵਾਰ ਨੂੰ ਉਸੇ ਥਾਂ 'ਤੇ ਆਉਣ ਲਈ ਕਿਹਾ ਤਾਂ ਜੋ ਉਹ ਨਾ ਸਿਰਫ਼ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕਰ ਸਕਣ, ਸਗੋਂ ਆਈਸੀਈ ਦੁਆਰਾ ਗ਼ਲਤ ਤਰੀਕੇ ਨਾਲ ਹਿਰਾਸਤ ਵਿੱਚ ਲਏ ਗਏ ਸਾਰੇ ਲੋਕਾਂ ਦੀ ਰਿਹਾਈ ਦੀ ਮੰਗ ਵੀ ਕਰ ਸਕਣ।
ਹਰਜੀਤ ਕੌਰ ਦਾ ਮਾਮਲਾ ਸਿਰਫ਼ ਗ਼ੈਰ ਕਾਨੂੰਨੀ ਪਰਵਾਸ ਨਾਲੋਂ ਕਿਤੇ ਗੁੰਝਲਦਾਰ ਹੈ। ਜਿੱਥੇ ਇੱਕ ਪਾਸੇ ਸਰਕਾਰ ਦੀ ਨਜ਼ਰ ਵਿੱਚ, ਉਹ ਇੱਕ ਗ਼ੈਰ ਕਾਨੂੰਨੀ ਪਰਵਾਸੀ ਹਨ, ਜਿਨ੍ਹਾਂ ਨੂੰ ਜੱਜ ਦੇ ਹੁਕਮ ਮੁਤਾਬਕ ਵਾਪਸ ਜਾਣਾ ਚਾਹੀਦਾ ਹੈ ਉੱਥੇ ਹੀ ਪਰਿਵਾਰ ਅਤੇ ਭਾਈਚਾਰੇ ਲਈ, ਉਹ ਇੱਕ ਮਾਂ, ਦਾਦੀ ਅਤੇ ਬਜ਼ੁਰਗ ਔਰਤ ਹਨ ਜਿਨ੍ਹਾਂ ਨੂੰ ਸਾਥ ਦੀ ਤੇ ਪਰਿਵਾਰ ਦੀ ਲੋੜ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












