ਮਾਂ ਦੀ ਬਿਮਾਰੀ ਵੇਲੇ ਵਰਤੇ ਡਾਇਪਰਾਂ ਨੇ ਮਾਨਸਾ ਦੇ ਇਸ ਸ਼ਖ਼ਸ ਨੂੰ ਕਿਵੇਂ ਸੁਝਾਇਆ ਟਾਈਲਾਂ ਦਾ ਕਾਰੋਬਾਰ, ਅੱਜ ਹੋਰ ਸੂਬਿਆਂ ਦੇ ਲੋਕ ਵੀ ਖਰੀਦ ਰਹੇ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
"ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਹਰ ਸਮੇਂ ਇਹੀ ਸੋਚਦਾ ਰਹਿੰਦਾ ਸੀ ਕਿ ਅੱਜਕਲ੍ਹ ਵੱਡੀ ਗਿਣਤੀ ਵਿੱਚ ਵਰਤੇ ਜਾ ਰਹੇ ਪਲਾਸਟਿਕ ਦੇ ਡਾਈਪਰਾਂ ਨੂੰ ਖ਼ਤਮ ਕਰਨ ਦਾ ਕੋਈ ਹੱਲ ਕਿਉਂ ਨਹੀਂ ਹੈ? ਕਈ-ਕਈ ਦਿਨ ਇਸਦੇ ਬਾਰੇ ਸੋਚਦਾ ਮੈਂ ਇਸ ਨਤੀਜੇ ਉੱਤੇ ਪਹੁੰਚਿਆ ਕਿ ਮੈਂ ਪਲਾਸਟਿਕ ਦੇ ਕੂੜੇ ਤੋਂ ਫਰਸ਼ੀ ਟਾਈਲਾਂ ਬਣਾਉਣ ਦਾ ਕੰਮ ਕਰਾਂਗਾ।"
ਇਹ ਕਹਿਣਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲਾ ਦੇ ਰਹਿਣ ਵਾਲੇ ਸੁਮਨਦੀਪ ਕੁਮਾਰ ਦਾ।
ਸੁਮਨਦੀਪ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਹੁਣ ਉਹ ਆਪਣੇ ਹੀ ਇਲਾਕੇ ਵਿੱਚ ਪਲਾਸਟਿਕ ਤੋਂ ਫਰਸ਼ੀ ਟਾਈਲਾਂ ਬਣਾਉਣ ਦੀ ਫੈਕਟਰੀ ਚਲਾ ਰਹੇ ਹਨ।
ਸੁਮਨਦੀਪ ਦੱਸਦੇ ਹਨ ਕਿ ਉਹ ਰੋਜ਼ਾਨਾ ਆਪਣੀ ਫੈਕਟਰੀ ਵਿੱਚ ਇੱਕ ਟਨ ਪਲਾਸਟਿਕ ਦੇ ਕੂੜੇ ਤੋਂ ਲਗਭਗ ਹਜ਼ਾਰ ਫਰਸ਼ੀ ਟਾਈਲਾਂ ਬਣਾ ਦਿੰਦੇ ਹਨ।

ਪਲਾਸਟਿਕ ਤੋਂ ਟਾਈਲਾਂ ਬਣਾਉਣ ਦਾ ਕੰਮ ਕਿਵੇਂ ਸ਼ੁਰੂ ਕੀਤਾ?
ਸੁਮਨਦੀਪ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਇੱਕ ਪ੍ਰਾਈਵੇਟ ਯੂਨੀਵਰਿਸਟੀ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ।
ਪੜ੍ਹਾਈ ਪੂਰੀ ਹੋਣ ਉੱਤੇ ਉਹ ਪੰਜਾਬ ਤੋਂ ਬਾਹਰ ਮਾਰਕੀਟਿੰਗ ਦਾ ਕੰਮ ਵੀ ਕਰਦੇ ਰਹੇ ਹਨ। ਕਈ ਸਾਲ ਵੱਖ-ਵੱਖ ਨੌਕਰੀਆਂ ਕਰਨ ਮਗਰੋਂ ਉਹ ਸਿਹਤ ਠੀਕ ਨਾ ਹੋਣ ਕਰਕੇ ਵਾਪਸ ਆਪਣੇ ਪਿੰਡ ਸਰਦੂਲੇਵਾਲਾ ਆ ਗਏ।
ਘਰ ਵਿੱਚ ਉਨ੍ਹਾਂ ਦੇ ਮਾਤਾ ਜੀ ਬਿਮਾਰ ਸਨ। ਉਨ੍ਹਾਂ ਦਾ ਇਲਾਜ ਬੈੱਡ ਉੱਤੇ ਹੀ ਚਲ ਰਿਹਾ ਸੀ।
ਸੁਮਨ ਕਹਿੰਦੇ ਹਨ, "ਮੇਰੇ ਮਾਤਾ ਜਦੋਂ ਬਿਮਾਰੀ ਦੀ ਹਾਲਤ ਵਿੱਚ ਬੈੱਡ ਉੱਤੇ ਪਏ ਸਨ ਤਾਂ ਰੋਜ਼ ਸਾਡੇ ਘਰ ਵਿੱਚ ਵੱਡੇ ਆਕਾਰ ਦੇ ਗੰਦੇ ਡਾਇਪਰ ਇਕੱਠੇ ਹੋ ਜਾਂਦੇ, ਹਰ ਹਫ਼ਤੇ ਗੰਦੇ ਡਾਈਪਰਾਂ ਦਾ ਵੱਡਾ ਢੇਰ ਬਣ ਜਾਂਦਾ, ਗੁਆਂਢੀ ਪ੍ਰੇਸ਼ਾਨ ਹੁੰਦੇ, ਏਨਾ ਕੂੜਾ ਇਕੱਠਾ ਕਰਨ ਵਾਲੇ ਨਗਰ ਪੰਚਾਇਤ ਕਰਮਚਾਰੀ ਵੀ ਸਾਡੇ ਤੋਂ ਤੰਗ ਸਨ।"
ਉਸ ਸਮੇਂ ਮੈਂ ਸੋਚਿਆ ਕਿ ਆਖ਼ਰ ਇਨ੍ਹਾਂ ਡਾਈਪਰਾਂ ਵਰਗੇ ਪਲਾਸਟਿਕ ਦੇ ਕੂੜੇ ਨੂੰ ਖ਼ਤਮ ਕਰਨ ਦਾ ਕੋਈ ਹੱਲ ਕਿਉਂ ਨਹੀਂ ਹੈ?
ਉਹ ਦੱਸਦੇ ਹਨ ਕਿ ਉਸ ਸਮੇਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਪਲਾਸਟਿਕ ਦੇ ਕੂੜੇ ਨੂੰ ਖ਼ਤਮ ਕਰਨ ਲਈ ਇਸ ਤੋਂ ਟਾਈਲਾਂ ਬਣਾਉਣ ਦਾ ਕੰਮ ਸ਼ੁਰੂ ਕਰਨਗੇ।
ਯੂਟਿਊਬ ਨੇ ਸਿਖਾਇਆ ਪਲਾਸਟਿਕ ਤੋਂ ਟਾਈਲਾਂ ਬਣਾਉਣ ਦਾ ਕੰਮ?
ਸੁਮਨਦੀਪ ਦੱਸਦੇ ਹਨ ਕਿ ਆਪਣੀ ਮਾਂ ਦੀ ਦੇਖਭਾਲ ਕਰਦੇ ਹੋਏ ਜਿੰਨਾ ਸਮਾਂ ਉਹ ਘਰ ਵਿੱਚ ਬਿਤਾਉਂਦੇ ਉਸ ਸਮੇਂ ਉਹ ਯੂਟਿਊਬ ਦੇਖਦੇ ਸਨ। ਯੂਟਿਊਬ ਤੋਂ ਹੀ ਉਨ੍ਹਾਂ ਨੇ ਪਲਾਸਟਿਕ ਤੋਂ ਟਾਈਲਾਂ ਬਣਾਉਣ ਦਾ ਕੰਮ ਸਿੱਖਿਆ।
ਇਸ ਕੰਮ ਬਾਰੇ ਖੋਜ ਕਰਦੇ ਉਨ੍ਹਾਂ ਨੂੰ ਵਿਦੇਸ਼ ਤੋਂ ਜਿਹੜੇ ਵੀ ਮਾਹਰਾਂ ਦਾ ਨੰਬਰ ਮਿਲਦਾ, ਉਹ ਉਨ੍ਹਾਂ ਨਾਲ ਗੱਲ ਕਰਦੇ ਅਤੇ ਆਪਣੇ ਕੰਮ ਨੂੰ ਹੋਰ ਬਿਹਤਰ ਕਰਨ ਵਿੱਚ ਉਨ੍ਹਾਂ ਦੀ ਮਦਦ ਲੈਂਦੇ।
ਸੁਮਨਦੀਪ ਦੱਸਦੇ ਹਨ ਕਿ ਪਲਾਸਟਿਕ ਨੂੰ ਟਾਈਲ ਬਣਾਉਣ ਲਈ ਕਿਹੜੀਆਂ ਮਸ਼ੀਨਾਂ ਕੰਮ ਆਉਣਗੀਆਂ ਇਹ ਸਾਰਾ ਕੁਝ ਉਨ੍ਹਾਂ ਨੇ ਯੂਟਿਊਬ ਤੋਂ ਹੀ ਸਿੱਖਿਆ ਹੈ। ਯੂ-ਟਿਊਬ ਅਤੇ ਵਿਦੇਸ਼ ਤੋਂ ਨਾਲ ਜੁੜੇ ਮਾਹਰਾਂ ਦੀ ਸਲਾਹ ਨਾਲ ਸੁਮਨਦੀਪ ਨੇ ਪੰਜਾਬ ਤੋਂ ਹੀ ਮਸ਼ੀਨਾਂ ਬਣਵਾਈਆਂ।
ਸੁਮਨ ਦੱਸਦੇ ਹਨ ਕਿ 2021 ਵਿੱਚ ਉਨ੍ਹਾਂ ਨੇ ਇਸ ਵਿਧੀ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ, ਮਸ਼ੀਨਾਂ ਲਿਆ ਕੇ ਹਰ ਤਰ੍ਹਾਂ ਦੇ ਪਲਾਸਟਿਕ ਦੀ ਟੈਸਟਿੰਗ ਕੀਤੀ।
ਉਹ ਕਹਿੰਦੇ ਹਨ, "ਮੈਨੂੰ ਸਿਰਫ ਇਹ ਪਤਾ ਸੀ ਕਿ ਮੈਂ ਪਲਾਸਟਿਕ ਦਾ ਕੂੜਾ ਵਰਤਣਾ ਹੈ, ਇਸਦੇ ਲਈ ਚੱਪਲਾਂ, ਪਲਾਸਟਿਕ ਦੀਆਂ ਬੋਤਲਾਂ, ਲਿਫਾਫੇ, ਹਰ ਤਰ੍ਹਾਂ ਦੇ ਪਲਾਸਟਿਕ ਦੇ ਕੂੜੇ ਉੱਤੇ ਮੈਂ ਟੈਸਟਿੰਗ ਕੀਤੀ।"
"ਲਗਭਗ ਇੱਕ ਸਾਲ ਮੈਂ ਟੈਸਟਿੰਗ ਉੱਤੇ ਲਗਾਉਣ ਤੋਂ ਬਾਅਦ 2022 ਵਿੱਚ ਆਪਣੇ ਪਿੰਡ ਸਰਦੂਲੇਵਾਲਾ ਵਿੱਚ ਹੀ ਸਾਕਸ਼ੀ ਪਲਾਸਟੋ ਕਰਾਫਟ ਇੰਡਸਟਰੀ ਨਾਮ ਦੀ ਫੈਕਟਰੀ ਲਗਾ ਕੇ ਟਾਈਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।"

ਪਲਾਸਟਿਕ ਤੋਂ ਕਿਵੇਂ ਬਣਦੀ ਹੈ ਟਾਈਲ?
ਸੁਮਨਦੀਪ ਕਹਿੰਦੇ ਹਨ ਕਿ ਪਲਾਸਟਿਕ ਤੋਂ ਟਾਈਲ ਬਣਾਉਣ ਦੀ ਤਕਨੀਕ ਨੂੰ ਪੋਲੀਮਰ ਸੈਂਡ ਤਕਨੀਕ ਕਿਹਾ ਜਾਂਦਾ ਹੈ। ਪਲਾਸਟਿਕ ਦੇ ਕੂੜੇ ਤੋਂ ਟਾਈਲ ਬਣਾਉਣ ਲਈ ਪਲਾਸਟਿਕ ਦੇ ਨਾਲ ਰੇਤ ਦੀ ਵਰਤੋਂ ਕੀਤੀ ਜਾਂਦੀ ਹੈ।
ਸੁਮਨ ਦੱਸਦੇ ਹਨ, "ਮੇਰੇ ਵੱਲੋਂ ਵਰਤੀ ਜਾਂਦੀ ਰੇਤ ਵੀ ਇੱਕ ਵੇਸਟ ਹੀ ਹੁੰਦਾ ਹੈ, ਉਹ ਰੇਤ ਜਿਸ ਨੂੰ ਕਿਸਾਨ ਬੋਰ ਕਰਨ ਮਗਰੋਂ ਸੁੱਟ ਦਿੰਦੇ ਹਨ।"
"ਇਸ ਰੇਤ ਨੂੰ ਪਲਾਸਟਿਕ ਦੇ ਛੋਟੇ-ਛੋਟੇ ਟੁਕੜਿਆਂ ਨਾਲ ਮਿਲਾ ਕੇ, ਇੱਕ ਖ਼ਾਸ ਤਾਪਮਾਨ ਉੱਤੇ ਇਸ ਨੂੰ ਪਿਘਲਾਉਣ ਤੋਂ ਬਾਅਦ ਟਾਈਲ ਬਣ ਕੇ ਤਿਆਰ ਹੋ ਜਾਂਦੀ ਹੈ।"

ਪਲਾਸਟਿਕ ਦੀਆਂ ਟਾਈਲਾਂ ਵਿੱਚ ਵੱਖ ਕੀ?
ਸੁਮਨ ਕੁਮਾਰ ਦਾਅਵਾ ਕਰਦੇ ਹਨ ਕਿ ਪਲਾਸਟਿਕ ਤੋਂ ਬਣੀ ਟਾਈਲ ਕੰਕਰੀਟ ਤੋਂ ਬਣੀ ਟਾਈਲ ਤੋਂ ਮਜ਼ਬੂਤ ਹੁੰਦੀ ਹੈ, ਇਸ ਨੂੰ ਬਣਨ ਲਈ ਸਮਾਂ ਘੱਟ ਲੱਗਦਾ ਹੈ, ਟਾਈਲ ਤਿਆਰ ਕਰਨ ਵੇਲੇ ਕਿਸੇ ਵੀ ਤਰ੍ਹਾਂ ਦੀ ਰਹਿੰਦ ਖੂੰਹਦ ਨਹੀਂ ਨਿਕਲਦੀ।
ਉਹ ਇਹ ਵੀ ਕਹਿੰਦੇ ਹਨ ਕਿ ਟਾਈਲ ਬਣਾਉਣ ਲਈ ਪਾਣੀ ਦੀ ਵਰਤੋਂ ਨਾ ਮਾਤਰ ਹੀ ਕੀਤੀ ਜਾਂਦੀ ਹੈ, ਆਕਾਰ ਮਿਲਣ ਮਗਰੋਂ ਟਾਈਲਾਂ ਨੂੰ ਠੰਡੀਆਂ ਕਰਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ਜਾਂ ਫੇਰ ਤਾਪਮਾਨ ਨੂੰ ਬਰਾਬਰ ਕਰਨ ਲਈ। ਜਿਹੜਾ ਵੀ ਪਾਣੀ ਵਰਤਿਆ ਜਾਂਦਾ ਹੈ ਉਸ ਨੂੰ ਪਲਾਂਟ ਦੇ ਅੰਦਰ ਹੀ ਰੀਸਾਈਕਲ ਕਰ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਸੁਮਨ ਕੁਮਾਰ ਇਹ ਵੀ ਦਾਅਵਾ ਕਰਦੇ ਹਨ ਕਿ ਪਲਾਸਟਿਕ ਦੇ ਟੁੱਕੜੇ ਕਰਨ ਤੋਂ ਲੈ ਕੇ ਟਾਈਲ ਬਣਨ ਤੱਕ ਹਵਾ ਪ੍ਰਦੂਸ਼ਣ ਨਹੀਂ ਹੁੰਦਾ। ਜਿਸ ਮਸ਼ੀਨ ਵਿੱਚ ਪਲਾਸਟਿਕ ਅਤੇ ਰੇਤ ਨੂੰ ਮਿਲਾਇਆ ਜਾਂਦਾ ਹੈ ਉਸ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ ਵੀ ਸਾਫ ਕਰਕੇ ਬਾਹਰ ਕੱਢਿਆ ਜਾਂਦਾ ਹੈ।

ਵਰਤੋਂ ਯੋਗ ਪਲਾਸਟਿਕ ਕੱਢਣਾ ਸਭ ਤੋਂ ਮੁਸ਼ਕਲ ਕੰਮ
ਸੁਮਨਦੀਪ ਕੁਮਾਰ ਦੱਸਦੇ ਹਨ ਕਿ ਪਲਾਸਟਿਕ ਦੀਆਂ ਟਾਈਲਾਂ ਬਣਾਉਣ ਦੀ ਵਿਧੀ ਵਿੱਚ ਸਭ ਤੋਂ ਮੁਸ਼ਕਲ ਕੰਮ ਹੈ ਪਲਾਸਟਿਕ ਨੂੰ ਕੂੜੇ ਤੋਂ ਵੱਖ ਕਰਨਾ। ਉਹ ਕਹਿੰਦੇ ਹਨ ਪਿੰਡਾਂ ਸ਼ਹਿਰਾਂ ਤੋਂ ਜਦੋਂ ਸਫਾਈ ਕਰਮਚਾਰੀ ਕੂੜਾ ਲੈ ਕੇ ਆਉਂਦੇ ਹਨ ਤਾਂ ਉਸ ਵਿੱਚ ਹਰ ਤਰ੍ਹਾਂ ਦਾ ਕੂੜਾ ਮਿਲਿਆ ਹੁੰਦਾ ਹੈ।
ਦਾਲਾਂ-ਸਬਜ਼ੀਆਂ ਦੀ ਰਹਿੰਦ- ਖੂੰਹਦ, ਪਲਾਸਟਿਕ ਦੇ ਪੈਕਟ, ਬੋਤਲਾਂ, ਜੁੱਤੀਆਂ, ਸੈਨੀਟਰੀ ਕੂੜਾ, ਇਸ ਸਭ ਦੇ ਵਿੱਚੋਂ ਟਾਈਲ ਬਣਾਉਣ ਲਈ ਮਲਟੀਲੇਅਰ ਕੂੜਾ ਬਾਹਰ ਕੱਢਣ ਦਾ ਕੰਮ ਨਗਰ ਪੰਚਾਇਤ ਸਰਦੂਲਗੜ੍ਹ ਦੀ ਮਦਦ ਨਾਲ ਕੀਤਾ ਜਾਂਦਾ ਹੈ।
ਡੰਪਿੰਗ ਸਾਈਟ ਤੋਂ ਕਰਮਚਾਰੀ ਕੂੜਾ ਲੈ ਆਉਂਦੇ ਹਨ ਅਤੇ ਉਸਨੂੰ ਨਗਰ ਪੰਚਾਇਤ ਦੇ ਕਰਮਚਾਰੀ ਵੱਖ-ਵੱਖ ਕਰਕੇ ਮਲਟੀ ਲੇਅਰ ਪਲਾਸਟਿਕ ਕੂੜੇ ਨੂੰ ਵੱਖ ਕਰ ਦਿੰਦੇ ਹਨ। ਫਿਰ ਇਸ ਪਲਾਸਟਿਕ ਕੂੜੇ ਨੂੰ ਫੈਕਟਰੀ ਪਹੁੰਚਾ ਦਿੱਤਾ ਜਾਂਦਾ ਹੈ।
ਉਥੋਂ ਫੇਰ ਪਲਾਸਟਿਕ ਨੂੰ ਟੁੱਕੜਿਆਂ ਵਿੱਚ ਬਰੀਕ ਕਰਕੇ ਰੇਤ ਨਾਲ ਮਿਲਾ ਲਿਆ ਜਾਂਦਾ ਹੈ।

ਟਨਾਂ ਵਿੱਚ ਵਿਕਦਾ ਪਲਾਸਟਿਕ ਦਾ ਕੂੜਾ
ਨਗਰ ਪੰਚਾਇਤ ਸਰਦੂਲਗੜ੍ਹ ਵਿੱਚ ਸੈਨੀਟਰੀ ਸੁਪਰਵਾਈਜ਼ਰ ਦੇ ਅਹੁਦੇ ਉੱਤੇ ਤੈਨਾਤ ਬੋਹੜ ਸਿੰਘ ਕਹਿੰਦੇ ਹਨ ਕਿ ਸੁਮਨਦੀਪ ਕੁਮਾਰ ਦੀ ਫੈਕਟਰੀ ਸਾਕਸ਼ੀ ਪਲਾਸਟੋ ਕਰਾਫ਼ਟ ਇੰਡਸਟਰੀਜ਼ ਵਿੱਚ ਪਲਾਸਟਿਕ ਦਾ ਕੂੜਾ ਵੇਚਣ ਤੋਂ ਪਹਿਲਾਂ ਵੱਡੇ ਵੱਡੇ ਕੂੜੇ ਦੇ ਢੇਰ ਸ਼ਹਿਰ ਵਿੱਚ ਲੱਗ ਜਾਂਦੇ ਸਨ।
"ਇਸ ਪਲਾਸਟਿਕ ਦੇ ਕੂੜੇ ਦਾ ਕੋਈ ਹੱਲ ਨਹੀਂ ਮਿਲਦਾ ਸੀ। ਅਸੀਂ ਪੰਜਾਬ ਤੋਂ ਬਾਹਰੋਂ ਕਈ ਕੰਪਨੀਆਂ ਨੂੰ ਟੈਂਡਰ ਦੇ ਕੇ ਕੂੜਾ ਚਕਵਾਉਂਦੇ ਸੀ। ਸਾਨੂੰ ਉਨ੍ਹਾਂ ਨੂੰ ਆਉਣ ਜਾਣ ਦਾ ਖਰਚਾ ਆਦਿ ਵੀ ਦੇਣਾ ਪੈਂਦਾ ਸੀ।"
"ਪਰ ਜਦੋਂ ਤੋਂ ਅਸੀਂ ਪਲਾਸਟਿਕ ਕੂੜਾ ਸਾਡੇ ਨੇੜੇ ਸਰਦੁਲੇਵਾਲ ਫੈਕਟਰੀ ਵਿੱਚ ਵੇਚਣਾ ਸ਼ੁਰੂ ਕੀਤਾ ਹੈ ਤਾਂ ਦਿਨਾਂ ਦੇ ਅੰਦਰ ਹੀ ਪਲਾਸਟਿਕ ਕੂੜੇ ਦਾ ਹੱਲ ਹੋ ਜਾਂਦਾ ਹੈ।"
ਬੋਹੜ ਸਿੰਘ ਦੱਸਦੇ ਹਨ ਕਿ ਹੁਣ ਉਹ 2 ਰੁਪਏ ਕਿੱਲੋ ਦੇ ਹਿਸਾਬ ਨਾਲ ਸੁਮਨਦੀਪ ਕੁਮਾਰ ਨੂੰ ਪਲਾਸਟਿਕ ਦਾ ਕੂੜਾ ਵੇਚਦੇ ਹਨ।

ਪਲਾਸਟਿਕ ਦੀਆਂ ਟਾਈਲਾਂ ਖਰੀਦ ਰਹੇ ਲੋਕ
ਸੁਮਨਦੀਪ ਦੱਸਦੇ ਹਨ ਕਿ ਉਹ ਹੁਣ ਤੱਕ ਪੰਜਾਬ-ਹਰਿਆਣਾ ਵਿੱਚ ਟਾਈਲਾਂ ਵੇਚ ਚੁੱਕੇ ਹਨ।
ਹਰਿਆਣਾ ਦੇ ਸਿਰਸਾ ਨੇੜਲੇ ਇੱਕ ਪਿੰਡ ਵਿੱਚ ਕਿਸਾਨ ਗੁਰਪ੍ਰੀਤ ਸਿੰਘ ਨੇ ਆਪਣੇ ਘਰ ਦੇ ਵਿਹੜੇ ਵਿੱਚ ਪਲਾਸਟਿਕ ਦੀਆਂ ਕੋਈ 6-7 ਹਜ਼ਾਰ ਟਾਈਲਾਂ ਲਗਵਾਈਆਂ ਹਨ।
ਗੁਰਪ੍ਰੀਤ ਸਿੰਘ ਕਹਿੰਦੇ ਹਨ, "ਮੈਂ ਸੋਸ਼ਲ ਮੀਡੀਆ ਉੱਤੇ ਜਦੋਂ ਪਲਾਸਟਿਕ ਦੀਆਂ ਟਾਈਲਾਂ ਬਾਰੇ ਸੁਣਿਆ ਤਾਂ ਸੁਮਨਦੀਪ ਨਾਲ ਮੁਲਾਕਾਤ ਕੀਤੀ ਅਤੇ ਟਾਈਲਾਂ ਦੇਖੀਆਂ। ਮੈਂ ਉਨ੍ਹਾਂ ਤੋਂ ਕੁਝ ਟਾਈਲਾਂ ਟੈਸਟ ਲਈ ਘਰੇ ਲਿਆਂਦੀਆਂ ਜਦੋਂ ਮੈਨੂੰ ਸੰਤੁਸ਼ਟੀ ਹੋ ਗਈ ਤਾਂ ਮੈਂ ਸਾਰੇ ਵਿਹੜੇ ਵਿੱਚ ਹੀ ਪਲਾਸਟਿਕ ਦੀਆਂ ਟਾਈਲਾਂ ਲਗਵਾ ਦਿੱਤੀਆਂ।"
ਉਹ ਦਾਅਵਾ ਕਰਦੇ ਹਨ ਕਿ ਪਲਾਸਟਿਕ ਦੀਆਂ ਟਾਈਲਾਂ ਕੰਕਰੀਟ ਦੀਆਂ ਟਾਈਲਾਂ ਤੋਂ ਜ਼ਿਆਦਾ ਮਜ਼ਬੂਤ ਹਨ, ਉਨ੍ਹਾਂ ਦੀ ਲਾਕਿੰਗ ਤਕਨੀਕ ਬਹੁਤ ਚੰਗੀ ਹੈ, ਜਿਸ ਨਾਲ ਟਾਈਲ ਦੀ ਉਮਰ ਵੀ ਲੰਬੀ ਹੈ।

ਵਾਤਾਵਰਨ ਮਾਹਰ ਕੀ ਕਹਿੰਦੇ ਹਨ?
ਕੇਂਦਰ ਸਰਕਾਰ ਵੱਲੋਂ 2023 ਵਿੱਚ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੰਜਾਬ ਹਰ ਸਾਲ 1 ਲੱਖ ਟਨ ਤੋਂ ਜ਼ਿਆਦਾ ਪਲਾਸਟਿਕ ਦਾ ਕੂੜਾ ਪੈਦਾ ਕਰਦਾ ਹੈ, ਇਹ ਉਹ ਕੂੜਾ ਹੈ ਜੋ ਨਾ ਗਲ਼ਦਾ ਹੈ ਤੇ ਨਾ ਹੀ ਇਸ ਨੂੰ ਕਿਸੇ ਹੋਰ ਢੰਗ ਨਾਲ ਵਰਤਿਆ ਜਾ ਸਕਦਾ ਹੈ ਤੇ ਆਖਰ ਡੰਪਿੰਗ ਸਾਈਟਾਂ ਉੱਤੇ ਪਲਾਸਟਿਕ ਦੇ ਢੇਰ ਲਗਾਤਾਰ ਵੱਧ ਰਹੇ ਹਨ।
ਪੀਜੀਆਈ ਚੰਡੀਗੜ੍ਹ ਵਿੱਚ ਵਾਤਾਵਰਨ ਵਿਗਿਆਨੀ ਡਾ. ਰਵਿੰਦਰ ਖਾਇਵਾਲ ਸੁਮਨਦੀਪ ਵੱਲੋਂ ਬਣਾਈਆਂ ਜਾ ਰਹੀਆਂ ਪਲਾਸਟਿਕ ਦੀਆਂ ਟਾਈਲਾਂ ਨੂੰ ਇੱਕ ਚੰਗਾ ਉਪਰਾਲਾ ਮੰਨਦੇ ਹਨ।
ਉਹ ਕਹਿੰਦੇ ਹਨ, "ਸਾਰੀ ਦੁਨੀਆਂ ਪਲਾਸਟਿਕ ਨਾਲ ਭਰੀ ਪਈ ਹੈ, ਨਾ ਗਲਣ ਵਾਲਾ ਪਲਾਸਟਿਕ ਮਾਈਕਰੋਪਲਾਸਟਿਕ ਦੇ ਰੂਪ ਵਿੱਚ ਹਰ ਆਮ ਜਾਂ ਖਾਸ ਵਿਅਕਤੀ ਨੂੰ ਨੁਕਸਾਨ ਪਹੁੰਚਾ ਹੀ ਰਿਹਾ ਹੈ। ਇਸ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਪੱਧਰ ਉੱਤੇ ਪਲਾਸਟਿਕ ਦੇ ਕੂੜੇ ਦਾ ਹੱਲ ਕਰਨ ਲਈ ਉਸ ਤੋਂ ਟਾਈਲਾਂ ਬਣਾ ਰਿਹਾ ਹੈ ਤਾਂ ਇਹ ਬਹੁਤ ਚੰਗਾ ਉਪਰਾਲਾ ਹੈ।"
ਪਰ ਨਾਲ ਹੀ ਡਾਕਟਰ ਰਵਿੰਦਰ ਇਹ ਵੀ ਚਿਤਾਵਨੀ ਦਿੰਦੇ ਹਨ ਕਿ ਫੈਕਟਰੀ ਅੰਦਰ ਕੰਮ ਕਰਨ ਵਾਲੇ ਕਾਮੇ ਪਲਾਸਟਿਕ ਦੇ ਮਾੜੇ ਪ੍ਰਭਾਵ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ਇਹ ਵਿਚਾਰ ਕਰਨਾ ਲਾਜ਼ਮੀ ਹੈ ਅਤੇ ਜਿਨ੍ਹਾਂ ਘਰਾਂ ਵਿੱਚ ਪਲਾਸਟਿਕ ਦੀਆਂ ਟਾਈਲਾਂ ਲੱਗ ਰਹੀਆਂ ਹਨ, ਉੱਥੇ ਉਹ ਪਲਾਸਟਿਕ ਮਾਈਕਰੋਪਲਾਸਟਿਕ ਤਾਂ ਨਹੀਂ ਪੈਦਾ ਕਰ ਰਿਹਾ ਇਹ ਵੀ ਜਾਂਚ ਲੈਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













