ਟਰੰਪ ਦੇ 'ਚੰਗੇ ਦੋਸਤ' ਅਤੇ 'ਗ੍ਰੇਟ ਪ੍ਰਾਈਮ ਮਨਿਸਟਰ' ਵਾਲੇ ਬਿਆਨ ਉੱਤੇ ਪੀਐੱਮ ਮੋਦੀ ਨੇ ਕੀ ਜਵਾਬ ਦਿੱਤਾ

ਤਸਵੀਰ ਸਰੋਤ, Getty Images
- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਲੰਘੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਅਮਰੀਕਾ ਦੇ ਕੁੜੱਤਣ ਭਰੇ ਰਿਸ਼ਤੇ ਚੱਲ ਰਹੇ ਸਨ ਪਰ ਡੌਨਲਡ ਟਰੰਪ ਅਤੇ ਨਰਿੰਦਰ ਮੋਦੀ ਦੇ ਤਾਜ਼ਾ ਬਿਆਨਾਂ ਤੋਂ ਬਾਅਦ ਨਵਾਂ ਮੋੜ ਆਉਂਦਾ ਦਿਸ ਰਿਹਾ ਹੈ।
ਦੋਵਾਂ ਮੁਲਕਾਂ ਦੇ ਰਿਸ਼ਤਿਆਂ ਲਈ ਇਨ੍ਹਾਂ ਬਿਆਨਾਂ ਦੇ ਕੀ ਮਾਇਨੇ ਹਨ ਅਤੇ ਇਸ ਤੋਂ ਪਹਿਲਾਂ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤ ਬਾਰੇ ਦਿੱਤੇ ਬਿਆਨਾਂ ਬਾਰੇ ਮਾਹਰ ਕੀ ਰਹਿ ਰਹੇ ਹਨ, ਇਸ ਰਿਪੋਰਟ ਵਿੱਚ ਜਾਣਦੇ ਹਾਂ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਰੂਸ ਅਤੇ ਭਾਰਤ ਨੂੰ ਚੀਨ ਹੱਥੋਂ ਗੁਆ ਦਿੱਤਾ ਹੈ। ਕੀ ਰੂਸ ਕਦੇ ਅਮਰੀਕਾ ਦੇ ਨਾਲ ਸੀ?
ਫਿਰ ਟਰੰਪ ਨੂੰ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੇ ਰੂਸ ਨੂੰ ਗੁਆ ਦਿੱਤਾ ਹੈ? ਕੀ ਭਾਰਤ ਚੀਨ ਦੇ ਨਾਲ ਹੋ ਗਿਆ ਹੈ? ਸ਼ੁੱਕਰਵਾਰ ਨੂੰ ਹੀ, ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਚੀਨ ਨਾਲ ਸਰਹੱਦੀ ਵਿਵਾਦ ਸਭ ਤੋਂ ਵੱਡੀ ਚੁਣੌਤੀ ਹੈ।
ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਟਰੰਪ ਦੀ ਕੂਟਨੀਤੀ ਅਤੇ ਭਾਰਤ ਪ੍ਰਤੀ ਉਨ੍ਹਾਂ ਦੀ ਸਮਝ 'ਤੇ ਸਵਾਲ ਉਠਾ ਰਹੇ ਹਨ। ਅਮਰੀਕੀ ਪ੍ਰਸ਼ਾਸਨ ਵੱਲੋਂ ਭਾਰਤ ਬਾਰੇ ਕਈ ਅਪਮਾਨਜਨਕ ਗੱਲਾਂ ਕਹੀਆਂ ਜਾ ਰਹੀਆਂ ਹਨ।
ਸ਼ੁੱਕਰਵਾਰ ਨੂੰ ਅਮਰੀਕੀ ਵਣਜ ਮੰਤਰੀ ਹੋਵਾਰਡ ਲੂਟਨਿਕ ਨੇ ਬਲੂਮਬਰਗ ਨੂੰ ਦੱਸਿਆ, "ਇੱਕ ਜਾਂ ਦੋ ਮਹੀਨਿਆਂ ਵਿੱਚ ਭਾਰਤ ਗੱਲਬਾਤ ਦੀ ਮੇਜ਼ 'ਤੇ ਆਵੇਗਾ ਅਤੇ ਮੁਆਫ਼ੀ ਮੰਗੇਗਾ। ਭਾਰਤ ਟਰੰਪ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਬਾਅਦ, ਟਰੰਪ ਫੈਸਲਾ ਕਰਨਗੇ ਕਿ ਮੋਦੀ ਨਾਲ ਕਿਵੇਂ ਡੀਲ ਕਰਨਾ ਹੈ।"
ਹੋਵਾਰਡ ਦੀ ਇਸ ਭਾਸ਼ਾ 'ਤੇ ਥਿੰਕ ਟੈਂਕ ਬਰੂਕਿੰਗਜ਼ ਇੰਸਟੀਚਿਊਸ਼ਨ ਦੀ ਸੀਨੀਅਰ ਫੈਲੋ ਤਨਵੀ ਮਦਾਨ ਨੇ ਐਕਸ 'ਤੇ ਲਿਖਿਆ ਹੈ, ''ਭਾਰਤ ਪ੍ਰਤੀ ਅਪਮਾਨਜਨਕ ਭਾਸ਼ਾ ਅਤੇ ਜਨਤਕ ਦਬਾਅ ਦੀ ਵਰਤੋਂ ਕਰਨ ਦੀ ਅਮਰੀਕਾ ਦੀ ਰਣਨੀਤੀ ਹਮੇਸ਼ਾ ਬੇਅਸਰ ਰਹੀ ਹੈ। ਸਗੋਂ, ਕਈ ਵਾਰ ਇਸਦਾ ਉਲਟ ਨਤੀਜਾ ਨਿਕਲਿਆ ਹੈ।''
ਇਸ ਵਾਰ ਅਮਰੀਕੀ ਮੀਡੀਆ ਤੋਂ ਲੈ ਕੇ ਦੁਨੀਆਂ ਭਰ ਦੇ ਬਹੁਤ ਸਾਰੇ ਮਾਹਰ ਕਹਿ ਰਹੇ ਹਨ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਸਬੰਧਾਂ ਵਿੱਚ ਹੋਰ ਤਣਾਅ ਆਇਆ ਹੈ।

ਤਸਵੀਰ ਸਰੋਤ, @narendramodi
ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ 30 ਅਗਸਤ ਦੀ ਆਪਣੀ ਰਿਪੋਰਟ ਵਿੱਚ ਲਿਖਿਆ ਹੈ, ''ਓਦੋਂ ਟਰੰਪ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਨੇਡਾ ਤੋਂ ਵਾਪਸ ਆਏ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ 35 ਮਿੰਟ ਤੱਕ ਫੋਨ 'ਤੇ ਗੱਲਬਾਤ ਕੀਤੀ ਸੀ। ਮੋਦੀ ਉਦੋਂ ਕੈਨੇਡਾ ਵਿੱਚ ਸਨ।
ਟਰੰਪ ਨੇ ਮੋਦੀ ਨੂੰ ਵਾਸ਼ਿੰਗਟਨ ਆਉਣ ਦਾ ਸੱਦਾ ਦਿੱਤਾ ਪਰ ਭਾਰਤੀ ਪ੍ਰਧਾਨ ਮੰਤਰੀ ਨੇ ਸਵੀਕਾਰ ਨਹੀਂ ਕੀਤਾ। ਭਾਰਤੀ ਅਧਿਕਾਰੀਆਂ ਨੂੰ ਡਰ ਸੀ ਕਿ ਟਰੰਪ ਮੋਦੀ ਅਤੇ ਪਾਕਿਸਤਾਨੀ ਫੌਜ ਮੁਖੀ ਨੂੰ ਹੱਥ ਮਿਲਾਉਣ ਲਈ ਮਜਬੂਰ ਕਰ ਸਕਦੇ ਹਨ। ''
''ਉਸੇ ਸਮੇਂ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਵ੍ਹਾਈਟ ਹਾਊਸ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ। ਇੱਕ ਭਾਰਤੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਟਰੰਪ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਅਤੇ ਉਨ੍ਹਾਂ ਦੇ ਇਤਿਹਾਸ ਦੀ ਸੰਵੇਦਨਸ਼ੀਲਤਾ ਪ੍ਰਤੀ ਕਿੰਨੇ ਬੇਪਰਵਾਹ ਹਨ।''
ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਇਹ ਗੱਲਬਾਤ ਦੋਵਾਂ ਦੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਘਟਨਾ ਸਾਬਤ ਹੋਈ ਸੀ।
ਟਰੰਪ ਬੋਲੇ - 'ਮੈਂ ਹਮੇਸ਼ਾ ਮੋਦੀ ਦਾ ਦੋਸਤ', ਮੋਦੀ ਬੋਲੇ - 'ਦਿਲੋਂ ਸਰਾਹਣਾ'

ਤਸਵੀਰ ਸਰੋਤ, ANI/X
ਪਰ ਇਸ ਸਾਰੇ ਘਟਨਾਕ੍ਰਮ ਦਰਮਿਆਨ 6 ਸਤੰਬਰ ਨੂੰ ਮੋਦੀ ਅਤੇ ਟਰੰਪ ਦਾ ਤਾਜ਼ਾ ਬਿਆਨ ਆਇਆ ਹੈ, ਖ਼ਬਰ ਏਜੰਸੀ ਏਐਨਆਈ ਵੱਲੋਂ ਭਾਰਤ ਨਾਲ ਸਬੰਧਾਂ ਬਾਰੇ ਸਵਾਲਾਂ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਮੈਂ ਹਮੇਸ਼ਾ ਕਰਾਂਗਾ, ਮੈਂ ਹਮੇਸ਼ਾ ਮੋਦੀ ਦਾ ਦੋਸਤ ਰਹਾਂਗਾ, ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ, ਉਹ ਮਹਾਨ ਹਨ।
ਉਹ ਇਸ ਸਮੇਂ 'ਤੇ ਜੋ ਕਰ ਰਹੇ ਹਨ ਉਹ ਮੈਨੂੰ ਪਸੰਦ ਨਹੀਂ ਹੈ, ਪਰ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਖਾਸ ਰਿਸ਼ਤਾ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।"
ਟਰੰਪ ਦੇ ਇਸ ਬਿਆਨ ਤੋਂ ਬਾਅਦ ਮੋਦੀ ਨੇ ਵੀ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ''ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਅਤੇ ਸਾਡੇ ਸਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਦਿਲੋਂ ਸਰਾਹਣਾ ਕਰਦੇ ਹਾਂ ਅਤੇ ਉਨ੍ਹਾਂ ਦਾ ਪੂਰਣ ਤੌਰ 'ਤੇ ਸਮਰਥਨ ਕਰਦੇ ਹਾਂ।
ਉਨ੍ਹਾਂ ਐਕਸ 'ਤੇ ਲਿਖਿਆ, ''ਭਾਰਤ ਅਤੇ ਅਮਰੀਕਾ ਦੀ ਇੱਕ ਬਹੁਤ ਹੀ ਸਕਾਰਾਤਮਕ ਅਤੇ ਅਗਾਂਹਵਧੂ ਵਿਆਪਕ ਅਤੇ ਗਲੋਬਲ ਰਣਨੀਤਕ ਭਾਈਵਾਲੀ ਹੈ।''
ਭਾਰਤੀ ਟਰੰਪ ਪ੍ਰਤੀ ਇੰਨੇ ਉਤਸ਼ਾਹਿਤ ਕਿਉਂ ਸਨ?

ਤਸਵੀਰ ਸਰੋਤ, Getty Images
ਬੇਸ਼ੱਕ ਹੁਣ ਦੋਵੇਂ ਲੀਡਰ ਦੂਜੇ ਦੀ ਤਾਰੀਫ ਕਰ ਰਹੇ ਹਨ ਪਰ ਲੰਘੇ ਦਿਨਾਂ ਦੌਰਾਨ ਹਾਲਾਤ ਇਹੋ ਜਿਹੇ ਨਹੀਂ ਸਨ। ਜਦੋਂ ਡੌਨਲਡ ਟਰੰਪ ਨੇ ਪਿਛਲੇ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣ ਜਿੱਤੀ ਸੀ ਤਾਂ ਜ਼ਿਆਦਾਤਰ ਭਾਰਤੀ ਖੁਸ਼ ਸਨ। ਕੁਝ ਸੱਜੇ-ਪੱਖੀ ਸੰਗਠਨ ਟਰੰਪ ਲਈ ਪੂਜਾ ਅਤੇ ਹਵਨ ਤੱਕ ਕਰ ਰਹੇ ਸਨ। ਪਰ ਕੁਝ ਮਹੀਨਿਆਂ ਬਾਅਦ ਹੀ ਜਿਸ ਤਰ੍ਹਾਂ ਟਰੰਪ ਨੇ ਭਾਰਤ ਨੂੰ ਹੈਂਡਲ ਕੀਤਾ, ਉਸ ਨੇ ਟਰੰਪ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ।
ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਣੂ ਗੁਪਤਾ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ 'ਤੇ ਬਹੁਤ ਖੁਸ਼ ਸਨ ਪਰ ਹੁਣ ਉਹ ਉਦਾਸ ਹਨ।
ਵਿਸ਼ਣੂ ਗੁਪਤਾ ਕਹਿੰਦੇ ਹਨ, "ਟਰੰਪ ਇਸਲਾਮੀ ਕੱਟੜਪੰਥ 'ਤੇ ਸਖ਼ਤ ਸਨ, ਇਸ ਲਈ ਅਸੀਂ ਉਨ੍ਹਾਂ ਦਾ ਸਮਰਥਨ ਕਰ ਰਹੇ ਸੀ। ਪਰ ਹੁਣ ਉਹ ਪਾਕਿਸਤਾਨ ਨਾਲ ਪਿਆਰ ਕਰ ਰਹੇ ਹਨ। ਸਾਨੂੰ ਉਨ੍ਹਾਂ ਦਾ ਪਹਿਲਾ ਕਾਰਜਕਾਲ ਚੰਗਾ ਲੱਗਿਆ ਸੀ।"
ਟਰੰਪ ਦੇ ਦੁਬਾਰਾ ਚੋਣ ਜਿੱਤਣ 'ਤੇ ਸਿਰਫ਼ ਵਿਸ਼ਣੂ ਗੁਪਤਾ ਹੀ ਖੁਸ਼ ਨਹੀਂ ਸਨ, ਸਗੋਂ ਜ਼ਿਆਦਾਤਰ ਭਾਰਤੀ ਸਕਾਰਾਤਮਕ ਸਨ।
ਇਸੇ ਸਾਲ ਜਨਵਰੀ ਵਿੱਚ ਯੂਰਪੀਅਨ ਕੌਂਸਲ ਫਾਰ ਫਾਰੇਨ ਰਿਲੇਸ਼ਨਜ਼ ਨੇ ਇੱਕ ਸਰਵੇਖਣ ਕਰਵਾਇਆ ਸੀ। ਇਸ ਸਰਵੇਖਣ ਵਿੱਚ 84 ਫੀਸਦੀ ਭਾਰਤੀਆਂ ਨੇ ਕਿਹਾ ਕਿ ਟਰੰਪ ਦੀ ਵਾਪਸੀ ਉਨ੍ਹਾਂ ਦੇ ਦੇਸ਼ ਦੇ ਹਿੱਤ ਵਿੱਚ ਹੋਵੇਗੀ।
ਦੂਜੇ ਪਾਸੇ, ਇੰਡੋਨੇਸ਼ੀਆ ਵਿੱਚ ਸਿਰਫ 30 ਫੀਸਦੀ, ਯੂਰਪੀਅਨ ਯੂਨੀਅਨ ਵਿੱਚ 22 ਫੀਸਦੀ ਅਤੇ ਯੂਕੇ ਵਿੱਚ 15 ਫੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਦੀ ਵਾਪਸੀ ਉਨ੍ਹਾਂ ਦੇ ਦੇਸ਼ ਦੇ ਹਿੱਤ ਵਿੱਚ ਹੋਵੇਗੀ।
ਪਰ ਭਾਰਤ ਵਿਰੁੱਧ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਟਰੰਪ ਪ੍ਰਤੀ ਲੋਕਾਂ ਦੀ ਰਾਇ ਬਦਲਦੀ ਜਾ ਰਹੀ ਹੈ। ਭਾਰਤ ਦੇ ਕਈ ਇਲਾਕਿਆਂ ਵਿੱਚ ਟਰੰਪ ਦਾ ਪੁਤਲਾ ਸਾੜਿਆ ਗਿਆ ਹੈ।

ਤਸਵੀਰ ਸਰੋਤ, Getty Images
ਪਰ ਇਹ ਸਿਰਫ਼ ਆਮ ਲੋਕਾਂ ਬਾਰੇ ਨਹੀਂ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਇੱਕ ਜਾਣੇ-ਪਛਾਣੇ ਡਿਪਲੋਮੈਟ ਹਨ। ਉਹ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਰਹੇ ਹਨ।
ਐਸ ਜੈਸ਼ੰਕਰ ਨੇ ਪਿਛਲੇ ਸਾਲ ਨਵੰਬਰ ਵਿੱਚ ਟਰੰਪ ਦੀ ਚੋਣ ਜਿੱਤ 'ਤੇ ਵੀ ਕਿਹਾ ਸੀ, "ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਦੇਸ਼ ਅਮਰੀਕਾ ਤੋਂ ਘਬਰਾਉਂਦੇ ਹਨ ਪਰ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਨਹੀਂ ਹੈ।"
ਭਾਰਤ ਵਿੱਚ ਆਮ ਲੋਕ ਤੋਂ ਲੈ ਕੇ ਖਾਸ ਲੋਕ.. ਟਰੰਪ ਪ੍ਰਤੀ ਇੰਨੇ ਸਕਾਰਾਤਮਕ ਕਿਉਂ ਸਨ? ਅਜਿਹਾ ਨਹੀਂ ਹੈ ਕਿ ਟਰੰਪ ਦਾ ਪਹਿਲਾ ਕਾਰਜਕਾਲ ਭਾਰਤ ਲਈ ਬਹੁਤ ਚੰਗਾ ਸੀ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਭਾਰਤ ਨੂੰ ਜੀਐਸਪੀ ਤੋਂ ਬਾਹਰ ਰੱਖਿਆ ਸੀ।
ਜੀਐਸਪੀ (ਜਨਰਲਾਈਜ਼ਡ ਸਿਸਟਮ ਆਫ਼ ਪ੍ਰੈਫਰੈਂਸ) ਦੇ ਤਹਿਤ ਕੁਝ ਭਾਰਤੀ ਸਾਮਾਨਾਂ ਨੂੰ ਅਮਰੀਕਾ ਵਿੱਚ ਡਿਊਟੀ ਫ੍ਰੀ ਮਾਰਕੀਟ ਮਿਲਦੀ ਸੀ।
ਟਰੰਪ ਨੇ ਭਾਰਤ ਨੂੰ ਈਰਾਨ ਤੋਂ ਤੇਲ ਦਰਾਮਦ ਕਰਨ ਤੋਂ ਵੀ ਰੋਕ ਦਿੱਤਾ ਸੀ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਕਸ਼ਮੀਰ 'ਤੇ ਵਿਚੋਲਗੀ ਦੀ ਗੱਲ ਵੀ ਕੀਤੀ ਸੀ।
ਇਸ ਦੇ ਬਾਵਜੂਦ ਜ਼ਿਆਦਾਤਰ ਭਾਰਤੀ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਟਰੰਪ ਨੂੰ ਭਾਰਤ ਦੇ ਹੱਕ ਵਿੱਚ ਕਿਉਂ ਸਮਝ ਰਹੇ ਸਨ?
ਕੀ ਭਾਰਤ ਨੇ ਟਰੰਪ ਨੂੰ ਗਲਤ ਸਮਝ ਲਿਆ?

ਤਸਵੀਰ ਸਰੋਤ, Getty Images
ਨੇਪਾਲ ਅਤੇ ਵੀਅਤਨਾਮ ਵਿੱਚ ਭਾਰਤ ਦੇ ਰਾਜਦੂਤ ਰਹੇ ਰਣਜੀਤ ਰਾਏ ਕਹਿੰਦੇ ਹਨ ਕਿ ਕਿਸੇ ਦੇਸ਼ ਨਾਲ ਗਰਮਜੋਸ਼ੀ ਸਿਰਫ਼ ਸਰਕਾਰੀ ਪੱਧਰ 'ਤੇ ਹੋਏ ਐਂਗੇਜਮੈਂਟ ਤੋਂ ਹੀ ਪਤਾ ਲੱਗਦੀ ਹੈ।
ਰਣਜੀਤ ਰਾਏ ਕਹਿੰਦੇ ਹਨ, "ਅਮਰੀਕਾ ਵਿੱਚ 'ਹਾਉਡੀ ਮੋਦੀ' ਹੋ ਰਿਹਾ ਸੀ ਅਤੇ ਗੁਜਰਾਤ ਵਿੱਚ 'ਨਮਸਤੇ ਟਰੰਪ' ਹੋ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਿੱਜੀ ਪੱਧਰ 'ਤੇ ਰਾਸ਼ਟਰਪਤੀ ਟਰੰਪ ਨਾਲ ਬਹੁਤ ਚੰਗੇ ਸਬੰਧ ਹਨ।''
''ਜਦੋਂ ਭਾਰਤ ਸਰਕਾਰ ਨੂੰ ਟਰੰਪ ਨਾਲ ਬਹੁਤੀ ਸਮੱਸਿਆ ਨਹੀਂ ਸੀ, ਤਾਂ ਜਨਤਾ ਵੀ ਨਕਾਰਾਤਮਕ ਕਿਉਂ ਰਹੇਗੀ। ਜੇਕਰ ਅਸੀਂ ਟਰੰਪ ਦੇ ਇਸ ਕਾਰਜਕਾਲ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਅਜਿਹਾ ਲੱਗਦਾ ਹੈ ਕਿ ਭਾਰਤ ਦਾ ਮੁਲਾਂਕਣ ਪੂਰੀ ਤਰ੍ਹਾਂ ਗਲਤ ਸੀ ਪਰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅਮਰੀਕਾ ਭਾਰਤ ਵਿਰੁੱਧ 50 ਫੀਸਦੀ ਟੈਰਿਫ ਲਗਾਵੇਗਾ।''
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਵੈਸਟ ਏਸ਼ੀਆ ਸਟੱਡੀਜ਼ ਦੇ ਪ੍ਰੋਫੈਸਰ ਏ.ਕੇ. ਪਾਸ਼ਾ ਕਹਿੰਦੇ ਹਨ ਕਿ ਟਰੰਪ ਅਕਸਰ ਮੁਸਲਿਮ ਵਿਰੋਧੀ ਗੱਲਾਂ ਵੀ ਬੋਲਦੇ ਸਨ, ਇਸ ਕਰਕੇ ਵੀ ਭਾਰਤ ਦਾ ਇੱਕ ਵਰਗ ਉਨ੍ਹਾਂ ਨੂੰ ਪਸੰਦ ਕਰਦਾ ਸੀ।
ਪ੍ਰੋਫੈਸਰ ਪਾਸ਼ਾ ਕਹਿੰਦੇ ਹਨ, "ਜੋ ਲੋਕ ਟਰੰਪ ਲਈ ਹਵਨ ਅਤੇ ਪੂਜਾ ਕਰ ਰਹੇ ਸਨ, ਉਹ ਮੁਸਲਿਮ ਵਿਰੋਧੀ ਭਾਵਨਾਵਾਂ ਦੇ ਨਾਮ 'ਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਸਨ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਟਰੰਪ ਘਰੇਲੂ ਰਾਜਨੀਤੀ ਲਈ ਅਜਿਹੀਆਂ ਗੱਲਾਂ ਕਹਿ ਰਹੇ ਸਨ।"
ਰਣਜੀਤ ਰਾਏ ਦਾ ਮੰਨਣਾ ਹੈ ਕਿ ਮੁੱਦਾ ਸਿਰਫ ਟੈਰਿਫ਼ ਅਤੇ ਰੂਸ ਤੋਂ ਤੇਲ ਖਰੀਦਣ ਦਾ ਨਹੀਂ ਹੈ। ਉਹ ਕਹਿੰਦੇ ਹਨ, "ਮਾਮਲਾ ਹੁਣ ਨਿੱਜੀ ਬਣ ਗਿਆ ਹੈ। ਟਰੰਪ ਨੋਬਲ ਸ਼ਾਂਤੀ ਪੁਰਸਕਾਰ ਚਾਹੁੰਦੇ ਹਨ। ਟਰੰਪ ਚਾਹੁੰਦੇ ਸਨ ਕਿ ਭਾਰਤ ਜੰਗਬੰਦੀ ਦਾ ਸਿਹਰਾ ਦੇਵੇ। ਨਰਿੰਦਰ ਮੋਦੀ ਭਾਰਤ ਦੇ ਇੱਕ ਪ੍ਰਸਿੱਧ ਆਗੂ ਹਨ ਅਤੇ ਉਹ ਇਹ ਸਿਹਰਾ ਦੇਣ ਦਾ ਜੋਖ਼ਮ ਨਹੀਂ ਲੈ ਸਕਦੇ ਸਨ।"
"ਭਾਰਤ ਦੇ ਪ੍ਰਧਾਨ ਮੰਤਰੀ ਨੇ ਜੋ ਕੀਤਾ ਉਹ ਭਾਰਤ ਦੀ ਵਿਦੇਸ਼ ਨੀਤੀ ਦੇ ਅਨੁਸਾਰ ਹੈ, ਪਰ ਟਰੰਪ ਨੇ ਇਸਨੂੰ ਪਰਸਨਲ ਈਗੋ ਦਾ ਸਵਾਲ ਬਣਾ ਦਿੱਤਾ ਹੈ।"
ਗਲਤੀ ਕਿੱਥੇ ਹੋਈ?

ਤਸਵੀਰ ਸਰੋਤ, @realDonaldTrump
ਜੇਮਸ ਕਰੈਬਟਰੀ ਅਮਰੀਕੀ ਮੈਗਜ਼ੀਨ ਫਾਰੇਨ ਪਾਲਿਸੀ ਦੇ ਕਾਲਮਨਵੀਸ ਹਨ। ਜੇਮਜ਼ ਨੇ 27 ਅਗਸਤ ਨੂੰ ਫਾਰੇਨ ਪਾਲਿਸੀ ਵਿੱਚ ਲਿਖਿਆ ਸੀ, "ਭਾਰਤ ਨੂੰ ਲੱਗਦਾ ਸੀ ਕਿ ਉਹ ਟਰੰਪ ਨੂੰ ਵੀ ਮੈਨੇਜ ਕਰ ਲਵੇਗਾ। ਪਰ ਮੋਦੀ ਦੀ ਟੀਮ ਨੂੰ ਦੇਰੀ ਨਾਲ ਹੀ ਸਹੀ, ਪਰ ਟਰੰਪ ਦੇ ਮਾਮਲੇ ਵਿੱਚ ਆਪਣੇ ਗਲਤ ਮੁਲਾਂਕਣ ਦਾ ਅਹਿਸਾਸ ਹੋ ਗਿਆ ਹੈ।''
"ਭਾਰਤ ਨੂੰ ਅਮਰੀਕਾ ਦੇ ਨੇੜੇ ਰੱਖਣਾ ਮੋਦੀ ਲਈ ਭਾਰਤ ਦੇ ਅੰਦਰ ਰਾਜਨੀਤਿਕ ਤੌਰ 'ਤੇ ਜੋਖਮ ਭਰਿਆ ਹੋ ਸਕਦਾ ਹੈ। ਭਾਰਤ ਦੀ ਵਿਦੇਸ਼ ਨੀਤੀ ਰਵਾਇਤੀ ਤੌਰ 'ਤੇ ਗੁੱਟ-ਨਿਰਪੇਖ ਰਹੀ ਹੈ। ਜਿਸ ਤਰ੍ਹਾਂ ਟਰੰਪ ਨੇ ਇੱਕ ਝਟਕੇ ਵਿੱਚ ਸਬੰਧ ਖਤਮ ਕਰ ਦਿੱਤੇ, ਉਹ ਭਾਰਤ ਦੇ ਅੰਦਰ ਰਾਜਨੀਤਿਕ ਹੰਗਾਮਾ ਪੈਦਾ ਕਰਨ ਵਾਲਾ ਹੈ।"
ਟਰੰਪ ਨੇ ਤੇਜ਼ ਵਿਕਾਸ ਵਾਲੀ ਭਾਰਤ ਦੀ ਅਰਥਵਿਵਸਥਾ ਦੀ ਤੁਲਨਾ ਰੂਸ ਦੀ ਅਰਥਵਿਵਸਥਾ ਨਾਲ ਕੀਤੀ ਅਤੇ ਇਸਨੂੰ ਮਰਿਆ ਹੋਇਆ ਕਿਹਾ। ਅਮਰੀਕਾ ਦੇ ਵਿੱਤ ਮੰਤਰੀ ਨੇ ਭਾਰਤ ਨੂੰ ਮੁਨਾਫ਼ਾਖੋਰ ਕਿਹਾ ਅਤੇ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਯੂਕਰੇਨ ਯੁੱਧ ਨੂੰ ਮੋਦੀ ਵਾਰ (ਜੰਗ) ਕਿਹਾ।

ਹਾਲ ਹੀ ਵਿੱਚ, ਸ਼ੁੱਕਰਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਅਜਿਹਾ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਚੀਨ ਦੇ ਹੱਥੋਂ ਗੁਆ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਉਨ੍ਹਾਂ ਦਾ ਸਾਥ ਸੁਖਦ ਅਤੇ ਲੰਬੇ ਸਮੇਂ ਲਈ ਰਹੇਗਾ।"
ਦਰਅਸਲ, ਪ੍ਰਧਾਨ ਮੰਤਰੀ ਮੋਦੀ 31 ਅਗਸਤ ਤੋਂ 1 ਸਤੰਬਰ ਤੱਕ ਐਸਸੀਓ (ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਗਏ ਸਨ। ਰੂਸੀ ਰਾਸ਼ਟਰਪਤੀ ਪੁਤਿਨ ਵੀ ਇਸ ਸੰਮੇਲਨ ਵਿੱਚ ਸ਼ਾਮਲ ਹੋਏ ਸਨ।
ਰਾਸ਼ਟਰਪਤੀ ਪੁਤਿਨ, ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਇਕੱਠੇ ਗੱਲਾਂ ਕਰਦੇ ਵੀ ਦਿਖਾਈ ਦਿੱਤੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਐਕਸ 'ਤੇ ਗੱਲਬਾਤ ਦੀ ਤਸਵੀਰ ਪੋਸਟ ਕੀਤੀ ਸੀ। ਟਰੰਪ ਨੇ ਇਸੇ ਦੌਰੇ ਦਾ ਹਵਾਲਾ ਦੇ ਕੇ ਟਰੂਥ 'ਤੇ ਤਾਅਨੇ ਮਾਰੇ ਹਨ।
ਰਾਜਦੂਤ ਰਾਹੀਂ ਭਾਰਤ ਨੂੰ ਝਟਕਾ?

ਤਸਵੀਰ ਸਰੋਤ, Getty Images
ਟਰੰਪ ਦੀ ਇਸ ਟਿੱਪਣੀ 'ਤੇ ਭਾਰਤ ਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ ਦਿ ਹਿੰਦੂ ਦੇ ਅੰਤਰਰਾਸ਼ਟਰੀ ਸੰਪਾਦਕ ਸਟੈਨਲੀ ਜੌਨੀ ਨੇ ਲਿਖਿਆ ਹੈ, "ਟਰੰਪ ਐਸਸੀਓ ਸੰਮੇਲਨ ਨੂੰ ਲੈ ਕੇ ਬਹੁਤ ਚਿੰਤਤ ਜਾਪਦੇ ਹਨ। ਪਰ ਕੀ ਅਮਰੀਕੀ ਪ੍ਰਸ਼ਾਸਨ ਵਿੱਚ ਕੋਈ ਅਜਿਹਾ ਨਹੀਂ ਹੈ ਜੋ ਉਨ੍ਹਾਂ ਨੂੰ ਰਣਨੀਤੀ ਬਾਰੇ ਸਲਾਹ ਦੇ ਸਕੇ? ਭਾਰਤ ਦੀ ਵਿਦੇਸ਼ ਨੀਤੀ ਨੂੰ ਲੈ ਕੇ ਜਾਂ ਟਰੰਪ ਦੀ ਕਾਊਂਟਰਪ੍ਰੋਡਕਟਿਵ ਟੈਰਿਫ ਵਾਰ ਬਾਰੇ ਜੋ ਉਹ ਅਮਰੀਕਾ ਦੇ ਮਿੱਤਰ ਦੇਸ਼ਾਂ 'ਤੇ ਲਗਾ ਰਹੇ ਹਨ।
ਟਰੰਪ ਨੇ ਵ੍ਹਾਈਟ ਹਾਊਸ ਦੇ ਨਿੱਜੀ ਨਿਰਦੇਸ਼ਕ ਸਰਜੀਓ ਗੋਰ ਨੂੰ ਭਾਰਤ ਦੇ ਰਾਜਦੂਤ ਲਈ ਨਾਮਜ਼ਦ ਕੀਤਾ ਹੈ। ਪਹਿਲੀ ਨਜ਼ਰ 'ਚ ਅਜਿਹਾ ਲੱਗਦਾ ਹੈ ਕਿ ਸਰਜੀਓ ਟਰੰਪ ਪ੍ਰਤੀ ਵਫ਼ਾਦਾਰ ਹਨ, ਇਸ ਲਈ ਭਾਰਤ ਨੂੰ ਉਨ੍ਹਾਂ ਰਾਹੀਂ ਸਬੰਧਾਂ ਨੂੰ ਸੁਧਾਰਨ ਦਾ ਮੌਕਾ ਮਿਲ ਸਕਦਾ ਹੈ। ਪਰ ਬਹੁਤ ਸਾਰੇ ਮਾਹਰ ਮੰਨਦੇ ਹਨ ਕਿ ਜਿਸ ਤਰੀਕੇ ਨਾਲ ਗੋਰ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਉਹ ਵੀ ਭਾਰਤ ਨੂੰ ਪਰੇਸ਼ਾਨ ਕਰਨ ਵਾਲਾ ਹੈ।
ਗੋਰ ਨੂੰ ਭਾਰਤ ਦੇ ਨਾਲ-ਨਾਲ ਦੱਖਣੀ ਅਤੇ ਮੱਧ ਏਸ਼ੀਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ਸਮੇਂ ਜਦੋਂ ਭਾਰਤ ਅਮਰੀਕਾ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਪਾਕਿਸਤਾਨ ਤੋਂ ਬਿਲਕੁਲ ਵੱਖਰਾ ਦੇਖਣਾ ਚਾਹੁੰਦਾ ਹੈ, ਗੋਰ ਨੂੰ ਭਾਰਤ ਦੇ ਨਾਲ-ਨਾਲ ਦੱਖਣੀ ਏਸ਼ੀਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਦੋਂ ਜੈਸ਼ੰਕਰ ਨੂੰ ਗੋਰ ਦੀ ਨਿਯੁਕਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਹਾਂ, ਮੈਂ ਵੀ ਇਸ ਬਾਰੇ ਪੜ੍ਹਿਆ ਹੈ।"
ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਗੋਰ ਦਾ ਨਾਮ ਜਨਤਕ ਕਰਨ ਤੋਂ ਪਹਿਲਾਂ ਭਾਰਤ ਨੂੰ ਸੂਚਿਤ ਨਹੀਂ ਕੀਤਾ। ਹੁਣ ਤੱਕ ਪਰੰਪਰਾ ਇਹ ਸੀ ਕਿ ਦੋਵੇਂ ਦੇਸ਼ ਕਿਸੇ ਦੇ ਨਾਮ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇੱਕ ਦੂਜੇ ਨੂੰ ਸੂਚਿਤ ਕਰਦੇ ਸਨ।
ਭਾਰਤ ਦੇ ਮਸ਼ਹੂਰ ਡਿਪਲੋਮੈਟ ਅਤੇ ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਨੇ ਵੀ ਸਰਜੀਓ ਨੂੰ ਨਾਮਜ਼ਦ ਕਰਨ 'ਤੇ ਸਵਾਲ ਉਠਾਏ ਹਨ।
ਸ਼ਿਆਮ ਸਰਨ ਨੇ ਮਨੀਕੰਟਰੋਲ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਕੂਟਨੀਤਕ ਅਭਿਆਸ ਦਾ ਹਿੱਸਾ ਹੈ ਕਿ ਜਦੋਂ ਤੁਸੀਂ ਕਿਸੇ ਦੇਸ਼ ਵਿੱਚ ਰਾਜਦੂਤ ਨਿਯੁਕਤ ਕਰਦੇ ਹੋ, ਤਾਂ ਤੁਸੀਂ ਪਹਿਲਾਂ ਗੁਪਤ ਤਰੀਕੇ ਨਾਲ ਉਸ ਨਾਮ ਲਈ ਪ੍ਰਸਤਾਵ ਭੇਜਦੇ ਹੋ। ਇਸ ਤੋਂ ਬਾਅਦ, ਉਹ ਦੇਸ਼ ਆਪਣੀ ਰਾਇ ਦਿੰਦਾ ਹੈ ਅਤੇ ਫਿਰ ਇਸਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਪਰ ਇੱਥੇ ਟਰੰਪ ਨੇ ਇੱਕਪਾਸੜ ਐਲਾਨ ਕਰ ਦਿੱਤਾ ਹੈ।"
ਗੋਰ ਨੂੰ ਦੱਖਣੀ ਅਤੇ ਮੱਧ ਏਸ਼ੀਆ ਦੀ ਵਾਧੂ ਜ਼ਿੰਮੇਵਾਰੀ ਮਿਲਣ 'ਤੇ ਸ਼ਿਆਮ ਸਰਨ ਕਹਿੰਦੇ ਹਨ, "ਤੁਸੀਂ ਭਾਰਤ ਵਰਗੇ ਮਹੱਤਵਪੂਰਨ ਦੇਸ਼ ਵਿੱਚ ਇੱਕ ਰਾਜਦੂਤ ਭੇਜ ਰਹੇ ਹੋ, ਜਿਸ ਕੋਲ ਹੋਰ ਜ਼ਿੰਮੇਵਾਰੀਆਂ ਵੀ ਹੋਣਗੀਆਂ। ਅਜਿਹਾ ਲੱਗਦਾ ਹੈ ਕਿ ਭਾਰਤ ਨੂੰ ਇੱਕ ਪਾਰਟ-ਟਾਈਮ ਰਾਜਦੂਤ ਦਿੱਤਾ ਗਿਆ ਹੈ। ਇਹ ਤਾਂ ਵਿੱਖਰੀ ਹੋਈ ਕੂਟਨੀਤੀ ਹੋਵੇਗੀ ਕਿ ਤੁਸੀਂ ਦਿੱਲੀ ਵਿੱਚ ਬੈਠ ਕੇ ਭਾਰਤ-ਪਾਕਿਸਤਾਨ ਦੀ ਵੀ ਗੱਲ ਕਰੋਗੇ ਅਤੇ ਭਾਰਤ-ਬੰਗਲਾਦੇਸ਼ ਦੀਵਾ ਈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਅਸੀਂ ਇਸਦਾ ਸਵਾਗਤ ਤਾਂ ਨਹੀਂ ਕਰ ਸਕਦੇ।"
ਕੀ ਟਰੰਪ ਨੂੰ ਮੋਦੀ ਪ੍ਰਭਾਵਿਤ ਨਹੀਂ ਕਰ ਸਕੇ?

ਤਸਵੀਰ ਸਰੋਤ, AFP via Getty Images
ਪੇਨ ਇੰਟਰਨੈਸ਼ਨਲ ਬੋਰਡ ਦੇ ਮੈਂਬਰ ਅਤੇ ਮੰਨੇ-ਪ੍ਰਮੰਨੇ ਲੇਖਕ ਸਲਿਲ ਤ੍ਰਿਪਾਠੀ ਨੇ ਅਮਰੀਕੀ ਮੈਗਜ਼ੀਨ ਟਾਈਮ ਦੀ ਵੈਬਸਾਈਟ ਉੱਤੇ ਇੱਕ ਆਰਟੀਕਲ ਲਿਖਿਆ ਹੈ, "ਭਾਰਤ ਲਈ ਸਬਕ ਇਹ ਹੈ ਕਿ ਵਿਦੇਸ਼ ਨੀਤੀ ਜੱਫੀ ਪਾ ਕੇ ਨਹੀਂ ਸਗੋਂ ਠੋਸ ਹਿੱਤਾਂ ਨਾਲ ਅੱਗੇ ਵਧਦੀ ਹੈ। ਟਰੰਪ ਲਈ, ਕੋਈ ਵੀ ਰਿਸ਼ਤਾ ਪਵਿੱਤਰ ਨਹੀਂ ਹੈ। ਉਨ੍ਹਾਂ ਲਈ, ਸਿਰਫ ਸੌਦੇਬਾਜ਼ੀ ਮਾਇਨੇ ਰੱਖਦੀ ਹੈ। ਮੋਦੀ ਨੇ ਸੋਚਿਆ ਕਿ ਉਹ ਟਰੰਪ ਨੂੰ ਪ੍ਰਭਾਵਿਤ ਕਰਨਗੇ। ਟਰੰਪ ਨੂੰ ਵੀ ਪ੍ਰਸ਼ੰਸਾ ਪਸੰਦ ਹੈ ਪਰ ਅੰਤ ਵਿੱਚ ਇਹ ਕਾਫ਼ੀ ਨਹੀਂ ਹੈ।"
ਸਲਿਲ ਤ੍ਰਿਪਾਠੀ ਨੇ ਲਿਖਿਆ ਹੈ, "ਲੰਬੇ ਸਮੇਂ ਤੋਂ, ਭਾਰਤ ਦੀ ਵਿਦੇਸ਼ ਨੀਤੀ ਰਣਨੀਤਕ ਖੁਦਮੁਖਤਿਆਰੀ ਦੇ ਸਿਧਾਂਤ 'ਤੇ ਅਧਾਰਤ ਰਹੀ ਹੈ। ਪਰ ਅਜਿਹੀ ਖੁਦਮੁਖਤਿਆਰੀ ਦੀ ਇੱਕ ਕੀਮਤ ਵੀ ਹੁੰਦੀ ਹੈ ਅਤੇ ਅਸੀਂ ਇਸਨੂੰ ਦੇਖ ਰਹੇ ਹਾਂ। ਇਹ ਟੈਰਿਫ਼ ਇੱਕ ਯਾਦ ਦਿਵਾਉਂਦੇ ਹਨ ਕਿ ਭਾਰਤ ਦਾ ਪ੍ਰਭਾਵ ਅਤੇ ਅਰਥਵਿਵਸਥਾ ਮਜ਼ਬੂਤ ਹੋਈ ਹੈ ਪਰ ਇਸਦੀ ਰਣਨੀਤਕ ਸਾਰਥਕਤਾ ਇਸ ਹੱਦ ਤੱਕ ਨਹੀਂ ਵਧੀ ਹੈ ਕਿ ਹਰ ਫੈਸਲਾ ਆਪਣੇ ਆਪ ਲੈ ਸਕੇ।"
ਭਾਰਤ ਦੀ ਵਿਦੇਸ਼ ਨੀਤੀ ਇੰਨੀ ਆਜ਼ਾਦ ਹੈ ਕਿ ਪੱਛਮ ਨੂੰ ਇਹ ਪਸੰਦ ਨਹੀਂ ਹੈ। ਭਾਰਤ ਦਾ ਬਾਜ਼ਾਰ ਅਜੇ ਵੀ ਬਹੁਤ ਸਾਰੇ ਪੱਛਮੀ ਉਤਪਾਦਾਂ ਲਈ ਬੰਦ ਹੈ। ਲਾਲ ਫੀਤਾਸ਼ਾਹੀ ਕਾਰਨ ਭਾਰਤ ਵਿੱਚ ਵਿਦੇਸ਼ੀ ਵਪਾਰ ਵਧ-ਫੁੱਲ ਨਹੀਂ ਰਿਹਾ ਹੈ। ਭਾਰਤ ਦੇ ਉਦਯੋਗ ਅਜੇ ਵੀ ਬਾਹਰੀ ਦਬਾਅ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹਨ।"
ਪਰ ਇਹ ਸਿਰਫ਼ ਟਰੰਪ ਦੇ ਭਾਰਤ ਦੇ ਮੁਲਾਂਕਣ ਬਾਰੇ ਨਹੀਂ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟਰੰਪ ਭਾਰਤ ਨੂੰ ਸਮਝਣ ਵਿੱਚ ਵੀ ਅਸਫਲ ਹੋ ਰਹੇ ਹਨ। ਥਿੰਕ ਟੈਂਕ ਬਰੂਕਿੰਗਜ਼ ਇੰਸਟੀਚਿਊਸ਼ਨ ਦੀ ਇੱਕ ਸੀਨੀਅਰ ਫੈਲੋ ਤਨਵੀ ਮਦਾਨ ਵੀ ਕੁਝ ਅਜਿਹਾ ਹੀ ਮੰਨਦੀ ਹੈ।
ਮਦਾਨ ਨੇ ਐਕਸ 'ਤੇ ਲਿਖਿਆ ਹੈ, "ਟਰੰਪ ਉਹੀ ਗਲਤੀ ਕਰ ਰਹੇ ਜਾਪਦੇ ਹਨ ਜੋ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2020 ਵਿੱਚ ਕੀਤੀ ਸੀ। ਟਰੰਪ ਭਾਰਤ ਨੂੰ ਇੱਕ ਛੋਟੇ ਦੇਸ਼ ਜਾਂ ਇੱਕ ਛੋਟੀ ਸ਼ਕਤੀ ਵਜੋਂ ਦੇਖ ਰਹੇ ਹਨ ਅਤੇ ਉਸੇ ਤਰ੍ਹਾਂ ਵਿਵਹਾਰ ਕਰ ਰਹੇ ਹਨ। ਦੂਜੇ ਪਾਸੇ, ਉਹ ਇਹ ਵੀ ਉਮੀਦ ਕਰ ਰਹੇ ਹਨ ਕਿ ਭਾਰਤ ਇੱਕ ਛੋਟੇ ਦੇਸ਼ ਵਾਂਗ ਜਵਾਬ ਦੇਵੇਗਾ। ਪਰ ਭਾਰਤ ਨਾ ਤਾਂ ਇੱਕ ਛੋਟਾ ਦੇਸ਼ ਹੈ ਅਤੇ ਨਾ ਹੀ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਦੇਖਦਾ ਹੈ ਅਤੇ ਨਾ ਹੀ ਇਸ ਤਰ੍ਹਾਂ ਜਵਾਬ ਦੇਵੇਗਾ।"

ਤਸਵੀਰ ਸਰੋਤ, Getty Images
ਅਮਰੀਕੀ ਮੈਗਜ਼ੀਨ ਫਾਰੇਨ ਪਾਲਿਸੀ ਦੇ ਲੇਖਕ ਜੇਮਸ ਕ੍ਰੈਬਟ੍ਰੀ ਕਹਿੰਦੇ ਹਨ, "ਭਾਰਤ ਬਹੁ-ਗਠਜੋੜ ਦੀ ਨੀਤੀ ਦੀ ਪਾਲਣਾ ਕਰਦਾ ਹੈ ਭਾਵ ਸਾਰੇ ਸਮੂਹਾਂ ਨਾਲ ਰਹਿਣਾ ਯਾਨੀ ਕਿ ਸਾਨੂੰ ਪੱਛਮੀ ਭਾਈਵਾਲਾਂ ਨਾਲ ਚੰਗੇ ਸਬੰਧ ਬਣਾਈ ਰੱਖਣੇ ਪੈਣਗੇ ਅਤੇ ਨਾਲ ਹੀ ਪੁਤਿਨ ਨਾਲ ਸਬੰਧਾਂ ਵਿੱਚ ਵਿਸ਼ਵਾਸ ਬਣਾਈ ਰੱਖਣਾ ਪਵੇਗਾ। ਭਾਰਤ ਈਰਾਨ ਤੋਂ ਵੀ ਦੂਰੀ ਨਹੀਂ ਬਣਾਉਣਾ ਚਾਹੁੰਦਾ।"
"ਬਾਈਡਨ ਪ੍ਰਸ਼ਾਸਨ ਵੇਲੇ ਅਮਰੀਕਾ ਨੇ ਭਾਰਤ ਦੀ ਇਸ ਨੀਤੀ ਨੂੰ ਬਰਦਾਸ਼ਤ ਕੀਤਾ ਅਤੇ ਇਸਦੀ ਰਣਨੀਤਕ ਮਹੱਤਤਾ ਨੂੰ ਸਵੀਕਾਰ ਕੀਤਾ। ਪਰ ਟਰੰਪ ਨੇ ਇਸ ਨੀਤੀ ਨੂੰ ਤਿਆਗ ਦਿੱਤਾ ਅਤੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਵਿਰੁੱਧ 25 ਪ੍ਰਤੀਸ਼ਤ ਵਾਧੂ ਟੈਰਿਫ਼ ਲਗਾ ਦਿੱਤਾ।"
ਅਮਰੀਕਾ-ਭਾਰਤ ਦੇ ਸਬੰਧਾਂ ਦੀ ਚਰਚਾ ਕੀਤੀ ਜਾਂਦੀ ਹੈ, ਤਾਂ ਪੱਛਮੀ ਵਿਸ਼ਲੇਸ਼ਕ ਕਹਿੰਦੇ ਹਨ ਕਿ ਭਾਰਤ ਦੀ ਇੱਕੋ ਇੱਕ ਲੋੜ ਚੀਨ ਦਾ ਮੁਕਾਬਲਾ ਕਰਨਾ ਹੈ। ਕੀ ਭਾਰਤ ਪੱਛਮ ਲਈ ਇਹ ਮਹੱਤਵ ਰੱਖਦਾ ਹੈ?
ਸਾਬਕਾ ਭਾਰਤੀ ਡਿਪਲੋਮੈਟ ਰਾਜੀਵ ਡੋਗਰਾ ਕਹਿੰਦੇ ਹਨ, "ਪੱਛਮ ਅਤੇ ਖਾਸ ਕਰਕੇ ਅਮਰੀਕਾ ਭਾਰਤ ਨੂੰ ਚੀਨ ਦੇ ਖਿਲਾਫ ਇੱਕ ਹਥਿਆਰ ਬਣਾਉਣਾ ਚਾਹੁੰਦੇ ਹਨ।
ਕੀ ਭਾਰਤ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਹੈ ਜਾਂ ਉਹ ਆਪਣੇ ਹਿੱਤਾਂ ਦਾ ਧਿਆਨ ਰੱਖੇਗਾ? ਟਰੰਪ ਭਾਰਤ ਨੂੰ ਬਿਲਕੁਲ ਨਹੀਂ ਸਮਝਦਾ ਅਤੇ ਪੱਛਮ ਵੀ ਭਾਰਤ ਨੂੰ ਆਪਣੇ ਹਿਸਾਬ ਨਾਲ ਚਲਾਉਣ ਵਾਲੀ ਚੀਜ਼ ਵਜੋਂ ਦੇਖਦਾ ਹੈ।"
ਕੀ ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੇ 'ਨਿੱਜੀ ਹੰਕਾਰ' ਦਾ ਸਵਾਲ ਬਣ ਗਏ ਹਨ?
ਰਾਜੀਵ ਡੋਗਰਾ ਕਹਿੰਦੇ ਹਨ, "ਟਰੰਪ ਨੇ ਇਸਨੂੰ ਈਗੋ ਦਾ ਸਵਾਲ ਬਣਾ ਦਿੱਤਾ ਹੈ। ਪਰ ਪ੍ਰਧਾਨ ਮੰਤਰੀ ਮੋਦੀ ਨੇ ਹੁਣੇ ਹੀ ਟਰੰਪ ਨੂੰ ਭਾਰਤ ਦਾ ਰੁਖ਼ ਦੱਸਿਆ ਹੈ। ਭਾਰਤ ਕਿਸੇ ਦੇ ਅਧੀਨ ਕੰਮ ਨਹੀਂ ਕਰਦਾ। ਭਾਰਤ ਨਾ ਤਾਂ ਕਿਸੇ ਦੇ ਕਹਿਣ 'ਤੇ ਲੜਦਾ ਹੈ ਅਤੇ ਨਾ ਹੀ ਲੜਨਾ ਬੰਦ ਕਰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












