ਕੀ ਅੰਗ ਟ੍ਰਾਂਸਪਲਾਂਟ ਨਾਲ ਕੋਈ ਅਮਰ ਹੋ ਸਕਦਾ ਹੈ? ਪੁਤਿਨ ਅਤੇ ਸ਼ੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ ਨਾਲ ਕਿਹੜੀ ਚਰਚਾ ਸ਼ੁਰੂ ਹੋਈ

ਤਸਵੀਰ ਸਰੋਤ, AFP via Getty Images
- ਲੇਖਕ, ਮਿਸ਼ੇਲ ਰੌਬਰਟਸ
- ਰੋਲ, ਡਿਜੀਟਲ ਹੈਲਥ ਸੰਪਾਦਕ, ਬੀਬੀਸੀ ਨਿਊਜ਼
ਕੀ ਅੰਗ ਟ੍ਰਾਂਸਪਲਾਂਟ ਦੀ ਮਦਦ ਨਾਲ ਕੋਈ ਅਮਰ ਹੋ ਸਕਦਾ ਹੈ? ਇਸ ਦਿਲਚਸਪ ਵਿਸ਼ੇ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਗੱਲ ਹੋਈ।
ਇਹ ਗੱਲਬਾਤ ਇਸੇ ਹਫ਼ਤੇ ਬੀਜਿੰਗ ਵਿੱਚ ਚੀਨ ਦੀ ਫੌਜੀ ਪਰੇਡ ਦੌਰਾਨ ਹੋਈ।
ਪੁਤਿਨ ਨੇ ਜੋ ਕਿਹਾ, ਉਸ ਗੱਲ ਦਾ ਮੈਂਡਰਿਨ ਵਿੱਚ ਅਨੁਵਾਦ ਕਰਦੇ ਹੋਏ ਅਨੁਵਾਦਕ ਨੇ ਸ਼ੀ ਜਿਨਪਿੰਗ ਨੂੰ ਕਿਹਾ, "ਮਨੁੱਖੀ ਅੰਗਾਂ ਨੂੰ ਵਾਰ-ਵਾਰ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ ਤਾਂ ਜੋ ਮਨੁੱਖ ਬੁਢਾਪੇ ਦੇ ਬਾਵਜੂਦ ਜਵਾਨ ਹੁੰਦਾ ਰਹੇ ਅਤੇ ਸ਼ਾਇਦ ਅਣਮਿੱਥੇ ਸਮੇਂ ਲਈ ਬੁਢਾਪੇ ਨੂੰ ਟਾਲਿਆ ਜਾ ਸਕੇ।"
ਉਨ੍ਹਾਂ ਇਹ ਵੀ ਕਿਹਾ, "ਅਨੁਮਾਨ ਹੈ ਕਿ ਇਸ ਸਦੀ ਵਿੱਚ ਮਨੁੱਖ 150 ਸਾਲ ਤੱਕ ਜਿੰਦਾ ਰਹਿ ਸਕੇ।"
ਇਸ ਗੱਲਬਾਤ ਦੌਰਾਨ ਦੋਵਾਂ ਆਗੂਆਂ ਦੇ ਹਾਸੇ ਨੇ ਸੰਕੇਤ ਦਿੱਤਾ ਕਿ ਉਹ ਸ਼ਾਇਦ ਇਸ ਵਿਸ਼ੇ 'ਤੇ ਮਜ਼ਾਕ ਕਰਨ ਦੇ ਮੂਡ ਵਿੱਚ ਸਨ। ਪਰ ਕੀ ਇਸ ਵਿੱਚ ਸੱਚਮੁੱਚ ਕੁਝ ਸੱਚਾਈ ਹੋ ਸਕਦੀ ਹੈ?
ਅੰਗ ਟ੍ਰਾਂਸਪਲਾਂਟ ਨਾਲ ਦੁਨੀਆਂ ਭਰ ਵਿੱਚ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।
ਐਨਐਚਐਸ ਬਲੱਡ ਐਂਡ ਟ੍ਰਾਂਸਪਲਾਂਟ ਦੇ ਅਨੁਸਾਰ, ਪਿਛਲੇ 30 ਸਾਲਾਂ ਵਿੱਚ ਇਕੱਲੇ ਬ੍ਰਿਟੇਨ ਵਿੱਚ ਹੀ ਇੱਕ ਲੱਖ ਤੋਂ ਵੱਧ ਜਾਨਾਂ ਬਚਾਈਆਂ ਗਈਆਂ ਹਨ।

ਮੈਡੀਕਲ ਖੇਤਰ ਵਿੱਚ ਲਗਾਤਾਰ ਤਰੱਕੀ ਦੇ ਕਾਰਨ ਹੁਣ ਟ੍ਰਾਂਸਪਲਾਂਟ ਕੀਤੇ ਅੰਗ ਲੰਬੇ ਸਮੇਂ ਤੱਕ ਕੰਮ ਕਰਦੇ ਹਨ।
ਕੁਝ ਮਰੀਜ਼ ਤਾਂ ਅਜਿਹੇ ਵੀ ਹਨ, ਜਿਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ 50 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰਦੀ ਰਹੀ।
ਕੋਈ ਅੰਗ ਕਿੰਨਾ ਸਮਾਂ ਸਹੀ ਢੰਗ ਨਾਲ ਕੰਮ ਕਰੇਗਾ ਇਹ ਦਾਨੀ (ਡੋਨਰ) ਅਤੇ ਮਰੀਜ਼ ਦੀ ਸਿਹਤ 'ਤੇ ਨਿਰਭਰ ਕਰਦਾ ਹੈ, ਨਾਲ ਹੀ ਇਸ ਗੱਲ 'ਤੇ ਵੀ ਕਿ ਅੰਗ ਦੀ ਕਿੰਨੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਹੈ।
ਮਿਸਾਲ ਵਜੋਂ, ਜੇਕਰ ਕੋਈ ਮਰੀਜ਼ ਕਿਸੇ ਜੀਵਤ ਦਾਨੀ ਤੋਂ ਨਵੀਂ ਕਿਡਨੀ ਪ੍ਰਾਪਤ ਕਰਦਾ ਹੈ, ਤਾਂ ਇਹ 20 ਤੋਂ 25 ਸਾਲ ਤੱਕ ਚੱਲ ਸਕਦੀ ਹੈ। ਦੂਜੇ ਪਾਸੇ, ਮ੍ਰਿਤਕ ਸਰੀਰ ਤੋਂ ਪ੍ਰਾਪਤ ਕਿਡਨੀ ਦੀ ਔਸਤ ਉਮਰ 15 ਤੋਂ 20 ਸਾਲ ਹੁੰਦੀ ਹੈ।
ਵੱਖ-ਵੱਖ ਟ੍ਰਾਂਸਪਲਾਂਟ ਕੀਤੇ ਅੰਗਾਂ ਦੀ ਉਮਰ ਵੀ ਵੱਖਰੀ ਹੁੰਦੀ ਹੈ।
ਜਰਨਲ ਆਫ਼ ਮੈਡੀਕਲ ਇਕਨਾਮਿਕਸ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਟ੍ਰਾਂਸਪਲਾਂਟ ਕੀਤੇ ਲਿਵਰ (ਜਿਗਰ) ਲਗਭਗ 20 ਸਾਲ, ਦਿਲ 15 ਸਾਲ ਅਤੇ ਫੇਫੜੇ ਲਗਭਗ 10 ਸਾਲ ਤੱਕ ਚੱਲਦੇ ਹਨ।
ਅਮਰ ਹੋਣਾ ਕਿੰਨਾ ਸੰਭਵ?
ਪੁਤਿਨ ਅਤੇ ਸ਼ੀ ਸ਼ਾਇਦ ਕਈ ਵਾਰ ਅਤੇ ਕਈ ਅੰਗਾਂ ਦੇ ਟ੍ਰਾਂਸਪਲਾਂਟ ਬਾਰੇ ਗੱਲ ਕਰ ਰਹੇ ਸਨ।
ਪਰ ਹਰ ਸਰਜਰੀ ਇੱਕ ਵੱਡਾ ਜੋਖਮ ਲੈ ਕੇ ਆਉਂਦੀ ਹੈ। ਹਰ ਵਾਰ ਆਪ੍ਰੇਸ਼ਨ ਟੇਬਲ 'ਤੇ ਜਾਣਾ ਜੂਆ ਖੇਡਣ ਵਾਂਗ ਹੈ।
ਨਵਾਂ ਅੰਗ ਲੈਣ ਤੋਂ ਬਾਅਦ ਮਰੀਜ਼ ਨੂੰ ਆਪਣੀ ਸਾਰੀ ਜ਼ਿੰਦਗੀ ਭਾਰੀ ਦਵਾਈਆਂ (ਇਮਯੂਨੋਸਪ੍ਰੈਸੈਂਟਸ) ਲੈਣੀਆਂ ਪੈਂਦੀਆਂ ਹਨ ਤਾਂ ਜੋ ਸਰੀਰ ਨਵੇਂ ਅੰਗ ਨੂੰ ਸਵੀਕਾਰ ਕਰ ਸਕੇ।
ਇਨ੍ਹਾਂ ਦਵਾਈਆਂ ਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ - ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਜਾਂ ਇਨਫੈਕਸ਼ਨ ਦਾ ਵਧਿਆ ਹੋਇਆ ਜੋਖਮ।
ਫਿਰ ਵੀ ਕਈ ਵਾਰ ਮਰੀਜ਼ ਦਾ ਸਰੀਰ ਟ੍ਰਾਂਸਪਲਾਂਟ ਕੀਤੇ ਅੰਗ ਨੂੰ ਅਸਵੀਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਯਾਨੀ ਸਰੀਰ ਦਾ ਇਮਿਊਨ ਸਿਸਟਮ ਉਸ ਅੰਗ ਨੂੰ ਬਾਹਰੀ ਤੱਤ ਸਮਝ ਕੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ।
ਬਣੇ-ਬਣਾਏ ਅੰਗ
ਹੁਣ ਵਿਗਿਆਨੀ ਅਜਿਹੇ ਅੰਗ ਬਣਾਉਣ 'ਤੇ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਸਰੀਰ ਅਸਵੀਕਾਰ ਨਾ ਕਰੇ। ਇਸ ਦੇ ਲਈ ਜੈਨੇਟਿਕ ਤੌਰ 'ਤੇ ਬਦਲੇ ਹੋਏ ਸੂਰਾਂ ਨੂੰ ਦਾਨੀਆਂ ਵਜੋਂ ਵਰਤਿਆ ਜਾ ਰਿਹਾ ਹੈ।
ਉਹ ਸੂਰ ਤੋਂ ਕੁਝ ਜੀਨਾਂ ਨੂੰ ਹਟਾਉਣ ਅਤੇ ਕੁਝ ਮਨੁੱਖੀ ਜੀਨਾਂ ਨੂੰ ਜੋੜਨ ਲਈ 'ਕ੍ਰਿਸਪਰ' ਨਾਮਕ ਜੀਨ ਸੰਪਾਦਨ ਤਕਨੀਕ ਦੀ ਵਰਤੋਂ ਕਰਦੇ ਹਨ ਤਾਂ ਜੋ ਟ੍ਰਾਂਸਪਲਾਂਟ ਕੀਤਾ ਅੰਗ ਮਨੁੱਖੀ ਸਰੀਰ ਨਾਲ ਮੇਲ ਖਾ ਸਕੇ।
ਇਸ ਦੇ ਲਈ ਇੱਕ ਵਿਸ਼ੇਸ਼ ਨਸਲ ਦੇ ਸੂਰਾਂ ਨੂੰ ਬ੍ਰੀਡ ਕਰਵਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਅੰਗ ਆਕਾਰ ਵਿੱਚ ਮਨੁੱਖਾਂ ਵਾਂਗ ਹੁੰਦੇ ਹਨ। ਹਾਲਾਂਕਿ ਇਹ ਖੋਜ ਅਜੇ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਹੈ, ਇਸ ਤਕਨੀਕ ਦੀ ਵਰਤੋਂ ਕਰਕੇ ਇੱਕ ਦਿਲ ਅਤੇ ਇੱਕ ਕਿਡਨੀ ਟ੍ਰਾਂਸਪਲਾਂਟ ਹੋ ਚੁੱਕਿਆ ਹੈ।
ਜਿਨ੍ਹਾਂ ਦੋ ਪੁਰਸ਼ਾਂ ਨੇ ਇਹ ਸਰਜਰੀ ਕਰਵਾਈ ਹੈ ਉਨ੍ਹਾਂ ਨੂੰ ਇਸ ਨਵੇਂ ਖੇਤਰ ਦੇ ਮੋਢੀ (ਪਾਇਨੀਰ) ਮੰਨਿਆ ਜਾਂਦਾ ਹੈ। ਦੋਵੇਂ ਹੁਣ ਜ਼ਿੰਦਾ ਨਹੀਂ ਹਨ, ਪਰ ਉਨ੍ਹਾਂ ਨੇ ਜ਼ੈਨੋਟ੍ਰਾਂਸਪਲਾਂਟੇਸ਼ਨ (ਭਾਵ ਇੱਕ ਵੱਖਰੀ ਪ੍ਰਜਾਤੀ ਤੋਂ ਅੰਗ ਲੈਣਾ) ਦੀ ਦਿਸ਼ਾ ਵਿੱਚ ਚੱਲ ਰਹੀ ਖੋਜ ਨੂੰ ਅੱਗੇ ਵਧਾਇਆ।

ਤਸਵੀਰ ਸਰੋਤ, Getty Images
ਦੂਜਾ ਤਰੀਕਾ ਹੈ ਕਿ ਮਨੁੱਖੀ ਸੈੱਲਾਂ ਤੋਂ ਪੂਰੀ ਤਰ੍ਹਾਂ ਨਵੇਂ ਅੰਗ ਬਣਾਏ ਜਾਣ।
ਸਟੈਮ ਸੈੱਲਾਂ ਵਿੱਚ ਸਮਰੱਥਾ ਹੁੰਦੀ ਹੈ ਕਿ ਉਹ ਸਰੀਰ ਵਿੱਚ ਕਿਸੇ ਵੀ ਕਿਸਮ ਦੇ ਸੈੱਲ ਜਾਂ ਟਿਸ਼ੂ ਵਿੱਚ ਗ੍ਰੋ ਕਰ ਸਕੇ ਜਾਂ ਵਧ ਸਕੇ।
ਹਾਲਾਂਕਿ ਹੁਣ ਤੱਕ ਕੋਈ ਵੀ ਖੋਜ ਪੂਰੀ ਤਰ੍ਹਾਂ ਸਰਗਰਮ ਅਤੇ ਟ੍ਰਾਂਸਪਲਾਂਟਯੋਗ ਮਨੁੱਖੀ ਅੰਗ ਬਣਾਉਣ ਵਿੱਚ ਸਫਲ ਨਹੀਂ ਹੋਈ ਹੈ, ਪਰ ਵਿਗਿਆਨੀ ਇਸਦੇ ਨੇੜੇ ਪਹੁੰਚ ਰਹੇ ਹਨ।
ਦਸੰਬਰ 2020 ਵਿੱਚ, ਬ੍ਰਿਟਿਸ਼ ਖੋਜਕਰਤਾਵਾਂ (ਯੂਸੀਐਲ ਅਤੇ ਫਰਾਂਸਿਸ ਕ੍ਰਿਕ ਇੰਸਟੀਚਿਊਟ) ਨੇ ਇੱਕ ਮਨੁੱਖੀ ਥਾਈਮਸ ਬਣਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ। ਇਹ ਇਮਿਊਨ ਸਿਸਟਮ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਉਨ੍ਹਾਂ ਨੇ ਸਟੈਮ ਸੈੱਲਾਂ ਅਤੇ ਇੱਕ ਬਾਇਓਇੰਜੀਨੀਅਰਡ ਸਕੈਫੋਲਡ ਦੀ ਮਦਦ ਨਾਲ ਇਸਨੂੰ ਬਣਾਇਆ। ਜਦੋਂ ਇਸਨੂੰ ਚੂਹਿਆਂ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਤਾਂ ਇਹ ਚੰਗੀ ਤਰ੍ਹਾਂ ਕੰਮ ਕਰਦਾ ਨਜ਼ਰ ਆਇਆ।
ਲੰਡਨ ਦੇ ਗ੍ਰੇਟ ਓਰਮੰਡ ਸਟ੍ਰੀਟ ਹਸਪਤਾਲ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਰੀਜ਼ ਦੇ ਟਿਸ਼ੂ ਤੋਂ ਸਟੈਮ ਸੈੱਲ ਲੈ ਕੇ ਮਨੁੱਖੀ ਅੰਤੜੀ ਦਾ ਇੱਕ ਹਿੱਸਾ ਬਣਾਇਆ ਹੈ। ਇੱਕ ਦਿਨ ਇਹ ਤਕਨਾਲੋਜੀ ਟ੍ਰਾਂਸਪਲਾਂਟੇਸ਼ਨ ਦਾ ਰਾਹ ਖੋਲ੍ਹ ਸਕਦੀ ਹੈ ਤਾਂ ਜੋ ਬੱਚਿਆਂ ਦੀਆਂ ਅੰਤੜੀਆਂ ਵਿੱਚ ਸਮੱਸਿਆ ਨੂੰ ਠੀਕ ਕੀਤਾ ਜਾ ਸਕੇ।
ਪਰ ਇਹ ਖੋਜ ਬਿਮਾਰੀਆਂ ਦੇ ਇਲਾਜ ਲਈ ਹੈ ਨਾ ਕਿ ਲੋਕਾਂ ਦੀ ਉਮਰ 150 ਸਾਲ ਤੱਕ ਵਧਾਉਣ ਲਈ।
ਕੀ ਰਿਵਰਸ ਏਜਿੰਗ ਸੰਭਵ ਹੈ?

ਤਸਵੀਰ ਸਰੋਤ, Bloomberg via Getty Images
ਤਕਨੀਕੀ ਕਾਰੋਬਾਰੀ ਬ੍ਰਾਇਨ ਜੌਨਸਨ ਹਰ ਸਾਲ ਲੱਖਾਂ ਡਾਲਰ ਖਰਚ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਉਮਰ ਘੱਟ (ਰਿਵਰਸ ਏਜਿੰਗ) ਕੀਤੀ ਜਾ ਸਕੇ।
ਉਨ੍ਹਾਂ ਨੇ ਅਜੇ ਤੱਕ ਕੋਈ ਅੰਗ ਟ੍ਰਾਂਸਪਲਾਂਟ ਨਹੀਂ ਕਰਵਾਇਆ ਹੈ, ਪਰ ਉਨ੍ਹਾਂ ਨੇ ਆਪਣੇ 17 ਸਾਲ ਦੇ ਪੁੱਤਰ ਦਾ ਪਲਾਜ਼ਮਾ ਆਪਣੇ ਸਰੀਰ ਵਿੱਚ ਇਨਫਿਊਜ਼ ਕਰਵਾਇਆ ਹੈ।
ਬਾਅਦ ਵਿੱਚ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਕਿਉਂਕਿ ਇਸਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਰਗੀਆਂ ਏਜੰਸੀਆਂ ਦੀ ਸਖਤੀ ਵਧ ਗਈ।
ਕਿੰਗਜ਼ ਕਾਲਜ ਲੰਡਨ ਦੇ ਡਾਕਟਰ ਜੂਲੀਅਨ ਮੈਟਜ਼ ਕਹਿੰਦੇ ਹਨ ਕਿ ਅੰਗ ਟ੍ਰਾਂਸਪਲਾਂਟ ਤੋਂ ਇਲਾਵਾ ਬਹੁਤ ਸਾਰੇ ਪ੍ਰਯੋਗ ਚੱਲ ਰਹੇ ਹਨ, ਜਿਵੇਂ ਕਿ ਪਲਾਜ਼ਮਾ ਰਿਪਲੇਸਮੈਂਟ, ਪਰ ਇਹ ਸਾਰੇ ਅਜੇ ਵੀ ਟੈਸਟਿੰਗ ਪੜਾਅ ਵਿੱਚ ਹਨ।
ਉਹ ਕਹਿੰਦੇ ਹਨ ਕਿ ''ਕੀ ਇਹ ਤਰੀਕੇ ਅਸਲ ਵਿੱਚ ਮਨੁੱਖ ਦੀ ਵੱਧ ਤੋਂ ਵੱਧ ਉਮਰ ਵਧਾਉਣਗੇ, ਇਹ ਕਹਿਣਾ ਅਜੇ ਅਨਿਸ਼ਚਿਤ ਹੈ, ਪਰ ਇਹ ਵਿਗਿਆਨੀਆਂ ਲਈ ਇੱਕ ਬਹੁਤ ਦਿਲਚਸਪ ਖੇਤਰ ਹੈ।''
ਉਮਰ ਦੀ ਸੀਮਾ

ਤਸਵੀਰ ਸਰੋਤ, Getty Image
ਪ੍ਰੋਫੈਸਰ ਨੀਲ ਮੈਬੋਟ ਐਡਿਨਬਰਗ ਯੂਨੀਵਰਸਿਟੀ ਦੇ ਰੋਸਲਿਨ ਇੰਸਟੀਚਿਊਟ ਵਿੱਚ ਇੱਕ ਇਮਯੂਨੋਪੈਥੋਲੋਜੀ ਮਾਹਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖਾਂ ਲਈ 125 ਸਾਲ ਤੱਕ ਜੀਣਾ ਤਾਂ ਸੰਭਵ ਹੋ ਸਕਦਾ ਹੈ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਦੁਨੀਆਂ ਦੀ ਸਭ ਤੋਂ ਵੱਧ ਉਮਰ ਵਾਲੀ ਮਨੁੱਖ ਫਰਾਂਸ ਦੀ ਜੀਨ ਕੈਲਮੈਂਟ ਸੀ, ਜੋ 1875 ਤੋਂ 1997 ਤੱਕ ਯਾਨੀ 122 ਸਾਲ ਤੱਕ ਜਿੰਦਾ ਰਹੀ।"
ਉਨ੍ਹਾਂ ਕਿਹਾ, "ਭਾਵੇਂ ਖਰਾਬ ਹੋਏ ਅੰਗਾਂ ਨੂੰ ਅੰਗ ਟ੍ਰਾਂਸਪਲਾਂਟੇਸ਼ਨ ਦੁਆਰਾ ਬਦਲਿਆ ਜਾ ਸਕਦਾ ਹੈ, ਵਧਦੀ ਉਮਰ ਦੇ ਨਾਲ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਸਰੀਰਕ ਦਬਾਅ ਦਾ ਸਾਹਮਣਾ ਕਰਨ ਦੀ ਸਮਰੱਥਾ ਘਟ ਜਾਂਦੀ ਹੈ।"
ਉਹ ਅੱਗੇ ਕਹਿੰਦੇ ਹਨ, "ਸੰਕਰਮਣ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਸੱਟ ਲੱਗਣ 'ਤੇ ਠੀਕ ਹੋਣ ਦੀ ਸਮਰੱਥਾ ਘਟ ਜਾਂਦੀ ਹੈ। ਟ੍ਰਾਂਸਪਲਾਂਟ ਸਰਜਰੀ ਦਾ ਦਬਾਅ ਅਤੇ ਇਮਯੂਨੋਸਪ੍ਰੈਸੈਂਟ ਦਵਾਈਆਂ ਦਾ ਪ੍ਰਭਾਵ ਬਜ਼ੁਰਗ ਮਰੀਜ਼ਾਂ ਲਈ ਬਹੁਤ ਗੰਭੀਰ ਹੋਵੇਗਾ।"
ਉਹ ਕਹਿੰਦੇ ਹਨ ਕਿ ਸਾਨੂੰ ਉਮਰ ਵਧਾਉਣ 'ਤੇ ਨਹੀਂ ਸਗੋਂ 'ਸਿਹਤਮੰਦ ਜ਼ਿੰਦਗੀ ਜੀਉਣ' 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਪ੍ਰੋਫੈਸਰ ਮੈਬੋਟ ਨੇ ਕਿਹਾ, "ਭਾਵੇਂ ਜ਼ਿੰਦਗੀ ਲੰਬੀ ਹੋ ਵੀ ਜਾਵੇ, ਪਰ ਬੁਢਾਪੇ ਦੀਆਂ ਬਿਮਾਰੀਆਂ ਨਾਲ ਜੂਝਦੇ ਹੋਏ ਵਿਅਕਤੀ ਨੂੰ ਵਾਰ-ਵਾਰ ਹਸਪਤਾਲ ਜਾਣਾ ਪਪਵੇ ਅਤੇ ਵਾਰ-ਵਾਰ ਅੰਗ ਟ੍ਰਾਂਸਪਲਾਂਟ ਕਰਾਉਣੇ ਪੈਣ, ਤਾਂ ਇਹ ਇੱਕ ਬੁਰਾ ਵਿਚਾਰ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












