ਦਿਲ ਦੀਆਂ ਵੱਡੀਆਂ ਬਿਮਾਰੀਆਂ ਹੁਣ ਸਟੈਥੋਸਕੋਪ ਸਕਿੰਟਾਂ ਵਿੱਚ ਪਤਾ ਲਗਾ ਸਕੇਗਾ, ਜਾਣੋ ਕਿਵੇਂ

ਤਸਵੀਰ ਸਰੋਤ, Getty Images
- ਲੇਖਕ, ਜਾਰਜ ਰਾਈਟ
- ਰੋਲ, ਬੀਬੀਸੀ ਨਿਊਜ਼
ਖੋਜਕਾਰਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਸਟੈਥੋਸਕੋਪ ਸਕਿੰਟਾਂ ਵਿੱਚ ਦਿਲ ਦੀਆਂ ਤਿੰਨ ਵੱਖ-ਵੱਖ ਸਥਿਤੀਆਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ।
1816 ਵਿੱਚ ਖੋਜਿਆ ਗਿਆ ਅਸਲੀ ਸਟੈਥੋਸਕੋਪ, ਡਾਕਟਰਾਂ ਨੂੰ ਮਰੀਜ਼ ਦੇ ਸਰੀਰ ਦੀਆਂ ਅੰਦਰੂਨੀ ਆਵਾਜ਼ਾਂ ਸੁਣਨ ਵਿੱਚ ਮਦਦ ਕਰਦਾ ਹੈ।
ਇੱਕ ਬ੍ਰਿਟਿਸ਼ ਟੀਮ ਨੇ ਇੱਕ ਆਧੁਨਿਕ ਸੰਸਕਰਣ ਦੀ ਵਰਤੋਂ ਕਰਕੇ ਇੱਕ ਅਧਿਐਨ ਕੀਤਾ ਅਤੇ ਉਸ ਅਧਿਐਨ ਵਿੱਚ ਦੇਖਿਆ ਕਿ ਇਹ ਦਿਲ ਦੇ ਫੇਲ੍ਹ ਹੋਣ, ਦਿਲ ਦੇ ਵਾਲਵ ਦੀ ਬਿਮਾਰੀ ਅਤੇ ਅਸਧਾਰਨ ਦਿਲ ਦੀ ਹਰਕਤ ਨੂੰ ਲਗਭਗ ਤੁਰੰਤ ਪਛਾਣ ਸਕਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਡਿਵਾਈਸ ਇੱਕ "ਅਸਲ ਗੇਮ-ਚੇਂਜਰ" ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਮਰੀਜ਼ਾਂ ਦਾ ਜਲਦੀ ਇਲਾਜ ਕੀਤਾ ਜਾ ਸਕਦਾ ਹੈ। ਪੱਛਮੀ ਅਤੇ ਉੱਤਰ-ਪੱਛਮੀ ਲੰਡਨ ਵਿੱਚ 205 ਜੀਪੀ ਸਰਜਰੀਆਂ ʼਤੇ ਗਏ ਅਧਿਐਨ ਤੋਂ ਬਾਅਦ ਇਸ ਡਿਵਾਈਸ ਨੂੰ ਪੂਰੇ ਯੂਕੇ ਵਿੱਚ ਲਾਗੂ ਕਰਨ ਦੀ ਯੋਜਨਾ ਹੈ।

ਤਸਵੀਰ ਸਰੋਤ, Getty Images/BBC
ਕਿਵੇਂ ਕੰਮ ਕਰਦਾ ਹੈ ਡਿਵਾਈਸ
ਇਹ ਡਿਵਾਈਸ ਰਵਾਇਤੀ ਮਸ਼ੀਨ ਦੀ ਥਾਂ ਲਗਭਗ ਇੱਕ ਤਾਸ਼ ਦੇ ਪੱਤੇ ਦੇ ਆਕਾਰ ਦਾ ਡਿਵਾਈਸ ਹੈ। ਇਹ ਇੱਕ ਮਾਇਕ੍ਰੋਫੋਨ ਦੀ ਵਰਤੋਂ ਕਰ ਕੇ ਦਿਲ ਦੀ ਧੜਕਨ ਅਤੇ ਖ਼ੂਨ ਦੇ ਦੌਰੇ ਵਿਚਾਲੇ ਸੂਖ਼ਮ ਅੰਤਰਾਂ ਦਾ ਵਿਸ਼ਲੇਸ਼ਣ ਕਰਦਾ ਹੈ, ਜਿਨ੍ਹਾਂ ਨੂੰ ਮਨੁੱਖੀ ਕੰਨ ਨਹੀਂ ਪਛਾਣ ਸਕਦੇ।
ਇਹ ਇੱਕ ਈਸੀਜੀ (ਇਲੈਕਟ੍ਰੋਕਾਰਡੀਓਗ੍ਰਾਮ) ਲੈਂਦਾ ਹੈ, ਜੋ ਦਿਲ ਤੋਂ ਇਲੈਕਟ੍ਰੀਕਲ ਸਿਗਨਲਾਂ ਨੂੰ ਰਿਕਾਰਡ ਕਰਦਾ ਹੈ ਅਤੇ ਹਜ਼ਾਰਾਂ ਮਰੀਜ਼ਾਂ ਦੇ ਡੇਟਾ 'ਤੇ ਸਿਖਲਾਈ ਪ੍ਰਾਪਤ ਏਆਈ ਦੁਆਰਾ ਵਿਸ਼ਲੇਸ਼ਣ ਕਰਨ ਲਈ ਜਾਣਕਾਰੀ ਨੂੰ ਕਲਾਊਡ ਵਿੱਚ ਭੇਜਦਾ ਹੈ।
ਇੰਪੀਰੀਅਲ ਕਾਲਜ ਲੰਡਨ ਅਤੇ ਇੰਪੀਰੀਅਲ ਕਾਲਜ ਹੈਲਥਕੇਅਰ ਐੱਨਐੱਚਐੱਸ ਟਰੱਸਟ ਦੇ ਅਧਿਐਨ ਵਿੱਚ 96 ਸਰਜਰੀਆਂ ਦੇ 12,000 ਤੋਂ ਵੱਧ ਮਰੀਜ਼ਾਂ ਦੀ ਅਮਰੀਕੀ ਫਰਮ ਈਕੋ ਹੈਲਥ ਵੱਲੋਂ ਬਣਾਏ ਗਏ ਏਆਈ ਸਟੈਥੋਸਕੋਪ ਨਾਲ ਜਾਂਚ ਕੀਤੀ ਗਈ। ਫਿਰ ਉਨ੍ਹਾਂ ਦੀ ਤੁਲਨਾ 109 ਜੀਪੀ ਸਰਜਰੀਆਂ ਦੇ ਮਰੀਜ਼ਾਂ ਨਾਲ ਕੀਤੀ ਗਈ ਜਿੱਥੇ ਤਕਨਾਲੋਜੀ ਦੀ ਵਰਤੋਂ ਨਹੀਂ ਕੀਤੀ ਗਈ ਸੀ।
ਖੋਜਕਾਰਾਂ ਨੇ ਕਿਹਾ ਕਿ ਦਿਲ ਫੇਲ੍ਹ ਹੋਣ ਵਾਲੇ ਲੋਕਾਂ ਵਿੱਚ ਏਆਈ ਸਟੈਥੋਸਕੋਪ ਨਾਲ ਜਾਂਚ ਕਰਨ 'ਤੇ 12 ਮਹੀਨਿਆਂ ਦੇ ਅੰਦਰ ਇਸ ਦਾ ਪਤਾ ਲੱਗਣ ਦੀ ਸੰਭਾਵਨਾ 2.33 ਗੁਣਾ ਜ਼ਿਆਦਾ ਸੀ।

ਤਸਵੀਰ ਸਰੋਤ, Getty Images
ਅਸਧਾਰਨ ਦਿਲ ਦੀ ਧੜਕਣ ਦੇ ਪੈਟਰਨ, ਜਿਨ੍ਹਾਂ ਦੇ ਕੋਈ ਲੱਛਣ ਨਹੀਂ ਹੁੰਦੇ ਪਰ ਸਟ੍ਰੋਕ ਦੇ ਜੋਖ਼ਮ ਨੂੰ ਵਧਾ ਸਕਦੇ ਹਨ, ਏਆਈ ਸਟੈਥੋਸਕੋਪ ਨਾਲ 3.5 ਗੁਣਾ ਜ਼ਿਆਦਾ ਪਤਾ ਲਗਾਉਣ ਦੇ ਯੋਗ ਸਨ, ਜਦਕਿ ਦਿਲ ਦੇ ਵਾਲਵ ਦੀ ਬਿਮਾਰੀ 1.9 ਗੁਣਾ ਜ਼ਿਆਦਾ ਪਤਾ ਲਗਾਉਣ ਯੋਗ ਸੀ।
ਬ੍ਰਿਟਿਸ਼ ਹਾਰਟ ਫਾਊਂਡੇਸ਼ਨ (ਬੀਐੱਚਐੱਫ) ਦੇ ਕਲੀਨਿਕਲ ਡਾਇਰੈਕਟਰ ਅਤੇ ਸਲਾਹਕਾਰ ਕਾਰਡੀਓਲੋਜਿਸਟ ਡਾ. ਸੋਨੀਆ ਬਾਬੂ-ਨਾਰਾਇਣ ਦਾ ਕਹਿਣਾ ਹੈ, "ਇਹ ਇਸ ਗੱਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਕਿ ਕਿਵੇਂ 200 ਸਾਲ ਤੋਂ ਵੱਧ ਸਮਾਂ ਪਹਿਲਾਂ ਖੋਜੇ ਗਏ ਨਿਮਰ ਸਟੈਥੋਸਕੋਪ ਨੂੰ 21ਵੀਂ ਸਦੀ ਲਈ ਅਪਗ੍ਰੇਡ ਕੀਤਾ ਜਾ ਸਕਦਾ ਹੈ।"
ਉਨ੍ਹਾਂ ਦਾ ਕਹਿਣਾ ਹੈ, "ਅਜਿਹੀਆਂ ਕਾਢਾਂ ਬਹੁਤ ਜ਼ਰੂਰੀ ਹਨ ਕਿਉਂਕਿ ਅਕਸਰ ਮਰੀਜ਼ ਦੀ ਬਿਮਾਰੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਐਮਰਜੈਂਸੀ ਵਿੱਚ ਹਸਪਤਾਲ ਜਾਂਦੇ ਹਨ।"
"ਪਹਿਲਾਂ ਦੀ ਜਾਂਚ ਹੋਣ ʼਤੇ, ਲੋਕ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਲਈ ਜ਼ਰੂਰੀ ਜਾਂਚ ਕਰਵਾ ਸਕਦੇ ਹਨ।"
ਇਹ ਖੋਜਾਂ ਮੈਡ੍ਰਿਡ ਵਿੱਚ ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੋਜੀ ਦੀ ਸਾਲਾਨਾ ਕਾਂਗਰਸ ਵਿੱਚ ਹਜ਼ਾਰਾਂ ਡਾਕਟਰਾਂ ਨੂੰ ਪੇਸ਼ ਕੀਤੀਆਂ ਗਈਆਂ ਹਨ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਦਿਲ ਦੀ ਕਾਨਫਰੰਸ ਹੁੰਦੀ ਹੈ।
ਦੱਖਣੀ ਲੰਡਨ, ਸਸੇਕਸ ਅਤੇ ਵੇਲਜ਼ ਵਿੱਚ ਜੀਪੀ ਅਭਿਆਸਾਂ ਵਿੱਚ ਨਵੇਂ ਸਟੈਥੋਸਕੋਪ ਪੇਸ਼ ਕਰਨ ਦੀਆਂ ਯੋਜਨਾਵਾਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












